ਕੈਨੇਡਾ ਪੜ੍ਹਨ ਗਏ ਕੁਝ ਭਾਰਤੀ ਵਿਦਿਆਰਥੀਆਂ ਉੱਤੇ ਕੀ ਇਲਜ਼ਾਮ ਲੱਗੇ, ਜੋ ਉਨ੍ਹਾਂ ਦੀ ਵਾਪਸੀ ਦਾ ਕਾਰਨ ਬਣ ਸਕਦਾ ਹੈ

ਤਸਵੀਰ ਸਰੋਤ, parkash singh
ਸੈਂਕੜੇ ਭਾਰਤੀ ਵਿਦਿਆਰਥੀ ਜੋ ਕੈਨੇਡਾ ਵਿੱਚੋਂ ਕੱਢੇ ਜਾਣ ਦੇ ਡਰ ਨਾਲ ਜੀਅ ਰਹੇ ਸਨ, ਉਨ੍ਹਾਂ ਲਈ ਹੁਣ ਇੱਕ ਰਾਹਤ ਦੀ ਖ਼ਬਰ ਆਈ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਕੈਨੇਡਾ ਸਰਕਾਰ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰ ਲਈ ਹੈ ਤੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਉੱਤੇ ਅਸਥਾਈ ਰੋਕ ਲਗਾ ਦਿੱਤੀ ਹੈ।
ਨਿਊਜ਼ ਏਜੰਸੀ ਪੀਟੀਆਈ ਅਤੇ ਏਐਨਆਈ ਨੇ ਵੀ ਲਵਪ੍ਰੀਤ ਸਿੰਘ ਤੇ ਕੁਝ ਹੋਰ ਭਾਰਤੀ ਵਿਦਿਆਰਥੀਆਂ ਦੇ ਡਿਪੋਰਟ ਹੋਣ ਉੱਤੇ ਅਸਥਾਈ ਰੋਕ ਦੀ ਖ਼ਬਰ ਦਿੱਤੀ ਹੈ।

ਤਸਵੀਰ ਸਰੋਤ, twitter
ਹਾਲਾਂਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਵੀ ਭਾਰਤੀ ਵਿਦਿਆਰਥੀਆਂ ਲਈ ਆਸ ਲੈ ਕੇ ਆਇਆ ਸੀ।
ਟਰੂਡੋ ਨੇ ਦੇਸ਼ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਬਾਰੇ ਸੰਸਦ ਵਿੱਚ ਕਿਹਾ ਸੀ, ''ਸਾਡਾ ਮਕਸਦ ਮੁਲਜ਼ਮਾਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”

ਤਸਵੀਰ ਸਰੋਤ, Getty Images
ਜ਼ਿਕਰਯੋਗ ਹੈ ਕਿ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਸੈਂਕੜੇ ਭਾਰਤੀ ਵਿਦਿਆਰਥੀਆਂ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕੈਨੇਡਾ ਆਉਣ ਲਈ ਫ਼ਰਜ਼ੀ ਦਸਤਾਵੇਜ਼ ਵਰਤੇ ਸਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕੈਨੇਡਾ ਦੀ ਸਥਾਈ ਰਿਹਾਇਸ਼ ਮੁਹੱਈਆ ਨਹੀਂ ਕਰਵਾਈ ਜਾ ਸਕਦੀ।
ਕਿਉਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਇਸ ਲਈ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਡਰ ਬਣਿਆ ਹੋਇਆ ਸੀ।
ਇਹ ਵਿਦਿਆਰਥੀ ਕੈਨੇਡਾ ਦੀਆਂ ਸੜਕਾਂ ਉੱਤੇ ਏਜੰਟਾਂ ਦੇ ਧੋਖੇ ਵਿਰੁੱਧ ਤੇ ਆਪਣੇ ਭਵਿੱਖ ਲਈ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਹਨ।

ਤਸਵੀਰ ਸਰੋਤ, AFP/GETTY IMAGES
ਕੈਨੇਡਾ ਦੀ ਸੰਸਦ ਤੱਕ ਭਾਰਤੀ ਵਿਦਿਆਰਥੀਆਂ ਦਾ ਮਸਲਾ ਪਹੁੰਚਣਾ
ਐੱਨਡੀਪੀ ਆਗੂ ਜਗਮੀਤ ਸਿੰਘ ਨੇ ਸੰਸਦ ਵਿੱਚ ਪੁੱਛਿਆ ਕੀ ਇਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਪੱਕੀ ਰਿਹਾਇਸ਼ ਦੇਣ ਸਬੰਧੀ ਪ੍ਰਧਾਨ ਮੰਤਰੀ ਵਿਚਾਰ ਕਰਨਗੇ?
ਕੈਨੇਡਾ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਜਗਮੀਤ ਸਿੰਘ ਸਰਕਾਰ ਵਿੱਚ ਭਾਈਵਾਲ ਪਾਰਟੀ ਐੱਨਡੀਪੀ ਦੇ ਆਗੂ ਹਨ।
ਜਗਮੀਤ ਦੇ ਸਵਾਲ ਦਾ ਜਵਾਬ ਦਿੰਦਿਆ ਟਰੂਡੋ ਨੇ ਕਿਹਾ, ''ਹਰ ਇੱਕ ਮਾਮਲੇ ਦਾ ਵੱਖਰੇ ਤੌਰ ’ਤੇ ਮੁਲਾਂਕਣ ਹੋਵੇਗਾ ਅਤੇ ਪੀੜਤਾਂ ਨੂੰ ਉਨ੍ਹਾਂ ਦਾ ਪੱਖ਼ ਰੱਖਣ ਦਾ ਮੌਕਾ ਦਿੱਤਾ ਜਾਵੇਗਾ।''

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਧੋਖੇ ਦੇ ਸ਼ਿਕਾਰ ਹੋਏ ਪੀੜਤਾਂ ਨੂੰ ਸਜ਼ਾ ਦੇਣਾ ਨਹੀਂ ਹੈ ਬਲਕਿ ਦੋਸ਼ੀਆਂ ਦੀ ਸ਼ਨਾਖ਼ਤ ਕਰਨਾ ਹੈ।
ਟਰੂਡੋ ਦੇ ਇਸ ਬਿਆਨ ਨਾਲ ਪੀੜਤ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ।

ਤਸਵੀਰ ਸਰੋਤ, Getty Images
ਕੌਮਾਂਤਰੀ ਭਾਰਤੀ ਵਿਦਿਆਰਥੀਆਂ ਦਾ ਮਾਮਲਾ
ਕੈਨੇਡਾ ਵਿੱਚ ਅਜਿਹੇ ਸੈਂਕੜੇ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਪਰਵਾਸ ਕਰਨ ਦੇ ਇਲਜ਼ਾਮ ਹਨ।
ਇਨ੍ਹਾਂ ਵਿੱਚ ਬਹੁਤੇ ਮਾਮਲੇ 2016-17 ਦੇ ਹਨ।
ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਕੱਢਿਆ ਜਾ ਸਕਦਾ ਹੈ।
ਵਿਦਿਆਰਥੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਮਦਦ ਕਰਨ ਵਾਲੇ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਤਸਵੀਰ ਸਰੋਤ, parkash singh
ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਡਿਪੋਰਟ ਹੋਣ ਤੋਂ ਬਚਣ ਲਈ ਧਰਨੇ ਦੇ ਰਹੇ ਹਨ।
ਅਜਿਹੇ ਹੀ ਮਾਮਲਿਆਂ ਨਾਲ ਜੁੜੇ ਇੱਕ ਵਕੀਲ ਮੁਤਾਬਕ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਫ਼ਸੇ ਵਿਦਿਆਰਥੀਆਂ ਦੀ ਗਿਣਤੀ 150 ਤੋਂ 200 ਤੱਕ ਹੋ ਸਕਦੀ ਹੈ।
ਅਜਿਹਾ ਹੀ ਪੰਜਾਬ ਦਾ ਇੱਕ ਵਿਦਿਆਰਥੀ ਹੈ ਲਵਪ੍ਰੀਤ ਸਿੰਘ ਜਿਸ ਨੂੰ 13 ਜੂਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਜਾਅਲੀ ਦਸਤਾਵੇਜ਼ਾਂ ਦੇ ਇਲਜ਼ਾਮਾਂ ਵਿੱਚ ਘਿਰੇ ਵਿਦਿਆਰਥੀ ਕੀ ਕਹਿੰਦੇ ਹਨ
ਬੀਬੀਸੀ ਪੱਤਰਕਾਰ ਵਿਨੇਤ ਖਰੇ ਨੇ ਮਾਰਚ ਮਹੀਨੇ ਅਜਿਹੇ ਪੰਜਾਬੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਇਹ ਵਿਦਿਆਰਥੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਹਨ । ਉਨ੍ਹਾਂ ਦਾ ਦਾਅਵਾ ਹੈ ਕਿ ਜਲੰਧਰ ਦੀ ਇੱਕ ਇਮੀਗ੍ਰੇਸ਼ਨ ਕੰਸਲਟੇਸ਼ਨ ਏਜੰਸੀ ਨੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਧੋਖਾ ਕੀਤਾ ਹੈ।
ਇਸ ਏਜੰਸੀ ਨੇ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਏ ਸਨ।
ਇਸ ਮਾਮਲੇ ਵਿੱਚ ਕਿੰਨੀਆਂ ਏਜੰਸੀਆਂ ਸ਼ਾਮਲ ਹੋ ਸਕਦੀਆਂ ਹਨ, ਇਹ ਹਾਲੇ ਤੱਕ ਸਪੱਸ਼ਟ ਨਹੀਂ ਹੈ।
ਕੈਨੇਡਾ ਤੋਂ ਫੋਨ ’ਤੇ ਗੱਲਬਾਤ ਕਰਦਿਆਂ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਘਿਰੀ ਡਿੰਪਲ ਨੇ ਦੱਸਿਆ, ‘‘ਮੇਰੇ ਦਿਮਾਗ਼ ਵਿੱਚ ਹਨ੍ਹੇਰਾ ਹੀ ਹਨ੍ਹੇਰਾ ਹੈ। ਨਾ ਮੈਂ ਅੱਗੇ ਵਧ ਸਕਦੀ ਹਾਂ, ਨਾ ਹੀ ਪਿੱਛੇ ਜਾ ਸਕਦੀ ਹਾਂ।’’
ਉਹ ਦਸੰਬਰ 2017 ਵਿੱਚ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਆਏ ਸਨ। ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਪਤੀ ਭਾਰਤ ਵਿੱਚ ਹਨ।
ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਡਿੰਪਲ ਦੇ ਤਿੰਨਾ ਭੈਣ-ਭਰਾ ਹਨ। ਪੰਜਾਬ ਦੇ ਜਲੰਧਰ ਵਿੱਚ ਉਨ੍ਹਾਂ ਦੇ ਪਿਤਾ ਦਰਜ਼ੀ ਹਨ।
ਵਿਗਿਆਨ ਵਿੱਚ ਮਾਸਟਰਜ਼ ਦੀ ਡਿਗਰੀ ਹਾਸਿਲ ਡਿੰਪਲ ਲੰਬੇ ਸਮੇਂ ਤੋਂ ਨੌਕਰੀ ਦੀ ਤਲਾਸ਼ ਵਿੱਚ ਸਨ।
ਉਹ ਕਹਿੰਦੇ ਹਨ, ‘‘ਦੋ ਵਾਰ ਬੈਂਕ ਦਾ ਇਮਤਿਹਾਨ ਦਿੱਤਾ। ਉਹ ਕਲੀਅਰ ਨਹੀਂ ਹੋਇਆ। ਇਸ ਸਭ ਤੋਂ ਤੰਗ ਆ ਕੇ ਮੈਂ ਇੱਥੇ (ਕੈਨੇਡਾ) ਦਾ ਅਪਲਾਈ ਕੀਤਾ ਸੀ ਤਾਂ ਮੇਰਾ ਕੁਝ ਬਣ ਸਕੇ। ਇੰਨੀ ਪੜ੍ਹਾਈ ਕੀਤੀ ਹੈ, ਉਸ ਦਾ ਤਾਂ ਫਾਇਦਾ ਹੋਣਾ ਚਾਹੀਦਾ ਹੈ।’’

ਤਸਵੀਰ ਸਰੋਤ, Getty Images
ਡਿੰਪਲ ਨੂੰ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਜਲੰਧਰ ਦੀ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਅਤੇ ਇਸ ਨਾਲ ਜੁੜੇ ਸ਼ਖਸ ਬ੍ਰਜੇਸ਼ ਮਿਸ਼ਰਾ ਬਾਰੇ ਦੱਸਿਆ।
ਆਖਰਕਾਰ ਉਨ੍ਹਾਂ ਨੂੰ ਨਵੰਬਰ 2017 ਵਿੱਚ ਕੈਨੇਡਾ ਦਾ ਵੀਜ਼ਾ ਮਿਲ ਗਿਆ।
ਡਿੰਪਲ ਦੱਸਦੇ ਹਨ ਕਿ ਬ੍ਰਿਜੇਸ਼ ਨੇ ਫ਼ੋਨ ਕਰਕੇ ਕਿਹਾ ਸੀ ਕਿ ਇੱਕ ਕਾਲਜ ਨੇ ਮੇਰੇ ਦਸਤਾਵੇਜ਼ਾਂ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਦਾਖਲਾ ਮਿਲ ਗਿਆ ਹੈ।
ਡਿੰਪਲ ਨੇ ਕੈਨੇਡਾ ਵਿੱਚ ਕੰਪਿਊਟਰ ਨੈੱਟਵਰਕਿੰਗ ਦੇ ਕੋਰਸ ਲਈ ਅਪਲਾਈ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਉਸ ਸਮੇਂ 12 ਲੱਖ ਰੁਪਏ ਨਕਦ ਦਿੱਤੇ ਸਨ।
ਇਸ ਵਿੱਚ ਕਾਲਜ ਫੀਸ ਅਤੇ ਉਹ ਖਰਚ ਸ਼ਾਮਲ ਸਨ, ਜਿਨ੍ਹਾਂ ਤੋਂ ਪਰਿਵਾਰ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਕਿ ਕੀ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਖ਼ਰਚਾ ਚੁੱਕ ਸਕੇਗਾ।
ਪਰ ਕੈਨੇਡਾ ਆਉਣ ਦੇ ਦੋ ਦਿਨ ਦੇ ਬਾਅਦ ਹੀ ਡਿੰਪਲ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਕਾਲਜ ਵਿੱਚ ਹੜਤਾਲ ਹੈ ਅਤੇ ਉਹ ਇੱਕ ਦੂਜੇ ਕਾਲਜ ਵਿੱਚ ਅਪਲਾਈ ਕਰੇ।
ਉਨ੍ਹਾਂ ਵਲੋਂ ਜਮ੍ਹਾਂ ਕਰਵਾਈ ਗਈ ਕਾਲਜ ਦੀ ਫ਼ੀਸ ਵੀ ਵਾਪਸ ਕਰ ਦਿੱਤੀ ਗਈ ਸੀ।
ਡਿੰਪਲ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ 2019 ਵਿੱਚ ਪੂਰੀ ਕੀਤੀ। ਉਨ੍ਹਾਂ ਨੂੰ ਵਰਕ ਪਰਮਿਟ ਵੀ ਮਿਲ ਗਿਆ ਸੀ।
ਪਰ ਜਦੋਂ ਮਈ 2022 ਵਿੱਚ ਉਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸ ਦੀ ਅਰਜ਼ੀ ਲਗਾਈ ਤਾਂ ਜਵਾਬ ਆਇਆ ਕਿ ਉਨ੍ਹਾਂ ਵਲੋਂ ਪਹਿਲਾਂ ਚੁਣੇ ਗਏ ਕਾਲਜ ਦਾ ਐਕਸੈਪਟੈਂਸ ਲੈਟਰ ਜਾਅਲੀ ਸੀ।
ਇਸੇ ਚਿੱਠੀ ਦੇ ਆਧਾਰ ’ਤੇ ਉਨ੍ਹਾਂ ਨੂੰ ਭਾਰਤ ਤੋਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਵਿੱਚ ਐਂਟਰੀ ਮਿਲੀ ਸੀ।
ਡਿੰਪਲ ਖ਼ੁਦ ਨਹੀਂ ਜਾਣਦੇ ਕਿ ਅਜਿਹਾ ਕਿਵੇਂ ਹੋ ਗਿਆ।
ਡਿੰਪਲ ਨੂੰ ਕਿਹਾ ਗਿਆ ਕਿ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਮਿਲੇ। ਫਿਰ ਇਸ ਸਾਲ ਜਨਵਰੀ ਵਿੱਚ ਇੱਕ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ‘‘ਐਕਸਕਲੂਜ਼ਨ ਆਰਡਰ’ ਦੇ ਦਿੱਤਾ ਗਿਆ।
ਐਕਸਕਲੂਜ਼ਨ ਆਰਡਰ ਤਹਿਤ ਉਨ੍ਹਾਂ ਨੂੰ ਇੱਕ ਸਾਲ ਤੱਕ ਕੈਨੇਡਾ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਪਰ ਜੇਕਰ ਤੁਸੀਂ ਆਪਣੇ ਬਾਰੇ ਵਿੱਚ ਗਲਤ ਜਾਣਕਾਰੀ ਦਿੱਤੀ ਹੈ ਤਾਂ ਤੁਹਾਨੂੰ ਪੰਜ ਸਾਲ ਲਈ ਕੈਨੇਡਾ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ।
ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਬਾਰੇ ਡਿੰਪਲ ਦੱਸਦੇ ਹਨ, ‘‘ਮੈਂ ਇੰਟਰਵਿਊ ਦੌਰਾਨ ਇੰਨੀ ਡਰੀ ਹੋਈ ਸੀ ਕਿ ਮੈਂ ਸ਼ਾਇਦ ਹੀ ਕੁਝ ਕਿਹਾ। ਮੈਨੂੰ ਲੱਗਿਆ ਕਿ ਮੈਨੂੰ ਹੁਣੇ ਭਾਰਤ ਭੇਜ ਦਿੱਤਾ ਜਾਵੇਗਾ।’’

ਭਾਰਤੀ ਵਿਦਿਆਰਥੀ, ਜਾਅਲੀ ਦਸਤਾਵੇਜ਼ ਤੇ ਕੈਨੇਡਾ
- ਵਿਦਿਆਰਥੀਆਂ ਨੂੰ ਕਾਲਜ ਦਾਖਲੇ ਲਈ ਮਿਲੇ ਅਪਰੂਵਲ ਲੈਟਰ ਜਾਅਲੀ ਸਨ
- ਕੈਨੇਡਾ ਵਿੱਚ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸਥਾਈ ਰਿਹਾਇਸ਼ ਲੈਣ ਵਿੱਚ ਆ ਰਹੀ ਹੈ ਦਿੱਕਤ
- 2016-17 ਵਿੱਚ ਇਹ ਭਾਰਤੀ ਵਿਦਿਆਰਥੀ ਕੈਨੇਡਾ ਗਏ ਸਨ, ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਹਨ
- 150 ਤੋਂ 200 ਕੌਮਾਤਰੀ ਵਿਦਿਆਰਥੀਆਂ ’ਤੇ ਕੈਨੇਡਾ ਤੋਂ ਡੀਪੋਰਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ
- ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਮਕਸਦ ਮੁਲਜ਼ਮਾਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”

ਕੈਨੇਡਾ ਦੇ ਫੈਡਰਲ ਕੋਰਟ ਵਿੱਚ ਉਨ੍ਹਾਂ ਨੇ ਇਸ ਆਰਡਰ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਪਾਈ ਹੈ। ਉਨ੍ਹਾਂ ਦੇ ਵਕੀਲ ਜਸਵੰਤ ਸਿੰਘ ਮੰਗਤ ਅਜਿਹੀ ਹੀ ਸਥਿਤੀ ਵਿੱਚ ਫ਼ਸੇ ਹੋਏ ਕਈ ਵਿਦਿਆਰਥੀਆਂ ਦੇ ਵਕੀਲ ਵੀ ਹਨ।
ਉਹ ਦੱਸਦੇ ਹਨ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਭਾਰੀ ਫੀਸ ਲੈ ਕੇ ਜਾਅਲੀ ਐਡਮਿਸ਼ਨ ਲੈਟਰਜ਼ ਜਾਰੀ ਕੀਤੇ ਗਏ।
ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵੀਜ਼ਾ ਐਪਲੀਕੇਸ਼ਨ ਦਾਖਲ ਕੀਤੀ ਗਈ ਤੇ ਵੀਜ਼ੇ ਵੀ ਜਾਰੀ ਹੋ ਗਏ।
ਡਿੰਪਲ ਪੁੱਛਦੀ ਹੈ, ‘‘ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹਵਾਈ ਅੱਡਿਆਂ ’ਤੇ, ਵੀਜ਼ਾ ਜਾਰੀ ਕਰਦੇ ਹੋਏ ਇਹ ਨਹੀਂ ਪਤਾ ਲੱਗਿਆ ਕਿ ਦਸਤਾਵੇਜ਼ ਜਾਅਲੀ ਹਨ ਤਾਂ ਸਾਡੇ ਤੋਂ ਕਿਵੇਂ ਉਮੀਦ ਕੀਤੀ ਜਾ ਰਹੀ ਹੈ ਕਿ ਸਾਨੂੰ ਇਹ ਪਤਾ ਚੱਲ ਜਾਵੇ।’’
ਅਸੀਂ ਇਸ ਬਾਰੇ ਵਿੱਚ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਅਤੇ ਬ੍ਰਜੇਸ਼ ਮਿਸ਼ਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ।

ਤਸਵੀਰ ਸਰੋਤ, Getty Images
ਕਈ ਹੋਰ ਵਿਦਿਆਰਥੀਆਂ ਦੀਆਂ ਉਮੀਦਾਂ ਵੀ ਟੁੱਟੀਆਂ
ਚਮਨਦੀਪ ਸਿੰਘ ਵੀ ਪੰਜਾਬ ਦੇ ਇੱਕ ਮੱਧਵਰਗੀ ਪਰਿਵਾਰ ਦੇ ਰਹਿਣ ਵਾਲੇ ਹਨ ਅਤੇ ਉਹ ਇੱਕ ਬਿਹਤਰ ਜ਼ਿੰਦਗੀ ਦੀ ਆਸ ਵਿੱਚ ਕੈਨੇਡਾ ਗਏ ਸਨ।
ਉਹ ਕਹਿੰਦੇ ਹਨ, ‘‘ਜਦੋਂ ਮੈਂ ਸਟੂਡੈਂਟ ਵੀਜ਼ਾ ਲੈਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਉਸ ਸਮੇਂ ਸਿਸਟਮ ਦਾ ਪਤਾ ਨਹੀਂ ਸੀ, ਇਸ ਲਈ ਏਜੰਟ ਦੀ ਮਦਦ ਲਈ ਸੀ।’’
‘‘ਪਤਾ ਨਹੀਂ ਸੀ ਕਿ ਉਹ ਅਜਿਹੇ ਜਾਅਲੀ ਦਸਤਾਵੇਜ਼ ਵੀ ਬਣਾ ਸਕਦੇ ਹਨ।’’
ਉਨ੍ਹਾਂ ਨੇ ਕੈਨੇਡਾ ਵਿੱਚ ਇੰਜਨੀਅਰਿੰਗ ਕੋਰਸ ਲਈ ਅਪਲਾਈ ਕੀਤਾ ਅਤੇ ਉਸ ਲਈ 14-15 ਲੱਖ ਰੁਪਏ ਖਰਚਾ ਹੋਇਆ।
ਇਹ ਰਕਮ ਅਦਾ ਕਰਨ ਲਈ ਉਨ੍ਹਾਂ ਨੂੰ ਕਰਜ਼ਾ ਲੈਣ ਪਿਆ ਸੀ।
ਇਸ ਪੂਰੇ ਘਟਨਾਕ੍ਰਮ ’ਤੇ ਉਹ ਕਹਿੰਦੇ ਹਨ, ‘‘ਇੱਥੋਂ ਦਾ ਲਾਈਫ ਸਟਾਇਲ ਬਿਹਤਰ ਹੈ, ਪਰ ਇੱਥੇ ਭਾਰਤ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਜੋ ਦੂਰ ਤੋਂ ਦਿਖਦਾ ਹੈ ਕਿ ਬਹੁਤ ਕਮਾਈ ਹੈ, ਉਹ ਹੁਣ ਨਹੀਂ ਰਹੀ। ਤੁਹਾਨੂੰ ਏਜੰਟ ਸਹੀ ਚੁਣਨਾ ਹੋਵੇਗਾ।’’
ਉਹ ਯਾਦ ਕਰਦੇ ਹਨ, ‘‘ਜਦੋਂ ਜਲੰਧਰ ਜਾਂਦੇ ਸੀ, ਉਦੋਂ ਹਰ ਜਗ੍ਹਾ ਏਜੰਟ ਹੀ ਏਜੰਟ ਨਜ਼ਰ ਆਉਂਦੇ ਸਨ, ਪਰ ਉਸ ਏਜੰਸੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਉਨ੍ਹਾਂ ਨੇ ਸਾਡੀ ਫਾਈਲ ਤਿਆਰ ਕੀਤੀ ਹੈ।’’
ਇਸ ਪੂਰੇ ਘਟਨਾਕ੍ਰਮ ਨਾਲ ਕਈ ਉਮੀਦਾਂ ਚੂਰ-ਚੂਰ ਹੋ ਗਈਆਂ ਹਨ। ਇਹ ਵਿਦਿਆਰਥੀ ਇੱਕ ਵੱਟਸਐਪ ਗਰੁੱਪ ’ਤੇ ਸੰਪਰਕ ਵਿੱਚ ਰਹਿੰਦੇ ਹਨ।

ਤਸਵੀਰ ਸਰੋਤ, Getty Images
ਕੌਮਾਤਰੀ ਵਿਦਿਆਰਥੀ ਪ੍ਰਸਤਾਵ
ਸੰਸਦ ਵਿੱਚ ਹੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਰੈਡ ਰੇਡੇਕੋਪ ਨੇ ਦੱਸਿਆ ਸੀ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਕਮੇਟੀ ਵਲੋਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਸ ਦੀ ਜਾਣਕਾਰੀ ਦਿੰਦਿਆਂ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਇਸ ਪ੍ਰਸਤਾਵ ਦੇ ਪਾਸ ਹੋਣ ਨਾਲ ਕੈਨੇਡਾ ਵਿੱਚ ਪੜ੍ਹਨ ਆਏ ਵਿਦਿਆਰਥੀਆਂ ਨੂੰ ਰਾਹਤ ਮਿਲ ਸਕਦੀ ਹੈ।
ਦੇਸ਼ ਵਿੱਚ ਸਥਾਈ ਰਿਹਾਇਸ਼ ਲੈਣ ਦੇ ਇਛੁੱਕ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵੀ ਘੱਟਣਗੀਆਂ।

ਤਸਵੀਰ ਸਰੋਤ, @BRADREDEKOPP
ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕੀ ਕਿਹਾ
ਇਸ ਦੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਵੀ ਇੱਕ ਟਵੀਟ ਸਾਂਝਾ ਕਰ ਕੇ ਦੇਸ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਆਪਣੇ ਟਵੀਟ 'ਚ ਉਨ੍ਹਾਂ ਲਿਖਿਆ, ''ਅਸੀਂ ਉਨ੍ਹਾਂ ਵਿਦਿਆਰਥੀਆਂ ਲਈ ਹੱਲ ਲੱਭ ਰਹੇ ਹਾਂ ਜੋ ਕਿ ਫਰਜ਼ੀ ਕਾਲਜ ਦਾਖਲਾ ਪੱਤਰਾਂ ਨਾਲ ਕੈਨੇਡਾ ਵਿੱਚ ਦਾਖਲ ਹੋਣ ਕਾਰਨ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।''
''ਜਿਨ੍ਹਾਂ ਲੋਕਾਂ ਨੇ ਇੱਥੇ ਪੜ੍ਹਾਈ ਕਰਨ ਦੀ ਸੱਚੀ ਇੱਛਾ ਰੱਖਣ ਵਾਲੇ ਲੋਕਾਂ ਦਾ ਫਾਇਦਾ ਚੁੱਕਿਆ ਹੈ, ਉਨ੍ਹਾਂ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ।''

ਤਸਵੀਰ ਸਰੋਤ, @SEANFRASERMP
ਧੋਖੇਬਾਜ਼ ਏਜੰਸੀਆਂ ਖਿਲਾਫ਼ ਕਾਰਵਾਈ ਦੀ ਮੰਗ
ਜਾਣਕਾਰਾਂ ਦੇ ਮੁਤਾਬਕ ਭਾਰਤੀ ਅਧਿਕਾਰੀਆਂ ਨੂੰ ਵਿਦਿਆਰਥੀਆਂ ਨੂੰ ਧੋਖਾ ਦੇ ਰਹੀਆਂ ਏਜੰਸੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਵਿਦਿਆਰਥੀਆਂ ਨੂੰ ਵੀ ਕੋਈ ਕਦਮ ਚੁੱਕਣ ਤੋਂ ਪਹਿਲਾਂ ਖ਼ੁਦ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਉਹ ਭਰੋਸੇਯੋਗ ਏਜੰਟਾਂ ਅਤੇ ਕਾਲਜਾਂ ਬਾਰੇ ਜਾਣਨ ਅਤੇ ਸਮਝਣ।
ਵਕੀਲ ਜਸਵੰਤ ਸਿੰਘ ਮੰਗਤ ਕਹਿੰਦੇ ਹਨ, ‘‘ਇਹ ਤੁਹਾਡਾ ਪੈਸਾ ਹੈ, ਤੁਹਾਡੀ ਜ਼ਿੰਦਗੀ ਹੈ, ਤੁਹਾਡਾ ਭਵਿੱਖ ਹੈ।’’

ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਨੇ ਕੀ ਕਿਹਾ
ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਬਹੁਤੇ ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਇਸ ਲਈ ਇਹ ਮਾਮਲਾ ਪੰਜਾਬ ਦੇ ਕਈ ਸਿਆਸਤਦਾਨ ਲਗਾਤਾਰ ਚੁੱਕ ਰਹੇ ਹਨ।
ਪੰਜਾਬ ਦੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਬਾਬਤ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਈ ਚਿੱਠੀਆਂ ਲਿਖ ਚੁੱਕੇ ਹਨ। ਹੁਣ ਉਨ੍ਹਾਂ ਨੇ ਇੱਕ ਨਿੱਜੀ ਬੈਠਕ ਲਈ ਸਮਾਂ ਮੰਗਿਆ ਹੈ।
ਪੰਜਾਬ ਸਰਕਾਰ ਨੇ ਇਸ ਮਸਲੇ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ।
ਕੁਲਦੀਪ ਸਿੰਘ ਧਾਲ਼ੀਵਾਲ ਦਾ ਕਹਿਣਾ ਹੈ ਕਿ ਇਹ ਇਸ ਮਸਲੇ ਦੇ ਹੱਲ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਉਮੀਦ ਹੈ ਕਿ ਮਸਲਾ ਛੇਤੀ ਹੀ ਹੱਲ ਹੋ ਜਾਵੇਗਾ।
ਪੰਜਾਬ ਸਰਕਾਰ ਨੇ ਵੀ ਪ੍ਰੈੱਸ ਰਿਲੀਜ਼ ਜਾਰੀ ਕਰਕੇ ਕਿਹਾ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ ਤੇ ਨਾਲ ਹੀ ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ।












