ਕੈਨੇਡਾ-ਅਮਰੀਕਾ ਭੇਜਣ ਦੇ ਨਾਂ ’ਤੇ ਕਿਵੇਂ ਲੁੱਟਦੇ ਹਨ ਏਜੰਟ, 'ਸੁਪਨੇ ਲੈ ਕੇ ਗਏ ਸੀ ਕੈਨੇਡਾ ਪਰ...'

ਕੈਨੇਡਾ

ਤਸਵੀਰ ਸਰੋਤ, Getty Images

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

‘‘ਗੱਲ 4 ਮਈ, 2022 ਦੀ ਹੈ। ਕੈਨੇਡਾ ਬਾਰਡਰ ਸਰਵਿਸੀਜ਼ ਏਜੰਸੀ ਤੋਂ ਚਿੱਠੀ ਆਈ ਕਿ ਮੈਂ 24 ਮਈ ਨੂੰ ਇੰਟਰਵਿਊ ਲਈ ਜਾਣਾ ਹੈ ਅਤੇ ਜੇ ਮੈਂ ਨਾ ਗਈ ਤਾਂ ਮੇਰੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣਗੇ।”

ਇਹ ਜਾਣਕਾਰੀ ਦਿੰਦੇ ਹੋਏ ਰਮਨ ਜੋਤ ਬਰਾੜ ਕਹਿੰਦੇ ਹਨ ਕਿ ਉਹ ਘਬਰਾ ਗਏ।

ਉਹ ਕਹਿੰਦੇ ਹਨ, ‘‘24 ਮਈ ਨੂੰ ਜਦੋਂ ਮੈਂ ਇੰਟਰਵਿਊ ਲਈ ਗਈ ਤਾਂ ਅਧਿਕਾਰੀਆਂ ਨੇ ਪੁੱਛਿਆ - ਕੀ ਇਹ ਤੁਹਾਡੇ ਦਸਤਖ਼ਤ ਹਨ? ਮੈਂ ਕਿਹਾ — ਹਾਂਜੀ।’’

‘‘ਫਿਰ ਪੁੱਛਿਆ ਕਿ ਕੀ ਤੁਸੀਂ ਇਸ ਆਫ਼ਰ ਲੈਟਰ (ਕੈਨੇਡੀਅਨ ਕਾਲਜ ਵਿੱਚ ਦਾਖ਼ਲੇ ਦਾ ਪੱਤਰ) 'ਤੇ ਕੈਨੇਡਾ ਵਿੱਚ ਆਏ ਹੋ। ਮੈਂ ਕਿਹਾ – ਹਾਂ।’’

‘‘ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਇਸ ਕਾਲਜ ਵਿੱਚ ਕਿਉਂ ਨਹੀਂ ਗਏ?’’

‘‘ਮੈਂ ਜਵਾਬ ਦਿੱਤਾ ਕਿ ਮੇਰੇ ਏਜੰਟ ਨੇ ਮਨਾ ਕੀਤਾ ਸੀ ਤੇ ਕਿਹਾ ਸੀ ਕਿ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈ ਲਵਾਂਗੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਆਫ਼ਰ ਲੈਟਰ ਜਾਅਲੀ ਹੈ ਤੇ ਤੁਹਾਡਾ ਕੈਨੇਡਾ ਵਿੱਚ ਰਹਿਣਾ ਗੈਰ-ਕਾਨੂੰਨੀ ਹੈ।’’

ਅਧਿਕਾਰੀਆਂ ਤੋਂ ਇਹ ਸਭ ਸੁਣ ਕੇ ਰਮਨ ਜੋਤ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ ਹੋਵੇ। ਪੰਜ ਸਾਲ ਕੈਨੇਡਾ ਵਿੱਚ ਪੜ੍ਹਾਈ ਕਰਨ, ਕੰਮ ਕਰਨ ਅਤੇ ਰਹਿਣ ਤੋਂ ਬਾਅਦ ਸਵਾਲ ਸੀ ਕਿ ਕੀ ਉਨ੍ਹਾਂ ਨੂੰ ਉੱਥੋਂ ਡਿਪੋਰਟ ਕੀਤਾ ਜਾਵੇਗਾ?

ਰਮਨ ਜੋਤ ਦਾ ਕਹਿਣਾ ਹੈ ਕਿ ਇਹ ਕਹਾਣੀ ਸਿਰਫ਼ ਉਨ੍ਹਾਂ ਦੀ ਹੀ ਨਹੀਂ, ਸਗੋਂ ਸਾਲ 2018 ਦੇ ਆਲੇ-ਦੁਆਲੇ ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਤੋਂ ਕੈਨੇਡਾ ਗਏ ਲਗਭਗ 700 ਵਿਦਿਆਰਥੀਆਂ ਦੀ ਹੈ।

ਰਮਨ ਜੋਤ ਬਰਾੜ
ਤਸਵੀਰ ਕੈਪਸ਼ਨ, ਰਮਨ ਜੋਤ ਬਰਾੜ

ਕਥਿਤ ਫ਼ਰਜ਼ੀ ਆਫ਼ਰ ਲੈਟਰਾਂ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਨੌਬਤ ਆ ਗਈ ਸੀ। ਪਰ ਫਿਰ ਕਾਫ਼ੀ ਹੰਗਾਮਾ ਹੋਇਆ, ਵਿਦਿਆਰਥੀਆਂ ਨੇ ਧਰਨਾ-ਪ੍ਰਦਰਸ਼ਨ ਕੀਤੇ ਤੇ ਕਿਹਾ ਕਿ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।

ਭਾਰਤ ਸਰਕਾਰ ਨੇ ਵੀ ਇਹ ਮੁੱਦਾ ਚੁੱਕਿਆ ਅਤੇ ਇਸ ਸਭ ਤੋਂ ਬਾਅਦ ਕੈਨੇਡਾ ਸਰਕਾਰ ਨੇ ਫ਼ਿਲਹਾਲ ਇਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕੈਨੇਡਾ ਸਰਕਾਰ ਮੁਤਾਬਕ ਪਹਿਲਾਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਪਰ ਸੱਚਾਈ ਇਹ ਹੈ ਕਿ ਕਈ ਵਾਰ ਭਾਰਤ ਵਿੱਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰੀ ਜਾਂਦੀ ਹੈ।

ਅਸੀਂ ਇਸ ਮੁੱਦੇ ਦੀ ਤਹਿ ਤੱਕ ਜਾਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਏਜੰਟ ਕਿਸ ਤਰਾਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ ਠੱਗ ਰਹੇ ਹਨ।

ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਲੋਕਾਂ ਵਿੱਚ ਭਾਰੀ ਵਾਧਾ

ਕੈਨੇਡਾ

ਤਸਵੀਰ ਸਰੋਤ, Getty Images

ਭਾਰਤ ਤੋਂ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ।

ਜਿੱਥੇ 2017 ਵਿੱਚ 4.54 ਲੱਖ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ ਗਏ ਸਨ ਤਾਂ 2018 ਵਿੱਚ ਇਹ ਗਿਣਤੀ 5.18 ਲੱਖ ਦੇ ਕਰੀਬ ਸੀ ਜਦ ਕਿ 2019 ਵਿੱਚ ਇਹ ਵੱਧ ਕੇ 5.86 ਲੱਖ ਹੋ ਗਈ।

ਕੋਵਿਡ ਕਾਰਨ ਸਾਲ 2020 ਵਿੱਚ ਸਿਰਫ਼ 2.60 ਲੱਖ ਵਿਦਿਆਰਥੀ ਹੀ ਵਿਦੇਸ਼ ਗਏ ਸਨ। ਸਾਲ 2022 ਵਿੱਚ ਸਾਢੇ ਸੱਤ ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਗਏ ਸਨ ਜਦਕਿ ਸਾਲ 2021 ਵਿੱਚ ਸਾਢੇ ਚਾਰ ਲੱਖ ਵਿਦਿਆਰਥੀ ਸਨ। ਮਤਲਬ ਇੱਕ ਸਾਲ ਵਿੱਚ 68 ਫ਼ੀਸਦੀ ਵਾਧਾ।

ਲਾਈਨ

ਇਹ ਵੀ ਪੜ੍ਹੋ:

ਲਾਈਨ

ਸੁਪਨੇ ਲੈ ਕੇ ਗਏ ਸੀ ਕੈਨੇਡਾ

ਰਮਨ ਜੋਤ ਬਰਾੜ

ਅਸੀਂ ਇਨ੍ਹਾਂ ਵਿੱਚੋਂ ਹੀ ਇੱਕ ਵਿਦਿਆਰਥੀ ਰਮਨ ਜੋਤ ਬਰਾੜ ਨਾਲ ਗੱਲ ਕੀਤੀ ਤਾਂ ਕਿ ਕੈਨੇਡਾ ਦੇ ਤਾਜ਼ਾ ਕੇਸ ਨੂੰ ਡੂੰਘਾਈ ਨਾਲ ਸਮਝਿਆ ਜਾ ਸਕੇ।

ਪੰਜਾਬ ਦੇ ਬਠਿੰਡਾ ਦੀ ਰਹਿਣ ਵਾਲੀ ਰਮਨ ਜੋਤ ਕਰੀਬ ਪੰਜ ਸਾਲ ਪਹਿਲਾਂ ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ ਕੈਨੇਡਾ ਗਏ ਸੀ।

ਪਰ ਉੱਥੇ ਕੁੱਝ ਸਾਲ ਪੜ੍ਹਨ ਅਤੇ ਰਹਿਣ ਤੋਂ ਬਾਅਦ ਜਦੋਂ ਪੀਆਰ ਯਾਨੀ ਪੱਕੀ ਰਿਹਾਇਸ਼ ਲੈਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਦਾਖਲਾ ਕਾਲਜ ਦੇ ਫ਼ਰਜ਼ੀ ਆਫ਼ਰ ਲੈਟਰ ਦੇ ਆਧਾਰ 'ਤੇ ਹੋਇਆ ਸੀ।

ਇਸ ਦੇ ਲਈ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਦੇਸ਼ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ।

ਕੈਨੇਡਾ

ਤਸਵੀਰ ਸਰੋਤ, Getty Images

ਰਮਨ ਦੱਸਦੇ ਹਨ, ‘‘ਮੈਂ ਇੱਥੇ 31 ਅਗਸਤ 2018 ਨੂੰ ਪਹੁੰਚਦੀ ਹਾਂ ਅਤੇ ਸਾਡੇ ਏਜੰਟ (ਬਰਜੇਸ਼ ਮਿਸ਼ਰਾ) ਨੇ ਦੋ ਦਿਨਾਂ ਬਾਅਦ ਮੈਨੂੰ ਫ਼ੋਨ ਕੀਤਾ ਅਤੇ ਮੈਨੂੰ ਕਾਲਜ ਨਾ ਜਾਣ ਲਈ ਕਿਹਾ ਕਿਉਂਕਿ ਸੀਟ ਨਹੀਂ ਹੈ ਤੇ ਮੈਂ ਤੈਨੂੰ ਕਿਸੇ ਹੋਰ ਕਾਲਜ ਵਿੱਚ ਦਾਖ਼ਲਾ ਦਵਾਵਾਂਗਾ।''

''ਸਾਡੇ ਵਿੱਚੋਂ ਜ਼ਿਆਦਾਤਰ ਵਿਦਿਆਰਥੀਆਂ ਨਾਲ ਅਜਿਹਾ ਹੀ ਹੋਇਆ ਹੈ...ਅਸੀਂ ਸਾਰਿਆਂ ਨੇ ਇੱਥੇ ਆਉਣ ਲਈ 40 ਤੋਂ 45 ਹਜ਼ਾਰ ਡਾਲਰ (20 ਤੋਂ 25 ਲੱਖ ਰੁਪਏ) ਖ਼ਰਚ ਕੀਤੇ ਸੀ।’’

ਕਿਸੇ ਵੀ ਕੀਮਤ 'ਤੇ ਵਿਦੇਸ਼ ਜਾਣਾ ਚਾਹੁੰਦੇ ਹਨ!

ਕੈਨੇਡਾ

ਤਸਵੀਰ ਸਰੋਤ, Getty Images

ਦੂਜੇ ਪਾਸੇ ਕੁਝ ਏਜੰਟਾਂ ਅਤੇ ਵਿਦਿਆਰਥੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਕੁਝ ਵਿਦਿਆਰਥੀ ਕਿਸੇ ਵੀ ਕੀਮਤ 'ਤੇ ਵਿਦੇਸ਼ ਪਹੁੰਚਣਾ ਚਾਹੁੰਦੇ ਹਨ।

ਰਮਨ ਜੋਤ ਦਾ ਕਹਿਣਾ ਹੈ ਕਿ ਲੋਕ ਸਾਡੇ ਬਾਰੇ ਵੀ ਇਸ ਤਰਾਂ ਦੀਆਂ ਗੱਲਾਂ ਕਹਿੰਦੇ ਹਨ ਪਰ ਇਹ ਠੀਕ ਨਹੀਂ ਹੈ।

ਉਹ ਕਹਿੰਦੇ ਹਨ, “ਅਸੀਂ ਪੂਰੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚੋਂ ਲੰਘ ਕੇ ਇੱਥੇ ਆਏ ਹਾਂ। ਸਾਨੂੰ ਕੈਨੇਡਾ ਸਰਕਾਰ ਵੱਲੋਂ ਵੀਜ਼ਾ ਦਿੱਤਾ ਗਿਆ ਹੈ। ਅਸੀਂ ਆਪਣੇ ਵੱਲੋਂ ਵੀਜ਼ੇ ਨਹੀਂ ਬਣਾਏ ਅਤੇ ਨਾ ਹੀ ਫ਼ਰਜ਼ੀ ਵੀਜ਼ੇ 'ਤੇ ਆਏ ਹਾਂ। ਹਾਂ, ਪੇਸ਼ਕਸ਼ ਪੱਤਰ ਜ਼ਰੂਰ ਫ਼ਰਜ਼ੀ ਸੀ, ਉਹ ਵੀ ਕੈਨੇਡਾ ਦਾ ਦਸਤਾਵੇਜ਼ ਸੀ, ਸਾਡਾ ਨਹੀਂ। ਸਾਨੂੰ ਦੱਸਿਆ ਗਿਆ ਹੈ ਕਿ ਅਸੀਂ ਸਹੀ ਢੰਗ ਨਾਲ ਤਸਦੀਕ ਨਹੀਂ ਕੀਤਾ। ਪਰ ਇਹ ਕੈਨੇਡੀਅਨ ਦਸਤਾਵੇਜ਼ ਸੀ ਅਤੇ ਜੇ ਕੈਨੇਡਾ ਦੇ ਅਧਿਕਾਰੀਆਂ ਨੂੰ ਨਹੀਂ ਪਤਾ ਲੱਗਾ ਤਾਂ ਸਾਨੂੰ ਕਿਵੇਂ ਪਤਾ ਲੱਗਦਾ।’’

‘‘ਫਿਰ ਇਹ ਵੀ ਗੱਲ ਹੈ ਕਿ ਜਦੋਂ ਸਾਨੂੰ ਉਸੇ ਦਸਤਾਵੇਜ਼ ਕਾਰਨ ਵੀਜ਼ੇ ਮਿਲੇ ਹਨ ਤਾਂ ਉਨ੍ਹਾਂ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਕਿ ਇਹ ਵੀਜ਼ੇ ਕਿਸ ਨੇ ਦਿੱਤੇ ਅਤੇ ਇਸ ਦੀ ਜਾਅਲਸਾਜ਼ੀ ਦਾ ਪਤਾ ਨਹੀਂ ਲੱਗ ਸਕਿਆ।’’

ਰਮਨ ਜੋਤ ਇਕੱਲੇ ਨਹੀਂ ਹਨ ਜੋ ਕੈਨੇਡਾ ਵਿੱਚ ਫਸ ਗਏ ਹਨ।

ਕੈਨੇਡਾ 'ਚ ਇਸੇ ਮਾਮਲੇ 'ਚ ਫਸੇ ਵਿਦਿਆਰਥੀ ਲਵਪ੍ਰੀਤ ਸਿੰਘ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਅਸੀਂ ਉਨ੍ਹਾਂ ਦੇ ਘਰ ਪਹੁੰਚੇ ਜਿੱਥੇ ਅਸੀਂ ਉਨ੍ਹਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ।

ਲਵਪ੍ਰੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੱਖਾਂ ਰੁਪਏ ਖ਼ਰਚ ਕੇ ਆਪਣੇ ਬੇਟੇ ਨੂੰ ਕੈਨੇਡਾ ਭੇਜਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਇਸ ਤਰਾਂ ਠੱਗੀ ਹੋ ਜਾਵੇਗੀ।

ਉਨ੍ਹਾਂ ਨੇ ਫ਼ਰਜ਼ੀ ਆਫ਼ਰ ਲੈਟਰ ਬਣਾਉਣ ਵਾਲੇ ਏਜੰਟਾਂ 'ਤੇ ਵੀ ਸਵਾਲ ਖੜੇ ਕੀਤੇ ਹਨ।

ਉਹ ਕਹਿੰਦੇ ਹਨ, “ਸਾਡੇ ਬੱਚੇ ਨੇ ਇੰਜੀਨੀਅਰਿੰਗ ਦੀ ਡਿਗਰੀ ਲਈ ਸੀ ਅਤੇ ਆਈਲੈਟਸ ਵੀ ਕੀਤਾ ਸੀ। ਅਸੀਂ ਬੜੀ ਮੁਸ਼ਕਲ ਨਾਲ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕੀਤੇ ਅਤੇ ਫਿਰ ਪਤਾ ਲੱਗਾ ਕਿ ਸਾਡੇ ਨਾਲ ਧੋਖਾ ਹੋਇਆ ਹੈ।’’

ਬਰਜੇਸ਼ ਮਿਸ਼ਰਾ ਦੀ ਭੂਮਿਕਾ

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੈਵਲ ਏਜੰਟ ਬਰਜੇਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ (ਸੰਕੇਤਕ ਤਸਵੀਰ)

ਏਜੰਟ ਬਰਜੇਸ਼ ਮਿਸ਼ਰਾ ਦਾ ਨਾਂ ਕੈਨੇਡਾ ਦੀ ਇਸ ਕਥਿਤ ਧੋਖਾਧੜੀ ਵਿੱਚ ਵਾਰ-ਵਾਰ ਸਾਹਮਣੇ ਆ ਰਿਹਾ ਹੈ। ਮਿਸ਼ਰਾ ਦੀ ਕੰਪਨੀ ਜਲੰਧਰ ਵਿੱਚ ਹੈ।

ਜਲੰਧਰ ਪਹੁੰਚ ਕੇ ਅਸੀਂ ਉਸ ਥਾਂ ਪਹੁੰਚ ਗਏ ਜਿੱਥੇ ਬਰਜੇਸ਼ ਮਿਸ਼ਰਾ ਦਾ ਦਫ਼ਤਰ ਸੀ। ਗਲੀ ਨੰਬਰ 6, ਬੱਸ ਸਟੈਂਡ ਦੇ ਬਿਲਕੁਲ ਸਾਹਮਣੇ।

ਇਸ ਪੂਰੇ ਖੇਤਰ ਵਿੱਚ ਜਿੱਥੇ ਵੀ ਤੁਸੀਂ ਦੇਖੋਗੇ, ਤੁਹਾਨੂੰ ਸਿਰਫ਼ ਵੀਜ਼ਾ ਕੰਸਲਟੈਂਟ ਦੇ ਦਫ਼ਤਰ ਜਾਂ ਆਈਲੈਟਸ ਸੈਂਟਰ ਹੀ ਨਜ਼ਰ ਆਉਂਦੇ ਹਨ।

ਇੱਕ ਹੋਰ ਵੀਜ਼ਾ ਸਲਾਹਕਾਰ ਨੇ ਉਹ ਇਮਾਰਤ ਕਿਰਾਏ 'ਤੇ ਲੈ ਲਈ ਹੈ ਜਿੱਥੇ ਬਰਜੇਸ਼ ਮਿਸ਼ਰਾ ਦਾ ਦਫ਼ਤਰ ਸੀ ਅਤੇ ਉੱਥੇ ਬ੍ਰਾਂਡਿੰਗ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਮੁੱਖ ਦੋਸ਼ੀ ਬਰਜੇਸ਼ ਮਿਸ਼ਰਾ ਬਾਰੇ ਜਾਣਨ ਲਈ ਅਸੀਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬਰਜੇਸ਼ ਮਿਸ਼ਰਾ ਦੇਸ਼ ਤੋਂ ਬਾਹਰ ਚਲਾ ਗਿਆ ਸੀ ਅਤੇ ਉਸ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ।

ਹਾਲਾਂਕਿ ਉਸ ਦੇ ਸਾਥੀ ਰਾਹੁਲ ਭਾਰਗਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਸ਼ਰਾ ਨੇ ਕੁਝ ਸਾਲ ਪਹਿਲਾਂ ਬਿਹਾਰ ਤੋਂ ਇੱਥੇ ਆ ਕੇ ਇਹ ਕੰਮ ਸ਼ੁਰੂ ਕੀਤਾ ਸੀ।

ਬਰਜੇਸ਼ ਮਿਸ਼ਰਾ ਨੂੰ ਬਾਅਦ ਵਿੱਚ ਕੈਨੇਡਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇੱਕ ਕੈਨੇਡੀਅਨ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਬਰਜੇਸ਼ ਮਿਸ਼ਰਾ ਨੂੰ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਭਾਵ IRPA ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

23 ਜੂਨ ਨੂੰ ਦੋਸ਼ ਲਾਏ ਗਏ ਸਨ ਕਿ ਕਥਿਤ ਤੌਰ 'ਤੇ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਸਵੀਕ੍ਰਿਤੀ ਪੱਤਰ ਜਾਰੀ ਕਰਨ ਵਿੱਚ ਉਸ ਦੀ ਭੂਮਿਕਾ ਸੀ।

ਕਿਵੇਂ ਫਸਾਉਂਦੇ ਹਨ ਏਜੰਟ

ਕੈਨੇਡਾ
ਤਸਵੀਰ ਕੈਪਸ਼ਨ, ਜਤਿੰਦਰ ਪਾਲ ਸਿੰਘ ਇੱਕ ਰਜਿਸਟਰਡ ਕੰਸਲਟੈਂਟ ਹਨ

ਪਰ ਏਜੰਟ ਬੇਕਸੂਰ ਲੋਕਾਂ ਨੂੰ ਕਿਵੇਂ ਫਸਾਉਂਦੇ ਹਨ? ਇਹ ਜਾਣਨ ਲਈ ਅਸੀਂ ਪੰਜਾਬ ਦੇ ਇੱਕ ਏਜੰਟ ਨੂੰ ਮਿਲੇ।

ਮੋਹਾਲੀ ਦੇ ਜਤਿੰਦਰ ਪਾਲ ਸਿੰਘ ਸੂਬੇ ਵਿੱਚ ਇੱਕ ਰਜਿਸਟਰਡ ਕੰਸਲਟੈਂਟ ਹਨ।

ਉਨ੍ਹਾਂ ਦੱਸਿਆ ਕਿ ਏਜੰਟਾਂ ਦੀ ਲੁੱਟ ਲਈ ਸਾਡਾ ਸਿਸਟਮ ਵੀ ਜ਼ਿੰਮੇਵਾਰ ਹੈ।

ਉਹ ਕਹਿੰਦੇ ਹਨ, “ਉਦਾਹਰਨ ਵਜੋਂ ਪੰਜਾਬ ਵਿੱਚ 25,000 ਰੁਪਏ ਦਾ ਭੁਗਤਾਨ ਕਰ ਕੇ ਕੋਈ ਵਿਅਕਤੀ ਇਹ ਕੰਮ ਕਰਨ ਲਈ ਪੰਜ ਸਾਲਾਂ ਦਾ ਲਾਇਸੈਂਸ ਪ੍ਰਾਪਤ ਕਰ ਸਕਦਾ ਹੈ। ਤੁਹਾਨੂੰ ਸਿਰਫ਼ ਮੈਟ੍ਰਿਕ ਯਾਨੀ 10ਵੀਂ ਪਾਸ ਦੀ ਲੋੜ ਹੈ। ਫਿਰ ਤੁਸੀਂ ਪੂਰੇ ਸੂਬੇ ਵਿੱਚ ਕੋਈ ਵੀ ਕੇਂਦਰ ਖੋਲ੍ਹ ਸਕਦੇ ਹੋ।’’

‘‘ਏਜੰਟਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ 'ਤੇ ਕੈਨੇਡਾ, ਅਮਰੀਕਾ ਆਦਿ ਜਾਣਾ ਚਾਹੁੰਦੇ ਹਨ। ਇਸ ਕਰਕੇ ਏਜੰਟ ਸਮਝਦੇ ਹਨ ਕਿ ਇਨ੍ਹਾਂ ਲੋਕਾਂ ਦਾ ਫ਼ਾਇਦਾ ਉਠਾਇਆ ਜਾ ਸਕਦਾ ਹੈ।’’

‘‘ਉਹ ਬਾਹਰ ਜਾਣ ਦੇ ਚਾਹਵਾਨ ਲੋਕਾਂ ਨੂੰ ਪੈਕੇਜ ਪੇਸ਼ ਕਰਦੇ ਹਨ ਅਤੇ ਉਹ ਕਿਸੇ ਵੀ ਕਮੀ ਨੂੰ ਪੂਰਾ ਕਰਨ ਦਾ ਵਾਅਦਾ ਵੀ ਕਰਦੇ ਹਨ ਜਿਵੇਂ ਕਿ ਜੇ ਕੋਈ ਅੰਗਰੇਜ਼ੀ ਵਿੱਚ ਕਮਜ਼ੋਰ ਹੈ ਤਾਂ ਉਹ ਕਹਿਣਗੇ ਆਈਲੈਟਸ ਸਾਡੀ ਜ਼ਿੰਮੇਵਾਰੀ ਹੈ।’’

ਉਹ ਅੱਗੇ ਦੱਸਦੇ ਹਨ ਕਿ ਇਸ ਸਭ ਦੇ ਬਦਲੇ ਉਹ ਉਨ੍ਹਾਂ ਤੋਂ 25-30 ਲੱਖ ਰੁਪਏ ਲੈਂਦੇ ਹਨ। ਜਦੋਂ ਕਿ ਆਮ ਤੌਰ 'ਤੇ ਹਰ ਚੀਜ਼ 'ਤੇ ਖ਼ਰਚ 8-10 ਲੱਖ ਹੀ ਆਉਂਦਾ ਹੈ, ਹਾਲਾਂਕਿ ਇਹ ਵੀ ਉਸ ਦੇਸ਼ 'ਤੇ ਨਿਰਭਰ ਕਰਦਾ ਹੈ ਜਿੱਥੇ ਕਿਸੇ ਨੇ ਜਾਣਾ ਹੈ ਅਤੇ ਕਾਲਜ ਦੀ ਫ਼ੀਸ ਆਦਿ।

‘‘ਫਿਰ ਨਾ ਤਾਂ ਵਿਦਿਆਰਥੀ ਅਤੇ ਨਾ ਹੀ ਉਨ੍ਹਾਂ ਦੇ ਮਾਪੇ ਪੁਸ਼ਟੀ ਕਰਦੇ ਹਨ ਕਿ ਏਜੰਟ ਉਨ੍ਹਾਂ ਨੂੰ ਕਿਸ ਕਾਲਜ ਜਾਂ ਯੂਨੀਵਰਸਿਟੀ ਵਿੱਚ ਭੇਜ ਰਿਹਾ ਹੈ। ਫਿਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਜਿਵੇਂ ਕਿ ਕੈਨੇਡਾ ਦੇ ਤਾਜ਼ਾ ਮਾਮਲੇ ਵਿੱਚ ਦੇਖਿਆ ਗਿਆ ਸੀ।’’

'ਕੁਝ ਏਜੰਟਾਂ ਦਾ ਮਕਸਦ ਧੋਖਾਧੜੀ ਕਰਨਾ'

ਕੈਨੇਡਾ

ਤਸਵੀਰ ਸਰੋਤ, NAUJAWAN SUPPORT NETWORK

ਜਤਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਲੋਕ ਇਹ ਵੀ ਨਹੀਂ ਦੇਖਦੇ ਕਿ ਇਹ ਏਜੰਟ ਕਦੋਂ ਤੋਂ ਕੰਮ ਕਰ ਰਿਹਾ ਹੈ ਅਤੇ ਇਸ ਕੰਮ ਦਾ ਲਾਇਸੈਂਸ ਉਸ ਦੇ ਆਪਣੇ ਨਾਂ 'ਤੇ ਹੈ ਜਾਂ ਨਹੀਂ। ਕੀ ਉਹ ਕਿਸੇ ਹੋਰ ਥਾਂ ਤੋਂ ਲੁੱਟਣ ਦੇ ਇਰਾਦੇ ਨਾਲ ਆਇਆ ਸੀ?

ਉਨ੍ਹਾਂ ਮੁਤਾਬਕ ਕਈ ਵਾਰ ਦੇਖਿਆ ਜਾਂਦਾ ਹੈ ਕਿ ਲਾਇਸੈਂਸ ਕਿਸੇ ਦੇ ਨਾਂ 'ਤੇ ਹੈ ਅਤੇ ਕੰਮ ਕਿਸੇ ਹੋਰ ਵੱਲੋਂ ਕੀਤਾ ਜਾ ਰਿਹਾ ਹੁੰਦਾ ਹੈ।

ਉਹ ਕਹਿੰਦੇ ਹਨ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਵਿਅਕਤੀ ਇਹ ਕੰਮ ਕਰਨਾ ਚਾਹੁੰਦਾ ਹੈ, ਉਸ ਤੋਂ 20-25 ਲੱਖ ਰੁਪਏ ਦੀ ਜ਼ਮਾਨਤ ਰੱਖੀ ਜਾਵੇ ਤਾਂ ਜੋ ਏਜੰਟਾਂ ਨੂੰ ਡਰ ਹੋਵੇ ਕਿ ਜੇ ਉਹ ਕੋਈ ਗ਼ਲਤ ਕੰਮ ਕਰਦੇ ਹਨ ਤਾਂ ਜ਼ਮਾਨਤ ਜ਼ਬਤ ਹੋ ਜਾਵੇਗੀ।

ਜਤਿੰਦਰ ਪਾਲ ਅੱਗੇ ਕਹਿੰਦੇ ਹਨ, ‘‘ਪੰਜਾਬ ਤੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਅਜਿਹਾ ਨਹੀਂ ਹੈ ਕਿ ਸਾਰੇ ਹੀ ਠੱਗੇ ਜਾਂਦੇ ਹਨ ਪਰ ਜੋ ਲੋਕ ਚੀਜ਼ਾਂ ਦੀ ਸਹੀ ਤਸਦੀਕ ਨਹੀਂ ਕਰਦੇ, ਉਹ ਆਮ ਤੌਰ 'ਤੇ ਮੁਸੀਬਤ ਵਿੱਚ ਫਸ ਜਾਂਦੇ ਹਨ।’’

‘‘ਬਹੁਤ ਸਾਰੇ ਲੋਕ ਇਹ ਵੀ ਨਹੀਂ ਦੇਖਦੇ ਕਿ ਉਹ ਵਿਦੇਸ਼ ਵਿੱਚ ਕੀ ਪੜ੍ਹਣਗੇ ਅਤੇ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰੋਗੇ?’’

ਨੌਜਵਾਨਾਂ ਵਿੱਚ ਕਰੇਜ਼

ਕੈਨੇਡਾ
ਤਸਵੀਰ ਕੈਪਸ਼ਨ, ਅਮਨਵੀਰ ਕੌਰ

ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਫਿਰ ਵੀ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਕਰੇਜ਼ ਭਾਰੂ ਹੈ। ਅਸੀਂ ਇਹ ਸਵਾਲ ਕੁਝ ਨੌਜਵਾਨਾਂ ਨੂੰ ਪੁੱਛਿਆ ਜੋ ਵਿਦੇਸ਼ ਜਾਣਾ ਚਾਹੁੰਦੇ ਹਨ।

ਜਲੰਧਰ ਦੀ ਗੁਰਪ੍ਰੀਤ ਕੌਰ ਨੇ ਹਾਲ ਹੀ ਵਿੱਚ ਐਮ.ਏ. ਪੂਰੀ ਕੀਤੀ ਹੈ। ਉਹ ਕਹਿੰਦੇ ਹਨ ਕਿ ਵਿਦੇਸ਼ਾਂ ਵਿੱਚ ਜ਼ਿੰਦਗੀ ਬਿਹਤਰ ਹੈ, ਮੌਕੇ ਵੀ ਜ਼ਿਆਦਾ ਹਨ ਅਤੇ ਤੁਸੀਂ ਵੀ ਆਪਣੀਆਂ ਸ਼ਰਤਾਂ 'ਤੇ ਜੀ ਸਕਦੇ ਹੋ।

ਗੁਰਪ੍ਰੀਤ ਕਹਿੰਦੇ ਹਨ ਕਿ ਪਹਿਲਾਂ ਤਾਂ ਉਹ ਪੰਜਾਬ 'ਚ ਹੀ ਰਹਿਣਾ ਚਾਹੁੰਦੇ ਸੀ ਪਰ ਜਦੋਂ ਕੈਨੇਡਾ 'ਚ ਸਾਰੇ ਦੋਸਤਾਂ ਦੀ ਗੱਲ ਸੁਣੀ ਕਿ ਉੱਥੇ ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਸਕਦੇ ਹੋ, ਉਨ੍ਹਾਂ ਨੇ ਵੀ ਆਪਣਾ ਮਨ ਬਦਲ ਲਿਆ।

ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਹਰਨੀਤ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਧੋਖਾਧੜੀ ਦੇ ਮਾਮਲਿਆਂ ਦੇ ਬਾਵਜੂਦ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਵਿੱਚ ਕੋਈ ਫ਼ਰਕ ਨਹੀਂ ਪਿਆ ਹੈ।

ਐੱਮਸੀਏ ਕਰ ਰਹੇ ਅਮਨਵੀਰ ਕੌਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਚੰਗੇ ਮੌਕੇ ਲੱਭ ਰਹੇ ਹਨ ਅਤੇ ਵਿਦੇਸ਼ਾਂ 'ਚ ਕੰਮ ਹਰ ਕਿਸੇ ਲਈ ਹੁੰਦਾ ਹੈ, ਭਾਵੇਂ ਤੁਸੀਂ ਪੜੇ-ਲਿਖੇ ਹੋ ਜਾਂ ਨਹੀਂ, ਇਸੇ ਲਈ ਵਿਦੇਸ਼ ਜਾਣ ਦਾ ਕਰੇਜ਼ ਹੈ।

ਪਰਵਾਸ ਦਾ ਕਾਰਨ

ਰਣਜੀਤ ਸਿੰਘ ਘੁੰਮਣ
ਤਸਵੀਰ ਕੈਪਸ਼ਨ, ਆਰਥਿਕ ਮਾਮਲਿਆਂ ਦੇ ਮਾਹਿਰ ਰਣਜੀਤ ਸਿੰਘ ਘੁੰਮਣ

ਅਸੀਂ ਪੰਜਾਬ ਤੋਂ ਨੌਜਵਾਨਾਂ ਦੇ ਪਰਵਾਸ ਦੇ ਮੁੱਦੇ ਬਾਰੇ ਪਟਿਆਲਾ ਵਿਖੇ ਆਰਥਿਕ ਮਾਮਲਿਆਂ ਦੇ ਮਾਹਿਰ ਰਣਜੀਤ ਸਿੰਘ ਘੁੰਮਣ ਨੂੰ ਮਿਲੇ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਚੰਗੇ ਰੁਜ਼ਗਾਰ ਅਤੇ ਚੰਗੇ ਕੈਰੀਅਰ ਦੇ ਮੌਕੇ ਨਾ ਹੋਣ ਕਾਰਨ ਚੰਗੇ ਪਰਿਵਾਰਾਂ ਦੇ ਲੋਕ ਵੀ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਗ਼ਰੀਬ ਪਰਿਵਾਰਾਂ ਦੇ ਵੀ।

ਘੁੰਮਣ ਕਹਿੰਦੇ ਹਨ, “ਪੜੇ-ਲਿਖੇ ਲੋਕ ਵੀ ਜਾਣਾ ਚਾਹੁੰਦੇ ਹਨ ਅਤੇ ਘੱਟ ਪੜੇ ਲਿਖੇ ਵੀ। ਇਹ ਰੁਝਾਨ ਇੱਕ ਦੂਜੇ ਨੂੰ ਦੇਖ ਕੇ ਵੀ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਪਿਛਲੇ 20-30 ਸਾਲਾਂ ਤੋਂ ਇਹ ਜ਼ਿਆਦਾ ਵੇਖਿਆ ਗਿਆ ਹੈ।’’

‘‘ਪੰਜਾਬ ਨਸ਼ੇ ਵਿੱਚ ਡੁੱਬਿਆ ਹੋਇਆ ਹੈ ਤੇ ਨੌਕਰੀਆਂ ਹੈ ਨਹੀਂ। ਫਿਰ ਇੰਡਸਟਰੀ ਵਿੱਚ ਜਿਸ ਤਰ੍ਹਾਂ ਦੀ ਤਨਖ਼ਾਹ ਹੈ ਉਹ ਨੌਜਵਾਨਾਂ ਦੇ ਹਿਸਾਬ ਨਾਲ ਘੱਟ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਫ਼ੀਸ ਇੰਨੀ ਜ਼ਿਆਦਾ ਹੈ ਕਿ ਲੋਕ ਸੋਚਦੇ ਹਨ ਕਿ ਕਿਉਂ ਨਾ ਇੰਨੀ ਹੀ ਫ਼ੀਸ ਦੇ ਕੇ ਵਿਦੇਸ਼ ਵਿੱਚ ਦਾਖਲਾ ਲਿਆ ਜਾਵੇ।’’

ਘੁੰਮਣ ਅੱਗੇ ਕਹਿੰਦੇ ਹਨ, ‘‘ਵਿਦੇਸ਼ ਜਾਣ ਦਾ ਕੰਮ ਉਹ ਪੜਾਈ ਲਈ ਨਹੀਂ ਕਰਦੇ ਬਲਕਿ ਅਜਿਹਾ ਇਸ ਲਈ ਹੈ ਕਿਉਂਕਿ ਇਸ ਨਾਲ ਵਿਦੇਸ਼ਾਂ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ ਅਤੇ ਉੱਥੇ ਨੌਕਰੀਆਂ ਦੇ ਮੌਕੇ ਵੱਧ ਹੁੰਦੇ ਹਨ।’’

‘‘ਵਿਦੇਸ਼ ਜਾਣ ਦਾ ਸੁਪਨਾ ਦੇਖਣਾ ਅਤੇ ਆਪਣੇ ਲਈ ਚੰਗੇ ਮੌਕੇ ਤਲਾਸ਼ਣਾ ਗ਼ਲਤ ਨਹੀਂ ਹੈ ਪਰ ਜੇ ਇਸ ਲਈ ਜ਼ਰੂਰੀ ਤਸਦੀਕ ਨਾ ਕੀਤੀ ਗਈ ਤਾਂ ਭਾਰਤ ਤੋਂ ਕੈਨੇਡਾ ਗਏ ਵਿਦਿਆਰਥੀਆਂ ਦੀ ਹਾਲਤ ਉਨ੍ਹਾਂ ਵਰਗੀ ਹੋ ਸਕਦੀ ਹੈ, ਜਿਨ੍ਹਾਂ 'ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਸਵਾਲ ਇਹ ਵੀ ਹੈ ਕਿ ਕੀ ਸਰਕਾਰਾਂ ਏਜੰਟਾਂ 'ਤੇ ਸ਼ਿਕੰਜਾ ਕੱਸਣ ਦਾ ਕੋਈ ਰਾਹ ਲੱਭ ਸਕਣਗੀਆਂ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)