ਲਖੀਮਪੁਰ ਖੀਰੀ ਦੇ ਹਵਾਲੇ ਨਾਲ ਜਾਣੋ ਯੂਪੀ ਦੇ ਤਰਾਈ ਖਿੱਤੇ ਵਸੇ ਸਿੱਖਾਂ ਬਾਰੇ

- ਲੇਖਕ, ਖੁਸ਼ਹਾਲ ਲਾਲੀ/ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਪੈਂਦੇ ਤਿਕੂਨੀਆਂ ਪਿੰਡ ਨੇੜੇ 4 ਕਿਸਾਨਾਂ ਨੂੰ ਗੱਡੀਆਂ ਨਾਲ ਕੁਚਲ ਨੇ ਮਾਰਨ ਦੀ ਘਟਨਾ ਨੇ ਸੂਬੇ ਦੇ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।
ਇਸ ਵਾਰਦਾਤ ਦੌਰਾਨ ਮਰਨ ਵਾਲੇ ਕਿਸਾਨ ਲਵਪ੍ਰੀਤ ਸਿੰਘ, ਦਿਲਜੀਤ ਸਿੰਘ, ਨਛੱਤਰ ਸਿੰਘ ਅਤੇ ਗੁਰਵਿੰਦਰ ਸਿੰਘ ਸਾਰੇ ਹੀ ਸਿੱਖ ਭਾਈਚਾਰੇ ਨਾਲ ਸਬੰਧਤ ਸਨ।
ਇਸ ਘਟਨਾ ਤੋਂ ਬਾਅਦ ਜਿਸ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਮੋਨੂੰ ਮਿਸ਼ਰਾ ਅਤੇ ਉਸ ਦੇ ਸਾਥੀਆਂ ਉੱਤੇ ਕਿਸਾਨਾਂ ਨੂੰ ਗੱਡੀ ਥੱਲੇ ਕੁਚਲ ਕੇ ਮਾਰਨ ਦੀ ਐੱਫ਼ਆਈਆਰ ਦਰਜ ਹੋਈ ਹੈ।
ਉਹੀ ਮੰਤਰੀ ਅਜੇ ਮਿਸ਼ਰਾ, ਸਿੱਖਾਂ ਦੀ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਨੂੰ ਖਾਲਿਸਤਾਨੀ ਸੰਗਠਨਾਂ ਨਾਲ ਜੋੜ ਰਹੇ ਹਨ।
ਇਸ ਨਾਲ ਸੋਸ਼ਲ ਮੀਡੀਆ ਉੱਤੇ ਇੱਕ ਹਿੱਸੇ ਵਲੋਂ ਇਹ ਵੀ ਚਰਚਾ ਛੇੜੀ ਜਾ ਰਹੀ ਹੈ ਕਿ ਇਹ ਸਿੱਖ ਖਾਲਿਸਤਾਨੀ ਲਹਿਰ ਦੀ ਚੜ੍ਹਤ ਵੇਲੇ ਯੂਪੀ ਵਿੱਚ ਆ ਕੇ ਵਸ ਗਏ ਸਨ। ਅਜਿਹੇ ਦੋਸ਼ਾਂ ਨਾਲ ਯੂਪੀ ਦੇ ਸਿੱਖ ਭਾਈਚਾਰੇ ਉੱਤੇ ਕਈ ਕਿਸਮ ਦੀ ਇਲਜ਼ਾਮ ਤਰਾਸ਼ੀ ਹੋ ਰਹੀ ਹੈ।
ਇਸ ਰਿਪੋਰਟ ਰਾਹੀ ਅਸੀਂ ਯੂਪੀ ਦੇ ਤਰਾਈ ਖੇਤਰ ਦੇ ਸਿੱਖਾਂ ਦਾ ਹਾਲ ਤੇ ਪ੍ਰਭਾਵ ਜਾਣਨ ਦੀ ਕੋਸਿਸ਼ ਕੀਤੀ ਹੈ।

ਤਸਵੀਰ ਸਰੋਤ, Prashant/BBC
ਯੂਪੀ ਵਿਚ ਸਿੱਖਾਂ ਦੀ ਆਮਦ
ਮਹਿੰਦਰ ਸਿੰਘ ਲਖੀਮਪੁਰ ਖੀਰੀ ਦੇ ਨੇਪਾਲ ਬਾਰਡਰ ਨਾਲ ਲੱਗਦੇ ਪਿੰਡ ਪਸ਼ਤੌਰ ਵਿੱਚ ਰਹਿੰਦੇ ਹਨ।
50 ਸਾਲਾ ਮਹਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਰੀਬ 60 ਸਾਲ ਪਹਿਲਾਂ ਪੰਜਾਬ ਤੋਂ ਇੱਥੇ ਆਇਆ ਸੀ।
ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਮਾਹਲਾ ਗਹਿਲਾਂ ਨਾਲ ਹੈ।
ਮਹਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਸੋਹਣ ਸਿੰਘ ਆਪਣੇ ਬਜ਼ੁਰਗਾਂ ਨਾਲ ਇਸ ਇਲਾਕੇ ਵਿੱਚ ਆਏ ਸਨ।
ਉਨ੍ਹਾਂ ਨੂੰ ਉਦੋਂ ਪੰਜਾਬ ਵਿੱਚ ਪਤਾ ਲੱਗਿਆ ਸੀ ਕਿ ਇੱਥੇ ਬੇ-ਅਬਾਦ ਤੇ ਬੰਜ਼ਰ ਵਾਲੀ ਜ਼ਮੀਨ ਬਹੁਤ ਹੀ ਸਸਤੀਆਂ ਕੀਮਤਾ ਉੱਤੇ ਮਿਲਦੀ ਸੀ।
ਉਨ੍ਹਾਂ ਨੇ ਇੱਥੇ ਆਕੇ ਕਰੀਬ 10 ਏਕੜ ਜ਼ਮੀਨ ਖ਼ਰੀਦੀ ਅਤੇ ਇੱਥੇ ਹੀ ਵਸ ਗਏ।
ਮਹਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਵੱਡੇ ਭਰਾ ਯੂਪੀ ਰੋਡਵੇਜ਼ ਵਿੱਚ ਇੰਸਪੈਕਟਰ ਹਨ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਹਨ, ਜੋ ਯੂਪੀ ਵਿੱਚ ਹੀ ਵਿਆਹੀਆਂ ਹੋਈਆਂ ਹਨ।
ਉਹ ਦੱਸਦੇ ਹਨ ਕਿ ਸਾਡੀਆਂ ਪੰਜਾਬ ਵਿੱਚ ਵੀ ਰਿਸ਼ਤੇਦਾਰੀਆਂ ਹਨ, ਹੁਣ ਜ਼ਿਆਦਾਤਰ ਸਾਕ ਸਬੰਧੀ ਇੱਥੇ ਹੀ ਬਣ ਗਏ ਹਨ।
ਮਹਿੰਦਰ ਸਿੰਘ ਵਾਂਗ ਹੀ ਪੀਲੀਭੀਤ ਇਲਾਕੇ ਵਿੱਚ ਰਹਿਣ ਵਾਲੇ ਸੁਰਜੀਤ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੇ ਦਾਦਾ ਬੰਤਾ ਸਿੰਘ 1948 ਵਿੱਚ ਇੱਥੇ ਆਏ ਸਨ।
ਸੁਰਜੀਤ ਸਿੰਘ ਦਾ ਪਿਛੋਕੜ ਵੀ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਨੌਰਾ ਦਾ ਹੈ।

ਸੁਰਜੀਤ ਸਿੰਘ ਕਹਿੰਦੇ ਹਨ, ''ਮੇਰੇ ਪਿਤਾ ਦਾ ਨਾਮ ਭਜਨ ਸਿੰਘ ਸੀ, ਉਹ ਦੱਸਦੇ ਸਨ ਕਿ 1948 ਵਿੱਚ ਮੁਲਕ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਤਰਾਈ ਖੇਤਰ ਵਿੱਚ ਜ਼ਮੀਨਾਂ ਅਲਾਟ ਹੋਈਆਂ।''
''ਸਾਡੇ ਪੰਜਾਬ ਵਿਚਲੇ ਗੁਆਂਢੀ ਪਿੰਡ ਬਲਾਚੌਰ ਦੇ ਕੁਝ ਦੋਸਤਾਂ ਨਾਲ ਮਿਲਕੇ ਬੰਤਾ ਸਿੰਘ ਵੀ ਸਸਤੀ ਜ਼ਮੀਨ ਲੈਣ ਲਈ ਯੂਪੀ ਵਿੱਚ ਆਏ ਸਨ।''
ਇਸ ਵੇਲੇ ਉਹ ਪੀਲੀਭੀਤ ਦੇ ਬੜਾਪੁਰਾ ਡਾਕਘਰ ਤਹਿਤ ਆਉਂਦੇ ਪਿੰਡ ਦਾਬਕਾ ਵਿੱਚ ਰਹਿੰਦੇ ਹਨ।
ਸੁਰਜੀਤ ਸਿੰਘ ਨੇ ਅੱਗੇ ਦੱਸਿਆ, ''ਇੱਥੇ ਉਦੋਂ ਜ਼ਮੀਦਾਰੀ ਸਿਸਟਮ ਹੁੰਦਾ ਸੀ, ਉਨ੍ਹਾਂ ਕੋਲ ਸੈਂਕੜੇ ਏਕੜ ਜ਼ਮੀਨਾਂ ਹੁੰਦੀਆਂ ਸਨ, ਜੋ ਬੇਅਬਾਦ ਹੁੰਦੀਆਂ ਹਨ, ਇਸ ਲਈ ਉਦੋਂ 15-20 ਰੁਪਏ ਏਕੜ ਜ਼ਮੀਨ ਮਿਲ ਜਾਂਦੀ ਸੀ।''
ਇਨ੍ਹਾਂ ਜ਼ਮੀਨਾਂ ਨੂੰ ਪੂਰੇ ਤਰਾਈ ਖਿੱਤੇ ਵਿੱਚ ਪੰਜਾਬ ਤੋਂ ਆਏ ਪੰਜਾਬੀ ਕਿਸਾਨਾਂ ਨੇ ਖੂਨ ਪਸੀਨੇ ਨਾਲ ਅਬਾਦ ਕੀਤਾ ਹੈ।

ਤਸਵੀਰ ਸਰੋਤ, ANI
ਯੁਪੀ ਵਿੱਚ 3 ਤਰ੍ਹਾਂ ਦੀ ਸਿੱਖ ਅਬਾਦੀ
ਸੁਰਜੀਤ ਸਿੰਘ ਮੁਤਾਬਕ ਯੂਪੀ ਵਿੱਚ ਤਿੰਨ ਤਰ੍ਹਾਂ ਦੀ ਸਿੱਖ ਅਬਾਦੀ ਹੈ। ਪਹਿਲੇ ਉਹ ਲੋਕ ਹਨ, ਜੋ 1947 ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਅਤੇ ਉਨ੍ਹਾਂ ਨੂੰ ਇਸ ਜੰਗਲੀ ਤੇ ਬੇਅਬਾਦ ਇਲਾਕੇ ਵਿੱਚ ਵਸਾਇਆ ਗਿਆ।
ਮਹਿੰਦਰ ਸਿੰਘ ਦੱਸਦੇ ਹਨ ਕਿ ਦੂਜੇ ਉਹ ਲੋਕ ਸਨ ਜਿਹੜੇ ਇਨ੍ਹਾਂ ਦੇ ਸੰਪਰਕ ਵਾਲੇ ਸਨ, ਉਨ੍ਹਾਂ ਨੂੰ ਸਸਤੀਆਂ ਜ਼ਮੀਨਾਂ ਨੇ ਇੱਥੇ ਆਉਣ ਲਈ ਪ੍ਰੇਰਿਤ ਕੀਤਾ।
ਉਹ ਦੱਸਦੇ ਹਨ ਕਿ ਜਦੋਂ ਅਸੀਂ ਇੱਥੇ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਦੇਖਦੇ ਹਾਂ ਕਿ 1960-1970 ਵਿਆਂ ਦੌਰਾਨ ਪੰਜਾਬ ਤੋਂ ਯੂਪੀ ਆਉਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਵੱਡੀ ਹੈ।
ਜਸਬੀਰ ਸਿੰਘ ਵਿਰਕ ਉੱਤਰ ਪ੍ਰਦੇਸ਼ ਦੇ ਸਿੱਖਾਂ ਦੀ ਜਥੇਬੰਦੀ ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਹਨ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਫੋਨ ਉੱਤੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਿੱਖ ਮੁੱਖ ਤੌਰ 'ਤੇ ਪੰਜ ਜ਼ਿਲ੍ਹਿਆਂ ਲਖੀਮਪੁਰ, ਪੀਲੀਭੀਤ, ਸ਼ਾਹਜਹਾਂਪੁਰ, ਬਿਜਨੌਰ ਅਤੇ ਰਾਮਪੁਰ ਵਿੱਚ ਵਸੇ ਹੋਏ ਹਨ। ਉੱਤਰਾਖੰਡ ਦਾ ਉੱਧਮ ਸਿੰਘ ਨਗਰ ਜ਼ਿਲ੍ਹਾ ਸੂਬੇ ਦੀ ਸਿੱਖ ਅਬਾਦੀ ਦਾ ਗੜ੍ਹ ਸਮਝਿਆ ਜਾਂਦਾ ਹੈ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਕਾਨਪੁਰ, ਵਾਰਾਣਸੀ, ਆਗਰਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਵੀ ਸਿੱਖਾਂ ਦੀ ਅਬਾਦੀ ਹੈ।
ਇਨ੍ਹਾਂ ਵਿੱਚ ਕਈ ਲੋਕ ਉਹ ਹਨ, ਜਿੰਨ੍ਹਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ। ਇਹ ਸਿੱਖ ਗੁਰੂ ਸਾਹਿਬਾਨ ਦੀਆਂ ਇਸ ਖਿੱਤੇ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਦੇ ਪ੍ਰਭਾਵ ਨਾਲ ਸਿੱਖ ਬਣੇ ਹਨ।
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਵਿੱਚ ਇਤਿਹਾਸਕ ਗੁਰਦੁਆਰਿਆਂ ਦੀ ਹੋਂਦ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਇਸ ਖਿੱਤੇ ਦੇ ਵੱਡੀ ਗਿਣਤੀ ਸਿੱਖ ਉਨ੍ਹਾਂ ਲੋਕਾਂ ਦੇ ਵਾਰਿਸ ਹਨ, ਜਿੰਨ੍ਹਾਂ ਗੁਰੂ ਸਾਹਿਬਾਨ ਤੋਂ ਪ੍ਰੇਰਿਤ ਹੋਕੇ ਸਿੱਖੀ ਅਪਣਾਈ ਸੀ।
ਇਹ ਵੀ ਪੜ੍ਹੋ-
ਯੁਪੀ ਤੇ ਉੱਤਰਾਖੰਡ ਵਿੱਚ ਸਿੱਖ ਅਬਾਦੀ
2011 ਦੀ ਜਨਗਣਨਾ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਸਿੱਖਾਂ ਦੀ ਕੁੱਲ ਅਬਾਦੀ 6,43,500 ਸੀ, ਜਦਕਿ ਉੱਤਰਾਖੰਡ ਵਿੱਚ 2,36,340 ਸੀ।
ਜੋ ਉੱਤਰ ਪ੍ਰਦੇਸ਼ ਦੀ ਕੁੱਲ ਅਬਾਦੀ ਦਾ 0.32 ਫ਼ੀਸਦ ਅਤੇ ਉੱਤਰਾਖੰਡ ਵਿੱਚ 2.34 ਫ਼ੀਸਦ ਬਣਦਾ ਹੈ।
ਮਹਿੰਦਰ ਸਿੰਘ ਕਹਿੰਦੇ ਹਨ ਕਿ ਜ਼ਿਆਦਾ ਵੱਡੀ ਅਬਾਦੀ ਪਿੰਡਾਂ ਵਿੱਚ ਹੈ ਅਤੇ ਮੁੱਖ ਤੌਰ ਉੱਤੇ ਖੇਤੀ ਦਾ ਕਾਰੋਬਾਰ ਕਰਦੀ ਹੈ।
ਪੰਜਾਬ ਤੇ ਹਰਿਆਣਾ ਵਾਂਗ ਕਣਕ ਅਤੇ ਝੋਨਾ ਹੀ ਇਨ੍ਹਾਂ ਦੀਆਂ ਮੁੱਖ ਫ਼ਸਲਾਂ ਹਨ।
ਖੇਤੀ ਤੋਂ ਬਾਅਦ ਟਰਾਂਸਪੋਰਟ ਸਭ ਤੋ ਵੱਡਾ ਕਾਰੋਬਾਰ ਕਿਹਾ ਜਾ ਸਕਦਾ ਹੈ।
ਸਿੱਖ ਭਾਈਚਾਰੇ ਦਾ ਗੜ੍ਹ ਲਖੀਮਪੁਰ ਖੀਰੀ
ਜਸਬੀਰ ਸਿੰਘ ਵਿਰਕ ਦੱਸਦੇ ਹਨ, "ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਦਾ ਉਹ ਇਲਾਕਾ ਹੈ, ਜਿੱਥੇ ਸਿੱਖਾਂ ਦਾ ਕਾਫ਼ੀ ਪ੍ਰਭਾਵ ਹੈ।"
ਲਖੀਮਪੁਰ ਖੀਰੀ ਤਰਾਈ ਖੇਤਰ ਦਾ ਨੇਪਾਲ ਨਾਲ ਲੱਗਣ ਵਾਲਾ ਜ਼ਿਲ੍ਹਾ ਹੈ। ਇਹ ਲਖਨਊ ਪ੍ਰਸਾਸ਼ਨ ਅਧੀਨ ਆਉਂਦਾ ਹੈ ਅਤੇ ਲਖਨਊ ਸ਼ਹਿਰ ਤੋਂ ਕਰੀਬ 130 ਕਿਲੋਂ ਮੀਟਰ ਦੂਰੀ ਉੱਤੇ ਹੈ।
ਦਿ ਇੰਡਅਨ ਐਕਸਪ੍ਰੈਸ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ ਜ਼ਿਲ੍ਹਾ ਘਰੇਲੂ ਉਤਪਾਦ ਡਾਟੇ ਦੇ ਮੁਤਾਬਕ ਜ਼ਿਲ੍ਹੇ ਦਾ ਹਿੱਸਾ 12,414.40 ਕਰੋੜ ਰੁਪਏ ਹੈ, ਜੋ ਸੂਬੇ ਦੇ ਕੁੱਲ ਖੇਤੀ, ਜੰਗਲਾਤ ਅਤੇ ਮੱਛੀ ਪਾਲਣ ਵਿਕਾਸ ਦਰ ਦਾ 3.38 ਫ਼ੀਸਦ ਬਣਦਾ ਹੈ।
ਇਸ ਅੰਕੜਾ ਉੱਤਰ ਪ੍ਰਦੇਸ਼ ਡਾਇਰੈਕਟੋਰੇਟ ਆਫ ਇਕਨਾਮਿਕਸ ਐਂਡ ਸਟੈਟਿਕਸ ਦੀ ਸਾਲ 2019-20 ਦੀ ਰਿਪੋਰਟ ਉੱਤੇ ਅਧਾਰਿਤ ਹੈ।
ਜਸਬੀਰ ਵਿਰਕ ਕਹਿੰਦੇ ਹਨ, "ਸਿੱਖ ਤਰਾਈ ਦੇ ਇਲਾਕੇ ਵਿੱਚ ਹੁਣ ਆਪਣੇ ਕੰਮ ਵਿੱਚ ਚੰਗੀ ਤਰ੍ਹਾਂ ਵਸੇ ਹੋਏ ਹਨ, ਭਾਵੇਂ ਉਹ ਕਾਰੋਬਾਰ ਹੋਵੇ ਜਾਂ ਖੇਤੀਬਾੜੀ।"
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨ ਅੰਦੋਲਨ ਜ਼ਿਆਦਾ ਪ੍ਰਭਾਵ ਨਹੀਂ ਪਾ ਰਿਹਾ ਹੈ।

ਲਖੀਮਪੁਰ ਪਿਛਲੇ ਸਮੇਂ ਦੌਰਾਨ ਸੁਰਖ਼ੀਆਂ ਵਿੱਚ ਉਦੋਂ ਆਇਆ ਸੀ ਜਦੋਂ ਚਾਰ ਜ਼ਿਲ੍ਹਿਆਂ ਵਿੱਚ ਤਕਰੀਬਨ 1,000 ਸਿੱਖ ਕਿਸਾਨਾਂ ਦੇ ਉਜਾੜੇ ਦੀਆਂ ਖ਼ਬਰਾਂ ਆਈਆਂ ਸਨ।
ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਇਹ ਬਿਆਨ ਜਾਰੀ ਕੀਤਾ ਸੀ, "ਯੂਪੀ ਦੇ ਤਰਾਈ ਖੇਤਰ ਵਿੱਚ 70 ਸਾਲਾਂ ਤੋਂ ਰਹਿ ਰਹੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਯੋਗੀ ਸਰਕਾਰ ਵੱਲੋਂ ਬੇਦਖ਼ਲ ਕੀਤਾ ਜਾ ਰਿਹਾ ਹੈ।"
"ਇਹ ਉਸੇ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਵੇਂ ਭਾਜਪਾ ਸਰਕਾਰ ਨੇ ਗੁਜਰਾਤ ਦੇ ਕੱਛ ਖੇਤਰ ਤੋਂ ਪੰਜਾਬੀ ਕਿਸਾਨਾਂ ਨੂੰ ਉਜਾੜਿਆ ਸੀ।"
25 ਸਤੰਬਰ, 2021 ਦੇ ਸਮਾਗਮ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਵੀ ਸ਼ਾਇਦ ਇਸੇ ਹਵਾਲੇ ਨਾਲ ਕਿਸਾਨਾਂ ਨੂੰ ਧਮਕਾਉਂਦੇ ਦਿਖ ਰਹੇ ਹਨ, ਕਿ ਜੇ ਉਸ ਦਾ ਵਿਰੋਧ ਕਰੋਗੇ ਤਾਂ ਲਖੀਮਪੁਰ ਖ਼ੀਰੀ ਤੋਂ ਬਾਹਰ ਜਾਣਾ ਪਵੇਗਾ।
ਸਿਆਸਤ ਪੱਖੋਂ ਕਿੰਨੇ ਅਸਰਦਾਰ
ਜਸਵੀਰ ਸਿੰਘ ਵਿਰਕ ਕਹਿੰਦੇ ਹਨ ਕਿ 10 ਮਹੀਨੇ ਦੇ ਸੰਘਰਸ਼ ਦੇ ਬਾਵਜੂਦ ਸਰਕਾਰ ਕਿਸਾਨ ਅੰਦੋਲਨ ਦਾ ਬਹੁਤਾ ਅਸਰ ਨਹੀਂ ਮੰਨ ਰਹੀ ਹੈ।
ਪਰ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦੁਖੀ ਜ਼ਰੂਰ ਹਨ ਅਤੇ ਆਪਣੀ ਵਿੱਥ ਮੁਤਾਬਕ ਸੰਘਰਸ਼ ਕਰ ਵੀ ਰਹੇ ਹਨ।
ਵਿਰਕ ਕਹਿੰਦੇ ਹਨ, '' ਇਸ ਇਲਾਕੇ ਵਿੱਚ ਦੋ ਤਿੰਨ ਸੜਕਾਂ ਬੰਦ ਹਨ ਅਤੇ ਇਹ ਉਹ ਕਿਸਾਨ ਹਨ, ਜੋ ਆਪਣਾ ਡੀਜ਼ਲ ਅਤੇ ਪੈਸਾ ਸਾੜ ਰਹੇ ਹਨ, ਸਰਕਾਰ ਨੂੰ ਹੁਣ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਨਹੀਂ ਦਿਖ ਰਿਹਾ, ਸੂਬਾ ਸਰਕਾਰ ਕਿਸਾਨ ਅੰਦੋਲਨ ਤੋਂ ਬਹੁਤੀ ਪ੍ਰਭਾਵਿਤ ਨਹੀਂ ਜਾਪਦੀ।"
ਉਨ੍ਹਾਂ ਕਿਹਾ ਕਿ ਪੰਜਾਬ ਦੇ ਉਲਟ, ਇੱਥੇ ਸਿੱਖਾਂ ਦੀ ਬਹੁਤ ਜ਼ਿਆਦਾ ਆਵਾਜ਼ ਨਹੀਂ ਹੈ।
"ਅਸੀਂ ਖਿੰਡੇ ਹੋਏ ਹਾਂ। ਇਸ ਤੋਂ ਇਲਾਵਾ, ਇੱਥੇ 76 ਜ਼ਿਲ੍ਹੇ ਹਨ ਅਤੇ ਇਹ ਇੱਕ ਵਿਸ਼ਾਲ ਸੂਬਾ ਹੈ, ਜੋ ਕਿ ਪੰਜਾਬ ਨਾਲੋਂ ਕਈ ਗੁਣਾ ਵੱਡਾ ਹੈ।"
"ਗੁਰਦੁਆਰੇ ਅਤੇ ਪਿੰਡ ਪੱਧਰ ਦੇ ਪ੍ਰਧਾਨ ਦੇ ਅਹੁਦਿਆਂ ਨੂੰ ਛੱਡ ਕੇ, ਸਿੱਖ ਸਿਆਸਤ ਵਿੱਚ ਬਹੁਤ ਮਹੱਤਵਪੂਰਨ ਨਹੀਂ ਹਨ। ਰਾਜਨੀਤੀ ਵਿੱਚ ਭਾਈਚਾਰੇ ਦਾ ਆਕਾਰ ਮਹੱਤਵ ਰੱਖਦਾ ਹੈ ਪਰ ਸਾਡੇ ਕੋਲ ਗਿਣਤੀ ਨਹੀਂ ਹੈ। "
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














