ਲਖੀਮਪੁਰ ਖੀਰੀ ਕਾਂਡ: 'ਅਜੇ ਵੀ ਸੋਸ਼ਲ ਮੀਡੀਆ ਉੱਤੇ ਸਾਡੀਆਂ ਧੀਆਂ ਤੱਕ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ'

ਹਿੰਸਾ ਵਿੱਚ ਮਾਰੇ ਗਏ ਕਿਸਾਨ ਦਲਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਹਿੰਸਾ ਵਿੱਚ ਮਾਰੇ ਗਏ ਕਿਸਾਨ ਦਲਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ
    • ਲੇਖਕ, ਪ੍ਰਸ਼ਾਂਤ ਪਾਂਡੇ
    • ਰੋਲ, ਬੀਬੀਸੀ ਸਹਿਯੋਗੀ ਤਿਕੂਨੀਆ ਤੋਂ

'ਜਨਾਬ, ਕੀ ਦੱਸੀਏ ਉਹ ਮੰਤਰੀ ਅਸੀਂ ਛੋਟੇ ਕਿਸਾਨ, ਇਸੇ ਲਈ ਸਾਨੂੰ ਕੁਚਲਿਆ ਗਿਆ, ਸਾਨੂੰ ਮਾਰਿਆ ਗਿਆ। ਉਮੀਦ ਕੀ ਦੱਸਾਂ, ਹੁਣ ਤਾਂ ਉਮੀਦ ਤਾਂ ਉਦੋਂ ਹੀ ਹੋਵੇਗੀ ਜਦੋਂ ਇਨਸਾਫ਼ ਮਿਲੇਗਾ।

ਇਹ ਕਹਿੰਦੇ ਹੋਏ ਪਰਮਜੀਤ ਕੌਰ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਚੁੰਨੀ ਨਾਲ ਹੰਝੂ ਪੂੰਝਦਿਆਂ ਉਹ ਕਹਿੰਦੇ ਹਨ, "ਤਿੰਨ ਤਰੀਕ ਆ ਰਹੀ ਹੈ, ਮਨ ਬਹੁਤ ਉਦਾਸ ਹੋ ਰਿਹਾ ਹੈ।"

ਇਹ ਦਰਦ 37 ਸਾਲ ਦੇ ਕਿਸਾਨ ਦਲਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਦਾ ਹੈ। ਦਲਜੀਤ ਉਨ੍ਹਾਂ ਚਾਰ ਕਿਸਾਨਾਂ ਅਤੇ ਪੱਤਰਕਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੂਨੀਆ ਵਿੱਚ ਕਿਸਾਨ ਪ੍ਰਦਰਸ਼ਨ ਦੌਰਾਨ ਥਾਰ ਜੀਪ ਨੇ ਦਰੜ ਦਿੱਤਾ ਸੀ।

ਤਿੰਨ ਅਕਤੂਬਰ ਨੂੰ ਤਿਕੂਨੀਆ ਵਿੱਚ ਕਿਸਾਨਾਂ ਨੂੰ ਕੁਚਲੇ ਜਾਣ ਦੀ ਘਟਨਾ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ।

ਦਲਜੀਤ ਸਿੰਘ ਦਾ ਵੀ ਬਹਿਰਾਇਚ ਜ਼ਿਲ੍ਹੇ ਦੇ ਪਿੰਡ ਬੰਜਾਰਾ ਟਾਂਡਾ ਦੇ ਬਾਹਰਵਾਰ ਇੱਕ ਘਰ ਹੈ। ਦਲਜੀਤ 3 ਅਕਤੂਬਰ, 2021 ਨੂੰ ਤਿਕੂਨੀਆ ਵਿੱਚ ਜਾਰੀ ਕਿਸਾਨਾਂ ਦੇ ਧਰਨੇ ਵਿੱਚ ਗਏ ਸੀ ਪਰ ਘਰ ਵਾਪਸ ਨਹੀਂ ਆਏ।

ਲਖੀਮਪੁਰ ਖੀਰੀ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਪਰਮਜੀਤ ਕੌਰ ਦੱਸਦੇ ਹਨ ਕਿ ਕਾਂਗਰਸ ਤੋਂ ਜੋ ਪੈਸਾ ਮਿਲਿਆ ਉਸੇ ਨਾਲ ਯੋਗੀ ਸਰਕਾਰ ਵੱਲੋਂ ਉਨ੍ਹਾਂ ਦਾ ਮਕਾਨ ਬਣਵਾਇਆ ਗਿਆ ਹੈ

ਉਸ ਮੌਕੇ ਨੂੰ ਯਾਦ ਕਰਕੇ ਰਾਜਦੀਪ ਕੰਬ ਉੱਠਦਾ ਹੈ। ਉਹ ਦੱਸਦਾ ਹੈ, "ਡੈਡੀ ਨੂੰ ਕੁਚਲਣ ਤੋਂ ਬਾਅਦ ਥਾਰ ਦੀ ਜੀਪ ਉਨ੍ਹਾਂ ਨੂੰ ਬਹੁਤ ਦੂਰ ਘਸੀਟ ਕੇ ਲੈ ਗਈ। ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਕੀ ਹੋ ਗਿਆ...ਹਰ ਪਾਸੇ ਰੌਲਾ ਪੈ ਗਿਆ, ਇਸ ਤੋਂ ਬਾਅਦ ਉਹ ਖੂਨ ਨਾਲ ਲਥਪਥ ਪਿਤਾ ਨੂੰ ਲੈ ਕੇ ਹਸਪਤਾਲ ਪਹੁੰਚੇ ਪਰ ਪਿਤਾ ਜੀ ਨਹੀਂ ਬਚੇ।"

ਉਸ ਦਿਨ ਨੂੰ ਯਾਦ ਕਰਦਿਆਂ ਪਰਮਜੀਤ ਕੌਰ ਕਹਿੰਦੇ ਹਨ, "ਸਾਡੀ ਦੁਨੀਆਂ ਇੱਕ ਸਾਲ ਵਿੱਚ ਬਹੁਤ ਬਦਲ ਗਈ ਹੈ, ਕੋਈ ਵੀ ਦਿਨ ਅਜਿਹਾ ਨਹੀਂ ਜਦੋਂ ਉਨ੍ਹਾਂ ਨੂੰ ਯਾਦ ਨਾ ਕੀਤਾ ਗਿਆ ਹੋਵੇ। ਹੁਣ ਤਾਂ ਸਿਰਫ਼ ਇਨਸਾਫ਼ ਚਾਹੀਦਾ ਹੈ।

ਵੀਡੀਓ: ਕਿਸਾਨ ਦਲਜੀਤ ਸਿੰਘ ਦੀ ਪਤਨੀ ਦਾ ਦਰਦ (ਵੀਡੀਓ 5 ਅਕਤੂਬਰ 2021 ਦੀ ਹੈ)

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ: ਕਿਸਾਨ ਦਲਜੀਤ ਸਿੰਘ ਦੀ ਪਤਨੀ ਦਾ ਦਰਦ (ਵੀਡੀਓ 5 ਅਕਤੂਬਰ 2021 ਦੀ ਹੈ)

ਦਲਜੀਤ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਬੇਟੀ ਬੀ.ਐੱਸ.ਸੀ ਨਰਸਿੰਗ ਕਰ ਰਹੀ ਹੈ ਅਤੇ ਬੇਟਾ ਹਾਈ ਸਕੂਲ ਵਿੱਚ ਪੜ੍ਹ ਰਿਹਾ ਹੈ। ਬੇਟੇ ਰਾਜਦੀਪ ਨੇ ਆਪਣੇ ਪਿਤਾ ਦੀ ਥਾਰ ਨਾਲ ਕੁਚਲੇ ਜਾਣ ਨਾਲ ਹੋਈ ਦਰਦਨਾਕ ਮੌਤ ਦੇਖੀ ਹੈ।

ਬੈਨਰ

ਤਸਵੀਰ ਸਰੋਤ, BC

ਤਿੰਨ ਅਕਤੂਬਰ, 2021 ਨੂੰ ਦੁਪਹਿਰ ਲਗਭਗ ਡੇਢ ਵਜੇ ਯੂਪੀ ਦੇ ਤਿਕੂਨੀਆ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਉੱਪਰ ਥਾਰ ਜੀਪ ਚੜ੍ਹਾ ਦਿੱਤੀ ਗਈ ਸੀ।

ਘਟਨਾ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਅਜੇ ਮਿਸ਼ਰ ਟੇਨੀ ਦੇ ਪੁੱਤਰ ਦਾ ਨਾਮ ਆਇਆ, ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ।

ਪੂਰੇ ਇੱਕ ਸਾਲ ਬਾਅਦ ਪੀੜਤ ਪਰਿਵਾਰਾਂ ਦੀਆਂ ਜ਼ਿੰਦਗੀਆਂ ਕਿਵੇਂ ਚੱਲ ਰਹੀਆਂ ਹਨ, ਬੀਬੀਸੀ ਨੇ ਜਾਨਣ ਦੀ ਕੋਸ਼ਿਸ਼ ਕੀਤੀ।

ਪਰਿਵਾਰਾਂ ਦੀ ਮਦਦ ਹੋਈ ਹੈ, ਕਈਆਂ ਦੇ ਘਰ ਉਸਰ ਗਏ ਹਨ ਪਰ ਇਨਸਾਫ਼ ਦੀ ਉਡੀਕ ਜਾਰੀ ਹੈ।

ਘਟਨਾ ਵਿੱਚ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰਾਂ ਨੂੰ ਦੁੱਖ ਹੈ ਕਿ ਪਾਰਟੀ ਦੀ ਉੱਚ ਲੀਡਰਸ਼ਿਪ ਉਨ੍ਹਾਂ ਦਾ ਹਾਲ ਜਾਨਣ ਨਹੀਂ ਆਈ।

ਪੱਤਰਕਾਰ ਰਮਨ ਕਸ਼ਯਪ ਦਾ ਪਰਿਵਾਰ ਵੀ ਬਾਕੀਆਂ ਵਾਂਗ ਹੀ ਨਿਆਂ ਦੀ ਉਡੀਕ ਕਰ ਰਿਹਾ ਹੈ।

ਬੈਨਰ

ਤਸਵੀਰ ਸਰੋਤ, BC

ਉਂਜ, ਦਲਜੀਤ ਕੌਰ ਦੇ ਪਰਿਵਾਰ ਦੇ ਕੋਲ ਇੱਕ ਠੀਕ ਠਾਕ ਘਰ ਉਸਰ ਗਿਆ ਹੈ।

ਪਰਮਜੀਤ ਕੌਰ ਕਹਿੰਦੇ ਹਨ, "ਜੋ ਮਦਦ ਸਰਕਾਰ ਤੋਂ ਮਿਲੀ ਸੀ, ਯੋਗੀ ਜੀ ਨੇ ਉਸ ਨਾਲ ਘਰ ਬਣਾਇਆ ਹੈ। ਜਿਹੜੇ ਕਮਾਉਣ ਵਾਲੇ ਸਨ, ਉਹ ਛੱਡ ਗਏ ਹੁਣ ਪੈਸੇ ਨਾਲ ਕੀ ਹੁੰਦਾ ਹੈ। ਜੇਕਰ ਅਸੀਂ ਦੋ ਕਰੋੜ ਰੁਪਏ ਦੇਵਾਂਗੇ ਤਾਂ ਕੋਈ ਉਨ੍ਹਾਂ ਨੂੰ ਲਿਆ ਕੇ ਦੇਵੇਗਾ?

ਦਲਜੀਤ ਦੇ ਚਾਚਾ ਚਰਨਜੀਤ ਸਿੰਘ ਕਹਿੰਦੇ ਹਨ, "ਤੁਸੀਂ ਉਹ ਦਿਨ ਕਿਵੇਂ ਭੁੱਲ ਸਕਦੇ ਹੋ। ਹੁਣ ਤਾਂ ਸਾਨੂੰ ਇਨਸਾਫ਼ ਦੀ ਆਸ ਬੱਝੀ ਹੈ ਪਰ ਜਦੋਂ ਤੱਕ ਮੰਤਰੀ ਆਪਣੀ ਕੁਰਸੀ 'ਤੇ ਬੈਠੇ ਹਨ, ਉਦੋਂ ਤੱਕ ਇਨਸਾਫ਼ ਵੀ ਨਜ਼ਰ ਨਹੀਂ ਆ ਰਿਹਾ। ਸ਼ਕਤੀ ਵਰਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਅਜਿਹੇ ਲੋਕਾਂ ਨੂੰ ਫਾਂਸੀ ਦਿੱਤੀ ਜਾਵੇ। ਇਸ ਤੋਂ ਘੱਟ ਕੁਝ ਨਹੀਂ।"

'ਅਸੀਂ ਸਮਾਧ ਬਣਾ ਦਿੱਤੀ ਪਰ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ'

ਬਹਿਰਾਇਚ ਜ਼ਿਲੇ ਦੇ ਬੰਜਾਰਾ ਟਾਂਡਾ ਪਿੰਡ ਦੇ ਸਾਹਮਣੇ, ਲਖਨਊ ਰੋਡ ਦੇ ਕਿਨਾਰੇ ਹਾਈਵੇਅ ਤੋਂ ਉਤਰ ਕੇ ਲਗਭਗ ਦੋ ਕਿਲੋਮੀਟਰ ਦੇ ਅੰਦਰ ਟੁੱਟੀਆਂ ਸੜਕਾਂ 'ਤੇ ਚੱਲ ਕੇ ਅਸੀਂ ਮੋਹਰਨੀਆ ਪਿੰਡ ਪਹੁੰਚਦੇ ਹਾਂ।

ਇੱਥੇ ਵੀ ਥਾਰ ਦੀ ਮਾਰ ਹੇਠ ਆਏ ਗੁਰਵਿੰਦਰ ਸਿੰਘ ਦੇ ਘਰ ਮਿੱਟੀ ਲਿੱਪੀ ਜਾ ਰਹੀ ਹੈ। ਇਹ ਸਭ ਛੇ ਅਕਤੂਬਰ ਨੂੰ ਹੋਣ ਵਾਲੇ ਭੋਗ ਦੀਆਂ ਤਿਆਰੀਆਂ ਦਾ ਹਿੱਸਾ ਹੈ।

ਥਾਰ ਵਿੱਚ ਹਿੰਸਾ ਵਿੱਚ ਕੁਚਲੇ ਗਏ ਕਿਸਾਨ ਗੁਰਵਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ, ਉਸਦੀ ਸਮਾਧ ਦਿਖਾਉਂਦੇ ਹੋਏ।

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਥਾਰ ਵਿੱਚ ਹਿੰਸਾ ਵਿੱਚ ਕੁਚਲੇ ਗਏ ਕਿਸਾਨ ਗੁਰਵਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ, ਉਸਦੀ ਸਮਾਧ ਦਿਖਾਉਂਦੇ ਹੋਏ।

ਕੁੜਤਾ ਪਜਾਮਾ ਪਾ ਕੇ ਗੁਰਵਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਗੁਰਵਿੰਦਰ ਸਿੰਘ ਦੀ ਉਮਰ 18 ਸਾਲ ਸੀ। ਪਿਛਲੇ ਸਾਲ ਤਿੰਨ ਅਕਤੂਬਰ ਨੂੰ ਗੁਰਵਿੰਦਰ ਵੀ ਕਿਸਾਨਾਂ ਦੇ ਧਰਨੇ ਵਿੱਚ ਗਏ ਸੀ।

ਗੁਰਵਿੰਦਰ ਨੂੰ ਯਾਦ ਕਰਦਿਆਂ ਪਿਤਾ ਸੁਖਵਿੰਦਰ ਹਉਂਕਾ ਲੈਂਦੇ ਹਨ ਅਤੇ ਕਹਿੰਦੇ ਹਨ, "ਹੁਣ ਸਿਰਫ਼ ਯਾਦਾਂ ਹੀ ਰਹਿ ਗਈਆਂ ਹਨ। ਸਾਡੀਆਂ ਉਮੀਦਾਂ ਅਦਾਲਤ ਤੋਂ ਹੀ ਹਨ। ਇਨ੍ਹਾਂ ਲੋਕਾਂ ਤੋਂ ਨਹੀਂ। ਭਾਈ, ਹੇਠਾਂ ਤੋਂ ਲੈ ਕੇ ਉੱਪਰ ਤੱਕ, ਹੇਠਾਂ ਵੀ ਉਨ੍ਹਾਂ ਦੀ ਸਰਕਾਰ ਹੈ ਅਤੇ ਕੇਂਦਰ ਵਿੱਚ ਵੀ ਉਨ੍ਹਾਂ ਦੀ ਹੈ। ਅਤੇ ਉਹ ਗ੍ਰਹਿ ਮੰਤਰੀ। ਕਿਤੇ ਨਾ ਕਿਤੇ ਦਬਾਅ ਤਾਂ ਹੈ। ਅਸੀਂ ਸਿਰਫ ਅਦਾਲਤ 'ਤੇ ਭਰੋਸਾ ਕਰਾਂਗੇ।''

ਵੀਡੀਓ: ਮਰੇ ਕਿਸਾਨਾਂ ਦੇ ਸਸਕਾਰ ਵੇਲੇ ਭਾਵੁਕ ਹੋਏ ਪਰਿਵਾਰ (ਵੀਡੀਓ 4 ਅਕਤੂਬਰ 2021 ਦੀ ਹੈ)

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਵਿੱਚ ਮਰੇ ਕਿਸਾਨਾਂ ਦੇ ਸਸਕਾਰ ਵੇਲੇ ਭਾਵੁਕ ਹੋਏ ਪਰਿਵਾਰ (ਵੀਡੀਓ 4 ਅਕਤੂਬਰ 2021 ਦੀ ਹੈ)

ਘਰ ਤੋਂ ਥੋੜ੍ਹੀ ਦੂਰ ਬੇਟੇ ਦੀ ਸਮਾਧ ਦਿਖਾਉਂਦੇ ਹੋਏ ਸੁਖਵਿੰਦਰ ਦੱਸਦੇ ਹਨ, "ਅਸੀਂ ਬੇਟੇ ਦੀ ਸ਼ਹੀਦੀ ਨੂੰ ਯਾਦਗਾਰ ਬਣਾ ਦਿੱਤਾ ਹੈ ਪਰ ਸਰਕਾਰ ਨੇ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰੀ ਨੌਕਰੀ ਨਹੀਂ ਦਿੱਤੀ ਗਈ।

ਨਾ ਤਾਂ ਐੱਮਐੱਸਪੀ ਐਕਟ ਲਾਗੂ ਹੋਇਆ ਅਤੇ ਨਾ ਹੀ ਅਜੇ ਤੱਕ ਲੋਕਾਂ ਦੇ ਅਸਲਾ ਲਾਇਸੈਂਸ ਬਣੇ ਹਨ।

ਲਖੀਮਪੁਰ ਖੀਰੀ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਮਰੂਹਮ ਗੁਰਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸਿਰਫ਼ ਅਦਾਲਤ ਤੋਂ ਨਿਆਂ ਦੀ ਉਮੀਦ ਹੈ

ਨਛੱਤਰ ਸਿੰਘ ਦੇ ਘਰ ਵੀ ਸੋਗ ਹੈ

ਨਾਮਦਾਰ ਪੁਰਵਾ ਦੇ ਵਾਸੀ 60 ਸਾਲਾ ਨਛੱਤਰ ਸਿੰਘ ਵੀ 3 ਅਕਤੂਬਰ 2021 ਨੂੰ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਤਿਕੂਨੀਆ ਗਏ ਸੀ।

ਪਰ ਵਾਪਸ ਜਾਣ ਤੋਂ ਬਾਅਦ ਉਹ ਜਿਉਂਦੇ ਘਰ ਨਹੀਂ ਆਏ। ਉਸ ਕੱਚੀ ਸੜਕ ਝਟਕੇ ਖਾਂਦੀ ਸਾਡੀ ਕਾਰ ਕਿਸਾਨ ਅੰਦੋਲਨ 'ਚ ਥਾਰ ਨਾਲ ਕੁਚਲੇ ਗਏ ਕਿਸਾਨ ਨਛੱਤਰ ਸਿੰਘ ਦੇ ਘਰ ਪਹੁੰਚੀ।

ਇੱਕ ਸਾਲ ਵਿੱਚ ਨਛੱਤਰ ਸਿੰਘ ਦੇ ਘਰ ਦੀ ਦਿੱਖ ਹੀ ਬਦਲ ਗਈ ਹੈ। ਗੇਟ 'ਤੇ ਅਜੇ ਵੀ ਪਹਿਰਾ ਹੈ। ਨਛੱਤਰ ਸਿੰਘ ਨੂੰ ਯਾਦ ਕਰਕੇ ਉਨ੍ਹਾਂ ਦੀ ਵਿਧਵਾ ਪਤਨੀ ਜਸਵੰਤ ਕੌਰ ਰੋਣ ਲੱਗ ਜਾਂਦੀ ਹੈ।

ਵੀਡੀਓ: ਨਛੱਤਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਹਾਲ-(ਵੀਡੀਓ 22 ਫ਼ਰਵਰੀ 2022)

ਵੀਡੀਓ ਕੈਪਸ਼ਨ, ਨਛੱਤਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਹਾਲ ਲਖੀਮਪੁਰ ਖੀਰੀ ਤੋਂ ਰਿਪੋਰਟ (ਵੀਡੀਓ 22 ਫ਼ਰਵਰੀ 2022)

ਉਹ ਹੌਲੀ-ਹੌਲੀ ਕਹਿੰਦੇ ਹਨ, "ਜਿਸ ਦਿਨ ਉਹ ਅੰਦੋਲਨ ਵਿਚ ਗਏ ਸੀ, ਉਸ ਦਿਨ ਉਨ੍ਹਾਂ ਦਾ ਜਨਮ ਦਿਨ ਵੀ ਸੀ। ਸਾਲ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ। ਮੰਤਰੀ ਅਜੇ ਵੀ ਅਹੁਦੇ ਉੱਪਰ ਕਾਇਮ ਹੈ। "

ਇਹ ਕਹਿ ਕੇ ਜਸਵੰਤ ਕੌਰ ਚੁੱਪ ਹੋ ਗਈ। ਕੁਝ ਦੇਰ ਰੁਕ ਕੇ ਉਹ ਕਹਿੰਦੇ ਹਨ, "ਸਾਨੂੰ ਤਾਂ ਇਨਸਾਫ਼ ਮਿਲ ਜਾਵੇ, ਹੋਰ ਕੁਝ ਨਹੀਂ ਚਾਹੀਦਾ।"

ਨਛੱਤਰ ਸਿੰਘ ਦੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਨਛੱਤਰ ਸਿੰਘ ਦੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮ

ਨਛੱਤਰ ਸਿੰਘ ਦੇ ਪੁੱਤਰ ਜਗਦੀਪ ਸਿੰਘ ਦਾ ਕਹਿਣਾ ਹੈ, "ਸਾਨੂੰ ਉਸ ਸਮੇਂ ਛੱਤੀਸਗੜ੍ਹ ਅਤੇ ਪੰਜਾਬ ਸਰਕਾਰ ਤੋਂ 50-50 ਲੱਖ ਰੁਪਏ ਮਿਲੇ ਸਨ। 40 ਲੱਖ ਰੁਪਏ ਯੋਗੀ ਜੀ ਨੇ ਵੀ ਦਿੱਤੇ ਸਨ। ਪੰਜ ਲੱਖ ਕਿਸਾਨ ਦੁਰਘਟਨਾ ਬੀਮਾ ਤੋਂ ਮਿਲਿਆ। ਇਸ ਦੇ ਨਾਲ ਹੀ ਬਣ ਰਹੇ ਮਕਾਨ ਨੂੰ ਦਿਖਾਉਂਦੇ ਹੋਏ ਦੱਸਦੇ ਹਨ ਉਸ ਪੈਸੇ ਨਾਲ ਹੀ ਉਹ ਕੰਮ ਕਰਵਾ ਰਹੇ ਹਨ।

ਜਗਦੀਪ ਵੀ ਸਾਨੂੰ ਘਰੋਂ ਤੋਂ ਬਾਹਰ ਆਪਣੇ ਖੇਤਾਂ ਵੱਲ ਬਣੀ ਪਿਤਾ ਨਛੱਤਰ ਸਿੰਘ ਦੀ ਸਮਾਧ 'ਤੇ ਲੈ ਜਾਂਦੇ ਹਨ। ਸਮਾਧ ਦਿਖਾਉਂਦੇ ਹੋਏ ਉਹ ਕਹਿੰਦੇ ਹਨ, "ਇਹ ਛੋਟੀ ਜਿਹੀ ਯਾਦਗਾਰ ਮੇਰੇ ਪਿਤਾ ਦੀ ਯਾਦ ਵਿੱਚ ਬਣਾਈ ਗਈ ਹੈ।"

ਨਛੱਤਰ ਸਿੰਘ ਦਾ ਛੋਟਾ ਬੇਟਾ ਐਸਐਸਬੀ ਭਰਤੀ ਹੋ ਕੇ ਦੇਸ਼ ਸੇਵਾ ਕਰ ਰਿਹਾ ਹੈ। ਜਦੋਂ ਕਿ ਵੱਡਾ ਪੁੱਤਰ ਜਗਦੀਪ ਕਾਸ਼ਤਕਾਰ ਹੈ।

ਇੱਕ ਸਾਲ ਬਾਅਦ, ਜਗਦੀਪ ਕੇਸ ਦੀ ਸਥਿਤੀ ਬਾਰੇ ਦੱਸਦੇ ਹਨ, "ਇਸ ਪੂਰੇ ਸਾਲ ਵਿੱਚ ਮੈਂ ਕਿੰਨੀ ਵਾਰ ਜਿਊਂਦਾ ਰਿਹਾ, ਕਿੰਨੀ ਵਾਰ ਮਰਿਆ, ਇਹ ਸ਼ਬਦਾਂ ਵਿੱਚ ਬਿਆਨ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ।"

ਲਖੀਮਪੁਰ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਮਰਹੂਮ ਨਛੱਤਰ ਸਿੰਘ ਦੀ ਪਤਨੀ ਅਤੇ ਬੇਟਾ

"ਸਾਡਾ ਕੇਸ 'ਜਿਵੇਂ ਸੀ' ਉਵੇਂ ਹੀ ਪਿਆ ਹੈ। ਜਿਸ ਵਿੱਚ ਅੱਜ ਤੱਕ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਸਾਡੇ ਕੇਸ ਵਿੱਚ ਅੱਜ ਤੱਕ ਸੁਣਵਾਈ ਸ਼ੁਰੂ ਨਹੀਂ ਹੋਈ। ਹੁਣ ਤੱਕ ਸਿਰਫ਼ ਜ਼ਮਾਨਤ ਦੀ ਹੀ ਖੇਡ ਚੱਲ ਰਹੀ ਹੈ।

ਜਗਦੀਪ ਕਹਿੰਦੇ ਹਨ, "ਮੰਤਰੀ ਦੀ ਬਰਖਾਸਤਗੀ ਅੱਜ ਵੀ ਉਸੇ ਤਰ੍ਹਾਂ ਰੱਖੀ ਹੋਈ ਹੈ। ਮੋਦੀ ਜੀ ਉਸ ਨੂੰ ਫੁੱਲ ਦਿੰਦੇ ਹਨ, ਉਹ ਉਸ ਤੋਂ ਫੁੱਲ ਲੈਂਦੇ ਹਨ, ਉਹ ਉਸ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹਨ, ਉਹ ਉਨ੍ਹਾਂ ਨੂੰ ਦਿੰਦੇ ਹਨ, ਇਸ ਕਾਰਨ ਇਹ ਮਾਮਲਾ ਉੱਥੇ ਹੀ ਰੁਕ ਗਿਆ ਹੈ। ਸਾਡੇ ਚਾਰ-ਪੰਜ ਕਿਸਾਨ ਮਾਰੇ ਗਏ, ਪਰ ਨਾ ਮੋਦੀ ਜੀ ਅਤੇ ਨਾ ਹੀ ਯੋਗੀ ਜੀ ਦੇ ਮੂੰਹੋਂ ਇਹ ਨਿਕਲਿਆ ਕਿ ਕੋਈ ਦੁਖਦਾਈ ਘਟਨਾ ਵਾਪਰ ਗਈ। ਅੱਜ ਤੱਕ ਅਸੀਂ ਇਸ ਗੱਲ ਦੀ ਉਡੀਕ ਕਰ ਰਹੇ ਹਾਂ ਕਿ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਨਿਕਲ ਸਕਣਗੇ ਜਾਂ ਨਹੀਂ?

ਨਛੱਤਰ ਸਿੰਘ ਦਾ ਅਤੇ ਪੁੱਤਰ ਜਗਦੀਪ ਆਪਣੇ ਪਿਤਾ ਦੀ ਸਮਾਧ ਦਿਖਾਉਂਦੇ ਹੋਏ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਨਛੱਤਰ ਸਿੰਘ ਦਾ ਪੁੱਤਰ ਜਗਦੀਪ ਆਪਣੇ ਪਿਤਾ ਦੀ ਸਮਾਧ ਦਿਖਾਉਂਦੇ ਹੋਏ

ਇਨਸਾਫ਼ ਦੀ ਉਮੀਦ ਦੇ ਸਵਾਲ 'ਤੇ ਜਗਦੀਪ ਦਾ ਕਹਿਣਾ ਹੈ ਕਿ ਉਮੀਦ ਸਿਰਫ਼ ਸੁਪਰੀਮ ਕੋਰਟ ਤੋਂ ਹੀ ਹੈ।

'ਹੁਣ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ'- ਲਵਪ੍ਰੀਤ ਦੇ ਪਿਤਾ

ਤਿਕੂਨੀਆ ਹਿੰਸਾ ਵਿੱਚ ਆਪਣੇ 18 ਸਾਲਾ ਇਕਲੌਤੇ ਪੁੱਤਰ ਲਵਪ੍ਰੀਤ ਸਿੰਘ ਨੂੰ ਗੁਆਉਣ ਵਾਲੇ ਪਿਤਾ ਸਤਨਾਮ ਸਿੰਘ ਆਪਣੇ ਘਰ ਦੇ ਬਾਹਰ ਪਸ਼ੂਆਂ ਲਈ ਚਾਰਾ ਕੁਤਰ ਰਹੇ ਸਨ। ਪਾਲੀਆ ਮਝਗਈਦੇ ਅੰਦਰ ਦੁਧਵਾ ਦੇ ਜੰਗਲਾਂ ਦੇ ਕਿਨਾਰੇ ਗੰਨੇ ਦੇ ਖੇਤਾਂ ਨਾਲ ਘਿਰਿਆ ਉਨ੍ਹਾਂ ਦਾ ਘਰ ਹੈ।

ਘਰ ਦੇ ਬਾਹਰ ਵਰਦੀ ਵਿੱਚ ਤਾਇਨਾਤ ਇੱਕ ਪੀਏਸੀ ਜਵਾਨ ਮਿਲਿਆ, ਜੋ ਸਤਨਾਮ ਸਿੰਘ ਅਤੇ ਪਰਿਵਾਰ ਦੀ ਸੁਰੱਖਿਆ ਵਿੱਚ ਲੱਗਾ ਹੋਇਆ ਹੈ। ਸਤਨਾਮ ਸਿੰਘ, ਜਿਨ੍ਹਾਂ ਨੇ ਭਗਵਾ ਪੱਗ ਬੰਨ੍ਹੀ ਹੋਈ ਹੈ, ਕਹਿੰਦੇ ਹਨ, "ਤਿੰਨ ਅਕਤੂਬਰ ਤੋਂ ਬਾਅਦ ਸਾਡੀ ਜ਼ਿੰਦਗੀ ਬਹੁਤ ਬਦਲ ਗਈ ਹੈ, ਪਰ ਅਸੀਂ ਜੋ ਇਨਸਾਫ਼ ਮੰਗ ਰਹੇ ਸੀ, ਉਹ ਨਹੀਂ ਮਿਲਿਆ। ਇੱਕ ਸਾਲ ਹੋ ਗਿਆ ਹੈ।"

ਸਤਨਾਮ ਸਿੰਘ ਦਾ ਘਰ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਲਵਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਹੁਣ ਧੀਆਂ ਉੱਪਰ ਅਸ਼ਲੀਲ ਟਿੱਪਣੀਆਂ ਕਰਕੇ ਉਨ੍ਹਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ (ਪਰਵਾਰ ਦਾ ਘਰ)

ਸਤਨਾਮ ਸਿੰਘ ਨੇ ਕੁਝ ਦਿਨ ਪਹਿਲਾਂ ਪਾਲੀਆ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕਰਵਾਇਆ ਹੈ। ਜਿਸ ਵਿੱਚ ਉਨ੍ਹਾਂ ਦੀਆਂ ਧੀਆਂ ਬਾਰੇ ਅਸ਼ਲੀਲ ਟਿੱਪਣੀਆਂ ਬਾਰੇ ਸ਼ਿਕਾਇਤ ਹੈ।

ਵੀਡੀਓ: ਲਵਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਘਰ ਦਾ ਮਾਹੌਲ-(ਵੀਡੀਓ 9 ਅਕਤੂਬਰ 2021 ਦੀ ਹੈ)

ਵੀਡੀਓ ਕੈਪਸ਼ਨ, ਲਵਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਘਰ ਦਾ ਮਾਹੌਲ (ਵੀਡੀਓ 9 ਅਕਤੂਬਰ 2021 ਦੀ ਹੈ)

ਸਤਨਾਮ ਸਿੰਘ ਨੇ ਅੱਗੇ ਕਿਹਾ, ''ਹੁਣ ਸਾਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਪਿੱਛੇ ਵੀ ਉਨ੍ਹਾਂ ਦੇ ਲੋਕ ਲੱਗੇ ਹੋਏ ਹਨ, ਉਨ੍ਹਾਂ ਨੂੰ ਅਜੇ ਤੱਕ ਨੌਕਰੀ ਵੀ ਨਹੀਂ ਮਿਲੀ, ਸਰਕਾਰੀ ਲਈ ਗੱਲ ਹੋਈ ਸੀ, ਪਰ ਸਹਿਕਾਰੀ ਦੇਣ ਲਈ ਕਿਹਾ ਤਾਂ ਅਸੀਂ ਸਾਰਿਆਂ ਨੇ ਮਨ੍ਹਾਂ ਕਰ ਦਿੱਤਾ। ਇਨਸਾਫ਼ ਦੀ ਆਸ ਲਾਈ ਬੈਠੇ ਹਾਂ।"

ਰਾਸ਼ਨ ਕਾਰਡ ਲਈ ਤਰਸਦਾ ਸ਼ਿਆਮ ਸੁੰਦਰ ਦਾ ਪਰਿਵਾਰ

ਤਿਕੂਨੀਆ ਕਾਂਡ ਵਿੱਚ ਕਿਸਾਨਾਂ 'ਤੇ ਹਮਲੇ ਤੋਂ ਬਾਅਦ ਹਿੰਸਾ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ਿਆਮ ਸੁੰਦਰ ਨਿਸ਼ਾਦ ਦਾ ਪਰਿਵਾਰ ਅਜੇ ਵੀ ਰਾਸ਼ਨ ਕਾਰਡ ਲਈ ਤਰਸ ਰਿਹਾ ਸੀ।

ਭਾਜਪਾ ਵਰਕਰ ਸ਼ਿਆਮਸੁੰਦਰ ਨਿਸ਼ਾਦ ਦੀ ਮਾਂ ਅਤੇ ਭੈਣਾਂ ਘਰ ਵਿੱਚ ਬੈਠੀਆਂ ਹਨ।

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਭਾਜਪਾ ਵਰਕਰ ਸ਼ਿਆਮਸੁੰਦਰ ਨਿਸ਼ਾਦ ਦੀ ਮਾਂ ਅਤੇ ਭੈਣਾਂ ਘਰ ਵਿੱਚ ਬੈਠੀਆਂ ਹਨ।

ਸ਼ਿਆਮ ਸੁੰਦਰ ਦੀ ਮਾਂ ਫੂਲਮਤੀ ਬੇਟੇ ਦੀ ਤਸਵੀਰ ਦੇਖਦੇ ਹੋਏ ਰੋਣ ਲੱਗਦੀ ਹੈ।

ਉਨ੍ਹਾਂ ਨੇ ਦੱਸਿਆ, ''ਕਾਲਜੇ ਦਾ ਟੁਕੜਾ ਸੀ ਚਲਾ ਗਿਆ। ਬਹੂ ਦੇ ਨਾਮ 'ਤੇ 45 ਲੱਖ ਰੁਪਏ ਦਾ ਚੈੱਕ ਮਿਲਿਆ ਸੀ, ਪਰ ਬਹੂ ਚੈੱਕ ਲੈ ਕੇ ਪੇਕੇ ਘਰ ਚਲੇ ਗਈ, ਦੀਵਾਲੀ ਤੋਂ ਉਹ ਵਾਪਸ ਹੀ ਨਹੀਂ ਆਈ।''

ਚਾਰ ਭੈਣਾਂ ਅਤੇ ਦੋ ਭਰਾਵਾਂ ਵਾਲੇ ਪਰਿਵਾਰ ਵਿੱਚ ਸ਼ਿਆਮ ਸੁੰਦਰ ਹੀ ਘਰ ਵਿੱਚ ਕਮਾਉਣ ਵਾਲਾ ਸੀ। ਉਸ ਦੀ ਮਾਂ ਦਾ ਦਾਅਵਾ ਹੈ, 'ਕਦੇ ਕਦੇ ਮੋਨੂੰ ਭਰਾ ਘਰ ਆਉਂਦਾ ਸੀ, ਪਰ ਜਦੋਂ ਤੋਂ ਭਰਾ ਚਲਾ ਗਿਆ, ਕੋਈ ਦੇਖਣ ਵੀ ਨਹੀਂ ਆਇਆ, ਨਾ ਮੰਤਰੀ ਨਾ ਕੋਈ ਹੋਰ। ਮੋਨੂੰ ਭਰਾ ਤਾਂ ਜੇਲ੍ਹ ਵਿੱਚ ਹਨ।''

ਜੈਪਰਾ ਪਿੰਡ ਵਿੱਚ ਸ਼ਿਆਮ ਸੁੰਦਰ ਦੇ ਘਰ ਤੱਕ ਜਾਣ ਵਾਲੀ ਸੜਕ ਦੀ ਇੰਟਰਲਾਕਿੰਗ ਹੋ ਗਈ ਹੈ।

ਲਖੀਮਪੁਰ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਭਾਜਪਾ ਵਰਕਰ ਸ਼ਿਆਮ ਸੁੰਦਰ ਦੇ ਘਰ ਦਾ ਰਸਤਾ ਟੇਨੀ ਵੱਲੋਂ ਬਣਵਾਇਆ ਗਿਆ ਅਤੇ ਟੇਨੀ ਦੇ ਨਾਮ ਦਾ ਨੀਂਹ ਪੱਥਰ

ਸੜਕ 'ਤੇ ਅਜੈ ਮਿਸ਼ਰ ਟੈਨੀ ਦਾ ਨਾਂ ਲਿਖਿਆ ਹੈ। ਜਿਸ 'ਤੇ ਲਿਖਿਆ ਹੈ ਸ਼ਿਆਮ ਸੁੰਦਰ ਨਿਸ਼ਾਦ ਦੇ ਘਰ ਤੱਕ।

ਮਾਂ ਕਹਿੰਦੀ ਹੈ ਕਿ ਰਸਤਾ ਤਾਂ ਬਣ ਗਿਆ ਹੈ, ਪਰ ਨਾ ਤਾਂ ਰਾਸ਼ਨ ਕਾਰਡ ਹੈ ਜੋ ਅਨਾਜ ਵਗੈਰਾ ਮਿਲ ਜਾਵੇ ਅਤੇ ਨਾ ਹੀ ਕੋਈ ਨੌਕਰੀ ਮਿਲੀ ਹੈ। ਬਹੂ ਪੂਰੇ ਪੈਸੇ ਲੈ ਕੇ ਚਲੇ ਗਈ। ਉਹ ਸਿਸਕਦੇ ਹੋਏ ਕਹਿੰਦੀ ਹੈ ਕਿ ਮਦਦ ਨਹੀਂ ਮਿਲੀ ਤਾਂ ਬੇਟੀ ਦਾ ਵਿਆਹ ਕਿਵੇਂ ਹੋਵੇਗਾ।

ਸ਼ੁਭਮ ਦੇ ਪਿਤਾ ਬੋਲੇ, ਅਮਿਤ ਸ਼ਾਹ ਜਾਂ ਯੋਗੀ ਜੀ ਘਰ ਆਉਣ, ਤੇ ਇਸ ਦਾ ਹਾਲ ਦੇਖਣ

ਸ਼ੁਭਮ ਦਾ ਪੂਰਾ ਪਰਿਵਾਰ ਭਾਜਪਾ ਨਾਲ ਹੀ ਜੁੜਿਆ ਹੋਇਆ ਹੈ। ਸ਼ੁਭਮ ਹੀ ਘਰ ਵਿੱਚ ਕਮਾਉਣ ਵਾਲੇ ਸਨ। ਇੱਕ ਫਰਮ ਚਲਾਉਂਦੇ ਸਨ, ਪਰ ਇੱਕ ਸਾਲ ਬਾਅਦ ਪਿਤਾ ਉਸ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਕੋਈ ਦਿਨ ਨਹੀਂ ਗੁਜ਼ਰਦਾ ਜਦੋਂ ਉਸ ਨੂੰ ਯਾਦ ਨਾ ਕਰਦੇ ਹੋਈਏ।''

ਪਰ ਉਹ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਦੇ ਉਦਾਸੀਨ ਰਵੱਈਏ ਤੋਂ ਥੋੜ੍ਹਾ ਪਰੇਸ਼ਾਨ ਹਨ।

ਉਹ ''ਕਹਿੰਦੇ ਹਨ ਕਿ ਸ਼ੁਭਮ ਭਾਜਪਾ ਦਾ ਹੀ ਵਰਕਰ ਸੀ। ਉਸ ਦਿਨ ਵੀ ਉਨ੍ਹਾਂ ਲਈ ਹੀ ਗਿਆ ਸੀ। ਉਸ ਦੇ ਮਰਨ ਦੇ ਬਾਅਦ ਸਥਾਨਕ ਨੇਤਾ ਤਾਂ ਆਏ, ਮੰਤਰੀ ਜੀ ਵੀ ਆਏ, ਪਰ ਜੇਕਰ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਹਮਦਰਦੀ ਜਤਾਉਂਦੀ ਤਾਂ ਸਾਨੂੰ ਚੰਗਾ ਲੱਗਦਾ। ''

ਵਿਜੇ ਮਿਸ਼ਰਾ, ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਪਿਤਾ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਵਿਜੇ ਮਿਸ਼ਰਾ, ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਪਿਤਾ

ਉਹ ਭਾਵੁਕ ਹੋਏ ਅੱਗੇ ਕਹਿੰਦੇ ਹਨ,'' ਅਸੀਂ ਜਾਣਦੇ ਹਾਂ ਕਿ ਸਿਖਰਲੀ ਲੀਡਰਸ਼ਿਪ ਕੋਲ ਸਮਾਂ ਘੱਟ ਹੁੰਦਾ ਹੈ, ਪਰ ਇਹ ਜਾਣਨਾ ਜ਼ਰੂਰੀ ਹੈ ਕਿ ਪਰਿਵਾਰ ਦਾ ਹਾਲ ਕੀ ਹੈ। ਬੱਚੇ ਕਿਵੇਂ ਹਨ, ਕਿਵੇਂ ਪਾਲਣ ਪੋਸ਼ਣ ਹੋ ਰਿਹਾ ਹੈ।''

ਸ਼ੁਭਮ ਦੇ ਪਿਤਾ ਵਿਜੈ ਮਿਸ਼ਰ ਕਹਿੰਦੇ ਹਨ ਕਿ ਨੌਕਰੀ ਲਈ ਅਸੀਂ ਦੋ ਬਾਰ ਡੀਐੱਮ ਨੂੰ ਮਿਲ ਚੁੱਕੇ ਹਾਂ, ਪਰ ਡੀਐੱਮ ਸਾਹਬ ਨੇ ਕਿਹਾ ਕਿ ਨੌਕਰੀ ਦਾ ਕੋਈ ਆਦੇਸ਼ ਨਹੀਂ ਆਇਆ। ਉਹ ਕਹਿੰਦੇ ਹਨ, ''ਅਸੀਂ ਤਾਂ ਕਿਸੇ ਵੀ ਤਰ੍ਹਾਂ ਜੀਵਨ ਕੱਟ ਲਵਾਂਗੇ, ਪਰ ਬਹੂ ਹੈ, ਜੇਕਰ ਉਸ ਨੂੰ ਨੌਕਰੀ ਮਿਲ ਜਾਵੇ ਤਾਂ ਉਸ ਦਾ ਜੀਵਨ ਕੱਟ ਜਾਵੇਗਾ। ਇੱਕ ਸਾਲ ਦੀ ਲੜਕੀ ਹੈ, ਉਸ ਦੀਆਂ ਜ਼ਿੰਮੇਵਾਰੀਆਂ ਤਾਂ ਖਤਮ ਹੋ ਜਾਣਗੀਆਂ।''

ਹਰੀਓਮ ਚਲਾ ਗਿਆ, ਮਾਂ ਨੂੰ ਸਤਾ ਰਹੀ ਬੇਟੀ ਦੇ ਵਿਆਹ ਦੀ ਚਿੰਤਾ

ਤਿੰਨ ਅਕਤੂਬਰ ਨੂੰ ਹਰੀਓਮ ਨੂੰ ਦੁਨੀਆ ਤੋਂ ਗਏ ਵੀ ਇੱਕ ਸਾਲ ਹੋ ਜਾਵੇਗਾ। ਹਰੀਓਮ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਡਰਾਈਵਰ ਸੀ। ਹਿੰਸਾ ਵਿੱਚ ਭੀੜ ਨੇ ਹਰੀਓਮ ਨੂੰ ਵੀ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਫਰਧਾਨ ਥਾਣੇ ਦੇ ਇਲਾਕੇ ਦੇ ਪਰਸਿਹਰਾ ਪਿੰਡ ਵਿੱਚ ਇੱਕ ਸਾਧਾਰਨ ਜਿਹੇ ਮਕਾਨ ਦੇ ਬਾਹਰ ਟੀਨ ਦੇ ਦਰਵਾਜੇ 'ਤੇ ਦਸਤਕ ਦਿੱਤੀ ਤਾਂ ਹਰੀਓਮ ਦੀ ਬਜੁਰਗ ਮਾਂ ਬਾਹਰ ਨਿਕਲੀ।

ਤਿੰਨ ਭੈਣਾਂ ਅਤੇ ਦੋ ਭਰਾਵਾਂ ਵਾਲੇ ਪਰਿਵਾਰ ਨੇ ਪਿਛਲੇ ਸਾਲ ਹਰੀਓਮ ਨੂੰ ਖੋਇਆ ਤਾਂ ਕੁਝ ਮਹੀਨੇ ਪਹਿਲਾਂ ਜਿਸ ਬਾਪ ਦੀ ਦਵਾਈ ਬੇਟੇ ਦੀ ਕਮਾਈ ਨਾਲ ਚੱਲਦੀ ਸੀ, ਉਹ ਵੀ ਦੁਨੀਆ ਨੂੰ ਛੱਡ ਗਏ।

ਹਰੀਓਮ ਦੀ ਮਾਂ ਕਹਿੰਦੀ ਹੈ, ''ਬਿਮਾਰ ਬਾਪ ਦੀ ਉਹੀ ਸੇਵਾ ਕਰਦਾ ਸੀ, ਜਦੋਂ ਆਉਂਦਾ ਸੀ, ਦਾੜ੍ਹੀ ਬਣਾ ਦਿੰਦਾ ਸੀ, ਖਾਣਾ ਖਵਾ ਦਿੰਦਾ ਸੀ, ਪਿਤਾ ਕਈ ਸਾਲਾਂ ਤੋਂ ਬਿਮਾਰ ਸੀ। ਹਰੀਓਮ ਦੀ ਮੌਤ ਦੀ ਖ਼ਬਰ ਪਿਤਾ ਨੂੰ ਉਸ ਦੀ ਮੌਤ ਤੱਕ ਨਹੀਂ ਦਿੱਤੀ ਸੀ। ਉਹ ਪੁੱਛਦੇ ਸਨ ਕਿੱਥੇ ਹੈ ਤਾਂ ਟਰਕਾ ਦਿੰਦੇ ਸੀ।''

ਹਰੀਓਮ ਦੀ ਮਾਂ ਕਹਿੰਦੀ ਹੈ, ''ਹੁਣ ਬੇਟੀ ਦੇ ਵਿਆਹ ਦੀ ਜ਼ਿੰਮੇਵਾਰੀ ਹੈ। ਕਮਾਉਣ ਵਾਲਾ ਚਲਾ ਗਿਆ ਹੈ।''

'ਕਹਿ ਰਿਹਾ ਸੀ ਕਿ ਮੈਂ ਕਵਰੇਜ਼ ਕਰਨ ਜਾ ਰਿਹਾ ਹਾਂ'

ਪੱਤਰਕਾਰ ਰਮਨ ਕਸ਼ਯਪ ਦੇ ਪਿਤਾ

ਤਸਵੀਰ ਸਰੋਤ, Prashant pandey for BBC

ਤਸਵੀਰ ਕੈਪਸ਼ਨ, ਪੱਤਰਕਾਰ ਰਮਨ ਕਸ਼ਯਪ ਦੇ ਪਿਤਾ

ਤਿਕੂਨੀਆ ਹਿੰਸਾ 'ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਬਾਅਦ ਤੋਂ ਉਨ੍ਹਾਂ ਨੂੰ ਅਦਾਲਤਾਂ ਅਤੇ ਹੋਰ ਥਾਵਾਂ 'ਤੇ ਚੱਕਰ ਲਗਾਉਣੇ ਪਏ ਹਨ।

ਪਵਨ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਮਦਦ ਕਰ ਰਿਹਾ ਹੈ ਅਤੇ ਮੁਸੀਬਤ ਇਹ ਆ ਰਹੀ ਹੈ ਕਿ ਜਦੋਂ ਤੱਕ ਉਹ ਮੰਤਰੀ ਅਹੁਦੇ 'ਤੇ ਹਨ, ਇਨਸਾਫ ਦੀ ਕੋਈ ਉਮੀਦ ਨਹੀਂ ਹੈ।

ਰਮਨ ਕਸ਼ਯਪ ਦੇ ਪਿਤਾ ਰਾਮ ਦੁਲਾਰੇ ਭਾਵੁਕ ਹੋ ਕੇ ਕਹਿੰਦੇ ਹਨ, ਕਹਿ ਰਿਹਾ ਸੀ ਕਿ ਮੈਂ ਕਵਰੇਜ਼ ਕਰਨ ਜਾ ਰਿਹਾ ਹਾਂ। 18-20 ਘੰਟੇ ਬਾਅਦ ਹਸਪਤਾਲ ਤੋਂ ਸੂਚਨਾ ਮਿਲੀ ਕਿ ਲਾਸ਼ ਅਣਪਛਾਤੀ ਥਾਂ 'ਤੇ ਪਈ ਹੈ। ਇਨਸਾਫ ਕਿਵੇਂ ਮਿਲੇਗਾ, ਮੰਤਰੀ ਅਹੁਦੇ ਦਾ ਹੀ ਪ੍ਰਭਾਵ ਹੈ। ਜੇ ਨਾ ਹੁੰਦਾ ਉਨ੍ਹਾਂ ਨੂੰ ਹਟਾ ਦਿੱਤਾ ਜਾਂਦਾ।"

ਲਖੀਮਪੁਰ ਖੀਰੀ

ਤਸਵੀਰ ਸਰੋਤ, ANANT RANANE/BBC

ਤਿੰਨ ਅਕਤੂਬਰ 2021 ਨੂੰ ਹੋਈ ਸੀ ਇਹ ਘਟਨਾ

ਉੱਤਰ ਪ੍ਰਦੇਸ਼ ਦੇ ਤਰਾਈ ਦੇ ਸਭ ਤੋਂ ਵੱਡੇ ਜ਼ਿਲ੍ਹੇ ਲਖੀਮਪੁਰ ਖੀਰੀ ਵਿੱਚ ਤਿੰਨ ਅਕਤੂਬਰ 2021 ਨੂੰ ਤਿਕੁਨੀਆ ਵਿੱਚ ਥਾਰ ਨਾਲ ਕੁਚਲਣ ਅਤੇ ਉਸ ਦੇ ਬਾਅਦ ਦੀ ਹਿੰਸਾ ਵਿੱਚ ਚਾਰ ਕਿਸਾਨ, ਇੱਕ ਪੱਤਰਕਾਰ ਅਤੇ ਤਿੰਨ ਭਾਜਪਾ ਵਰਕਰਾਂ ਦੀ ਮੌਤ ਹੋਈ ਸੀ।

ਥਾਰ ਨਾਲ ਰੌਂਦਣ ਨਾਲ ਬਹਿਰਾਈਚ ਜ਼ਿਲ੍ਹੇ ਦੇ ਬੰਜਾਰਾ ਟਾਂਡਾ ਨਿਵਾਸੀ 37 ਸਾਲ ਦੇ ਕਿਸਾਨ ਦਲਜੀਤ ਸਿੰਘ ਅਤੇ ਮੋਹਰਨੀਆ ਨਿਵਾਸੀ 20 ਸਾਲਾ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ। ਪਲਿਆ ਦੇ ਚੌਖੜਾ ਫਾਰਮ ਨਿਵਾਸੀ ਸਤਨਾਮ ਸਿੰਘ ਦੇ 18 ਸਾਲਾ ਪੁੱਤਰ ਲਵਪ੍ਰੀਤ ਸਿੰਘ, ਧੌਰਹਰਾ ਤਹਿਸੀਲ ਦੇ 60 ਸਾਲਾ ਕਿਸਾਨ ਨਛੱਤਰ ਸਿੰਘ ਅਤੇ ਨਿਘਾਸਨ ਨਿਵਾਸੀ ਪੱਤਰਕਾਰ ਰਮਨ ਕਸ਼ਿਅਪ ਨੂੰ ਵੀ ਕਾਰ ਨਾਲ ਰੌਂਦ ਦਿੱਤਾ ਗਿਆ।

ਖੀਰੀ ਜ਼ਿਲ੍ਹੇ ਦੇ ਸਿੰਗਹਾ ਦੇ ਜੈਪਰਾ ਪਿੰਡ ਨਿਵਾਸੀ ਭਾਜਪਾ ਦੇ ਬਲਾਕ ਪ੍ਰਧਾਨ ਰਹੇ ਸ਼ਿਆਮ ਸੁੰਦਰ, ਲਖੀਮਪੁਰ ਸ਼ਹਿਰ ਦੇ ਸ਼ਿਵਪੁਰੀ ਮੁਹੱਲੇ ਦੇ ਬੂਥ ਪ੍ਰਧਾਨ ਸ਼ੁਭਮ ਮਿਸ਼ਰਾ ਅਤੇ ਟੈਨੀ ਦੇ ਡਰਾਈਵਰ ਹਰੀਓਮ ਮਿਸ਼ਰ ਦੀ ਘਟਨਾ ਦੇ ਬਾਅਦ ਉਪਜੀ ਹਿੰਸਾ ਵਿੱਚ ਭੀੜ ਨੇ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਸੀ।

ਦੋਵੇਂ ਪਾਸਿਆਂ ਤੋਂ ਤਿਕੁਨੀਆ ਵਿੱਚ ਐੱਫਆਈਆਰ ਦਰਜ ਕਰਾਈ ਗਈ। ਕਿਸਾਨਾਂ ਵੱਲੋਂ ਦਰਜ ਐੱਫਆਈਆਰ ਵਿੱਚ ਮੁੱਖ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਮੋਨੂੰ ਸਮੇਤ 13 ਮੁਲਜ਼ਮ ਜੇਲ੍ਹ ਵਿੱਚ ਬੰਦ ਹਨ, ਉੱਥੇ ਹੀ ਆਸ਼ੀਸ਼ ਮਿਸ਼ਰ ਦੇ ਸਾਥੀ ਸੁਮਿਤ ਜਾਇਸਵਾਲ ਦੀ ਐੱਫਆਈਆਰ ਵਿੱਚ ਚਾਰ ਕਿਸਾਨ ਜੇਲ੍ਹ ਵਿੱਚ ਬੰਦ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)