ਬਿਗ ਬੌਸ ਓਟੀਟੀ 3: ਜੇਤੂ ਸਨਾ ਮਕਬੂਲ ਜਿੱਤੀ ਹੋਈ 25 ਲੱਖ ਰੁਪਏ ਦੀ ਰਕਮ ਕਿਸ ਨੂੰ ਦੇਣਗੇ

ਤਸਵੀਰ ਸਰੋਤ, JIO CINEMA
- ਲੇਖਕ, ਮਧੂ ਪਾਲ
- ਰੋਲ, ਬੀਬੀਸੀ ਲਈ ਮੁੰਬਈ ਤੋਂ
ਬਿਗ ਬੌਸ ਓਟੀਟੀ 3 ਦਾ ਖਿਤਾਬ ਸਨਾ ਮਕਬੂਲ ਨੇ ਆਪਣੇ ਨਾਮ ਕੀਤਾ ਹੈ।
ਇਹ ਰਿਐਲਿਟੀ ਸ਼ੋਅ ਅੱਠ ਹਫ਼ਤਿਆਂ ਤੱਕ ਜੀਓ ਸਿਨੇਮਾ ਦੇ ਡਿਜੀਟਲ ਪਲੇਟਫਾਰਮ ਉੱਤੇ ਚੱਲਿਆ।
ਸਨਾ ਪੇਸ਼ੇ ਤੋਂ ਅਦਾਕਾਰਾ ਹਨ ਅਤੇ ਦਰਸ਼ਕਾਂ ਦੀਆਂ ਵੋਟਾਂ ਦੇ ਅਧਾਰ ਉੱਤੇ ਸਨਾ ਮਕਬੂਲ ਨੂੰ ਸ਼ੋਅ ਦੇ ਮੇਜ਼ਬਾਨ ਅਨਿਲ ਕਪੂਰ ਨੇ ਜੇਤੂ ਐਲਾਨ ਕੀਤਾ।
ਉਨ੍ਹਾਂ ਨੇ ਇਹ ਜਿੱਤ ਸ਼ੋਅ ਦੇ ਦੂਜੇ ਹਿੱਸੇਦਾਰ ਨੇਜ਼ੀ ਅਤੇ ਰਣਵੀਰ ਸ਼ੋਰੀ ਨੂੰ ਹਰਾ ਕੇ ਹਾਸਲ ਕੀਤੀ। ਪਹਿਲੇ ਰਨਰ ਅੱਪ ਨੇਜ਼ੀ ਰਹੇ ਅਤੇ ਦੂਜੇ ਰਨਰ ਅੱਪ ਰਣਵੀਰ ਸ਼ੋਰੀ ਰਹੇ।
ਸਨਾ ਨੇ ਸ਼ੋਅ ਦੀ ਟਰਾਫ਼ੀ ਦੇ ਨਾਲ 25 ਲੱਖ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ।
ਸਨਾ ਨੇ ਇਸ ਮੌਕੇ ਉੱਤੇ ਕਿਹਾ ਕਿ ਬਿਗ ਬੌਸ ਦੇ ਘਰ ਵਿੱਚ ਜਾ ਕੇ ਜੋ ਵੀ ਅਨੁਭਵ ਹੋਇਆ ਉਹ ਅਨਰੀਅਲ ਰਿਹਾ ਹੈ।
ਬਿਗ ਬੌਸ ਦੇ ਘਰ ਵਿੱਚ ਨੇਜ਼ੀ, ਲਵਕੇਸ਼ ਅਤੇ ਵਿਸ਼ਾਲ ਸਨਾ ਦੇ ਚੰਗੇ ਦੋਸਤ ਬਣੇ ਤਾਂ ਉੱਥੇ ਹੀ ਸਨਾ ਦਾ ਕੁਝ ਮੁਕਾਬਲੇਦਾਰਾਂ ਨਾਲ ਖੂਬ ਲੜਾਈ-ਝਗੜਾ ਵੀ ਹੋਇਆ।
ਬੀਬੀਸੀ ਨਾਲ ਗੱਲ ਕਰਦਿਆਂ ਸਨਾ ਨੇ ਕਿਹਾ ਕਿ ਉਹ ਜਿੱਤੇ ਹੋਏ ਪੈਸੇ ਆਪਣੀ ਮਾਂ ਨੂੰ ਦੇਣਗੇ ਕਿਉਂਕ ਉਹ ਇਸ ਦੇ ਹੱਕਦਾਰ ਹਨ।
ਸਨਾ ਨੇ ਕਿਹਾ ਕਿ ਟਰਾਫ਼ੀ ਉਹਨਾਂ ਦੇ ਕੋਲ ਹੀ ਰਹੇਗੀ ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਸਨ ਕਿ ਇਹ ਟਰਾਫ਼ੀ ਉਹਨਾਂ ਨੂੰ ਚਾਹੀਦੀ ਹੈ।

ਤਸਵੀਰ ਸਰੋਤ, ANI
ਸ਼ੋਅ ਜਿੱਤਣ ਤੋਂ ਬਾਅਦ ਸਨਾ ਨੇ ਫੈਨਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਆਰ ਦੇ ਕਾਰਨ ਹੀ ਉਹ ਜਿੱਤ ਸਕੇ ਹਨ।
ਉਨ੍ਹਾਂ ਨੇ ਕਿਹਾ, “ਮੈਨੂੰ ਜਿੱਦੀ ਸਨਾ ਤੋਂ ਜਿੱਦੀ ਜੇਤੂ ਫੈਨਸ ਨੇ ਬਣਾਇਆ ਹੈ। ਬਿਗ ਬੌਸ ਵਿੱਚ ਮਿਲੇ ਜੁਲੇ ਭਾਵ ਹੁੰਦੇ ਹਨ। ਸ਼ੁਰੂਆਤ ਦੇ ਦੋ ਹਫ਼ਤੇ ਬਹੁਤ ਚੰਗਾ ਲੱਗ ਰਿਹਾ ਸੀ ਲੇਕਿਨ ਜਿਵੇਂ-ਜਿਵੇਂ ਅੱਗੇ ਵਧ ਰਿਹਾ ਸੀ ਲੋਕ ਬਦਲਦੇ ਜਾ ਰਹੇ ਸਨ। ਜੋ ਤੁਹਾਡੇ ਨਾਲ ਬੈਠਦੇ ਸਨ ਤੁਹਾਡੀ ਬੁਰਾਈ ਕਰ ਰਹੇ ਸਨ।”

ਕੌਣ ਹਨ ਸਨਾ ਮਕਬੂਲ?
ਸਨਾ ਟੈਲੀਵਿਜ਼ਨ ਦੀ ਦੁਨੀਆਂ ਦਾ ਜਾਣਿਆ-ਪਛਾਣਿਆ ਚਿਹਰਾ ਹਨ।
ਸਨਾ ਨਾ ਸਿਰਫ਼ ਟੈਲੀਵਿਜ਼ਨ ਵਿੱਚ ਕੰਮ ਕਰ ਚੁੱਕੇ ਹਨ ਸਗੋਂ ਉਨ੍ਹਾਂ ਨੇ ਸਾਊਥ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਸਨਾ ਨੇ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਮਾਡਲਿੰਗ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

ਤਸਵੀਰ ਸਰੋਤ, jio cinema
ਸਨਾ ਦਾ ਜਨਮ 13 ਜੂਨ 1994 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਨੇ ਤੇਲੁਗੂ ਫਿਲਮਾਂ ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
ਟੀਵੀ ਸ਼ੋਅ ਈਸ਼ਾਨ ਸਪਨੋਂ ਕੋ ਅਵਾਜ਼ ਦੇਂ ਵਿੱਚ ਵੀ ਉਹ ਸਨ। ਸਨਾ ਪਹਿਲੀ ਵਾਰ ਕਿਸੇ ਰਿਐਲਿਟੀ ਸ਼ੋਅ ਦਾ ਹਿੱਸਾ ਨਹੀਂ ਬਣੇ ਹਨ।
ਇਸ ਤੋਂ ਪਹਿਲਾਂ 2009 ਵਿੱਚ ਉਹ ਰਿਐਲਿਟੀ ਟੀਵੀ ਸ਼ੋਅ ਐੱਮ ਟੀਵੀ ਸਕੂਟੀ ਟੀਨ ਦੀਵਾ ਵਿੱਚ ਨਜ਼ਰ ਆਏ ਸਨ। ਸਾਲ 2012 ਵਿੱਚ ਉਨ੍ਹਾਂ ਫੈਮਿਨਾ ਮਿਸ ਇੰਡੀਆ ਵਿੱਚ ਹਿੱਸਾ ਲਿਆ ਸੀ ਅਤੇ ਬਿਊਟੀਫੁਲ ਸਮਾਈਲ ਦਾ ਪੁਰਸਕਾਰ ਜਿੱਤਿਆ ਸੀ।

ਤਸਵੀਰ ਸਰੋਤ, ANI
ਇੱਕ ਹਾਦਸੇ ਵਿੱਚੋਂ ਨਿਕਲਣ ਵਿੱਚ ਲੱਗਿਆ ਲੰਬਾ ਸਮਾਂ
ਸਨਾ ਦੇ ਨਾਲ ਇੱਕ ਦਰਦਨਾਕ ਹਾਦਸਾ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਤਕਲੀਫ਼ ਝੱਲਣੀ ਪਈ ਸੀ।
ਉਨ੍ਹਾਂ ਨੇ ਬਿਗ ਬੌਸ ਦੇ ਘਰ ਵਿੱਚ ਦੱਸਿਆ ਸੀ ਕਿ ਚਾਰ ਸਾਲ ਪਹਿਲਾਂ ਇੱਕ ਕੁੱਤੇ ਨੇ ਉਨ੍ਹਾਂ ਦੇ ਚਿਹਰੇ ਉੱਤੇ ਵੱਢ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ ਸੀ।

ਤਸਵੀਰ ਸਰੋਤ, jio cinema
ਇਸ ਹਾਦਸੇ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿੱਚੋਂ ਲੰਘੇ ਸਨ।
ਸਨਾ ਮਕਬੂਲ ਜਦੋਂ ਬਿਗ ਬੌਸ ਦੇ ਘਰ ਆਏ ਤਾਂ ਉਨ੍ਹਾਂ ਨੇ ਆਪਣੇ ਬਾਰੇ ਇੱਕ ਹੀ ਗੱਲ ਕਹੀ ਸੀ ਕਿ ਉਹ ਆਪਣੇ ਆਪ ਨੂੰ ਇਸ ਸ਼ੋਅ ਦਾ ਜੇਤੂ ਬਣਿਆ ਦੇਖਣਾ ਚਾਹੁੰਦੇ ਹਨ।
ਸ਼ੋਅ ਵਿੱਚ ਉਨ੍ਹਾਂ ਦੇ ਕਈ ਜਣਿਆਂ ਨਾਲ ਵਿਵਾਦ ਵੀ ਹੋਏ, ਜਿਨ੍ਹਾਂ ਵਿੱਚ ਰਣਵੀਰ ਸ਼ੌਰੀ ਵੀ ਸ਼ਾਮਿਲ ਹਨ।
ਹਾਲਾਂਕਿ ਸ਼ੋਅ ਜਿੱਤਣ ਦੇ ਆਪਣੇ-ਆਪ ਨੂੰ ਕੀਤੇ ਵਾਅਦੇ ਉੱਤੇ ਸਨਾ ਸ਼ੁਰੂ ਤੋਂ ਅਖੀਰ ਤੱਕ ਅੜੇ ਰਹੇ ਅਤੇ ਆਖਰਕਾਰ ਜੇਤੂ ਐਲਾਨ ਦਿੱਤੇ ਗਏ।












