ਮਿਆਂਮਾਰ : ਬਲਾਤਕਾਰ ,ਕਤਲੇਆਮ ਅਤੇ ਲੁੱਟ ਖੋਹ ਵਰਗੇ ਜ਼ੁਲਮ ਫੌਜੀਆਂ ਨੇ ਆਪ ਕਬੂਲੇ - ਬੀਬੀਸੀ ਵਿਸ਼ੇਸ਼

ਮਿਆਂਮਾਰ
    • ਲੇਖਕ, ਸ਼ਰਲੋਟ ਐਟਵੁੱਡ, ਕੋਕੋ ਆਂਗ ਅਤੇ ਰੇਬੇਕਾ ਹੇਂਸਕੇ
    • ਰੋਲ, ਬੀਬੀਸੀ ਵਰਲਡ ਸਰਵਿਸ

ਬੀਬੀਸੀ ਨੂੰ ਦਿੱਤੇ ਖ਼ਾਸ ਇੰਟਰਵਿਊ ਵਿੱਚ ਮਿਆਂਮਾਰ ਫੌਜ ਦੇ ਫੌਜੀਆਂ ਨੇ ਆਮ ਨਾਗਰਿਕਾਂ ਉੱਤੇ ਤਸ਼ੱਦਦ, ਕਤਲ ਅਤੇ ਬਲਾਤਕਾਰ ਵਰਗੇ ਜ਼ੁਲਮਾਂ ਨੂੰ ਸਵਿਕਾਰ ਕੀਤਾ ਹੈ।

ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੇ ਜਾਣ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੇ ਹੁਕਮ ਦਿੱਤੇ ਗਏ ਸਨ।

ਚੇਤਾਵਨੀ: ਇਸ ਰਿਪੋਰਟ ਵਿੱਚ ਜਿਨਸੀ ਹਿੰਸਾ ਅਤੇ ਤਸ਼ੱਦਦ ਦਾ ਵੇਰਵਾ ਹੈ।

''ਉਨ੍ਹਾਂ ਨੇ ਮੈਨੂੰ ਮਾਸੂਮ ਲੋਕਾਂ ਦਾ ਤਸ਼ੱਦਦ ਕਰਨ, ਲੁੱਟਣ ਅਤੇ ਉਨ੍ਹਾਂ ਦੇ ਕਤਲ ਕਰਨ ਦੇ ਹੁਕਮ ਦਿੱਤੇ ਸਨ''

ਮਾਂਗ ਓ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਫੌਜ ਵਿੱਚ ਉਨ੍ਹਾਂ ਦੀ ਭਰਤੀ ਸੁਰੱਖਿਆ ਕਰਨ ਲਈ ਹੋਈ ਹੈ।

ਪਰ ਉਹ ਉਸ ਬਟਾਲੀਅਨ ਦਾ ਹਿੱਸਾ ਸੀ, ਜਿਸ ਨੇ ਮਈ, 2022 ਵਿੱਚ ਇੱਕ ਮੱਠ ਵਿੱਚ ਲੁਕੇ ਹੋਏ ਆਮ ਨਾਗਰਿਕਾਂ ਦੀ ਕਤਲੇਆਮ ਕੀਤਾ।

ਉਹ ਦੱਸਦੇ ਹਨ, '' ਸਾਨੂੰ ਸਾਰੇ ਪੁਰਸ਼ਾਂ ਨੂੰ ਇਕੱਠੇ ਖੜ੍ਹੇ ਕਰਨ ਅਤੇ ਫਿਰ ਉਨ੍ਹਾਂ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ ਸੀ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਸਾਨੂੰ ਔਰਤਾਂ ਅਤੇ ਬਜ਼ੁਰਗਾਂ ਨੂੰ ਵੀ ਮਾਰਨਾ ਪਿਆ।''

ਛੇ ਫੌਜੀ, ਜਿਨ੍ਹਾਂ ਵਿੱਚ ਇੱਕ ਕਾਰਪੋਰਲ ਵੀ ਸ਼ਾਮਲ ਹੈ, ਅਤੇ ਉਨ੍ਹਾਂ ਦੇ ਕੁਝ ਪੀੜਤਾਂ ਦੀ ਗਵਾਹੀ ਤੋਂ ਮਿਆਂਮਾਰ ਦੀ ਸੱਤਾ 'ਤੇ ਪਕੜ ਬਣਾਈ ਰੱਖਣ ਲਈ ਬੇਚੈਨ ਫੌਜ ਦੀ ਦੁਰਲੱਭ ਝਲਕ ਮਿਲਦੀ ਹੈ।

ਇਸ ਰਿਪੋਰਟ ਵਿੱਚ ਸ਼ਾਮਲ ਮਿਆਂਮਾਰ ਦੇ ਸਾਰੇ ਨਾਂ ਪਛਾਣ ਛੁਪਾਉਣ ਲਈ ਬਦਲ ਦਿੱਤੇ ਗਏ ਹਨ।

ਇਹ ਫੌਜੀ ਜਿਨ੍ਹਾਂ ਨੇ ਹਾਲ ਹੀ ਵਿੱਚ ਫੌਜ ਛੱਡੀ ਹੈ, ਇਸ ਸਮੇਂ ਪੀਪਲਜ਼ ਡਿਫੈਂਸ ਫੋਰਸ (ਪੀਡੀਐੱਫ) ਦੀ ਸੁਰੱਖਿਆ ਵਿੱਚ ਹਨ।

ਪੀਡੀਐੱਫ ਮਿਆਂਮਾਰ ਵਿੱਚ ਫਿਰ ਤੋਂ ਲੋਕਤੰਤਰ ਸਥਾਪਿਤ ਕਰਨ ਲਈ ਲੜ ਰਹੇ ਬਾਗੀ ਸਮੂਹਾਂ ਦਾ ਇੱਕ ਨੈੱਟਵਰਕ ਹੈ।

ਪਿਛਲੇ ਸਾਲ ਫੌਜ ਨੇ ਤਖ਼ਤਾ ਪਲਟ ਕਰਕੇ ਆਂਗ ਸਾਂਗ ਸੂ ਚੀ ਦੀ ਅਗਵਾਈ ਵਿੱਚ ਚੱਲ ਰਹੀ ਲੋਕਤੰਤਰੀ ਸਰਕਾਰ ਨੂੰ ਹਟਾ ਦਿੱਤਾ ਸੀ। ਫੌਜ ਹੁਣ ਹਥਿਆਰਬੰਦ ਵਿਦਰੋਹ ਨੂੰ ਕੁਲਚਣ ਦਾ ਯਤਨ ਕਰ ਰਹੀ ਹੈ।

ਗੋਲੀ ਮਾਰਨ ਦੇ ਆਦੇਸ਼ ਦਿੱਤੇ ਗਏ ਸਨ…

ਪਿਛਲੇ ਸਾਲ 20 ਦਸੰਬਰ ਨੂੰ ਕੇਂਦਰੀ ਮਿਆਂਮਾਰ ਦੇ ਯਾ ਮਯੇਤ ਪਿੰਡ ਨੂੰ ਫੌਜ ਦੇ ਤਿੰਨ ਹੈਲੀਕਾਪਟਰਾਂ ਨੇ ਘੇਰ ਲਿਆ। ਇਨ੍ਹਾਂ ਤੋਂ ਉਤਰੇ ਫੌਜੀਆਂ ਨੂੰ ਲੋਕਾਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਸਨ।

ਘੱਟ ਤੋਂ ਘੱਟ ਪੰਜ ਅਲੱਗ-ਅਲੱਗ ਲੋਕਾਂ ਨੇ ਇੱਕ ਦੂਜੇ ਤੋਂ ਅਲੱਗ -ਅਲੱਗ ਗੱਲ ਕਰਦੇ ਹੋਏ ਬੀਬੀਸੀ ਨੂੰ ਦੱਸਿਆ ਕਿ ਉਸ ਦਿਨ ਕੀ ਹੋਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਫੌਜ ਤਿੰਨ ਅਲੱਗ-ਅਲੱਗ ਸਮੂਹਾਂ ਵਿੱਚ ਦਾਖਲ ਹੋਈ, ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੂੰ ਅੰਨ੍ਹੇਵਾਹ ਗੋਲੀਆਂ ਮਾਰੀਆਂ ਗਈਆਂ।

ਮਿਆਂਮਾਰ ਦੇ ਜੰਗਲ ਵਿੱਚ ਅਣਪਛਾਤੀ ਥਾਂ 'ਤੇ ਗੱਲ ਕਰਦੇ ਹੋਏ ਕਾਰਪੋਰੇਲ ਆਂਗ ਨੇ ਦੱਸਿਆ, ''ਸਾਨੂੰ ਹੁਕਮ ਦਿੱਤਾ ਗਿਆ ਸੀ ਕਿ ਜੋ ਵੀ ਦਿਖਾਈ ਦੇਵੇ, ਉਸ ਨੂੰ ਗੋਲੀ ਮਾਰ ਦਿਓ।''

ਉਹ ਦੱਸਦੇ ਹਨ ਕਿ ਕੁਝ ਲੋਕ ਸੁਰੱਖਿਅਤ ਸਮਝ ਕੇ ਠਿਕਾਣੇ 'ਤੇ ਛੁਪ ਗਏ ਸਨ, ਪਰ ਜਦੋਂ ਫੌਜੀ ਉਨ੍ਹਾਂ ਵੱਲ ਵਧੇ ਤਾਂ ਉਨ੍ਹਾਂ ਨੇ ਭੱਜਣਾ ਸ਼ੁਰੂ ਕੀਤਾ।

ਮਿਆਂਮਾਰ
ਤਸਵੀਰ ਕੈਪਸ਼ਨ, ਕਾਰਪੋਰਲ ਆਂਗ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਯੂਨਿਟ ਨੇ ਪੰਜ ਲੋਕਾਂ ਨੂੰ ਮਾਰਿਆ ਅਤੇ ਦਫ਼ਨਾ ਦਿੱਤਾ

''ਅਸੀਂ ਉਨ੍ਹਾਂ ਭੱਜਦੇ ਹੋਏ ਲੋਕਾਂ ਨੂੰ ਗੋਲੀਆਂ ਮਾਰੀਆਂ।''

ਕਾਰਪੋਰਲ ਆਂਗ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਯੂਨਿਟ ਨੇ ਪੰਜ ਲੋਕਾਂ ਨੂੰ ਮਾਰਿਆ ਅਤੇ ਦਫ਼ਨਾ ਦਿੱਤਾ।

''ਸਾਨੂੰ ਪਿੰਡ ਦੇ ਹਰ ਵੱਡੇ ਅਤੇ ਚੰਗੇ ਘਰ ਨੂੰ ਅੱਗ ਲਗਾਉਣ ਦੇ ਹੁਕਮ ਵੀ ਦਿੱਤੇ ਗਏ ਸਨ।''

ਫੌਜੀਆਂ ਨੇ ਪੂਰੇ ਪਿੰਡ ਵਿੱਚ ਘੁੰਮ ਕੇ ਘਰਾਂ ਨੂੰ ਅੱਗ ਲਗਾਈ। ਇਸ ਦੌਰਾਨ ਉਹ 'ਅੱਗ ਲਗਾਓ, ਅੱਗ ਲਗਾਓ' ਆਖ ਰਹੇ ਸਨ।

ਕਾਰਪੋਰਲ ਆਂਗ ਨੇ ਆਪ ਚਾਰ ਇਮਾਰਤਾਂ ਨੂੰ ਅੱਗ ਲਗਾਈ।

ਬੀਬੀਸੀ ਨਾਲ ਗੱਲ ਕਰਨ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਘੱਟ ਤੋਂ ਘੱਟ 60 ਘਰਾਂ ਨੂੰ ਸਾੜਿਆ ਗਿਆ ਸੀ। ਪਿੰਡ ਦਾ ਜ਼ਿਆਦਾਤਰ ਹਿੱਸਾ ਰਾਖ ਦਾ ਢੇਰ ਬਣ ਗਿਆ ਸੀ।

ਯਾ ਮਯੇਤ ਪਿੰਡ, ਸਾਗੇਂਗ ਇਲਾਕਾ, ਮਿਆਂਮਾਰ

ਪਿੰਡ ਦੇ ਜ਼ਿਆਦਾਤਰ ਲੋਕ ਭੱਜ ਗਏ ਹਨ, ਪਰ ਪਿੰਡ ਦੇ ਮੱਧ ਵਿੱਚ ਇੱਕ ਘਰ ਵਿੱਚ ਲੋਕ ਰਹਿ ਰਹੇ ਸਨ।

ਥੀਹਾ ਕਹਿੰਦੇ ਹਨ ਕਿ ਉਹ ਇਸ ਛਾਪੇ ਤੋਂ ਸਿਰਫ਼ ਪੰਜ ਮਹੀਨੇ ਪਹਿਲਾਂ ਫੌਜ ਵਿੱਚ ਸ਼ਾਮਲ ਹੋਏ ਸਨ।

ਬਹੁਤ ਸਾਰੇ ਦੂਜੇ ਫੌਜੀਆਂ ਦੀ ਤਰ੍ਹਾਂ ਉਨ੍ਹਾਂ ਨੂੰ ਸੰਗਠਨ ਵਿੱਚੋਂ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਸਿਖਲਾਈ ਨਹੀਂ ਮਿਲੀ ਸੀ।

ਇਨ੍ਹਾਂ ਫੌਜੀਆਂ ਨੂੰ ਸਥਾਨਕ ਪੱਧਰ 'ਤੇ ਆਂਘਾਰ-ਸਿਤ-ਥਾਰ ਜਾਂ 'ਭਾੜੇ ਦੇ ਸੈਨਿਕ' ਕਿਹਾ ਜਾਂਦਾ ਹੈ।

ਉਸ ਸਮੇਂ ਉਨ੍ਹਾਂ ਨੂੰ ਦੋ ਲੱਖ ਮਿਆਂਮਾਰ ਕਿਆਤ (ਲਗਭਗ 100 ਡਾਲਰ ਜਾ 8 ਹਜ਼ਾਰ ਭਾਰਤੀ ਰੁਪਏ) ਦੀ ਠੀਕ-ਠਾਕ ਤਨਖਾਹ ਦਿੱਤੀ ਜਾਂਦੀ ਸੀ।

ਉਸ ਘਰ ਵਿੱਚ ਕੀ ਹੋਇਆ ਸੀ, ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ।

ਇੱਕ ਹੋਰ ਔਰਤ ਨੇ ਆਪਣੇ ਪਤੀ ਨੂੰ ਮਾਰੇ ਜਾਂਦੇ ਹੋਏ ਦੇਖਿਆ।
ਤਸਵੀਰ ਕੈਪਸ਼ਨ, ਇੱਕ ਔਰਤ ਨੇ ਆਪਣੇ ਪਤੀ ਨੂੰ ਮਾਰੇ ਜਾਂਦੇ ਹੋਏ ਦੇਖਿਆ।

ਜਿਸ ਘਰ ਨੂੰ ਉਹ ਸਾੜਨ ਜਾ ਰਹੇ ਸਨ, ਉਸ ਵਿੱਚ ਲੋਹੇ ਦੀਆਂ ਸਲਾਖਾਂ ਦੇ ਪਿੱਛੇ ਉਨ੍ਹਾਂ ਨੇ ਇੱਕ ਨਾਬਾਲਗ ਉਮਰ ਦੀ ਲੜਕੀ ਨੂੰ ਫਸਿਆ ਹੋਇਆ ਦੇਖਿਆ।

''ਮੈਂ ਉਸ ਦੀ ਚੀਕ ਨੂੰ ਭੁੱਲ ਨਹੀਂ ਪਾ ਰਿਹਾ ਹਾਂ, ਮੈਂ ਅਜੇ ਵੀ ਆਪਣੇ ਕੰਨਾਂ ਵਿੱਚ ਉਸ ਨੂੰ ਸੁਣ ਸਕਦਾ ਹਾਂ ਅਤੇ ਉਹ ਮੇਰੇ ਦਿਲ ਵਿੱਚ ਵਸ ਗਈ ਹੈ।''

ਜਦੋਂ ਉਨ੍ਹਾਂ ਨੇ ਇਸ ਬਾਰੇ ਆਪਣੇ ਕੈਪਟਨ ਨੂੰ ਦੱਸਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ''ਮੈਂ ਤੁਹਾਨੂੰ ਕਿਹਾ ਸੀ ਕਿ ਜੋ ਵੀ ਦਿਖਾਈ ਦੇਵੇ, ਉਸ ਨੂੰ ਮਾਰ ਦਿਓ।''

ਇਹ ਸੁਣ ਕੇ ਥੀਹਾ ਨੇ ਘਰ ਨੂੰ ਅੱਗ ਲਾ ਦਿੱਤੀ। ਕਾਰਪੋਰਲ ਆਂਗ ਵੀ ਉੱਥੇ ਹੀ ਮੌਜੂਦ ਸੀ ਅਤੇ ਜਦੋਂ ਉਸ ਲੜਕੀ ਨੂੰ ਜਿਉਂਦਾ ਸਾੜਿਆ ਗਿਆ ਤਾਂ ਉਨ੍ਹਾਂ ਨੇ ਵੀ ਉਸ ਦੀਆਂ ਚੀਕਾਂ ਸੁਣੀਆਂ।

ਉਹ ਯਾਦ ਕਰਦੇ ਹਨ, ''ਉਸ ਦੀਆਂ ਚੀਕਾਂ ਦਿਲ ਨੂੰ ਚੀਰ ਰਹੀਆਂ ਸਨ। ਅਸੀਂ ਲਗਭਗ 15 ਮਿੰਟ ਤੱਕ ਉਸ ਦੀਆਂ ਚੀਕਾਂ ਸੁਣੀਆਂ, ਉਸ ਦੌਰਾਨ ਘਰ ਸੜ ਰਿਹਾ ਸੀ।''

ਬੀਬੀਸੀ ਉਸ ਲੜਕੀ ਦੇ ਪਰਿਵਾਰ ਤੱਕ ਪਹੁੰਚੀ, ਜਿਨ੍ਹਾਂ ਨੇ ਸੜੇ ਹੋਏ ਘਰ ਦੇ ਬਾਹਰ ਤੋਂ ਗੱਲ ਕੀਤੀ।

ਵੀਡੀਓ ਕੈਪਸ਼ਨ, BBC exclusive:ਮਿਆਂਮਾਰ ਦੀ ਫੌਜ ਖਿਲਾਫ਼ ਲੋਕ ਗਦਰ ਦੀ ਫੁਟੇਜ, ਜੋ ਤੁਸੀਂ ਨਹੀਂ ਦੇਖੀ ਹੋਵੇਗੀ

ਉਸ ਦੇ ਰਿਸ਼ਤੇਦਾਰ ਯੂ ਮਿਯੰਤ ਨੇ ਦੱਸਿਆ ਕਿ ਲੜਕੀ ਮਾਨਸਿਕ ਰੂਪ ਨਾਲ ਬਿਮਾਰ ਸੀ। ਉਸ ਦੇ ਮਾਪੇ ਕੰਮ 'ਤੇ ਗਏ ਹੋਏ ਸਨ ਅਤੇ ਉਹ ਘਰ ਵਿੱਚ ਇਕੱਲੀ ਸੀ।

ਉਹ ਕਹਿੰਦੇ ਹਨ, ''ਉਸ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਫੌਜੀਆਂ ਨੇ ਉਸ ਨੂੰ ਰੋਕ ਦਿੱਤਾ ਅਤੇ ਮਰਨ ਦਿੱਤਾ।''

ਉਹ ਇਨ੍ਹਾਂ ਫੌਜੀਆਂ ਦੇ ਹੱਥੋਂ ਤਸ਼ੱਦਦ ਸਹਿਣ ਵਾਲੀ ਇਕੱਲੀ ਲੜਕੀ ਨਹੀਂ ਸੀ।

ਥੀਹਾ ਕਹਿੰਦੇ ਹਨ ਕਿ ਉਹ ਪੈਸਿਆਂ ਲਈ ਫੌਜ ਵਿੱਚ ਸ਼ਾਮਲ ਹੋਏ ਸਨ, ਪਰ ਜਿਸ ਤਰ੍ਹਾਂ ਦਾ ਜ਼ੁਲਮ ਕਰਨ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਗਿਆ।

ਜੋ ਉਨ੍ਹਾਂ ਨੇ ਦੇਖਿਆ, ਉਸ ਤੋਂ ਉਹ ਅੰਦਰ ਤੱਕ ਹਿਲ ਗਏ ਸਨ।

ਉਨ੍ਹਾਂ ਨੇ ਔਰਤਾਂ ਦੇ ਇੱਕ ਸਮੂਹ ਬਾਰੇ ਦੱਸਿਆ, ਜਿਸ ਨੂੰ ਯਾ ਮਯੇਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਧਿਕਾਰੀ ਨੇ ਆਪਣੇ ਅਧੀਨ ਫੌਜੀਆਂ ਨੂੰ ਉਨ੍ਹਾਂ ਔਰਤਾਂ ਨੂੰ ਸੌਂਪਦੇ ਹੋਏ ਕਿਹਾ, ''ਜੋ ਮਰਜ਼ੀ ਹੈ ਕਰੋ।''

ਥੀਹਾ ਕਹਿੰਦੇ ਹਨ ਕਿ ਉਨ੍ਹਾਂ ਲੜਕੀਆਂ ਨਾਲ ਬਲਾਤਕਾਰ ਕੀਤਾ ਗਿਆ, ਪਰ ਉਹ ਖੁਦ ਉਸ ਵਿੱਚ ਸ਼ਾਮਲ ਨਹੀਂ ਸਨ।

ਬੀਬੀਸੀ ਨੇ ਇਨ੍ਹਾਂ ਵਿੱਚੋਂ ਦੋ ਲੜਕੀਆਂ ਦੀ ਪਛਾਣ ਕੀਤੀ।

ਹਰ ਰਾਤ ਸੈਨਿਕਾਂ ਨੇ ਵਾਰ-ਵਾਰ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਨਾਲ ਬਲਾਤਕਾਰ ਕੀਤਾ।
ਤਸਵੀਰ ਕੈਪਸ਼ਨ, ਹਰ ਰਾਤ ਸੈਨਿਕਾਂ ਨੇ ਵਾਰ-ਵਾਰ ਸ਼ਰਾਬ ਦੇ ਨਸ਼ੇ ਵਿੱਚ ਬਲਾਤਕਾਰ ਕੀਤਾ।

ਪਾ ਪਾ ਅਤੇ ਖਿਨ ਹਿਤਵੇ ਦੱਸਦੀਆਂ ਹਨ ਕਿ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸਨ ਉਦੋਂ ਰਸਤੇ ਵਿੱਚ ਫੌਜੀ ਮਿਲ ਗਏ ਸਨ।

ਉਹ ਯਾ ਮਯੇਤ ਪਿੰਡ ਦੀਆਂ ਨਹੀਂ ਸਨ, ਬਲਕਿ ਉੱਥੇ ਇੱਕ ਟੇਲਰ ਕੋਲ ਆਈਆਂ ਸਨ।

ਇਹ ਲੜਕੀਆਂ ਤਰਲੇ ਕਰਦੀਆਂ ਰਹੀਆਂ ਕਿ ਉਹ ਇਸ ਪਿੰਡ ਤੋਂ ਜਾਂ ਪੀਡੀਐੱਫ ਤੋਂ ਨਹੀਂ ਹਨ।

ਪਰ ਫੌਜੀਆਂ ਨੇ ਉਨ੍ਹਾਂ ਦੀ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਇੱਕ ਸਥਾਨਕ ਸਕੂਲ ਵਿੱਚ ਤਿੰਨ ਰਾਤਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ।

ਹਰ ਰਾਤ ਫੌਜੀਆਂ ਨੇ ਵਾਰ-ਵਾਰ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਨਾਲ ਬਲਾਤਕਾਰ ਕੀਤਾ।

ਉਹ ਯਾਦ ਕਰਦੀ ਹੈ, ''ਉਨ੍ਹਾਂ ਨੇ ਮੇਰੀਆਂ ਅੱਖਾਂ 'ਤੇ ਸਰੋਂਗ ਬੰਨ੍ਹ ਦਿੱਤਾ ਅਤੇ ਮੈਨੂੰ ਹੇਠ ਸੁੱਟ ਦਿੱਤਾ। ਮੇਰੇ ਕੱਪੜੇ ਉਤਾਰ ਕੇ ਮੇਰਾ ਬਲਾਤਕਾਰ ਕੀਤਾ ਗਿਆ।''

ਪਾ ਪਾ ਕਹਿੰਦੀ ਹੈ, ''ਉਹ ਮੇਰਾ ਬਲਾਤਕਾਰ ਕਰ ਰਹੇ ਸਨ ਅਤੇ ਮੈਂ ਚੀਕ ਰਹੀ ਸੀ।''

ਉਨ੍ਹਾਂ ਨੇ ਫੌਜੀਆਂ ਨੂੰ ਆਪਣੇ ਆਪ ਨੂੰ ਛੱਡ ਦੇਣ ਦੇ ਤਰਲੇ ਪਾਏ, ਪਰ ਉਹ ਨਹੀਂ ਰੁਕੇ। ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਬੰਦੂਕ ਦੀ ਨੋਕ 'ਤੇ ਧਮਕਾਇਆ ਗਿਆ।

ਕੰਬਦੀ ਆਵਾਜ਼ ਵਿੱਚ ਉਸ ਦੀ ਭੈਣ ਖਿਨ ਹਿਤਵੇ ਦੱਸਦੀ ਹੈ, ''ਸਾਨੂੰ ਉਹ ਸਭ ਬਿਨਾਂ ਵਿਰੋਧ ਦੇ ਸਹਿਣਾ ਪਿਆ ਕਿਉਂਕਿ ਸਾਨੂੰ ਡਰ ਸੀ ਕਿ ਕਿਧਰੇ ਉਹ ਜਾਨ ਤੋਂ ਹੀ ਨਾ ਮਾਰ ਦੇਣ।''

ਵੀਡੀਓ ਕੈਪਸ਼ਨ, ਮਿਆਂਮਾਰ ਵਿੱਚ ਬੋਧੀਆਂ ਅਤੇ ਮੁਲਸਮਾਨਾਂ 'ਚ ਕਿਉਂ ਹੈ ਤਣਾਅ?

ਇਹ ਲੜਕੀਆਂ ਇੰਨੀਆਂ ਡਰੀਆਂ ਸਹਿਮੀਆਂ ਹੋਈਆਂ ਸਨ ਕਿ ਆਪਣੇ ਬਲਾਤਕਾਰੀਆਂ ਨੂੰ ਸਹੀ ਢੰਗ ਨਾਲ ਦੇਖ ਤੱਕ ਨਹੀਂ ਸਕੀਆਂ।

ਉਹ ਯਾਦ ਕਰਦੀਆਂ ਹਨ ਕਿ ਉਨ੍ਹਾਂ ਵਿੱਚੋਂ ਕੁਝ ਨੇ ਸਾਦੇ ਕੱਪੜੇ ਪਹਿਨੇ ਹੋਏ ਸਨ ਅਤੇ ਕੁਝ ਫੌਜ ਦੀ ਵਰਦੀ ਵਿੱਚ ਸਨ।

ਫੌਜੀ ਥੀਹਾ ਯਾਦ ਕਰਦੇ ਹਨ, ''ਜਦੋਂ ਉਹ ਕਿਸੇ ਜਵਾਨ ਲੜਕੀ ਨੂੰ ਫੜ ਲੈਂਦੇ ਹਨ ਤਾਂ ਉਹ ਉਨ੍ਹਾਂ ਦਾ ਬਲਾਤਕਾਰ ਕਰਦੇ ਹੋਏ ਤਾਅਨਾ ਮਾਰਦੇ ਹਨ ਕਿ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਤੂੰ ਪੀਡੀਐੱਫ ਦਾ ਸਮਰਥਨ ਕਰਦੀ ਹੈ।''

ਯਾ ਮਯੇਤ ਪਿੰਡ ਵਿੱਚ ਹੋਏ ਹਮਲੇ ਵਿੱਚ ਘੱਟ ਤੋਂ ਘੱਟ ਦਸ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਅੱਠ ਲੜਕੀਆਂ ਦਾ ਤਿੰਨ ਦਿਨ ਤੱਕ ਬਲਾਤਕਾਰ ਕੀਤਾ ਗਿਆ ਸੀ।

ਭਾੜੇ ਦੇ ਸੈਨਿਕ ਮਾਂਗ ਓ ਨੇ ਜਿਨ੍ਹਾਂ ਵਹਿਸ਼ੀ ਕਤਲਾਂ ਵਿੱਚ ਹਿੱਸਾ ਲਿਆ ਸੀ, ਉਹ 2 ਮਈ 2022 ਨੂੰ ਸੇਗੇਂਗ ਇਲਾਕੀ ਦੇ ਓਹਾਕੋ ਫੋ ਪਿੰਡ ਵਿੱਚ ਹੋਏ ਸਨ।

ਮਿਆਂਮਾਰ

ਉਨ੍ਹਾਂ ਨੇ ਆਪਣੀ 33ਵੀਂ ਡਿਵੀਜ਼ਨ (ਲਾਈਟ ਇਨਫੈਂਟਰੀ ਡਿਵੀਜ਼ਨ 33) ਬਾਰੇ ਇੱਕ ਮੱਠ ਵਿੱਚ ਲੋਕਾਂ ਨੂੰ ਇਕੱਠਾ ਕਰਨ ਅਤੇ ਗੋਲੀ ਮਾਰਨ ਦਾ ਜੋ ਦਾਅਵਾ ਕੀਤਾ ਸੀ, ਉਹ ਚਸ਼ਮਦੀਦਾਂ ਦੀ ਗਵਾਹੀ ਅਤੇ ਹਮਲੇ ਦੇ ਤੁਰੰਤ ਬਾਅਦ ਬੀਬੀਸੀ ਵੱਲੋਂ ਹਾਸਲ ਕੀਤੇ ਗਏ ਹਿੰਸਕ ਵੀਡਿਓ ਨਾਲ ਮੇਲ ਖਾਂਦਾ ਹੈ।

ਇਸ ਵੀਡਿਓ ਵਿੱਚ ਕਤਾਰ ਵਿੱਚ ਪਈਆਂ 9 ਲਾਸ਼ਾਂ ਦਿਖਾਈ ਦਿੰਦੀਆਂ ਹਨ।

ਜਿਨ੍ਹਾਂ ਵਿੱਚ ਇੱਕ ਮਹਿਲਾ ਅਤੇ ਇੱਕ ਬਜ਼ੁਰਗ ਦੀ ਲਾਸ਼ ਇੱਕ ਦੂਜੇ 'ਤੇ ਪਈ ਨਜ਼ਰ ਆਉਂਦੀ ਹੈ। ਇਨ੍ਹਾਂ ਸਾਰਿਆਂ ਨੇ ਸੇਰੋਂਗ ਅਤੇ ਟੀ-ਸ਼ਰਟ ਪਹਿਨੀ ਸੀ।

ਇਸ ਵੀਡਿਓ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਪਿੱਛੋਂ ਅਤੇ ਨਜ਼ਦੀਕ ਤੋਂ ਰਿਕਾਰਡ ਕੀਤਾ ਗਿਆ ਸੀ।

ਇਸ ਜ਼ੁਲਮ ਨੂੰ ਦੇਖਣ ਵਾਲੇ ਪਿੰਡ ਦੇ ਲੋਕਾਂ ਨਾਲ ਵੀ ਅਸੀਂ ਗੱਲ ਕੀਤੀ। ਉਨ੍ਹਾਂ ਨੇ ਬਜ਼ੁਰਗ ਦੇ ਕੋਲ ਪਈ ਨੌਜਵਾਨ ਔਰਤ ਦੀ ਪਛਾਣ ਕੀਤੀ। ਉਸ ਦਾ ਨਾਂ ਮਾ ਮੋਏ ਮੋਏ ਸੀ।

ਉਸ ਦੇ ਕੋਲ ਆਪਣਾ ਬੱਚਾ ਅਤੇ ਇੱਕ ਬੈਗ ਸੀ, ਜਿਸ ਵਿੱਚ ਸੋਨੇ ਦੇ ਗਹਿਣੇ ਸਨ। ਉਸ ਨੇ ਸੈਨਿਕਾਂ ਨੂੰ ਆਪਣੀਆਂ ਚੀਜ਼ਾਂ ਨਾ ਖੋਹਣ ਦੀਆਂ ਮਿੰਨਤਾਂ ਕੀਤੀਆਂ ਸਨ।

ਹਲਾ ਹਲਾ ਮੌਕੇ 'ਤੇ ਮੌਜੂਦ ਸੀ, ਪਰ ਉਨ੍ਹਾਂ ਨੂੰ ਬਖ਼ਸ਼ ਦਿੱਤਾ ਗਿਆ ਸੀ। ਉਹ ਦੱਸਦੀ ਹੈ, ''ਉਸ ਦੀ ਗੋਦੀ ਵਿੱਚ ਬੱਚਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਉਸ ਦਾ ਸਾਮਾਨ ਲੁੱਟ ਲਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ।

ਉਨ੍ਹਾਂ ਨੇ ਪੁਰਸ਼ਾਂ ਨੂੰ ਕਤਾਰ ਵਿੱਚ ਲਗਾਇਆ ਅਤੇ ਇੱਕ-ਇੱਕ ਕਰਕੇ ਗੋਲੀ ਮਾਰ ਦਿੱਤੀ।''

ਬੱਚਾ ਬਚ ਗਿਆ ਸੀ ਅਤੇ ਹੁਣ ਉਸ ਦੀ ਦੇਖਭਾਲ ਰਿਸ਼ਤੇਦਾਰ ਕਰ ਰਹੇ ਹਨ।

ਮਿਆਂਮਾਰ

ਹਲਾ ਹਲਾ ਕਹਿੰਦੀ ਹੈ ਕਿ ਉਨ੍ਹਾਂ ਨੇ ਸੈਨਿਕਾਂ ਨੂੰ ਫੋਨ 'ਤੇ ਇਹ ਸ਼ੇਖੀ ਮਾਰਦੇ ਸੁਣਿਆ ਸੀ ਕਿ ਉਨ੍ਹਾਂ ਨੇ ਅੱਠ-ਨੌਂ ਲੋਕ ਮਾਰ ਦਿੱਤੇ ਹਨ ਅਤੇ ਇਸ ਵਿੱਚ ਉਨ੍ਹਾਂ ਨੂੰ ਬਹੁਤ 'ਮਜ਼ਾ ਆਇਆ।'

ਉਹ ਕਹਿ ਰਹੇ ਸਨ ਕਿ 'ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਕਾਮਯਾਬ ਦਿਨ ਹੈ।'

ਉਹ ਦੱਸਦੀ ਹੈ ਕਿ ਜਦੋਂ ਫੌਜੀ ਪਿੰਡ ਤੋਂ ਗਏ ਤਾਂ ਉਹ ਜਿੱਤ ਦੇ ਨਾਅਰੇ ਲਗਾ ਰਹੇ ਸਨ।

ਇੱਕ ਹੋਰ ਔਰਤ ਨੇ ਆਪਣੇ ਪਤੀ ਨੂੰ ਮਾਰੇ ਜਾਂਦੇ ਹੋਏ ਦੇਖਿਆ।

ਉਹ ਦੱਸਦੀ ਹੈ, ''ਉਨ੍ਹਾਂ ਨੇ ਪਹਿਲਾਂ ਉਸ ਦੇ ਪੱਟ 'ਤੇ ਗੋਲੀ ਮਾਰੀ ਅਤੇ ਫਿਰ ਉਲਟਾ ਲੇਟਣ ਲਈ ਕਿਹਾ ਫਿਰ ਉਨ੍ਹਾਂ ਦੇ ਪਿੱਛੇ ਕੁੱਲ੍ਹੇ 'ਤੇ ਗੋਲੀਆਂ ਮਾਰੀਆਂ ਅਤੇ ਅਖੀਰ ਵਿੱਚ ਸਿਰ ਵਿੱਚ ਗੋਲੀ ਮਾਰੀ।''

ਉਹ ਜ਼ੋਰ ਦੇ ਕੇ ਇਹ ਕਹਿੰਦੀ ਹੈ ਕਿ ਉਸ ਦੇ ਪਤੀ ਪੀਡੀਐੱਫ ਦੇ ਮੈਂਬਰ ਨਹੀਂ ਸਨ।

ਉਹ ਦੱਸਦੀ ਹੈ, ''ਉਹ ਤਾੜੀ ਦਾ ਕੰਮ ਕਰਦੇ ਸਨ ਅਤੇ ਰਵਾਇਤੀ ਤਰੀਕੇ ਨਾਲ ਰੋਜ਼ੀ ਰੋਟੀ ਕਮਾਉਂਦੇ ਸਨ। ਮੇਰੀ ਇੱਕ ਬੇਟੀ ਅਤੇ ਬੇਟਾ ਹੈ ਅਤੇ ਮੈਂ ਨਹੀਂ ਜਾਣਦੀ ਕਿ ਅੱਗੇ ਜੀਵਨ ਕਿਵੇਂ ਚੱਲੇਗਾ।''

ਮਾਂਗ ਓ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਹੈ।

ਉਹ ਕਹਿੰਦੇ ਹਨ, ''ਮੈਂ ਤੁਹਾਨੂੰ ਸਭ ਦੱਸਾਂਗਾ। ਮੈਂ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਇਸ ਬਾਰੇ ਪਤਾ ਲੱਗੇ ਤਾਂ ਕਿ ਉਹ ਸਾਡੇ ਵਰਗੇ ਹਸ਼ਰ ਤੋਂ ਬਚ ਸਕਣ।''

ਜਿਨ੍ਹਾਂ ਸਾਰੇ ਛੇ ਫੌਜੀਆਂ ਨੇ ਬੀਬੀਸੀ ਨਾਲ ਗੱਲ ਕੀਤੀ, ਉਨ੍ਹਾਂ ਸਾਰਿਆਂ ਨੇ ਮੱਧ ਮਿਆਂਮਾਰ ਵਿੱਚ ਘਰਾਂ ਨੂੰ ਜਲਾਉਣਾ ਸਵੀਕਾਰ ਕੀਤਾ।

ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਬਗਾਵਤ ਦੇ ਕਿਸੇ ਵੀ ਸਮਰਥਨ ਨੂੰ ਨਸ਼ਟ ਕਰਨ ਦਾ ਇੱਕ ਯੋਜਨਾਬੱਧ ਤਰੀਕਾ ਹੈ।

ਇਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਕਈ ਲੋਕਾਂ ਦਾ ਮੰਨਣਾ ਹੈ ਕਿ ਫੌਜ ਕਈ ਮੋਰਚਿਆਂ 'ਤੇ ਚੱਲ ਰਹੇ ਗ੍ਰਹਿ ਯੁੱਧ ਵਿੱਚ ਮੋਹਰੀ ਰਹਿਣ ਲਈ ਸੰਘਰਸ਼ ਕਰ ਰਹੀ ਹੈ।

ਬਿਨ ਪਿੰਡ, ਸੇਗੇਂਗ ਇਲਾਕਾ, ਮਿਆਂਮਾਰ

ਮਿਆਂਮਾਰ ਵਿਟਨੈੱਸ- ਖੋਜਕਰਤਾਵਾਂ ਦਾ ਇੱਕ ਸਮੂਹ ਹੈ, ਜੋ ਉਪਲੱਬਧ ਜਾਣਕਾਰੀ ਜ਼ਰੀਏ ਮਿਆਂਮਾਰ ਵਿੱਚ ਮਨੁੱਖੀ ਅਧਿਕਾਰ ਉਲੰਘਣਾ ਦਾ ਰਿਕਾਰਡ ਰੱਖਦਾ ਹੈ।

ਇਸ ਸਮੂਹ ਨੇ ਲੰਘੇ ਦਸ ਮਹੀਨਿਆਂ ਵਿੱਚ ਇਸ ਤਰ੍ਹਾਂ 200 ਤੋਂ ਜ਼ਿਆਦਾ ਪਿੰਡਾਂ ਨੂੰ ਜਲਾਉਣ ਦੀਆਂ ਰਿਪੋਰਟਾਂ ਇਕੱਤਰ ਕੀਤੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਦਾ ਪੈਮਾਨਾ ਵਿਆਪਕ ਹੋ ਰਿਹਾ ਹੈ ਅਤੇ ਇਸ ਸਾਲ ਜਨਵਰੀ ਅਤੇ ਫਰਵਰੀ ਵਿੱਚ ਹੀ ਅਜਿਹੇ ਘੱਟ ਤੋਂ ਘੱਟ 40 ਹਮਲੇ ਹੋਏ ਸਨ ਜਦੋਂ ਕਿ ਮਾਰਚ ਅਤੇ ਅਪ੍ਰੈਲ ਵਿੱਚ ਅਜਿਹੇ 66 ਹਮਲੇ ਹੋਏ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਿਆਂਮਾਰ ਦੀ ਸੈਨਾ ਘਰਾਂ ਅਤੇ ਪਿੰਡਾਂ ਨੂੰ ਅੱਗ ਲਗਾਉਣ ਦੀ ਨੀਤੀ 'ਤੇ ਚੱਲ ਰਹੀ ਹੈ।

2017 ਵਿੱਚ ਰਖੀਨੇ ਪਿੰਡ ਵਿੱਚ ਰੋਹਿੰਗਿਆ ਲੋਕਾਂ ਦੇ ਖਿਲਾਫ਼ ਵੀ ਵੱਡੇ ਪੱਧਰ 'ਤੇ ਇਸ ਦੀ ਵਰਤੋਂ ਕੀਤੀ ਗਈ ਸੀ।

ਅਸਮਾਨ ਤੋਂ ਦਿਖਦਾ ਪਗੋੜਾ
ਤਸਵੀਰ ਕੈਪਸ਼ਨ, ਅਸਮਾਨ ਤੋਂ ਦਿਖਦਾ ਪਗੋੜਾ

ਦੇਸ਼ ਦੇ ਪਹਾੜੀ ਅਤੇ ਨਸਲੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਹਮਲੇ ਕਈ ਦਹਾਕਿਆਂ ਤੋਂ ਹੁੰਦੇ ਰਹੇ ਹਨ।

ਅਜਿਹੇ ਹੀ ਕੁਝ ਨਸਲੀ ਲੜਾਕੇ ਗਰੁੱਪ ਹੁਣ ਪੀਡੀਐੱਫ ਨੂੰ ਫੌਜ ਦੇ ਖਿਲਾਫ਼ ਗ੍ਰਹਿ ਯੁੱਧ ਵਿੱਚ ਹਥਿਆਰ ਅਤੇ ਸਿਖਲਾਈ ਹਾਸਲ ਕਰਨ ਵਿੱਚ ਮਦਦ ਕਰ ਰਹੇ ਹਨ।

ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਫੌਜੀਆਂ ਨੂੰ ਮਨਮਰਜ਼ੀ ਨਾਲ ਲੁੱਟਮਾਰ ਅਤੇ ਕਤਲ ਕਰਨ ਦੀ ਆਗਿਆ ਦੇਣ ਦਾ ਇਹ ਸੱਭਿਆਚਾਰ ਮਿਆਂਮਾਰ ਵਿੱਚ ਦਹਾਕਿਆਂ ਤੋਂ ਚੱਲ ਰਿਹਾ ਹੈ।

ਫੌਜ ਵੱਲੋਂ ਕੀਤੇ ਗਏ ਜ਼ੁਲਮ ਲਈ ਲੋਕਾਂ ਨੂੰ ਕਦੇ ਕਦੇ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਪਰ ਪੀਡੀਐੱਫ ਵੱਲੋਂ ਫੌਜੀਆਂ ਨੂੰ ਮਾਰਨ ਅਤੇ ਫੌਜੀਆਂ ਦੇ ਛੱਡ ਕੇ ਜਾਣ ਦੀ ਵਜ੍ਹਾ ਨਾਲ ਮਿਆਂਮਾਰ ਦੀ ਫੌਜ ਨੂੰ ਜ਼ਿਆਦਾ ਗਿਣਤੀ ਵਿੱਚ ਭਾੜੇ ਦੇ ਫੌਜੀਆਂ ਦੀਆਂ ਸੇਵਾਵਾਂ ਲੈਣੀਆਂ ਪੈ ਰਹੀਆਂ ਹਨ।

2021 ਦੇ ਸੈਨਾ ਤਖ਼ਤਾਪਲਟ ਦੇ ਬਾਅਦ ਤੋਂ ਹੁਣ ਤੱਕ ਦਸ ਹਜ਼ਾਰ ਦੇ ਕਰੀਬ ਫੌਜੀ ਅਤੇ ਪੁਲਿਸ ਕਰਮਚਾਰੀ ਛੱਡ ਕੇ ਜਾ ਚੁੱਕੇ ਹਨ।

ਸਾਬਕਾ ਫੌਜੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਸੰਗਠਨ ਪੀਪੁਲਜ਼ ਐਂਬ੍ਰੇਸ ਨੇ ਇਹ ਅੰਕੜਾ ਜਾਰੀ ਕੀਤਾ ਹੈ।

ਸੈਂਟਰ ਫਾਰ ਸਟਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਥਿੰਕ ਟੈਂਕ ਨਾਲ ਜੁੜੇ ਮਾਈਕਲ ਮਾਰਟਿਨ ਕਹਿੰਦੇ ਹਨ, ''ਫੌਜ ਕਈ ਮੋਰਚਿਆਂ 'ਤੇ ਚੱਲ ਰਹੇ ਗ੍ਰਹਿ ਯੁੱਧ ਵਿੱਚ ਸੰਘਰਸ਼ ਕਰ ਰਹੀ ਹੈ।''

ਮਾਰਟਿਨ ਕਹਿੰਦੇ ਹਨ, ''ਫੌਜ ਕੋਲ ਲੋਕਾਂ ਦੀ ਘਾਟ ਹੈ। ਅਫ਼ਸਰ ਰੈਂਕ ਵਿੱਚ ਅਤੇ ਫੌਜੀ ਰੈਂਕ ਵਿੱਚ ਵੀ ਕਿਉਂਕਿ ਉਸ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਨਵੀਆਂ ਭਰਤੀਆਂ ਵਿੱਚ ਵੀ ਸਮੱਸਿਆ ਹੈ।''

''ਇਸ ਦੇ ਇਲਾਵਾ ਸਪਲਾਈ ਅਤੇ ਸਾਜ਼ੋ-ਸਾਮਾਨ ਦੀਆਂ ਵੀ ਦਿੱਕਤਾਂ ਹਨ। ਇਹ ਇਸ ਗੱਲ ਤੋਂ ਵੀ ਸਾਬਤ ਹੁੰਦਾ ਹੈ ਕਿ ਉਹ ਦੇਸ਼ ਦੇ ਕਈ ਹਿੱਸਿਆਂ ਵਿੱਚ ਕਈ ਇਲਾਕਿਆਂ ਦਾ ਕੰਟਰੋਲ ਗੁਆਉਂਦੇ ਦਿਖ ਰਹੇ ਹਨ।''

ਇਹ ਵੀ ਪੜ੍ਹੋ:

ਮੇਗਵੇ ਅਤੇ ਸੇਗੇਂਗ ਇਲਾਕਿਆਂ ਜਿੱਥੇ ਇਹ ਜ਼ੁਲਮ ਹੋਇਆ, ਇਤਿਹਾਸਕ ਰੂਪ ਨਾਲ ਸੈਨਾ ਦੀ ਭਰਤੀ ਦੇ ਇਲਾਕੇ ਰਹੇ ਹਨ, ਪਰ ਹੁਣ ਇੱਥੋਂ ਦੇ ਨੌਜਵਾਨ ਪੀਡੀਐੱਫ ਵਿੱਚ ਸ਼ਾਮਲ ਹੋਣਾ ਪਸੰਦ ਕਰ ਰਹੇ ਹਨ।

ਕਾਰਪੋਰਲ ਆਂਗ ਸੈਨਾ ਛੱਡਣ ਦੇ ਕਾਰਨ ਨੂੰ ਲੈ ਕੇ ਸਪੱਸ਼ਟ ਹਨ। ਉਹ ਕਹਿੰਦੇ ਹਨ, ''ਜੇਕਰ ਮੈਨੂੰ ਇਹ ਲੱਗਦਾ ਕਿ ਲੰਬੀ ਲੜਾਈ ਵਿੱਚ ਸੈਨਾ ਜਿੱਤ ਜਾਵੇਗੀ ਤਾਂ ਮੈਂ ਕਦੇ ਵੀ ਪਾਲਾ ਬਦਲ ਕੇ ਲੋਕਾਂ ਵੱਲ ਨਹੀਂ ਜਾਂਦਾ।''

ਉਹ ਕਹਿੰਦੇ ਹਨ ਕਿ ਸੈਨਿਕ ਇਕੱਲੇ ਕਦੇ ਵੀ ਆਪਣਾ ਅੱਡਾ ਨਹੀਂ ਛੱਡਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਪੀਡੀਐੱਫ ਉਨ੍ਹਾਂ ਨੂੰ ਮਾਰ ਦੇਵੇਗੀ।

''ਅਸੀਂ ਜਿੱਥੇ ਵੀ ਜਾਂਦੇ ਹਾਂ ਸਿਰਫ਼ ਸੈਨਾ ਕਾਲਮ ਵਿੱਚ ਹੀ ਜਾਂਦੇ ਹਾਂ। ਕੋਈ ਇਹ ਨਹੀਂ ਕਹਿ ਸਕਦਾ ਹੈ ਕਿ ਅਸੀਂ ਯੁੱਧ ਵਿੱਚ ਹਾਵੀ ਹੋ ਰਹੇ ਹਾਂ।''

ਅਸੀਂ ਇਸ ਜਾਂਚ ਰਿਪੋਰਟ ਵਿੱਚ ਸਾਹਮਣੇ ਆਏ ਦੋਸ਼ਾਂ ਨੂੰ ਮਿਆਂਮਾਰ ਦੀ ਸੈਨਾ ਦੇ ਬੁਲਾਰੇ ਜ਼ਾ ਮਿਨ ਟੁਨ ਦੇ ਸਾਹਮਣੇ ਰੱਖਿਆ। ਇੱਕ ਬਿਆਨ ਵਿੱਚ ਉਨ੍ਹਾਂ ਨੇ ਸੈਨਾ ਦੇ ਨਾਗਰਿਕਾਂ 'ਤੇ ਹਮਲੇ ਕਰਨ ਅਤੇ ਉਨ੍ਹਾਂ ਦੇ ਕਤਲ ਕਰਨ ਦੇ ਦੋਸ਼ਾਂ ਨੂੰ ਨਕਾਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਇੱਥੇ ਜਿਨ੍ਹਾਂ ਦੋ ਛਾਪਿਆਂ ਨੂੰ ਦਰਸਾਇਆ ਗਿਆ ਹੈ ਉਹ ਦੋਵੇਂ ਹੀ ਕਾਨੂੰਨੀ ਨਿਸ਼ਾਨੇ 'ਤੇ ਸਨ ਅਤੇ ਜੋ ਲੋਕ ਮਾਰੇ ਗਏ ਸਨ ਉਹ 'ਅੱਤਵਾਦੀ' ਸਨ।

ਮਿਆਂਮਾਰ
ਤਸਵੀਰ ਕੈਪਸ਼ਨ, ਬਹੁਤ ਸਾਰੇ ਘਰਾਂ ਨੂੰ ਫੌਜ ਨੇ ਅੱਗ ਲਗਾ ਦਿੱਤੀ ਸੀ

ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸੈਨਾ ਪਿੰਡਾਂ ਵਿੱਚ ਅੱਗ ਲਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੀਡੀਐੱਫ ਅੱਗਜ਼ਨੀ ਅਤੇ ਪਿੰਡਾਂ 'ਤੇ ਹਮਲੇ ਕਰ ਰਹੀ ਹੈ।

ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਗ੍ਰਹਿ ਯੁੱਧ ਕਦੋਂ ਅਤੇ ਕਿਸ ਤਰ੍ਹਾਂ ਖਤਮ ਹੋਵੇਗਾ, ਪਰ ਅਜਿਹਾ ਲੱਗ ਰਿਹਾ ਹੈ ਕਿ ਮਿਆਂਮਾਰ ਦੇ ਲੱਖਾਂ ਲੋਕ ਇਸ ਦੀ ਦਹਿਸ਼ਤ ਦੇ ਸਾਏ ਵਿੱਚ ਰਹਿਣਗੇ।

ਜਿੰਨਾ ਸਮਾਂ ਸ਼ਾਂਤੀ ਸਥਾਪਿਤ ਹੋਣ ਵਿੱਚ ਲੱਗੇਗਾ, ਬਲਾਤਕਾਰ ਪੀੜਤ ਖਿਨ ਹਿਤਵੇ ਵਰਗੀਆਂ ਲੜਕੀਆਂ ਦੇ ਸਾਹਮਣੇ ਸ਼ੋਸ਼ਣ ਅਤੇ ਹਿੰਸਾ ਦਾ ਖਤਰਾ ਬਰਕਰਾਰ ਰਹੇਗਾ।

ਉਹ ਕਹਿੰਦੀ ਹੈ ਕਿ ਉਸ ਨਾਲ ਜੋ ਹੋਇਆ, ਉਸ ਦੇ ਬਾਅਦ ਉਹ ਜਿਉਣਾ ਨਹੀਂ ਚਾਹੁੰਦੀ ਸੀ ਅਤੇ ਉਸ ਦੇ ਮਨ ਵਿੱਚ ਕਈ ਬਾਰ ਆਪਣੀ ਜਾਨ ਲੈਣ ਦਾ ਵਿਚਾਰ ਆਇਆ ਹੈ।

ਉਸ ਨੇ ਅਜੇ ਤੱਕ ਆਪਣੇ ਮੰਗੇਤਰ ਨੂੰ ਆਪਣੀ ਆਪਬੀਤੀ ਨਹੀਂ ਦੱਸੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)