ਮਹਾਰਾਣੀ ਐਲਿਜ਼ਾਬੈਥ II ਦਾ ਜੀਵਨ ਸਫ਼ਰ: ਲੰਬੀ ਜ਼ਿੰਦਗੀ ਜ਼ਿੰਮੇਵਾਰੀ ਨੂੰ ਸਮਰਪਿਤ ਰਹੀ

ਤਸਵੀਰ ਸਰੋਤ, Getty Images
ਮਹਾਰਾਣੀ ਐਲਿਜ਼ਾਬੈਥ II ਦੀ ਲੰਬੀ ਰਾਜਸੱਤਾ ਉਨ੍ਹਾਂ ਦੇ ਆਪਣੇ ਤਖ਼ਤ ਅਤੇ ਲੋਕਾਂ ਲਈ ਦ੍ਰਿੜ ਸਮਰਪਣ ਅਤੇ ਫਰਜ਼ ਲਈ ਯਾਦ ਰੱਖੀ ਜਾਵੇਗੀ।
ਉਹ ਬਹੁਤ ਸਾਰੇ ਲੋਕਾਂ ਲਈ ਤੇਜ਼ੀ ਨਾਲ ਬਦਲਦੇ ਸੰਸਾਰ ਵਿੱਚ ਇੱਕ ਸਥਿਰ ਬਿੰਦੂ ਬਣੇ ਰਹੇ।
ਭਾਵੇਂ ਕਿ ਬ੍ਰਿਟਿਸ਼ ਪ੍ਰਭਾਵ ਵਿੱਚ ਗਿਰਾਵਟ ਆਈ, ਮਾਨਤਾਵਾਂ ਤੋਂ ਪਰੇ ਸਮਾਜ ਬਦਲ ਗਿਆ ਅਤੇ ਰਾਜਸ਼ਾਹੀ ਦੀ ਭੂਮਿਕਾ ਖੁਦ ਸਵਾਲਾਂ ਵਿੱਚ ਆ ਗਈ।
ਅਜਿਹੇ ਉਥਲ-ਪੁਥਲ ਵਾਲੇ ਸਮਿਆਂ ਵਿੱਚ ਰਾਜਸ਼ਾਹੀ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਸਫ਼ਲਤਾ ਹੋਰ ਵੀ ਕਮਾਲ ਦੀ ਸੀ ਕਿਉਂਕਿ ਉਨ੍ਹਾਂ ਦੇ ਜਨਮ ਦੇ ਸਮੇਂ ਸ਼ਾਇਦ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਰਾਜਗੱਦੀ ਉਨ੍ਹਾਂ ਦੀ ਕਿਸਮਤ ਵਿੱਚ ਹੋਵੇਗੀ।
ਐਲਿਜ਼ਾਬੈਥ ਐਲੇਗਜ਼ਾਂਡਰਾ ਮੇਰੀ ਵਿੰਡਸਰ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਬਰਕਲੇ ਸਕੁਏਅਰ ਨੇੜੇ ਹੋਇਆ।
ਉਹ ਜੌਰਜ ਪੰਜਵੇਂ ਦੇ ਦੂਜੇ ਪੁੱਤਰ ਐਲਬਰਟ, ਡਿਊਕ ਆਫ ਯੌਰਕ ਦੇ ਘਰ ਜਨਮੀ।
ਐਲਿਜ਼ਾਬੈਥ ਬੌਵਸ-ਲਿਓਨ ਉਨ੍ਹਾਂ ਦੀ ਮਾਂ ਸਨ। ਮਹਾਰਾਣੀ ਐਲਿਜ਼ਾਬੈਥ-II ਦਾ ਲੰਬੀ ਰਾਜਸੱਤਾ ਉਨ੍ਹਾਂ ਦੇ ਆਪਣੇ ਤਖ਼ਤ ਅਤੇ ਲੋਕਾਂ ਲਈ ਦ੍ਰਿੜ ਸਮਰਪਣ ਅਤੇ ਫਰਜ਼ ਲਈ ਯਾਦ ਰੱਖੀ ਜਾਵੇਗੀ।

ਤਸਵੀਰ ਸਰੋਤ, Getty Images

1930 ਵਿੱਚ ਐਲਿਜ਼ਾਬੈਥ ਦੀ ਛੋਟੀ ਭੈਣ ਮਾਰਗਰੇਟ ਰੋਜ਼ ਦਾ ਜਨਮ ਹੋਇਆ।
ਦੋਵਾਂ ਭੈਣਾਂ ਦੀ ਪੜ੍ਹਾਈ ਖੁਸ਼ਨੁਮਾ ਮਾਹੌਲ ਵਿੱਚ ਘਰ ਹੀ ਹੋਈ।
ਐਲਿਜ਼ਾਬੈਥ ਸਭ ਤੋਂ ਵੱਧ ਆਪਣੇ ਪਿਤਾ ਅਤੇ ਦਾਦਾ ਜੌਰਜ ਪੰਜਵੇਂ ਦੇ ਨੇੜੇ ਸੀ।
6 ਸਾਲ ਦੀ ਉਮਰ ਵਿੱਚ ਐਲਿਜ਼ਾਬੈਥ ਨੇ ਘੋੜਸਵਾਰੀ ਸਿਖਾਉਣ ਵਾਲੇ ਕੋਚ ਨੂੰ ਕਿਹਾ ਕਿ ਉਹ ''ਪੇਂਡੂ ਔਰਤ ਵਾਂਗ ਰਹਿਣਾ ਚਾਹੁੰਦੀ ਹੈ, ਜਿਸ ਕੋਲ ਬਹੁਤ ਸਾਰੇ ਘੋੜੇ ਅਤੇ ਪਾਲਤੂ ਕੁੱਤੇ ਹੋਣ।''
ਕਿਹਾ ਜਾਂਦਾ ਹੈ ਕਿ ਐਲਿਜ਼ਾਬੈਥ ਨੂੰ ਨਿੱਕੀ ਉਮਰ ਤੋਂ ਹੀ ਜ਼ਿੰਮੇਵਾਰੀ ਦਾ ਅਹਿਸਾਸ ਸੀ।
ਅੱਗੇ ਚੱਲ ਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਵਿੰਸਟਨ ਚਰਚਿਲ ਨੇ ਕਿਹਾ ਸੀ ਕਿ ਇਸ ਬੱਚੀ ਵਿੱਚ ''ਰਾਜ ਕਰਨ ਦੀ ਸਮਰੱਥਾ ਤੇ ਅਸਰਦਾਰ ਸ਼ਖਸੀਅਤ ਦੇ ਗੁਣ ਹਨ।''
ਸਕੂਲ ਤੋਂ ਰਸਮੀ ਪੜ੍ਹਾਈ ਨਾ ਕਰਨ ਦੇ ਬਾਵਜੂਦ ਐਲਿਜ਼ਾਬੈਥ ਕਈ ਭਾਸ਼ਾਵਾਂ ਦਾ ਗਿਆਨ ਰੱਖਦੀ ਸੀ ਅਤੇ ਉਨ੍ਹਾਂ ਸੰਵਿਧਾਨ ਦੇ ਇਤਿਹਾਸ ਦਾ ਵਿਸਥਾਰ ਵਿੱਚ ਅਧਿਐਨ ਕੀਤਾ।
ਫਸਟ ਬਕਿੰਘਮ ਪੈਲੇਸ ਵਿੱਚ ਸਪੈਸ਼ਲ ਗਰਲਜ਼ ਗਾਈਡਜ਼ ਕੰਪਨੀ ਤਿਆਰ ਕੀਤੀ ਗਈ ਤਾਂ ਜੋ ਉਹ ਹਮਉਮਰ ਕੁੜੀਆਂ ਨਾਲ ਘੁਲ-ਮਿਲ ਸਕਣ।

ਵਧਦਾ ਤਣਾਅ

ਤਸਵੀਰ ਸਰੋਤ, Getty Images

1936 ਵਿੱਚ ਜੌਰਜ ਪੰਜਵੇਂ ਦੀ ਮੌਤ ਮਗਰੋਂ ਉਨ੍ਹਾਂ ਦੇ ਵੱਡੇ ਪੁੱਤਰ ਡੇਵਿਡ ਨੇ ਐਡਵਰਡ ਅੱਠਵੇਂ ਵਜੋਂ ਗੱਦੀ ਸੰਭਾਲੀ।
ਭਾਵੇਂ ਕਿ ਉਨ੍ਹਾਂ ਵੱਲੋਂ ਅਮਰੀਕਾ ਦੀ ਦੋ ਵਾਰ ਤਲਾਕਸ਼ੁਦਾ ਵਾਲਿਸ ਸਿੰਪਸਨ ਨੂੰ ਪਤਨੀ ਵਜੋਂ ਚੁਨਣਾ ਸਿਆਸੀ ਅਤੇ ਧਾਰਮਿਕ ਅਧਾਰ 'ਤੇ ਪ੍ਰਵਾਨ ਨਹੀਂ ਕੀਤਾ ਗਿਆ, ਸਾਲ ਦੇ ਅੰਤ ਵਿੱਚ ਉਨ੍ਹਾਂ ਅਹੁਦਾ ਤਿਆਗ ਦਿੱਤਾ।
ਇਸ ਮਗਰੋਂ ਡਿਊਕ ਆਫ਼ ਯੌਰਕ ਨੇ ਕਿੰਗ ਜੌਰਜ ਛੇਵੇਂ ਵਜੋਂ ਅਹੁਦਾ ਸੰਭਾਲਿਆ।
ਉਨ੍ਹਾਂ ਦੀ ਤਾਜਪੋਸ਼ੀ ਨੇ ਐਲਿਜ਼ਾਬੈਥ ਨੂੰ ਸਮੇਂ ਨਾਲੋਂ ਪਹਿਲਾਂ ਹੀ ਅਹਿਸਾਸ ਕਰਵਾ ਦਿੱਤਾ ਕਿ ਉਨ੍ਹਾਂ ਲਈ ਭਵਿੱਖ ਵਿੱਚ ਕੀ ਤੈਅ ਹੋਇਆ ਹੈ, ਇਸ ਬਾਰੇ ਉਨ੍ਹਾਂ ਬਾਅਦ ਵਿੱਚ ਲਿਖਿਆ ਵੀ ਕਿ ਇਹ ਸੇਵਾ 'ਬਹੁਤ ਹੀ ਅਦਭੁੱਤ ਰਹੀ।'
ਯੂਰਪ ਵਿੱਚ ਵਧ ਰਹੇ ਤਣਾਅ ਵਿਚਾਲੇ ਨਵੇਂ ਰਾਜੇ ਅਤੇ ਉਨ੍ਹਾਂ ਦੀ ਪਤਨੀ ਲੋਕਾਂ ਦਾ ਰਾਜਸ਼ਾਹੀ ਵਿੱਚ ਵਿਸ਼ਵਾਸ਼ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਵਿੱਚ ਸਨ। ਉਨ੍ਹਾਂ ਨੂੰ ਆਪਣੀ ਵੱਡੀ ਧੀ ਤੋਂ ਉਮੀਦਾਂ ਬਹੁਤ ਸਨ।
1939 ਵਿੱਚ 13 ਸਾਲਾਂ ਦੀ ਉਮਰ ਵਿੱਚ ਰਾਜਕੁਮਾਰੀ ਨੇ ਆਪਣੇ ਪਿਤਾ ਅਤੇ ਮਾਂ ਨਾਲ ਡਾਰਮਾਊਥ ਦੇ ਰੌਇਲ ਨੇਵਲ ਕਾਲਜ ਦਾ ਦੌਰਾ ਕੀਤਾ ਸੀ।
ਭੈਣ ਮਾਰਗਰੇਟ ਨਾਲ ਐਲਿਜ਼ਾਬੈਥ ਦਾ ਸਵਾਗਤ ਪਰੇਡ ਰਾਹੀਂ ਹੋਇਆ, ਅਗਵਾਈ ਕੈਡੇਟ ਅਤੇ ਗਰੀਸ ਦੇ ਪ੍ਰਿੰਸ ਫਿਲਿਪ ਨੇ ਕੀਤੀ।
ਔਕੜਾਂ

ਤਸਵੀਰ ਸਰੋਤ, PA

ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਹ ਮਿਲੇ ਸਨ, ਹਾਂ ਪਹਿਲੀ ਵਾਰ ਐਲਿਜ਼ਾਬੈਥ ਨੇ ਫਿਲਿਪ ਵਿੱਚ ਦਿਲਚਸਪੀ ਲਈ ਸੀ।
ਛੁੱਟੀਆਂ ਦੌਰਾਨ ਪ੍ਰਿੰਸ ਫਿਲਿਪ ਨੂੰ ਉਨ੍ਹਾਂ ਦੇ ਸ਼ਾਹੀ ਰਿਸ਼ਤੇਦਾਰਾਂ ਵੱਲੋਂ ਸੱਦਿਆ ਗਿਆ ਸੀ।
ਇਹ ਸਾਲ 1944 ਸੀ, ਉਸ ਵੇਲੇ ਐਲਿਜ਼ਾਬੈਥ ਦੀ ਉਮਰ 18 ਸਾਲ ਦੀ ਸੀ, ਉਹ ਪ੍ਰਿੰਸ ਫਿਲਿਪ ਦੇ ਪਿਆਰ ਵਿੱਚ ਪੈ ਗਈ ਸੀ।
ਐਲਿਜ਼ਾਬੈਥ ਨੇ ਆਪਣੇ ਕਮਰੇ ਵਿੱਚ ਪ੍ਰਿੰਸ ਦੀ ਫੋਟੋ ਰੱਖੀ ਹੋਈ ਸੀ ਅਤੇ ਦੋਵਾਂ ਵਿਚਾਲੇ ਪੱਤਰ ਵਿਹਾਰ ਵੀ ਹੁੰਦਾ ਸੀ।
ਰਾਜਕੁਮਾਰੀ ਐਲਿਜ਼ਾਬੈਥ ਨੇ ਜੰਗ ਦੇ ਸਾਲ ਦੇ ਅੰਤ ਵਿੱਚ ਔਗਜ਼ਿਲਿਅਰੀ ਟੈਰੀਟੋਰੀਅਲ ਸਰਵਿਸ (ATS) ਜੁਆਇਨ ਕੀਤੀ, ਇਸ ਦੌਰਾਨ ਉਨ੍ਹਾਂ ਡਰਾਇਵਿੰਗ ਅਤੇ ਲੌਰੀ ਦੀ ਸਰਵਿਸ ਕਰਨੀ ਸਿੱਖੀ।
ਦੂਜੀ ਵਿਸ਼ਵ ਜੰਗ ਵਿੱਚ ਵਿਰੋਧੀਆਂ ਦੇ ਆਤਮ ਸਮਰਪਣ ਮਗਰੋਂ ਬਕਿੰਘਮ ਪੈਲੇਸ ਵਿੱਚ ਰਖਵਾਏ ਸਮਾਗਮ ਵਿੱਚ ਐਲਿਜ਼ਾਬੈਥ ਸ਼ਾਮਲ ਹੋਈ।
ਐਲਿਜ਼ਾਬੈਥ ਨੇ ਇੱਕ ਵਾਰ ਕਿਹਾ ਸੀ, ''ਅਸੀਂ ਆਪਣੇ ਮਾਪਿਆਂ ਤੋਂ ਇਕੱਠੇ ਬਾਹਰ ਜਾਣ ਦੀ ਇਜਾਜ਼ਤ ਲਈ।''
''ਮੈਨੂੰ ਯਾਦ ਹੈ ਕਿ ਅਸੀਂ ਪਛਾਣੇ ਜਾਣ ਤੋਂ ਡਰ ਰਹੇ ਸੀ। ਲੋਕਾਂ ਨੂੰ ਅਸੀਂ ਹੱਥ ਵਿੱਚ ਹੱਥ ਪਾਈ ਨਿਧੜਕ ਵ੍ਹਾਈਟ ਹਾਲ ਵਿੱਚ ਘੁੰਮਦੇ ਫਿਰਦੇ ਵੇਖਿਆ। ਇਹ ਪਲ ਰਾਹਤ ਦੇਣ ਵਾਲਾ ਸੀ।''
ਜੰਗ ਤੋਂ ਬਾਅਦ ਪ੍ਰਿੰਸ ਫਿਲਿਪ ਨਾਲ ਵਿਆਹ ਕਰਨ ਦੀ ਤਾਂਘ ਰੱਖਣ ਵਾਲੀ ਐਲਿਜ਼ਾਬੈਥ ਸਾਹਮਣੇ ਕਈ ਰੁਕਾਵਟਾਂ ਆਈਆਂ।
ਕਿੰਗ ਜੌਰਜ ਆਪਣੀ ਧੀ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ ਦੂਜੇ ਪਾਸੇ ਫਿਲਿਪ ਨੂੰ ਉਨ੍ਹਾਂ ਦੇ ਵਿਦੇਸ਼ੀ ਹੋਣ ਕਾਰਨ ਸਵੀਕਾਰਿਆ ਨਹੀਂ ਜਾਣਾ ਸੀ।
ਪਿਤਾ ਦੀ ਮੌਤ
ਇਸ ਜੋੜੇ ਦੀ ਇੱਛਾ 20 ਨਵੰਬਰ 1947 ਨੂੰ ਪੂਰੀ ਹੋ ਗਈ ਅਤੇ ਦੋਵਾਂ ਦਾ ਵਿਆਹ ਵੈਸਟਮਿੰਸਟਰ ਐਬੇ ਵਿੱਚ ਹੋ ਗਿਆ।
ਫਿਲਿਪ ਡਿਊਕ ਆਫ ਐਡਿਨਬਰਾ ਬਣ ਗਏ ਪਰ ਨਾਲ ਹੀ ਉਹ ਨੇਵੀ ਵਿੱਚ ਅਫਸਰ ਵੱਜੋਂ ਸੇਵਾਵਾਂ ਵੀ ਦਿੰਦੇ ਰਹੇ।
ਕੁਝ ਸਮੇਂ ਲਈ ਉਨ੍ਹਾਂ ਦੀ ਮਾਲਟਾ ਵਿੱਚ ਪੋਸਟਿੰਗ ਹੋਈ, ਜਿਸ ਕਾਰਨ ਦੋਵਾਂ ਪਤੀ-ਪਤਨੀ ਨੇ ਇੱਕ ਦੂਜੇ ਨਾਲ ਸਮਾਂ ਬਤੀਤ ਕੀਤਾ।
ਉਨ੍ਹਾਂ ਦੀ ਪਹਿਲੀ ਔਲਾਦ ਚਾਰਲਸ ਸਨ, ਜਿਨ੍ਹਾਂ ਦਾ ਜਨਮ 1948 ਵਿੱਚ ਹੋਇਆ ਅਤੇ ਦੂਜੀ ਔਲਾਦ ਐਨੀ ਸੀ, ਜੋ 1950 ਵਿੱਚ ਜਨਮੀ।
ਦੂਜੀ ਵਿਸ਼ਵ ਜੰਗ ਦੌਰਾਨ ਮਹਾਰਾਜਾ ਜੌਰਜ ਕਾਫੀ ਤਣਾਅ ਵਿੱਚ ਰਹੇ, ਸਿਗਰਟ ਦੀ ਵਰਤੋਂ ਜ਼ਿਆਦਾ ਕਰਦੇ ਸਨ। ਜਿਸ ਕਾਰਨ ਬਿਮਾਰ ਰਹਿਣ ਲੱਗੇ ਅਤੇ ਉਨ੍ਹਾਂ ਨੂੰ ਫੇਫੜੇ ਦਾ ਕੈਂਸਰ ਹੋ ਗਿਆ।
25 ਸਾਲ ਦੀ ਉਮਰ ਵਿੱਚ ਐਲਿਜ਼ਾਬੈਥ 1952 ਵਿੱਚ ਫਿਲਿਪ ਨਾਲ ਵਿਦੇਸ਼ ਯਾਤਰਾ 'ਤੇ ਨਿਕਲ ਗਈ।
ਡਾਕਟਰਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਮਹਾਰਾਜਾ ਜੌਰਜ ਦੋਵਾਂ ਨੂੰ ਏਅਰਪੋਰਟ ਵਿਦਾ ਕਰਨ ਗਏ।
ਇਹ ਆਖਰੀ ਸਮਾਂ ਸੀ ਜਦੋਂ ਐਲਿਜ਼ਾਬੈਥ ਨੇ ਆਪਣੇ ਪਿਤਾ ਨੂੰ ਦੇਖਿਆ।
ਐਲਿਜ਼ਾਬੈਥ ਨੂੰ ਜਦੋਂ ਪਿਤਾ ਦੀ ਮੌਤ ਦੀ ਖ਼ਬਰ ਲੱਗੀ ਤਾਂ ਉਹ ਉਸ ਵੇਲੇ ਕੀਨੀਆ ਵਿੱਚ ਸੀ ਅਤੇ ਤੁਰੰਤ ਲੰਡਨ ਵਾਪਸ ਆ ਗਈ, ਪਰ ਰਾਣੀ ਦੇ ਰੂਪ ਵਿੱਚ।
ਬਾਅਦ ਵਿੱਚ ਐਲਿਜ਼ਾਬੈਥ ਨੇ ਦੱਸਿਆ, ''ਮੈਨੂੰ ਕਿਸੇ ਤਰ੍ਹਾਂ ਦਾ ਤਜਰਬਾ ਨਹੀਂ ਸੀ। ਮੇਰੇ ਪਿਤਾ ਬੇਹੱਦ ਘੱਟ ਉਮਰ ਵਿੱਚ ਗੁਜ਼ਰ ਗਏ, ਇਸ ਲਈ ਅਹੁਦਾ ਸੰਭਾਲਣਾ ਅਚਾਨਕ ਆਈ ਕਿਸੇ ਜ਼ਿੰਮੇਵਾਰੀ ਵਾਂਗ ਸੀ।''
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ

ਤਸਵੀਰ ਸਰੋਤ, PA
ਜੂਨ 1953 ਵਿੱਚ ਐਲਿਜ਼ਾਬੈਥ ਦੀ ਤਾਜਪੋਸ਼ੀ ਦਾ ਟੈਲੀਵਿਜ਼ਨ 'ਤੇ ਪ੍ਰਸਾਰਣ ਹੋਇਆ।
ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਵਿਰੋਧ ਦੇ ਬਾਵਜੂਦ ਲੱਖਾਂ ਲੋਕਾਂ ਟੀਵੀ ਸੈੱਟਾਂ ਦੇ ਦੁਆਲੇ ਇਕੱਠੇ ਹੋਏ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੇ ਮਹਾਰਾਣੀ ਐਲੀਜ਼ਬੇਥ-II ਨੂੰ ਪਹਿਲੀ ਵਾਰ ਸਹੁੰ ਚੁੱਕ ਸਮਾਗਮ ਦੌਰਾਨ ਦੇਖਿਆ।
ਬ੍ਰਿਟੇਨ ਹਾਲੇ ਵੀ ਦੂਜੀ ਵਿਸ਼ਵ ਜੰਗ ਮਗਰੋਂ ਪੈਦਾ ਹੋਏ ਹਾਲਾਤ ਨਾਲ ਜੂਝ ਰਿਹਾ ਸੀ। ਟਿੱਪਣੀਕਾਰ ਕਹਿ ਰਹੇ ਸਨ ਕਿ ਇਹ ਤਾਜਪੋਸ਼ੀ ਐਲਿਜ਼ਾਬੈਥ ਯੁਗ ਦੀ ਸ਼ੁਰਆਤ ਸੀ।
ਦੂਜੇ ਵਿਸ਼ਵ ਯੁੱਧ ਨੇ ਬ੍ਰਿਟਿਸ਼ ਸਾਮਰਾਜ ਦੇ ਅੰਤ ਵਿੱਚ ਤੇਜ਼ੀ ਲਿਆਉਣ ਲਈ ਕੰਮ ਕੀਤਾ ਸੀ।
ਜਦੋਂ ਨਵੀਂ ਮਹਾਰਾਣੀ ਨਵੰਬਰ 1953 ਵਿੱਚ ਰਾਸ਼ਟਰਮੰਡਲ ਦੇ ਲੰਬੇ ਦੌਰੇ 'ਤੇ ਰਵਾਨਾ ਹੋਈ ਸੀ, ਭਾਰਤ ਸਮੇਤ ਕਈ ਸਾਬਕਾ ਬ੍ਰਿਟਿਸ਼ ਮੁਲਕਾਂ ਨੇ ਆਜ਼ਾਦੀ ਪ੍ਰਾਪਤ ਕਰ ਲਈ ਸੀ।
ਇਹ ਪਹਿਲੀ ਵਾਰ ਸੀ ਕਿ ਗੱਦੀ 'ਤੇ ਕਾਬਜ਼ ਕੋਈ ਸ਼ਾਸ਼ਕ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ 'ਤੇ ਗਿਆ ਹੋਵੇ।
ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਤਿੰਨ-ਚੌਥਾਈ ਆਸਟ੍ਰੇਲੀਆਈ ਉਸ ਨੂੰ ਵਿਅਕਤੀਗਤ ਰੂਪ ਵਿੱਚ ਦੇਖਣ ਲਈ ਨਿਕਲੇ।
1950 ਦੇ ਦਹਾਕੇ ਦੌਰਾਨ, ਹੋਰ ਦੇਸ਼ਾਂ ਨੇ ਯੂਨੀਅਨ ਝੰਡੇ ਨੂੰ ਉਤਾਰ ਦਿੱਤਾ ਅਤੇ ਪੁਰਾਣੀਆਂ ਬਸਤੀਆਂ ਅਤੇ ਸ਼ਾਸਨ ਹੁਣ ਰਾਸ਼ਟਰਾਂ ਦੇ ਇੱਕ ਸਵੈ-ਇੱਛਤ ਮੰਡਲ ਵਜੋਂ ਇਕੱਠੇ ਹੋ ਗਏ।
ਬਹੁਤ ਸਾਰੇ ਸਿਆਸਤਦਾਨਾਂ ਨੇ ਮਹਿਸੂਸ ਕੀਤਾ ਕਿ ਨਵਾਂ ਰਾਸ਼ਟਰਮੰਡਲ ਨਵੇਂ ਉੱਭਰ ਰਹੇ ਯੂਰਪੀਅਨ ਆਰਥਿਕ ਭਾਈਚਾਰੇ ਦਾ ਵਿਰੋਧੀ ਬਣ ਸਕਦਾ ਹੈ ਅਤੇ, ਕੁਝ ਹੱਦ ਤੱਕ, ਬ੍ਰਿਟਿਸ਼ ਨੀਤੀ ਨੇ ਮਹਾਂਦੀਪ ਤੋਂ ਮੂੰਹ ਮੋੜ ਲਿਆ।
ਨਿੱਜੀ ਹਮਲੇ

ਤਸਵੀਰ ਸਰੋਤ, Getty Images

ਬ੍ਰਿਟੇਨ ਦੇ ਅਸਰ ਨੂੰ ਉਸ ਵੇਲੇ ਤੇਜ਼ੀ ਨਾਲ ਢਾਹ ਲੱਗਿਆ ਜਦੋਂ 1956 ਵਿੱਚ ਸੁਏਜ਼ ਦੀ ਕਰਾਰੀ ਹਾਰ ਹੋਈ, ਇਹ ਵੀ ਸਾਫ਼ ਹੋ ਗਿਆ ਕਿ ਰਾਸ਼ਟਰਮੰਡਲ ਸੰਕਟ ਵੇਲੇ ਇਕੱਠਾ ਨਹੀਂ ਰਹਿ ਸਕਦਾ।
ਮਿਸਰ ਵੱਲੋਂ ਸੁਏਜ਼ ਨਹਿਰ ਦੇ ਰਾਸ਼ਟਰੀਕਰਨ ਦੇ ਵਿਰੋਧ ਵਿੱਚ ਬ੍ਰਿਟਿਸ਼ ਫੌਜਾਂ ਨੂੰ ਭੇਜਣ ਅਤੇ ਸ਼ਰਮਨਾਕ ਤਰੀਕੇ ਨਾਲ ਵਾਪਸ ਸੱਦਣ ਕਰਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਐਂਥਨੀ ਈਡਨ ਨੂੰ ਅਸਤੀਫਾ ਦੇਣਾ ਪਿਆ।
ਇਸ ਕਾਰਨ ਮਹਾਰਾਣੀ ਐਲਿਜ਼ਾਬੈਥ ਗੰਭੀਰ ਸਿਆਸੀ ਸੰਕਟ ਵਿੱਚ ਘਿਰ ਗਈ।
ਕੰਜ਼ਰਵੇਟਿਵ ਪਾਰਟੀ ਕੋਲ ਨਵਾਂ ਨੇਤਾ ਚੁਣਨ ਦਾ ਕੋਈ ਵੀ ਵਿਧੀ ਨਹੀਂ ਸੀ, ਕਈ ਬੈਠਕਾਂ ਅਤੇ ਸਲਾਹਾਂ ਲੈਣ ਤੋਂ ਬਾਅਦ ਮਹਾਰਾਣੀ ਨੇ ਹੈਰਲਡ ਮੈਕਮਿਲਨ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਮਹਾਰਾਣੀ ਐਲਿਜ਼ਾਬੈਥ ਨੂੰ ਲੌਰਡ ਅਲਟ੍ਰਿੰਚਮ ਵੱਲੋਂ ਨਿੱਜੀ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ।
ਇੱਕ ਮੈਗਜ਼ੀਨ ਦੇ ਆਰਕਟੀਕਲ ਰਾਹੀਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਮਹਾਰਾਣੀ ਦਾ ਦਰਬਾਰ 'ਬੇਹੱਦ ਬ੍ਰਿਟਿਸ਼'ਅਤੇ 'ਉੱਚੀ ਜਮਾਤ'ਵਾਲਿਆਂ ਦਾ ਹੈ, ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਮਹਾਰਾਣੀ ਬਿਨਾਂ ਲਿਖੇ ਇੱਕ ਵੀ ਭਾਸ਼ਣ ਨਹੀਂ ਦੇ ਸਕਦੀ।
ਉਸ ਦੀਆਂ ਟਿੱਪਣੀਆਂ ਨੇ ਪ੍ਰੈਸ ਵਿੱਚ ਖਲਬਲੀ ਮਚਾ ਦਿੱਤੀ ਅਤੇ ਲੀਗ ਆਫ ਐਂਪਾਇਰ ਲੌਇਲਿਸਟਸ ਦੇ ਇੱਕ ਮੈਂਬਰ ਦੁਆਰਾ ਗਲੀ ਵਿੱਚ ਲਾਰਡ ਅਲਟਰਿੰਚਮ ਉੱਤੇ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ।
ਇਸ ਤੋਂ ਸਾਫ਼ ਸੀ ਕਿ ਬ੍ਰਿਟਿਸ਼ ਸਮਾਜ ਬਦਲ ਰਿਹਾ ਸੀ ਅਤੇ ਰਾਜਸ਼ਾਹੀ ਪ੍ਰਤੀ ਉਸਦਾ ਨਜ਼ਰੀਆ ਤੇਜ਼ੀ ਨਾਲ ਬਦਲ ਰਿਹਾ ਸੀ ਅਤੇ ਸਵਾਲ ਪੁੱਛੇ ਜਾਣ ਲੱਗੇ ਸਨ।
'ਰਾਜਸ਼ਾਹੀ'ਤੋਂ 'ਸ਼ਾਹੀ ਪਰਿਵਾਰ'ਤੱਕ

ਤਸਵੀਰ ਸਰੋਤ, Getty Images

ਪਤੀ ਵੱਲੋਂ ਹੱਲਾਸ਼ੇਰੀ ਮਿਲਣ ਅਤੇ ਅਦਾਲਤ ਦੀ ਬੇਸਬਰੀ ਵਾਲੀ ਸਖ਼ਤੀ ਮਗਰੋਂ ਮਹਾਰਾਣੀ ਨੇ ਨਵੀਂ ਤਰਕੀਬ ਅਪਣਾਈ ਅਤੇ ਨਵੇਂ ਆਦੇਸ਼ਾਂ ਦੇ ਅਨੂਕੂਲ ਹੋਣ ਸ਼ੁਰੂ ਕਰ ਦਿੱਤਾ।
ਅਦਾਲਤ ਵਿੱਚ ਡੈਬਿਊਟੈਂਟਾਂ ਨੂੰ ਪ੍ਰਾਪਤ ਕਰਨ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਅਤੇ 'ਰਾਜਸ਼ਾਹੀ' ਸ਼ਬਦ ਨੂੰ ਹੌਲੀ ਹੌਲੀ 'ਸ਼ਾਹੀ ਪਰਿਵਾਰ' ਵਿੱਚ ਤਬਦੀਲ ਕਰ ਦਿੱਤਾ ਗਿਆ।
ਸਾਲ 1963 ਵਿੱਚ ਮਹਾਰਾਣੀ ਫਿਰ ਇੱਕ ਸਿਆਸੀ ਵਿਵਾਦ ਵਿੱਚ ਘਿਰ ਗਈ ਜਦੋਂ ਹੈਰਲਡ ਮੈਕਮਿਲਨ ਨੇ ਪ੍ਰਧਾਨ ਮੰਤਰੀ ਅਹੁਦਾ ਛੱਡ ਦਿੱਤਾ।
ਕੰਜ਼ਰਵੇਟਿਵ ਪਾਰਟੀ ਵੱਲੋਂ ਹਾਲੇ ਵੀ ਨਵੇਂ ਨੇਤਾ ਦੀ ਚੋਣ ਲਈ ਇੱਕ ਸਿਸਟਮ ਬਣਾਉਣਾ ਸੀ, ਮਹਾਰਾਣੀ ਨੇ ਮੈਕਮਿਲਨ ਦੀ ਸਲਾਹ ਮੰਨੀ ਅਤੇ ਅਰਲ ਆਫ ਹੋਮ ਨੂੰ ਉਨ੍ਹਾਂ ਦੀ ਥਾਂ ਨਿਯੁਕਤ ਕਰ ਦਿੱਤਾ।
ਇਹ ਮਹਾਰਾਣੀ ਲਈ ਔਖਾ ਸਮਾਂ ਸੀ, ਆਪਣੇ ਅਹੁਦੇ ਨੂੰ ਸੰਵਿਧਾਨਕ ਮਾਨਤਾ ਦੁਆਉਣਾ ਅਤੇ ਰਾਜਸ਼ਾਹੀ ਨੂੰ ਸਰਕਾਰ ਨਾਲੋਂ ਵੱਖ ਰੱਖਣਾ।
ਐਲਿਜ਼ਾਬੈਥ ਨੇ ਸੂਚਿਤ ਕਰਨ, ਸਲਾਹ ਦੇਣ ਅਤੇ ਚਿਤਾਵਨੀ ਦੇਣ ਦੇ ਆਪਣੇ ਅਧਿਕਾਰਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ , ਉਨ੍ਹਾਂ ਇਹ ਅਧਿਕਾਰ ਆਪਣੇ ਕੋਲ ਰੱਖੇ ਪਰ ਇਸ ਤੋਂ ਅੱਗੇ ਨਹੀਂ ਗਏ।
ਇਹ ਆਖ਼ਰੀ ਸਮਾਂ ਸੀ ਜਦੋਂ ਉਨ੍ਹਾਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ।
ਕੰਜ਼ਰਵੇਟਿਵ ਪਾਰਟੀ ਦੇ ਨਵੇਂ ਲੀਡਰ ਦੇ ਅਚਾਨਕ 'ਪ੍ਰਗਟਾਉਣ' ਦੀ ਰਵਾਇਤ ਛੱਡ ਦਿੱਤੀ ਅਤੇ ਚੋਣ ਲਈ ਇੱਕ ਪ੍ਰਕਿਰਿਆ ਤੈਅ ਹੋ ਗਈ।
ਅਰਾਮਦਾਇਕ ਰਵੱਈਆ
1960ਵਿਆਂ ਵਿਚ ਬਕਿੰਘਮ ਪੈਲੇਸ ਨੇ ਸਕਾਰਾਤਮਕ ਕਦਮ ਚੁੱਕਿਆ ਅਤੇ ਫੈਸਲਾ ਕੀਤਾ ਕਿ ਸ਼ਾਹੀ ਪਰਿਵਾਰ ਤੱਕ ਲੋਕਾਂ ਦੀ ਪਹੁੰਚ ਆਸਾਨ ਬਣਾਈ ਜਾਵੇ।
ਨਤੀਜਾ ਇਹ ਹੋਇਆ ਕਿ ਰੌਇਲ ਫੈਮਲੀ ਨਾਂ ਦੀ ਡਾਕੂਮੈਂਟਰੀ ਸਾਹਮਣੇ ਆਈ। ਬੀਬੀਸੀ ਨੂੰ ਵਿੰਡਸਰ ਪੈਲੇਸ ਵਿੱਚ ਜਾਣ ਦੀ ਆਗਿਆ ਮਿਲੀ।
ਉੱਥੇ ਪਰਿਵਾਰ ਦੀਆਂ ਖਾਣਾ ਖਾਂਦੇ ਦੀਆਂ ਤਸਵੀਰਾਂ, ਕ੍ਰਿਸਮਸ ਟ੍ਰੀ ਨੂੰ ਸਜਾਉਣਾ, ਬੱਚਿਆਂ ਨੂੰ ਘੁੰਮਾਉਣ ਲਿਜਾਉਣ ਵਾਲੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜੋ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ।

ਤਸਵੀਰ ਸਰੋਤ, Hulton Archive / Getty Images

ਆਲੋਚਕਾਂ ਦਾ ਕਹਿਣਾ ਸੀ ਕਿ ਰਿਚਰਡ ਕਾਉਸਟਨ ਦੀ ਫਿਲਮ ਨੇ ਸ਼ਾਹੀ ਪਰਿਵਾਰ ਦੇ ਜਲਵੇ ਨੂੰ ਢਾਹ ਲਾਈ ਹੈ ਕਿਉਂਕਿ ਉਨ੍ਹਾਂ ਨੂੰ ਆਮ ਲੋਕਾਂ ਵਾਂਗ ਦਿਖਾਇਆ ਗਿਆ।
ਉਹ ਦ੍ਰਿਸ਼ ਵੀ ਦਿਖਾਇਆ ਗਿਆ, ਜਿਸ ਵਿੱਚ ਡਿਊਕ ਆਫ ਐਡਿਨਬਰਾ ਨੂੰ ਸੌਸੇਜ ਬਣਾਉਂਦੇ ਦਿਖਾਇਆ ਗਿਆ ਸੀ।
ਪਰ ਇਸ ਫਿਲਮ ਨੇ ਪਰਿਵਾਰ ਦੇ ਹਲਕੇ ਮਾਹੌਲ ਨੂੰ ਪੇਸ਼ ਕੀਤਾ ਅਤੇ ਰਾਜਸ਼ਾਹੀ ਵਿੱਚ ਲੋਕਾਂ ਦਾ ਭਰੋਸਾ ਕਾਇਮ ਰਿਹਾ।
1997 ਵਿੱਚ ਹਰ ਥਾਂ ਸਿਲਵਰ ਜੁਬਲੀ ਮਨਾਈ ਗਈ, ਰਾਜਸ਼ਾਹੀ ਪ੍ਰਤੀ ਲੋਕਾਂ ਦਾ ਪਿਆਰ ਅਤੇ ਉਸ ਤੋਂ ਵੀ ਵੱਧ ਰਾਣੀ ਲਈ ਲਗਾਅ ਵੀ ਦੇਖਿਆ ਗਿਆ।
ਦੋ ਸਾਲਾਂ ਬਾਅਦ ਬ੍ਰਿਟੇਨ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਮਿਲੀ। ਸਟੇਟ ਦੀ ਮੁਖੀ ਮਹਿਲਾ ਅਤੇ ਸਰਕਾਰ ਦੀ ਮੁਖੀ ਮਹਿਲਾ ਸੀ, ਦੋਵਾਂ ਮਹਿਲਾ ਆਗੂਆਂ ਦਾ ਰਿਸ਼ਤਾ ਕੁਝ ਅਣਸੁਖਾਵਾਂ ਵੀ ਰਿਹਾ।
ਸਕੈਂਡਲ ਅਤੇ ਬਿਪਤਾ

ਤਸਵੀਰ ਸਰੋਤ, PA

ਇੱਕ ਮੁਸ਼ਕਲ ਖੇਤਰ ਮਹਾਰਾਣੀ ਦੀ ਰਾਸ਼ਟਰਮੰਡਲ ਪ੍ਰਤੀ ਸ਼ਰਧਾ ਸੀ, ਜਿਸ ਦੇ ਉਹ ਮੁਖੀ ਸਨ।
ਐਲਿਜ਼ਾਬੈਥ ਅਫ਼ਰੀਕਾ ਦੇ ਲੀਡਰਾਂ ਨੂੰ ਜਾਣਦੇ ਸਨ ਅਤੇ ਉਨ੍ਹਾਂ ਦੇ ਉਦੇਸ਼ ਪ੍ਰਤੀ ਹਮਦਰਦੀ ਰਖਦੇ ਸਨ।
ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਥੈਚਰ ਦਾ ਰਵੱਈਆ ਅਤੇ ਟਕਰਾਅ ਕਰਨ ਵਾਲਾ ਸਟਾਈਲ ਅਜੀਬ ਲਗਦਾ ਸੀ,
ਖਾਸਕਰ ਦੱਖਣੀ ਅਫ਼ਰੀਕਾ ਵਿੱਚ ਅਪਾਰਥਾਈਡ (ਨਸਲੀ ਵਿਤਕਰੇ) ਖਿਲਾਫ਼ ਲਗਾਈਆਂ ਪਾਬੰਦੀਆਂ ਦੀ ਖਿਲਾਫਤ।
ਸਾਲ ਦਰ ਸਾਲ ਮਹਾਰਾਣੀ ਦੀਆਂ ਰਾਜਸੀ ਸੇਵਾਵਾਂ ਚੱਲਦੀਆਂ ਰਹੀਆਂ।
1991 ਦੇ ਖਾੜੀ ਯੁੱਧ ਦੇ ਬਾਅਦ ਉਹ ਅਮਰੀਕਾ ਗਏ। ਉਹ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਸੰਬੋਧਿਤ ਕਰਨ ਵਾਲੀ ਪਹਿਲੀ ਮਹਾਰਾਣੀ ਬਣੀ।
ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਨੇ ਕਿਹਾ ਕਿ 'ਜਿੱਥੋਂ ਤੱਕ ਸਾਨੂੰ ਯਾਦ ਹੈ, ਉਹ ਆਜ਼ਾਦੀ ਦੇ ਦੋਸਤ ਰਹੇ ਹਨ'।
ਪਰ ਇੱਕ ਸਾਲ ਬਾਅਦ ਸ਼ਾਹੀ ਘਰਾਣੇ 'ਤੇ ਕਈ ਸਕੈਂਡਲਜ਼ ਅਤੇ ਬਿਪਤਾਵਾਂ ਨੇ ਅਸਰ ਪਾਇਆ।
ਮਹਾਰਾਣੀ ਦਾ ਦੂਜਾ ਬੇਟਾ ਡਿਊਕ ਆਫ ਯੌਰਕ ਅਤੇ ਉਨ੍ਹਾਂ ਦੀ ਪਤਨੀ ਸਾਰਾ ਵੱਖ ਹੋ ਗਏ।
ਰਾਜਕੁਮਾਰੀ ਐਨ ਦਾ ਮਾਰਕ ਫਿਲਿਪਸ ਤੋਂ ਤਲਾਕ ਹੋ ਗਿਆ। ਇਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਵੇਲਜ਼ ਦੇ ਰਾਜਕੁਮਾਰ ਅਤੇ ਰਾਜਕੁਮਾਰੀ ਇਕੱਠੇ ਖੁਸ਼ ਨਹੀਂ ਹਨ ਅਤੇ ਕੁਝ ਸਮੇਂ ਬਾਅਦ ਵੱਖ ਹੋ ਗਏ।
ਸਾਲ ਦੇ ਅੰਤ ਵਿੱਚ ਮਹਾਰਾਣੀ ਦੇ ਸਭ ਤੋਂ ਪਸੰਦੀਦਾ ਘਰ ਵਿੰਡਸਰ ਕੈਸਲ ਵਿੱਚ ਅੱਗ ਲੱਗ ਗਈ।
ਇਹ ਸ਼ਾਹੀ ਘਰਾਣੇ ਵਿੱਚ ਚੱਲ ਰਹੇ ਸੰਕਟ ਦਾ ਪ੍ਰਤੀਕ ਸੀ। ਇਸ ਬਾਰੇ ਜਨਤਕ ਤੌਰ 'ਤੇ ਇਹ ਝਗੜਾ ਹੋਇਆ ਕਿ ਵਿੰਡਸਰ ਕੈਸਲ ਦੀ ਮੁਰੰਮਤ ਦਾ ਪੈਸਾ ਲੋਕਾਂ ਦੇ ਟੈਕਸਾਂ ਤੋਂ ਲਿਆ ਜਾਵੇ ਜਾਂ ਮਹਾਰਾਣੀ ਆਪ ਦੇਵੇ।
ਜਨਤਕ ਬਹਿਸ ਦੌਰਾਨ ਮਾਣ ਬਣਾਈ ਰੱਖਣਾ
ਐਲਿਜ਼ਾਬੈਥ ਨੇ ਸਾਲ 1992 ਨੂੰ ਇੱਕ ਬਹੁਤ ਹੀ ਮਾੜਾ ਸਾਲ ਕਿਹਾ । ਲੰਡਨ ਵਿੱਚ ਇੱਕ ਸੰਬੋਧਨ ਦੌਰਾਨ ਉਨ੍ਹਾਂ ਨੇ ਇਹ ਮੰਨਿਆ ਕਿ ਰਾਜਸ਼ਾਹੀ ਨੂੰ ਜ਼ਿਆਦਾ ਮੋਕਲਾ ਹੋਣ ਦੀ ਲੋੜ ਹੈ ਤਾਂ ਕਿ ਮੀਡੀਆ ਦੁਸ਼ਮਣੀ ਘੱਟ ਦਿਖਾਏ।
"ਕੋਈ ਸੰਸਥਾ, ਸ਼ਹਿਰ, ਰਾਜਸ਼ਾਹੀ ਉਨ੍ਹਾਂ ਲੋਕਾਂ ਦੀ ਪੜਤਾਲ ਤੋਂ ਬਚ ਨਹੀਂ ਸਕਦੀ, ਜੋ ਉਸ ਨੂੰ ਆਪਣੀ ਵਫਾਦਾਰੀ ਅਤੇ ਸਹਿਯੋਗ ਦਿੰਦੇ ਹਨ। ਅਸੀਂ ਇੱਕੋ ਸਮਾਜ ਦਾ ਹਿੱਸਾ ਹਾਂ। ਇਹ ਪੜਤਾਲ ਉਸੇ ਤਰ੍ਹਾਂ ਹੀ ਅਸਰਦਾਰ ਹੋਵੇਗੀ ਜੇ ਕੋਮਲਤਾ, ਖੁਸ਼ੀ ਅਤੇ ਆਪਸੀ ਸਹਿਯੋਗ ਨਾਲ ਕੀਤੀ ਜਾਵੇ।"
ਰਾਜਸ਼ਾਹੀ ਆਪਣੇ ਬਚਾਅ ਵਿੱਚ ਲੱਗੀ ਹੋਈ ਸੀ। ਬਕਿੰਘਮ ਪੈਲਸ ਦੇ ਦਰਵਾਜ਼ੇ ਬਾਹਰ ਵਾਲਿਆਂ ਲਈ ਖੋਲ੍ਹੇ ਗਏ ਤਾਂਕਿ ਵਿੰਡਸਰ ਕੈਸਲ ਦੀ ਮੁਰੰਮਤ ਲਈ ਪੈਸੇ ਇਕੱਠੇ ਹੋ ਸਕਣ। ਇਹ ਵੀ ਐਲਾਨ ਕੀਤਾ ਗਿਆ ਕਿ ਮਹਾਰਾਣੀ ਅਤੇ ਵੇਲਜ਼ ਦੇ ਰਾਜਕੁਮਾਰ ਆਮਦਨ 'ਤੇ ਟੈਕਸ ਦੇਣਗੇ।

ਤਸਵੀਰ ਸਰੋਤ, AFP
ਉਨ੍ਹਾਂ ਦੇ ਰਾਜ ਦੇ ਸ਼ੁਰੂਆਤੀ ਸਾਲਾਂ ਵਿੱਚ ਰਾਸ਼ਟਰਮੰਡਲ ਲਈ ਜੋ ਉਮੀਦਾਂ ਲਗਾਈਆਂ ਗਈਆਂ ਸਨ, ਉਹ ਪੂਰੀਆਂ ਨਹੀਂ ਹੋ ਸਕੀਆਂ। ਬ੍ਰਿਟੇਨ ਨੇ ਪੁਰਾਣੇ ਸਾਥੀਆਂ ਤੋਂ ਮੂਹ ਮੋੜ ਲਿਆ ਅਤੇ ਯੂਰਪ ਨਾਲ ਨਵੇਂ ਰਿਸ਼ਤੇ ਬਣਾ ਲਏ।
ਮਹਾਰਾਣੀ ਨੂੰ ਰਾਸ਼ਟਰਮੰਡਲ ਲਈ ਕਈ ਉਮੀਦਾਂ ਨਜ਼ਰ ਆਉਂਦੀਆਂ ਸਨ। ਉਹ ਬਹੁਤ ਖੁਸ਼ ਹੋਏ ਜਦੋਂ ਦੱਖਣੀ ਅਫ਼ਰੀਕਾ ਨੇ ਅਪਾਰਥਾਈਡ (ਨਸਲੀ ਵਿਤਕਰੇ) ਨੂੰ ਖ਼ਤਮ ਕੀਤਾ।
ਉਸ ਦਾ ਜਸ਼ਨ ਮਨਾਉਣ ਲਈ ਉਹ ਮਾਰਚ 1995 ਵਿੱਚ ਉੱਥੇ ਗਏ। ਬ੍ਰਿਟੇਨ ਵਿੱਚ ਵੀ ਮਹਾਰਾਣੀ ਦੀ ਰਾਜਸ਼ਾਹੀ ਦਾ ਮਾਣ ਬਣਾਈ ਰੱਖਣ ਦੀ ਕੋਸ਼ਿਸ਼ ਜਾਰੀ ਰਹੀ। ਦੂਜੇ ਪਾਸੇ ਇਹ ਬਹਿਸ ਚੱਲਦੀ ਰਹੀ ਕਿ ਕੀ ਇਸ ਸੰਸਥਾ ਦਾ ਕੋਈ ਭਵਿੱਖ ਹੈ ਜਾਂ ਨਹੀਂ।
ਵੇਲਜ਼ ਦੀ ਰਾਜਕੁਮਾਰੀ ਡਾਇਨਾ ਦੀ ਮੌਤ

ਤਸਵੀਰ ਸਰੋਤ, PA

ਜਿੱਥੇ ਬ੍ਰਿਟੇਨ ਇੱਕ ਨਵੀਂ ਪਛਾਣ ਬਣਾਉਣ ਲਈ ਸੰਘਰਸ਼ ਕਰ ਰਿਹਾ ਸੀ, ਉੱਥੇ ਉਹ ਹੌਸਲਾ ਦੇਣ ਵਾਲੀ ਮੂਰਤ ਵਜੋਂ ਰਹੇ। ਉਨ੍ਹਾਂ ਦੀ ਇੱਕ ਮੁਸਕਾਨ ਕਿਸੇ ਵੀ ਦੁੱਖ ਭਰੇ ਸਮੇਂ ਵਿੱਚ ਰੌਸ਼ਨੀ ਬਿਖੇਰ ਸਕਦੀ ਸੀ।
ਵੇਲਜ਼ ਦੀ ਰਾਜਕੁਮਾਰੀ ਡਾਇਨਾ ਦੀ ਅਗਸਤ 1997 ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਰਾਜਸ਼ਾਹੀ ਹਿੱਲ ਗਈ ਅਤੇ ਮਹਾਰਾਣੀ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਲੋਕ ਮਹਿਲ ਦੇ ਬਾਹਰ ਫੁੱਲ ਲੈ ਕੇ ਡਾਇਨਾ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋ ਗਏ। ਮਹਾਰਾਣੀ ਉਨ੍ਹਾਂ ਨੂੰ ਉਹ ਸੇਧ ਦੇਣ ਵਿੱਚ ਹਿਚਕਿਚਾਉਂਣ ਲੱਗੇ ਜੋ ਉਹ ਹਮੇਸ਼ਾ ਦੇਸ ਦੇ ਲਈ ਜ਼ਰੂਰੀ ਪਲਾਂ ਵਿੱਚ ਦਿੰਦੇ ਆਏ ਸਨ।
ਉਨ੍ਹਾਂ ਦੇ ਆਲੋਚਕਾਂ ਨੂੰ ਇਹ ਸਮਝ ਨਹੀਂ ਆਈ ਕਿ ਉਹ ਉਸ ਪੀੜੀ ਦੇ ਸਨ, ਜੋ ਆਪਣਾ ਦੁੱਖ ਜਨਤਕ ਤੌਰ 'ਤੇ ਨਹੀਂ ਦਿਖਾਉਂਦੀ ਸੀ।
ਉਨ੍ਹਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਇੱਕ ਦਾਦੀ ਹੋਣ ਦੇ ਨਾਤੇ ਉਨ੍ਹਾਂ ਨੇ ਡਾਇਨਾ ਦੇ ਬੇਟਿਆਂ ਨੂੰ ਹੌਸਲਾ ਦੇਣਾ ਸੀ। ਉਹ ਇਹ ਪਰਿਵਾਰ ਦੇ ਵਿੱਚ ਗੁਪਤ ਢੰਗ ਨਾਲ ਦੇਣਾ ਚਾਹੁੰਦੇ ਸਨ।
ਆਖ਼ਰ ਉਨ੍ਹਾਂ ਨੇ ਲਾਈਵ ਸੰਬੋਧਨ ਕਰਦੇ ਹੋਏ ਆਪਣੀ ਨੂੰਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਹ ਵਾਅਦਾ ਕੀਤਾ ਕਿ ਰਾਜਸ਼ਾਹੀ ਸਮੇਂ ਦੇ ਨਾਲ ਬਦਲੇਗੀ।
ਨੁਕਸਾਨ ਅਤੇ ਜਸ਼ਨ
ਮਹਾਰਾਣੀ ਦੀ ਮਾਤਾ ਤੇ ਰਾਜਕੁਮਾਰੀ ਮਾਰਗਰੇਟ ਦੀਆਂ ਮੌਤਾਂ ਕਾਰਨ 2002 ਵਿੱਚ ਮਹਾਰਾਣੀ ਦੇ ਰਾਜ ਦੇ 50 ਸਾਲਾ ਪੂਰੇ ਹੋਣ ਦੇ ਕੌਮੀ ਜਸ਼ਨ ਉੱਤੇ ਬੱਦਲ ਮੰਡਰਾਉਣ ਲੱਗੇ ਸਨ।
ਪਰ ਇਨ੍ਹਾਂ ਘਟਨਾਵਾਂ ਅਤੇ ਰਾਜਸ਼ਾਹੀ ਦੇ ਭਵਿੱਖ ਦੇ ਬਾਵਜੂਦ ਕਰੀਬ 10 ਲੱਖ ਲੋਕ ਮਹਾਰਾਣੀ ਦੇ ਰਾਜ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਬਕਿੰਘਮ ਪੈਲੇਸ ਦੇ ਸਾਹਮਣੇ ਇਕੱਠੇ ਹੋਏ ਸਨ।
ਅਪ੍ਰੈਲ 2006 ਵਿੱਚ ਹਜ਼ਾਰਾਂ ਸ਼ੁੱਭਚਿੰਤਕ ਵਿੰਡਸਰ ਦੀਆਂ ਸੜਕਾਂ ਉੱਤੇ ਪਹੁੰਚੇ ਸਨ ਕਿਉਂਕਿ ਮਹਾਰਾਣੀ ਨੇ ਆਪਣੇ 80ਵੇਂ ਜਨਮ ਦਿਨ ਮੌਕੇ ਗ਼ੈਰ-ਰਸਮੀ ਵਾਕ ਆਊਟ ਕੀਤਾ ਸੀ।

ਤਸਵੀਰ ਸਰੋਤ, PA

ਨਵੰਬਰ 2007 ਵਿੱਚ ਉਹ ਅਤੇ ਰਾਜਕੁਮਾਰ ਫਿਲਿਪ ਨੇ ਆਪਣੇ ਵਿਆਹ ਦੇ 60 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਵੈਸਟਮਿਨਸਟਰ ਐਬੇ ਵਿੱਚ ਹੋਏ ਇਸ ਸਮਾਗਮ ਵਿੱਚ ਕਰੀਬ 2000 ਲੋਕ ਇਕੱਠੇ ਹੋਏ ਸਨ।
ਅਪ੍ਰੈਲ 2011 ਵਿੱਚ ਇੱਕ ਹੋਰ ਖੁਸ਼ੀ ਦਾ ਮੌਕਾ ਆਇਆ ਸੀ ਜਦੋਂ ਮਹਾਰਾਣੀ ਨੇ ਆਪਣੇ ਪੋਤੇ, ਡਿਊਕ ਆਫ ਕੈਂਬਰਿਜ, ਵਿਲੀਅਮ ਤੇ ਕੈਥਰੀਨ ਮਿਡਲਟਨ ਦੇ ਵਿਆਹ ਵਿੱਚ ਸ਼ਮੂਲੀਅਤ ਕੀਤੀ।
ਉਸੇ ਸਾਲ ਮਈ ਵਿੱਚ ਮਹਾਰਾਣੀ ਪਹਿਲੀ ਬਰਤਾਨਵੀ ਰਾਜਸ਼ਾਹੀ ਸ਼ਖਸ਼ੀਅਤ ਬਣੇ, ਜਿਨ੍ਹਾਂ ਨੇ ਆਈਰਿਸ਼ ਰੀਪਬਲਿਕ ਦਾ ਦੌਰਾ ਕੀਤਾ। ਇਸ ਦੌਰੇ ਦੀ ਵੱਡੀ ਇਤਿਹਾਸਕ ਮਹੱਤਤਾ ਸੀ।
ਆਇਰਿਸ਼ ਵਿੱਚ ਸ਼ੁਰੂ ਕੀਤੇ ਆਪਣੇ ਭਾਸ਼ਣ ਵਿੱਚ ਮਹਾਰਾਣੀ ਨੇ ਧੀਰਜ ਰੱਖਣ ਤੇ ਸੁਲ੍ਹਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ, "ਸਾਡੀ ਇੱਛਾ ਮੁਤਾਬਿਕ ਘਟਨਾਕ੍ਰਮ ਨਹੀਂ ਵਾਪਰਿਆ ਜਾਂ ਬਿਲਕੁੱਲ ਵਾਪਰਿਆ ਹੀ ਨਹੀਂ।"
ਰੈਫਰੈਂਡਮ

ਤਸਵੀਰ ਸਰੋਤ, PA

ਇੱਕ ਸਾਲ ਬਾਅਦ 60 ਸਾਲ ਪੂਰੇ ਹੋਣ ਮੌਕੇ ਉੱਤਰੀ ਆਇਰਲੈਂਡ ਦੀ ਉਨ੍ਹਾਂ ਦੀ ਫੇਰੀ ਦੌਰਾਨ ਉਨ੍ਹਾਂ ਨੇ ਸਾਬਕਾ ਆਈਆਰਏ ਕਮਾਂਡਰ ਮਾਰਟਿਨ ਮੈਕਗੀਨਿਜ਼ ਨਾਲ ਹੱਥ ਮਿਲਾਇਆ ਸੀ।
ਇਹ ਮਹਾਰਾਣੀ ਲਈ ਕਾਫੀ ਦੁਖਦ ਪਲ਼ ਸੀ ਕਿਉਂਕਿ 1979 ਵਿੱਚ ਉਨ੍ਹਾਂ ਦਾ ਪਿਆਰਾ ਚਚੇਰਾ ਭਰਾ ਲੌਰਡ ਲੁਈਸ ਮਾਊਂਟਬੈਟਨ ਆਈਆਰਏ ਵੱਲੋਂ ਸੁੱਟੇ ਗਏ ਬੰਬ ਕਾਰਨ ਮਾਰਿਆ ਗਿਆ ਸੀ।
ਡਾਇਮੰਡ ਜੁਬਲੀ ਦੇ ਜਸ਼ਨ ਮੌਕੇ ਸੈਂਕੜੇ ਲੋਕ ਸੜਕਾਂ 'ਤੇ ਆਏ, ਜਿਸ ਦਾ ਸਮਾਪਨ ਲੰਡਨ ਵਿੱਚ ਹੋਇਆ ਸੀ।
ਸਤੰਬਰ 2014 ਵਿੱਚ ਸਕੌਟਿਸ਼ ਆਜ਼ਾਦੀ ਬਾਰੇ ਰੈਫਰੈਂਡਮ ਦਾ ਵੇਲਾ ਮਹਾਰਾਣੀ ਵੇਲੇ ਪ੍ਰੀਖਿਆ ਦੀ ਘੜੀ ਸੀ।
ਕੁਝ ਲੋਕ ਉਨ੍ਹਾਂ ਵੱਲੋਂ ਪਾਰਲੀਮੈਂਟ ਵਿੱਚ ਸਾਲ 1977 ਵਿੱਚ ਦਿੱਤੇ ਭਾਸ਼ਣ ਨੂੰ ਭੁੱਲ ਗਏ ਸਨ, ਜਿਸ ਵਿੱਚ ਉਨ੍ਹਾਂ ਨੇ ਯੂਨਾਈਟਿਡ ਕਿੰਗਡਮ ਬਾਰੇ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਸੀ।
"ਮੈਂ ਇੰਗਲੈਂਡ ਅਤੇ ਸਕਾਟਲੈਂਡ ਦੇ ਰਾਜਿਆਂ, ਰਾਣੀਆਂ ਤੇ ਪ੍ਰਿਸ ਆਫ ਵੇਲਜ਼ ਨੂੰ ਇੱਕ ਬਰਾਬਰ ਗਿਣਦੀ ਹਾਂ। ਇਸ ਲਈ ਮੈਂ ਉਨ੍ਹਾਂ ਦੀਆਂ ਉਮੀਦਾਂ ਸਮਝ ਸਕਦੀ ਹਾਂ।''
''ਪਰ ਮੈਂ ਇਹ ਵੀ ਨਹੀਂ ਭੁੱਲ ਸਕਦੀ ਕਿ ਮੈਨੂੰ ਯੂਨਾਈਟਿਡ ਕਿੰਗਡਮ ਆਫ ਗਰੇਟ ਬ੍ਰਿਟੇਨ ਐਂਡ ਨਾਰਥਰਨ ਆਇਰਲੈਂਡ ਦੀ ਰਾਣੀ ਬਣਾਇਆ ਗਿਆ ਸੀ।"
ਸਕੌਟਿਸ਼ ਰੈਫਰੈਂਡਮ ਤੋਂ ਇੱਕ ਸ਼ਾਮ ਪਹਿਲਾਂ ਬਾਲਮੋਰਲ ਵਿੱਚ ਇੱਕ ਟਿੱਪਣੀ ਵਿੱਚ ਉਨ੍ਹਾਂ ਕਿਹਾ ਸੀ ਕਿ ਉਮੀਦ ਕਰਦੇ ਹਾਂ ਕਿ ਲੋਕ ਆਪਣੇ ਭਵਿੱਖ ਬਾਰੇ ਸਾਵਧਾਨੀ ਨਾਲ ਸੋਚਣਗੇ।
ਜਦੋਂ ਵੋਟਿੰਗ ਦਾ ਨਤੀਜਾ ਆਇਆ ਤਾਂ ਉਨ੍ਹਾਂ ਵੱਲੋਂ ਜਾਰੀ ਜਨਤਕ ਬਿਆਨ ਵਿੱਚ ਇਸ ਬਾਰੇ ਰਾਹਤ ਨਜ਼ਰ ਆ ਰਹੀ ਸੀ ਕਿ ਯੂਨੀਅਨ ਟੁੱਟਿਆ ਨਹੀਂ ਸੀ, ਭਾਵੇਂ ਉਨ੍ਹਾਂ ਮੰਨਿਆ ਕਿ ਸਿਆਸੀ ਭੂ-ਦ੍ਰਿਸ਼ ਬਦਲ ਗਿਆ ਸੀ।
"ਹੁਣ ਅਸੀਂ ਅੱਗੇ ਵਧ ਰਹੇ ਹਾਂ ਤਾਂ ਸਾਨੂੰ ਧਿਆਨ ਰੱਖਣਾ ਪਵੇਗਾ ਕਿ ਭਾਵੇਂ ਅਸੀਂ ਵੱਖ-ਵੱਖ ਵਿਚਾਰ ਪੇਸ਼ ਕੀਤੇ ਹਨ ਪਰ ਸਾਡੇ ਵਿੱਚ ਸਕੌਟਲੈਂਡ ਲਈ ਬਰਾਬਰ ਪਿਆਰ ਹੈ, ਜੋ ਸਾਨੂੰ ਇਕੱਠਾ ਰਹਿਣ ਵਿੱਚ ਮਦਦ ਕਰਦਾ ਹੈ।"

ਤਸਵੀਰ ਸਰੋਤ, Getty Images
9 ਸਤੰਬਰ 2015 ਨੂੰ ਉਹ ਬਰਤਾਨਵੀ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦੇਰ ਤੱਕ ਗੱਦੀ 'ਤੇ ਰਹਿਣ ਵਾਲੀ ਮਹਾਰਾਣੀ ਬਣੇ ਸਨ। ਉਨ੍ਹਾਂ ਨੇ ਮਹਾਰਾਣੀ ਵਿਕਟੋਰੀਆ ਨੂੰ ਇਸ ਮਾਮਲੇ ਵਿੱਚ ਪਿੱਛੇ ਛੱਡਿਆ ਸੀ।
ਆਪਣੇ ਅੰਦਾਜ਼ ਵਿੱਚ ਉਨ੍ਹਾਂ ਨੇ ਇਸ ਨੂੰ ਕੁਝ ਵੱਡਾ ਨਾ ਬਣਾਉਂਦੇ ਹੋਏ ਕਿਹਾ ਸੀ, "ਇਹ ਉਹ ਨਹੀਂ ਜਿਸਦੀ ਕਦੇ ਮੈਂ ਇੱਛਾ ਕੀਤੀ ਸੀ।"
ਉਸ ਦੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਯਾਨੀ ਅਪ੍ਰੈਲ 2016 ਵਿੱਚ ਉਨ੍ਹਾਂ ਨੇ ਆਪਣਾ 90ਵਾਂ ਜਨਮਦਿਨ ਮਨਾਇਆ ਸੀ।
ਭਾਵੇਂ ਮਹਾਰਾਣੀ ਦੇ ਰਾਜ ਦੇ ਅੰਤ ਵੇਲੇ ਰਾਜਸ਼ਾਹੀ ਓਨੀ ਤਾਕਤਵਰ ਨਹੀਂ ਰਹੀ ਜਿੰਨੀ ਸ਼ੁਰੂਆਤ ਵੇਲੇ ਸੀ ਪਰ ਇਸ ਬਾਰੇ ਉਨ੍ਹਾਂ ਦਾ ਪੱਕਾ ਇਰਾਦਾ ਸੀ ਕਿ ਰਾਜਸ਼ਾਹੀ ਲਈ ਬਰਤਾਨਵੀ ਲੋਕਾਂ ਦੇ ਦਿਲਾਂ ਵਿੱਚ ਪਿਆਰ ਤੇ ਸਤਿਕਾਰ ਹਮੇਸ਼ਾ ਬਣਿਆ ਰਹੇ।
"ਜਦੋਂ ਮੈਂ 21 ਸਾਲਾਂ ਦੀ ਸੀ ਤਾਂ ਮੈਂ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਖਾਧੀ ਸੀ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਰੱਬ ਤੋਂ ਮਦਦ ਮੰਗੀ ਸੀ। ਭਾਵੇਂ ਮੈਂ ਇਹ ਸਹੁੰ ਛੋਟੀ ਉਮਰ ਵਿੱਚ ਚੁੱਕੀ ਸੀ ਜਦੋਂ ਮੈਂ ਗ਼ੈਰ-ਤਜਰਬੇਕਾਰ ਸੀ ਪਰ ਮੈਂ ਉਸ ਵਾਰ ਪਛਤਾਵਾ ਨਹੀਂ ਕੀਤਾ ਤੇ ਨਾ ਹੀ ਉਸ ਤੋਂ ਪਿੱਛੇ ਹਟੀ।















