ਅੰਮ੍ਰਿਤ ਮਾਨ ਦੇ ਚੱਲਦੇ ਅਖਾੜੇ 'ਚ ਅਜਿਹਾ ਕੀ ਹੋਇਆ ਕਿ ਗੱਲ ਐੱਫਆਈਆਰ ਤੱਕ ਪਹੁੰਚ ਗਈ

ਤਸਵੀਰ ਸਰੋਤ, Amrit Maan/instagram
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਮੋਗਾ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਦੇ ਇੱਕ ਪ੍ਰੋਗਰਾਮ ਦੌਰਾਨ ਕਥਿਤ ਤੌਰ 'ਤੇ ਧੱਕਾ-ਮੁੱਕੀ ਹੋਣ ਤੋਂ ਬਾਅਦ ਪੁਲਿਸ ਨੇ ਇੱਕ ਅਣਪਛਾਤੇ ਸਮੇਤ ਤਿੰਨ ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਦਰਅਸਲ ਅੰਮ੍ਰਿਤ ਮਾਨ ਮੋਗਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਵਿਆਹ ਸਮਾਗਮ ਵਿਚ ਸ਼ੋਅ ਲਗਾਉਣ ਲਈ ਆਏ ਸਨ।
ਵਿਆਹ ਵਾਲੇ ਪਰਿਵਾਰ ਦਾ ਕਹਿਣਾ ਹੈ, ''ਚਲਦੇ ਸ਼ੋਅ ਦੌਰਾਨ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਅੰਮ੍ਰਿਤ ਮਾਨ ਦੇ ਮੈਨੇਜਰ ਤੇ ਉਨ੍ਹਾਂ ਦੇ ਬਾਡੀਗਾਰਡਾਂ ਨੇ ਸਟੇਜ 'ਤੇ ਸ਼ੈਲਫੀ ਲੈਣ ਗਏ ਇੱਕ ਨੌਜਵਾਨ ਨੂੰ ਕਥਿਤ ਤੌਰ 'ਤੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ।''
ਅੰਮ੍ਰਿਤ ਮਾਨ ਦੇ ਮੈਨੇਜਰ ਨੇ ਪੁਲਿਸ ਨੂੰ ਕੀ ਦੱਸਿਆ

ਤਸਵੀਰ ਸਰੋਤ, BBC/Surinder Maan
ਦੂਜੇ ਪਾਸੇ ਗਾਇਕ ਅਮ੍ਰਿਤ ਮਾਨ ਦੇ ਮੈਨੇਜਰ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਇੱਕ ਸ਼ਿਕਾਇਤ ਪੱਤਰ ਵਿਚ ਕਿਹਾ, ''ਅੰਮ੍ਰਿਤ ਮਾਨ ਨੇ ਮੋਗਾ ਦੇ ਇੱਕ ਪੈਲੇਸ ਵਿੱਚ ਬਾਅਦ ਦੁਪਹਿਰ 2.10 ਵਜੇ ਗਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਕੁਝ ਲੋਕਾਂ ਨੇ ਚਲਦੇ ਸ਼ੋਅ ਵਿੱਚ 'ਵਿਘਨ' ਪਾ ਦਿੱਤਾ।''
ਪੁਲਿਸ ਨੂੰ ਅਮ੍ਰਿਤ ਮਾਨ ਦੇ ਮੈਨੇਜਰ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਦਰਜ ਹੋਈ ਐੱਫ਼ਆਈਆਰ ਨੰ ਵਿੱਚ ਆਈਪੀਸੀ ਦੀਆਂ ਧਾਰਾਵਾਂ 323, 427, 506 ਅਤੇ 34 ਲਗਾਈਆਂ ਗਈਆਂ ਹਨ।
ਅੰਮ੍ਰਿਤ ਮਾਨ ਦੇ ਮੈਨੇਜਰ ਨੇ ਪੁਲਿਸ ਨੂੰ ਦੱਸਿਆ, "ਪ੍ਰੋਗਰਾਮ 'ਚ ਵਿਘਨ ਪਾਉਣ ਵਾਲੇ ਤਿੰਨ ਜਣੇ ਸ਼ਰਾਬੀ ਹਾਲਤ 'ਚ ਸਨ। ਇਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਹੀਂ ਰੁਕੇ। ਫਿਰ ਅਸੀਂ ਮੁਸ਼ਕਿਲ ਨਾਲ ਅੰਮ੍ਰਿਤ ਮਾਨ ਨੂੰ ਬਚਾ ਕਿ ਪੈਲੇਸ ਤੋਂ ਸੁਰੱਖਿਅਤ ਕੱਢ ਲਿਆਂਦਾ।"
ਥਾਣਾ ਸਦਰ ਮੋਗਾ ਦੇ ਐੱਸਐੱਚਓ ਜਗਤਾਰ ਸਿੰਘ ਮੁਤਾਬਕ ਅੰਮ੍ਰਿਤ ਮਾਨ ਦੇ ਮੈਨੇਜਰ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਬਲਪ੍ਰੀਤ ਸਿੰਘ ਅਤੇ ਯਾਦਵਿੰਦਰ ਸਿੰਘ ਤੋਂ ਇਲਾਵਾ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
'ਮੈਨੇਜੇਰ ਦੇ ਦਾਅਵੇ ਝੂਠੇ'
ਗਾਇਕ ਅੰਮ੍ਰਿਤ ਮਾਨ ਦੇ ਮੈਨੇਜਰ ਦੇ ਦਾਅਵਿਆਂ ਦੇ ਉਲਟ ਵਿਆਹ ਸਮਾਗਮ ਦੇ ਪ੍ਰਬੰਧਕ ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਗਾਇਕ ਦੇ ਮੈਨੇਜਰ ਨੇ ਪੁਲਿਸ ਨੂੰ 'ਝੂਠੀ' ਕਹਾਣੀ ਦੱਸੀ ਹੈ।
ਸਿਮਰਨਜੀਤ ਸਿੰਘ ਕਹਿੰਦੇ ਹਨ, "ਅਸਲ ਵਿੱਚ ਮੇਰਾ ਭਰਾ ਬਲਪ੍ਰੀਤ ਸਿੰਘ ਗਾਇਕ ਅੰਮ੍ਰਿਤ ਮਾਨ ਨਾਲ ਫ਼ੋਟੋ ਖਿਚਵਾਉਣੀ ਚਾਹੁੰਦਾ ਸੀ। ਚਲਦੇ ਅਖਾੜੇ ਵਿੱਚ ਉਸ ਨੇ ਗਾਇਕ ਦੇ ਮੈਨੇਜਰ ਨਾਲ ਗੱਲ ਕੀਤੀ ਤੇ ਉਹ ਸਟੇਜ 'ਤੇ ਚਲਾ ਗਿਆ।"
''ਬੱਸ, ਇਸੇ ਵੇਲੇ ਅਮ੍ਰਿਤ ਮਾਨ ਦੇ 15 ਦੇ ਕਰੀਬ ਬਾਊਂਸਰ ਸਟੇਜ ਉੱਪਰ ਆ ਗਏ ਤੇ ਉਨ੍ਹਾਂ ਨੇ ਬਲਪ੍ਰੀਤ ਸਿੰਘ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਇਹ ਲੋਕ ਗਾਲ੍ਹਾਂ ਕੱਢਦੇ ਹੋਏ ਅਖਾੜਾ ਛੱਡ ਕੇ ਚਲੇ ਗਏ।"

ਤਸਵੀਰ ਸਰੋਤ, BBC/Surinder Maan
ਸਰਪੰਚ ਦੇ ਪਿਤਾ ਚਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਇਹ ਵਿਵਾਦ ਖੜ੍ਹਾ ਹੋਇਆ ਸੀ ਤਾਂ ਉਨ੍ਹਾਂ ਨੇ ਮੁਆਫ਼ੀ ਮੰਗਦੇ ਹੋਏ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਦੱਸਿਆ, ''ਮੇਰਾ ਮਕਸਦ ਤਾਂ ਸਿਰਫ਼ ਐਨਾ ਹੀ ਸੀ ਕਿ ਵਿਆਹ ਦੇ ਖੁਸ਼ੀ ਭਰੇ ਮਾਹੌਲ 'ਚ ਕੋਈ ਬਖੇੜਾ ਖੜਾ ਨਾ ਹੋਵੇ ਪਰ ਅੰਮ੍ਰਿਤ ਮਾਨ ਦੇ ਬਾਊਂਸਰਾਂ ਨੇ ਸਾਰੀ ਖੇਡ ਹੀ ਵਿਗਾੜ ਹੀ ਦਿੱਤੀ।''
ਸਰਪੰਚ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਉਨਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਸੀ।
ਅੰਮ੍ਰਿਤ ਮਾਨ ਬਾਰੇ ਕੁਝ ਗੱਲਾਂ
ਮਨੋਰੰਜਨ ਦੀ ਦੁਨੀਆਂ ਵਿੱਚ ਆਪਣੇ ਪ੍ਰਸ਼ੰਸਕਾਂ ਦਰਮਿਆਨ ਅਮ੍ਰਿਤ ਮਾਨ ਦੇ ਨਾਮ ਨਾਲ ਜਾਣ ਜਾਂਦੇ ਇਸ ਕਲਾਕਾਰ ਦਾ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਮਾਨ ਹੈ।

ਤਸਵੀਰ ਸਰੋਤ, FB/Amrit Maan
ਬਠਿੰਡਾ ਦੇ ਗੋਨਿਆਣਾ ਮੰਡੀ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤ ਮਾਨ ਦਾ ਸਭ ਤੋਂ ਪਹਿਲਾ ਲਿਖਿਆ ਗੀਤ 2014 ਵਿੱਚ 'ਜੱਟ ਫਾਇਰ ਕਰਦਾ' ਸੀ। ਇਸ ਗੀਤ ਨੂੰ ਦਿਲਜੀਤ ਦੁਸਾਂਝ ਨੇ ਆਵਾਜ਼ ਦਿੱਤੀ ਸੀ।
ਗੀਤਕਾਰੀ ਤੋਂ ਸ਼ੁਰੂਆਤ ਕਰਨ ਵਾਲੇ ਅੰਮ੍ਰਿਤ ਮਾਨ ਨੇ ਗਾਇਕੀ ਵਿੱਚ ਵੀ ਕਦਮ ਰੱਖਿਆ ਅਤੇ ਫ਼ਿਰ ਅਦਾਕਾਰੀ ਵਿੱਚ ਕਿਸਮਤ ਅਜ਼ਮਾਈ।
2015 ਵਿੱਚ ਉਨ੍ਹਾਂ ਨੂੰ ਗੀਤ 'ਦੇਸੀ ਦਾ ਡਰੰਮ' ਨਾਲ ਬਤੌਰ ਗਾਇਕ ਪ੍ਰਸਿੱਧੀ ਮਿਲੀ।
2017 ਵਿੱਚ ਉਨ੍ਹਾਂ ਨੇ ਪੰਜਾਬੀ ਫ਼ਿਲਮ 'ਚੰਨਾ ਮੇਰਿਆ' ਨਾਲ ਬਤੌਰ ਅਦਾਕਾਰ ਆਗਾਜ਼ ਕੀਤਾ, ਇਹ ਫ਼ਿਲਮ ਮਰਾਠੀ ਫ਼ਿਲਮ 'ਸੈਰਾਟ' ਦਾ ਪੰਜਾਬੀ ਤਰਜਮਾ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਨਿੰਜਾ, ਪਾਇਲ ਰਾਜਪੂਤ ਅਤੇ ਯੋਗਰਾਜ ਸਿੰਘ ਮੁੱਖ ਕਿਰਦਾਰਾਂ ਵਿੱਚ ਸਨ।
ਇਸ ਤੋਂ ਬਾਅਦ ਉਨ੍ਹਾਂ 2018 ਵਿੱਚ 'ਲੌਂਗ ਲਾਚੀ' ਤੇ 'ਆਟੇ ਦੀ ਚਿੜੀ' ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ।
ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਲੱਖਾਂ ਲੋਕ ਫੌਲੋ ਕਰਦੇ ਹਨ।

ਇਹ ਵੀ ਪੜ੍ਹੋ:













