ਗੋਪਾਲ ਕਾਂਡਾ : ਰੇਡੀਓ ਮਕੈਨਿਕ ਤੋਂ ਮੰਤਰੀ ਤੇ 40 ਕੰਪਨੀਆਂ ਦੀ ਮਾਲਕ ਬਣਨ ਤੱਕ, ਜਾਣੋ ਗੀਤਿਕਾ ਖੁਦਕਸ਼ੀ ਕੇਸ 'ਚੋਂ ਬਰੀ ਹੋਏ ਆਗੂ ਬਾਰੇ

ਤਸਵੀਰ ਸਰੋਤ, Getty Images
ਸਾਲ 2012 ਵਿੱਚ ਸੁਰਖ਼ੀਆਂ ’ਚ ਏਅਰ ਹੋਸਟੇਸ ਗੀਤਿਕਾ ਸ਼ਰਮਾ ਸੁਸਾਇਡ ਕੇਸ ਵਿੱਚ ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਹੈ।
ਇਸ ਕੇਸ ਵਿੱਚ ਕੋਰਟ ਨੇ ਸਿਰਸਾ ਦੇ ਸਾਬਕਾ ਵਿਧਾਇਕ ਗੋਪਾਲ ਕਾਂਡਾ ਅਤੇ ਉਨ੍ਹਾਂ ਦੀ ਮੈਨੇਜਰ ਅਰੁਣਾ ਚੱਢਾ ਨੂੰ ਬਰੀ ਕਰ ਦਿੱਤਾ ਹੈ।
ਇਸ ਕੇਸ ਵਿੱਚ ਫ਼ੈਸਲਾ ਲਗਭਗ 11 ਸਾਲ ਬਾਅਦ ਆਇਆ ਹੈ।


ਇਹ ਵੀ ਪੜ੍ਹੋ:

ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images
ਗੋਪਾਲ ਕਾਂਡਾ ਦਾ ਨਾਮ ਸਾਲ 2012 ਵਿੱਚ ਉਦੋਂ ਚਰਚਾ 'ਚ ਆਇਆ ਸੀ ਜਦੋਂ ਉਨ੍ਹਾਂ ਦੀ ਏਅਰਲਾਈਨਜ਼ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਕਰਮੀ ਗੀਤਿਕਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਸੀ।
ਗੀਤਿਕਾ ਨੇ 5 ਅਗਸਤ 2012 ਨੂੰ ਖ਼ੁਦਕੁਸ਼ੀ ਕੀਤੀ ਸੀ। ਉਨ੍ਹਾਂ ਦੀ ਲਾਸ਼ ਦਿੱਲੀ ਦੇ ਅਸ਼ੋਕ ਵਿਹਾਰ ਵਾਲੇ ਘਰ 'ਚ ਪੱਖੇ ਨਾਲ ਲਟਕਦੀ ਹੋਈ ਮਿਲੀ ਸੀ।
ਆਪਣੇ ਸੁਸਾਇਡ ਨੋਟ 'ਚ ਗੀਤਿਕਾ ਨੇ ਕਥਿਤ ਤੌਰ 'ਤੇ ਗੋਪਾਲ ਕਾਂਡਾ ਅਤੇ ਉਨ੍ਹਾਂ ਕੰਪਨੀ ਦੀ ਇੱਕ ਕਰਮੀ ਅਰੁਣਾ ਚੱਢਾ ਦਾ ਨਾਮ ਲਿਆ ਸੀ।
ਕਾਂਡਾ ਨੂੰ ਜੇਲ੍ਹ ਤੇ ਫ਼ਿਰ ਜ਼ਮਾਨਤ

ਤਸਵੀਰ ਸਰੋਤ, Getty Images
ਕਾਂਡਾ ਐੱਮਡੀਐੱਲਆਰ ਏਅਰਲਾਈਨਜ਼ ਦੇ ਮਾਲਕ ਸਨ, ਜਿੱਥੇ ਗੀਤਿਕਾ ਏਅਰ ਹੋਸਟੈੱਸ ਵਜੋਂ ਕੰਮ ਕਰਦੇ ਸੀ।
ਕਾਂਡਾ ਨੇ ਖ਼ੁਦ 'ਤੇ ਲੱਗੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਸੀ ਅਤੇ ਲਗਭਗ 10 ਦਿਨ ਤੱਕ ਅੰਡਰ-ਗਰਾਊਂਡ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ।
ਗੋਪਾਲ ਕਾਂਡਾ 'ਤੇ ਬਲਾਤਕਾਰ, ਖ਼ੁਦਕੁਸ਼ੀ ਲਈ ਉਕਸਾਉਣ, ਅਪਰਾਧਿਕ ਸਾਜ਼ਿਸ਼ ਰਚਣ ਵਰਗੇ ਇਲਜ਼ਾਮ ਸਨ। ਇਸ ਵਿਚਾਲੇ ਉਨ੍ਹਾਂ ਨੇ ਹੁੱਡਾ ਸਰਕਾਰ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।
ਗੀਤਿਕਾ ਸ਼ਰਮਾ ਦੀ ਖ਼ੁਦਕੁਸ਼ੀ ਦੇ 6 ਮਹੀਨਿਆਂ ਬਾਅਦ ਉਨ੍ਹਾਂ ਦੀ ਮਾਂ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ਵਿੱਚ ਕਥਿਤ ਤੌਰ 'ਤੇ ਕਾਂਡਾ ਦਾ ਨਾਮ ਲਿਆ ਸੀ।
ਗੋਪਾਲ ਕਾਂਡਾ ਨੂੰ ਕਰੀਬ 18 ਮਹੀਨੇ ਜੇਲ੍ਹ 'ਚ ਰਹਿਣਾ ਪਿਆ ਸੀ। ਬਾਅਦ ਵਿੱਚ ਮਾਰਚ 2014 'ਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ 'ਤੇ ਰੇਪ ਦੇ ਇਲਜ਼ਾਮ ਹਟਾ ਦਿੱਤੇ ਸਨ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਸਾਲ 2014 'ਚ ਹੀ ਗੋਪਾਲ ਕਾਂਡਾ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਹਰਿਆਣਾ ਲੋਕਹਿਤ ਪਾਰਟੀ ਦਾ ਗਠਨ ਕੀਤਾ ਅਤੇ ਉਸ ਵੇਲੇ ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ।
ਗੋਪਾਲ ਕਾਂਡਾ ਕੌਣ ਹਨ

ਤਸਵੀਰ ਸਰੋਤ, FB/Gopal Kanda
ਗੋਪਾਲ ਕਾਂਡਾ ਦਾ ਪੂਰਾ ਨਾਮ ਗੋਪਾਲ ਗੋਇਲ ਕਾਂਡਾ ਹੈ। ਗੋਪਾਲ ਦਾ ਪਰਿਵਾਰਿਕ ਪਿਛੋਕੜ ਹਰਿਆਣਾ ਦੇ ਸਿਰਸਾ ਦਾ ਹੈ ਅਤੇ ਸਬਜੀ ਮੰਡੀ ਵਿੱਚ ਭਾਰ ਤੋਲਣ ਦਾ ਕਾਰੋਬਾਰ ਉਨ੍ਹਾਂ ਦਾ ਖਾਨਦਾਨੀ ਕਿੱਤਾ ਸੀ। ਜਿਸ ਨੂੰ ਕੰਡਾ ਕਿਹਾ ਜਾਂਦਾ ਹੈ।
ਇਸੇ ਲਈ ਗੋਇਲ ਗੋਤ ਹੋਣ ਨਾਲੋਂ ਇਨ੍ਹਾਂ ਦੇ ਨਾਮ ਨਾਲ ਕਾਂਡਾ ਸ਼ਬਦ ਜੁੜ ਗਿਆ। ਗੋਪਾਲ ਦੇ ਪਰਿਵਾਰ ਦਾ ਅਸਲ ਵਿੱਚ ਜੱਦੀ ਪਿੰਡ ਸਿਰਸਾ ਜ਼ਿਲ੍ਹੇ ਦੇ ਬਿਲਾਸਪੁਰ ਹੈ। ਗੋਪਾਲ ਕਾਂਡਾ ਦੇ ਪਿਤਾ ਮੁਰਲੀਧਰ ਕਾਂਡਾ ਵਕੀਲ ਸਨ।
ਟਾਇਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਗੋਪਾਲ ਕਾਂਡਾ ਸਕੂਲੀ ਪੜ੍ਹਾਈ ਵਿਚਾਲੇ ਹੀ ਛੱਡ ਗਏ ਸਨ, ਅਤੇ ਉਨ੍ਹਾਂ ਸਿਰਸਾ ਵਿੱਚ ਰੇਡੀਓ-ਟੀਵੀ ਰਿਪੇਰਅਰਿੰਗ ਦੀ ਦੁਕਾਨ ਖੋਲ ਲਈ ਸੀ। ਇਸ ਦਾ ਨਾਮ ਜੂਪੀਟਰ ਹੋਮ ਰੱਖਿਆ ਸੀ।
ਥੋੜੇ ਸਮੇਂ ਬਾਅਦ ਗੋਪਾਲ ਨੇ ਇਹ ਕੰਮ ਬੰਦ ਕਰ ਦਿੱਤਾ ਅਤੇ ਆਪਣੇ ਭਰਾ ਗੋਬਿੰਦ ਕਾਂਡਾ ਨਾਲ ਮਿਲ ਕੇ ਜੁੱਤੀਆਂ-ਚੱਪਲਾਂ ਦੀ ਦੁਕਾਨ ਖੋਲ਼ ਲ਼ਈ। ਇਸ ਕਾਰੋਬਾਰ ਨੂੰ ਦੋਵਾਂ ਨੇ ਅੱਗੇ ਵਧਾਇਆ ਅਤੇ ਫੈਕਟਰੀ ਖੋਲ ਲਈ।
ਸਿਆਸੀ ਸਾਂਝ ਅਤੇ ਵੱਡੇ ਕਾਰੋਬਾਰੀ
ਗੋਪਾਲ ਕਾਂਡਾ ਦੇ ਪਰਿਵਾਰ ਦੇ ਹਰਿਆਣਾਂ ਦੇ ਸਾਬਕਾ ਓਮ ਪ੍ਰਕਾਸ਼ ਚੌਟਾਲਾ ਅਤੇ ਬੰਸੀ ਲਾਲ ਨਾਲ ਚੰਗੇ ਰਿਸ਼ਤੇ ਸਨ। ਹਰਿਆਣਾ ਦੇ ਦੋ ਵੱਡੇ ਸਿਆਸੀ ਪਰਿਵਾਰਾਂ ਨਾਲ ਗੋਪਾਲ ਕਾਂਡਾ ਤੇ ਭਰਾ ਗੋਬਿੰਦ ਕਾਂਡਾ ਨੇ ਸਿਆਸਤ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤਾ। ਸਿਰਸਾ ਵਿੱਚ ਚੰਗੀ ਪੈਂਠ ਬਣਾਉਣ ਤੋਂ ਬਾਅਦ ਉਹ ਗੁਰੂ ਗ੍ਰਾਮ ਚਲੇ ਗਏ, ਜਿੱਥੇ ਉਨ੍ਹਾਂ ਰੀਅਲ ਅਸਟੇਟ, ਹੋਟਲ, ਕੈਸੀਨੋ, ਪਾਪ੍ਰਟੀ ਡੀਲਰ, ਸਕੂਲ-ਕਾਲਜ ਸਨਅਤ ਵਿੱਚ ਹੱਥ ਅਜਮਾਇਆ ਅਤੇ ਆਪਣਾ ਨਿਊਜ਼ ਚੈਨਲ ਵੀ ਸ਼ੁਰੂ ਕੀਤਾ।
ਕਾਂਡਾ ਨੇ 2009 ਵਿੱਚ ਪਹਿਲੀ ਵਾਰ ਅਜ਼ਾਦ ਚੋਣ ਲੜੀ ਅਤੇ ਉਹ ਹਣਿਆਣਾ ਅਸੰਬਲੀ ਵਿੱਚ ਪਹੁੰਚ ਗਏ।
ਸੂਬੇ ਦੀ 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਕਾਂਗਰਸ 40 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ, ਪਰ ਬਹੁਮਤ ਤੋਂ ਕੁਝ ਸੀਟਾਂ ਤੋਂ ਪਛੜ ਗਈ। ਇਸ ਲਈ ਗੋਪਾਲ ਕਾਂਡਾ ਦਾ ਮੁੱਲ ਪੈ ਗਿਆ ਅਤੇ ਉਸ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਅਤੇ ਭੁਪਿੰਦਰ ਹੁੱਡਾ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਬਣੇ।
2019 ਵਿੱਚ ਜਦੋਂ ਭਾਜਪਾ ਬਹੁਮਤ ਤੋਂ ਪਿੱਛੇ ਰਹਿ ਗਈ ਤਾਂ ਗੋਪਾਲ ਕਾਂਡਾ ਨੇ ਭਾਜਪਾ ਨੂੰ ਸਮਰਥਨ ਦੇ ਦਿੱਤਾ।
ਆਜ ਤੱਕ ਦੀ ਰਿਪੋਰਟ ਮੁਤਾਬਕ ਗੋਪਾਲ ਕਾਂਡਾ ਦੀਆਂ 40 ਦੇ ਕਰੀਬ ਕੰਪਨੀਆਂ ਹਨ। ਇਨ੍ਹਾਂ ਵਿੱਚ ਏਅਰਲਾਇਨਜ਼ ਵੀ ਸ਼ਾਮਲ ਹੈ, ਜਿਸ ਵਿੱਚ ਗੀਤਿਕਾ ਏਅਰਹੋਸਟ ਵਜੋਂ ਕੰਮ ਕਰਦੀ ਸੀ।
5 ਅਗਸਤ 2012 ਨੂੰ ਗੀਤਿਕਾ ਵਲੋਂ ਖੁਦਕਸ਼ੀ ਕੀਤੇ ਜਾਣ ਤੋਂ ਬਾਅਦ ਗੋਪਾਲ ਕਾਂਡਾ ਨੂੰ ਭੁਪਿੰਦਰ ਹੁੱਡਾ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇਣਾ ਪਿਆ ਸੀ।













