ਗੁਰੂ ਨਾਨਕ ਦੀ ਬਹੁ-ਪ੍ਰਚਲਿਤ ਤਸਵੀਰ ਤੋਂ ਜਸਵੰਤ ਜ਼ਫ਼ਰ ਨੂੰ ਕੀ ਇਤਰਾਜ਼ ਮਹਿਸੂਸ ਹੋਇਆ?

ਸ਼ਾਇਰ ਜਸਵੰਤ ਸਿੰਘ ਜ਼ਫ਼ਰ

ਤਸਵੀਰ ਸਰੋਤ, JasWant SiNgh ZaFar

ਤਸਵੀਰ ਕੈਪਸ਼ਨ, ਸ਼ਾਇਰ ਜਸਵੰਤ ਸਿੰਘ ਜ਼ਫ਼ਰ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਮਾਫ਼ ਕਰਨਾ

ਸਾਡੇ ਲਈ ਬਹੁਤ ਮੁਸ਼ਕਲ ਹੈ

ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ

ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ

ਤਿੜਕੀਆਂ ਅੱਡੀਆਂ....

ਤਕਰੀਬਨ ਇੱਕ ਦਹਾਕਾ ਪਹਿਲਾਂ ਜਸਵੰਤ ਜ਼ਫ਼ਰ ਦੀ ਲਿਖੀ ਇਹ ਕਵਿਤਾ ਮੈਂ ਫੇਸਬੁੱਕ ’ਤੇ ਪੜ੍ਹੀ, ਉਦੋਂ ਤੋਂ ਕਿਸੇ ਵੀ ਜਗ੍ਹਾ ਜਦੋਂ ਗੁਰੂ ਨਾਨਕ ਦੇਵ ਜੀ ਦੀ ‘ਬਹੁ-ਪ੍ਰਚਲਿਤ’ ਤਸਵੀਰ ਦਿਸਦੀ ਹੈ, ਤਾਂ ਮਨ ਵਿੱਚ ਇਹੀ ਕਵਿਤਾ ਆਉਂਦੀ ਹੈ।

ਇਹ ਕਵਿਤਾ ਸਾਡੇ ਅਤੇ ਗੁਰੂ ਨਾਨਕ ਦੇ ਫ਼ਲਸਫ਼ੇ ਦਰਮਿਆਨ ਪਈ ਦੂਰੀ ਦਾ ਅਹਿਸਾਸ ਦਿਵਾਉਂਦੀ ਹੈ। ਇਹ ਕਵਿਤਾ ਗੁਰੂ ਨਾਨਕ ਦੇ ਜੀਵਨ ਅਤੇ ਸੋਚ ਪ੍ਰਤੀ ਸਾਨੂੰ ਇੱਕ ਨਜ਼ਰੀਆ ਦਿੰਦੀ ਹੈ। ਉੱਪਰ ਲਿਖੀਆਂ ਸਤਰਾਂ, ਇਸ ਕਵਿਤਾ ਦਾ ਕੁਝ ਹਿੱਸਾ ਹਨ। ਪੂਰੀ ਕਵਿਤਾ ਸਾਲ 2001 ਵਿੱਚ ਛਪੀ ਕਿਤਾਬ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਵਿੱਚ ਪੜ੍ਹੀ ਜਾ ਸਕਦੀ ਹੈ।

ਜਸਵੰਤ ਸਿੰਘ ਜ਼ਫ਼ਰ ਦੀਆਂ ਬਹੁਤੀਆਂ ਲਿਖਤਾਂ ਪਾਠਕਾਂ ਨੂੰ ਵੱਖਰਾ ਨਜ਼ਰੀਆ ਦੇਣ ਵਾਲੀਆਂ ਹੁੰਦੀਆਂ ਹਨ।

ਜਸਵੰਤ ਸਿੰਘ ਜ਼ਫ਼ਰ ਦੀ ਲੇਖਣੀ ਜਿੰਨੀ ਸਰਲ ਹੈ, ਓਨੀ ਹੀ ਗਹਿਰੀ ਅਤੇ ਸੋਚ ਦੇ ਦਾਇਰੇ ਨੂੰ ਵਿਸ਼ਾਲ ਕਰਨ ਵਾਲੀ ਵੀ ਹੈ। ਜ਼ਫ਼ਰ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਵੀ ਕਈ ਲੋਕਾਂ ਲਈ ਪ੍ਰੇਰਨਾਦਾਇਕ ਸਾਬਤ ਹੋ ਸਕਦਾ ਹੈ।

ਜਸਵੰਤ ਜ਼ਫ਼਼ਰ ਦੀ ਪਹਿਲੀ ਕਿਤਾਬ ‘ਦੋ ਸਾਹਾਂ ਦੇ ਵਿਚਕਾਰ’ ਸਾਲ 1993 ਵਿੱਚ ਆਈ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮਾਪਿਆਂ ਦੇ ਹੱਥ ਵਿੱਚ ਦੇਖੀਆਂ ਕਿਤਾਬਾਂ ਦਾ ਅਸਰ

ਜਸਵੰਤ ਸਿੰਘ ਜ਼ਫਰ ਪੰਜਾਬ ਦੇ ਨਾਮੀ ਕਵੀ ਹੋਣ ਤੋਂ ਇਲਾਵਾ ਆਹਲਾ ਚਿੱਤਰਕਾਰ ਵੀ ਹਨ। ਉਹ ਕਾਰਟੂਨਿਸਟ ਰਹੇ ਹਨ ਅਤੇ ਫੋਟੋਗ੍ਰਾਫੀ ਵੀ ਕਰਦੇ ਹਨ। ਉਹ ਬਿਜਲੀ ਵਿਭਾਗ ਦੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਹੁਣ ਪੰਜਾਬ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਉਨ੍ਹਾਂ ਦਾ ਜਨਮ ਦਸੰਬਰ 1965 ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ।

ਜ਼ਫਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਭਾਵੇਂ ਕਦੇ ਵੀ ਸਕੂਲ ਨਹੀਂ ਗਏ ਸੀ, ਪਰ ਕਿਤਾਬਾਂ ਨਾਲ ਜੁੜੇ ਹੋਏ ਸਨ।

ਉਹ ਦੱਸਦੇ ਹਨ, ''ਪਿਤਾ ਜੀ ਕਿਤਾਬ ਪੜ੍ਹਦੇ ਸਨ ਅਤੇ ਮਾਤਾ ਜੀ ਸੁਣਦੇ ਸਨ। ਮਾਤਾ ਜੀ ਨੇ ਉਦਾਸ ਹੋਣ ਵਾਲੀ ਗੱਲ ’ਤੇ ਉਦਾਸ ਹੋਣਾ, ਹੱਸਣ ਵਾਲੀ ’ਤੇ ਹੱਸਣਾ। ਇਹ ਦੇਖਦਿਆਂ ਮੈਨੂੰ ਮਹਿਸੂਸ ਹੁੰਦਾ ਸੀ ਕਿ ਇੱਕ ਲਿਖਣ ਵਾਲਾ ਬੰਦਾ ਕਿਵੇਂ ਦੋ ਬੰਦਿਆਂ ਨੂੰ ਬੰਨ੍ਹ ਕੇ ਬਿਠਾਈ ਬੈਠਾ ਹੈ। ਸ਼ਾਇਦ ਅਵਚੇਤਨ ਵਿੱਚ ਉਹ ਚਾਅ ਸੀ ਕਿ ਆਪਾਂ ਵੀ ਕਦੇ ਇਸ ਤਰ੍ਹਾਂ ਦਾ ਲਿਖ ਸਕੀਏ।”

ਜਸਵੰਤ ਸਿੰਘ ਜਫਰ

ਤਸਵੀਰ ਸਰੋਤ, JasWant SiNgh ZaFar

ਤਸਵੀਰ ਕੈਪਸ਼ਨ, ਜ਼ਫਰ ਦੇ ਮਾਪੇ ਭਾਵੇਂ ਕਦੇ ਵੀ ਸਕੂਲ ਨਹੀਂ ਗਏ ਸੀ, ਪਰ ਕਿਤਾਬਾਂ ਨਾਲ ਜੁੜੇ ਹੋਏ ਸਨ।

ਜਸਵੰਤ ਸਿੰਘ ਜ਼ਫਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੱਡਾ ਸੀ। ਜਿਸ ਵਿੱਚ ਭਾਵੇਂ ਕੋਈ ਬਹੁਤਾ ਪੜ੍ਹਿਆ ਲਿਖਿਆ ਕੋਈ ਨਹੀਂ ਸੀ, ਪਰ ਸਭ ਨੂੰ ਕਿਤਾਬਾਂ ਪੜ੍ਹਣ ਦਾ ਸ਼ੌਕ ਸੀ।

ਜ਼ਫਰ ਦੱਸਦੇ ਹਨ ਕਿ ਉਨ੍ਹਾਂ ਨੇ ਬਚਪਨ ਵਿੱਚ ਪਰਿਵਾਰ ਦੇ ਵੱਡਿਆਂ ਵਿੱਚੋਂ ਕਿਸੇ ਨੂੰ ਅਗਾਂਹਵਧੂ ਸਾਹਿਤ ਪੜ੍ਹਦਿਆਂ, ਕਿਸੇ ਨੂੰ ਇਤਾਹਾਸ ਪੜ੍ਹਦਿਆਂ ਅਤੇ ਕਿਸੇ ਨੂੰ ਨਾਵਲ ਪੜ੍ਹਦਿਆਂ ਦੇਖਿਆ ਅਤੇ ਕਿਤਾਬਾਂ ਦੀਆਂ ਗੱਲਾਂ ਕਰਦਿਆਂ ਸੁਣਿਆ।

ਜ਼ਫਰ ਮੁਤਾਬਕ, ਉਨ੍ਹਾਂ ਦੇ ਮਾਪਿਆ ਨੇ ਕਦੇ ਵੀ ਉਨ੍ਹਾਂ ਉੱਤੇ ਪੜ੍ਹਣ ਲਈ ਦਬਾਅ ਨਹੀਂ ਪਾਇਆ, ਪਰ ਘਰ ਦੇ ਮਾਹੌਲ ਨੇ ਹੀ ਉਨ੍ਹਾਂ ਦੀ ਰੁਚੀ ਪੜ੍ਹਣ ਵੱਲ ਪਾਈ।

ਜ਼ਫਰ ਨੇ ਕਿਹਾ, “ਅੱਜ ਕੱਲ੍ਹ ਮਾਪੇ ਸ਼ਿਕਾਇਤ ਕਰਦੇ ਹਨ ਕਿ ਬੱਚੇ ਕਿਤਾਬਾਂ ਨਹੀਂ ਪੜ੍ਹਦੇ, ਅਸਲ ਵਿੱਚ ਬੱਚਿਆਂ ਦਾ ਕਸੂਰ ਨਹੀਂ ਹੁੰਦਾ, ਬੱਚਿਆਂ ਦੇ ਨਾ ਪੜ੍ਹਣ ਦਾ ਕਾਰਨ ਹੈ ਕਿ ਉਨ੍ਹਾਂ ਤੋਂ ਵੱਡੇ ਨਹੀਂ ਪੜ੍ਹਦੇ। ਜਿਨ੍ਹਾਂ ਘਰ ਵਿੱਚ ਵੱਡੇ ਕਿਤਾਬਾਂ ਪੜ੍ਹਦੇ ਹਨ ਜਾਂ ਕਿਤਾਬਾਂ ਦੀਆਂ ਗੱਲਾਂ ਕਰਦੇ ਹਨ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਣ ਲਈ ਕਹਿਣਾ ਨਹੀਂ ਪੈਂਦਾ। ਬੱਚੇ ਵੱਡਿਆਂ ਦੀ ਸੁਣਦੇ ਨਹੀਂ, ਬਲਕਿ ਉਨ੍ਹਾਂ ਨੂੰ ਦੇਖਦੇ ਹਨ।”

ਜ਼ਫਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਵੱਡਿਆਂ ਦਾ ਸਿਆਸੀ ਤੇ ਸਮਾਜਿਕ ਤੌਰ ’ਤੇ ਜਾਗਰੂਕ ਹੋਣਾ ਵੀ ਉਨ੍ਹਾਂ ਦੀ ਸ਼ਖਸੀਅਤ ਦਾ ਹਿੱਸਾ ਬਣਿਆ।

ਜਸਵੰਤ ਸਿੰਘ ਜ਼ਫ਼ਰ

ਤਸਵੀਰ ਸਰੋਤ, JasWant SiNgh ZaFar

ਤਸਵੀਰ ਕੈਪਸ਼ਨ, ਜ਼ਫ਼ਰ ਦੀ ਜੀਵਨ ਸਾਥਣ ਨੇ ਵੀ ਉਨ੍ਹਾਂ ਦੇ ਕਿਤਾਬਾਂ ਨਾਲ ਮੋਹ ਨੂੰ ਹੋਰ ਉਤਸ਼ਾਹਿਤ ਕੀਤਾ

ਜ਼ਫਰ ਅਤੇ ਉਨ੍ਹਾਂ ਦੀ ਜੀਵਨਸਾਥਣ ਦੀ ਕਿਤਾਬਾਂ ਨਾਲ ਸਾਂਝ

ਜਸਵੰਤ ਜ਼ਫਰ ਨੇ ਸਾਨੂੰ ਦੱਸਿਆ ਉਨ੍ਹਾਂ ਨੂੰ ਕਿਤਾਬਾਂ ਨਾਲ ਇੰਨਾ ਮੋਹ ਪੈ ਗਿਆ ਸੀ, ਕਿ ਜੇ ਘਰੋਂ ਕੱਪੜਿਆਂ ਲਈ ਵੀ ਪੈਸੇ ਮਿਲਦੇ ਤਾਂ ਉਹ ਕੱਪੜੇ ਖ਼ਰੀਦਣ ਦੀ ਬਜਾਇ ਕਿਤਾਬਾਂ ਖਰੀਦ ਲੈਂਦੇ ਸਨ।

ਪਤਨੀ ਨਾਲ ਰਿਸ਼ਤਾ ਪੱਕਾ ਹੋਣ ਦੇ ਸਮੇਂ ਨੂੰ ਯਾਦ ਕਰਕੇ ਹੱਸਦਿਆਂ ਜ਼ਫਰ ਦੱਸਦੇ ਹਨ, ”ਜਦੋਂ ਦੋਵੇਂ ਪਰਿਵਾਰ ਸੰਪਰਕ ਵਿੱਚ ਆਏ ਤਾਂ ਮੇਰੇ ਪਰਿਵਾਰ ਨੂੰ ਮੇਰੀ ਪਤਨੀ ਦਾ ਲਾਈਬ੍ਰੇਰੀਅਨ ਹੋਣਾ ਬੜਾ ਚੰਗਾ ਲੱਗਿਆ। ਉਨ੍ਹਾਂ ਨੂੰ ਲੱਗਿਆ ਚਲੋ ਕਿਤਾਬਾਂ ਦਾ ਖ਼ਰਚਾ ਤਾਂ ਬਚੇਗਾ।”

ਜ਼ਫਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਤਾਬਾਂ ਨਾਲ ਲਗਾਤਾਰਤਾ ਬਣਨ ਪਿੱਛੇ, ਉਨ੍ਹਾਂ ਦੀ ਪਤਨੀ ਦੇ ਲਾਈਬ੍ਰੇਰੀਅਨ ਹੋਣ ਦੀ ਵੀ ਭੂਮਿਕਾ ਰਹੀ ਜੋ ਕਿ ਉਨ੍ਹਾਂ ਦੀ ਪਸੰਦ ਦੀਆਂ ਕਿਤਾਬਾਂ ਲੱਭਣ ਵਿੱਚ ਮਦਦ ਕਰਦੇ ਰਹੇ।

ਪਤੀ-ਪਤਨੀ ਵਿਚਕਾਰ ਕਿਤਾਬਾਂ ਬਾਰੇ ਗੱਲਾਂ ਕਰਨ ਦੀ ਸਾਂਝ ਬਣੀ। ਜਸਵੰਤ ਜ਼ਫਰ ਕਹਿੰਦੇ ਹਨ ਕਿ ਇਸੇ ਲਈ ਉਨ੍ਹਾਂ ਨੂੰ ਵੀ ਕਦੇ ਆਪਣੇ ਬੱਚਿਆਂ ਨੂੰ ਪੜ੍ਹਣ ਲਈ ਕਹਿਣ ਦੀ ਲੋੜ ਨਹੀਂ ਪਈ।

ਜ਼ਫ਼ਰ ਪਰਿਵਾਰ

ਤਸਵੀਰ ਸਰੋਤ, JasWant SiNgh ZaFar

ਤਸਵੀਰ ਕੈਪਸ਼ਨ, ਜ਼ਫ਼ਰ ਦੇ ਪਰਿਵਾਰ ਨੇ 22 ਸਾਲਾਂ ਦੇ ਪੁੱਤ ਦੇ ਜਾਣ ਦਾ ਦੁੱਖ ਹੌਸਲੇ ਨਾਲ ਜ਼ਰਿਆ

ਵੱਖਰੇ ਨਹੀਂ ਦੁੱਖ ਦੁਨੀਆ ਤੋਂ ਮੇਰੇ….

ਗੱਲਾਂ ਪਤਾ ਨੇ ਮੈਨੂੰ ਵੀ ਬੜੀਆਂ, ਕਹਿਣ ਦਾ ਸੋਹਣਾ ਤਰੀਕਾ ਸਿਖਾ ਦੇ

ਵੱਖਰੇ ਨਹੀਂ ਦੁੱਖ ਦੁਨੀਆ ਤੋਂ ਮੇਰੇ, ਸਹਿਣ ਦਾ ਸੁੱਚਾ ਸਲੀਕਾ ਸਿਖਾ ਦੇ

ਇਹ ਜਸਵੰਤ ਜ਼ਫ਼ਰ ਦੀਆਂ ਲਿਖੀਆਂ ਹੀ ਸਤਰਾਂ ਹਨ, ਜੋ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਢੁਕਦੀਆਂ ਹਨ।

ਸਾਲ 2015 ਵਿੱਚ ਕੈਨੇਡਾ ਪੜ੍ਹਦਾ ਜਸਵੰਤ ਸਿੰਘ ਜ਼ਫ਼ਰ ਦਾ 22 ਸਾਲਾ ਪੁੱਤ ਵਿਵੇਕ ਪੰਧੇਰ ਬਿਮਾਰ ਹੋਣ ਬਾਅਦ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਸੀ।

ਨੌਜਵਾਨ ਪੁੱਤ ਦੀ ਮੌਤ ਮੌਕੇ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦਿਆਂ ਜਸਵੰਤ ਜਫ਼ਰ ਇੱਕ ਮਿਸਾਲ ਬਣੇ। ਦੁੱਖ ਸਾਂਝਾ ਕਰਨ ਉਨ੍ਹਾਂ ਕੋਲ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਨੇ ਵਿਰਲਾਪ ਨਾ ਕਰਨ ਦੀ ਬੇਨਤੀ ਕੀਤੀ। ਬ੍ਰੇਨ ਡੈੱਡ ਐਲਾਨੇ ਜਾਣ ਬਾਅਦ ਵਿਵੇਕ ਪੰਧੇਰ ਦੇ ਅੰਗ ਦਾਨ ਕੀਤੇ ਗਏ ਸਨ।

ਜਸਵੰਤ ਜ਼ਫ਼ਰ ਨੇ ਉਸ ਵੇਲੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਅਤੇ ਆਪਣੇ ਇਤਿਹਾਸ ਨੂੰ ਅਜਿਹੀ ਔਖੀ ਘੜੀ ਵਿੱਚ ਯਾਦ ਕਰਨਾ ਚਾਹੀਦਾ ਹੈ।

ਅਸੀਂ ਵੀ ਜ਼ਫ਼ਰ ਨੂੰ ਪੁੱਛਿਆ ਕਿ ਇੰਨਾ ਹੌਂਸਲਾ ਉਨ੍ਹਾਂ ਨੇ ਕਿਵੇਂ ਜੁਟਾਇਆ?

ਉਨ੍ਹਾਂ ਕਿਹਾ ਕਿ ਇਨਸਾਨ ਕਈ ਚੀਜ਼ਾਂ ਦਾ ਮਿਲਣ ਬਿੰਦੂ ਹੁੰਦਾ ਹੈ, ਜਿਸ ਤਰ੍ਹਾਂ ਦਾ ਸਾਹਿਤ ਅਸੀਂ ਪੜ੍ਹਦੇ ਹਾਂ, ਸਾਡੀ ਸੰਗਤ ਕਿਹੋ ਜਿਹੇ ਲੋਕਾਂ ਨਾਲ ਹੈ, ਅਤੀਤ ਦੇ ਤਜਰਬੇ ਕੀ ਹਨ ਵਗੈਰਾ। ਇਹ ਸਾਰੀਆਂ ਚੀਜ਼ਾਂ ਮਿਲ ਕੇ ਤੈਅ ਕਰਦੀਆਂ ਹਨ ਕਿ ਕਿਸੇ ਘਟਨਾ ਨਾਲ ਅਸੀਂ ਕਿਵੇਂ ਨਜਿੱਠਦੇ ਹਾਂ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੇਟੇ ਦੀ ਮੌਤ ਹੋਈ ਤਾਂ ਉਨ੍ਹਾਂ ਕੋਲ ਕੁਝ ਤਾਜ਼ਾ ਉਦਾਹਰਨਾਂ ਸਨ ਜਿਨ੍ਹਾਂ ਕਰਕੇ ਉਹ ਉਸ ਔਖੀ ਘੜੀ ਵਿੱਚੋਂ ਚੜ੍ਹਦੀ ਕਲਾ ਨਾਲ ਨਿੱਕਲੇ।

ਇਸ ਘਟਨਾ ਤੋਂ ਕਝ ਸਮਾਂ ਪਹਿਲਾਂ ਉਨ੍ਹਾਂ ਨੇ ਪ੍ਰਿੰਸੀਪਲ ਜੋਧ ਸਿੰਘ ਬਾਰੇ ਲੈਕਚਰ ਸੁਣਿਆ ਸੀ ਕਿ ਕਿਵੇਂ ਉਨ੍ਹਾਂ ਦੇ ਆਪਣੇ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਸੰਸਕਾਰ ਵੇਲੇ ਖੁਦ ਦਮਦਾਰ ਅਵਾਜ਼ ਵਿੱਚ ਅਰਦਾਸ ਕੀਤੀ ਅਤੇ ਦੂਜੇ ਦਿਨ ਉਹ ਬੱਚਿਆਂ ਨੂੰ ਪੜ੍ਹਾਉਣ ਚਲੇ ਗਏ।

ਜਸਵੰਤ ਸਿੰਘ ਜ਼ਫ਼ਰ, ਮਰਹੂਮ ਪ੍ਰੋਫ਼ੈਸਰ ਨਿਰੰਜਨ ਸਿੰਘ ਢੇਸੀ ਅਤੇ ਬਲਦੇਵ ਸਿੰਘ

ਤਸਵੀਰ ਸਰੋਤ, JasWant SiNgh ZaFar

ਤਸਵੀਰ ਕੈਪਸ਼ਨ, ਜਸਵੰਤ ਸਿੰਘ ਜ਼ਫ਼ਰ, ਮਰਹੂਮ ਪ੍ਰੋਫ਼ੈਸਰ ਨਿਰੰਜਨ ਸਿੰਘ ਢੇਸੀ ਅਤੇ ਬਲਦੇਵ ਸਿੰਘ ਬਾਠ ਨਾਲ

ਜ਼ਫਰ ਨੇ ਦੱਸਿਆ ਕਿ ਪ੍ਰੋਫੈਸਰ ਜੋਧ ਸਿੰਘ ਗੁਰਮਤਿ ਦੇ ਵਿਦਵਾਨ ਵਜੋਂ ਜਾਣੇ ਜਾਂਦੇ ਹਨ ਪਰ ਉਹ ਗਣਿਤ ਦੇ ਆਧਿਆਪਕ ਸਨ।

ਦੂਜੀ ਉਦਾਹਰਨ ਉਨ੍ਹਾਂ ਨੇ ਅਜਮੇਰ ਸਿੰਘ ਸਿੱਧੂ ਦੀ ਇੱਕ ਕਹਾਣੀ ਹੈ ਦੀ ਦੱਸੀ ਜਿਸ ਵਿਚ ਇੱਕ ਕਿਰਦਾਰ ਹੈ ਜੋ ਪਿੰਡ ਵਿੱਚ ਮਰਗ ਵਾਲੇ ਘਰ ਢੋਲਕੀਆਂ ਛੈਣੇ ਲੈ ਕੇ ਜਥੇ ਨਾਲ ਜਾਂਦਾ ਹੈ ਅਤੇ ਅਰਥੀ ਦੇ ਅੱਗੇ ਸ਼ਬਦ ਕੀਰਤਨ ਪੜ੍ਹਦੇ ਜਾਂਦੇ ਹਨ। ਪਰ ਜਦੋਂ ਅਚਾਨਕ ਉਸ ਕਿਰਦਾਰ ਦੇ ਆਪਣੇ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉੱਠਦਾ ਨਹੀਂ ਅਤੇ ਘਰ ਦੀ ਕੋਠੜੀ ਵਿੱਚ ਚਾਦਰ ਲੈ ਕੇ ਪੈ ਜਾਂਦਾ ਹੈ।

ਜਫਰ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦਾ ਬੇਟਾ ਇਸ ਦੁਨੀਆ ਤੋਂ ਗਿਆ ਤਂ ਉਨ੍ਹਾਂ ਲਈ ਵੀ ਚੋਣ ਜ਼ਰੂਰੀ ਸੀ ਕਿ ਕਹਾਣੀ ਦੇ ਉਸ ਕਿਰਦਾਰ ਜਿਹਾ ਬਣਨਾ ਹੈ ਜਾਂ ਪ੍ਰੋਫੈਸਰ ਜੋਧ ਸਿੰਘ ਜਿਹਾ ।

ਜਸਵੰਤ ਜ਼ਫਰ ਅਤੇ ਉਨ੍ਹਾਂ ਦਾ ਪਰਿਵਾਰ ਵਿਵੇਕ ਦੀ ਯਾਦ ਵਿੱਚ ਵਾਤਾਵਰਣ ਸੰਭਾਲ਼, ਸਮਾਜਿਕ ਸਰੋਕਾਰਾਂ ਅਤੇ ਕਲਾ ਖੇਤਰ ਲਈ ਕੰਮ ਕਰਦੇ ਹਨ।

ਲੁਧਿਆਣਾ ਵਿੱਚ ਉਨ੍ਹਾਂ ਦੇ ਪਿੰਡ ਗਹਿਲੇਵਾਲ ਵਿੱਚ ‘ਵਿਵੇਕ ਸੱਥ’ ਵੀ ਬਣਾਈ ਹੈ ਜਿਸ ਨੂੰ ਉਨ੍ਹਾਂ ਦੇ ਪਰਿਵਾਰ ਨੇ ਇੱਕ ਕਮਿਉਨਟੀ ਸੈਂਟਰ ਵਜੋਂ ਵਿਕਸਿਤ ਕੀਤਾ ਹੈ। ਜ਼ਫਰ ਮੁਤਾਬਕ ਇਸ ਦੇ ਨਿਰਮਾਣ ਵਿੱਚ ਵਧੇਰੇ ਯੋਗਦਾਨ ਉਨ੍ਹਾਂ ਦੇ ਭਰਾ ਦਾ ਹੈ।

ਜ਼ਫਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਇੱਕ ਵੱਡਾ ਹਾਲ ਬਣਾਇਆ ਗਿਆ ਸੀ ਤਾਂ ਕਿ ਪਿੰਡ ਦੀਆਂ ਮੀਟਿੰਗਾਂ, ਮੈਡੀਕਲ ਕੈਂਪ, ਸਿਖਲਾਈ ਕੈਂਪ, ਵਰਕਸ਼ਾਪ ਵਗੈਰਾ ਉੱਥੇ ਹੋ ਸਕਣ।

ਉੱਥੇ ਲੋਕ ਆਪਣੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ, ਜਾਂ ਸਿਆਸੀ ਮੀਟਿੰਗਾਂ ਵੀ ਕਰਦੇ ਹਨ, ਬਸ਼ਰਤੇ ਮੰਦੀ ਸ਼ਬਦਾਵਲੀ ਜਾਂ ਸ਼ਰਾਬ ਦਾ ਇਸਤੇਮਾਲ ਨਾ ਹੋਵੇ। ਜ਼ਫਰ ਨੇ ਦੱਸਿਆ ਕਿ ਹੁਣ ਉੱਥੇ ਡਿਸਪੈਂਸਰੀ, ਲਾਈਬ੍ਰੇਰੀ ਅਤੇ ਕਮਿਉਨਟੀ ਕਿਚਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ‘ਵਿਵੇਕ ਸੁਰ ਸਨਮਾਨ’ ਤਹਿਤ ਕਿਸੇ ਨੌਜਵਾਨ ਗਾਇਕ ਨੂੰ ਸਨਮਾਨਿਤ ਵੀ ਕਰਦੇ ਹਨ।

ਇੱਕ ਪੁੱਛੇ ਜਾਣ ਉੱਤੇ ਕਿ ਕੀ ਉਨ੍ਹਾਂ ਨੇ ਆਪਣੇ ਬੇਟੇ ਲਈ ਕਦੀ ਕੋਈ ਕਵਿਤਾ ਵੀ ਲਿਖੀ, ਤਾਂ ਉਨ੍ਹਾਂ ਨੇ ਬਹੁਤ ਦਿਲਚਸਪ ਜਵਾਬ ਦਿੱਤਾ।

ਉਹ ਕਹਿੰਦੇ ਹਨ ਕਿ ਕਵੀਆਂ ਨੂੰ ਆਪਣਾ ਦੁੱਖ ਲੋਕਾਂ ਨੂੰ ਦੱਸਣ ਦੀ ਬਹੁਤ ਆਦਤ ਹੁੰਦੀ ਹੈ, ਦੁੱਖਾਂ ਨੂੰ ਬਹੁਤ ਵਧਾ ਚੜ੍ਹਾ ਕੇ ਦੱਸਦੇ ਹਨ। ਪਰ ਉਹ ਮਹਿਸੂਸ ਕਰਦੇ ਹਨ ਕਿ ਦੁੱਖ ਤਾਂ ਸਾਰਿਆਂ ਕੋਲ ਹੀ ਬਹੁਤ ਹਨ, ਤੁਸੀਂ ਉਨ੍ਹਾਂ ਨੂੰ ਘਟਾਉਣ ਲਈ ਕੀ ਕਰਦੇ ਹੋ ਇਹ ਮਾਇਨੇ ਰੱਖਦਾ ਹੈ।

ਉਨ੍ਹਾਂ ਕਿਹਾ, “ਕਵਿਤਾ ਲਿਖ ਕੇ ਮੈਂ ਉਸ ਵਾਸਤੇ ਤਰਸ ਇਕੱਠਾ ਕਰਨ ਦਾ ਸਾਧਨ ਬਣੇਗਾ, ਪਰ ਤਰਸ ਦੀ ਭਾਵਨਾ ਮੈਨੂੰ ਆਤਮਿਕ ਤੌਰ ’ਤੇ ਕਮਜ਼ੋਰ ਕਰੇਗੀ।”

ਜ਼ਫਰ ਦੀਆਂ ਰਚਨਾਵਾਂ ਅਤੇ ਧਰਮ

ਜਸਵੰਤ ਸਿੰਘ ਜ਼ਫਰ ਦੀਆਂ ਲਿਖਤਾਂ ਵਿੱਚ ਕਈ ਥਾਈਂ ਧਰਮ ਦਾ ਜ਼ਿਕਰ ਆਉਂਦਾ ਹੈ ਅਤੇ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਅੱਸੀਵਿਆਂ ਵਿੱਚ ਜਦੋਂ ਕਾਲਜ ਦੀ ਪੜ੍ਹਾਈ ਕੀਤੀ ਸੀ ਤਾਂ ਉਸ ਵੇਲੇ ਪੰਜਾਬ ਦੇ ਸਿਆਸੀ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਦੇ ਮਨ ਵਿੱਚ ਇੱਕ ਸਵਾਲ ਉੱਠਦਾ ਸੀ ਕਿ ਧਰਮ ਕੀ ਹੈ ਅਤੇ ਬੰਦਾ ਉਸ ਦਾ ਕੀ ਕਰਦਾ ਹੈ ?

ਜ਼ਫ਼ਰ ਦੱਸਦੇ ਹਨ ਕਿ ਸਾਡਾ ਧਰਮ ਨਾਲ ਸਬੰਧ ਠੀਕ ਨਹੀਂ ਹੈ।

ਉਨ੍ਹਾਂ ਕਿਹਾ, “ਗੁਰੂ ਸਾਹਿਬ ਨੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਾ ਸੰਦੇਸ਼ ਦਿੱਤਾ ਹੈ, ਯਾਨੀ ਤਿੰਨਾਂ ਚੀਜ਼ਾਂ ਦਾ ਸਾਡੇ ਲਈ ਕਿੰਨਾ ਵੱਡਾ ਮਹੱਤਵ ਹੈ।”

“ਪਰ ਸਾਡੀ ਪੰਜਾਬ ਦੀ ਹਵਾ ਬਹੁਤੇ ਸੂਬਿਆਂ ਦੇ ਮੁਕਾਬਲੇ ਵੱਧ ਪ੍ਰਦੂਸ਼ਤ ਹੈ। ਇਸੇ ਤਰ੍ਹਾਂ ਸਾਡੇ ਦਰਿਆ, ਜੋ ਹਿਮਾਲਿਆ ਪਰਬਤ ਤੋਂ ਸਾਨੂੰ ਬੇਹੱਦ ਸਾਫ਼ ਮਿਲਦੇ ਹਨ ਪਰ ਪੰਜਾਬ ਲੰਘਦਿਆਂ ਹੀ ਉਹ ਪਾਣੀ ਪਸ਼ੂਆਂ ਦੇ ਪੀਣ ਲਾਇਕ ਵੀ ਨਹੀਂ ਰਹਿੰਦਾ। ਇਹ ਸਾਡਾ ਧਰਮ ਨਾਲ ਸੰਬੰਧ ਹੈ, ਗੱਲਾਂ ਅਸੀਂ ਕੀ ਕਰਦੇ ਹਾਂ ਤੇ ਸਾਡਾ ਹਾਲ ਕੀ ਹੈ।”

ਉਹ ਕਹਿੰਦੇ ਹਨ ਕਿ ਆਪਣੀ ਪਹਿਲੀ ਕਿਤਾਬ ਤੋਂ ਬਾਅਦ ਉਹ ਗਹਿਰੀ ਕਾਵਿ ਰਚਨਾ ਕਰਨੀ ਚਾਹੁੰਦੇ ਸਨ, ਜੋ ਲੋਕਾਂ ਨੂੰ ਔਖੀ ਸਮਝ ਆਵੇ। ਪਰ ਇਸ ਤੋਂ ਪਹਿਲਾਂ ਉਹ ਬੇਚੈਨ ਕਰਨ ਵਾਲੀਆਂ ਅਜਿਹੀਆਂ ਮੋਟੀਆਂ-ਮੋਟੀਆਂ ਕੁਝ ਗੱਲਾਂ ਲਿਖ ਲੈਣਾ ਚਾਹੁੰਦੇ ਸਨ।

ਜ਼ਫਰ ਕਹਿੰਦੇ ਹਨ, “ਪਰ ਉਹ ਗੱਲਾਂ ਮੁੱਕਣ ਵਿੱਚ ਨਹੀਂ ਆ ਰਹੀਆਂ, ਕਿਉਂਕਿ ਕੁਝ ਬਦਲ ਨਹੀਂ ਰਿਹਾ। ਪਰ ਉਹ ਗੱਲਾਂ ਵਾਰ-ਵਾਰ ਕਰਨੀਆਂ ਪੈ ਜਾਂਦੀਆਂ ਤੇ ਕਰਦੇ ਰਹਿਣਾ ਚਾਹੀਦਾ ਜਦੋਂ ਤੱਕ ਉਸ ਦਾ ਅਸਰ ਨਾ ਦਿਸੇ”

ਜਸਵੰਤ ਸਿੰਘ ਜ਼ਫ਼ਰ

ਤਸਵੀਰ ਸਰੋਤ, JasWant SiNgh ZaFar

ਤਸਵੀਰ ਕੈਪਸ਼ਨ, ਜਸਵੰਤ ਸਿੰਘ ਜ਼ਫ਼ਰ ਕਵੀ ਹੋਣ ਦੇ ਨਾਲ ਨਾਲ ਕਾਰਟੂਨਿਸਟ, ਫੋੋਟੋਗ੍ਰਾਫ਼ਰ ਅਤੇ ਇੰਜੀਨੀਅਰ ਵੀ ਹਨ

ਗੁਰੂ ਨਾਨਕ ਦੀ ਤਸਵੀਰ ਬਾਰੇ ਕਵਿਤਾ ਦੇ ਅਰਥ

ਜਸਵੰਤ ਸਿੰਘ ਜਫਰ ਨੇ ਗੁਰੂ ਨਾਨਕ ਦੇਵ ਜੀ ਦੀ ਬਹੁ-ਪ੍ਰਚਲਿਤ ਤਸਵੀਰ ਬਾਰੇ ਇੱਕ ਕਵਿਤਾ ਲਿਖੀ ਸੀ, ਜਿਸ ਦਾ ਜ਼ਿਕਰ ਸ਼ੁਰੂਆਤ ਵਿੱਚ ਵੀ ਹੋਇਆ ਹੈ। ਅਸੀਂ ਜਸਵੰਤ ਜ਼ਫਰ ਨੂੰ ਪੁੱਛਿਆ ਕਿ ਬਹੁਤੇ ਲੋਕਾਂ ਵੱਲੋਂ ਗੁਰੂ ਨਾਨਕ ਦੀ ਅਪਣਾਈ ਹੋਈ ਉਸ ਤਸਵੀਰ ਬਾਰੇ ਇਹ ਸਵਾਲ ਦਾ ਖਿਆਲ ਕਿੱਥੋਂ ਪੈਦਾ ਹੋਇਆ।

ਉਨ੍ਹਾਂ ਦੱਸਿਆ ਕਿ ਉਹ ਗੁਰੂ ਨਾਨਕ ਇੰਜਨੀਅਰ ਕਾਲਜ ਵਿੱਚ ਪੜ੍ਹੇ, ਉਨ੍ਹਾਂ ਦੀ ਪਤਨੀ ਗੁਰੂ ਨਾਨਕ ਖ਼ਾਲਸਾ ਕਾਲਜ ਵਿੱਚ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਦਾ ਬੇਟਾ ਵੀ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਪੜ੍ਹਿਆ।

ਉਨ੍ਹਾਂ ਦੇ ਮਨ ਵਿੱਚ ਸਵਾਲ ਉੱਠਿਆ ਕਿ ਗੁਰੂ ਨਾਨਕ ਦੇ ਨਾਮ ’ਤੇ ਬਣੇ ਇਹ ਵਿੱਦਿਅਕ ਅਦਾਰੇ ਸਾਡਾ ਗੁਰੂ ਨਾਨਕ ਨਾਲ ਕੋਈ ਸਬੰਧ ਬਣਾਉਂਦੇ ਹਨ ਜਾਂ ਕੀ ਠੀਕ ਸਬੰਧ ਬਣਾਉਂਦੇ ਹਨ? ਤਾਂ ਜਵਾਬ ਨਹੀਂ ਵਿੱਚ ਆਉਂਦਾ ਹੈ।

ਇਸੇ ਤਰ੍ਹਾਂ ਉਨ੍ਹਾਂ ਨੇ ਸੋਚਿਆ ਕਿ ਹੋਰ ਕਿਹੜੀਆਂ ਗੱਲਾਂ ਹਨ ਜੋ ਸਾਨੂੰ ਗੁਰੂ ਨਾਨਕ ਨਾਲ ਜੋੜਣ ਦੀ ਬਜਾਇ ਦੂਰ ਕਰਦੀਆਂ ਹਨ।

ਜਸਵੰਤ ਜ਼ਫਰ ਨੇ ਕਿਹਾ, “ਉਸ ਵਿੱਚ ਸਭ ਤੋਂ ਵੱਡੀ ਭੂਮਿਕਾ ਚਿੱਤਰਕਾਰਾਂ ਦੀ ਲੱਗੀ ਜਿਨ੍ਹਾਂ ਨੇ ਕੈਲੰਡਰੀ ਕਿਸਮ ਦੇ ਚਿੱਤਰ ਬਣਾਏ ਜਿਨ੍ਹਾਂ ਦਾ ਗੁਰੂ ਨਾਨਕ ਦੇ ਇਤਿਹਾਸ, ਫ਼ਲਸਫ਼ੇ, ਸੁਖਨ ਜਾਂ ਲਿਖਤਾਂ ਨਾਲ ਸੰਬੰਧ ਸਾਨੂੰ ਨਹੀਂ ਦਿਸਦਾ। ਜਾਪਿਆ ਕਿ ਅਜਿਹੀਆਂ ਤਸਵੀਰਾਂ ਸਾਨੂੰ ਗੁਰੂ ਨਾਨਕ ਤੋਂ ਦੂਰ ਕਰਦੀਆਂ ਹਨ ਅਤੇ ਇਸੇ ਵਿਚਾਰ ਤੋਂ ਇਹ ਕਵਿਤਾ ਨਿਕਲੀ।”

ਜ਼ਫਰ ਕਈ ਥਾਈਂ ਕਹਿ ਤੇ ਲਿਖ ਚੁੱਕੇ ਹਨ ਕਿ ਗੁਰੂ ਨਾਨਕ ਦਾ ਬਿਰਧ-ਪੈਗੰਬਰੀ ਚਿੱਤਰ ਦਾ ਪ੍ਰਚਾਰ ਹੋਣ ਕਾਰਨ ਉਨ੍ਹਾਂ ਦੀ ਅਸਲ ਸੋਚ, ਬਾਣੀ ਅਤੇ ਮਾਨਸਿਕਤਾ ਨੂੰ ਲੋਕਾਂ ਤੱਕ ਪਹੁੰਚਣ ਨਹੀਂ ਸਕੀ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਉਸ ਤਸਵੀਰ ਵਿੱਚ ਗੁਰੂ ਨਾਨਕ ਦੀ ਅਸਲ ਤੋਂ ਵੱਡੀ ਉਮਰ ਅਤੇ ਉਪਦੇਸ਼ਕੀ ਬਿੰਬ ਜ਼ਾਹਿਰ ਹੁੰਦਾ ਹੈ।

ਇਸ ਕਵਿਤਾ ਬਾਰੇ ਜ਼ਫਰ ਦੱਸਦੇ ਹਨ ਕਿ ਭਾਵੇਂ ਬੇਹੱਦ ਮਕਬੂਲ ਹੋਈ ਪਰ ਉਨ੍ਹਾਂ ਨੂੰ ਪੂਰੀ ਕਵਿਤਾ ਜ਼ੁਬਾਨੀ ਯਾਦ ਨਹੀਂ ਰਹਿੰਦੀ। ਜਦੋਂ ਉਨ੍ਹਾਂ ਨੇ ਇਹ ਕਵਿਤਾ ਲਿਖੀ ਤਾਂ ਪਹਿਲੀ ਵਾਰ ਲਾਲ ਕਿਲ੍ਹੇ ਤੋਂ ਉਨ੍ਹਾਂ ਨੂੰ ਇਹ ਕਵਿਤਾ ਪੜ੍ਹਣ ਲਈ ਸੱਦਿਆ ਗਿਆ ਸੀ।

ਜਸਵੰਤ ਜ਼ਫਰ

ਤਸਵੀਰ ਸਰੋਤ, JasWant SiNgh ZaFar

ਤਸਵੀਰ ਕੈਪਸ਼ਨ, ਜ਼ਫਰ ਮੁਤਾਬਕ ਭਾਸ਼ਾ ਦਾ ਸਬੰਧ ਰੁਜ਼ਗਾਰ ਨਾਲ ਵੀ ਹੈ।

ਮਾਂ ਬੋਲੀ ਦੀ ਅਸਲ ਸੇਵਾ ਕੀ ਹੈ ?

ਜਸਵੰਤ ਜ਼ਫਰ ਇਸ ਵੇਲੇ ਪੰਜਾਬ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੀ ਹਨ। ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਪੰਜਾਬੀ ਭਾਸ਼ਾ ਨੂੰ ਖ਼ਤਰੇ ਬਾਰੇ ਸਮੇਂ-ਸਮੇਂ ਹੁੰਦੀ ਬਹਿਸ ਬਾਰੇ ਉਹ ਕੀ ਸੋਚਦੇ ਹਨ।

ਉਹ ਕਹਿੰਦੇ ਹਨ ਕਿ ਸਾਡੀ ਇਹ ਸੋਚ ਕਿ ਭਾਸ਼ਾ ਨੂੰ ਸਰਕਾਰਾਂ ਨੇ ਬਚਾਉਣਾ ਹੈ ਇਹ ਸਹੀ ਨਹੀਂ ਹੈ, ਕਿਉਂਕਿ ਸਰਕਾਰਾਂ ਕਦੇ ਭਾਸ਼ਾਵਾਂ ਦੀ ਸਰਪ੍ਰਸਤੀ ਨਹੀਂ ਕਰਦੀਆਂ।

“ਪੰਜਾਬੀ ਉਦੋਂ ਵੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਸਮੀ ਭਾਸ਼ਾ ਫ਼ਾਰਸੀ ਸੀ।”

ਜ਼ਫਰ ਮੁਤਾਬਕ ਭਾਸ਼ਾ ਦਾ ਸਬੰਧ ਰੁਜ਼ਗਾਰ ਨਾਲ ਵੀ ਹੈ। ਲਿਹਾਜ਼ਾਂ ਜਿਹੜੀ ਭਾਸ਼ਾ ਰੁਜ਼ਗਾਰ ਦੇਵੇ, ਉਸ ਵੱਲ ਲੋਕਾਂ ਦਾ ਰੁਝਾਨ ਹੋਣਾ ਸੁਭਾਵਕ ਹੈ ਭਾਵੇਂ ਉਹ ਉਨ੍ਹਾਂ ਦੀ ਭਾਸ਼ਾ ਨਾ ਹੀ ਹੋਵੇ।

ਪਿਛਲੇ ਸਮੇਂ ਵਿੱਚ ਇਹ ਸਾਡੇ ਲਈ ਚੁਣੌਤੀ ਰਹੀ ਹੈ।

ਜ਼ਫਰ ਮੁਤਾਬਕ ਮੌਜੂਦਾ ਸਮੇਂ ਜਦੋਂ ਗੂਗਲ ਵਿੱਚ ਜੈਮਿਨੀ ਆਈ ਹੈ ਤਾਂ ਇਸ ਵਿੱਚ ਪੰਜਾਬੀ ਭਾਸ਼ਾ ਨਹੀਂ ਹੈ, ਇਸ ਦਾ ਕਾਰਨ ਗੂਗਲ ਨੇ ਦੱਸਿਆ ਕਿ ਪੰਜਾਬੀ ਦਾ ਡਾਟਾ ਉਨ੍ਹਾਂ ਕੋਲ ਨਹੀਂ ਹੈ।

ਉਹ ਕਹਿੰਦੇ ਹਨ ਕਿ ਗੂਗਲ ਜੈਮਿਨੀ ’ਤੇ ਜੇਕਰ ਪੰਜਾਬੀ ਦਾ ਡਾਟਾ ਨਹੀਂ ਹੋਏਗਾ ਤਾਂ ਹੌਲੀ ਹੌਲੀ ਦੂਜੀਆਂ ਭਾਸ਼ਾਵਾਂ ਦੁਨੀਆ ਵਿੱਚ ਵਿਕਸਤ ਹੋ ਜਾਣਗੀਆਂ ਅਤੇ ਪੰਜਾਬੀ ਪਿੱਛੇ ਰਹਿ ਜਾਏਗੀ।

ਜਿਵੇਂ ਜਦੋ ਛਾਪੇਖਾਨੇ ਆਏ ਤਾਂ ਪੰਜਾਬੀ ਵਿੱਚ ਵੀ ਕੰਮ ਹੋਇਆ, ਕੰਪਿਊਟਰ ਆਏ ਤਾਂ ਪੰਜਾਬੀ ਲਈ ਪ੍ਰੋਗਰਾਮਿੰਗ ਹੋਈ ਅਤੇ ਹੁਣ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਆ ਰਹੀ ਹੈ ਤਾਂ ਇਸ ਖੇਤਰ ਵਿੱਚ ਪੰਜਾਬੀ ਲਿਆਉਣ ਬਾਰੇ ਕੰਮ ਕਰਨਾ ਜ਼ਰੂਰੀ ਹੈ।

ਜਸਵੰਤ ਸਿੰਘ ਜ਼ਫਰ ਮੰਨਦੇ ਹਨ ਕਿ ਭਾਸ਼ਾ ਲਗਾਤਾਰ ਵਿਕਸਿਤ ਹੁੰਦੀ ਹੈ ਅਤੇ ਜਦੋਂ ਤੋਂ ਛਾਪਾਖਾਨਾ ਆਇਆ, ਤਕਨੀਕ ਇਸ ਦਾ ਮੇਲ ਜੋਲ ਬਣ ਗਈ। ਜੇ ਛਾਪੇ-ਖਾਨਿਆਂ ਵੇਲੇ ਪੰਜਾਬੀ ’ਤੇ ਕੰਮ ਨਾ ਹੋਇਆ ਹੁੰਦਾ ਤਾਂ ਪੰਜਾਬੀ ਉਦੋਂ ਹੀ ਖ਼ਤਮ ਹੋ ਗਈ ਹੁੰਦੀ।

ਉਨ੍ਹਾਂ ਕਿਹਾ, “ਜੇ ਅਸੀਂ ਤਕਨੀਕ ਨਾਲ ਮਿਲ ਕੇ ਚਲਦੇ ਰਹਾਂਗੇ ਤਾਂ ਪੰਜਾਬੀ ਨੂੰ ਕੋਈ ਖਤਰਾ ਨਹੀਂ।”

ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਸਮੇਂ ਸਾਈਬਰ ਸਪੇਸ ਦੀ ਸੁਚਾਰੂ ਵਰਤੋਂ ਵੀ ਪੰਜਾਬੀ ਦਾ ਦਾਇਰਾ ਵਧਾ ਸਕਦੀ ਹੈ। ਜਿਵੇਂ ਕਿ ਪੰਜਾਬੀ ਦੀਆਂ ਕਿਤਾਬਾਂ ਦੀ ਪਹੁੰਚ ਦਾ ਦਾਇਰਾ ਵਧਾਉਣ ਲਈ ਭਾਸ਼ਾ ਵਿਭਾਗ ਕਿਤਾਬਾਂ ਡਿਜੀਟਲੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਜਿੱਥੇ ਵੀ ਮੋਬਾਈਲ ਅਤੇ ਇੰਟਰਨੈਟ ਹੈ, ਭਾਸ਼ਾ ਵਿਭਾਗ ਦੀਆਂ ਸਾਰੀਆਂ ਪਬਲੀਕੇਸ਼ਨਜ਼ ਪੰਜਾਬੀ ਦੀਆਂ ਕਿਤਾਬਾਂ ਪੜ੍ਹ ਸਕੇ।

ਉਹ ਕਹਿੰਦੇ ਹਨ ਕਿ ਸਿਰਫ਼ ਪੰਜਾਬੀ ਵਿੱਚ ਕਵਿਤਾਵਾਂ ਲਿਖ ਲੈਣਾ ਹੀ ਮਾਂ ਬੋਲੀ ਦੀ ਸੇਵਾ ਨਹੀਂ, ਬੋਲੀ ਦੀ ਵਰਤੋਂ ਅਤੇ ਬੋਲੀ ਨੂੰ ਸਮਕਾਲੀ ਤਕਨੀਕ ਦੇ ਹਾਣ ਦਾ ਬਣਾਉਣਾ ਅਤੇ ਲੋਕਾਂ ਤੱਕ ਪਹੁੰਚਾਉਣ ਦੇ ਸਾਧਨ ਵਿਕਸਿਤ ਕਰਨਾ ਅਸਲ ਵਿੱਚ ਪੰਜਾਬੀ ਬੋਲੀ ਦੀ ਸੇਵਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)