ਕਿਸਾਨ ਨੇ ਸਿੰਘੂ ਬਾਰਡਰ ਤੋਂ ਬਠਿੰਡਾ ਇੰਝ ਲਿਆਂਦੀ ਇਹ ਝੌਂਪੜੀ, ਇਸ ਤਰ੍ਹਾਂ ਹੋ ਰਹੀ ਹੈ ਸੰਭਾਲ

ਕਿਸਾਨੀ ਸੰਘਰਸ਼
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

“ਮੈਂ ਜਦੋਂ ਵੀ ਮੁਹਾਲੀ ਤੋਂ ਪਿੰਡ ਆਉਂਦਾ ਹਾਂ ਤਾਂ ਝੋਪੜੀ ਦੇ ਅੰਦਰ ਦਾਖ਼ਲ ਹੁੰਦੇ ਸਾਰ ਹੀ ਮੈਨੂੰ ਲੱਗਦਾ ਹੈ ਕਿ ਮੈਂ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਵਿੱਚ ਹਾਂ, ਉਥੇ ਬਤੀਤ ਕੀਤੇ ਦਿਨ ਅਤੇ ਦੋਸਤ ਮਿੱਤਰਾਂ ਦੀ ਯਾਦ ਇੱਕ ਦਮ ਤਾਜ਼ਾ ਹੋ ਜਾਂਦੀ ਹੈ।”

ਇਹ ਸ਼ਬਦ ਨੌਜਵਾਨ ਗੁਰਤੇਜ ਸਿੰਘ ਦੇ ਹਨ, ਜੋ ਸਿੰਘੂ ਬਾਰਡਰ ਉੱਤੇ ਚਲੇ ਕਿਸਾਨ ਅੰਦੋਲਨ ਦੀ ਇੱਕ ਯਾਦ ਆਪਣੇ ਪਿੰਡ ਸਾਂਭੀ ਬੈਠਾ ਹੈ।

ਉਸ ਨੇ ਜੋ ਝੌਂਪੜੀ ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ ਉੱਤੇ ਬਣਾਈ ਸੀ, ਉਹ ਅੰਦੋਲਨ ਤੋਂ ਬਾਅਦ ਆਪਣੇ ਪਿੰਡ ਲੈ ਆਇਆ।

ਗੁਰਤੇਜ ਸਿੰਘ ਅੱਜਕੱਲ੍ਹ ਮੁਹਾਲੀ ਰਹਿੰਦਾ ਹੈ ਅਤੇ ਉਸ ਦਾ ਜੱਦੀ ਪਿੰਡ ਬਠਿੰਡਾ ਜ਼ਿਲ੍ਹੇ ਵਿੱਚ ਮੰਡੀ ਖ਼ੁਰਦ ਹੈ।

ਤਮਾਮ ਦਿੱਕਤਾਂ ਦੇ ਬਾਵਜੂਦ ਗੁਰਤੇਜ ਸਿੰਘ ਇਸ ਝੌਂਪੜੀ ਨੂੰ ਅੰਦੋਲਨ ਤੋਂ ਬਾਅਦ ਹੀ ਪਿੰਡ ਲੈ ਆਇਆ ਸੀ ਅਤੇ ਇਸ ਨੂੰ ਹੁਣ ਉਸ ਨੇ ਆਪਣੀ ਜ਼ਮੀਨ ਵਿੱਚ ਸਥਾਪਤ ਕਰ ਦਿੱਤਾ ਹੈ।

ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਲੰਬਾ ਅੰਦੋਲਨ

  • ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ 26 ਨਵੰਬਰ 2020 ਤੋਂ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਅੰਦੋਲਨ ਚੱਲਿਆ
  • ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦੇ ਕਈ ਦੌਰ ਚੱਲੇ ਪਰ ਕਾਮਯਾਬੀ ਨਹੀਂ ਮਿਲੀ
  • ਕਰੀਬ ਇੱਕ ਸਾਲ ਬਾਅਦ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ
  • ਕਿਸਾਨ ਇਸ ਮਗਰੋਂ ਆਪਣਾ ਅੰਦੋਲਨ ਮੁਲਤਵੀ ਕਰ ਵਾਪਸ ਚਲੇ ਗਏ
  • ਐੱਮਐੱਸਪੀ ’ਤੇ ਕਾਨੂੰਨ, ਕਿਸਾਨਾਂ ਖਿਲਾਫ਼ ਹੋਏ ਕੇਸ ਰੱਦ ਹੋਣ, ਬਿਜਲੀ ਬਿੱਲ ’ਤੇ ਚਰਚਾ ਵਰਗੀਆਂ ਮੰਗਾਂ ਸ਼ਾਮਲ ਸਨ
  • ਦਸੰਬਰ ਦੇ ਸ਼ੁਰੂਆਤੀ ਹਫ਼ਤੇ ਵਿੱਚ ਕਿਸਾਨਾਂ ਨੇ ਦਿੱਲੀ ਬਾਰਡਰ ਖਾਲ੍ਹੀ ਕਰਨੇ ਸ਼ੁਰੂ ਕਰ ਦਿੱਤੇ ਸੀ
ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਦੌਰਾਨ ਬਣਾਈ ਝੋਂਪੜੀ ਇਸ ਕਿਸਾਨ ਨੇ ਆਪਣੇ ਪਿੰਡ 'ਚ ਕੀਤੀ ਸਥਾਪਤ

 ਪਿੰਡ ਵਿੱਚ ਸਿੰਘੂ ਬਾਰਡਰ ਦੀ ਝਲਕ

ਬੀਬੀਸੀ ਟੀਮ ਅੰਦੋਲਨ ਤੋਂ ਇੱਕ ਸਾਲ ਬਾਅਦ ਜਦੋਂ ਮੰਡੀ ਖ਼ੁਰਦ ਪਹੁੰਚੀ ਤਾਂ ਝੌਂਪੜੀ ਉਸੇ ਤਰ੍ਹਾਂ ਦੀ ਨਜ਼ਰ ਆ ਰਹੀ ਸੀ ਜਿਸ ਤਰੀਕੇ ਦੀ ਇੱਕ ਸਾਲ ਪਹਿਲਾਂ ਸਿੰਘੂ ਬਾਰਡਰ ਉੱਤੇ ਸੀ।

ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਅੰਦੋਲਨ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਸਨ।

ਖ਼ਾਸ ਤੌਰ ਉੱਤੇ ਖੇਤੀ ਕਾਨੂੰਨ ਦੇ ਖ਼ਿਲਾਫ਼ ਲਿਖੇ ਹੋਏ ਨਾਅਰਿਆਂ ਦੀ ਤਖ਼ਤੀਆਂ।

ਗੁਰਤੇਜ ਸਿੰਘ ਦੱਸਦੇ ਹਨ ਕਿ ਅੰਦੋਲਨ ਖ਼ਤਮ ਹੋਏ ਨੂੰ ਭਾਵੇਂ ਕਰੀਬ ਇੱਕ ਸਾਲ ਹੋ ਗਿਆ ਹੈ ਪਰ ਜਦੋਂ ਮੈ ਇਸ ਝੌਂਪੜੀ ਨੂੰ ਦੇਖਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਅੰਦੋਲਨ ਚੱਲ ਰਿਹਾ ਹੈ।

“ਅੰਦੋਲਨ ਦੀਆਂ ਯਾਦਾਂ ਨੂੰ ਤਾਜ਼ਾ ਰੱਖਣਾ ਹੀ ਸਾਡਾ ਮਕਸਦ ਹੈ ਅਤੇ ਇਸ ਲਈ ਝੋਪੜੀ ਨੂੰ ਸਿੰਘੂ ਤੋਂ ਇੱਥੇ ਲਿਆਂਦਾ ਗਿਆ ਹੈ।”

ਕਿਸਾਨੀ ਸੰਘਰਸ਼
ਤਸਵੀਰ ਕੈਪਸ਼ਨ, ਗੁਰਤੇਜ ਸਿੰਘ

ਮੰਡੀ ਕਲਾਂ ਦੀਆਂ ਦੀਵਾਰਾਂ ਉੱਤੇ ਕਿਸਾਨ ਅੰਦੋਲਨ ਦੇ ਨਾਅਰੇ ਅਤੇ ਪੇਂਟਿੰਗ ਇਹ ਦਰਸਾਉਣ ਲਈ ਕਾਫ਼ੀ ਸਨ ਕਿ ਇਸ ਪਿੰਡ ਦਾ ਖੇਤੀ ਅੰਦੋਲਨ ਵਿੱਚ ਕਿਸ ਤਰੀਕੇ ਦਾ ਯੋਗਦਾਨ ਰਿਹਾ ਹੈ।

ਪਰ ਅੰਦੋਲਨ ਤੋਂ ਬਾਅਦ ਸਿੰਘੂ ਬਾਰਡਰ ਤੋਂ ਲਿਆਂਦੀ ਗਈ ਹੈ ਇਸ ਝੌਂਪੜੀ ਨਾਲ ਪਿੰਡ ਨੂੰ ਇੱਕ ਨਵੀਂ ਪਛਾਣ ਮਿਲੀ ਗਈ ਹੈ।

ਯਾਦ ਰਹੇ ਕਿ ਇਹ ਝੌਂਪੜੀ ਸਿੰਘੂ ਬਾਰਡਰ ਦੀ ਸਟੇਜ ਦੇ ਨੇੜੇ ਸੀ ਅਤੇ ਉਸ ਵਕਤ ਇਸ ਨੂੰ ਅੰਦੋਲਨ ਦਾ ਇੱਕ ਕੇਂਦਰੀ ਧੁਰਾ ਮੰਨਿਆ ਜਾਂਦਾ ਸੀ।

ਕਿਸਾਨੀ ਸੰਘਰਸ਼

ਝੌਂਪੜੀ ਨੂੰ ਪਿੰਡ ਲਿਆਉਣ ਦਾ ਕੀ ਹੈ ਉਦੇਸ਼

ਗੁਰਤੇਜ ਸਿੰਘ ਦੱਸਦੇ ਹਨ ਕਿ ਸ਼ੁਰੂ ਵਿੱਚ ਅਸੀਂ ਸਿੰਘੂ ਬਾਰਡਰ ਉੱਤੇ ਟਰਾਲੀਆਂ ਵਿੱਚ ਦਿਨ ਬਤੀਤ ਕੀਤੇ ਪਰ ਜਦੋਂ ਗਰਮੀ ਆਈ ਤਾਂ ਲੋਹੇ ਦੀਆਂ ਟਰਾਲੀਆਂ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ।

ਫਿਰ ਉਨ੍ਹਾਂ ਨੇ ਬਾਂਸ ਦੀ ਮਦਦ ਨਾਲ ਇਹ ਝੌਂਪੜੀ ਬਣਾਈ ਸੀ।

ਇਸ ਉੱਤੇ ਪੇਂਟਿੰਗ ਕਰ ਕੇ ਇਸ ਦੀ ਸਜਾਵਟ ਕੀਤੀ ਗਈ।

ਝੌਂਪੜੀ ਦੇ ਬਾਹਰ ਕਿਸਾਨੀ ਅੰਦੋਲਨ ਦੇ ਨਾਅਰਿਆਂ ਤੋਂ ਇਲਾਵਾ ਭਾਰਤ ਦਾ ਨਕਸ਼ਾ ਵੀ ਬਣਾਇਆ ਗਿਆ।

ਇਸ ਬਾਰੇ ਗੁਰਤੇਜ ਸਿੰਘ ਦੱਸਦੇ ਹਨ ਕਿ ਇਸ ਵਿੱਚ ਅੰਦੋਲਨ ਦੌਰਾਨ ਕਿਸਾਨਾਂ ਨੂੰ ਜੋ ਦਿੱਕਤਾਂ ਆਈਆਂ, ਉਨ੍ਹਾਂ ਨੂੰ ਦਰਸਾਇਆ ਗਿਆ ਹੈ।

ਇਸ ਤੋਂ ਇਲਾਵਾ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਨਕਸ਼ੇ ਵਿੱਚ ਥਾਂ ਦੇ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਦਿੱਤਾ ਗਿਆ ਹੈ।

ਕਿਸਾਨੀ ਸੰਘਰਸ਼

ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਜ਼ਿਆਦਾਤਰ ਕਿਸਾਨਾਂ ਨੇ ਆਪਣੀਆਂ ਝੋਂਪੜੀਆਂ ਨੂੰ ਢਾਹ ਦਿੱਤਾ ਪਰ ਉਹ ਨਹੀਂ ਸੀ ਚਾਹੁੰਦਾ ਕਿ ਇਸ ਨੂੰ ਖ਼ਤਮ ਕੀਤਾ ਜਾਵੇ ਕਿਉਂਕਿ ਇਸ ਝੌਂਪੜੀ ਦੇ ਅੰਦਰ ਰਹਿ ਕੇ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ।

ਪਰ ਕਿਉਂਕਿ ਇਹ ਬਾਂਸ ਅਤੇ ਮਿੱਟੀ ਦੀ ਬਣੀ ਹੋਈ ਹੈ ਇਸ ਕਰਕੇ ਝੌਂਪੜੀ ਨੂੰ ਲੈ ਕੇ ਆਉਣਾ ਹੀ ਸਭ ਤੋਂ ਵੱਡੀ ਦਿੱਕਤ ਸੀ।

“ਇਸ ਦੌਰਾਨ ਝੌਂਪੜੀ ਨੂੰ ਅੱਗ ਲੱਗ ਗਈ ਜਿਸ ਕਰ ਕੇ ਸਾਡੀ ਹਿੰਮਤ ਫਿਰ ਟੁੱਟ ਗਈ ਹੈ। ਪਰ ਦੋਸਤਾਂ ਦੇ ਹੌਸਲੇ ਨਾਲ ਟਰਾਲੇ ਉੱਤੇ ਇਸ ਨੂੰ ਲੱਦ ਕੇ ਪਹਿਲਾਂ ਮੁਹਾਲੀ ਅਤੇ ਫਿਰ ਮੰਡੀ ਕਲਾਂ ਲਿਆਂਦਾ ਗਿਆ।”

ਕਿਸਾਨੀ ਸੰਘਰਸ਼
  • ਅੰਦੋਲਨ ਦੌਰਾਨ ਸਿੰਘੂ ਬਾਰਡਰ ਉਤੇ ਬਣਾਈ ਝੁੱਗੀ ਨੂੰ ਨੌਜਵਾਨ ਨੇ ਪਿੰਡ ਵਿੱਚ ਕੀਤਾ ਸਥਾਪਤ
  • ਮੰਡੀ ਖ਼ੁਰਦ ਵਿੱਚ ਮਿੰਨੀ ਸਿੰਘੂ ਬਣਾਉਣ ਦੀ ਯੋਜਨਾ
  • ਆਉਣ ਵਾਲੀਆਂ ਪੀੜੀਆਂ ਨੂੰ ਜਾਗਰੂਕ ਕਰਨਾ ਉਦੇਸ਼
  • ਕਿਸਾਨੀ ਅੰਦੋਲਨ ਦੇ ਇਤਿਹਾਸ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਦੀ ਕੋਸ਼ਿਸ਼
ਕਿਸਾਨੀ ਸੰਘਰਸ਼

ਕੀ ਹੈ ਝੌਂਪੜੀ ਨੂੰ ਲੈ ਕੇ ਭਵਿੱਖ ਦੀ ਯੋਜਨਾ

ਗੁਰਤੇਜ ਸਿੰਘ ਕਹਿੰਦੇ ਹਨ ਕਿ ਉਸ ਨੇ ਦੋ ਏਕੜ ਜ਼ਮੀਨ ਕਿਸਾਨੀ ਅੰਦੋਲਨ ਨਾਲ ਜੁੜੀਆਂ ਵਸਤਾਂ ਨੂੰ ਸੰਭਾਲਣ ਲਈ ਰੱਖ ਲਈ ਹੈ।

ਇਸ ਜ਼ਮੀਨ ਵਿੱਚ ਮਿੰਨੀ ਸਿੰਘੂ ਬਾਰਡਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਝੌਂਪੜੀ ਤੋਂ ਇਲਾਵਾ ਉਹੀ ਦ੍ਰਿਸ਼ ਤਿਆਰ ਕੀਤਾ ਜਾਵੇਗਾ ਜੋ ਕਿਸਾਨ ਦਿੱਲੀ ਵਿੱਚ ਅੰਦੋਲਨ ਦੌਰਾਨ ਖਿੱਚ ਦਾ ਕੇਂਦਰ ਬਣੇ।

ਇਸ ਤੋਂ ਇਲਾਵਾ ਗੁਰਤੇਜ ਸਿੰਘ ਕਹਿਣਾ ਹੈ ਕਿ ਉਹ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਦਿੱਲੀ ਪੁਲਿਸ ਵੱਲੋਂ ਜੋ ਕਿੱਲਾਂ ਸੜਕ ਉੱਤੇ ਲਗਾਈਆਂ ਗਈਆਂ ਸਨ, ਉਹ ਵੀ ਪਿੰਡ ਲੈ ਆਏ ਹਨ।

“ਬੇਸ਼ੱਕ ਅੰਦੋਲਨ ਦੇ ਸਬੰਧ ਵਿੱਚ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਗਈਆਂ ਪਰ ਅੰਦੋਲਨ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲਣਾ ਮੇਰੇ ਲਈ ਇਸ ਕਰਕੇ ਵੀ ਜ਼ਰੂਰੀ ਸੀ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਯਾਦ ਰਹੇ ਕਿ ਜ਼ਮੀਨਾਂ ਬਚਾਉਣ ਦੇ ਲਈ ਸਾਡੇ ਬਜ਼ੁਰਗਾਂ ਨੇ ਕਿਸ ਤਰੀਕੇ ਨਾਲ ਲੜਾਈਆਂ ਲੜੀਆਂ ਸਨ।”

ਉਨ੍ਹਾਂ ਆਖਿਆ ਕਿ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਲਈ ਉਨ੍ਹਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨ ਲਈ ਜਾਗਰੂਕ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਹ ਝੌਂਪੜੀ ਬੇਸ਼ਕੀਮਤੀ ਹੈ ਇਸ ਕਰ ਕੇ ਇਸ ਨੂੰ ਸੰਭਾਲਿਆ ਗਿਆ ਹੈ।

ਸਿੰਘ ਬਾਰਡਰ ਵਾਂਗ ਹੁਣ ਵੀ ਮੰਡੀ ਕਲਾਂ ਪਿੰਡ ਵਿੱਚ ਨੌਜਵਾਨ ਇਸ ਝੌਂਪੜੀ ਦੇ ਅੱਗੇ ਤਸਵੀਰਾਂ ਖਿੱਚਦੇ ਹਨ।

ਕਿਸਾਨੀ ਸੰਘਰਸ਼

ਇਹ ਵੀ ਪੜ੍ਹੋ:

ਕਿਸਾਨੀ ਸੰਘਰਸ਼
ਕਿਸਾਨੀ ਸੰਘਰਸ਼
ਤਸਵੀਰ ਕੈਪਸ਼ਨ, ਗੁਰਵਿੰਦਰ ਸਿੰਘ

ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਦੱਸਦਾ ਹੈ ਕਿ ਬਹੁਤ ਸਾਰੇ ਲੋਕ ਇੱਥੇ ਫ਼ੋਟੋਆਂ ਖਿੱਚਣ ਲਈ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਝੌਂਪੜੀ ਸਾਡੇ ਪਿੰਡ ਦੀ ਪਛਾਣ ਬਣ ਗਈ ਹੈ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।

ਅੰਦੋਲਨ ਦਾ ਅਸਰ

ਪੇਸ਼ੇ ਵਜੋਂ ਗੁਰਤੇਜ ਸਿੰਘ ਸ਼ਹਿਦ ਦਾ ਕਾਰੋਬਾਰ ਕਰਦਾ ਹੈ।

ਗੁਰਤੇਜ ਸਿੰਘ ਦੱਸਦੇ ਹਨ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਅੰਦੋਲਨ ਦਾ ਹਿੱਸਾ ਬਨਣਗੇ।

ਉਨ੍ਹਾਂ ਦੱਸਿਆ ਕਿ ਅੰਦੋਲਨ ਦਾ ਸਭ ਤੋਂ ਵੱਡਾ ਅਸਰ ਉਸ ਦੀ ਜ਼ਿੰਦਗੀ ਉੱਤੇ ਇਹ ਹੋਇਆ ਹੈ ਕਿ ਉਹਨਾਂ ਨੇ ਸਾਹਿਤ ਪੜਨਾ ਸ਼ੁਰੂ ਕਰ ਦਿੱਤਾ।

“ਅੰਦੋਲਨ ਦੌਰਾਨ ਬਜ਼ੁਰਗਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਹੈ। ਉਹ ਬਹੁਤ ਕੀਮਤੀ ਹੈ।”

ਗੁਰਤੇਜ ਸਿੰਘ ਦੱਸਦਾ ਹੈ ਕਿ ਬਜ਼ੁਰਗਾਂ ਦੇ ਤਜ਼ਰਬੇ ਸਾਰੀ ਜ਼ਿੰਦਗੀ ਉਸ ਦੇ ਕੰਮ ਆਉਣਗੇ।

“ਅੰਦੋਲਨ ਦੇ ਦੌਰਾਨ ਬਹੁਤ ਸਾਰੇ ਨਵੇਂ ਰਿਸ਼ਤੇ ਕਾਇਮ ਹੋਏ ਬੇਸ਼ੱਕ ਇੱਕ ਸਾਲ ਬਾਅਦ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਮਸਰੂਫ਼ ਹੋ ਗਏ ਹਨ ਪਰ ਗੱਲਬਾਤ ਸਾਰਿਆਂ ਨਾਲ ਹੁਣ ਵੀ ਹੁੰਦੀ ਹੈ।”

ਉਹਨਾਂ ਨੇ ਦੱਸਿਆ ਕਿ ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਜੇਕਰ ਕੋਈ ਕੰਮ ਪੈਂਦਾ ਹੈ ਤਾਂ ਉੱਥੇ ਜਾਣ ਦੇ ਲੋੜ ਨਹੀਂ ਕਿਉਂਕਿ ਉੱਥੋਂ ਦੇ ਲੋਕ ਇੱਕ ਆਵਾਜ਼ ਉੱਤੇ ਕੰਮ ਕਰਦੇ ਹਨ।

BBC
BBC