ਐੱਮਸੀ ਸਟੈਨ ਬਿਗ ਬੌਸ-16 ਦੇ ਜੇਤੂ, ਸਿੱਧੂ ਮੂਸੇਵਾਲਾ ਨਾਲ ਕੀ ਹੈ ਇਸ ਰੈਪਰ ਦਾ ਕਨੈਕਸ਼ਨ

ਤਸਵੀਰ ਸਰੋਤ, Shaleen bhanot/priyanka chaudhary/shiv thakre
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਰਿਐਲਿਟੀ ਸ਼ੋਅ ਬਿਗ ਬੌਸ ਸੀਜ਼ਨ 16 ਐੱਮਸੀ ਸਟੈਨ ਨੇ ਜਿੱਤ ਲਿਆ ਹੈ। ਸ਼ਿਵ ਠਾਕਰੇ ਪਹਿਲੇ ਰਨਰ ਅਪ ਰਹੇ ਹਨ। ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਜੇਤੂ ਪ੍ਰਤੀਭਾਗੀ ਦਾ ਐਲਾਨ ਕੀਤਾ।
ਪ੍ਰਿਅੰਕਾ ਚਾਹਰ ਚੌਧਰੀ, ਸ਼ਾਲੀਨ ਭਨੋਟ, ਅਰਚਨਾ ਗੌਤਮ, ਸ਼ਿਵ ਠਾਕਰੇ ਤੇ ਐੱਮਸੀ ਸਟੈਨ ਆਖ਼ਰੀ 5 ਫਾਈਨਲਿਸਟ ਸਨ।
ਪ੍ਰਿਅੰਕਾ ਚਾਹਰ ਚੌਧਰੀ ਦੀ ਪਹਿਲੀ ਕਮਾਈ ਕਿਹੜੀ ਸੀ, ਸ਼ਾਲੀਨ ਭਨੋਟ ਨੇ ਕਿਹੜਾ ਸਿੱਖ ਕਿਰਦਾਰ ਨਿਭਾਇਆ ਹੈ, ਕਿਹੜੀ ਪਾਰਟੀ ਲਈ ਅਰਚਨਾ ਚੋਣ ਮੈਦਾਨ ਵਿੱਚ ਉੱਤਰੀ ਸੀ?
ਇਸ ਰਿਪੋਰਟ ਵਿੱਚ ਅਸੀਂ ਬਿੱਗ ਬੌਸ-16 ਦੇ 5 ਫਾਈਨਲਿਸਟਾਂ ਬਾਰੇ ਦੱਸਣ ਜਾ ਰਹੇ ਹਾਂ। ਇਸ 16ਵੇਂ ਸੀਜ਼ਨ ਦੇ ਫਿਨਾਲੇ ਤੱਕ ਇਹ ਪੰਜ ਸਿਤਾਰੇ ਪਹੁੰਚੇ ਹਨ।
ਇਨ੍ਹਾਂ ਦੇ ਨਾਂ ਹਨ, ਪ੍ਰਿਅੰਕਾ ਚਾਹਰ ਚੌਧਰੀ, ਸ਼ਾਲੀਨ ਭਨੋਟ, ਅਰਚਨਾ ਗੌਤਮ, ਸ਼ਿਵ ਠਾਕਰੇ ਤੇ ਐੱਮਸੀ ਸਟੈਨ।

ਤਸਵੀਰ ਸਰੋਤ, MC STAN/INSTAGRAM
ਇਨ੍ਹਾਂ ਸਾਰਿਆਂ ਦਾ ਐਕਟਿੰਗ ਤੇ ਸ਼ੋਅਬਿਜ਼ ਦੀ ਦੁਨੀਆਂ ਵਿੱਚ ਆਪਣਾ-ਆਪਣਾ ਸਫ਼ਰ ਰਿਹਾ ਹੈ।
ਇੱਕ ਅਕਤੂਬਰ 2022 ਨੂੰ ਬਿੱਗ ਬੌਸ ਦਾ 16ਵਾਂ ਸੀਜ਼ਨ 17 ਪ੍ਰਤੀਭਾਗੀਆਂ ਨਾਲ ਸ਼ੁਰੂ ਹੋਇਆ ਸੀ।
ਇਨ੍ਹਾਂ ਪੰਜਾਂ ਪ੍ਰਤੀਭਾਗੀਆਂ ਦੇ ਨਾਲ-ਨਾਲ ਇਸ ਸੀਜ਼ਨ ਵਿੱਚ ਸਾਜਿਦ ਖ਼ਾਨ, ਅਬਦੂ ਰੌਜ਼ਿਕ, ਟੀਨਾ ਦੱਤਾ, ਨਿਮਰਤ ਕੌਰ ਆਹਲੂਵਾਲੀਆ, ਸੁਮਬੂਲ ਤੌਕੀਰ, ਸੌਂਦਰਿਆ ਸ਼ਰਮਾ, ਸਰੀਜੀਤਾ ਡੇਅ, ਮਾਨਿਆ ਸਿੰਘ, ਗੌਰੀ ਨਗੌਰੀ, ਗੌਤਮ ਸਿੰਘ ਵਿਗ, ਅੰਕਿਤ ਗੁਪਤਾ ਤੇ ਵਿਕਾਸ ਨੇ ਹਿੱਸਾ ਲਿਆ ਸੀ।
ਸਾਲ 2006-2007 ਵਿੱਚ ਬਿੱਗ ਬੌਸ ਦਾ ਪਹਿਲਾ ਸੀਜ਼ਨ ਪ੍ਰਸਾਰਿਤ ਹੋਇਆ ਸੀ। ਉਸ ਪਹਿਲੇ ਸੀਜ਼ਨ ਦੇ ਹੋਸਟ ਅਦਾਕਾਰ ਅਰਸ਼ਦ ਵਾਰਸੀ ਸਨ। ਪਹਿਲੇ ਸੀਜ਼ਨ ਨੂੰ ਅਦਾਕਾਰ ਰਾਹੁਲ ਰੌਇ ਨੇ ਜਿੱਤਿਆ ਸੀ।
ਇਸ ਮਗਰੋਂ ਬਿੱਗ ਬੌਸ ਦੇ 16 ਸੀਜ਼ਨ ਆ ਚੁੱਕੇ ਹਨ। ਇਨ੍ਹਾਂ ਵਿੱਚ ਸ਼ਿਲਪਾ ਸੇੱਟੀ ਤੇ ਅਮਿਤਾਭ ਬੱਚਨ ਨੇ ਵੀ ਸ਼ੋਅ ਵਿੱਚ ਇੱਕ ਹੋਸਟ ਦੀ ਭੂਮਿਕਾ ਅਦਾ ਕੀਤੀ ਹੈ।

ਤਸਵੀਰ ਸਰੋਤ, Social media
ਸਾਲ 2010 ਤੋਂ ਅਦਾਕਾਰ ਸਲਮਾਨ ਖ਼ਾਨ ਬਿੱਗ ਬੌਸ ਨੂੰ ਹੋਸਟ ਕਰ ਰਹੇ ਹਨ। ਬਿੱਗ ਬੌਸ ਦੇ ਸੀਜ਼ਨ-16 ਦੇ ਆਖਰੀ ਹਫ਼ਤਿਆਂ ਵਿੱਚ ਸਲਮਾਨ ਖ਼ਾਨ ਨਜ਼ਰ ਨਹੀਂ ਆਏ।
ਇਹ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਰੁੱਝੇ ਹੋਏ ਹਨ।
ਇਸੇ ਕਰਕੇ ਆਮਤੌਰ 'ਤੇ ਇੱਕ ਸੀਮਤ ਅੰਦਾਜ਼ ਵਿੱਚ ਸੁਣਾਈ ਦੇਣ ਵਾਲੀ ਬਿੱਗ ਬੌਸ ਦੀ ਅਵਾਜ਼ ਬਿੱਗ ਬੌਸ-16 ਵਿੱਚ ਕਾਫ਼ੀ ਜ਼ਿਆਦਾ ਸੁਣਾਈ ਦੇ ਰਹੀ ਹੈ। ਬਿੱਗ ਬੌਸ ਇਸ ਵਾਰ ਪ੍ਰਤੀਭਾਗੀਆਂ ਨਾਲ ਮਸਤੀ ਕਰਦੇ ਹੋਏ ਸੁਣਾਈ ਦਿੱਤੇ।
ਹੁਣ ਅਸੀਂ ਬਿੱਗ ਬੌਸ ਸੀਜ਼ਨ ਦੇ 5 ਫਾਇਨਲਿਸਟਾਂ ਬਾਰੇ ਜਾਣ ਲੈਂਦੇ ਹਾਂ।
ਐੱਮਸੀ ਸਟੈਨ
ਪੰਜਵੇਂ ਫਾਈਨਲਿਸਟ ਹਨ ਰੈਪਰ, ਸਿੰਗਰ, ਕੰਪੋਜ਼ਰ ਤੇ ਲੇਖਕ ਐੱਮਸੀ ਸਟੈਨ। ਉਹ ਭਾਰਤ ਦੇ ਮਸ਼ਹੂਰ ਰੈਪਰਜ਼ ਵਿੱਚੋਂ ਗਿਣੇ ਜਾਂਦੇ ਹਨ।
ਹਿੱਪ-ਹਾਪ ਗਾਣ ਵਾਲੇ ਐੱਮਸੀ ਸਟੈਨ ਦੇ ਯੂਟਿਊਬ ਉੱਤੇ 6.02 ਮਿਲੀਅਨ ਸਬਸਕਰਾਈਬਰਜ਼ ਹਨ ਜਦਕਿ ਇੰਸਟਾਗ੍ਰਾਮ ਉੱਤੇ ਉਨ੍ਹਾਂ ਦੇ 7.5 ਮਿਲੀਅਨ ਫੋਲੋਅਰਜ਼ ਹਨ।
ਉਨ੍ਹਾਂ ਦੇ ਕਈ ਗਾਣੇ ਮਿਲੀਅਨਜ਼ ਵਿੱਚ ਵੀ ਸੁਣੇ ਗਏ ਹਨ। ਉਨ੍ਹਾਂ ਦੇ ਮਸ਼ਹੂਰ ਗਾਣਿਆਂ ਵਿੱਚੋਂ ਜੈਂਡਰ, ਕੱਲ੍ਹ ਮੇਰਾ ਸ਼ੋਅ, ਇਨਸਾਨ ਤੇ ਰਿਗਰੈਟ ਵਰਗੇ ਗਾਣੇ ਹਨ।
ਮਹਾਰਾਸ਼ਟਰ ਦੇ ਪੁਣੇ ਦੇ ਰਹਿਣ ਵਾਲੇ ਐੱਮਸੀ ਸਟੈਨ ਇੱਕ ਯੂਟਿਊਬਰ ਨਾਲ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਨੇ ਛੇਵੀਂ ਜਮਾਤ ਵਿੱਚ ਪਹਿਲੀ ਵਾਰ ਆਪਣੇ ਭਰਾ ਤੋਂ ਹਿੱਪ-ਹਾਪ ਮਿਊਜ਼ਿਕ ਸੁਣਿਆ ਸੀ।

ਤਸਵੀਰ ਸਰੋਤ, MC Stan/Instagram
ਬਿੱਗ ਬੌਸ ਦੇ ਸ਼ੁਰੂਆਤੀ ਦਿਨਾਂ ਵਿੱਚ ਐੱਮਸੀ ਸਟੈਨ ਖੁਦ ਨੂੰ ਇਸ ਸ਼ੋਅ ਵਿੱਚ ਫਿੱਟ ਨਹੀਂ ਪਾ ਰਹੇ ਸਨ। ਜਦੋਂ ਉਹ ਸ਼ੋਅ ਵਿੱਚ ਆਏ ਤਾਂ ਉਨ੍ਹਾਂ ਦੀ ਕਿਸੇ ਨਾਲ ਦੋਸਤੀ ਨਹੀਂ ਸੀ।
ਸ਼ੋਅ ਜਿਵੇਂ-ਜਿਵੇਂ ਅੱਗੇ ਵਧਿਆ ਐੱਮਸੀ ਦੀ ਸ਼ੋਅ ਵਿੱਚ ਭਾਗੀਦਾਰੀ ਵੀ ਵਧੀ। ਇੱਕ ਵੇਲੇ ਬਿੱਗ ਬੌ - 16 ਨੂੰ ਛੱਡਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਐੱਮਸੀ ਸਟੈਨ ਹੁਣ ਫਾਈਨਲ ਵਿੱਚ ਪਹੁੰਚੇ ਕੇ ਬਿੱਗ ਬੌਸ- 16 ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੇ ਹਨ।

ਤਸਵੀਰ ਸਰੋਤ, COLORS TV PR
ਜ਼ਿੰਦਗੀ ਦਾ ਸਫ਼ਰ ਗੀਤਾਂ ਜ਼ਰੀਏ ਸਾਂਝਾ ਕਰਨਾ
ਸਟੈਨ 12 ਸਾਲ ਦੀ ਉਮਰ ਵਿੱਚ ਵੀ ਕਵਾਲੀ ਗਾਇਆ ਕਰਦੇ ਸਨ। ਉਹ ਮਸ਼ਹੂਰ ਰੈਪਰ ਰਫ਼ਤਾਰ ਨਾਲ ਵੀ ਕੰਮ ਕਰ ਚੁੱਕੇ ਹਨ।
ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਰਹੀ ਹੈ। ਉਨ੍ਹਾਂ ਨੂੰ ਕਾਮਯਾਬੀ ਬੇਹੱਦ ਔਖਿਆਈਆਂ ਤੋਂ ਬਾਅਦ ਮਿਲੀ।
ਉਨ੍ਹਾਂ ਨੇ ਅਜਿਹੇ ਦਿਨ ਵੀ ਦੇਖੇ ਜਦੋਂ ਉਨ੍ਹਾਂ ਕੋਲ ਪੈਸੇ ਨਹੀਂ ਸਨ ਤੇ ਉਨ੍ਹਾਂ ਨੂੰ ਕਈ ਵਾਰ ਸੜਕ 'ਤੇ ਰਾਤ ਬਿਤਾਉਣੀ ਪਈ ਸੀ।
ਮਾੜੇ ਤੋਂ ਮਾੜੇ ਸਮੇਂ ਵਿੱਚ ਵੀ ਐੱਮਸੀ ਦਾ ਹੌਸਲਾ ਕਦੀ ਨਹੀਂ ਟੁੱਟਿਆ ਤੇ ਉਨ੍ਹਾਂ ਨੇ ਆਪਣੇ ਗਾਣਿਆ ਜ਼ਰੀਏ ਲੋਕਾਂ ਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਈ ਤੇ ਲੋਕਾਂ ਦਾ ਆਪਣੇ ਪ੍ਰਤੀ ਨਜ਼ਰੀਆ ਬਦਲਿਆ।
ਇਨ੍ਹਾਂ ਔਖਿਆਈਆਂ ਦੇ ਦੌਰ ਵਿੱਚ ਉਨ੍ਹਾਂ ਦਾ ਚਰਚਿਤ ਗੀਤ 'ਅਸਤਗਫ਼ਿਰੂਲਾਹ' ਹੋਇਆ। ਇਸ ਗੀਤ ਵਿੱਚ ਉਨ੍ਹਾਂ ਨੇ ਆਪਣੇ ਔਖੇ ਪੈਂਡੇ ਦੀ ਵਾਰਤਾ ਲੋਕਾਂ ਨਾਲ ਸਾਂਝੀ ਕੀਤੀ ਸੀ
ਉਨ੍ਹਾਂ ਦਾ ਗੀਤ 'ਵਾਟਾ' ਸਭ ਤੋਂ ਵੱਧ ਪਸੰਦ ਕੀਤਾ ਗਿਆ।

ਤਸਵੀਰ ਸਰੋਤ, COLORS TV PR
ਐੱਮਸੀ ਸਟੈਨ ਅਤੇ ਸਿੱਧੂ ਮੂਸੇਵਾਲਾ ਦਾ ਕਨੈਕਸ਼ਨ
ਐੱਮਸੀ ਸਟੈਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਮਰਹੂਮ ਰੈਪਰ ਟੁਪੈਕ ਸ਼ਕੂਰ ਦੀ ਤਸਵੀਰ ਲਗਾਈ ਹੋਈ ਹੈ। ਸਿੱਧੂ ਮੂਸੇਵਾਲਾ ਵੀ ਹਿਪਹਾਪ ਗਾਉਂਦੇ ਸੀ ਤੇ ਉਹ ਵੀ ਇਸ ਮਰਹੂਮ ਅਮਰੀਕੀ ਰੈਪਰ ਦੇ ਫੈਨ ਸਨ।
ਸਿੱਧੂ ਮੂਸੇਵਾਲਾ ਦਾ ਜਦੋਂ ਕਤਲ 29 ਮਈ 2022 ਨੂੰ ਕਤਲ ਹੋਇਆ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਹੀ ਮੂਸੇਵਾਲਾ ਨੇ ਟੁਪੈਕ ਸ਼ਕੂਰ ਬਾਰੇ ਇੱਕ ਗਾਣਾ ਕੱਢਿਆ ਸੀ ਜਿਸ ਦਾ ਨਾਮ ਸੀ 'ਦਿ ਲਾਸਟ ਰਾਈਡ'।
ਮਰਹੂਮ ਰੈਪਰ ਟੁਪੈਕ ਸ਼ਕੂਰ ਦਾ ਵੀ ਕਈ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਉਹ ਵੀ ਆਪਣੇ ਕਰੀਅਰ ਦੀਆਂ ਬੁਲੰਦੀਆਂ ਉੱਤੇ ਸਨ।
ਪ੍ਰਿਅੰਕਾ ਚਾਹਰ ਚੌਧਰੀ

ਤਸਵੀਰ ਸਰੋਤ, Priyanka/Instagram
ਪ੍ਰਿਅੰਕਾ ਚੌਧਰੀ 5 ਫਾਈਨਲਿਸਟਾਂ ਵਿੱਚੋਂ ਕਾਫ਼ੀ ਮਜ਼ਬੂਤ ਦਾਅਦੇਵਾਰ ਮੰਨੇ ਜਾ ਰਹੇ ਹਨ। ਪ੍ਰਿਅੰਕਾ ਦਾ ਪੂਰਾ ਨਾਮ ਪ੍ਰਿਅੰਕਾ ਚਾਹਰ ਚੌਧਰੀ ਹੈ।
ਪ੍ਰਿਅੰਕਾ ਚੌਧਰੀ ਉਹ ਜੈਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਰਿਵਾਰ ਦੇ ਜੀਅ ਫੌਜ ਵਿੱਚ ਵੀ ਹਨ।
ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਜੇ ਉਹ ਅਦਾਕਾਰ ਨਹੀਂ ਬਣਦੇ ਤਾਂ ਉਹ ਭਾਰਤੀ ਫੌਜ ਵਿੱਚ ਭਰਤੀ ਹੁੰਦੇ।

ਪ੍ਰਿਅੰਕਾ ਆਪਣੀ ਪਹਿਲੀ ਕਮਾਈ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੈਨਿਕ ਭਾਸਕਰ ਲਈ ਐਂਕਰਿੰਗ ਕੀਤੀ ਸੀ ਜਿਸ ਦੇ ਲਈ ਉਨ੍ਹਾਂ ਨੂੰ ਦੋ ਹਜ਼ਾਰ ਰੁਪਏ ਮਿਲੇ ਸਨ।
ਸ਼ੁਰੂਆਤ ਵਿੱਚ ਪ੍ਰਿਅੰਕਾ ਨੇ ਮਿਊਜ਼ਿਕ ਵੀਡੀਓਜ਼ ਵੀ ਕੀਤੀਆਂ ਸਨ। ਇਸ ਮਗਰੋਂ ਉਨ੍ਹਾਂ ਨੇ ਇੱਕ ਜਰਮਨ ਫਿਲਮ ਵਿੱਚ ਭਾਰਤੀ ਰਾਜਕੁਮਾਰੀ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ ਜੈਪੁਰ ਵਿੱਚ ਹੀ ਸ਼ੂਟ ਹੋਈ ਸੀ।

ਬਿੱਗ ਬੌਸ ਬਾਰੇ ਖ਼ਾਸ ਗੱਲਾਂ:
- ਬਿੱਗ ਬੌਸ ਦੇ 16ਵੇਂ ਸੀਜ਼ਨ ਵਿੱਚ 5 ਫਾਈਨਲਿਸਟ ਪਹੁੰਚੇ ਹਨ।
- ਸਾਲ 2006-2007 ਵਿੱਚ ਬਿੱਗ ਬੌਸ ਦਾ ਪਹਿਲਾ ਸੀਜ਼ਨ ਆਇਆ ਸੀ।
- ਇਸ ਪਹਿਲੇ ਸੀਜ਼ਨ ਦੇ ਜੇਤੂ ਅਦਾਕਾਰ ਰਾਹੁਲ ਰੌਏ ਸਨ।
- ਬੀਤੇ ਕਈ ਸਾਲਾਂ ਤੋਂ ਬਿੱਗ ਬੌਸ ਕਲਰਜ਼ ਚੈਨਲ ਉੱਤੇ ਪ੍ਰਸਾਰਿਤ ਹੋ ਰਿਹਾ ਹੈ।
- ਸਲਮਾਨ ਖ਼ਾਨ ਸਾਲ 2010 ਤੋਂ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ।
- ਅਰਸ਼ਦ ਵਾਰਸੀ, ਅਮਿਤਾਭ ਬੱਚਨ ਅਤੇ ਸ਼ਿਲਪਾ ਸ਼ੈੱਟੀ ਵੀ ਸ਼ੋਅ ਹੋਸਟ ਕਰ ਚੁੱਕੇ ਹਨ

ਪ੍ਰਿਅੰਕਾ ਨੇ ਕਲਰਜ਼ ਚੈਨਲ ਦੇ ਸ਼ੋਅ 'ਗਠਬੰਧਨ' ਨਾਲ ਇੱਕ ਟੀਵੀ ਅਦਾਕਾਰਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਮਗਰੋਂ ਉਨ੍ਹਾਂ ਨੇ ਟੀਵੀ ਸੀਰੀਅਲ 'ਯੇ ਹੈਂ ਚਾਹਤੇਂ' ਦੇ ਸ਼ੋਅ ਵਿੱਚ 'ਕੀਰਤੀ' ਦਾ ਕਿਰਦਾਰ ਨਿਭਾਇਆ।
ਉਸ ਸੀਰੀਅਲ ਵਿੱਚ ਪ੍ਰਿਅੰਕਾ ਇੱਕ ਉਭਰਦੀ ਗਾਇਕਾ ਦੀ ਭੂਮਿਕਾ ਵਿੱਚ ਸਨ।

ਤਸਵੀਰ ਸਰੋਤ, Priyanka/Instagram
ਪ੍ਰਿਅੰਕਾ ਨੂੰ ਸਭ ਤੋਂ ਵੱਧ ਪ੍ਰਸਿੱਧੀ ਪੰਜਾਬੀ ਕੁੜੀ ਦੇ ਕਿਰਦਾਰ ਨਾਲ ਮਿਲੀ ਸੀ।
ਉਨ੍ਹਾਂ ਨੇ ਕਲਰਜ਼ ਟੀਵੀ ਲਈ 'ਉਡਾਰੀਆਂ' ਸੀਰੀਅਲ ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਈ ਸੀ।
ਇਸ ਸੀਰੀਅਲ ਵਿੱਚ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ।
ਸ਼ਿਵ ਠਾਕਰੇ

ਤਸਵੀਰ ਸਰੋਤ, Shiv Thakre/Instagram
ਬਿੱਗ ਬੌਸ-16 ਦੇ ਦੂਜੇ ਫਾਈਨਲਿਸਟ ਹਨ ਸ਼ਿਵ ਠਾਕਰੇ। ਸ਼ਿਵ ਸਾਲ 2019 ਵਿੱਚ ਬਿੱਗ ਬੌਸ ਮਰਾਠੀ ਦੇ ਜੇਤੂ ਰਹਿ ਚੁੱਕੇ ਹਨ।
ਉਸ ਵੇਲੇ ਉਨ੍ਹਾਂ ਨੂੰ ਟਰਾਫੀ ਅਤੇ 17 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਸੀ।
ਮਹਾਰਾਸ਼ਟਰ ਦੇ ਅਮਰਾਵਤੀ ਦੇ ਰਹਿਣ ਵਾਲੇ ਸ਼ਿਵ ਠਾਕਰੇ ਐੱਮਟੀਵੀ ਦੇ ਸ਼ੋਅ 'ਰੋਡੀਜ਼' ਵਿੱਚ ਵੀ ਹਿੱਸਾ ਲੈ ਚੁੱਕੇ ਹਨ।

ਤਸਵੀਰ ਸਰੋਤ, Colors/Facebook
ਉਹ ਇਸ ਸ਼ੋਅ ਦੇ ਸੈਮੀਫਾਈਨਲ ਤੱਕ ਪਹੁੰਚੇ ਸਨ। ਬੀਬੀਸੀ ਮਰਾਠੀ ਅਨੁਸਾਰ ਸ਼ਿਵ ਠਾਕਰੇ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਕਾਫੀ ਸੰਘਰਸ਼ ਵੇਖਿਆ ਹੈ। ਜਦੋਂ ਘਰ ਦੇ ਹਾਲਾਤ ਠੀਕ ਨਹੀਂ ਸਨ ਤਾਂ ਉਹ ਦੁੱਧ ਤੇ ਅਖ਼ਬਾਰ ਵੇਚ ਕੇ ਵੀ ਗੁਜ਼ਾਰਾ ਕਰਦੇ ਸਨ।
ਬਿੱਗ ਬੌਸ ਮਰਾਠੀ ਜਿੱਤਣ ਵੇਲੇ ਉਹ ਆਪਣੇ ਸੰਘਰਸ਼ ਨੂੰ ਯਾਦ ਕਰਦੇ ਹੋਏ ਦੱਸਦੇ ਹਨ, "ਮੈਂ ਰੋਡੀਜ਼ ਲਈ ਚਾਰ ਸਾਲ ਤੱਕ ਕੋਸ਼ਿਸ਼ ਕੀਤੀ ਸੀ ਤੇ ਪੰਜਵੇ ਸਾਲ ਮੇਰੀ ਚੋਣ ਹੋਈ। ਇਸ ਮਗਰੋਂ ਮੈਂ ਬਿੱਗ ਬੌਸ ਹਿੰਦੀ ਲਈ ਵੀ ਕੋਸ਼ਿਸ਼ ਕੀਤੀ ਸੀ ਪਰ ਉੱਥੇ ਮੇਰੇ ਸਿਲੈਕਸ਼ਨ ਨਹੀਂ ਹੋਇਆ ਸੀ। ਫਿਰ ਮੇਰੀ ਬਿੱਗ ਬੌਸ ਮਰਾਠੀ ਲਈ ਚੋਣ ਹੋਈ। ਮੈਨੂੰ ਇਹ ਲਗਦਾ ਸੀ ਕਿ 'ਆਪਣਾ ਟਾਈਮ ਆਏਗਾ'।
ਦੁੱਧ ਤੇ ਅਖ਼ਬਾਰ ਵੇਚਣ ਵਾਲਾ ਸ਼ਿਵ ਹੁਣ ਬਿੱਗ ਬੌਸ- 16 ਦੇ ਫਾਈਨਲ ਤੱਕ ਪਹੁੰਚ ਗਿਆ ਹੈ।
ਅਰਚਨਾ ਗੌਤਮ

ਤਸਵੀਰ ਸਰੋਤ, Archana Gautam/Instagram
ਤੀਜੀ ਫਾਈਨਲਿਸਟ ਹਨ ਅਰਚਨਾ ਗੌਤਮ ਜੋ ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੇ ਹਨ।
ਅਰਚਨਾ ਗੌਤਮ ਇਸ ਬਿੱਗ ਬੌਸ ਸੀਜ਼ਨ ਦੇ ਉਨ੍ਹਾਂ ਚਿਹਰਿਆਂ ਵਿੱਚ ਹਨ ਜਿਨ੍ਹਾਂ ਦੀ ਕਾਫੀ ਚਰਚਾ ਹੋਈ ਹੈ।
ਅਰਚਨਾ ਗੌਤਮ ਸਾਲ 2014 ਵਿੱਚ 'ਮਿਸ ਉੱਤਰ ਪ੍ਰਦੇਸ਼ֹ' ਵੀ ਬਣੇ ਸਨ ਤੇ ਸਾਲ 2018 ਵਿੱਚ 'ਮਿਸ ਬਿਕਨੀ ਇੰਡੀਆ' ਦਾ ਖਿਤਾਬ ਵੀ ਉਨ੍ਹਾਂ ਨੂੰ ਮਿਲਿਆ ਸੀ।
ਅਰਚਨਾ ਨੇ 'ਹਸੀਨਾ ਪਾਰਕਰ', 'ਗ੍ਰੇਟ ਗ੍ਰੈਂਡ ਮਸਤੀ' ਵਰਗੀਆਂ ਕੁਝ ਫਿਲਮਾਂ ਵੀ ਕੀਤੀਆਂ ਹਨ।
ਇਸ ਤੋਂ ਇਲਾਵਾ ਉਹ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆਏ ਹਨ।

ਤਸਵੀਰ ਸਰੋਤ, Archana Gautam/Instagram
ਫਿਲਮੀ ਪਰਦੇ ਦੇ ਨਾਲ-ਨਾਲ ਅਰਚਨਾ ਸਿਆਸਤ ਵਿੱਚ ਵੀ ਹੱਥ ਅਜ਼ਮਾ ਚੁੱਕੇ ਹਨ।
ਕਾਂਗਰਸ ਨੇ ਉਨ੍ਹਾਂ ਨੂੰ ਸਾਲ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਹਸਤੀਨਾਪੁਰ ਤੋਂ ਟਿਕਟ ਦਿੱਤੀ ਸੀ।
ਭਾਵੇਂ ਉਹ ਚੋਣ ਹਾਰ ਗਏ ਸਨ ਪਰ ਉਹ ਬਿੱਗ ਬੌਸ ਸ਼ੋਅ ਵਿੱਚ ਸਿਆਸਤ ਵਿੱਚ ਆਉਣ ਦੀ ਆਪਣੀ ਹਸਰਤ ਦਾ ਜ਼ਿਕਰ ਅਕਸਰ ਕਰਦੇ ਰਹੇ ਹਨ।
ਮੌਜੂਦਾ ਸੀਜ਼ਨ ਵਿੱਚ ਅਰਚਨਾ ਨੂੰ ਇੱਕ ਵਾਰ ਸ਼ੋਅ ਵਿੱਚੋਂ ਬਾਹਰ ਦਾ ਰਾਹ ਵੀ ਦਿਖਾ ਦਿੱਤਾ ਗਿਆ ਸੀ।
ਸ਼ੋਅ ਵਿੱਚ ਇੱਕ ਬਹਿੱਸ ਦੌਰਾਨ ਅਰਚਨਾ ਨੇ ਸ਼ਿਵ ਨਾਲ ਹੱਥੋਪਾਈ ਕੀਤੀ ਸੀ।
ਇਸ ਦਾ ਨੋਟਿਲ ਲੈਂਦਿਆਂ ਬਿੱਗ ਬੌਸ ਨੇ ਅਰਚਨਾ ਗੌਤਮ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਸੀ।
ਫਿਰ ਜਦੋਂ ਆਪਣੇ ਵਤੀਰੇ ਲਈ ਅਰਚਨਾ ਵੱਲੋਂ ਬਿੱਗ ਬੌਸ ਤੋਂ ਮਾਫ਼ੀ ਮੰਗੀ ਗਈ ਤਾਂ ਉਨ੍ਹਾਂ ਨੂੰ ਸ਼ੋਅ ਵਿੱਚ ਵਾਪਸ ਬੁਲਾਇਆ ਗਿਆ ਸੀ।
ਸ਼ੋਅ ਵਿੱਚ ਵਾਪਸੀ ਵੇਲੇ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਝਾੜ ਵੀ ਪਾਈ ਸੀ।
ਸ਼ਾਲੀਨ ਭਨੋਟ

ਤਸਵੀਰ ਸਰੋਤ, Shalinr Bhanot/Instagram
ਬਿੱਗ ਬੌਸ- 16 ਦੇ ਸ਼ਾਲੀਨ ਭਨੋਟ ਚੌਥੇ ਫਾਈਨਲਿਸਟ ਹਨ। ਉਹ ਵੀ ਟੀਵੀ ਦੇ ਮੰਨੇ-ਪਰਮੰਨੇ ਅਦਾਕਾਰ ਹਨ।
ਸਾਲ 2004 ਵਿੱਚ ਉਨ੍ਹਾਂ ਨੇ ਰੋਡੀਜ਼ ਵਿੱਚ ਹਿੱਸਾ ਲਿਆ ਸੀ।
ਇਸ ਤੋਂ ਇਲਾਵਾ ਉਹ ਨੱਚ ਬਲੀਏ- 4 ਦੇ ਜੇਤੂ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਨਾਗਿਨ ਸੀਰੀਅਲ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਇਸ ਤੋਂ ਇਲਾਵਾ ਟੀਵੀ ਸੀਰੀਅਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿੱਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਿਓ 'ਮਹਾ ਸਿੰਘ' ਦੀ ਭੂਮਿਕਾ ਨਿਭਾਈ ਸੀ।
ਸਾਲ 2009 ਵਿੱਚ ਉਨ੍ਹਾਂ ਦਾ ਵਿਆਹ ਟੀਵੀ ਅਦਾਕਾਰਾ ਦਲਜੀਤ ਕੌਰ ਨਾਲ ਹੋਇਆ ਸੀ।
ਸਾਲ 2015 ਵਿੱਚ ਉਨ੍ਹਾਂ ਦੀ ਪਤਨੀ ਦਲਜੀਤ ਨੇ ਉਨ੍ਹਾਂ ਉੱਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਇਆ ਸੀ।
ਬਿੱਗ ਬੌਸ ਸ਼ੋਅ ਵਿੱਚ ਉਨ੍ਹਾਂ ਨੇ ਟੀਨਾ ਦੱਤਾ ਨਾਲ ਗੱਲਬਾਤ ਵਿੱਚ ਘਰੇਲੂ ਹਿੰਸਾ ਦੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਕਿਹਾ ਸੀ ਕਿ ਉਸ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਹਨ।
ਸਾਲ 2015 ਵਿੱਚ ਸ਼ਾਲੀਨ ਤੇ ਦਲਜੀਤ ਦਾ ਤਲਾਕ ਹੋ ਗਿਆ ਸੀ।
ਇਹ ਵੀ ਪੜ੍ਹੋ:












