ਲਖੀਮਪੁਰ ਖੀਰੀ ਹਿੰਸਾ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸਣ ਵਾਲੀ ਰਿਪੋਰਟ ਵਿੱਚ ਕੀ ਖੁਲਾਸਾ ਕੀਤਾ ਗਿਆ ਹੈ

ਤਸਵੀਰ ਸਰੋਤ, Anant Ranane/bbc
- ਲੇਖਕ, ਅਨੰਤ ਝਣਾਣੇ
- ਰੋਲ, ਬੀਬੀਸੀ ਸਹਿਯੋਗੀ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ 'ਚ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਅਦਾਲਤ ਨੂੰ ਕਿਹਾ ਹੈ ਕਿ ਇਹ ਘਟਨਾ ਇੱਕ ''ਪਹਿਲਾਂ ਤੋਂ ਯੋਜਨਾਬੱਧ ਸਾਜ਼ਿਸ਼'' ਸੀ।
ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰ ਅਤੇ ਹੋਰ ਮੁਲਜ਼ਮਾਂ 'ਤੇ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦਾ ਕਤਲ ਕਰਨ ਦਾ ਇਲਜ਼ਾਮ ਹੈ।
ਇਹ ਘਟਨਾ 3 ਅਕਤੂਬਰ ਦੀ ਹੈ ਜਦੋਂ ਨੂੰ ਲਖੀਮਪੁਰ ਖੀਰੀ ਵਿੱਚ ਗੱਡੀਆਂ ਨਾਲ ਕੁਚਲੇ ਜਾਣ 'ਤੇ 4 ਮੌਤਾਂ ਹੋਈਆਂ ਸਨ ਤੇ ਬਾਅਦ ਵਿੱਚ 4 ਹੋਰ ਲੋਕ ਮਾਰੇ ਗਏ ਸਨ। ਯਾਨਿ ਕਿ ਇਸ ਦੌਰਾਨ ਕੁੱਲ 8 ਮੌਤਾਂ ਹੋਈਆਂ ਸਨ ਤੇ 10 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।
ਮੰਗਲਵਾਰ ਨੂੰ ਆਸ਼ੀਸ਼ ਮਿਸ਼ਰ ਸਮੇਤ 12 ਹੋਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਐੱਸਆਈਟੀ ਨੇ ਜਾਂਚ ਮਗਰੋਂ ਕੀ ਕਿਹਾ?
ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਸ਼ੁਰੂਆਤੀ ਜਾਂਚ ਵਿੱਚ ਪਾਇਆ ਹੈ ਕਿ ਇਹ ਮਾਮਲਾ ਯੋਜਨਾਬੱਧ ਸਾਜ਼ਿਸ਼ ਹੈ।
ਐੱਸਆਈਟੀ ਨੇ ਲਖੀਮਪੁਰ ਖੀਰੀ ਦੇ ਮੁੱਖ ਨਿਆਂਇਕ ਮੈਜਿਸਟਰੇਟ ਨੂੰ ਲਿਖੇ ਪੱਤਰ ਵਿੱਚ ਕਿਹਾ, ''ਹੁਣ ਤੱਕ ਕੀਤੀ ਗਈ ਜਾਂਚ ਅਤੇ ਹਾਸਲ ਸਬੂਤਾਂ ਨਾਲ ਇਹ ਪੁਖਤਾ ਹੋਇਆ ਹੈ ਕਿ ਮੁਲਜ਼ਮ ਦੁਆਰਾ ਉਕਤ ਅਪਰਾਧਿਕ ਕਾਰਜ ਨੂੰ ਲਾਪਰਵਾਹੀ ਅਤੇ ਅਣਗਹਿਲੀ ਨਾਲ ਨਹੀਂ ਸਗੋਂ ਜਾਣਬੁੱਝ ਕੇ ਪਹਿਲਾਂ ਤੋਂ ਤੈਅ ਯੋਜਨਾ ਦੇ ਅਨੁਸਾਰ ਜਾਨ ਤੋਂ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹੈ, ਜਿਸ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋਏ।''
ਐੱਸਆਈਟੀ ਨੇ ਇਸ ਮਾਮਲੇ ਵਿੱਚ ਆਸ਼ੀਸ਼ ਮਿਸ਼ਰ ਸਮੇਤ ਸਾਰੇ ਮੁਲਜ਼ਮਾਂ 'ਤੇ ਆਈਪੀਸੀ ਤਹਿਤ ਨਵੀਆਂ ਅਤੇ ਗੰਭੀਰ ਧਾਰਾਵਾਂ ਲਗਾਉਣ ਦਾ ਸੁਝਾਅ ਦਿੱਤਾ ਹੈ।
ਇਹ ਵੀ ਪੜ੍ਹੋ:
ਇਨ੍ਹਾਂ ਧਾਰਾਵਾਂ ਵਿੱਚ "ਲਾਪਰਵਾਹੀ ਨਾਲ ਗੱਡੀ ਚਲਾਉਣ ਕਰਕੇ ਨੁਕਸਾਨ ਪਹੁੰਚਾਉਣਾ, ਧਾਰਾ 307 (ਇਰਾਦੇ ਨਾਲ ਕਤਲ ਦਾ ਮਾਮਲਾ), ਧਾਰਾ 326 (ਹੱਤਿਆ ਦੇ ਇਰਾਦੇ ਨਾਲ ਹਥਿਆਰ ਜਾਂ ਉਪਕਰਣ ਦੁਆਰਾ ਸੱਟ ਪਹੁੰਚਾਉਣਾ) ਅਤੇ ਅਸਲਾ ਐਕਟ" ਵਰਗੀਆਂ ਧਾਰਾਵਾਂ ਸ਼ਾਮਲ ਹਨ।
ਆਸ਼ੀਸ਼ ਮਿਸ਼ਰ ਦੇ ਖਿਲਾਫ ਹੱਤਿਆ ਦਾ ਮਾਮਲਾ
ਆਸ਼ੀਸ਼ ਉਰਫ਼ ਮੋਨੂੰ ਮਿਸ਼ਰ ਦੇ ਖਿਲਾਫ ਪਹਿਲਾਂ ਤੋਂ ਹੀ ਇੱਕ ਕਤਲ ਦਾ ਮਾਮਲਾ ਦਰਜ ਹੈ, ਪਰ ਐੱਸਆਈਟੀ ਦੀਆਂ ਇਨ੍ਹਾਂ ਨਵੀਆਂ ਸਿਫਾਰਸ਼ਾਂ ਤੋਂ ਸਾਫ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਯੋਜਨਾਬੱਧ ਢੰਗ ਨਾਲ ਕਤਲ ਕਰਨ ਦਾ ਮਾਮਲਾ ਬਣਨ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਪੂਰੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਜਾਂਚ ਵਿੱਚ ਤੇਜ਼ੀ ਆਈ ਹੈ।
ਅਦਾਲਤ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦਾ ਵਿਸਥਾਰ ਕਰਕੇ ਇਸ ਵਿੱਚ ਤਿੰਨ ਹੋਰ ਸੀਨੀਅਰ ਆਈਪੀਐੱਸ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਸੀ।

ਇਸ ਮਾਮਲੇ ਦੀ ਨਿਆਂਇਕ ਜਾਂਚ ਉੱਤਰ ਪ੍ਰਦੇਸ਼ ਦੀ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਿੱਚ ਇੱਕ ਮੈਂਬਰੀ ਕਮਿਸ਼ਨ ਦਾ ਵੀ ਗਠਨ ਕੀਤਾ ਹੋਇਆ ਹੈ, ਜੋ ਆਪਣੀ ਅਲੱਗ ਤੋਂ ਜਾਂਚ ਕਰ ਰਿਹਾ ਹੈ।
ਪੁੱਤਰ ਨੂੰ ਮਿਲਣ ਜੇਲ੍ਹ ਪਹੁੰਚੇ ਕੇਂਦਰੀ ਮੰਤਰੀ
ਮੰਗਲਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੇਨੀ ਆਪਣੇ ਪੁੱਤਰ ਆਸ਼ੀਸ਼ ਮਿਸ਼ਰ ਨਾਲ ਮਿਲਣ ਲਈ ਲਖੀਮਪੁਰ ਖੀਰੀ ਜ਼ਿਲ੍ਹਾ ਜੇਲ ਵੀ ਪਹੁੰਚੇ।
ਜੇਲ੍ਹ ਤੋਂ ਨਿਕਲਣ ਸਮੇਂ ਉਨ੍ਹਾਂ ਮੀਡੀਆ ਨੂੰ ਸਿਰਫ ਇੰਨਾ ਕਿਹਾ, ''ਮੈਂ ਆਪਣੇ ਪੁੱਤਰ ਨਾਲ ਮਿਲਣ ਗਿਆ ਸੀ।''
ਅਦਾਲਤ ਵਿੱਚ ਸਰਕਾਰ ਦਾ ਪੱਖ ਰੱਖਣ ਵਾਲੇ ਐਡੀਸ਼ਨਲ ਪ੍ਰੋਸੇਕਿਊਟਿੰਗ ਅਫਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਐੱਸਆਈਟੀ ਦੀ ਅਰਜ਼ੀ 'ਤੇ ਸੁਣਵਾਈ ਕੀਤੀ ਜਾਵੇਗੀ।
ਇਸ ਤੋਂ ਬਾਅਦ ਅਦਾਲਤ ਸਬੂਤਾਂ ਦੇ ਆਧਾਰ 'ਤੇ ਨਵੀਆਂ ਧਾਰਾਵਾਂ ਨੂੰ ਜੋੜਨ ਬਾਰੇ ਫੈਸਲਾ ਲਵੇਗੀ।
ਸਰਕਾਰੀ ਵਕੀਲ ਐੱਸਪੀ ਯਾਦਵ ਦਾ ਕਹਿਣਾ ਹੈ ਕਿ ''ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਆਬਜ਼ਰਵਰ ਦੀ ਅਰਜ਼ੀ 'ਤੇ ਸੁਣਵਾਈ ਹੋਵੇਗੀ ਤੇ ਨਵੀਆਂ ਧਾਰਾਵਾਂ 'ਤੇ ਰਿਮਾਂਡ ਸਵੀਕਾਰ ਕਰਨ ਬਾਰੇ ਗੱਲ ਰੱਖੀ ਜਾਵੇਗੀ। ਉਨ੍ਹਾਂ ਸਾਹਮਣੇ ਜਾਂਚ ਨਾਲ ਜੁੜੇ ਪੇਪਰ ਅਤੇ ਸੀਡੀ ਰੱਖੀ ਜਾਵੇਗੀ।''
ਨਿਯਮਾਂ ਅਨੁਸਾਰ, ਘਟਨਾ ਤੋਂ 90 ਦਿਨਾਂ ਦੇ ਅੰਦਰ ਪ੍ਰੋਸੀਕਿਊਟਰਜ਼ ਨੇ ਮਾਮਲੇ ਦੀ ਚਾਰਜਸ਼ੀਟ ਦਾਖਲ ਕਰਨੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਅਦਾਲਤ 'ਚ ਟ੍ਰਾਇਲ ਸ਼ੁਰੂ ਹੁੰਦਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਹ ਚਾਰਜਸ਼ੀਟ ਜਨਵਰੀ ਮਹੀਨੇ ਵਿੱਚ ਦਾਖ਼ਲ ਹੋ ਜਾਵੇਗੀ।
ਵਿਰੋਧੀ ਧਿਰ ਦਾ ਭਾਜਪਾ 'ਤੇ ਹਮਲਾ
ਇਹ ਖ਼ਬਰ ਆਉਣ ਤੋਂ ਬਾਅਦ ਤੋਂ ਹੀ ਵਿਰੋਧੀ ਧਿਰਾਂ ਨੇ ਭਾਜਪਾ ਅਤੇ ਉਸਦੀ ਕੇਂਦਰੀ ਅਗਵਾਈ ਨੂੰ ਨਿਸ਼ਾਨੇ 'ਤੇ ਲਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦੇ ਹੋਏ ਸਵਾਲ ਪੁੱਛਿਆ ਹੈ ਕਿ ''ਅਦਾਲਤ ਦੀ ਫਟਕਾਰ ਤੇ ਸੱਤਿਆਗ੍ਰਹਿ ਦੇ ਚੱਲਦਿਆਂ ਹੁਣ ਪੁਲਿਸ ਦਾ ਵੀ ਕਹਿਣਾ ਹੈ ਕਿ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਸਾਜ਼ਿਸ਼ ਕਰਕੇ ਕਿਸਾਨਾਂ ਨੂੰ ਕੁਚਲਿਆ ਸੀ।''
ਆਪਣੇ ਟਵੀਟ ਵਿੱਚ ਉਨ੍ਹਾਂ ਅੱਗੇ ਲਿਖਿਆ, ''ਜਾਂਚ ਹੋਣੀ ਚਾਹੀਦੀ ਹੈ ਕਿ ਇਸ ਸਾਜ਼ਿਸ਼ ਵਿੱਚ ਗ੍ਰਹਿ ਮੰਤਰੀ ਦੀ ਕੀ ਭੂਮਿਕਾ ਸੀ? ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਕਿਸਾਨ ਵਿਰੋਧੀ ਮਾਨਸਿਕਤਾ ਦੇ ਚੱਲਦਿਆਂ ਤੁਸੀਂ ਤਾ ਉਨ੍ਹਾਂ ਨੂੰ ਅਹੁਦੇ ਤੋਂ ਵੀ ਨਹੀਂ ਹਟਾਇਆ ਹੈ।''
ਇਸੇ ਤਰ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਰਦਿਆਂ ਟਵਿੱਟਰ 'ਤੇ ਲਿਖਿਆ ਹੈ, ''ਮੋਦੀ ਜੀ, ਫਿਰ ਤੋਂ ਮਾਫੀ ਮੰਗਣ ਦਾ ਸਮਾਂ ਆ ਗਿਆ ਹੈ...ਪਰ ਪਹਿਲਾਂ ਮੁਲਜ਼ਮ ਦੇ ਪਿਤਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਓ। ਸੱਚ ਸਾਹਮਣੇ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ, ''ਲਖੀਮਪੁਰ 'ਚ ਕੌਣ ਨਹੀਂ ਜਾਣਦਾ ਕਿ ਕਿਸਾਨਾਂ ਨੂੰ ਕੁਚਲ ਦਿੱਤਾ ਗਿਆ ਅਤੇ ਜੋ ਕੁਚਲਣ ਵਾਲੀ ਜੀਪ ਸੀ, ਜੀਪ ਨੂੰ ਚਲਾਉਣ ਵਾਲੇ ਲੋਕ ਅਤੇ ਨਾਲ ਬੈਠੇ ਲੋਕ ਬੀਜੇਪੀ ਵਰਕਰ ਸਨ ਜਾਂ ਨਹੀਂ। ਕੀ ਲਖੀਮਪੁਰ ਦੀ ਘਟਨਾ ਕਿਸਾਨ ਭੁੱਲ ਜਾਣਗੇ।''
ਇਸ ਮਾਮਲੇ ਵਿੱਚ ਹੁਣ ਤੱਕ ਕੀ ਹੋਇਆ
ਲੰਘੀ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨਿਆ ਕਸਬੇ ਵਿੱਚ ਸੂਬੇ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਬੀਜੇਪੀ ਸਾਂਸਦ ਅਤੇ ਕੇਂਦਰੀ ਮੰਤਰੀ ਅਜੈ ਮਿਸ਼ਰ ਨਾਲ ਸਬੰਧਤ ਲੋਕਾਂ ਨੇ ਗੱਡੀਆਂ ਚੜ੍ਹਾ ਦਿੱਤੀਆਂ ਸਨ।
ਇਸ ਘਟਨਾ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਕਾਰਾਂ ਨਾਲ ਕੁਚਲਣ ਕਰਕੇ ਮੌਤ ਹੋ ਗਈ ਸੀ। ਜਦਕਿ ਮੌਕੇ 'ਤੇ ਮੌਜੂਦ ਭੀੜ ਨੇ ਕਾਰਾਂ ਵਿੱਚ ਸਵਾਰ ਤਿੰਨ ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਹਿੰਸਾ ਵਿੱਚ ਕੁੱਲ ਅੱਠ ਲੋਕ ਮਾਰੇ ਗਏ ਸਨ।

ਤਸਵੀਰ ਸਰੋਤ, Ani
ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਲਖੀਮਪੁਰ ਖੀਰੀ ਪਹੁੰਚ ਕੇ ਪੀੜਿਤ ਪਰਿਵਾਰਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਯੂਪੀ ਸਰਕਾਰ ਨੇ ਸਾਰੇ ਆਗੂਆਂ ਨੂੰ ਉੱਥੇ ਪਹੁੰਚਣ ਤੋਂ ਰੋਕ ਦਿੱਤਾ ਸੀ।
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਸੀਤਾਪੁਰਾ ਗੈਸਟ ਹਾਊਸ 'ਚ ਰੋਕ ਕੇ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਅਖਿਲੇਸ਼ ਯਾਦਵ ਸਮੇਤ ਹੋਰ ਆਗੂਆਂ ਨੂੰ ਵੀ ਉੱਥੇ ਪਹੁੰਚਣ ਤੋਂ ਰੋਕਿਆ ਗਿਆ ਸੀ।
ਇਸ ਤੋਂ ਮਗਰੋਂ ਕਿਸਾਨ ਸੰਗਠਨ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੇਨੀ ਨੂੰ ਅਹੁਦੇ ਤੋਂ ਹਟਾਏ ਜਾਣ ਅਤੇ ਉਨ੍ਹਾਂ ਦੇ ਪੁੱਤਰ ਖਿਲਾਫ਼ ਗੰਭੀਰ ਮਾਮਲਾ ਚਲਾਏ ਜਾਣ ਦੀ ਮੰਗ ਕਰ ਰਹੇ ਹਨ।
ਸੁਪਰੀਮ ਕਰੋਟ ਨੇ ਇਸ ਮਾਮਲੇ ਵਿੱਚ ਆਪ ਦਖਲ ਦੇਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਕੀਤੀ ਸੀ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰਮੱਨਾ ਦੀ ਅਗਵਾਈ ਵਾਲੇ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮਾਮਲੇ 'ਚ ਕੀਤੀ ਜਾ ਰਹੀ ਅਦਾਲਤੀ ਜਾਂਚ ਦਾ ਵੇਰਵਾ ਵੀ ਦੇਣ ਲਈ ਕਿਹਾ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














