ਅਪਾਹਜ ਪਤੀ ਨੂੰ ਛੱਡਣ ਦੇ ਸੁਝਾਅ ਨੂੰ ਪਿੱਛੇ ਛੱਡ, ਇਸ ਮਹਿਲਾ ਨੇ ਉਸ ਨੂੰ ਬੁਲੰਦੀਆਂ ਤੱਕ ਪਹੁੰਚਾਇਆ

ਕੁਸੁਮ ਅਤੇ ਮਨਜੀਤ
ਤਸਵੀਰ ਕੈਪਸ਼ਨ, ਕੁਸੁਮ ਅਤੇ ਮਨਜੀਤ
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਲਈ

ਵਿਆਹ ਨੂੰ ਅਜੇ ਢਾਈ ਮਹੀਨੇ ਹੀ ਹੋਏ ਸਨ ਕਿ ਕੁਸੁਮ ਦੇ ਪਤੀ ਮਨਜੀਤ ਅਹਿਲਾਵਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਦੀ ਰੀਡ ਦੀ ਹੱਡੀ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਦਾ ਸਰੀਰ ਹੇਠਲੇ ਹਿੱਸੇ ਤੋਂ ਅਪਾਹਜ ਹੋ ਗਿਆ।

19 ਸਾਲ ਦੀ ਕੁਸੁਮ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਸਥਿਤੀ ਦਾ ਸਾਹਮਣਾ ਕਿਵੇਂ ਕੀਤਾ ਜਾਵੇ।

ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਕੁਸੁਮ ਕਹਿੰਦੇ ਹਨ, "ਗੱਲ 6 ਅਗਸਤ, 2006 ਦੀ ਹੈ। ਅਜੇ ਮੇਰੇ ਵਿਆਹ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਅਤੇ ਅਜਿਹੀ ਘਟਨਾ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ।''

''ਇੱਕ ਪਾਸੇ ਮਨਜੀਤ ਨਾਲ ਦਿਨ-ਰਾਤ ਹਸਪਤਾਲਾਂ ਅਤੇ ਡਾਕਟਰਾਂ ਦੇ ਚੱਕਰ ਲੱਗ ਰਹੇ ਸਨ ਅਤੇ ਦੂਜੇ ਪਾਸੇ ਪਰਿਵਾਰ ਅਤੇ ਰਿਸ਼ਤੇਦਾਰ ਦੂਜੇ ਵਿਆਹ ਬਾਰੇ ਫੈਸਲਾ ਲੈਣ ਦਾ ਦਬਾਅ ਬਣਾ ਰਹੇ ਸਨ।''

''ਸਭ ਕੁਝ ਇੰਨੀ ਜਲਦੀ ਵਿੱਚ ਹੋਇਆ ਕਿ ਸੋਚਣ ਦਾ ਸਮਾਂ ਹੀ ਨਹੀਂ ਸੀ।''

ਕੁਸੁਮ ਨੇ ਇੰਝ ਦਿੱਤਾ ਪਤੀ ਦਾ ਸਾਥ

ਕੁਸੁਮ ਅਤੇ ਮਨਜੀਤ

ਕੁਸੁਮ ਦਾ ਕਹਿਣਾ ਹੈ ਕਿ ਜਿੰਨਾ ਜ਼ਿਆਦਾ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਦੂਜੀ ਜ਼ਿੰਦਗੀ ਸ਼ੁਰੂ ਕਰਨ ਲਈ ਕਿਹਾ, ਓਨਾ ਹੀ ਉਹ ਪੱਕੇ ਹੁੰਦੇ ਗਏ ਕਿ ਉਹ ਮਨਜੀਤ ਨਾਲ ਹੀ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ।

ਉਹ ਕਹਿੰਦੇ ਹਨ, "ਜੇ ਮੈਂ ਦੂਸਰੀ ਜ਼ਿੰਦਗੀ ਸ਼ੁਰੂ ਕਰ ਵੀ ਲਈ ਹੁੰਦੀ ਤੇ ਅਤੇ ਜੇ ਉੱਥੇ ਵੀ ਅਜਿਹਾ ਹਾਦਸਾ ਹੋ ਜਾਂਦਾ ਤਾਂ ਕੀ ਮੈਂ ਫਿਰ ਤੋਂ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਬਾਰੇ ਸੋਚਦੀ। ਅਤੇ ਦੂਜੀ ਗੱਲ, ਮਨਜੀਤ ਨੂੰ ਮੇਰੀ ਸਭ ਤੋਂ ਵੱਧ ਲੋੜ ਸੀ।''

''ਲਗਾਤਾਰ ਮੰਜੇ 'ਤੇ ਪਏ ਰਹਿਣ ਕਾਰਨ ਪਿੱਠ ਅਤੇ ਹੇਠਲੇ ਹਿੱਸੇ ਵਿੱਚ ਫੋੜੇ ਹੋ ਜਾਂਦੇ ਸਨ ਅਤੇ ਉਨ੍ਹਾਂ ਨੂੰ 24 ਘੰਟੇ ਮੇਰੀ ਲੋੜ ਹੁੰਦੀ ਸੀ।

ਪਤੀ ਦੀ ਦੇਖਭਾਲ ਨਾਲ-ਨਾਲ ਪੜ੍ਹਾਈ ਵੀ ਪੂਰੀ ਕੀਤੀ

ਕੁਸੁਮ ਅਤੇ ਮਨਜੀਤ

ਕੁਸੁਮ ਦੱਸਦੇ ਹਨ ਕਿ ਜਦੋਂ ਮਨਜੀਤ ਨਾਲ ਹਾਦਸਾ ਵਾਪਰਿਆ ਤਾਂ ਉਹ ਸਿਰਫ਼ 12ਵੀਂ ਪਾਸ ਸਨ। ਹੱਸਦੇ ਮਗਰੋਂ ਕੁਸੁਮ ਨੇ ਆਪਣੀ ਪੜ੍ਹਾਈ ਮੁੜ ਸ਼ੁਰੂ ਕੀਤੀ ਅਤੇ ਪਹਿਲਾਂ ਗ੍ਰੈਜੂਏਸ਼ਨ, ਫਿਰ ਬੀ.ਐੱਡ ਅਤੇ ਤਿੰਨ ਵਿਸ਼ਿਆਂ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ, ਨਾਲ ਹੀ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ।

ਕੁਸੁਮ ਕਹਿੰਦੇ ਹਨ, "ਜਿੰਨੀਆਂ ਜ਼ਿਆਦਾ ਚੁਣੌਤੀਆਂ ਆਉਂਦੀਆਂ ਗਈਆਂ, ਮੈਂ ਓਨੇ ਹੀ ਜੋਸ਼ ਨਾਲ ਹਰ ਚੀਜ਼ ਨੂੰ ਸੰਭਾਲਦੀ ਗਈ। ਅਤੇ ਨਾਲ ਹੀ ਮਨਜੀਤ ਨੂੰ ਵੀ ਹੋਰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦਾ ਧਿਆਨ ਥੋੜ੍ਹਾ ਵੰਡਿਆ ਜਾ ਸਕੇ ਅਤੇ ਜਿਹੜੀ ਉਦਾਸੀ ਛਾਈ ਰਹਿੰਦੀ ਸੀ ਉਸ ਵਿੱਚ ਕੁਝ ਬਦਲਾਅ ਆਵੇ।''

ਕੁਸੁਮ ਦੱਸਦੇ ਹਨ ਕਿ ਬਾਹਰਲੇ ਲੋਕ ਬਿਨਾਂ ਮੰਗੀਆਂ ਸਲਾਹਾਂ ਦੇਣ ਲੱਗ ਜਾਂਦੇ ਸਨ ਕਿ ਮਨਜੀਤ ਦੀ ਜ਼ਿੰਦਗੀ ਤਾਂ ਖਰਾਬ ਹੋ ਗਈ ਹੈ, ਘੱਟੋ-ਘੱਟ ਉਹ ਆਪਣੀ ਤਾਂ ਬਚਾ ਲਵੇ।

"ਮੈਂ ਉਨ੍ਹਾਂ ਨੂੰ ਕਦੇ ਜਵਾਬ ਨਾ ਦਿੰਦੀ ਅਤੇ ਆਪਣੀ ਜ਼ਿੰਮੇਵਾਰੀ ਹੋਰ ਲਗਨ ਨਾਲ ਨਿਭਾਉਣਾ ਸ਼ੁਰੂ ਕਰ ਦਿੰਦੀ।''

ਹਾਦਸੇ ਵਿੱਚ ਕੀ ਹੋਇਆ ਸੀ

ਮਨਜੀਤ

43 ਸਾਲਾ ਮਨਜੀਤ ਅਹਿਲਾਵਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤਨੀ ਕੁਸੁਮ ਨਾ ਸਿਰਫ਼ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹੇ ਰਹੇ, ਸਗੋਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਕੁਸੁਮ ਦਾ ਸਭ ਤੋਂ ਵੱਡਾ ਯੋਗਦਾਨ ਹੈ।

ਉਹ ਕਹਿੰਦੇ ਹਨ, "17 ਸਾਲ ਪਹਿਲਾਂ ਹੋਏ ਇੱਕ ਸੜਕ ਹਾਦਸੇ ਨੇ ਮੇਰੇ ਤੋਂ ਸਭ ਕੁਝ ਖੋਹ ਲਿਆ। ਮੈਂ ਸਾਈਕਲ 'ਤੇ ਜਾ ਰਿਹਾ ਸੀ ਤੇ ਕਿ ਇੱਕ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ, ਫਿਰ ਇੱਕ ਹੋਰ ਕਾਰ ਵਾਲੇ ਨੇ ਮੈਨੂੰ ਦੁਬਾਰਾ ਟੱਕਰ ਮਾਰੀ ਅਤੇ ਮੈਨੂੰ ਕਾਫੀ ਦੂਰ ਤੱਕ ਘੜੀਸ ਕੇ ਲੈ ਗਈ, ਜਿਸ ਨਾਲ ਮੇਰੀ ਲੱਤ ਅਤੇ ਲੱਤ ਦੀ ਹੱਡੀ ਟੁੱਟ ਗਈ ਅਤੇ ਮੇਰੀ ਛਾਤੀ ਦੇ ਹੇਠਲੇ ਹਿੱਸੇ ਵਿੱਚ ਕੋਈ ਹਲਚਲ ਨਹੀਂ ਰਹੀ।''

''ਮੈਂ ਵ੍ਹੀਲਚੇਅਰ 'ਤੇ ਆਪਣੀ ਜ਼ਿੰਦਗੀ ਜੀਉਂਦਾ ਹਾਂ ਪਰ ਇਸ ਦੇ ਬਾਵਜੂਦ ਮੇਰੀ ਪਤਨੀ ਨੇ ਮੇਰੀ ਡਾਕਟਰੀ ਦੇਖਭਾਲ ਕੀਤੀ, ਮੈਨੂੰ ਮਾਨਸਿਕ ਤੌਰ 'ਤੇ ਹੌਸਲਾ ਦਿੱਤਾ ਅਤੇ ਹਾਦਸੇ ਤੋਂ ਬਾਅਦ ਸਮਾਜ 'ਚ ਸਿਰ ਚੁੱਕ ਕੇ ਕਿਵੇਂ ਮੁੜਨਾ ਹੈ, ਉਸ 'ਚ ਵੀ ਮੇਰੀ ਮਦਦ ਕੀਤੀ।''

ਲਾਈਨ

2013 ਵਿੱਚ ਪੈਰਾ ਖੇਡਾਂ ਸ਼ੁਰੂ ਕੀਤੀਆਂ

ਮਨਜੀਤ

ਕੁਸੁਮ ਅਤੇ ਮਨਜੀਤ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਸੱਤ ਸਾਲ ਹਸਪਤਾਲਾਂ ਦੇ ਚੱਕਰ ਕੱਟਣ ਮਗਰੋਂ ਜ਼ਿੰਦਗੀ ਕੁਝ ਪਟੜੀ 'ਤੇ ਵਾਪਸ ਆਈ, ਤਾਂ ਲੰਡਨ 'ਚ ਰਹਿੰਦੇ ਮਨਜੀਤ ਦੇ ਵੱਡੇ ਭਰਾ ਕੁਲਦੀਪ ਅਹਿਲਾਵਤ ਨੇ ਪੈਰਾ ਗੇਮਜ਼ ਬਾਰੇ ਸਲਾਹ ਦਿੱਤੀ।

ਮਨਜੀਤ ਦੱਸਦੇ ਹਨ, "ਸ਼ੁਰੂਆਤ ਵਿੱਚ ਤਾਂ ਇਹ ਇੱਕ ਵੱਡਾ ਸਵਾਲ ਸੀ ਕਿ ਇਹ ਕਿਵੇਂ ਸੰਭਵ ਹੋਵੇਗਾ ਕਿਉਂਕਿ ਖੇਡ ਅਭਿਆਸ ਲਈ ਹਰ ਰੋਜ਼ ਸਟੇਡੀਅਮ ਜਾਣਾ ਪਵੇਗਾ ਅਤੇ ਇਸ ਸਭ ਕਿਵੇਂ ਮੈਨੇਜ ਹੋ ਸਕੇਗਾ। ਇਸ ਸਭ ਦੇ ਵਿਚਕਾਰ, ਕੁਸੁਮ ਨੇ ਗੱਡੀ ਚਲਾਉਣੀ ਸਿੱਖ ਲਈ ਅਤੇ ਮੈਨੂੰ ਹਰ ਰੋਜ਼ ਸਟੇਡੀਅਮ ਵਿੱਚ ਲੈ ਕੇ ਜਾਣ ਲੱਗੀ।''

ਕੁਸੁਮ ਅਤੇ ਮਨਜੀਤ

ਮਾਰਚ 2013 ਵਿੱਚ ਪੈਰਾ ਖੇਡਾਂ ਸ਼ੁਰੂ ਕਰਨ ਤੋਂ ਬਾਅਦ, ਪੰਜ ਰਾਸ਼ਟਰੀ ਖੇਡਾਂ ਵਿੱਚ ਭਾਗ ਲਿਆ ਅਤੇ ਹਰ ਵਾਰ ਚਾਂਦੀ ਜਾਂ ਕਾਂਸੀ ਦੇ ਤਗਮੇ ਜਿੱਤੇ। ਫਿਰ ਅਕਤੂਬਰ 2018 ਵਿੱਚ ਇੰਡੋਨੇਸ਼ੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਤੇ ਸ਼ਾਟ ਪੁਟ ਈਵੈਂਟ ਵਿੱਚ ਚੌਥਾ ਸਥਾਨ ਹਾਸਿਲ ਕੀਤਾ।

ਮਨਜੀਤ ਕਹਿੰਦੇ ਹਨ, “ਕੁਸੁਮ ਨੂੰ ਆਪਣੇ ਦਿਨ ਦੀ ਸ਼ੁਰੂਆਤ ਮੇਰੇ ਉੱਠਣ ਤੋਂ ਪਹਿਲਾਂ ਕਰਨੀ ਪੈਂਦੀ ਸੀ ਅਤੇ ਫਿਰ ਤਿਆਰ ਹੋਣ ਵਿਚ ਮੇਰੀ ਮਦਦ ਕਰਦੀ ਸੀ, ਫਿਰ ਮੈਂਨੂੰ ਸਟੇਡੀਅਮ ਲੈ ਕੇ ਜਾਣਾ ਅਤੇ ਉਥੇ ਮੇਰੇ ਕੋਚ ਸਾਬ੍ਹ ਅਮਰਜੀਤ ਸਿੰਘ ਤੋਂ ਕੋਚਿੰਗ ਦਿਵਾਉਣਾ, ਫਿਰ ਮੈਨੂੰ ਘਰ ਲੈ ਕੇ ਜਾਣਾ ਅਤੇ ਫਿਰ ਹਰੇਕ ਮਾਮੂਲੀ ਤੋਂ ਮਾਮੂਲੀ ਗੱਲ ਬਾਰੇ ਧਿਆਨ ਰੱਖ ਕੇ ਮੈਨੂੰ ਪੈਰਾ ਖੇਡਾਂ ਵਿੱਚ ਇਹ ਸਭ ਕੁਝ ਹਾਸਲ ਕਰਨ ਵਿੱਚ ਉਨ੍ਹਾਂ ਦਾ ਵੱਡਾ ਹੱਥ ਹੈ।''

ਪਰਿਵਾਰ ਨੇ ਵੀ ਦਿੱਤਾ ਸਾਥ

ਕੁਸੁਮ ਅਤੇ ਮਨਜੀਤ

ਆਪਣੇ ਸੰਘਰਸ਼ ਬਾਰੇ ਹੋਰ ਦੱਸਦਿਆਂ ਕੁਸੁਮ ਕਹਿੰਦੇ ਹਨ ਕਿ ਮਨਜੀਤ ਦੇ ਵੱਡੇ ਭਰਾ ਕੁਲਦੀਪ ਨੇ ਨਿਰਾਸ਼ਾ ਛੱਡ ਕੇ ਪੈਰਾ ਖੇਡਾਂ ਬਾਰੇ ਦੱਸਿਆ ਸੀ ਅਤੇ ਉਦੋਂ ਤੋਂ ਹੀ ਖੇਡਾਂ ਵਿੱਚ ਜਨੂੰਨ ਪੈਦਾ ਹੋ ਗਿਆ ਸੀ।

ਫਿਰ ਵ੍ਹੀਲਚੇਅਰ 'ਤੇ ਬੈਠ ਕੇ ਮਨਜੀਤ ਨੇ ਸ਼ਾਟਪੁੱਟ, ਜੈਵਲਿਨ ਥਰੋਅ ਅਤੇ ਡਿਸਕਸ ਥਰੋਅ ਦਾ ਸਖ਼ਤ ਅਭਿਆਸ ਕੀਤਾ ਅਤੇ ਖੇਡਾਂ ਵਿਚ ਸਫ਼ਲਤਾ ਹਾਸਿਲ ਕੀਤੀ।

ਕੁਸੁਮ ਅਤੇ ਮਨਜੀਤ

ਉਹ ਕਹਿੰਦੇ ਹਨ, "ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਾਡਾ ਸਾਥ ਦਿੱਤਾ ਅਤੇ ਕੋਚ ਅਮਰਜੀਤ ਸਿੰਘ ਨੇ ਵੀ ਮਨਜੀਤ ਨੂੰ ਤਿਆਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ।''

''ਪਾਪਾ (ਸਹੁਰਾ) ਵੀ ਉਸ ਦੇ ਨਾਲ ਗਰਾਊਂਡ ਵਿੱਚ ਰਹਿੰਦੇ ਸਨ ਅਤੇ ਮਨਜੀਤ ਦੀ ਮਦਦ ਕਰਦੇ ਸਨ, ਪਰ ਜਦੋਂ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਸੀ, ਮੈਂ ਉਨ੍ਹਾਂ ਨੂੰ ਕਾਰ 'ਚ ਲੈ ਕੇ ਜਾਂਦੀ ਸੀ। ਉਨ੍ਹਾਂ ਦੇ ਇਸ ਮੁਕਾਮ ਕਾਰਨ ਹੀ ਦਿੱਲੀ 'ਚ ਸ਼ਾਹਰੁਖ ਖਾਨ ਨੂੰ ਵੀ ਮਿਲਣ ਦਾ ਮੌਕਾ ਮਿਲਿਆ।''

ਸ਼ਾਹਰੁਖ ਖਾਨ ਦੇ ਨਾਲ ਮਨਜੀਤ

ਕੁਸੁਮ ਨੇ ਸਵਿੱਤਰੀ-ਸਤਿਆਵਾਨ ਵਾਲੀ ਮਿਸਾਲ ਕਾਇਮ ਕੀਤੀ

ਮਨਜੀਤ ਦੇ ਪਿਤਾ ਮਹਿੰਦਰ ਅਹਿਲਾਵਤ ਦਾ ਕਹਿਣਾ ਹੈ ਕਿ ਸਵਿੱਤਰੀ ਸਤਿਆਵਾਨ ਦੀ ਕਹਾਣੀ ਅਸੀਂ ਸਾਰਿਆਂ ਨੇ ਮਿਥਿਹਾਸਕ ਕਿਤਾਬਾਂ ਵਿੱਚ ਸੁਣੀ ਸੀ ਕਿ ਕਿਵੇਂ ਉਹ ਆਪਣੇ ਪਤੀ ਸਤਿਆਵਾਨ ਨੂੰ ਮੌਤ ਦੇ ਮੂੰਹ ਵਿੱਚੋਂ ਭਗਵਾਨ ਦੇ ਘਰੋਂ ਲੈ ਆਈ ਸੀ।

ਮਨਜੀਤ ਦੇ ਪਿਤਾ ਮਹਿੰਦਰ ਅਹਿਲਾਵਤ

"ਅਸੀਂ ਮਾਪੇ ਹਾਂ, ਅਸੀਂ ਤਾਂ ਹਰ ਹਾਲ 'ਚ ਮਨਜੀਤ ਦਾ ਸਾਥ ਦੇਣਾ ਹੀ ਸੀ, ਪਰ ਕੁਸੁਮ ਨੇ ਜੋ ਕੀਤਾ ਉਹ ਸਿਰਫ਼ ਤਿਆਗ ਸੀ। ਅਸੀਂ ਵੀ ਨੂੰਹ ਕੁਸੁਮ ਨੂੰ ਕਿਹਾ ਸੀ ਕਿ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੇ ਕਿਉਂਕਿ ਮਨਜੀਤ ਤਾਂ ਲਗਭਗ ਖ਼ਤਮ ਹੀ ਹੋ ਚੁੱਕਿਆ ਸੀ ਪਰ ਕੁਸੁਮ ਨੇ ਨਾ ਤਾਂ ਸਾਡੀ ਗੱਲ ਸੁਣੀ ਅਤੇ ਨਾ ਹੀ ਆਪਣੇ ਘਰਦਿਆਂ ਦੀ ਅਤੇ ਮਨਜੀਤ ਦੇ ਨਾਲ ਹੀ ਰਹਿਣ ਦਾ ਫੈਸਲਾ ਕੀਤਾ।

ਉਹ ਕਹਿੰਦੇ ਹਨ, ''ਅੱਜ ਦੇ ਯੁੱਗ ਵਿੱਚ ਕੁਸੁਮ ਵਰਗੀ ਨੂੰਹ ਮਿਲਣਾ ਅਸੰਭਵ ਜਾਪਦਾ ਹੈ ਅਤੇ ਜੋ ਵੀ ਉਸ ਦੀ ਕਹਾਣੀ ਸੁਣਦਾ ਹੈ, ਉਹ ਉਸ ਤੋਂ ਪ੍ਰੇਰਨਾ ਲੈਂਦਾ ਹੈ।"

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)