ਇਨ੍ਹਾਂ ਨੂੰ ਏਅਰਪੋਰਟ ਤੋਂ ਹੀ ਮੋੜ ਦਿੱਤਾ ਸੀ, ਮੋਦੀ ਸਰਕਾਰ ਹੁਣ ਦੇ ਰਹੀ ਐਵਾਰਡ, ਜਾਣੋ ਕੌਣ ਹੈ ਇਹ ਪੰਜਾਬੀ

ਤਸਵੀਰ ਸਰੋਤ, Surjit Singh Rakhra
- ਲੇਖਕ, ਸੁਨੀਲ ਕਟਾਰੀਆ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਸਰਕਾਰ ਵੱਲੋਂ 17ਵਾਂ ਪਰਵਾਸੀ ਭਾਰਤੀ ਦਿਵਸ ਭਾਵ ਪਰਵਾਸੀ ਭਾਰਤੀ ਦਿਹਾੜਾ 8 ਤੋਂ 10 ਜਨਵਰੀ, 2023 ਦਰਮਿਆਨ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ।
ਤਿੰਨ ਦਿਨਾਂ ਦੇ ਇਸ ਸਾਲ ਦੇ 17ਵੇਂ ਸੈਸ਼ਨ ਦੌਰਾਨ ਕੁਝ ਚੋਣਵੇਂ ਪਰਵਾਸੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਦਿੱਤੇ ਯੋਗਦਾਨ ਕਰਕੇ ਭਾਰਤ ਸਰਕਾਰ ਵੱਲੋਂ ਪਰਵਾਸੀ ਭਾਰਤੀ ਸਨਮਾਨ ਨਾਲ ਨਵਾਜ਼ਿਆ ਜਾਵੇਗਾ।
ਇਸ ਵਾਰ 27 ਸ਼ਖ਼ਸੀਅਤਾਂ ਨੂੰ ਪਰਵਾਸੀ ਭਾਰਤੀ ਐਵਾਰਡ ਨਾਲ ਕਨਵੈਨਸ਼ਨ ਦੇ ਤੀਜੇ ਦਿਨ 10 ਜਨਵਰੀ ਨੂੰ ਸਨਮਾਨਿਆ ਜਾਵੇਗਾ।
ਇਨ੍ਹਾਂ ਵਿੱਚੋਂ ਹੀ ਇੱਕ ਨਾਮ ਮੂਲ ਰੂਪ ਵਿੱਚ ਪਟਿਆਲਾ ਦੇ ਪਿੰਡ ਰੱਖੜਾ ਨਾਲ ਤਾਲੁਕ ਰੱਖਣ ਵਾਲੇ ਡਾ. ਦਰਸ਼ਨ ਸਿੰਘ ਧਾਲੀਵਾਲ ਵੀ ਹਨ, ਜੋ ਅਮਰੀਕਾ ਵਿੱਚ ਕਾਰੋਬਾਰ ਕਰਦੇ ਹਨ ਅਤੇ ਆਪਣੇ ਭਾਈਚਾਰੇ ਦੀ ਭਲਾਈ ਨਾਲ ਜੁੜੇ ਕੰਮਾਂ ਵਿੱਚ ਸਰਗਰਮ ਹਨ।
ਇਹ ਉਹੀ ਦਰਸ਼ਨ ਸਿੰਘ ਧਾਲੀਵਾਲ ਹਨ ਜਿਨ੍ਹਾਂ ਨੂੰ ਅਕਤੂਬਰ 2021 ਵਿੱਚ ਦਿੱਲੀ ਏਅਰਪੋਰਟ ਤੋਂ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ।
ਡਾ. ਦਰਸ਼ਨ ਸਿੰਘ ਧਾਲੀਵਾਲ ਕੌਣ ਹਨ

ਤਸਵੀਰ ਸਰੋਤ, FB/Surjit Singh Rakhra
ਦਰਸ਼ਨ ਸਿੰਘ ਧਾਲੀਵਾਲ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੂੰ ਦਿੱਲੀ ਏਅਰਪੋਰਟ ’ਤੇ ਹੀ ਰੋਕ ਦਿੱਤਾ ਗਿਆ ਸੀ ਅਤੇ ਭਾਰਤ ਵਿੱਚ ਦਾਖਲੇ ਉੱਤੇ ਰੋਕ ਲਗਾਉਂਦਿਆਂ ਉਨ੍ਹਾਂ ਨੂੰ ਵਾਪਸ ਅਮਰੀਕਾ ਜਾਣਾ ਪਿਆ ਸੀ।
ਡਾ. ਦਰਸ਼ਨ ਸਿੰਘ ਧਾਲੀਵਾਲ ਦੇ ਛੋਟੋ ਭਰਾ ਅਤੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਦੌਰਾਨ ਆਪਣੇ ਭਰਾ ਦੇ ਅਮਰੀਕਾ ਜਾਣ ਅਤੇ ਉਨ੍ਹਾਂ ਦੇ ਕੰਮ ਬਾਰੇ ਦੱਸਿਆ।
ਸੁਰਜੀਤ ਸਿੰਘ ਰੱਖੜਾ ਦੱਸਦੇ ਹਨ, ‘‘ਮੇਰੇ ਭਰਾ (ਦਰਸ਼ਨ ਸਿੰਘ ਧਾਲੀਵਾਲ) 1972 ਵਿੱਚ ਅਮਰੀਕਾ ਗਏ ਅਤੇ ਉਨ੍ਹਾਂ ਨੇ ਉੱਥੇ ਜਾ ਕੇ ਤਿੰਨ ਸਾਲ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਹ ਸ਼ੁਰੂ ਤੋਂ ਹੀ ਮਿਹਨਤੀ ਸਨ।‘’
ਸੁਰਜੀਤ ਸਿੰਘ ਰੱਖੜਾ ਆਪਣੇ ਭਰਾ ਦੇ ਕਾਰੋਬਾਰ ਬਾਰੇ ਵੀ ਗੱਲ ਕਰਦੇ ਹਨ।
ਉਹ ਦੱਸਦੇ ਹਨ, ‘‘ਮੇਰੇ ਭਰਾ ਅਮਰੀਕਾ ਦੇ ਸ਼ਿਕਾਗੋ ਵਿੱਚ ਗੈਸ ਸਟੇਸ਼ਨ (ਪੈਟਰੋਲ ਪੰਪ) ਚਲਾਉਂਦੇ ਹਨ। ਇਸ ਦੇ ਨਾਲ ਹੀ ਸਾਡਾ ਪ੍ਰਾਪਰਟੀ ਦਾ ਵੀ ਕਾਰੋਬਾਰ ਹੈ।’’
‘‘ਲੰਗਰ ਬੰਦ ਕਰੋ, ਕਿਸਾਨਾਂ ਨਾਲ ਸਮਝੌਤਾ ਕਰਵਾਓ ਜਾਂ ਵਾਪਸ ਅਮਰੀਕਾ ਜਾਓ’’

ਤਸਵੀਰ ਸਰੋਤ, Getty Images
ਡਾ. ਦਰਸ਼ਨ ਸਿੰਘ ਧਾਲੀਵਾਲ ਨੂੰ ਜਦੋਂ ਅਕਤੂਬਰ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਦਿੱਲੀ ਏਅਰਪੋਰਟ ਤੋਂ ਵਾਪਸ ਅਮਰੀਕਾ ਭੇਜਿਆ ਗਿਆ ਤਾਂ ਉਸ ਵੇਲੇ ਵੀ ਦਰਸ਼ਨ ਸਿੰਘ ਸੁਰਖੀਆਂ ਵਿੱਚ ਰਹੇ।
ਸੁਰਜੀਤ ਸਿੰਘ ਰੱਖੜਾ ਉਸ ਸਮੇਂ ਨੂੰ ਯਾਦ ਕਰਦਿਆਂ ਕਹਿੰਦੇ ਹਨ, ‘‘ਜਦੋਂ ਦਰਸ਼ਨ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਅਮਰੀਕਾ ਜਾਣ ਨੂੰ ਕਿਹਾ ਗਿਆ ਤਾਂ ਉਸ ਵੇਲੇ ਅਧਿਕਾਰੀਆਂ ਨੇ ਕਿਹਾ ਕਿ ‘‘ਲੰਗਰ ਬੰਦ ਕਰੋ, ਕਿਸਾਨਾਂ ਨਾਲ ਸਮਝੌਤਾ ਕਰਵਾਓ ਜਾਂ ਵਾਪਸ ਅਮਰੀਕਾ ਜਾਓ।’’
ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਪੰਜਾਬ, ਹਰਿਆਣਾ ਅਤੇ ਹੋਰ ਕਈ ਸੂਬਿਆਂ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਉੱਤੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਮੋਰਚਾ ਲਾਇਆ ਗਿਆ ਸੀ।
ਸੁਰਜੀਤ ਸਿੰਘ ਰੱਖੜਾ ਮੁਤਾਬਕ ਸਾਲ 1997 ਵਿੱਚ ਅਮਰੀਕਾ ਵਿੱਚ ਹੀ ਉਨ੍ਹਾਂ ਦੇ ਭਰਾ ਡਾ. ਦਰਸ਼ਨ ਸਿੰਘ ਧਾਲੀਵਾਲ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਵੀ ਸ਼ੁਰੂ ਕੀਤੀ ਗਈ ਸੀ। ਇਸ ਕਾਨਫਰੰਸ ਵਿੱਚ ਵੱਖ-ਵੱਖ ਖੇਤਰਾਂ ਤੋਂ ਸ਼ਖ਼ਸੀਅਤਾਂ ਸ਼ਿਰਕਤ ਕਰਦੀਆਂ ਸਨ।
ਹੁਣ ਭਾਰਤ ਸਰਕਾਰ ਵੱਲੋਂ ਆਪਣੇ ਭਰਾ ਨੂੰ ਮਿਲਣ ਵਾਲੇ ਪਰਵਾਸੀ ਭਾਰਤੀ ਐਵਾਰਡ ਬਾਰੇ ਸੁਰਜੀਤ ਸਿੰਘ ਰੱਖੜਾ ਕਹਿੰਦੇ ਹਨ ਕਿ ਇਹ ਐਲਾਨ ਸੁਣ ਕੇ ਉਨ੍ਹਾਂ ਨੂੰ ਹੈਰਾਨੀ ਹੋਈ।
ਉਹ ਕਹਿੰਦੇ ਹਨ, ‘‘ਇਸ ਐਵਾਰਡ ਲਈ ਲੋਕ ਅਪਲਾਈ ਕਰਦੇ ਹਨ, ਪਰ ਅਸੀਂ ਇਸ ਲਈ ਅਪਲਾਈ ਨਹੀਂ ਕੀਤਾ। ਇਸ ਸਬੰਧੀ ਜਦੋਂ ਜਾਣਕਾਰੀ ਸਰਕਾਰ ਵੱਲੋਂ ਸਾਡੇ ਕੋਲ ਆਈ ਤਾਂ ਸਾਨੂੰ ਹੈਰਾਨੀ ਹੋਈ।’’

ਇਹ ਵੀ ਪੜ੍ਹੋ:

ਸਮਾਜਿਕ ਸੇਵਾ ਦੇ ਕੰਮਾਂ ’ਚ ਪਰਿਵਾਰ

ਤਸਵੀਰ ਸਰੋਤ, FB/Surjit Singh Rakhra
ਡਾ. ਦਰਸ਼ਨ ਸਿੰਘ ਧਾਲੀਵਾਲ ਦਾ ਪਰਿਵਾਰ ਲੰਬੇ ਸਮੇਂ ਤੋਂ ਸਮਾਜਿਕ ਕੰਮਾਂ ਵਿੱਚ ਹੈ। ਇਸ ਬਾਰੇ ਉਨ੍ਹਾਂ ਦੇ ਭਰਾ ਸੁਰਜੀਤ ਸਿੰਘ ਰੱਖੜਾ ਤਫ਼ਸੀਲ ਵਿੱਚ ਦੱਸਦੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਫੌਜ ਵਿੱਚ ਸਨ।
ਉਹ ਕਹਿੰਦੇ ਹਨ, ‘‘ਬਾਪੂ ਜੀ ਜ਼ਰੂਰਤਮੰਦਾਂ ਦੀ ਸੇਵਾ ਦਾ ਕੋਈ ਮੌਕਾ ਨਹੀਂ ਛੱਡਦੇ ਸਨ, ਕੱਪੜੇ ਵੰਡਣ ਤੋਂ ਲੈ ਕੇ ਲੰਗਰ ਲਗਾਉਣ ਤੱਕ ਉਨ੍ਹਾਂ ਨੇ ਹਰ ਸੇਵਾ ਸ਼ਿੱਦਤ ਨਾਲ ਕੀਤੀ।’’
‘‘ਬਾਪੂ ਜੀ ਦੇ ਨਾਮ ਉੱਤੇ ਹੀ ਅਮਰੀਕਾ ਦੀ ਵਿਸਕੋਨਸਿਨ ਯੂਨੀਵਰਸਿਟੀ ਵਿੱਚ ਇੱਕ ਚੇਅਰ ਵੀ ਸਥਾਪਿਤ ਕੀਤੀ ਗਈ ਹੈ ਜਿਸ ਤਹਿਤ ਹਰ ਸਾਲ ਉੱਥੇ ਪੜ੍ਹਾਈ ਲਈ ਜਾਂਦੇ ਸੈਂਕੜੇ ਵਿਦਿਆਰਥੀਆਂ ਨੂੰ ਚਾਰ ਹਜ਼ਾਰ ਡਾਲਰ ਦਾ ਵਜੀਫ਼ਾ ਦਿੱਤਾ ਜਾਂਦਾ ਹੈ।’’
ਉਹ ਦੱਸਦੇ ਹਨ ਕਿ ਜਦੋਂ ਆਨੰਦਰਪੁਰ ਸਾਹਿਬ ਵਿਖੇ ਦਸ਼ਮੇਸ਼ ਅਕੈਡਮੀ ਬੰਦ ਹੋਣ ਲੱਗੀ ਤਾਂ ਉਸ ਵੇਲੇ ਪਰਿਵਾਰ ਵੱਲੋਂ ਇੱਕ ਕਰੋੜ ਰੁਪਏ ਦੀ ਮਾਲੀ ਮਦਦ ਵੀ ਕੀਤੀ ਗਈ।
ਇਸ ਤੋਂ ਇਲਾਵਾ ਤਾਮਿਲਨਾਡੂ ਵਿੱਚ ਆਈ ਸੁਨਾਮੀ ਦੌਰਾਨ ਵੀ ਉਨ੍ਹਾਂ ਦੇ ਪਰਿਵਾਰ ਵੱਲੋਂ ਲੰਗਰ ਲਗਾਏ ਗਏ ਸਨ।
ਇਸੇ ਸਿਲਸਿਲੇ ਵਿੱਚ ਦਿੱਲੀ ਬਾਰਡਰਾਂ ਉੱਤੇ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੀ ਲੰਗਰ ਲਗਾਏ ਗਏ ਸਨ।
‘‘ਅਸੀਂ ਬਾਪੂ ਤੋਂ ਡਰਦੇ ਸੀ’’

ਤਸਵੀਰ ਸਰੋਤ, Getty Images
ਸਾਂਝੇ ਪਰਿਵਾਰ ਵਿੱਚ ਰਹਿਣ ਵਾਲੇ ਇਸ ਪਰਿਵਾਰ ਦੇ ਪੁੱਤਰ ਸੁਰਜੀਤ ਸਿੰਘ ਰੱਖੜਾ ਆਪਣੇ ਪਿਤਾ ਦੇ ਸੁਭਾਅ ਬਾਰੇ ਗੱਲ ਕਰਦਿਆਂ ਆਖਦੇ ਹਨ ਕਿ ਉਨ੍ਹਾਂ ਦੇ ਪਿਤਾ ਦਾ ਸਭਾਅ ਬਹੁਤ ਸਖ਼ਤ ਸੀ।
ਉਹ ਕਹਿੰਦੇ ਹਨ,‘‘ਕਿਉਂਕਿ ਬਾਪੂ ਜੀ ਫੌਜ ਵਿੱਚ ਸਨ ਇਸ ਲਈ ਉਨ੍ਹਾਂ ਦਾ ਸੁਭਾਅ ਬਹੁਤ ਸਖ਼ਤ ਸੀ। ਅਸੀਂ ਬਾਪੂ ਤੋਂ ਡਰਦੇ ਹੁੰਦੇ ਸੀ।’’
‘’ਅਸੀਂ ਬਾਪੂ ਜੀ ਨੂੰ ਕਦੇ ਕੋਈ ਸਵਾਲ ਨਹੀਂ ਕੀਤਾ, ਜੋ ਉਨ੍ਹਾਂ ਨੇ ਕਹਿ ਦਿੱਤਾ ਉਹੀ ਸਾਡੇ ਲਈ ਕਾਨੂੰਨ ਹੁੰਦਾ ਸੀ।’’
ਆਪਣੇ ਪਿਤਾ ਬਾਰੇ ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ 1985 ਵਿੱਚ ‘‘ਬਾਪੂ ਜੀ ਦੇ ਨਾਮ ਉੱਤੇ ਪੰਜਾਬੀ ਸਾਹਿਬ ਅਕੈਡਮੀ ਐਵਾਰਡ ਵੀ ਸ਼ੁਰੂ ਕੀਤਾ।’’
ਪਰਵਾਸੀ ਭਾਰਤੀ ਦਿਹਾੜਾ ਕੀ ਹੈ

ਤਸਵੀਰ ਸਰੋਤ, pbdindia.gov.in
ਸਰਕਾਰੀ ਵੈੱਬਸਾਈਟ ਮੁਤਾਬਕ ਇਹ ਦਿਹਾੜਾ ਹਰ ਦੋ ਸਾਲ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਭਾਰਤ ਤੋਂ ਬਾਹਰ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਭਾਰਤ ਸਰਕਾਰ ਦੀ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਜੜ੍ਹਾਂ ਨਾਲ ਮੁੜ ਜੋੜਨਾ ਹੈ।
ਪਰਵਾਸੀ ਭਾਰਤੀ ਦਿਹਾੜੇ ਦੀ ਸ਼ੁਰੂਆਤ 9 ਜਨਵਰੀ 2003 ਵਿੱਚ ਹੋਈ ਸੀ।
2015 ਤੋਂ ਇਹ ਦਿਹਾੜਾ ਹਰ ਦੋ ਸਾਲ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ।
2021 ਵਿੱਚ ਕੋਰੋਨਾ ਮਹਾਂਮਾਰੀ ਦੌਰਾਨ 16ਵਾਂ ਪਰਵਾਸੀ ਭਾਰਤੀ ਦਿਹਾੜਾ ਆਨਲਾਈਨ ਕਰਵਾਇਆ ਗਿਆ ਸੀ, ਜਿਸ ਦੀ ਥੀਮ ‘‘ਆਤਮ ਨਿਰਭਰ ਭਾਰਤ ਵਿੱਚ ਯੋਗਦਾਨ’’ ਸੀ।
ਇਸ ਵਾਰ ਦੇ 17ਵੇਂ ਪਰਵਾਸੀ ਭਾਰਤੀ ਦਿਹਾੜੇ ਕਨਵੈਂਸ਼ਨ ਦੀ ਥੀਮ ਹੈ...‘‘ਡਾਇਸਪੌਰਾ: ਅੰਮ੍ਰਿਤ ਕਾਲ ਵਿੱਚ ਭਾਰਤ ਦੀ ਤਰੱਕੀ ਲਈ ਭਰੋਸੇਯੋਗ ਭਾਈਵਾਲ।’’
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕਰਨਗੇ ਪਰਵਾਸੀਆਂ ਨੂੰ ਸਨਮਾਨਿਤ

ਤਸਵੀਰ ਸਰੋਤ, Getty Images
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਣ ਵਾਲੇ 17ਵੇਂ ਪਰਵਾਸੀ ਭਾਰਤੀ ਦਿਹਾੜੇ ਮੌਕੇ ਆਪਣੇ ਕੰਮਾਂ ਨਾਲ ਨਾਮਣਾ ਖੱਟਣ ਵਾਲੇ ਪਰਵਾਸੀਆਂ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਨਮਾਨਿਤ ਕਰਨਗੇ।
ਇਨ੍ਹਾਂ ਪਰਵਾਸੀਆਂ ਨੂੰ ਪਰਵਾਸੀ ਭਾਰਤੀ ਐਵਾਰਡ ਦਿੱਤੇ ਜਾਣਗੇ।
ਕਿਹੜੇ ਦੇਸ਼ਾਂ ਦੇ ਭਾਰਤੀਆਂ ਨੂੰ ਮਿਲੇਗਾ ਐਵਾਰਡ
ਪਰਵਾਸੀ ਭਾਰਤੀ ਐਵਾਰਡ ਨਾਲ ਸਨਮਾਨੇ ਜਾਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੇ ਕੀਤੇ ਕੰਮਾਂ ਤੇ ਯੋਗਦਾਨ ਕਰਕੇ ਨਾਮਣਾ ਖੱਟ ਚੁੱਕੇ ਲੋਕ ਸ਼ਾਮਲ ਹਨ।
17ਵੇਂ ਪਰਵਾਸੀ ਭਾਰਤੀ ਦਿਹਾੜੇ ਮੌਕੇ 27 ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ ਨੂੰ ਪਰਵਾਸੀ ਭਾਰਤੀ ਐਵਾਰਡ ਦਿੱਤਾ ਜਾਵੇਗਾ।
ਇਹ 27 ਸ਼ਖ਼ਸੀਅਤਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਰਹਿੰਦੀਆਂ ਹਨ।
ਆਸਟਰੇਲੀਆ, ਅਮਰੀਕਾ, ਕੈਨੇਡਾ, ਬ੍ਰਾਜ਼ੀਲ, ਯੂਕੇ, ਜਪਾਨ, ਜਰਮਨੀ, ਪੋਲੈਂਡ, ਸਿੰਗਾਪੁਰ, ਸ਼੍ਰੀ ਲੰਕਾ ਇਹ ਉਹ ਕੁਝ ਮੁਲਕ ਹਨ ਜਿਨ੍ਹਾਂ ਵਿੱਚ ਰਹਿੰਦੇ ਭਾਰਤੀਆਂ ਨੇ ਵਿਦੇਸ਼ਾਂ ਅਤੇ ਭਾਰਤ ਵਿੱਚ ਆਪਣੇ ਕੰਮ ਜਾਂ ਯੋਗਦਾਨ ਦਾ ਲੋਹਾ ਮਨਵਾਇਆ ਹੈ।
ਸਨਮਾਨ ਲਈ ਚੁਣੇ ਗਏ ਇਹ ਲੋਕ ਵੱਖ-ਵੱਖ ਖੇਤਰਾਂ ਨਾਲ ਤਾਲੁਕ ਰੱਖਦੇ ਹਨ। ਇਨ੍ਹਾਂ ਵਿੱਚ ਕਲਾ, ਵਿਗਿਆਨ, ਤਕਨੀਕ, ਸਿੱਖਿਆ, ਸੱਭਿਆਚਾਰ, ਕਾਰੋਬਾਰ, ਸਮਾਜਿਕ ਸਰੋਕਾਰ, ਮੀਡੀਆ ਅਤੇ ਹੋਰ ਖ਼ੇਤਰ ਸ਼ਾਮਲ ਹਨ।













