ਕੌਣ ਹੈ ਅਮਰੀਕੀ ਪੱਤਰਕਾਰ ਅੰਗਦ ਸਿੰਘ ਜਿਸ ਨੂੰ ਭਾਰਤ ਸਰਕਾਰ ਨੇ 'ਬਲੈਕ ਲਿਸਟ' ਕੀਤਾ

ਤਸਵੀਰ ਸਰੋਤ, Instagram/Angad Singh
- ਲੇਖਕ, ਸੁਚਿਤਰਾ ਮੋਹੰਤੀ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਨਾਗਰਿਕ ਅਤੇ ਵਾਈਸ ਨਿਊਜ਼ ਦੇ ਪੱਤਰਕਾਰ ਅੰਗਦ ਸਿੰਘ ਬਾਰੇ ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਡਾਕੂਮੈਂਟਰੀ ‘ਇੰਡੀਆ ਬਰਨਿੰਗ’ ਨੇ ਭਾਰਤ ਦੀ ਧਰਮ ਨਿਰਪੱਖ ਸਾਖ ਨੂੰ ਨਕਾਰਤਮਕ ਤਰੀਕੇ ਨਾਲ ਪੇਸ਼ ਕੀਤਾ ਹੈ।
ਸਾਲ 2022 ਵਿੱਚ 24 ਅਗਸਤ ਨੂੰ ਅੰਗਦ ਸਿੰਘ ਨੂੰ ਭਾਰਤ ਤੋਂ ਅਮਰੀਕਾ ਡਿਪੋਰਟ ਕਰ ਦਿੱਤਾ ਗਿਆ ਸੀ ਜਿਸ ਖਿਲਾਫ਼ ਉਹ ਦਿੱਲੀ ਹਾਈਕੋਰਟ ਗਏ ਸਨ।
‘ਇੰਡੀਆ ਬਰਨਿੰਗ’ ਡਾਕੂਮੈਂਟਰੀ ਭਾਰਤ ਉਪਰ ਬਣੀ ਹੈ ਪਰ ਇਹ ਡਾਕੂਮੈਂਟਰੀ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਗਈ ਹੈ।
ਅੰਗਦ ਸਿੰਘ ਵੱਲੋਂ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਲੱਗੇ ਸ਼ਾਹੀਨ ਬਾਗ ਦੇ ਧਰਨੇ ਅਤੇ ਭਾਰਤ ਵਿੱਚ ਕੋਰੋਨਾਵਾਇਰਸ ਦੌਰਾਨ ਹਾਲਾਤਾਂ ਉੱਪਰ ਵੀ ਦਸਤਾਵੇਜ਼ੀ ਫ਼ਿਲਮ ਬਣਾਈ ਗਈ ਹੈ।
ਕੇਂਦਰ ਸਰਕਾਰ ਨੇ ਹਾਈਕੋਰਟ ’ਚ ਕੀ ਕਿਹਾ ?
ਬੀਬੀਸੀ ਨੂੰ ਮਿਲੇ ਕੇਂਦਰ ਸਰਕਾਰ ਦੇ ਐਫੀਡੈਵਿਟ ਮੁਤਾਬਕ, “ਅੰਗਦ ਸਿੰਘ ਦੀ ਦਸਤਾਵੇਜ਼ੀ ਫ਼ਿਲਮ ‘ਬਰਨਿੰਗ ਇੰਡੀਆ’ ਨੇ ਭਾਰਤ ਦੀ ਧਰਮ ਨਿਰਪੱਖਤਾ ਨੂੰ ਬਹੁਤ ਹੀ ਨਕਾਰਤਮਕਤਾ ਨਾਲ ਪੇਸ਼ ਕੀਤਾ ਹੈ। ਉਸ ਨੇ ਸਾਲ 2020 ਵਿੱਚ ਪੱਤਰਕਾਰ ਦਾ ਵੀਜ਼ਾ ਲੈਣ ਲਈ ਪਾਈ ਅਰਜੀ ਵਿੱਚ ਤੱਥਾਂ ਨੂੰ ਗਲਤ ਪੇਸ਼ ਕੀਤਾ ਸੀ। ਉਹ ਭਾਰਤ ਨੂੰ ਬਦਨਾਮ ਕਰਨ ਵਾਲੇ ਰਾਸ਼ਟਰ ਵਿਰੋਧੀ ਪ੍ਰਚਾਰ ਵਿੱਚ ਸਪੱਸ਼ਟ ਤੌਰ ’ਤੇ ਸ਼ਾਮਿਲ ਸੀ।”
ਕੇਂਦਰ ਸਰਕਾਰ ਨੇ ਇਹ ਦਸਤਾਵੇਜ਼ ਜਸਟਿਸ ਪ੍ਰਤਿਭਾ ਐੱਮ ਸਿੰਘ ਦੀ ਸਿੰਗਲ ਜੱਜ ਬੈਂਚ ਅੱਗੇ ਜਮਾਂ ਕਰਵਾਇਆ ਹੈ
ਵੈੱਬਸਾਈਟ ਲਾਈਵ ਲਾਅ ਮੁਤਾਬਕ ਕੇਂਦਰ ਨੇ ਅਦਾਲਤ ਨੂੰ ਕਿਹਾ ਹੈ ਕਿ ਓਸੀਆਈ ਕਾਰਡ ਹੋਲਡਰ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਅੰਗਦ ਸਿੰਘ ਬਲੈਕ ਲਿਸਟ ਕੀਤ ਹੈ।
ਕੇਂਦਰ ਨੇ ਇਹ ਵੀ ਕਿਹਾ ਕਿ ਦੇਖਿਆ ਜਾਵੇਗਾ ਕਿ ''ਕੀ ਕਿਸੇ ਪ੍ਰਕਿਰਿਆ ਤਹਿਤ ਅੰਗਦ ਸਿੰਘ ਦਾ ਓਸੀਆਈ ਕਾਰਡ ਰੱਦ ਕੀਤਾ ਜਾ ਸਕਦਾ ਹੈ ਜਾਂ ਨਹੀਂ।''
ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਅੰਗਦ ਨੇ ਸਾਫ਼ ਤੌਰ ’ਤੇ ਐਨਓਸੀ ਅਤੇ ਸਪੈਸ਼ਲ ਪਰਟਿਮ ਦੀ ਗਲਤ ਵਰਤੋਂ ਕੀਤੀ।
ਪਿਛਲੇ ਸਾਲ ਦਸੰਬਰ ਵਿੱਚ ਅੰਗਦ ਸਿੰਘ ਨੇ ਹਾਈਕੋਰਟ ਵਿੱਚ ਭਾਰਤ ਸਰਕਾਰ ਵੱਲੋਂ ਐਂਟਰੀ ਨਾ ਦਿੱਤੇ ਜਾਣ ਖਿਲਾਫ਼ ਅਪੀਲ ਪਾਈ ਸੀ ਤਾਂ ਜੱਜ ਨੇ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਅਥਾਰਟੀਆਂ ਤੋਂ ਚਾਰ ਹਫਤਿਆਂ ਵਿੱਚ ਜਵਾਬ ਮੰਗਿਆ ਸੀ।

ਇਹ ਵੀ ਪੜ੍ਹੋ-

ਅੰਗਦ ਸਿੰਘ ਦਾ ਕੀ ਕਹਿਣਾ ਹੈ?

ਤਸਵੀਰ ਸਰੋਤ, Instagram/Angad Singh
ਅਗਸਤ 2022 ਵਿੱਚ ਜਦੋਂ ਅੰਗਦ ਸਿੰਘ ਭਾਰਤ ਪਹੁੰਚੇ ਤਾਂ ਉਨ੍ਹਾਂ ਨੂੰ ਵਾਪਸ ਅਮਰੀਕਾ ਡਿਪੋਰਟ ਕਰ ਦਿੱਤਾ ਗਿਆ ਸੀ।
ਉਹ ਭਾਰਤ ਵਿੱਚ ਕਿਸੇ ਪਰਿਵਾਰਕ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਸਨ।
ਅੰਗਦ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਲੀ ਉਤਰਨ ਤੋਂ ਕੁਝ ਘੰਟੇ ਬਾਅਦ ਹੀ ਡਿਪੋਰਟ ਕੀਤਾ ਗਿਆ ਸੀ ਅਤੇ ਕੋਈ ਖਾਸ ਕਾਰਨ ਵੀ ਨਹੀਂ ਦੱਸਿਆ ਗਿਆ।
ਬੀਬੀਸੀ ਨਾਲ ਗੱਲ ਕਰਦਿਆਂ ਅੰਗਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਐਂਟਰੀ ’ਤੇ ਰੋਕ ਦਾ ਮਸਲਾ ਅਦਾਲਤ ਵਿੱਚ ਚੁੱਕਿਆ ਸੀ ਅਤੇ ਉਹ ਇਸ ਨੂੰ ਕਾਨੂੰਨ ਮੁਤਾਬਕ ਅੱਗੇ ਲੈ ਕੇ ਜਾਣਗੇ।
ਅੰਗਦ ਸਿੰਘ ਕਹਿੰਦੇ ਹਨ, “ਮੈਂ ਇਸ ਕੇਸ ਨੂੰ ਅੱਗੇ ਲੜਦਾ ਰਹਾਂਗਾਂ।”
ਹਾਲਾਂਕਿ ਉਨ੍ਹਾਂ ਨੇ ਮਾਮਲਾ ਕੋਰਟ ਵਿੱਚ ਹੋਣ ਕਾਰਨ ਵਧੇਰੇ ਬੋਲਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ, “ਹਾਲੇ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਇਸ ਲਈ ਮੈਂ ਇਸ ਉਪਰ ਹੋਰ ਕੁਝ ਨਹੀਂ ਕਹਿ ਸਕਦਾ।”
ਕੌਣ ਹਨ ਅੰਗਦ ਸਿੰਘ ?

ਤਸਵੀਰ ਸਰੋਤ, Instagram/Angad Singh
ਅੰਗਦ ਸਿੰਘ ਵਾਈਸ ਨਿਊਜ਼ ਦੇ ਸਾਊਥ ਏਸ਼ੀਆ ਦੇ ਡਾਕੂਮੈਂਟਰੀ ਪ੍ਰੋਡਿਊਸਰ ਹਨ। ਉਹ 'ਪੀਪਲਜ਼ ਮੂਵਮੈਂਟ' ਯਾਨੀ ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਉੱਪਰ ਕੰਮ ਕਰਦੇ ਹਨ।
ਉਨ੍ਹਾਂ ਨੇ ਸ਼੍ਰੀਲੰਕਾ, ਹਾਂਗਕਾਂਗ, ਮਿਆਂਮਾਰ, ਭਾਰਤ ਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਹੋਏ ਅੰਦੋਲਨ ਬਾਰੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ।
ਅੰਗਦ ਸਿੰਘ ਦੀਆਂ ਵੱਖ-ਵੱਖ ਮੁੱਦਿਆਂ ਉਪਰ ਬਣੀਆਂ ਡਾਕੂਮੈਂਟਰੀ ਫਿਲਮਾਂ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।
ਇਨ੍ਹਾਂ ਵਿੱਚ ਐਮੀ ਐਵਾਰਡ ਲਈ ਨਾਮੀਨੇਸ਼ਨ ਹੋਣਾ ਵੀ ਹੈ।
ਉਹ ਅਮਰੀਕਾ ਦੇ ਜੰਮਪਲ ਹਨ ਅਤੇ ਕੋਲੰਬੀਆ ਯੂਨੀਵਰਸਿਟੀ ਵਿਖੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਰਹੇ ਹਨ। ਪਿਛਲੇ ਛੇ ਸਾਲਾਂ ਤੋਂ ਉਹ ਵਾਈਸ ਨਿਊਜ਼ ਨਾਲ ਜੁੜੇ ਹੋਏ ਹਨ।

ਤਸਵੀਰ ਸਰੋਤ, Instagram/Angad Singh
2001 ਵਿੱਚ ਅਮਰੀਕਾ 'ਤੇ ਅੱਤਵਾਦੀ ਹਮਲੇ ਤੋਂ ਕੁਝ ਸਾਲ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਦਸਤਾਵੇਜ਼ੀ ਫ਼ਿਲਮ 'ਵਨ ਲਾਈਟ' ਬਣਾਈ ਸੀ।
ਇਸ ਦਸਤਾਵੇਜ਼ੀ ਫ਼ਿਲਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਕਈ ਐਵਾਰਡ ਵੀ ਮਿਲੇ ਹਨ।
ਉਨ੍ਹਾਂ ਦੇ ਬਲਾਗ ਮੁਤਾਬਕ ਹਮਲਿਆਂ ਤੋਂ ਬਾਅਦ ਸਿੱਖਾਂ ਦੇ ਦਰਪੇਸ਼ ਆਈਆਂ ਮੁਸ਼ਕਿਲਾਂ ਲਈ ਵੀ ਇਸ ਫ਼ਿਲਮ ਨੇ ਕੰਮ ਕੀਤਾ।
ਦਰਅਸਲ ਅਮਰੀਕਾ ਵਿੱਚ ਆਮ ਲੋਕਾਂ ਨੂੰ ਸਿੱਖਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਜਿਸ ਕਾਰਨ ਸਿੱਖ ਵੀ ਕਈ ਵਾਰ ਹਮਲੇ ਦਾ ਸ਼ਿਕਾਰ ਹੋਏ ਹਨ।
ਇਸ ਦਸਤਾਵੇਜ਼ੀ ਫਿਲਮ ਨੂੰ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿੱਚ ਕਈ ਵਾਰ ਦਿਖਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਮਿਲੇ।
ਉਨ੍ਹਾਂ ਦੇ ਮਾਤਾ ਗੁਰਮੀਤ ਕੌਰ ਇੱਕ ਲੇਖਿਕਾ ਹਨ ਜਿਨ੍ਹਾਂ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਪੰਜਾਬ ਅਤੇ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕੀਤਾ ਹੈ।













