ਮਿਆਂਮਾਰ ਵਿੱਚ ਤਖ਼ਤਾਪਲਟ ਤੋਂ ਬਾਅਦ ਭਾਰਤ ਆਏ ਲੋਕ ਕਿਸ ਤਰ੍ਹਾਂ ਕਰ ਰਹੇ ਹਨ ਗੁਜ਼ਾਰਾ

ਮਿਆਂਮਾਰ
ਤਸਵੀਰ ਕੈਪਸ਼ਨ, ਕਈ ਸਾਲਾਂ ਤੋਂ ਭਾਰਤ ਅਤੇ ਮਿਆਂਮਾਰ ਵਿੱਚ ਖੁੱਲ੍ਹਾ-ਆਉਣ ਜਾਣ ਹੈ ਪਰ ਪਿਛਲੇ ਸਾਲ ਮਹਾਂਮਾਰੀ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ, ਮੋਰੇਹ (ਮਣੀਪੁਰ), ਭਾਰਤ-ਮਿਆਂਮਾਰ ਸਰਹੱਦ ਤੋਂ

ਨਿਰਾਸ਼ਾ 'ਚ ਡੁੱਬੀ ਇੱਕ ਔਰਤ ਨੇ ਦੱਸਿਆ, "ਰਾਤ ਨੂੰ ਉਹ ਸਾਡੇ ਘਰਾਂ ਵਿੱਚ ਵੜ ਜਾਂਦੇ ਹਨ। ਬਲਾਤਕਾਰ ਕਰਦੇ ਹਨ ਤੇ ਕਤਲ ਕਰ ਦਿੰਦੇ ਹਨ। ਮੇਰੇ ਕੋਲ ਉਥੋਂ ਭੱਜਣ ਦਾ ਮੌਕਾ ਸੀ। ਹੋ ਸਕਦਾ ਹੈ ਇਹ ਮੌਕਾ ਫ਼ਿਰ ਕਦੀ ਨਾ ਆਉਂਦਾ।"

ਬਤਾਲੀ ਸਾਲਾਂ ਦੇ ਮਖਾਈ (ਬਦਲਿਆ ਹੋਇਆ ਨਾਮ) ਦਾ ਵਰਤਮਾਨ ਕਾਫ਼ੀ ਔਖਾ ਹੈ ਤੇ ਭਵਿੱਖ ਅਨਿਸ਼ਚਿਤ।

ਉਹ ਆਪਣੀਆਂ ਭੈਣਾਂ ਤੇ ਧੀਆਂ ਨਾਲ ਆਪਣੀ ਜਾਨ ਬਚਾਉਣ ਲਈ ਮਿਆਂਮਾਰ ਦੇ ਤਾਮੂ ਜ਼ਿਲ੍ਹੇ ਤੋਂ ਭੱਜਕੇ ਸ਼ਰਨਾਰਥੀ ਬਣਨ ਲਈ ਭਾਰਤ ਆ ਗਏ ਹਨ। ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਇਸ ਤੋਂ ਇਲਾਵਾ ਉਹ ਹੋਰ ਕਰ ਵੀ ਕੀ ਸਕਦੇ ਸਨ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, ''ਜਦੋਂ ਤੋਂ ਮਿਆਂਮਾਰ ਵਿੱਚ ਹਿੰਸਾ ਸ਼ੁਰੂ ਹੋਈ ਹੈ ਉਸ ਸਮੇਂ ਤੋਂ ਅਸੀਂ ਆਪਣੇ ਘਰਾਂ ਵਿੱਚ ਰਹਿਣ ਤੋਂ ਡਰਨ ਲੱਗੇ। ਕਈ ਵਾਰ ਅਸੀਂ ਜੰਗਲਾਂ ਵਿੱਚ ਲੁਕ ਕੇ ਰਾਤ ਬੀਤਾਈ।''

ਫ਼ਰਵਰੀ ਵਿੱਚ ਸੈਨਾ ਦੁਆਰਾ ਤਖ਼ਤਾਪਲਟ ਕਰਨ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਤੇ ਉਸ ਵਿੱਚ ਭੜਕੀ ਹਿੰਸਾ ਦੇ ਚਲਦਿਆਂ ਮਖਾਈ ਦੀ ਤਰ੍ਹਾਂ ਕਈਆਂ ਨੂੰ ਆਪਣਾ ਦੇਸ ਛੱਡ ਕੇ ਦੂਜੇ ਦੇਸਾਂ ਵਿੱਚ ਸ਼ਰਨਾਰਥੀ ਬਣ ਆਉਣ ਲਈ ਮਜਬੂਰ ਹੋਣਾ ਪਿਆ।

ਅਜਿਹੇ ਲੋਕ ਮਿਆਂਮਾਰ ਨਾਲ ਲੱਗਦੀ ਭਾਰਤ ਦੀ ਹੱਦ ਨੂੰ ਪਾਰ ਕਰ ਰਹੇ ਹਨ। ਇਹ ਉਨ੍ਹਾਂ ਲਈ ਸਭ ਤੋਂ ਵਧੀਆਂ ਟਿਕਾਣਾ ਹੈ।

ਵੀਡੀਓ ਕੈਪਸ਼ਨ, ਮਿਆਂਮਾਰ ਵਿੱਚ ਹਿੰਸਾਂ ਦੇ ਸਤਾਏ ਸ਼ਰਨਾਰਥੀ: 'ਫੌਜੀ ਘਰਾਂ ਵਿੱਚ ਵੜ ਕੇ ਰੇਪ ਕਰਦੇ ਨੇ ਫਿਰ ਮਾਰ ਦਿੰਦੇ ਹਨ'

ਔਰਤਾਂ ਚਾਹੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਭਾਰਤ ਆ ਗਈਆਂ ਹੋਣ ਪਰ ਉਨ੍ਹਾਂ ਦੇ ਪਰਿਵਾਰ ਦੇ ਮਰਦ ਹਾਲੇ ਵੀ ਮਿਆਂਮਾਰ ਵਿੱਚ ਰਹਿ ਰਹੇ ਹਨ।

ਤਮੂ ਤੋਂ ਆਪਣੀ ਧੀ ਦੇ ਨਾਲ ਭੱਜ ਕੇ ਮਣੀਪੁਰ ਦੇ ਮੋਰੇਹ ਆਉਣ ਵਾਲੀ ਇੱਕ ਹੋਰ ਔਰਤ ਬਿਨਆਈ (ਬਦਲਿਆ ਹੋਇਆ ਨਾਮ) ਨੇ ਇਸ ਬਾਰੇ ਕਿਹਾ, ''ਮਰਦ ਲੋੜ ਪੈਣ 'ਤੇ ਲੜ ਸਕਦੇ ਹਨ। ਪਰ ਸੈਨਾ ਦੀ ਅਚਾਨਕ ਕਾਰਵਾਈ ਹੋਣ 'ਤੇ ਸਾਡੇ, ਔਰਤਾਂ ਲਈ ਬਚਕੇ ਭੱਜ ਸਕਣਾ ਬਹੁਤ ਔਖਾ ਹੈ।''

ਮਖਾਈ ਲਈ ਭਾਰਤ ਵਿੱਚ ਸ਼ਰਣ ਲੈਣ ਦੀ ਇਹ ਤੀਜੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਕੀਤੀਆਂ ਦੋ ਕੋਸ਼ਿਸ਼ਾਂ ਵਿੱਚ ਭਾਰਤੀ ਸੁਰੱਖਿਆਂ ਦਸਤਿਆਂ ਨੇ ਉਨ੍ਹਾਂ ਨੂੰ ਵਾਪਸ ਮਿਆਂਮਾਰ ਭੇਜ ਦਿੱਤਾ ਸੀ।

ਮਖਾਈ ਨੇ ਦੱਸਿਆ, ''ਮੈਂ ਜਾਣਦੀ ਹਾਂ ਕਿ ਮੇਰੇ ਲਈ ਇਥੇ ਰਹਿਣਾ ਬਹੁਤ ਔਖਾ ਹੈ। ਮੈਂ ਬਹੁਤ ਡਰੀ ਹੋਈ ਹਾਂ ਕਿ ਜਦੋਂ ਕੋਈ ਭਾਰਤ ਸਰਕਾਰ ਦਾ ਅਧਿਕਾਰੀ ਸਾਨੂੰ ਲੱਭਕੇ ਵਾਪਸ ਸਾਡੇ ਘਰ ਭੇਜ ਦੇਵੇ। ਪਰ ਸਾਨੂੰ ਬਹਾਦਰ ਬਣਨਾ ਪਵੇਗਾ।''

ਭਾਰਤ ਤੇ ਮਣੀਪੁਰ ਸਰਕਾਰ ਦੀ ਚਿੰਤਾ

ਮਿਆਂਮਾਰ

ਭਾਰਤ ਦੀ ਚਿੰਤਾ ਅਤੇ ਡਰ ਬੇਵਜ੍ਹਾ ਨਹੀਂ ਹੈ। ਮਿਆਂਮਾਰ ਤੋਂ ਵੱਡੀ ਗਿਣਤੀ ਵਿੱਚ ਗ਼ੈਰ-ਕਾਨੂੰਨੀ ਅਪ੍ਰਵਾਸੀਆਂ ਦੇ ਆਉਣ ਦੇ ਡਰ ਨਾਲ ਭਾਰਤ ਖ਼ੁਸ਼ ਨਹੀਂ ਹੈ। ਉਥੇ ਗ਼ੈਰ-ਕਾਨੂੰਨੀ ਅਪ੍ਰਵਾਸੀਆਂ ਦਾ ਮਾਮਲਾ ਹਮੇਸ਼ਾ ਗੰਭੀਰ ਰਿਹਾ ਹੈ।

ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਦੇ ਆਉਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਦੋ ਸੂਬਿਆਂ ਅਸਾਮ ਤੇ ਪੱਛਮੀ ਬੰਗਾਲ ਵਿੱਚ ਇਸ ਸਮੇਂ ਚੋਣਾਂ ਚਲ ਰਹੀਆਂ ਹਨ।

ਅਜਿਹੇ ਸਮੇਂ ਵਿੱਚ ਭਾਰਤ ਸਰਕਾਰ ਕਦੇ ਨਹੀਂ ਚਾਹੇਗੀ ਕਿ ਮਿਆਂਮਾਰ ਦੇ ਨਾਗਰਿਕਾਂ ਨੂੰ ਇਥੇ ਸ਼ਰਨਾਰਥੀ ਬਣਕੇ ਆਉਣ ਦੀ ਆਗਿਆ ਦੇਵੇ।

ਇਸ ਸਭ ਦੇ ਚਲਦਿਆਂ ਭਾਰਤ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਮਿਆਂਮਾਰ ਦੇ ਨਾਗਰਿਕਾਂ ਨੂੰ ਚਾਹੇ ਰਾਸ਼ਨ ਜਾਂ ਦਵਾਈ ਦੇ ਦਿੱਤੀ ਜਾਵੇ ਪਰ ਉਨ੍ਹਾਂ ਨੂੰ ਇਥੇ ਰਹਿਣ ਦਾ ਟਿਕਾਣਾ ਨਾ ਮਿਲ ਸਕੇ। ਮਣੀਪੁਰ ਸਰਕਾਰ ਤਾਂ ਇਸ ਤੋਂ ਵੀ ਇੱਕ ਕਦਮ ਅੱਗੇ ਚਲੀ ਗਈ। ਉਸਨੇ ਸਥਾਨਕ ਪ੍ਰਸ਼ਾਸਨ ਨੂੰ ਅਪ੍ਰਵਾਸੀਆਂ ਦੇ ਲਈ ਰਾਹਤ ਕੈਂਪ ਨਾ ਖੋਲ੍ਹਣ ਦੇ ਹੁਕਮ ਦਿੱਤਾ ਸੀ।

ਮਿਆਂਮਾਰ
ਤਸਵੀਰ ਕੈਪਸ਼ਨ, ਇੰਫ਼ਾਲ ਵਿੱਚ ਮਿਆਂਮਾਰ ਦੇ ਦੋ ਨੌਜਵਾਨ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਇਨ੍ਹਾਂ ਦੋਵਾਂ ਨੂੰ 25 ਮਾਰਚ ਨੂੰ ਫ਼ੌਜ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਗੋਲੀ ਲੱਗੀ ਸੀ

ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਲਈ ਖਾਣਾ ਤੇ ਰਹਿਣ ਦਾ ਇੰਤਜ਼ਾਮ ਨਹੀਂ ਕੀਤਾ ਜਾਵੇਗਾ। ਇਸ ਹੁਕਮ ਵਿੱਚ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਜੋ ਵੀ ਇਥੇ ਆ ਗਏ ਹੋਣ ਉਨ੍ਹਾਂ ਨੂੰ ਨਿਮਰਤਾ ਨਾਲ ਮਨ੍ਹਾਂ ਕਰ ਦਿੱਤਾ ਜਾਵੇ।

ਇਸ ਹੁਕਮ ਨੂੰ ਲੈ ਕੇ ਕਾਫ਼ੀ ਰੌਲਾ ਪੈਣ ਤੋਂ ਬਾਅਦ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਾਲਾਂਕਿ, ਭਾਰਤ ਸਰਕਾਰ ਨੇ ਆਪਣਾ ਰੁਖ਼ ਸਾਫ਼ ਕਰ ਦਿੱਤਾ ਹੈ ਕਿ ਮਿਆਂਮਾਰ ਤੋਂ ਆਉਣ ਵਾਲਿਆਂ ਦਾ ਅਸੀਂ ਸਵਾਗਤ ਨਹੀਂ ਕਰ ਸਕਦੇ।

ਮਖਾਈ ਦੇ ਨਾਲ ਰਹਿ ਰਹੀਆਂ ਦੋ ਹੋਰ ਔਰਤਾਂ ਨੇ ਕਿਹਾ ਕਿ ਉਹ ਮਿਆਂਮਾਰ ਤਾਂ ਹੀ ਜਾਣਗੀਆਂ ਜਦੋਂ ਉਥੇ ਹਾਲਾਤ ਸੁਧਰ ਜਾਣਗੇ। ਉਸ ਸਮੇਂ ਤੱਕ ਉਹ ਭਾਰਤ ਤੇ ਇਥੋਂ ਦੇ ਲੋਕਾਂ 'ਤੇ ਹੀ ਨਿਰਭਰ ਰਹਿਣਗੇ। ਵੈਸੇ ਵੀ ਮਿਆਂਮਾਰ ਦੇ ਕਈ ਲੋਕਾਂ ਦੇ ਮਣੀਪੁਰ ਵਿੱਚ ਪਰਿਵਾਰਿਕ ਸਬੰਧ ਹਨ।

ਜਖ਼ਮੀਆਂ ਦੀ ਦੇਖਭਾਲ ਕਰ ਰਹੇ ਮਣੀਪੁਰ ਦੇ ਲੋਕ

ਮਿਆਂਮਾਰ
ਤਸਵੀਰ ਕੈਪਸ਼ਨ, ਮਿਆਂਮਾਰ ਵਿੱਚ ਹਲਚਲ ਸ਼ੁਰੂ ਹੁੰਦਿਆਂ ਹੀ ਸਰਹੱਦ ਨਾਲ ਲਗਦੇ ਭਾਰਤੀ ਪਿੰਡ ਮੋਰੇਹ ਦਾ ਬਾਰਡਰ ਸੀਲ ਕਰ ਦਿੱਤਾ ਗਿਆ

ਮੋਰੇਹ ਤੋਂ ਕਰੀਬ ਸੌ ਕਿਲੋਮੀਟਰ ਦੂਰ ਇੰਫ਼ਾਲ ਵਿੱਚ ਮਿਆਂਮਾਰ ਦੇ ਦੋ ਨੌਜਵਾਨ ਇੱਕ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਇਨ੍ਹਾਂ ਦੋਵਾਂ ਨੂੰ 25 ਮਾਰਚ ਦੀ ਰਾਤ ਸੈਨਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀ ਲੱਗੀ ਸੀ।

ਉਨ੍ਹਾਂ ਵਿੱਚੋਂ ਇੱਕ ਨੇ ਸਾਨੂੰ ਦੱਸਿਆ, ''ਮਿਆਂਮਾਰ ਦੀ ਸੈਨਾ ਤਾਮੂ ਵਿੱਚ ਇੱਕ ਗਹਿਣੀਆਂ ਦੀ ਦੁਕਾਨ ਲੁਟਣਾ ਚਾਹੁੰਦੀ ਸੀ। ਪਰ ਜਦੋਂ ਸਥਾਨਕ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਇਸੇ ਦੌਰਾਨ ਮੈਨੂੰ ਗੋਲੀ ਲੱਗੀ ਸੀ।''

ਉਥੇ ਇਸੇ ਘਟਨਾ ਵਿੱਚ ਜਖ਼ਮੀ ਹੋਏ ਇੱਕ ਹੋਰ ਨੌਜਵਾਨ ਨੇ ਕਿਹਾ, ''ਪਹਿਲਾਂ ਵੀ ਪੁਲਿਸ ਨੇ ਵਿਰੋਧ ਪ੍ਰਦਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਅਜਿਹੀ ਹਿੰਸਾ ਕਦੀ ਨਹੀਂ ਹੋਈ। ਮਾਮਲਾ ਉਸ ਸਮੇਂ ਖ਼ਰਾਬ ਹੋਇਆ ਜਦੋਂ ਸੈਨਾ ਨੇ ਲੋਕਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।''

ਇਨ੍ਹਾਂ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਦੇ ਨਾਲ ਉਸੇ ਰਾਤ ਉਹ ਤਮੂ ਤੋਂ ਭੱਜਕੇ ਮੋਰੇਹ ਆ ਗਏ।

ਕੂਕੀ ਸਟੂਡੈਂਟਸ ਆਰਗੇਨਾਈਜ਼ੇਸ਼ਨ (ਇੰਫ਼ਾਲ) ਦੇ ਉੱਪ-ਪ੍ਰਧਾਨ ਖੋਂਗਸਾਈ ਨੇ ਦੱਸਿਆ ਕਿ, ''ਮੋਰੇਹ ਵਿੱਚ ਸਿਹਤ ਕੇਂਦਰ ਬਿਹਤਰ ਨਹੀਂ ਹਨ ਇਸ ਲਈ ਇਨ੍ਹਾਂ ਦੋਵਾਂ ਨੂੰ ਇੰਫ਼ਾਲ ਲਿਆਉਣਾ ਪਿਆ।''

ਉਨ੍ਹਾਂ ਮੁਤਾਬਕ, ਜਦੋਂ ਇਨ੍ਹਾਂ ਦੋਵਾਂ ਨੂੰ ਇੰਫ਼ਾਲ ਲਿਆਂਦਾ ਗਿਆ ਉਸ ਸਮੇਂ ਇਹ ਤੁਰ ਵੀ ਨਹੀਂ ਸਨ ਸਕਦੇ ਕਿਉਂਕਿ ਗੋਲੀ ਉਨ੍ਹਾਂ ਦੇ ਸਰੀਰ ਵਿੱਚ ਫ਼ਸੀ ਹੋਈ ਸੀ। ਭੁੱਖੇ-ਪਿਆਸੇ ਹੋਣ ਦੇ ਬਾਵਜੂਦ ਇਹ ਦੋਵੇਂ ਪਾਣੀ ਪੀਣ ਤੋਂ ਵੀ ਲਾਚਾਰ ਸਨ।

ਮਿਆਂਮਾਰ
ਤਸਵੀਰ ਕੈਪਸ਼ਨ, ਭਾਰਤ ਮਿਆਂਮਾਰ ਸਰਹੱਦ ਲੰਬੀ ਅਤੇ ਟੁੱਟੀ ਭੱਜੀ ਹੈ, ਜਿਸ ਕਾਰਨ ਸਾਰੀ ਸਰਹੱਦ ਉੱਪਰ ਭਾਰਤੀ ਪਹਿਰਾ ਨਹੀਂ ਰਹਿੰਦਾ ਹੈ

ਇਸ ਸੰਗਠਨ ਨਾਲ ਜੁੜੇ ਲੋਕ ਦਿਨ ਰਾਤ ਇਨ੍ਹਾਂ ਦੋਵਾਂ ਦੀ ਦੇਖਭਾਲ ਕਰ ਰਹੇ ਹਨ। ਇਥੋਂ ਤੱਕ ਕਿ ਇਨ੍ਹਾਂ ਨੂੰ ਘਰ ਦੀ ਰੋਟੀ ਵੀ ਖਵਾ ਰਹੇ ਹਨ।

ਹਾਲਾਂਕਿ ਮਿਆਂਮਾਰ ਤੋਂ ਭੱਜਕੇ ਭਾਰਤ ਆਉਣ ਵਾਲੀਆਂ ਔਰਤਾਂ ਦੇ ਉੱਲਟ ਇਹ ਦੋਵੇਂ ਮਰੀਜ਼ ਜਲਦੀ ਤੋਂ ਜਲਦੀ ਆਪਣੇ ਦੇਸ ਵਾਪਸ ਜਾਣਾ ਚਾਹੁੰਦੇ ਹਨ।

ਅਧਿਕਾਰਿਤ ਰਸਤੇ ਪਿਛਲੇ ਸਾਲ ਤੋਂ ਬੰਦ

ਮਿਆਂਮਾਰ ਵਿੱਚ ਚੱਲ ਰਹੇ ਰੌਲੇ ਤੋਂ ਬਾਅਦ ਉਸ ਦੀ ਹੱਦ ਦੇ ਠੀਕ ਨਾਲ ਲਗਦੇ ਭਾਰਤੀ ਇਲਾਕੇ ਮੋਰੇਹ ਵਿੱਚਲੇ ਸਾਰੇ ਅਧਿਕਾਰਿਤ ਰਸਤੇ ਸੀਲ ਕਰ ਦਿੱਤੇ ਗਏ ਹਨ। ਸਾਲਾਂ ਤੋਂ ਭਾਰਤ ਤੇ ਮਿਆਂਮਾਰ ਦਰਮਿਆਨ ਇੱਕ ਆਜ਼ਾਦ ਆਉਣ ਜਾਣ ਦੀ ਪ੍ਰਣਾਲੀ, ਐੱਫ਼ਐੱਮਆਰ ਦੀ ਵਿਵਸਥਾ ਹੈ।

ਮਿਆਂਮਾਰ
ਤਸਵੀਰ ਕੈਪਸ਼ਨ, ਮੋਰੇਹ ਯੂਥ ਕਲੱਬ ਦੇ ਫ਼ਿਲਿਪ ਖੋਂਗਸਾਈ ਨੇ ਕਿਹਾ ਹੈ ਕਿ ਅਸੀਂ ਮਨੁੱਖੀ ਅਧਾਰ 'ਤੇ ਮਿਆਂਮਾਰ ਤੋਂ ਆਉਣ ਵਾਲਿਆਂ ਦੀ ਮਦਦ ਕਰਾਂਗੇ ਭਾਵੇਂ ਭਾਰਤ ਸਰਕਾਰ ਅਜਿਹਾ ਕਰਨ ਤੋਂ ਮਨ੍ਹਾਂ ਕਰੇ

ਇਸਦੇ ਤਹਿਤ ਦੋਵਾਂ ਦੇਸਾਂ ਦੇ ਸਥਾਨਕ ਲੋਕ ਇੱਕ ਦੂਜੇ ਦੀ ਸਰਹੱਦ ਵਿੱਚ 16 ਕਿਲੋਮੀਟਰ ਤੱਕ ਜਾ ਸਕਦੇ ਹਨ ਅਤੇ ਉਥੇ 14 ਦਿਨਾਂ ਤੱਕ ਰਹਿ ਸਕਦੇ ਹਨ।

ਹਾਲਾਂਕਿ ਕੋਰੋਨਾ ਮਹਾਂਮਾਰੀ ਫ਼ੈਲਣ ਤੋਂ ਬਾਅਦ ਪਿਛਲੇ ਸਾਲ ਮਾਰਚ ਵਿੱਚ ਐੱਫ਼ਐੱਮਆਰ ਸੁਵਿਧਾ ਨੂੰ ਬੰਦ ਕਰ ਦਿੱਤਾ ਗਿਆ ਸੀ। ਦੋਵਾਂ ਪਾਸਿਆਂ ਦੇ ਲੋਕਾਂ ਨੂੰ ਆਸ ਸੀ ਕਿ ਇਸ ਸਾਲ ਇਹ ਸੁਵਿਧਾ ਫ਼ਿਰ ਸ਼ੁਰੂ ਕਰ ਦਿੱਤੀ ਜਾਵੇਗੀ।

ਪਰ ਫ਼ਰਵਰੀ ਵਿੱਚ ਮਿਆਂਮਾਰ ਵਿੱਚ ਤਖ਼ਤਾਪਲਟ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਆਸਾਂ ਟੁੱਟ ਗਈਆਂ। ਇਸ ਦੇ ਬਾਵਜੂਦ ਮਿਆਂਮਾਰ ਦੇ ਨਾਗਰਿਕ ਰੋਜ਼ ਦਾ ਖ਼ਤਰਾ ਮੁੱਲ ਲੈ ਕੇ ਚੋਰੀ ਨਾਲ ਲੁਕ ਕੇ ਸੀਮਾ ਪਾਰ ਕਰਕੇ ਭਾਰਤ ਆਉਣਾ ਨਹੀਂ ਛੱਡ ਰਹੇ।

ਮਿਆਂਮਾਰ ਤੋਂ ਰੋਜ਼ ਭਾਰਤ ਆ ਕੇ ਕਰੀਬ 20 ਘਰਾਂ ਵਿੱਚ ਦੁੱਧ ਵੇਚਣ ਵਾਲੇ ਇੱਕ ਵਪਾਰੀ ਨੇ ਦੱਸਿਆ, "ਸਾਨੂੰ ਭਾਰਤ ਆਉਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ। ਬਰਮਾ ਤੋਂ ਹੋਣ ਕਰਕੇ ਅਕਸਰ ਭਾਰਤੀ ਸੁਰੱਖਿਆ ਦਸਤੇ ਰੋਕ ਦਿੰਦੇ ਹਨ।"

"ਇਸ ਤੋਂ ਬਾਅਦ ਵੀ ਅਸੀਂ ਇਥੇ ਕਿਸੇ ਤਰ੍ਹਾਂ ਆ ਜਾਂਦੇ ਹਾਂ। ਬਰਮਾ ਵਿੱਚ ਇਸ ਸਮੇਂ ਗੋਲੀਬਾਰੀ ਅਤੇ ਬੰਬ ਧਮਾਕੇ ਹੋ ਰਹੇ ਹਨ। ਉਥੇ ਸਭ ਕੁਝ ਬੰਦ ਹੈ।"

ਸਰਹੱਦ ਬਹੁਤ ਲੰਬੀ ਅਤੇ ਕਿਤੋਂ ਕਿਤੋਂ ਟੁੱਟੀ ਹੋਈ ਹੋਣ ਕਾਰਨ ਭਾਰਤ ਦੀ ਸੈਨਾ ਦਾ ਪਹਿਰਾ ਹਰ ਜਗ੍ਹਾ ਨਹੀਂ ਹੁੰਦਾ।

ਸਰਹੱਦ 'ਤੇ ਮਿਆਂਮਾਰ ਦਾ ਢਿੱਲਾ ਹੋਇਆ ਪਹਿਰਾ

ਮਿਆਂਮਾਰ ਵਿੱਚ ਤਖ਼ਤਾਪਲਟ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਉਥੋਂ ਦੀ ਸੈਨਾ ਪੂਰੇ ਦੇਸ ਵਿੱਚ ਫ਼ੈਲ ਗਈ ਹੈ। ਇਸ ਨਾਲ ਭਾਰਤ ਨਾਲ ਲੱਗਦੀ ਹੱਦ 'ਤੇ ਉਨ੍ਹਾਂ ਦੇ ਜਵਾਨਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ। ਇਸ ਸਭ ਨਾਲ ਮਿਆਂਮਾਰ ਤੋਂ ਭਾਰਤ ਆਉਣ ਵਾਲਿਆਂ ਨੂੰ ਰਾਹਤ ਮਿਲੀ ਹੈ।

ਹੁਣ ਉਨ੍ਹਾਂ ਨੇ ਸਿਰਫ਼ ਭਾਰਤੀ ਫ਼ੌਜ ਤੋਂ ਬਚਣਾ ਹੁੰਦਾ ਹੈ। ਵੈਸੇ ਵੀ ਬਹੁਤ ਲੰਬੀ ਤੇ ਟੁੱਟੀ ਹੋਈ ਸਰਹੱਦ ਦੇ ਚਲਦਿਆਂ ਹਰ ਜਗ੍ਹਾ ਭਾਰਤ ਦੀ ਸੈਨਾ ਦਾ ਪਹਿਰਾ ਨਹੀਂ ਹੁੰਦਾ।

ਭਾਰਤ ਵਿੱਚ ਆਪਣਾ ਸਮਾਨ ਵੇਚਣ ਤੋਂ ਬਾਅਦ ਝਾੜੀਆਂ ਤੇ ਗੰਦਗੀ ਵਾਲੇ ਰਾਹਾਂ ਤੋਂ ਮਿਆਂਮਾਰ ਦੇ ਇਹ ਵਾਸੀ ਵਾਪਸ ਆਪਣੇ ਦੇਸ ਜਾਂਦੇ ਹਨ। ਅਕਸਰ ਸੁਰੱਖਿਆ ਬਲ ਵੀ ਇਨ੍ਹਾਂ ਦੇ ਆਉਣ ਜਾਣ ਨੂੰ ਅਣਗੌਲ੍ਹਿਆ ਕਰ ਦਿੰਦੇ ਹਨ।

ਉਥੇ ਹੀ ਮਿਆਂਮਾਰ ਦੇ ਕਈ ਦੂਜੇ ਲੋਕ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਲਈ ਗ਼ੈਰ-ਰਵਾਇਤੀ ਰਾਹ ਚੁਣਦੇ ਹਨ। ਦੋਵਾਂ ਦੇਸਾਂ ਦੀ ਹੱਦ 'ਤੇ ਮੌਜੂਦ 'ਨੋ ਮੈਨਸ ਆਈਲੈਂਡ' ਤੋਂ ਇੱਕ ਬਰਸਾਤੀ ਨਾਲਾ ਨਿਕਲਦਾ ਹੈ।

ਇਹ ਮੋਰੇਹ ਤੇ ਤਮੂ ਨੂੰ ਜੋੜਦਾ ਹੈ। ਇਸ ਲਈ ਕਈ ਲੋਕ ਇਸ ਨਾਲੇ ਤੋਂ ਹੋ ਕੇ ਭਾਰਤ ਆ ਜਾਂਦੇ ਹਨ।

ਮਣੀਪੁਰ ਵਿੱਚ ਸ਼ਰਨਾਰਥੀਆਂ ਨਾਲ ਹਮਦਰਦੀ

ਸਰਹੱਦ ਚਾਹੇ ਹੀ ਅਧਿਕਾਰਿਤ ਤੌਰ 'ਤੇ ਸੀਲ ਕਰ ਦਿੱਤੀ ਗਈ ਹੋਵੇ। ਤੇ ਚਾਹੇ ਭਾਰਤ ਸਰਕਾਰ ਨਾ ਚਾਹੁੰਦੀ ਹੋਵੇ ਕਿ ਮਿਆਂਮਾਰ ਦੇ ਲੋਕ ਭਾਰਤ ਆਉਣ। ਅਜਿਹੀ ਹਾਲਤ ਵਿੱਚ ਮੋਰੇਹ ਦੇ ਲੋਕਾਂ ਕੋਲ ਮਦਦ ਨੂੰ ਚਾਹੇ ਕੁਝ ਨਾ ਹੋਵੇ ਪਰ ਉਨ੍ਹਾਂ ਦੇ ਮਨਾਂ ਵਿੱਚ ਮਿਆਂਮਾਰ ਦੇ ਲੋਕਾਂ ਪ੍ਰਤੀ ਹਮਦਰਦੀ ਜ਼ਰੂਰ ਹੈ।

ਮੋਰੇਹ ਯੂਥ ਕਲੱਬ ਦੇ ਫ਼ਿਲਿਪ ਖੋਂਗਸਾਈ ਨੇ ਦੱਸਿਆ, "ਅਸੀਂ ਮਨੁੱਖਤਾ ਦੇ ਆਧਾਰ 'ਤੇ ਉਨ੍ਹਾਂ ਦਾ ਸਵਾਗਤ ਤੇ ਉਨ੍ਹਾਂ ਦੀ ਸੇਵਾ ਕਰਾਂਗੇ। ਸਰਕਾਰ ਚਾਹੇ ਕਹੇ ਕਿ ਸਾਨੂੰ ਉਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੀਦੀ। ਪਰ ਅਸੀਂ ਆਪਣਾ ਕੰਮ ਕਰਾਂਗੇ ਤੇ ਸਰਕਾਰ ਆਪਣਾ।"

ਇਸ ਕਲੱਬ ਦੇ ਕਈ ਮੈਂਬਰ ਸਰਹੱਦ 'ਤੇ ਫ਼ਸੇ ਮਿਆਂਮਾਰ ਦੇ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਮੁਹੱਈਆ ਕਰਵਾ ਰਹੇ ਹਨ।

ਆਉਣ ਵਾਲੇ ਸਮੇਂ ਵਿੱਚ ਮਿਆਂਮਾਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਵਾਧੇ ਦਾ ਅੰਦਾਜ਼ਾ ਹੈ। ਕਿਉਂਕਿ ਉਥੇ ਹਾਲਾਤ ਤੇਜ਼ੀ ਨਾਲ ਖ਼ਰਾਬ ਹੋ ਰਹੇ ਹਨ। ਮੋਰੇਹ ਦੇ ਕਈ ਲੋਕਾਂ ਨੂੰ ਲੱਗਦਾ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਭਾਰਤ ਨੂੰ ਮਿਆਂਮਾਰ ਦੇ ਨਾਗਰਿਕਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ।

ਮਿਆਂਮਾਰ ਤੋਂ ਭੱਜਕੇ ਭਾਰਤ ਆਉਣ ਵਾਲਿਆਂ ਲਈ ਬਦਲ ਬਹੁਤ ਸੌਖਾ ਹੈ। ਉਹ ਇਹ ਕਿ ਇੱਕ ਹੋਰ ਦਿਨ ਭਾਰਤ ਵਿੱਚ ਰਹਿ ਲਿਆ ਜਾਵੇ। ਚਾਹੇ ਅਗਲੇ ਦਿਨ ਜ਼ਬਰਦਸਤੀ ਮਿਆਂਮਾਰ ਭੇਜ ਦੇਣ ਦੇ ਡਰ ਦਾ ਹੀ ਸਾਹਮਣਾ ਕਿਉਂ ਨਾ ਕਰਨਾ ਪਵੇ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)