ਵਿਕਰਮਜੀਤ ਸਿੰਘ ਬਰਾੜ ਕੌਣ ਹੈ ਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਉਸ ਦੀ ਕੀ ਕਥਿਤ ਭੂਮਿਕਾ ਹੈ

ਤਸਵੀਰ ਸਰੋਤ, Social Media and Getty
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਘਟਨਾ ਸਿਤੰਬਰ 2021 ਦੀ ਹੈ। ਪੰਜਾਬ ਦੇ ਫਰੀਦਕੋਟ ਸ਼ਹਿਰ ਵਿੱਚ ਸ਼ਕਤੀ ਸਿੰਘ ਦੇ ਘਰ ਉੱਤੇ ਹਮਲਾ ਹੋਇਆ। ਹਮਲਵਾਰਾਂ ਦਾ ਇਰਾਦਾ ਸੀ ਸ਼ਕਤੀ ਸਿੰਘ ਨੂੰ ਕਤਲ ਕਰਨਾ।
ਡੇਰਾ ਸੱਚਾ ਸੌਦਾ ਸਿਰਸਾ ਦਾ ਪੈਰੋਕਾਰ ਸ਼ਕਤੀ ਸਿੰਘ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮਾਂ ਵਿੱਚੋਂ ਇੱਕ ਸੀ। ਜਿਸ ਵੇਲੇ ਉਸ ਦੇ ਘਰ ਉੱਤੇ ਹਮਲਾ ਹੋਇਆ, ਉਹ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ।
ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨਾਲ ਸਬੰਧਤ ਤਿੰਨ ਰਪਟਾਂ ਵਿੱਚ ਸ਼ਕਤੀ ਸਿੰਘ ਦਾ ਨਾਂ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ।
2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਉਕਤ ਹਮਲੇ ਦੀ ਵਾਰਦਾਤ ਤੋਂ ਕੁਝ ਮਹੀਨੇ ਪਹਿਲਾਂ ਸ਼ਕਤੀ ਨੂੰ ਹੋਰ ਮੁਲਜ਼ਮਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਜੋ ਵਿਅਕਤੀ ਸ਼ਕਤੀ ਸਿੰਘ ਨੂੰ ਮਾਰਨ ਲਈ ਉਸ ਦੇ ਘਰ ਆਏ ਸਨ, ਉਨ੍ਹਾਂ ਦੀ ਪਛਾਣ ਪੁਲੀਸ ਨੇ ਸੀਸੀਟੀਵੀ ਫੁਟੇਜ ਰਾਹੀਂ ਕੀਤੀ।
ਪੁਲਿਸ ਨੂੰ ਸੂਹ ਮਿਲੀ ਕਿ ਉਹੀ ਗੱਡੀ ਕੁਝ ਦਿਨਾਂ ਬਾਅਦ ਫੇਰ ਸ਼ਕਤੀ ਦੇ ਘਰ ਦੇ ਕੋਲ ਦੁਬਾਰਾ ਦਿਖਾਈ ਦਿੱਤੀ।
ਪੁਲਿਸ ਦੀ ਟੀਮ ਨੇ ਮੌਕੇ 'ਤੇ ਪੁੱਜ ਗਈ ਅਤੇ ਇੱਕ ਦੋਸ਼ੀ ਭੋਲਾ ਸਿੰਘ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।

ਤਸਵੀਰ ਸਰੋਤ, PP
ਭੋਲਾ ਸਿੰਘ ਦੀ ਨਿਸ਼ਾਹਦੇਹੀ ਉੱਤੇ ਜਿਹੜੇ ਦੋ ਹੋਰ ਮੁਲਜ਼ਮਾਂ ਦੀ ਸ਼ਨਾਖ਼ਤ ਹੋਈ, ਉਨ੍ਹਾਂ ਵਿੱਚੋਂ ਇੱਕ ਸੀ ਵਿਕਰਮਜੀਤ ਸਿੰਘ ਬਰਾੜ ਉਰਫ਼ ਵਿੱਕੀ, ਜਿਸ ਨੂੰ ਹਾਲ ਹੀ ਵਿੱਚ ਯੂਏਈ ਤੋਂ ਭਾਰਤ ਡਿਪੋਰਟ ਹੋਣ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਗ੍ਰਿਫ਼ਤਾਰ ਕੀਤਾ ਹੈ।
ਬਰਾੜ ਖ਼ਿਲਾਫ਼ ਪੰਜਾਬ ਸਣੇ ਭਾਰਤ ਵਿੱਚ ਕਈ ਗੰਭੀਰ ਕਿਸਮ ਦੇ ਅਪਰਾਧ ਲੋੜੀਂਦੇ ਹਨ, ਜਿਸ ਵਿਕਰਮਜੀਤ ਸਿੰਘ ਨੂੰ ਐੱਨਆਈਏ ਦੁਬਾਈ ਤੋਂ ਲਿਆਉਣ ਦਾ ਦਾਅਵਾ ਕਰ ਰਹੀ ਹੈ, ਉਹ ਜੇਲ੍ਹ ਵਿੱਚ ਕਥਿਤ 'ਗੈਂਗਸਟਰ' ਲਾਰੈਂਸ ਬਿਸ਼ਨੋਈ ਦਾ ਮੁੱਖ ਸਹਿਯੋਗੀ ਦੱਸਿਆ ਜਾ ਰਿਹਾ ਹੈ।

ਤਸਵੀਰ ਸਰੋਤ, FB/SIDHU MOOSEWALA
ਸਿੱਧੂ ਮੂਸੇਵਾਲਾ ਨਾਲ ਸਬੰਧ
ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਕੇਸਾਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਵਿੱਚ ਵਿਕਰਮਜੀਤ ਸਿੰਘ ਬਰਾੜ ਪੰਜਾਬ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੈ।
ਐੱਨਆਈਏ ਦੀ ਇੱਕ ਟੀਮ ਉਸਨੂੰ ਭਾਰਤ ਵਾਪਸ ਲਿਆਉਣ ਲਈ ਯੂਏਈ ਗਈ ਸੀ। ਐੱਨਆਈਏ ਨੇ ਯੂਏਈ ਤੋਂ ਵਿਕਰਮਜੀਤ ਸਿੰਘ ਬਰਾੜ ਦੀ ਹਵਾਲਗੀ ਕਰਵਾਉਣ ਬਾਰੇ ਅਧਿਕਾਰਤ ਬਿਆਨ ਵਿੱਚ ਉਸ ਦਾ ਸਬੰਧ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਾਲ ਵੀ ਜੋੜਿਆ ਹੈ।
ਐੱਨਆਈਏ ਨੇ ਬਿਆਨ ਵਿੱਚ ਦੱਸਿਆ ਹੈ, ‘‘ਬਰਾੜ ਨਿਰਦੋਸ਼ ਲੋਕਾਂ ਅਤੇ ਕਾਰੋਬਾਰੀਆਂ ਦੇ ਸਾਜ਼ਿਸ਼ ਤਹਿਤ ਕੀਤੇ ਕਤਲਾਂ ਤੋਂ ਇਲਾਵਾ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਸ਼ਾਮਲ ਸੀ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਾਰੜ ਅਤੇ ਹੋਰਾਂ ਦੀ ਮਦਦ ਨਾਲ ਹਥਿਆਰਾਂ ਦੀ ਤਸਕਰੀ ਅਤੇ ਫਿਰੌਤੀਆਂ ਵੀ ਕਰਦੀਆਂ ਸਨ।’’
ਪੰਜਾਬ ਪੁਲਿਸ ਨੇ ਏਜੰਸੀਆਂ ਨੂੰ ਸੂਹ ਦਿੱਤੀ ਸੀ
ਪੰਜਾਬ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬਰਾੜ ਦੀ ਗ੍ਰਿਫਤਾਰੀ ਭਾਵੇਂ ਐੱਨਆਈਏ ਨੇ ਕੀਤੀ ਹੈ, ਪਰ ਪੰਜਾਬ ਪੁਲਿਸ ਉਸ ਬਾਬਤ ਕੇਂਦਰੀ ਏਜੰਸੀਆਂ ਨਾਲ ਲਗਾਤਾਰ ਖੁਫੀਆ ਜਾਣਕਾਰੀ ਸਾਂਝੀ ਕਰਦੀ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਫਰਵਰੀ ਤੋਂ ਉਹ ਯੂਏਈ ਵਿੱਚ ਬਰਾੜ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਸਨ।
ਜਾਂਚ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ, “ਉੱਥੇ ਇੱਕ ਲੜਾਈ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸਾਡੇ ਕੋਲ ਇਸ ਬਾਰੇ ਜਾਣਕਾਰੀ ਸੀ ਅਤੇ ਜਦੋਂ ਉਸਨੇ ਅਪੀਲ ਦਾਇਰ ਕੀਤੀ ਸੀ ਤਾਂ ਅਸੀਂ ਏਜੰਸੀਆਂ ਨੂੰ ਸੂਚਿਤ ਕੀਤਾ ਸੀ ਤਾਂ ਜੋ ਉਹ ਭੱਜ ਨਾ ਜਾਵੇ।’’ ਉਹਨਾਂ ਨੇ ਕਿਹਾ ਕਿ ਉਸ ਬਾਰੇ ਲੁੱਕ ਆਊਟ ਨੋਟਿਸ (LOC) ਅਤੇ ਰੈੱਡ ਕਾਰਨਰ ਨੋਟਿਸ (RCN) ਵੀ ਜਾਰੀ ਕੀਤੇ ਗਏ ਸਨ ।
ਸੂਤਰਾਂ ਨੇ ਦੱਸਿਆ ਕਿ ਅਕਤੂਬਰ 2021 ਵਿੱਚ ਭਾਰਤ ਤੋਂ ਦੁਬਈ ਲਈ ਉਸ ਦੇ ਪਾਸਪੋਰਟ ਦੇ ਵੇਰਵੇ ਸਮੇਤ ਉਸ ਦੇ ਯਾਤਰਾ ਦੀਆਂ ਜਾਣਕਾਰੀਆਂ ਨੂੰ ਵੀ ਕੇਂਦਰੀ ਏਜੰਸੀਆਂ ਨਾਲ ਸਾਂਝਾ ਕੀਤਾ ਗਿਆ ਸੀ।

ਵਿਕਰਮਜੀਤ ਸਿੰਘ ਬਰਾੜ ਬਾਰੇ ਖਾਸ ਗੱਲਾਂ:
- ਵਿਕਰਮ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ
- ਬਰਾੜ ਖ਼ਿਲਾਫ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਕੁੱਲ ਪੰਜ ਕੇਸ ਦਰਜ ਹਨ
- ਬਰਾੜ ਨੂੰ ਹਾਲ ਹੀ ਵਿੱਚ ਯੂਏਈ ਤੋਂ ਭਾਰਤ ਡਿਪੋਰਟ ਹੋਣ ਤੋਂ ਬਾਅਦ ਐੱਨਆਈਏ ਨੇ ਗ੍ਰਿਫ਼ਤਾਰ ਕੀਤਾ ਹੈ
- ਵਿਕਰਮ ਕਥਿਤ 'ਗੈਂਗਸਟਰ' ਲਾਰੈਂਸ ਬਿਸ਼ਨੋਈ ਦਾ ਮੁੱਖ ਸਹਿਯੋਗੀ ਦੱਸਿਆ ਜਾ ਰਿਹਾ ਹੈ

ਲਾਰੈਂਸ ਬਿਸ਼ਨੋਈ ਦਾ 'ਕੰਟਰੋਲ ਰੂਮ'
ਐੱਨਆਈਏ ਦੇ ਅਧਿਕਾਰੀਆਂ ਮੁਤਾਬਕ ਵਿਕਰਮ ਬਰਾੜ ਯੂਏਈ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ‘ਕਮਿਊਨੀਕੇਸ਼ਨ ਕੰਟਰੋਲ ਰੂਮ’ (ਸੀਸੀਆਰ) ਵਜੋਂ ਕੰਮ ਕਰ ਰਿਹਾ ਸੀ।
“ਇਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ (ਕੈਨੇਡਾ) ਦੀਆਂ ਕਾਲਾਂ ਦੀ ਸਹੂਲਤ ਵੀ ਦਿੰਦਾ ਸੀ ਅਤੇ ਅੱਗੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ, ਉਹ ਵੱਖ-ਵੱਖ ਲੋਕਾਂ ਨੂੰ ਜ਼ਬਰਨ ਵਸੂਲੀ ਲਈ ਕਾਲਾਂ ਕਰਦਾ ਸੀ।”
ਲਾਰੈਂਸ ਬਿਨਸ਼ੋਈ ਤੇ ਗੋਲਡੀ ਬਰਾੜ ਦੀ ਗੈਂਗ ਭਾਰਤ ਸਣੇ ਪੰਜਾਬੀ ਪਵਾਸੀਆਂ ਦੇ ਮੁਲਕਾਂ ਵਿੱਚ ਵਧੇਰੇ ਸਰਗਰਮ ਹੈ। ਜੋ ਕਈ ਮੁਲਕਾਂ ਵਿੱਚ ਬੈਠੇ ਆਪਣੇ ਗੁਰਗਿਆਂ ਰਾਹੀ ਖੁਦ ਜੇਲ੍ਹਾਂ ਵਿੱਚ ਬੈਠ ਕੇ ਅਪਰਾਧ ਦੀ ਸਨਅਤ ਚਲਾਉਂਦੇ ਹਨ।

ਤਸਵੀਰ ਸਰੋਤ, ANI
ਪੁਲਿਸ ਮੁਤਾਬਕ, “ਬਰਾੜ ਦੇ ਸੀਸੀਆਰ ਨੇ ਆਪਰੇਟਿਵਾਂ/ਮੈਂਬਰਾਂ ਨਾਲ ਮੁੱਖ ਗਰੋਹ ਦੇ ਆਗੂਆਂ ਦੀਆਂ ਕਾਲਾਂ ਕਰਵਾਉਣ ਦੀ ਸਹੂਲਤ ਉਪਲਬਧ ਕਰਵਾਈ। ”
2020 ਤੋਂ ਫਰਾਰ, ਬਰਾੜ ਕਥਿਤ ਤੌਰ 'ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਵਸੂਲੀ ਦੇ ਨਾਲ-ਨਾਲ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਅਸਲਾ ਐਕਟ ਦੇ ਘੱਟੋ-ਘੱਟ 11 ਮਾਮਲਿਆਂ ਵਿੱਚ ਲੋੜੀਂਦਾ ਸੀ।
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੀ ਪੁਲਿਸ ਦੀ ਅਪੀਲ 'ਤੇ ਸਮਰੱਥ ਅਥਾਰਟੀ ਦੁਆਰਾ 11 ਲੁੱਕ ਆਊਟ ਨੋਟਿਸ ਉਸ ਦੇ ਖਿਲਾਫ਼ ਜਾਰੀ ਕੀਤੇ ਗਏ ਸਨ।
ਬਰਾੜ ਦਾ ਚੰਡੀਗੜ੍ਹ ਕਨੈਕਸ਼ਨ
ਐੱਨਆਈਏ ਦੀ ਜਾਂਚ ਦੇ ਅਨੁਸਾਰ, 2020-2022 ਵਿੱਚ ਵਿਕਰਮ ਬਰਾੜ ਨੇ ਮੂਸੇਵਾਲਾ ਦੀ ਹੱਤਿਆ ਨੂੰ ਅੰਜਾਮ ਦੇਣ ਵਿੱਚ ਗੋਲਡੀ ਬਰਾੜ ਦੀ ਸਰਗਰਮੀ ਨਾਲ ਮਦਦ ਕੀਤੀ ਸੀ।
“ਲਾਰੈਂਸ ਬਿਸ਼ਨੋਈ ਨੇ ਹਵਾਲਾ ਚੈਨਲਾਂ ਰਾਹੀਂ ਬਰਾੜ ਨੂੰ ਕਈ ਵਾਰ ਪੈਸੇ ਵੀ ਭੇਜੇ ਸਨ। ਬਰਾੜ ਨੇ ਕੁਰੂਕਸ਼ੇਤਰ (ਹਰਿਆਣਾ) ਦੇ ਇਕ ਡਾਕਟਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਸਨ।”
ਪੰਜਾਬ ਪੁਲਿਸ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਵਾਂਗ ਵਿਕਰਮ ਬਰਾੜ ਵੀ ਰਾਜਸਥਾਨ ਨਾਲ ਸਬੰਧਤ ਹੈ।
ਵਿਕਰਮ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸਕੂਲ ਤੋਂ ਬਾਅਦ ਉਹ ਕਾਲਜ ਦੀ ਪੜ੍ਹਾਈ ਲਈ ਚੰਡੀਗੜ੍ਹ ਆ ਗਿਆ। ਇੱਥੇ ਉਸ ਨੇ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਇਸ ਤੋਂ ਬਾਅਦ ਉਹ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਆਰਗੇਨਾਈਜ਼ੇਸ਼ਨ (SOPU) ਨਾਲ ਜੁੜ ਗਿਆ।
ਇਸੇ ਦੌਰਾਨ ਉਸ ਦੀ ਮੁਲਾਕਾਤ ਲਾਰੈਂਸ ਬਿਸ਼ਨੋਈ ਨਾਲ ਹੋਈ। ਲਾਰੈਂਸ ਬਿਸ਼ਨੋਈ ਵਿਦਿਆਰਥੀ ਰਾਜਨੀਤੀ ਵਿੱਚ ਵੀ ਬਹੁਤ ਸਰਗਰਮ ਸੀ। ਇੱਥੋਂ ਹੀ ਦੋਵਾਂ ਵਿਚਾਲੇ ਨੇੜਤਾ ਵਧਣ ਲੱਗੀ।
ਐੱਨਆਈਏ ਅਧਿਕਾਰੀਆਂ ਨੇ ਕਿਹਾ, “ਹੋਰ ਸਾਥੀਆਂ ਦੇ ਨਾਲ, ਉਸਨੇ ਵੱਖ-ਵੱਖ ਅਪਰਾਧਾਂ ਜਿਵੇਂ ਕਿ ਕਤਲ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਆਦਿ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਗਰੋਹ ਦੀ ਮਦਦ ਕਰਦਾ ਰਿਹਾ ਸੀ। ਉਹ ਗੈਂਗ ਦੇ ਮੈਂਬਰਾਂ ਨੂੰ ਲੌਜਿਸਟਿਕ ਸਪੋਰਟ ਵੀ ਪ੍ਰਦਾਨ ਕਰ ਰਿਹਾ ਸੀ।"
ਪੰਜਾਬ ਵਿੱਚ ਕਿਹੜੇ ਕੇਸ ਹਨ
ਪੰਜਾਬ ਪੁਲਿਸ ਦੇ ਅਧਿਕਾਰੀ ਬਰਾੜ ਨੂੰ ‘‘ਵੱਡਾ ਸ਼ਿਕਾਰ’’ ਕਹਿੰਦੇ ਹਨ।
"ਉਹ ਡੇਰਾ ਸਿਰਸਾ ਦੇ ਪੈਰੋਕਾਰ ਸ਼ਕਤੀ ਸਿੰਘ 'ਤੇ ਹਮਲੇ ਦੀ ਕੋਸ਼ਿਸ਼ ਵਿੱਚ ਸ਼ਾਮਲ ਸੀ। ਇਹ ਇੱਕ ਅਸਫ਼ਲ ਕੋਸ਼ਿਸ਼ ਸੀ। ਉਦੋਂ ਹੀ ਪੁਲਿਸ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਫਿਰ, ਉਹ ਦੁਬਈ ਵਿੱਚ ਗੈਂਗਸਟਰਾਂ ਨੂੰ ਪਨਾਹ ਵੀ ਦਿੰਦਾ ਰਿਹਾ ਹੈ। ਇਸ ਲਈ ਉਹ ਸਾਡੇ ਲਈ ਮਹੱਤਵਪੂਰਨ ਹੈ।”
ਪੁਲਿਸ ਸੂਤਰਾਂ ਅਨੁਸਾਰ ਬਰਾੜ ਖ਼ਿਲਾਫ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਕੁੱਲ ਪੰਜ ਕੇਸ ਦਰਜ ਹਨ। ਦੋ ਕੇਸ ਸੁਣਵਾਈ ਦੇ ਪੜਾਅ 'ਤੇ ਹਨ। ਤਿੰਨ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
ਇਨ੍ਹਾਂ ਵਿੱਚੋਂ ਦੋ ਸ਼ਕਤੀ ਸਿੰਘ ਨਾਲ ਸਬੰਧਤ ਹਨ। ਇੱਕ ਫਰੀਦਕੋਟ ਵਿੱਚ ਉਸ ਨੂੰ ਮਾਰਨ ਦੀ ਕਥਿਤ ਕੋਸ਼ਿਸ਼ ਸੀ। ਦੂਜੀ ਐੱਫਆਈਆਰ ਪਿਸਤੌਲ ਦੀ ਬਰਾਮਦਗੀ ਅਤੇ 9 ਐਮਐਮ ਪਿਸਤੌਲ ਦੇ ਲਾਈਵ ਰਾਉਂਡ ਦੀ ਹੈ।
ਜਬਰੀ ਵਸੂਲੀ ਦਾ ਮਾਮਲਾ
ਅਕਤੂਬਰ 2021 ਵਿੱਚ ਇੱਕ ਮਾਮਲੇ ਵਿੱਚ, ਕੋਟਕਪੂਰਾ ਦੇ ਸੰਦੀਪ ਕੁਮਾਰ ਨਾਮ ਦੇ ਇੱਕ ਕਾਰੋਬਾਰੀ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਇੱਕ ਵਿਅਕਤੀ ਦਾ ਇੱਕ ਫੋਨ ਆਇਆ ਜਿਸ ਨੇ ਆਪਣੀ ਪਛਾਣ ਵਿਕਰਮਜੀਤ ਬਰਾੜ ਵਜੋਂ ਕੀਤੀ, ਜੋ ਕਿ ਲਾਰੈਂਸ ਬਿਸ਼ਨੋਈ ਦਾ ਇੱਕ ਸਹਿਯੋਗੀ ਸੀ। “ਉਸਨੇ 20 ਲੱਖ ਰੁਪਏ ਦੀ ਮੰਗ ਕੀਤੀ ਨਹੀਂ ਤਾਂ ਉਸਨੇ ਕਿਹਾ ਕਿ ਉਹ ਸਾਡੇ ਪਰਿਵਾਰ ਨੂੰ ਖਤਮ ਕਰ ਦੇਵੇਗਾ।”
ਸੰਦੀਪ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਪੈਸੇ ਨਹੀਂ ਹਨ ਅਤੇ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਸ਼ੋਅਰੂਮ ਖੋਲ੍ਹਿਆ ਹੈ।
ਫੋਨ ਕਰਨ ਵਾਲੇ ਨੇ ਕਥਿਤ ਤੌਰ 'ਤੇ ਉਸ ਨੂੰ ਦੋ ਦਿਨ ਦਿੱਤੇ ਸਨ। ਦੋ ਦਿਨਾਂ ਬਾਅਦ ਉਸ ਨੇ ਫਿਰ ਸੰਦੀਪ ਨੂੰ ਫੋਨ ਕੀਤਾ ਜਿਸ ਨੇ ਕਾਲ ਰਿਕਾਰਡ ਕਰ ਲਈ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਫਿਰੌਤੀ ਅਤੇ ਅਪਰਾਧਿਕ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਔਰਤ ਵੱਲੋਂ ਸ਼ਿਕਾਇਤ
ਅਗਸਤ 2021 ਵਿੱਚ, ਇੱਕ ਔਰਤ ਰਾਣੋ ਨੇ ਦੋਸ਼ ਲਾਇਆ ਕਿ ਉਸ ਨੂੰ ਇੱਕ ਅਜਿਹੇ ਵਿਅਕਤੀ ਵੱਲੋਂ ਜ਼ਬਰਦਸਤੀ ਕਾਲਾਂ ਆ ਰਹੀਆਂ ਸਨ, ਜਿਸ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵਜੋਂ ਕੀਤੀ ਸੀ।
ਉਸ ਨੇ ਦੋਸ਼ ਲਾਇਆ ਕਿ ਉਸ ਨੇ 30 ਲੱਖ ਰੁਪਏ ਦੀ ਮੰਗ ਕੀਤੀ ਨਹੀਂ ਤਾਂ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਉਸਨੇ ਕਾਲਾਂ ਰਿਕਾਰਡ ਕੀਤੀਆਂ ਅਤੇ ਪੈਨ ਡਰਾਈਵ ਪੁਲਿਸ ਨੂੰ ਸੌਂਪ ਦਿੱਤੀ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਜ਼ਬਰੀ ਵਸੂਲੀ ਦਾ ਕੇਸ ਦਰਜ ਕਰ ਲਿਆ ।












