ਗੁਰਦਾਸਪੁਰ: ਪਿੰਡ ਦੀ ਆਈਏਐੱਸ ਬਣੀ ਕੁੜੀ ਤੋਂ ਪ੍ਰੇਰਣਾ ਲੈ ਕੇ ਇੱਕ ਹੋਰ ਕੁੜੀ ਨੇ ਪਾਸ ਕੀਤਾ ਆਈਐੱਫ਼ਐੱਸ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੱਤਰਕਾਰ
ਗੁਰਦਾਸਪੁਰ ਜ਼ਿਲ੍ਹੇ ਦੇ ਬੇਟ ਇਲਾਕੇ ਦੇ ਛੋਟੇ ਜਿਹੇ ਪਿੰਡ ਨਾਨੋਵਾਲ ਖ਼ੁਰਦ ਵਿੱਚ ਯੂਪੀਐੱਸਸੀ ਦੀ ਪ੍ਰੀਖਿਆ ਦਾ ਨਤੀਜਾ ਆਉਂਦੇ ਹੀ ਚਾਅ ਤੇ ਉਤਸ਼ਾਹ ਦੀ ਲਹਿਰ ਫ਼ੈਲ ਗਈ।
ਸਾਬਕਾ ਸੂਬੇਦਾਰ ਦੀ ਧੀ ਹਰਪ੍ਰੀਤ ਕੌਰ ਨੇ ਬਗ਼ੈਰ ਕਿਸੇ ਕੋਚਿੰਗ ਦੇ ਦੇਸ਼ ਦੇ ਸਭ ਤੋਂ ਔਖੇ ਮੰਨੇ ਜਾਂਦੇ ਇਮਤਿਹਾਨ ਯੂਪੀਐੱਸਸੀ ਵਿੱਚ 97ਵਾਂ ਰੈਂਕ ਪ੍ਰਾਪਤ ਕੀਤਾ ਹੈ।
ਅਜਿਹਾ ਹੋ ਸਕਿਆ ਪਿੰਡ ਦੀ ਹੀ ਇੱਕ ਹੋਰ ਕੁੜੀ ਅਮ੍ਰਿਤਪਾਲ ਕੌਰ ਕਰਕੇ, ਜਿਨ੍ਹਾਂ ਨੇ ਸਾਲ 2019 ਵਿੱਚ ਯੂਪੀਐੱਸਸੀ ’ਚ 44ਵਾਂ ਰੈਂਕ ਹਾਸਿਲ ਕੀਤਾ ਸੀ ਅਤੇ ਜੋ ਹੁਣ ਆਈਏਐੱਸ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਤਸਵੀਰ ਸਰੋਤ, Gurpreet Chawla/BBC
ਹਰਪ੍ਰੀਤ ਦਾ ਪਿਛੋਕੜ
ਹਰਪ੍ਰੀਤ ਕੌਰ ਇਕ ਮੱਧ ਵਰਗੀ ਪਰਿਵਾਰ ਦੀ ਧੀ ਹੈ ਅਤੇ ਪਿਤਾ ਬਲਕਾਰ ਸਿੰਘ ਭਾਰਤੀ ਫੌਜ ਤੋਂ ਸੂਬੇਦਾਰ ਸੇਵਾ ਮੁਕਤ ਹੋਏ ਹਨ।
ਦਾਦਾ ਸਰਕਾਰੀ ਅਧਿਆਪਕ ਸਨ ਤੇ ਉਨ੍ਹਾਂ ਹਰਪ੍ਰੀਤ ਨੂੰ ਪੜ੍ਹਾਈ ਲਈ ਤੇ ਆਤਮ-ਨਿਰਭਰ ਹੋਣ ਲਈ ਸਭ ਤੋਂ ਵੱਧ ਪ੍ਰੇਰਿਆ। ਹਰਪ੍ਰੀਤ ਕੌਰ ਦੀ ਕਾਮਯਾਬੀ ਤੋਂ ਪਰਿਵਾਰ ਤੇ ਰਿਸ਼ਤੇਦਾਰ ਖ਼ੁਸ਼ ਹਨ।
ਉਨ੍ਹਾਂ ਨੇ ਪਿੰਡ ਦੇ ਹੀ ਇੱਕ ਨਿੱਜੀ ਸਕੂਲ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ।
ਬੀਐੱਸਸੀ ਬੌਟਨੀ ਉਨ੍ਹਾਂ ਜਲੰਧਰ ਤੋਂ ਕੀਤੀ ਤੇ ਫ਼ਿਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਤੋਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਪੀਐੱਸਜੀ ਕਰਨ ਦਾ ਮਨ ਬਣਾਇਆ।

ਤਸਵੀਰ ਸਰੋਤ, Gurpreet Chawla/BBC
ਆਈਏਐੱਸ ਬਣਨ ਦਾ ਇਰਾਦਾ
ਇਹ ਪੁੱਛੇ ਜਾਣ ’ਤੇ ਕਿ ਆਈਏਐੱਸ ਬਣਨ ਦਾ ਖ਼ਿਆਲ ਕਿਵੇਂ ਆਇਆ, ਹਰਪ੍ਰੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਨੇ ਬਚਪਨ ਵਿੱਚ ਕਦੇ ਨਹੀਂ ਸੀ ਸੋਚਿਆ ਕਿ ਇਸ ਖੇਤਰ ਵਿੱਚ ਜਾਣਗੇ।
ਅਸਲ ਵਿੱਚ ਜਦੋਂ ਉਨ੍ਹਾਂ ਦਾ ਪੋਸਟ ਗ੍ਰੈਜੂਏਸ਼ਨ ਦਾ ਆਖ਼ਰੀ ਸਾਲ ਚੱਲ ਰਿਹਾ ਸੀ ਤਾਂ ਉਨ੍ਹਾਂ ਦੇ ਹੀ ਪਿੰਡ ਦੀ ਕੁੜੀ ਅੰਮ੍ਰਿਤਪਾਲ ਨੇ ਯੂਪੀਐੱਸਸੀ ਵਿੱਚ 44ਵਾਂ ਰੈਂਕ ਹਾਸਲ ਕੀਤਾ।
ਅੰਮ੍ਰਿਤਪਾਲ ਦੀ ਕਾਮਯਾਬੀ ਤੋਂ ਬਾਅਦ ਸਾਰੇ ਪਿੰਡ ਦੀ ਖ਼ੁਸ਼ੀ ਦੇਖ ਕੇ ਹਰਪ੍ਰੀਤ ਨੇ ਵੀ ਉਤਸ਼ਾਹਿਤ ਮਹਿਸੂਸ ਕੀਤਾ। ਹਰਪ੍ਰੀਤ ਨੂੰ ਉਨ੍ਹਾਂ ਦੇ ਪਰਿਵਾਰ ਨੇ ਵੀ ਹੱਲਾਸ਼ੇਰੀ ਦਿੱਤੀ।
ਹਰਪ੍ਰੀਤ ਜਿਸ ਸਮੇਂ ਤਿਆਰੀ ਕਰ ਰਹੇ ਸਨ, ਉਸ ਸਮੇਂ ਉਹ ਪੰਜਾਬ ਵੇਅਰ ਹਾਊਸ ਵਿੱਚ ਬਤੌਰ ਟੈਕਨੀਕਲ ਅਸਿਸਟੈਂਟ ਨੌਕਰੀ ਵੀ ਕਰ ਰਹੇ ਸਨ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਾ ਜੋ ਕਿ ਅਧਿਆਪਕ ਸਨ, ਹਮੇਸ਼ਾ ਕਹਿੰਦੇ ਸਨ ਕਿ, “ਚਾਹੇ 10 ਰੁਪਏ ਕਮਾਏ ਜਾਣ ਪਰ ਆਪਣੀ ਮਿਹਨਤ ਦੇ ਕਮਾਉਣੇ ਚਾਹੀਦੇ ਹਨ।”
ਇਸੇ ਤੋਂ ਪ੍ਰੇਰਿਤ ਹੋ ਕੇ ਹਰਪ੍ਰੀਤ ਨੇ ਹਮੇਸ਼ਾ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਇਰਾਦਾ ਪੱਕਾ ਰੱਖਿਆ।
ਪਿੰਡ ਤੋਂ ਵੱਡੇ ਸ਼ਹਿਰ 'ਚ ਪੜ੍ਹਾਈ ਦਾ ਸਫ਼ਰ ਸੌਖਾ ਨਹੀਂ ਸੀ
ਹਰਪ੍ਰੀਤ ਕੌਰ ਦੱਸਦੇ ਹਨ ਕਿ ਜਦੋਂ ਉਹ ਪਿੰਡ ਤੋਂ ਜਲੰਧਰ ਪੜ੍ਹਾਈ ਲਈ ਗਏ ਤਾਂ ਮਨ ਵਿੱਚ ਕਈ ਸਵਾਲ ਸਨ।
ਉਹ ਕਹਿੰਦੇ ਹਨ, “ਕੁਝ ਸਪਸ਼ਟ ਤੌਰ ’ਤੇ ਪਤਾ ਨਹੀਂ ਸੀ ਕਿ ਕਿਸ ਫ਼ੀਲਡ ਵਿੱਚ ਜਾਣਾ ਹੈ। ਪਿੰਡਾਂ ਵਿੱਚ ਗਾਈਡੈਂਸ ਦੀ ਘਾਟ ਹਮੇਸ਼ਾ ਰਹੀ ਹੈ।”
ਪੜ੍ਹਾਈ ਲਈ ਜਲੰਧਰ ਜਾਣ ਪਿੱਛੇ ਵੀ ਉਨ੍ਹਾਂ ਦੇ ਪਿਤਾ ਤੇ ਚਾਚਾ ਸਨ।
ਹੁਣ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਉਹ ਕਹਿੰਦੇ ਹਨ ਕਿ, “ਮੈਂ ਆਪਣੇ ਪਰਿਵਾਰ ਦੇ ਸੁਫ਼ਨੇ ਪੂਰੇ ਕੀਤੇ ਤੇ ਉਨ੍ਹਾਂ ਦੀਆਂ ਆਸਾਂ ’ਤੇ ਪੂਰਿਆਂ ਉੱਤਰੀ ਹਾਂ। ਉਨ੍ਹਾਂ ਨੂੰ ਮੇਰੇ ਉੱਤੇ ਬਹੁਤ ਭਰੋਸਾ ਸੀ।”

ਤਸਵੀਰ ਸਰੋਤ, Gurpreet Chawla/BBC
ਪਰਿਵਾਰ ਦਾ ਪ੍ਰਤੀਕਰਮ
ਹਰਪ੍ਰੀਤ ਦੇ ਪਿਤਾ ਬਲਕਾਰ ਸਿੰਘ ਧੀ ਦੀ ਕਾਮਯਾਬੀ ’ਤੇ ਕਹਿੰਦੇ ਹਨ,“ਮੱਕੜੀ ਕਈ ਵਾਰ ਡਿੱਗ-ਡਿੱਗ ਆਪਣਾ ਘਰ ਬਣਾਉਂਦੀ ਹੈ ਪਰ ਹਾਰਦੀ ਨਹੀਂ, ਡਿੱਗ-ਡਿੱਗ ਹੀ ਬੱਚਾ ਜਵਾਨ ਹੁੰਦਾ ਹੈ, ਇਹੀ ਹੌਸਲਾ ਦਿਤਾ ਅਤੇ ਅੱਜ ਧੀ ਅਫਸਰ ਹੈ।''
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਕਦੀ ਵੀ ਹਰਪ੍ਰੀਤ ਕੌਰ ਸਣੇ ਕਿਸੇ ਬੱਚੇ ਨੂੰ ਪਾਬੰਦੀਆਂ ਵਿੱਚ ਨਹੀਂ ਰੱਖਿਆ ਅਤੇ ਚੰਗੀ ਸਿਖਿਆ ਲਈ ਲਈ ਹਮੇਸ਼ਾ ਪ੍ਰੇਰਨਾ ਦਿੱਤੀ ਹੈ।
“ਸਾਡਾ ਇੱਕ ਪੁੱਤਰ ਵੀ ਹੈ ਪਰ ਅਸੀਂ ਕਦੇ ਵੀ ਧੀ-ਪੁੱਤ ਵਿੱਚ ਕੋਈ ਫ਼ਰਕ ਨਹੀਂ ਕੀਤਾ।”
ਹਰਪ੍ਰੀਤ ਬਾਰੇ ਉਹ ਕਹਿੰਦੇ ਹਨ,“ਸਾਡੀ ਧੀ ਹਮੇਸ਼ਾਂ ਹੀ ਕਲਾਸ ਵਿੱਚ ਅਵੱਲ ਆਉਂਦੀ ਸੀ। ਜਦੋਂ ਉਹ ਪਹਿਲਾਂ ਦੋ ਵਾਰ ਇਮਤਿਹਾਨ ਵਿੱਚ ਸਫ਼ਲ ਨਾ ਹੋ ਸਕੀ ਤਾਂ ਅਸੀਂ ਉਸ ਨੂੰ ਮੱਕੜੀ ਦੀ ਉਦਾਹਰਣ ਦੇ ਕੇ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।”
ਪਿਤਾ ਕਹਿੰਦੇ ਹਨ ਕਿ "ਜੋ ਪੜ੍ਹਾਈ ਕੀਤੀ ਉਸੇ ਦੀ ਅਫਸਰ ਬਣੀ। ਵੱਡਾ ਮਾਣ ਹੈ ਅਤੇ ਹੁਣ ਉਨ੍ਹਾਂ ਦੀ ਧੀ ਧਰਤੀ ਮਾਂ ਦੀ ਸੇਵਾ ਕਰੇਗੀ।"
ਹਰਪ੍ਰੀਤ ਦੀ ਮਾਂ ਮਨਜੀਤ ਕੌਰ ਦਾ ਕਹਿਣਾ ਸੀ ਕਿ, “ਆਪਣੇ ਬੱਚੇ ਤੇ ਭਰੋਸਾ ਸੀ ਤਾਂ ਹੀ ਉਸ ਨੂੰ ਪਿੰਡ ਤੋਂ ਸ਼ਹਿਰ ਦੂਰ ਪੜ੍ਹਾਈ ਲਈ ਭੇਜਿਆ ਸੀ ਅਤੇ ਉਨ੍ਹਾਂ ਧੀ ਨੇ ਦਿਨ ਰਾਤ ਸਖ਼ਤ ਮਿਹਨਤ ਕੀਤੀ। ਮਿਹਨਤ ਦੇ ਸਿਰ ਦੀ ਹੀ ਉਸ ਨੇ ਕਾਮਯਾਬੀ ਹਾਸਲ ਕੀਤੀ ਹੈ।''
ਮਾਂ ਮੁਤਾਬਕ ਹਰਪ੍ਰੀਤ ਹਰ ਰੋਜ਼ ਕਰੀਬ 12 ਘੰਟੇ ਪੜ੍ਹਾਈ ਕਰਦੇ ਸਨ। ਇਸ ਦੇ ਨਾਲ-ਨਾਲ ਉਹ ਨੌਕਰੀ ਵੀ ਕਰਦੇ ਸਨ। ਉਹ ਕਹਿੰਦੇ ਹਨ,“ਅਸੀਂ ਖ਼ੁਸ਼ ਹਾਂ ਕਿ ਸਾਡੀ ਧੀ ਨੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਸਾਨੂੰ ਆਪਣੀ ਧੀ ’ਤੇ ਮਾਣ ਹੈ।”













