ਗੋਲਡੀ ਬਰਾੜ ਦੇ ਅਤੀਤ ਬਾਰੇ ਜਾਣਨ ਵਾਲੇ ਤੇ ਗੁਆਂਢੀਆਂ ਤੋਂ ਕੀ-ਕੀ ਪਤਾ ਲੱਗਿਆ

ਗੋਲਡੀ ਬਰਾੜ
ਤਸਵੀਰ ਕੈਪਸ਼ਨ, ਗੋਲਡੀ ਬਰਾੜ

ਪੰਜਾਬ ਦੇ ਸੀਐੱਮ ਭਗਵੰਤ ਮਾਨ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਛੇ ਮਹੀਨੇ ਬਾਅਦ ਕੈਨੇਡਾ ਅਧਾਰਿਤ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਗੋਲਡੀ ਬਰਾੜ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਪ੍ਰਮੁੱਖ ਸਾਜ਼ਿਸਕਰਤਾ ਦੇ ਨਾਲ-ਨਾਲ ਕਈ ਹੋਰ ਮਾਮਲਿਆਂ ਵਿੱਚ ਲੋੜੀਂਦਾ ਹੈ।

ਪੰਜਾਬ ਪੁਲਿਸ ਦੇ ਮੁਤਾਬਕ 29 ਮਈ ਨੂੰ ਹੋਏ ਸਿੱਧੂ ਮੂਸੇਵਾਲ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਹੀ ਲਈ ਸੀ।

ਗੋਲਡੀ ਬਰਾੜ ਦੇ ਅਤੀਤ ਬਾਰੇ ਜਾਣਨ ਲਈ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਅਤੇ ਪੰਜਾਬ ਕਾਂਗਰਸ ਯੂਥ ਵਿੰਗ ਦੇ ਮੌਜੂਦਾ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਗੱਲ ਕੀਤੀ।

ਮੁਕਤਸਰ ਵਾਲਾ ਗੋਲਡੀ

ਗੋਲਡੀ ਬਰਾੜ

ਤਸਵੀਰ ਸਰੋਤ, Brinder Singh Dhillon

ਬਰਿੰਦਰ ਢਿੱਲੋਂ ਨੇ ਦੱਸਿਆ ਕਿ 2012 ਤੱਕ ਦੀ ਤਾਂ ਉਨ੍ਹਾਂ ਨੂੰ ਜਾਣਕਾਰੀ ਹੈ ਪਰ ਇਸ ਤੋਂ ਬਾਅਦ ਉਹ ਕੀ ਕਰ ਰਿਹਾ ਹੈ ਅਤੇ ਕਿਸ ਦੇ ਸੰਪਰਕ ਵਿੱਚ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਉਨ੍ਹਾਂ ਦੱਸਿਆ, ''2012 ਤੱਕ ਚੰਡੀਗੜ੍ਹ ਵਿੱਚ ਇੱਕ ਮੁਕਤਸਰ ਵਾਲੇ ਨੌਜਵਾਨਾਂ ਦਾ ਗਰੁੱਪ ਸੀ ਅਤੇ ਇਸ ਦਾ ਮੈਂਬਰ ਗੋਲਡੀ ਬਰਾੜ ਸੀ।''

ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਕਾਲਜਾਂ ਦੇ ਵਿੱਚ ‘ਗੋਲਡੀ ਮੁਕਤਸਰ ਵਾਲਾ’ ਕਰ ਕੇ ਹੀ ਜਾਣਿਆ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਡੀਏਵੀ ਕਾਲਜ ਵਿੱਚ ਵਿਦਿਆਰਥੀ ਚੋਣਾਂ ਵਿੱਚ ਸਰਗਰਮ ਸੀ ਅਤੇ ਇਸ ਕਰ ਕੇ ਗੋਲਡੀ ਦੀ ਲਾਰੈਂਸ ਨਾਲ ਉਸ ਸਮੇਂ ਤੋਂ ਹੀ ਸਾਂਝ ਹੈ।

ਢਿੱਲੋਂ ਮੁਤਾਬਕ 2012 ਤੱਕ ਗੋਲਡੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਅਕਸਰ ਲਾਰੈਂਸ ਅਤੇ ਗੋਲਡੀ ਇਕੱਠੇ ਹੀ ਵਿਚਰਦੇ ਸੀ।

Line
  • ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਕੈਨੇਡਾ ਆਧਾਰਿਤ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਜਾਣਕਰੀ ਸਾਂਝਾ ਕੀਤੀ ਹੈ
  • ਬੀਬੀਸੀ ਪੰਜਾਬੀ ਨੇ ਮੁਕਤਸਰ 'ਚ ਗੋਲਡੀ ਦੇ ਗੁਆਂਢੀਆਂ, ਉਸ ਦੇ ਇੱਕ ਪੁਰਾਣੇ ਮਿੱਤਰ 'ਤੇ ਸਾਬਕਾ ਵਿਦਿਆਰਥੀ ਤੋਂ ਉਸ ਦੇ ਅਤੀਤ ਬਾਰੇ ਜਾਣਕਾਰੀ ਲਈ
  • ਗੋਲਡੀ ਬਰਾੜ ਨੂੰ ਜਾਣਨ ਵਾਲਿਆਂ ਮੁਤਾਬਕ ਉਸ ਨੂੰ ਆਪਣੇ ਚਚੇਰੇ ਭਰਾ ਗੁਰਲਾਲ ਬਰਾੜ ਦੀ ਮੌਤ ਦਾ ਵੱਡਾ ਧੱਕਾ ਲੱਗਾ ਸੀ
Line

'ਗੁਰਲਾਲ ਦੇ ਕਤਲ ਤੋਂ ਬਾਅਦ ਗੋਲਡੀ ਦੀ ਹਾਲਤ ਪਾਗਲਾਂ ਵਾਲੀ ਸੀ'

ਬਰਿੰਦਰ ਢਿੱਲੋਂ ਨੇ ਦੱਸਿਆ ਕਿ ਗੁਰਲਾਲ ਬਰਾੜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ ਸੋਪੂ ਦਾ ਸਾਬਕਾ ਪ੍ਰਧਾਨ ਸੀ, ਉਹ ਗੋਲਡੀ ਬਰਾੜ ਦੇ ਤਾਏ ਦਾ ਪੁੱਤਰ ਸੀ।

ਚੰਡੀਗੜ੍ਹ ਵਿੱਚ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਕਾਫ਼ੀ ਸਦਮੇ ਵਿੱਚ ਸੀ ਕਿਉਂਕਿ ਗੁਰਲਾਲ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਹੀ ਗੋਲਡੀ ਇੱਕਦਮ ਸਰਗਰਮ ਹੋ ਗਿਆ।

ਉਨ੍ਹਾਂ ਦੱਸਿਆ ਕਿ ਲਾਰੈਂਸ ਨਾਲ ਸਬੰਧ ਪਹਿਲਾਂ ਤੋਂ ਹੀ ਹੋਣ ਕਰ ਕੇ ਉਸ ਨੇ ਆਪਣੇ ਆਪ ਨੂੰ ਫਿਰ ਤੋਂ ਅਪਰਾਧ ਦੀ ਦੁਨੀਆਂ ਵਿੱਚ ਸਰਗਰਮ ਕਰ ਲਿਆ।

ਪੁਲਿਸ ਮੁਤਾਬਕ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਗੁਰਲਾਲ ਸਿੰਘ ਭਲਵਾਨ ਉੱਤੇ ਸ਼ੱਕ ਸੀ।

ਕਥਿਤ ਤੌਰ ’ਤੇ ਗੋਲਡੀ ਨੇ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਨੂੰ ਮਾਰਨ ਲਈ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਸਾਜ਼ਿਸ਼ ਰਚੀ।

18 ਫਰਵਰੀ, 2021 ਨੂੰ ਗੁਰਲਾਲ ਸਿੰਘ ਭਲਵਾਨ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ।

ਗੋਲਡੀ ਦੇ ਇੱਕ ਹੋਰ ਸਾਥੀ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਗੁਰਲਾਲ ਦੇ ਕਤਲ ਤੋਂ ਬਾਅਦ ਗੋਲਡੀ ਦੀ ਹਾਲਤ ਪਾਗਲਾਂ ਵਾਲੀ ਸੀ। ਉਹ ਇਸ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ

ਗੋਲਡੀ ਬਰਾੜ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਨਾਲ ਕੀ ਸਬੰਧ ਸੀ, ਇਹ ਜਾਣਨ ਲਈ ਬੀਬੀਸੀ ਨੇ ਡੀਏਵੀ ਕਾਲਜ ਦੇ ਪ੍ਰਬੰਧਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਮੁੱਦੇ ਉੱਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

ਸਿੱਧੂ ਮੂਸੇਵਾਲਾ ਗੋਲਡੀ ਬਰਾੜ

ਤਸਵੀਰ ਸਰੋਤ, BBC/SidhuMoosewalaFB

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖ਼ੀਆਂ ਵਿੱਚ ਗੋਲਡੀ

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਗੋਲਡੀ ਬਰਾੜ ਅਮਰੀਕਾ 'ਚ ਕਾਬੂ- ਭਗਵੰਤ ਮਾਨ

ਸਿੱਧੂ ਮੂਸੇਵਾਲਾ ਦਾ ਇਸੇ ਸਾਲ 29 ਮਈ ਨੂੰ ਕਤਲ ਹੋ ਗਿਆ ਸੀ। ਪੰਜਾਬ ਪੁਲਿਸ ਮੁਤਾਬਕ, ਇਸ ਕਤਲ ਦਾ ਮਾਸਟਰ ਮਾਇੰਡ ਗੋਲਡੀ ਬਰਾੜ ਸੀ ਜਿਸ ਨੇ ਕੈਨੇਡਾ ਬੈਠ ਕੇ ਇਸ ਕਤਲ ਨੂੰ ਪੰਜਾਬ ਵਿੱਚ ਆਪਣੇ ਸੂਟਰਾਂ ਰਾਹੀਂ ਕਰਵਾਇਆ ਸੀ।

ਗੋਲਡੀ ਬਰਾੜ ਨਾਮ ਦੇ ਇੱਕ ਸ਼ਖਸ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਸਿੱਧੂ ਮੂਸੇਵਾਲ ਦਾ ਕਤਲ ਕਿਉਂ ਕੀਤਾ ਇਸ ਬਾਰੇ ਵੀ ਜਾਣਕਾਰੀ ਦਿੱਤੀ ਸੀ।

ਸੋਸ਼ਲ ਮੀਡੀਆਂ ਰਾਹੀਂ ਜ਼ਿੰਮੇਵਾਰੀ ਲੈਂਦਿਆਂ ਗੋਲਡੀ ਬਰਾੜ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲ ਲੈਣ ਨੂੰ ਸਿੱਧੂ ਮੂਸੇਵਾਲ ਦੇ ਕਤਲ ਦਾ ਮੁੱਖ ਕਾਰਨ ਦੱਸਿਆ ਸੀ।

ਸਿੱਧੂ ਮੂਸੇਵਾਲ ਦੇ ਕਤਲ ਵਿੱਚ ਜੋ ਚਾਰਜ ਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ, ਉਸ ਵਿੱਚ ਪੰਜਾਬ ਪੁਲਿਸ ਨੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਉੱਤੇ ਹੀ ਪਾਈ ਹੈ।

ਇਸ ਤੋਂ ਬਾਅਦ ਨਵੰਬਰ 2022 ਵਿੱਚ ਡੇਰਾ ਸਿਰਸਾ ਨਾਲ ਜੁੜੇ ਇੱਕ ਸ਼ਰਧਾਲੂ ਦਾ ਫ਼ਰੀਦਕੋਟ ਵਿੱਚ ਕਤਲ ਕੀਤਾ ਗਿਆ ਸੀ, ਇਸ ਦੀ ਜ਼ਿੰਮੇਵਾਰੀ ਵੀ ਕਥਿਤ ਤੌਰ 'ਤੇ ਗੋਲਡੀ ਬਰਾੜ ਨੇ ਲਈ ਸੀ।

ਡੇਰਾ ਪ੍ਰੇਮੀ ਪ੍ਰਦੀਪ ਸਿੰਘ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਸੀ ਅਤੇ ਜ਼ਮਾਨਤ ਉੱਤੇ ਚੱਲ ਰਿਹਾ ਸੀ।

Line
Line

ਗੋਲਡੀ ਦੇ ਘਰ ਬਾਹਰ ਕੀ ਹੈ ਮਾਹੌਲ

ਵੀਡੀਓ ਕੈਪਸ਼ਨ, ਗੋਲਡੀ ਬਰਾੜ ਦੇ ਮੁਕਤਸਰ ਵਾਲੇ ਘਰ ਬਾਹਰ ਕੀ ਹੈ ਮਾਹੌਲ

"ਸਾਨੂੰ ਤਾਂ ਡਰ ਲੱਗਦਾ ਰਹਿੰਦਾ ਹੈ। ਹਰ ਰੋਜ਼ ਪੁਲਿਸ ਵਾਲੇ ਇਨ੍ਹਾਂ ਦੇ ਘਰ ਪੁੱਛ-ਗਿੱਛ ਲਈ ਆਉਂਦੇ ਰਹਿੰਦੇ ਹਨ। ਟੀਵੀ 'ਤੇ ਸੁਣਿਆ ਕਿ ਇਨ੍ਹਾਂ ਦਾ ਮੁੰਡਾ ਅਮਰੀਕਾ ਵਿੱਚ ਫੜ੍ਹਿਆ ਗਿਆ ਹੈ। ਮੈਂ ਤਾਂ ਇਸ ਤੋਂ ਵੱਧ ਤੁਹਾਨੂੰ ਕੁੱਝ ਵੀ ਨਹੀਂ ਦੱਸ ਸਕਦਾ।''

ਇਹ ਸ਼ਬਦ ਗੋਲਡੀ ਬਰਾੜ ਦੇ ਘਰ ਦੇ ਗੁਆਂਢ 'ਚ ਰਹਿੰਦੇ ਸਤਿੰਦਰਜੀਤ ਸਿੰਘ ਦੇ ਹਨ।

ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਤੋਂ ਬਾਅਦ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਗੋਲਡੀ ਬਰਾੜ ਦੇ ਸ਼ਹਿਰ ਮੁਕਤਸਰ ਵਿਖੇ ਉਨ੍ਹਾਂ ਦੇ ਘਰ ਦਾ ਮਾਹੌਲ ਜਾਣਨ ਦੀ ਕੋਸ਼ਿਸ਼ ਕੀਤੀ।

ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਨਾਲ ਹੈ। ਉਂਝ ਉਸ ਦਾ ਜੱਦੀ ਪਿੰਡ ਫ਼ਰੀਦਕੋਟ ਜ਼ਿਲ੍ਹੇ ਵਿੱਚ ਹੈ।

ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ 'ਚੋਂ ਸੇਵਾ-ਮੁਕਤ ਅਧਿਕਾਰੀ ਹਨ। ਉਹ ਇਸ ਵੇਲੇ ਆਪਣੀ ਪਤਨੀ ਸਮੇਤ ਮੁਕਤਸਰ ਸ਼ਹਿਰ ਦੇ ਆਦੇਸ਼ ਨਗਰ ਵਿਚਲੇ ਘਰ ਵਿੱਚ ਰਹਿ ਰਹੇ ਹਨ।

'ਮੁੰਡਾ ਤਾਂ ਸਿਆਣਾ ਸੀ ਪਰ...'

ਘਰ ਦਾ ਦਰਵਾਜ਼ਾ ਬੰਦ ਸੀ। ਘਰ ਦੇ ਦਰਵਾਜੇ 'ਤੇ ਲੱਗੀ ਘੰਟੀ ਕਈ ਵਾਰ ਵਜਾਈ ਗਈ ਪਰ ਅੰਦਰੋਂ ਕੋਈ ਹੁੰਗਾਰਾ ਨਹੀਂ ਮਿਲਿਆ।

ਗੁਆਂਢ ਦੀ ਇਕ ਔਰਤ ਨੇ ਆਪਣੀ ਛੱਤ ਤੋਂ ਆਵਾਜ਼ ਮਾਰ ਕਿ ਦੱਸਿਆ ਕਿ ਘਰ ਅੰਦਰ ਕੋਈ ਨਹੀਂ ਹੈ।

ਆਦੇਸ਼ ਨਗਰ ਦੀ ਤਿੰਨ ਨੰਬਰ ਗਲੀ ਵਿੱਚ ਸੰਨਾਟਾ ਛਾਇਆ ਹੋਇਆ ਸੀ। ਜਦੋਂ ਆਂਢ-ਗੁਆਂਢ ਦੇ ਲੋਕਾਂ ਨਾਲ ਗੋਲਡੀ ਬਰਾੜ ਤੇ ਉਨਾਂ ਦੇ ਪਰਿਵਾਰ ਬਾਰੇ ਗੱਲ ਕੀਤੀ ਗਈ ਤਾਂ ਸਭ ਨੇ ਇਹੀ ਕਿਹਾ, "ਮੁੰਡਾ ਤਾਂ ਸਿਆਣਾ ਸੀ ਪਰ ਬਾਅਦ ਵਿੱਚ ਕੀ ਹੋ ਗਿਆ, ਉਸ ਬਾਰੇ ਸਾਨੂੰ ਨਹੀਂ ਪਤਾ।"

ਗੋਲਡੀ ਬਰਾੜ ਦੇ ਪਰਿਵਾਰ ਨਾਲ ਨੇੜਤਾ ਰੱਖਣ ਵਾਲੇ ਇਸੇ ਮੁਹੱਲੇ ਦੇ ਇਕ ਸੇਵਾ-ਮੁਕਤ ਸਰਕਾਰੀ ਅਧਿਕਾਰੀ ਨੇ ਆਪਣਾ ਨਾਂ ਨਾ ਲਿਖਣ ਦੀ ਸ਼ਰਤ 'ਤੇ ਦੱਸਿਆ ਕਿ ਗੋਲਡੀ ਬਰਾੜ ਮਿਲਣਸਾਰ ਤੇ ਹੱਸਮੁੱਖ ਸੁਭਾਅ ਦਾ ਮਾਲਕ ਸੀ।

ਉਨਾਂ ਕਿਹਾ, "ਅਸਲ ਵਿੱਚ ਇਸ ਮੁੰਡੇ ਦੀ ਕਹਾਣੀ ਉਸ ਵੇਲੇ ਵਿਗੜੀ ਜਦੋਂ ਉਸ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ। ਫਿਰ ਨਹੀਂ ਪਤਾ ਲੱਗਾ ਕਿ ਉਹ ਕਿਵੇਂ ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋ ਗਿਆ।"

ਆਦੇਸ਼ ਨਗਰ ਦੀ ਵਸਨੀਕ ਇਕ ਬਜ਼ੁਰਗ ਔਰਤ ਨੇ ਕਿਹਾ, "ਸ਼ੇਰੂ ਥਾਣੇਦਾਰ (ਸ਼ਮਸ਼ੇਰ ਸਿੰਘ) ਬੀਬਾ ਬੰਦਾ ਹੈ। ਉਸ ਨੇ ਗੋਲਡੀ ਨੂੰ ਸੋਹਣੀ ਪੜ੍ਹਾਈ-ਲਿਖਾਈ ਕਰਵਾਈ ਸੀ। ਹੱਸਦਾ-ਵੱਸਦਾ ਸਾਊ ਪਰਿਵਾਰ ਸੀ। ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਕਿ ਗੋਲਡੀ ਇਸ ਰਾਹ 'ਤੇ ਤੁਰ ਪਿਆ।"

ਇਸ ਤੋਂ ਬਾਅਦ ਇਸ ਮੁਹੱਲੇ ਦੇ ਕਈ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੋਲਡੀ ਬਰਾੜ ਬਾਰੇ ਗੱਲ ਕਰਨ ਬਾਬਤ ਕਿਸੇ ਨੇ ਵੀ ਹਾਮੀ ਨਹੀਂ ਭਰੀ।

Line

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)