ਪੰਜਾਬ ਦੇ ਉਹ ਮਾਂ-ਪੁੱਤ, ਜਿਨ੍ਹਾਂ ਨੂੰ 35 ਸਾਲ ਹੰਢਾਉਣਾ ਪਿਆ ਇਕਲਾਪਾ ਤੇ ਵਿਛੋੜਾ, ਹੁਣ ਹੜ੍ਹਾਂ ਨੇ ਕਰਵਾਇਆ ਮੇਲ

ਜਗਜੀਤ ਸਿੰਘ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, 35 ਸਾਲ ਬਾਅਦ ਮਾਂ ਹਰਜੀਤ ਕੌਰ ਦਾ ਪੁੱਤ ਜਗਜੀਤ ਸਿੰਘ ਨਾਲ ਮੇਲ
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਜਦੋਂ ਜਗਜੀਤ ਸਿੰਘ ਆਪਣੀ ਮਾਂ ਹਰਜੀਤ ਕੌਰ ਨੂੰ 35 ਸਾਲਾਂ ਬਾਅਦ ਮਿਲੇ ਤਾਂ ਬੇਸ਼ੱਕ ਪਲ ਭਾਵੁਕ ਸਨ।

ਪਰ ਜਦੋਂ ਜਜ਼ਬਾਤਾਂ ਦੀ ਦਹਿਲੀਜ਼ ਨੇ ਦਸਤਕ ਦਿੱਤੀ ਤਾਂ ਚੇਤਿਆਂ ਵਿੱਚ ਸ਼ਾਇਦ ਬਚਪਨ ਦਾ ਉਹ ਵੇਲਾ ਜ਼ਰੂਰ ਉੱਕਰਿਆ ਹੋਵੇਗਾ ਜਦੋਂ ਮਾਂ ਨੇ ਆਪਣੇ ਪੁੱਤ ਨੂੰ ਰੱਜ ਕੇ ਲਾਡ-ਪਿਆਰ ਕੀਤਾ ਹੋਵੇਗਾ।

ਉਹੀ ਲਾਡ ਪਿਆਰ ਪੂਰੇ 35 ਸਾਲਾਂ ਬਾਅਦ ਫ਼ਿਰ ਦੇਖਣ ਨੂੰ ਮਿਲਿਆ। ਇਸ ਵਾਰ ਰੱਜ ਨਾ ਹੋਇਆ ਪਰ 35 ਸਾਲਾਂ ਦੀ ਉਡੀਕ ਜ਼ਰੂਰ ਮੁੱਕ ਗਈ। ਇਹ ਉਸ ਵਿਛੋੜੇ ਤੋਂ ਬਾਅਦ ਦੀ ਉਡੀਕ ਸੀ ਜੋ ਹਾਲਾਤਾਂ ਕਾਰਨ ਪੈ ਗਈ ਸੀ।

ਉਡੀਕ ਮੁੱਕੀ ਤਾਂ ਪੂਰੀ ਦੁਨੀਆਂ ਵਿੱਚ ਮਾਂ-ਪੁੱਤ ਦੇ ਮੇਲ ਦੀਆਂ ਵੀਡੀਓਜ਼ ਵਾਇਰਲ ਹੋ ਗਈਆਂ। ਮਾਂ ਦੀ ਬੁੱਕਲ ਦਾ ਅਹਿਸਾਸ ਜਗਜੀਤ ਸਿੰਘ ਨੇ ਜਦੋਂ ਲਿਆ ਤਾਂ ਕਈਆਂ ਦਾ ਗੱਚ ਭਰ ਆਇਆ।

ਜਗਜੀਤ ਅਤੇ ਉਨ੍ਹਾਂ ਦੀ ਮਾਂ ਹਰਜੀਤ ਕੌਰ ਦੀ ਮੇਲ ਵਾਲੀ ਉਡੀਕ ਤਾਂ ਮੁੱਕ ਗਈ ਪਰ ਦੂਜੇ ਪਾਸੇ ਆਪਣੀਆਂ ਮਾਂਵਾਂ ਤੋਂ ਵਿੱਛੜੇ ਕਈ ਬੱਚੇ ਅੱਜ ਵੀ ਇਸ ਤਰ੍ਹਾਂ ਦੇ ‘ਚਮਤਕਾਰ’ ਦੀ ਉਡੀਕ ਵਿੱਚ ਹਨ।

ਕਿਵੇਂ ਹੋਇਆ ਮਾਂ-ਪੁੱਤ ਦਾ ਮੇਲ?

ਜਗਜੀਤ ਸਿੰਘ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਜਗਜੀਤ ਸਿੰਘ ਆਪਣੀ ਮਾਂ ਹਰਜੀਤ ਕੌਰ ਦੇ ਨਾਲ

ਦਰਅਸਲ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਰਹਿਣ ਵਾਲੇ ਜਗਜੀਤ ਸਿੰਘ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਈ ਸੰਸਥਾਵਾਂ ਨਾਲ ਮਿਲ ਕੇ ਮਦਦ ਕਰ ਰਹੇ ਸਨ।

ਇਸੇ ਸਫ਼ਰ ਦੌਰਾਨ ਜਦੋਂ ਉਹ ਪਟਿਆਲਾ ਵਾਲੇ ਪਾਸੇ ਗਏ ਤਾਂ ਉਨ੍ਹਾਂ ਦਾ 35 ਸਾਲ ਪਹਿਲਾਂ ਵਿੱਛੜੀ ਆਪਣੀ ਮਾਂ ਨਾਲ ਮੇਲ ਹੋਇਆ।

ਇਸ ਭਾਵੁਕ ਮੇਲ ਦੀਆਂ ਵੀਡੀਓਜ਼ ਕਾਫ਼ੀ ਵਾਇਰਲ ਹੋ ਗਈਆਂ।

ਕਾਦੀਆਂ ਦੇ ਧਰਮਪੁਰਾ ਮੁਹੱਲੇ ਵਿੱਚ ਰਹਿਣ ਵੇਲੇ ਜਗਜੀਤ ਇੱਕ ਰਾਗੀ ਸਿੰਘ ਹਨ ਅਤੇ ਕਈ ਗ਼ੈਰ-ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਆਫ਼ਤ ਵੇਲੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ।

ਲਾਈਨ

ਇਹ ਵੀ ਪੜ੍ਹੋ:

ਲਾਈਨ

‘‘ਮੈਂ ਦਾਦੀ ਨੂੰ ਹੀ ਮਾਂ ਸਮਝਦਾ ਰਿਹਾ’’

ਜਗਜੀਤ ਸਿੰਘ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਜਗਜੀਤ ਸਿੰਘ ਬੀਬੀਸੀ ਨਾਲ ਗੱਲਬਾਤ ਦੌਰਾਨ

35 ਸਾਲਾ ਜਗਜੀਤ ਸਿੰਘ ਜ਼ਿੰਦਗੀ ਦੇ ਸਫ਼ਿਆਂ ਨੂੰ ਪਲਟਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਵੱਡੇ ਮੋੜ ਆਏ।

ਜਗਜੀਤ ਸਿੰਘ ਕਹਿੰਦੇ ਹਨ, ‘‘ਮੈਂ ਜ਼ਿੰਦਗੀ ਦੇ ਹਰ ਮੋੜ ਨੂੰ ਅੰਦਰ ਦਫ਼ਨ ਕਰਦਾ ਰਿਹਾ ਅਤੇ ਦਿਲ ਵੀ ਪੱਥਰ ਹੋ ਗਿਆ ਸੀ। ਪਰ ਹੁਣ ਜਦੋਂ ਆਪਣੀ ਮਾਂ ਨੂੰ ਮਿਲਿਆ ਤਾਂ ਆਪਣੀ 35 ਸਾਲ ਦੀ ਉਮਰ ’ਚ ਸਭ ਤੋਂ ਵੱਧ ਰੋਇਆ।’’

‘‘ਬਚਪਨ ਤੋਂ ਹੀ ਮੈਨੂੰ ਦੱਸਿਆ ਗਿਆ ਸੀ ਕਿ ਮੇਰੇ ਮਾਪਿਆਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਦਾਦਾ-ਦਾਦੀ ਨੇ ਹੀ ਮੈਨੂੰ ਛੇ ਮਹੀਨੇ ਦੀ ਉਮਰ ਤੋਂ ਪਾਲਿਆ। ਦਾਦਾ ਜੀ ਹਰਿਆਣਾ ਬਣਨ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਨੌਕਰੀ ਕਰਦੇ ਸਨ ਅਤੇ ਜਦੋਂ ਹਰਿਆਣਾ ਸੂਬਾ ਹੋਂਦ ’ਚ ਆਇਆ ਤਾਂ ਦਾਦਾ ਜੀ ਨੂੰ ਹਰਿਆਣਾ ਪੁਲਿਸ ’ਚ ਭੇਜ ਦਿਤਾ ਗਿਆ।’’

‘‘ਮੈਨੂੰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਪਿਤਾ ਟ੍ਰਾਂਸਪੋਰਟ ਦਾ ਕੰਮ ਕਰਦੇ ਸਨ ਪਰ ਪਿਤਾ ਦੀ ਮੌਤ ਹੋ ਗਈ ਅਤੇ ਦਾਦਾ ਜੀ ਨੌਕਰੀ ਤੋਂ ਜਦੋਂ ਸੇਵਾ ਮੁਕਤ ਹੋਏ ਤਾਂ ਉਹ ਕਾਦੀਆਂ ਆ ਕੇ ਵੱਸ ਗਏ ਸਨ।’’

ਜਗਜੀਤ ਸਿੰਘ ਭਾਵੁਕ ਹੁੰਦੇ ਆਖਦੇ ਹਨ ਕਿ ਮੇਰੀ ਜ਼ਿੰਦਗੀ ਦੀ ਇਹ ਕਹਾਣੀ ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ।

ਉਨ੍ਹਾਂ ਮੁਤਾਬਕ ਬਚਪਨ ’ਚ ਉਨ੍ਹਾਂ ਨੂੰ ਇਹੀ ਦੱਸਿਆ ਗਿਆ ਸੀ ਕਿ ਮਾਂ ਦੀ ਵੀ ਮੌਤ ਹੋ ਚੁੱਕੀ ਹੈ।

ਜਗਜੀਤ ਸਿੰਘ ਦੱਸਦੇ ਹਨ ਕਿ ਜਦੋਂ ਉਹ 10ਵੀਂ ਜਮਾਤ ’ਚ ਸੀ ਤਾਂ ਦਾਦੀ ਨੂੰ ਹੀ ਆਪਣੀ ਮਾਂ ਸਮਝਦੇ ਸੀ।

ਜਗਜੀਤ ਸਿੰਘ

ਜਦੋਂ ਮਾਂ-ਪਿਓ ਬਾਰੇ ਦਾਦੇ ਨੇ ਤੋੜੀ ਚੁੱਪੀ

ਜਗਜੀਤ ਸਿੰਘ

ਤਸਵੀਰ ਸਰੋਤ, Jagjit Singh

ਤਸਵੀਰ ਕੈਪਸ਼ਨ, ਜਗਜੀਤ ਸਿੰਘ ਦੋ ਛੋਟੇ ਹੁੰਦਿਆਂ ਦੀ ਮਾਂ ਅਤੇ ਪਰਿਵਾਰ ਨਾਲ ਤਸਵੀਰ

ਜਗਜੀਤ ਸਿੰਘ ਮੁਤਾਬਕ ਸ਼ੁਰੂ ਤੋਂ ਉਨ੍ਹਾਂ ਦੇ ਦਾਦਾ-ਦਾਦੀ ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਤੇ ਉਹ ਉਨ੍ਹਾਂ ਨੂੰ ਹੀ ਆਪਣੇ ਮਾਪੇ ਸਮਝਦੇ ਰਹੇ।

ਜਗਜੀਤ ਬੀਬੀਸੀ ਨਾਲ ਗੱਲ ਕਰਦਿਆਂ ਅੱਗੇ ਦੱਸਦੇ ਹਨ, ‘‘ਦਾਦੀ ਦਾ ਦੇਹਾਂਤ ਹੋ ਗਿਆ ਤਾਂ ਅਚਾਨਕ ਮੇਰੇ ਹੱਥ ਆਪਣੇ ਘਰ ’ਚੋ ਹੀ ਕੁਝ ਪੁਰਾਣੀਆਂ ਤਸਵੀਰਾਂ ਲੱਗੀਆਂ। ਜਦੋਂ ਇਨ੍ਹਾਂ ਤਸਵੀਰਾਂ ਬਾਰੇ ਮੈਂ ਦਾਦਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਆਪਣੀ ਸਾਲਾਂ ਦੀ ਚੁੱਪੀ ਤੋੜੀ ਤੇ ਦੱਸਿਆ ਕਿ ਇਹ ਮੇਰੇ ਮਾਤਾ ਪਿਤਾ ਹਨ।’’

‘‘ਹਾਲਾਂਕਿ ਭਾਵੇਂ ਕਦੇ ਦਾਦਾ-ਦਾਦੀ ਨੇ ਮੈਨੂੰ ਪਾਲਣ ਵਿੱਚ ਕੋਈ ਕਮੀ ਨਹੀਂ ਛੱਡੀ ਸੀ, ਪਰ ਉਹ ਪਲ ਮੇਰੇ ਲਈ ਜ਼ਿੰਦਗੀ ਦਾ ਇੱਕ ਵੱਡਾ ਝਟਕਾ ਸੀ ਜਦੋਂ ਮੈਨੂੰ ਇਹੀ ਦੱਸਿਆ ਗਿਆ ਕਿ ਮੈਂ 6 ਮਹੀਨੇ ਦਾ ਸੀ ਜਦੋਂ ਮਾਪਿਆਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ।’’

ਜਗਜੀਤ ਮੁਤਾਬਕ ਉਨ੍ਹਾਂ ਬਹੁਤ ਵਾਰ ਕੋਸ਼ਿਸ਼ ਕੀਤੀ ਕਿ ਪੂਰਾ ਸੱਚ ਪਤਾ ਲੱਗੇ ਪਰ ਕਦੇ ਇਸ ਬਾਰੇ ਪੁੱਛਣ ਦੀ ਹਿੰਮਤ ਨਹੀਂ ਜੁਟਾ ਸਕੇ।

ਇਸ ਬਾਰੇ ਉਹ ਦੱਸਦੇ ਹਨ, ‘‘ਜਿੰਨ੍ਹਾਂ ਨੂੰ ਸੱਚ ਪਤਾ ਸੀ, ਮੇਰੀ ਉਨ੍ਹਾਂ ਤੋਂ ਪੁੱਛਣ ਦੀ ਕਦੇ ਹਿੰਮਤ ਨਹੀਂ ਹੋਈ ਪਰ ਜ਼ਿੰਦਗੀ ਦੇ ਸਫ਼ਰ ਦੌਰਾਨ ਦਾਦਾ-ਦਾਦੀ ਜਾਂ ਹੋਰ ਰਿਸ਼ਤੇਦਾਰ ਵੀ ਦੁਨੀਆਂ ਛੱਡ ਗਏ।''

''ਲਗਭਗ ਪੰਜ ਸਾਲ ਪਹਿਲਾਂ ਇੱਕ ਹੋਰ ਸੱਚ ਸਾਹਮਣੇ ਆਇਆ ਕਿ ਮਾਂ ਦਾ ਦੇਹਾਂਤ ਨਹੀਂ ਹੋਇਆ ਸੀ ਅਤੇ ਮੈਂ ਚਾਰ ਸਾਲ ਦਾ ਸੀ ਜਦੋਂ ਮਾਂ ਕਿਸੇ ਕਾਰਨਾਂ ਕਰਕੇ ਘਰ ਛੱਡ ਗਏ।’’

‘‘ਮੈਨੂੰ ਦਾਦਾ-ਦਾਦੀ ਨੇ ਹੀ ਪਾਲਿਆ। ਪਹਿਲਾਂ ਦਾਦੀ ਦਾ ਦੇਹਾਂਤ ਹੋਇਆ ਅਤੇ ਫ਼ਿਰ ਦਾਦਾ ਜੀ ਵੀ ਦੁਨੀਆਂ ਛੱਡ ਗਏ। ਇਸ ਤੋਂ ਬਾਅਦ ਜਦੋਂ ਵੀ ਮੈਂ ਦੋਸਤਾਂ ਜਾਂ ਰਿਸ਼ਤੇਦਾਰਾਂ ਦਾ ਆਪਣੀਆਂ ਮਾਂਵਾਂ ਨਾਲ ਪਿਆਰ ਦੇਖਦਾ ਤਾਂ ਅੱਖਾਂ ਭਰ ਆਉਂਦੀਆਂ ਕਿ ਕਿਧਰੇ ਮਾਂ ਹੁੰਦੀ ਤਾਂ ਮੈ ਵੀ ਉਸ ਨਾਲ ਆਪਣਾ ਦੁਖ-ਸੁਖ ਸਾਂਝਾ ਕਰ ਲੈਂਦਾ ਤੇ ਉਸ ਦੀ ਗੋਦੀ ’ਚ ਸਿਰ ਰੱਖ ਕੇ ਪਿਆਰ ਲੈਂਦਾ।’’

"ਮਾਂ ਨੂੰ ਮਿਲਣ ਤੋਂ ਪਹਿਲਾਂ ਦੀ ਰਾਤ ਹੁਣ ਤੱਕ ਦੀ ਸਭ ਤੋਂ ਵੱਡੀ ਰਾਤ ਸੀ"

ਜਗਜੀਤ ਸਿੰਘ

ਤਸਵੀਰ ਸਰੋਤ, BBC/Gupreet Chawla

ਤਸਵੀਰ ਕੈਪਸ਼ਨ, ਆਪਣੀ ਮਾਂ ਨਾਲ ਜਗਜੀਤ ਸਿੰਘ

ਹੜ੍ਹ ਪੀੜਤਾਂ ਦੀ ਪਟਿਆਲਾ ਵਿੱਚ ਮਦਦ ਕਰਦਿਆਂ ਜਗਜੀਤ ਸਿੰਘ ਨੂੰ ਉਨ੍ਹਾਂ ਦੀ ਭੂਆ ਦਾ ਫ਼ੋਨ ਆਉਂਦਾ ਹੈ ਤਾਂ ਉਹ ਭੂਆ ਨੂੰ ਦੱਸਦੇ ਹਨ ਕਿ ਉਹ ਇਸ ਵੇਲੇ ਪਟਿਆਲਾ ਇਲਾਕੇ ਵਿੱਚ ਹਨ।

ਜਗਜੀਤ ਦੀ ਭੂਆ ਨੇ ਸੁਭਾਵਿਕ ਹੀ ਕਿਹਾ ਕਿ, ‘‘ਤੇਰੇ ਨਾਨਕੇ ਵੀ ਇੱਥੇ ਪਿੰਡ ਬੋਹੜਪੁਰ ਵਿੱਚ ਹਨ।’’

ਜਗਜੀਤ ਮੁਤਾਬਕ ਉਨ੍ਹਾਂ ਦੀ ਭੂਆ ਨੇ ਇਸ ਤੋਂ ਪਹਿਲਾਂ ਕਦੇ ਵੀ ਐਨੇ ਸਾਲਾਂ ਵਿੱਚ ਇਸ ਬਾਰੇ ਜ਼ਿਕਰ ਤੱਕ ਨਹੀਂ ਕੀਤਾ ਸੀ।

ਜਗਜੀਤ ਅੱਗੇ ਦੱਸਦੇ ਹਨ, ‘‘ਬੱਸ ਮੈਂ ਫ਼ਿਰ ਨਾਨਕਿਆਂ ਦੀ ਭਾਲ ਸ਼ੁਰੂ ਕੀਤੀ ਅਤੇ ਪਿੰਡ ਬੋਹੜਪੁਰ ਪਹੁੰਚ ਕੇ ਆਪਣੇ ਦੂਰ ਦੀ ਰਿਸ਼ਤੇਦਾਰੀ ਵਿੱਚ ਲੱਗਦੇ ਤਾਏ ਸੁਰਜੀਤ ਸਿੰਘ ਨੂੰ ਫੋਨ ਕੀਤਾ। ਉਨ੍ਹਾਂ ਨੇ ਨਾਨੇ ਦੀ ਪਛਾਣ ਦੱਸਦੇ ਹੋਏ ਕਿਹਾ ਉਨ੍ਹਾਂ ਦੇ ਮੂੰਹ ਨੂੰ ਲਕਵਾ ਹੋ ਗਿਆ ਸੀ।’’

ਇਸੇ ਜਾਣਕਾਰੀ ਦੇ ਆਧਾਰ ਉੱਤੇ ਜਗਜੀਤ ਸਿੰਘ ਆਪਣੇ ਨਾਨਕੇ ਘਰ ਪਹੁੰਚਣ ਵਿੱਚ ਸਫ਼ਲ ਹੋ ਗਏ। ਨਾਨਕੇ ਘਰ ਪਹੁੰਚਦੇ ਹੀ ਘਰ ਦਾ ਬੂਹਾ ਜਦੋਂ ਇੱਕ ਬਜ਼ੁਰਗ ਔਰਤ ਨੇ ਖੋਲ੍ਹਿਆ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਜਗਜੀਤ ਦੇ ਨਾਨੀ ਹਨ।

ਦਰਅਸਲ ਜਗਜੀਤ ਦੀ ਨਾਨੀ ਨੇ ਉਸ ਵੇਲੇ ਆਪਣੇ ਪਰਿਵਾਰ ਬਾਰੇ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਹਰਜੀਤ ਕੌਰ ਦਾ ਕਈ ਸਾਲ ਪਹਿਲਾਂ ਵਿਆਹ ਹਰਿਆਣਾ ਦੇ ਕਰਨਾਲ ਵਿੱਚ ਹੋਇਆ ਸੀ ਪਰ ਉਨ੍ਹਾਂ ਦੇ ਪਤੀ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਹਰਜੀਤ ਦਾ ਸੋਨੂੰ ਨਾਮ ਦਾ ਇੱਕ ਪੁੱਤਰ ਵੀ ਸੀ।

ਜਗਜੀਤ ਸਿੰਘ

ਤਸਵੀਰ ਸਰੋਤ, BBC/Gurpreet Chawla

ਇਸ ਤੋਂ ਬਾਅਦ ਜਗਜੀਤ ਨੇ ਆਪਣੀ ਨਾਨੀ ਨੂੰ ਕਿਹਾ, ‘‘ਉਹ ਸੋਨੂੰ ਮੈਂ ਹੀ ਹਾਂ।’’

ਜਗਜੀਤ ਮੁਤਾਬਕ ਇਸ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਭਾਵੁਕ ਹੋ ਗਿਆ ਤੇ ਉਨ੍ਹਾਂ ਨੂੰ ਮਾਂ ਨਾਲ ਮਿਲਾਉਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਮਾਂ ਨੂੰ ਮੇਰੇ ਬਾਰੇ ਨਾ ਦੱਸਣਾ।

ਜਗਜੀਤ ਅੱਗੇ ਕਹਿੰਦੇ ਹਨ, ‘‘ਅਗਲੇ ਦਿਨ ਮੁਲਾਕਾਤ ਹੋਣ ਬਾਰੇ ਸਮਾਂ ਤੈਅ ਹੋਇਆ ਪਰ ਉਹ ਰਾਤ ਮੇਰੇ ਲਈ 35 ਸਾਲਾਂ ਦੀ ਸਭ ਤੋਂ ਵੱਡੀ ਰਾਤ ਸੀ ਜੋ ਖ਼ਤਮ ਹੀ ਨਹੀਂ ਹੋ ਰਹੀ ਸੀ। ਜਦੋਂ ਮੈਂ ਮੁੜ ਮਾਂ ਦੇ ਦਰਸ਼ਨ ਕੀਤੇ ਤਾਂ ਮੇਰਾ ਤਾਂ ਹਾਲ ਬੇਹਾਲ ਸੀ ਪਰ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਤੇ ਅਸੀਂ ਦੋਵੇਂ ਕੋਈ ਸ਼ਬਦ ਨਹੀਂ ਬੋਲ ਸਕੇ, ਮਾਹੌਲ ਕਾਫ਼ੀ ਭਾਵੁਕ ਸੀ।’’

‘‘ਭਾਵੇਂ ਮੇਰੀ ਸੱਚਾਈ ਮੈਨੂੰ ਬਹੁਤ ਸਾਲਾਂ ਬਾਅਦ ਪਤਾ ਲੱਗੀ ਅਤੇ ਮੇਰੀ ਮਾਂ ਮੇਰੇ ਤੋਂ ਕਿਨ੍ਹਾਂ ਹਾਲਾਤਾਂ ’ਚ ਵਿਛੜ ਗਈ ਮੈ ਉਸ ਬਾਰੇ ਵੀ ਕੋਈ ਸਵਾਲ ਨਹੀਂ ਕਰਨਾ ਚਾਹੁੰਦਾ। ਜਿੰਨ੍ਹਾਂ ਨੇ ਮੇਰੀ ਸੱਚਾਈ ਕਈ ਸਾਲਾਂ ਤੱਕ ਦੱਬ ਕੇ ਰੱਖੀ, ਮੇਰਾ ਕਿਸੇ ਨਾਲ ਕੋਈ ਗਿਲਾ ਨਹੀਂ ਹੈ।’’

‘‘35 ਸਾਲਾਂ ਦੇ ਵਿਛੋੜੇ ਦਾ ਸਭ ਤੋਂ ਵੱਧ ਦੁੱਖ ਮੇਰੀ ਮਾਂ ਨੇ ਹੰਡਾਇਆ ਅਤੇ ਮੇਰੀ ਮਾਂ ਦੀਆਂ ਹੀ ਦੁਆਵਾਂ ਹੋਣਗੀਆਂ ਜੋ ਅੱਜ ਮੈਂ ਆਪਣੇ ਆਪ ’ਚ ਸਫ਼ਲ ਇਨਸਾਨ ਹਾਂ ਅਤੇ ਆਪਣੀ ਮਾਂ ਤੱਕ ਵੀ ਪਹੁੰਚ ਗਿਆ, ਕਿਉਕਿ ਹੜ੍ਹਾਂ ਦੀ ਹਾਲਤ ਤਾਂ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂਆਂ ’ਚ ਵੀ ਹੈ ਅਤੇ ਮਦਦ ਲਈ ਮੈਂ ਕਿਤੇ ਹੋਰ ਵੀ ਜਾ ਸਕਦਾ ਸੀ ਪਰ ਪ੍ਰਮਾਤਮਾ ਅਤੇ ਮਾਂ ਦੀ ਦੁਆ ਹੀ ਹੈ ਜੋ ਮੈਂ ਇਸ ਇਲਾਕੇ ’ਚ ਆਇਆ ਅਤੇ ਮਾਂ ਤੱਕ ਪਹੁੰਚ ਗਿਆ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)