ਸੁਖਵਿੰਦਰ ਅੰਮ੍ਰਿਤ: ਜਿਸ ਦੀ ਗੀਤਾਂ ਵਾਲੀ ਕਾਪੀ ਚੁੱਲ੍ਹੇ ’ਚ ਡਾਹ ਦਿੱਤੀ ਸੀ, ਉਹ ਕਿਵੇਂ ਔਰਤਾਂ ਦੀ ਅਵਾਜ਼ ਬਣੀ

 ਸੁਖਵਿੰਦਰ ਅੰਮ੍ਰਿਤ
ਤਸਵੀਰ ਕੈਪਸ਼ਨ, ਕਵਿਤਰੀ ਸੁਖਵਿੰਦਰ ਅੰਮ੍ਰਿਤ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

“ਤਪਿਸ਼ ਆਖਣ ਜਾਂ ਲੋਅ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ

ਭੰਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ

ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ’ਤੇ ਤਾਜ ਕਿਉਂ ਹੋਵੇ…”

ਇਹ ਸਤਰਾਂ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਗਜ਼ਲ-ਸੰਗ੍ਰਹਿ ‘ਪੱਤਝੜ ਵਿੱਚ ਪੁੰਗਰਦੇ ਪੱਤੇ’ ਦੀ ਇੱਕ ਗਜ਼ਲ ਵਿੱਚੋਂ ਹਨ।

ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ-ਪਛਾਣਿਆ ਤੇ ਸਨਮਾਨਿਤ ਨਾਮ ਹਨ। ਸੁਖਵਿੰਦਰ ਅੰਮ੍ਰਿਤ ਦੀਆਂ ਹੁਣ ਤੱਕ 9 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਪਹਿਲੀ ਕਿਤਾਬ ‘ਸੂਰਜ ਦੀ ਦਹਿਲੀਜ਼’ ਸਾਲ1997 ਵਿੱਚ ਆਈ ਸੀ।

ਇਸ ਤੋਂ ਇਲਾਵਾ ਉਹ ਨਾਮੀ ਹਿੰਦੀ ਲੇਖਕ ਧਰਮਵੀਰ ਭਾਰਤੀ ਦੀਆਂ ਦੋ ਕਿਤਾਬਾਂ ਕਨੂਪ੍ਰਿਆ ਤੇ ਅੰਨਾਂ ਯੁੱਗ ਸਣੇ ਚਾਰ ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕਰ ਚੁੱਕੇ ਹਨ।

ਸੁਖਵਿੰਦਰ ਅੰਮ੍ਰਿਤ ਦੀਆਂ ਲਿਖਤਾਂ ਵਿੱਚ ਅਕਸਰ ਪੁਰਸ਼ ਪ੍ਰਧਾਨ ਸਮਾਜ ਵੱਲੋਂ ਔਰਤ ਜਾਤੀ ਨੂੰ ਦਬ ਕੇ ਰੱਖਣ ਦੇ ਵਿਰਤਾਰੇ ਪ੍ਰਤੀ ਦਰਦ ਤੇ ਰੋਹ ਝਲਕਦਾ ਹੈ। ਉਹ ਕਹਿੰਦੇ ਵੀ ਹਨ ਕਿ ਬਹੁਤੀਆਂ ਕਵਿਤਾਵਾਂ ਉਨ੍ਹਾਂ ਦੇ ਨਿੱਜੀ ਅਨੁਭਵਾਂ ਤੋਂ ਨਿਕਲੀਆਂ ਹਨ।

ਬੀਬੀਸੀ ਪੰਜਾਬੀ ਦੀ ਇੰਟਰਵਿਊ ਲੜੀ ‘ਜ਼ਿੰਦਗੀਨਾਮਾ’ ਤਹਿਤ ਸੁਖਵਿੰਦਰ ਅੰਮ੍ਰਿਤ ਹੁਰਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ। ਉਹ ਮੁਹਾਲੀ ਵਿਖੇ ਆਪਣੇ ਪਤੀ ਅਮਰਜੀਤ ਸਿੰਘ ਦੇ ਨਾਲ ਰਹਿੰਦੇ ਹਨ।

ਵੀਡੀਓ ਕੈਪਸ਼ਨ, ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ-ਪਛਾਣਿਆ ਤੇ ਸਨਮਾਨਿਤ ਨਾਮ ਹਨ

ਘਰੇਲੂ ਹਿੰਸਾ ਤੇ ਸਹਿਮ ਦੇ ਮਾਹੌਲ ਵਿੱਚ ਬੀਤਿਆ ਬਚਪਨ

ਸੁਖਵਿੰਦਰ ਅੰਮ੍ਰਿਤ 11 ਦਸੰਬਰ, 1963 ਨੂੰ ਲੁਧਿਆਣਾ ਦੇ ਪਿੰਡ ਸਦਰਪੁਰਾ ਵਿੱਚ ਜਨਮੇ। ਉਨ੍ਹਾਂ ਦੇ ਪਿਤਾ ਦਾ ਨਾਮ ਗੁਰਨਾਮ ਸਿੰਘ ਅਤੇ ਮਾਂ ਦਾ ਨਾਮ ਅਮਰਜੀਤ ਕੌਰ ਸੀ।

ਸੁਖਵਿੰਦਰ ਅੰਮ੍ਰਿਤ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਹੈ। ਸੁਖਵਿੰਦਰ ਅੰਮ੍ਰਿਤ ਦੱਸਦੇ ਹਨ ਕਿ ਛੋਟੀ ਉਮਰ ਵਿੱਚ ਹੀ ਉਹ ਤੁਕਬੰਦੀ ਕਰ ਲੈਂਦੇ ਸਨ, ਪਰ ਉਨ੍ਹਾਂ ਦੇ ਘਰ ਵਿੱਚ ਇਸ ਦੀ ਇਜਾਜ਼ਤ ਨਹੀਂ ਸੀ।

ਉਨ੍ਹਾਂ ਨੂੰ ਨੌਂਵੀਂ ਜਮਾਤ ਬਾਅਦ ਪੜ੍ਹਾਈ ਤੋਂ ਵੀ ਹਟਾ ਲਿਆ ਗਿਆ ਸੀ। ਉਹ ਅਕਸਰ ਜ਼ਿਕਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਵੀ ਝਲਕਦਾ ਹੈ ਕਿ ਬਚਪਨ ਵਿੱਚ ਉਨ੍ਹਾਂ ਦੇ ਘਰ ਦਾ ਮਾਹੌਲ ਸੁਖਾਵਾਂ ਨਹੀਂ ਸੀ।

ਸੁਖਵਿੰਦਰ ਅੰਮ੍ਰਿਤ

ਤਸਵੀਰ ਸਰੋਤ, Sukhwinder Amrit/FB

ਤਸਵੀਰ ਕੈਪਸ਼ਨ, ਸੁਖਵਿੰਦਰ ਅੰਮ੍ਰਿਤ ਦੀ ਇੱਕ ਕਵੀ ਦਰਬਾਰ ਪੁਰਾਣੀ ਤਸਵੀਰ

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਅਤੇ ਸਾਰੇ ਭੈਣ-ਭਰਾ ਪਿਤਾ ਦੇ ਪਿਆਰਹੀਣ ਤੇ ਅੜ੍ਹਬ ਸੁਭਾਅ ਕਰਕੇ ਡਰੇ-ਸਹਿਮੇ ਰਹਿੰਦੇ ਸੀ ਅਤੇ ਪਿਤਾ ਦੀ ਅਵਾਜ਼ ਸੁਣ ਕੇ ਹੀ ਲੁਕ ਜਾਂਦੇ ਸੀ।

ਸੁਖਵਿੰਦਰ ਦੱਸਦੇ ਹਨ,“ਪਿਤਾ ਪਿਤਾ ਦੇ ਅੜ੍ਹਬ ਸੁਭਾਅ ਤੋਂ ਡਰ ਕੇ ਮਾਂ ਉਨ੍ਹਾਂ ਦੀ ਗੀਤਾਂ ਵਾਲੀ ਕਾਪੀ ਅਕਸਰ ਚੁੱਲ੍ਹੇ ਵਿੱਚ ਡਾਹ ਦਿੰਦੀ ਸੀ ਅਤੇ ਚੇਤਾਵਨੀ ਦਿੰਦੀ ਸੀ ਕਿ ਜੇ ਦੁਬਾਰਾ ਗੀਤ ਲਿਖੇ ਤਾਂ ਉਨ੍ਹਾਂ ਦੇ ਪਿਤਾ ਸੁਖਵਿਦੰਰ ਨੂੰ ਮਾਰ ਕੇ ਤੂੜੀ ਵਾਲੇ ਕਮਰੇ ਵਿੱਚ ਵਿੱਚ ਦੱਬ ਦੇਣਗੇ।”

ਸੁਖਵਿੰਦਰ ਅੰਮ੍ਰਿਤ ਦੱਸਦੇ ਹਨ, “ਮੈਨੂੰ ਸੱਚੀਓਂ ਲੱਗਦਾ ਸੀ ਕਿ ਜੇ ਮੈਂ ਲਿਖਿਆ ਤਾਂ ਮੇਰਾ ਪਿਓ ਮੈਨੂੰ ਸੱਚਮੁਚ ਮਾਰ ਹੀ ਦੇਵੇਗਾ।”

ਸੁਖਵਿੰਦਰ ਅੰਮ੍ਰਿਤ

ਤਸਵੀਰ ਸਰੋਤ, Sukhwinder Amrit/FB

ਤਸਵੀਰ ਕੈਪਸ਼ਨ, ਸੁਖਵਿੰਦਰ ਅੰਮ੍ਰਿਤ ਦੀਆਂ ਕਵਿਤਾਵਾਂ ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਹੰਢਾਏ ਬਚਪਨ ਦੀ ਝਲਕ ਮਿਲਦੀ ਹੈ

ਸੁਖਵਿੰਦਰ ਅੰਮ੍ਰਿਤ ਦੀਆਂ ਕਵਿਤਾਵਾਂ ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਹੰਢਾਏ ਬਚਪਨ ਦੀ ਝਲਕ ਮਿਲਦੀ ਹੈ, ਉਨ੍ਹਾਂ ਵਿੱਚੋਂ ਇੱਕ ਕਿਤਾਬ ਕਣੀਆਂ ਵਿੱਚ ਦਰਜ ‘ਉਹ ਪੁਰਸ਼’ ਕਵਿਤਾ ਵੀ ਹੈ।

ਉਹ ਪੁਰਸ਼

ਜਿਸ ਦੀ ਕੌੜੀ ਹਵਾੜ੍ਹ ਨਾਲ

ਬੁਝ ਜਾਂਦਾ ਸੀ

ਹਰ ਆਥਣ ਨੂੰ

ਕੰਧੋਲੀ ’ਤੇ ਧਰਿਆ ਦੀਵਾ

ਜਿਸ ਦੀਆਂ ਸਹਿਕਦੀਆਂ ਅੱਖਾਂ ਸਾਹਵੇਂ

ਪੈ ਜਾਂਦੀ ਸੀ

ਚੁੱਲ੍ਹੇ ਦੀ ਅੱਗ ਮੱਠੀ

ਜਿਸ ਦੀ ਦਹਾੜ ਸੁਣਦਿਆਂ ਹੀ

ਪੱਠੇ ਛੱਡ ਕੇ ਖੜੋ ਜਾਂਦੇ ਸਨ

ਗਊ ਦੇ ਜਾਏ

ਤ੍ਰਭਕ ਕੇ ਉੱਡ ਜਾਂਦੀਆਂ ਸਨ

ਡੇਕ ਤੋਂ ਨੀਂਦ ਨਾਲ ਭਰੀਆਂ ਹੋਈਆਂ ਚਿੜੀਆਂ

ਦਾਦੀ ਨੂੰ ਭੁੱਲ ਜਾਂਦਾ ਸੀ ਰਹਿਰਾਸ ਦਾ ਪਾਠ

ਕੰਬ ਕੇ ਛਲਕ ਜਾਂਦੀ ਸੀ

ਵੀਰੇ ਦੇ ਹੱਥ ਚੋਂ ਦੁੱਧ ਵਾਲੀ ਗਲਾਸੀ

ਮਾਂ ਦੇ ਹੱਥ ਚੋਂ ਛੁੱਟ ਜਾਂਦਾ ਸੀ

ਆਟੇ ਦਾ ਪੇੜਾ

ਤੇ ਦਰਵਾਜ਼ਿਆਂ ਪਿਛੇ ਲੁਕ ਜਾਂਦੀਆਂ ਸਨ

ਛੋਟੀਆਂ ਭੈਣਾਂ…

ਜਦੋਂ ਸੁਖਵਿੰਦਰ ਅੰਮ੍ਰਿਤ ਨੂੰ ਪੁੱਛਿਆ ਕਿ ਕੀ ਇਹ ਕਵਿਤਾ ਉਨ੍ਹਾਂ ਦੇ ਪਿਤਾ ਬਾਰੇ ਹੈ?

ਉਨ੍ਹਾਂ ਕਿਹਾ, “ਦਰਅਸਲ ਇਹ ਮੇਰੇ ਪਿਤਾ ਬਾਰੇ ਨਹੀਂ ਹੈ। ਇਹ ਉਸ ਪੁਰਸ਼ ਬਾਰੇ ਹੈ ਜਿਸ ਦਾ ਦਬਦਬਾ ਸਦੀਆਂ ਤੋਂ ਔਰਤ ਸਹਿ ਰਹੀ ਹੈ। ਇਹ ਉਹ ਪੁਰਸ਼ਤਵ ਬਾਰੇ ਹੈ।”

“ਉਹ ਪੁਰਸ਼ ਕਿਸੇ ਵੀ ਰਿਸ਼ਤੇ ਦੇ ਰੂਪ ਵਿੱਚ ਹੋ ਸਕਦਾ ਹੈ ਅਤੇ ਮੈਂ ਪੁਰਸ਼ ਦਾ ਸਭ ਤੋਂ ਕਰੂਰ ਰੂਪ ਆਪਣੇ ਨੇੜਲੇ ਰਿਸ਼ਤਿਆਂ ਦੇ ਵਿੱਚ ਦੇਖਿਆ, ਆਪਣੇ ਪਿਤਾ ਦੇ ਰੂਪ ਵਿੱਚ ਹੀ ਦੇਖਿਆ ਹੈ।”

ਉਹ ਕਹਿੰਦੇ ਹਨ ਕਿ ਸੁਚੇਤ ਰੂਪ ਵਿੱਚ ਉਨ੍ਹਾਂ ਨੇ ਇਹ ਕਵਿਤਾਵਾਂ ਨਹੀਂ ਲਿਖੀਆਂ, ਉਨ੍ਹਾਂ ਦੇ ਅਚੇਤ ਮਨ ਵਿੱਚ ਪਿਆ ਦੁੱਖ ਦਰਦ ਸਹਿਜੇ ਹੀ ਕਵਿਤਾਵਾਂ ਵਿੱਚ ਢਲ ਗਿਆ।

ਸੁਖਵਿੰਦਰ ਕਹਿੰਦੇ ਹਨ, ”ਪੁਰਸ਼ ਸੱਤਾ ਖ਼ਿਲਾਫ਼ ਮੇਰੇ ਮਨ ਵਿੱਚ ਜਿਹੜਾ ਰੋਹ ਸੀ ਉਹ ਇਸ ਕਵਿਤਾ ਵਿੱਚ ਨਿਕਲਿਆ। ਉਨ੍ਹਾਂ ਖ਼ਿਲਾਫ਼ ਤੁਹਾਨੂੰ ਬੋਲਣਾ ਪੈਂਦਾ, ਬਗਾਵਤ ਕਰਨੀ ਪੈਂਦੀ ਹੈ ਆਪਣੀ ਜ਼ਿੰਦਗੀ ਜਿਉਣ ਲਈ, ਆਪਣੇ ਸੁਫ਼ਨਿਆਂ ਤੱਕ ਪਹੁੰਚਣ ਲਈ। ਇਸੇ ਸੁਨੇਹੇ ਨਾਲ ਹੀ ਇਸ ਕਵਿਤਾ ਦਾ ਅੰਤ ਹੁੰਦਾ ਹੈ।”

ਇਹ ਵੀ ਪੜ੍ਹੋ-
ਸੁਖਵਿੰਦਰ ਅੰਮ੍ਰਿਤ

ਤਸਵੀਰ ਸਰੋਤ, Sukhwinder Amrit/FB

ਤਸਵੀਰ ਕੈਪਸ਼ਨ, ਸੁਖਵਿੰਦਰ ਅੰਮ੍ਰਿਤ ਬਚਪਨ ਵਿੱਚ ਸਾਖੀਆਂ ਸੁਣਦੇ ਅਤੇ ਪੜ੍ਹਦੇ ਸਨ

ਜਨਮ ਸਾਖੀਆਂ ਤੋਂ ਪ੍ਰੇਰਣਾ ਲੈਣਾ

ਸੁਖਵਿੰਦਰ ਅੰਮ੍ਰਿਤ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਦੇ ਮਾਹੌਲ ਵਿੱਚ ਇੱਕੋ ਗੱਲ ਜੋ ਸਭ ਤੋਂ ਚੰਗੀ ਸੀ ਉਹ ਇਹ ਸੀ ਕਿ ਉਨ੍ਹਾਂ ਦੇ ਘਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਜਨਮ ਸਾਖੀ’ ਹੁੰਦੀ ਸੀ।

ਉਹ ਦੱਸਦੇ ਹਨ, “ਘਰ ਵਿੱਚ ਇੱਕ ਚੰਗੀ ਪਿਰਤ ਸੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੀ ਮਾਂ ਸਾਨੂੰ ਜਨਮ ਸਾਖੀ ਪੜ੍ਹ ਕੇ ਸੁਣਾਉਂਦੀ ਸੀ। ਜਦੋਂ ਮੈਂ ਪੜ੍ਹਣ ਜੋਗੀ ਹੋ ਗਈ ਤਾਂ ਮੇਰੀ ਡਿਊਟੀ ਲੱਗ ਗਈ ਸਾਖੀ ਸੁਣਾਉਣ ਦੀ।”

“‘ਜਨਮ ਸਾਖੀ’ ਨੇ ਉਨ੍ਹਾਂ ਨੂੰ ਪੜ੍ਹਣ ਦੀ ਚੇਟਕ ਲਗਾਈ। ਕਈ ਵਾਰ ਉਨ੍ਹਾਂ ਦੀ ਮਾਂ ਗੁਰਦੁਆਰਾ ਸਾਹਿਬ ਤੋਂ ਹੋਰ ਸਾਖੀਆਂ ਵੀ ਲੈ ਆਉਂਦੀ ਸੀ।”

ਸੁਖਵਿੰਦਰ ਅੰਮ੍ਰਿਤ

ਤਸਵੀਰ ਸਰੋਤ, Sukhwinder Amrit/FB

ਤਸਵੀਰ ਕੈਪਸ਼ਨ, ਸੁਖਵਿੰਦਰ ਅੰਮ੍ਰਿਤ ਆਪਣੀ ਕੋਈ ਰਚਨਾ ਸੁਣਾਉਂਦੇ ਹੋਏ

ਸਹੁਰੇ ਘਰ ਵੀ ਬਲਦਾ ਸੀ ਉਹ ‘ਕਾਪੀਆਂ ਸਾੜ੍ਹਣ ਵਾਲਾ ਚੁੱਲ੍ਹਾ’

ਸ਼ਾਇਰਾ ਸੁਖਵਿੰਦਰ ਅੰਮ੍ਰਿਤ ਕਹਿੰਦੇ ਹਨ ਕਿ ਉਹ ਅਕਸਰ ਅਰਦਾਸਾਂ ਕਰਦੇ ਸੀ ਕਿ ਜਲਦੀ ਉਨ੍ਹਾਂ ਦਾ ਵਿਆਹ ਹੋ ਜਾਵੇ ਤਾਂ ਕਿ ਪੇਕੇ ਘਰ ਦੇ ਤਲਖ਼ ਅਤੇ ਘੁਟਣ ਭਰੇ ਮਾਹੌਲ ਵਿੱਚੋਂ ਉਨ੍ਹਾਂ ਨੂੰ ਅਜ਼ਾਦੀ ਮਿਲ ਸਕੇ।

ਉਹ ਕਹਿੰਦੇ ਹਨ, “ਜਦੋਂ ਮੈਨੂੰ ਪੜ੍ਹਣੋਂ ਹਟਾ ਲਿਆ ਗਿਆ ਤਾਂ ਮੈਨੂੰ ਚਾਰੇ ਪਾਸੇ ਕੰਧਾਂ ਹੋਰ ਉੱਚੀਆਂ ਦਿਸਣ ਲੱਗੀਆਂ। ਮੈਨੂੰ ਜਾਪਣ ਲੱਗਾ ਕਿ ਹੁਣ ਮੈਨੂੰ ਵੀ ਆਪਣੀ ਮਾਂ ਵਰਗੀ ਹੀ ਜ਼ਿੰਦਗੀ ਕੱਟਣੀ ਪਊਗੀ। ਫਿਰ ਮੈਨੂੰ ਖਿਆਲ ਆਇਆ ਕਿ ਮੇਰਾ ਇੱਕ ਘਰ ਹੋਰ ਵੀ ਹੈ, ਇੱਕ ਪਰਿਵਾਰ ਹੋਰ ਵੀ ਹੈ ਜੋ ਸ਼ਾਇਦ ਬਹੁਤ ਵਧੀਆ ਹੋਵੇ, ਜੋ ਮੇਰੀ ਕਵਿਤਾ ਲਿਖਣ ਦੀ ਚਾਹਤ ਨੂੰ ਸਮਝ ਸਕੇ।”

ਫਿਰ ਸਤਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਲੁਧਿਆਣਾ ਦੇ ਹੀ ਅਮਰਜੀਤ ਸਿੰਘ ਨਾਲ ਹੋ ਗਿਆ।

ਸੁਖਵਿੰਦਰ ਅੰਮ੍ਰਿਤ ਦੱਸਦੇ ਹਨ ਕਿ ਉਨ੍ਹਾਂ ਦੀ ਕਵਿਤਾ ਲਿਖਣ ਦੀ ਚਾਹਤ ਪ੍ਰਤੀ ਸਹੁਰੇ ਘਰ ਵਿੱਚ ਵੀ ਮਾਹੌਲ ਕੋਈ ਬਹੁਤ ਵੱਖਰਾ ਨਹੀਂ ਸੀ।

ਉਹ ਦੱਸਦੇ ਹਨ ਕਿ ਜਿਵੇਂ ਪਹਿਲਾ ਉਨ੍ਹਾਂ ਦੀ ਮਾਂ ਗੀਤਾਂ ਵਾਲੀ ਕਾਪੀ ਚੁੱਲ੍ਹੇ ਵਿੱਚ ਡਾਹ ਦਿੰਦੀ ਸੀ, ਹੁਣ ਉਨ੍ਹਾਂ ਦੀ ਸੱਸ ਉਨ੍ਹਾਂ ਦੀ ਕਾਪੀ ਸਾੜ ਦਿੰਦੀ ਸੀ।

ਸਹੁਰੇ ਘਰ ਵੀ ਉਨ੍ਹਾਂ ਨੂੰ ਗੀਤ ਲਿਖਣ ਦੀ ਇਜਾਜ਼ਤ ਨਹੀਂ ਸੀ। ਲਗਾਤਾਰ ਕੋਸ਼ਿਸ਼ਾਂ ਕਰਦਿਆਂ ਵਿਆਹ ਤੋਂ ਗਿਆਰਾਂ ਸਾਲ ਬਾਅਦ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਪਤੀ ਤੋਂ ਅੱਗੇ ਦੀ ਪੜ੍ਹਾਈ ਕਰਨ ਅਤੇ ਕਵਿਤਾ ਲਿਖਣ ਦੀ ਇਜਾਜ਼ਤ ਮਿਲੀ।

ਫਿਰ ਸੁਖਵਿੰਦਰ ਅੰਮ੍ਰਿਤ ਨੇ ਉਸੇ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਕੀਤੀ ਜਿੱਥੇ ਉਨ੍ਹਾਂ ਦੇ ਬੇਟਾ-ਬੇਟੀ ਵੀ ਪੜ੍ਹ ਰਹੇ ਸਨ। ਇਸ ਤੋਂ ਬਾਅਦ ਸੁਖਵਿੰਦਰ ਅੰਮ੍ਰਿਤ ਨੇ ਸਿੱਖਿਆ ਜਾਰੀ ਰੱਖੀ ਅਤੇ ਸਾਹਿਤ ਦੇ ਹੋਰ ਨੇੜੇ ਹੋਏ।

ਸੁਖਵਿੰਦਰ ਅੰਮ੍ਰਿਤ

ਤਸਵੀਰ ਸਰੋਤ, Sukhwinder Amrit/FB

ਤਸਵੀਰ ਕੈਪਸ਼ਨ, ਸੁਖਵਿੰਦਰ ਅੰਮ੍ਰਿਤ ਸਬਰ ਅਤੇ ਸਿਦਕ ਨਾਲ ਆਪਣੇ ਰਾਹ ਤੁਰੇ ਅਤੇ ਕਵਿਤਾ ਉਨ੍ਹਾਂ ਦੀ ਪਛਾਣ ਬਣ ਗਈ

ਕਵਿਤਾ ਨੇ ਪਛਾਣ ਦਿੱਤੀ ਤਾਂ ਸੁਖਵਿੰਦਰ ਅੰਮ੍ਰਿਤ ਲਈ ਕੀ ਬਦਲਿਆ ?

ਸੁਖਵਿੰਦਰ ਅੰਮ੍ਰਿਤ ਸਬਰ ਅਤੇ ਸਿਦਕ ਨਾਲ ਆਪਣੇ ਰਾਹ ਤੁਰਦੇ ਗਏ ਅਤੇ ਆਖਿਰ ਉਨ੍ਹਾਂ ਦੀਆਂ ਕਵਿਤਾਵਾਂ ਛਪਣ ਲੱਗੀਆਂ, ਉਨ੍ਹਾਂ ਨੂੰ ਮੁਸ਼ਾਇਰਿਆਂ ਲਈ ਸੱਦਾ ਜਾਣ ਲੱਗਾ ਅਤੇ ਕਿਤਾਬਾਂ ਪ੍ਰਕਾਸ਼ਿਤ ਹੋਣ ਲੱਗੀਆਂ।

ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਮੌਕੇ ਅਤੇ ਜ਼ਿੰਦਗੀ ਦੇ ਤਜਰਬਿਆਂ ਨੇ ਉਨ੍ਹਾਂ ਅੰਦਰ ਹੋਰ ਚੇਤਨਾ ਪੈਦਾ ਕੀਤੀ ਅਤੇ ਉਨ੍ਹਾਂ ਦੀ ਕਵਿਤਾ ਨੂੰ ਨਿੱਖਰਨ ਦਾ ਮੌਕਾ ਮਿਲਿਆ।

ਅੰਮ੍ਰਿਤ ਦੱਸਦੇ ਹਨ, “ਮੈਨੂੰ ਸ਼ੁਰੂਆਤ ਵਿੱਚ ਇੰਨਾਂ ਚਾਅ ਹੁੰਦਾ ਸੀ ਕਿ ਛੇ ਮਹੀਨਿਆਂ ਅੰਦਰ ਕਿਤਾਬ ਤਿਆਰ ਕਰ ਲੈਂਦੀ ਸੀ।”

ਸ਼ਾਇਰਾ ਵਜੋਂ ਸੁਖਵਿੰਦਰ ਅੰਮ੍ਰਿਤ ਦੀ ਪਛਾਣ ਬਣੀ ਤਾਂ ਪਰਿਵਾਰ ਦਾ ਰਵੱਈਆ ਵੀ ਬਦਲਿਆ।

ਉਹ ਕਹਿੰਦੇ ਹਨ ਕਿ ਪਰਿਵਾਰ ਵੀ ਪਹਿਲਾਂ ਅਚੰਭਿਤ ਹੋ ਜਾਂਦਾ ਸੀ ਕਿ ਇਸ ਨੇ ਅਜਿਹਾ ਕੀ ਕੀਤਾ ਹੈ ਕਿ ਇਸ ਦੀ ਤਸਵੀਰ ਅਖਬਾਰਾਂ ’ਚ ਜਾਂ ਟੀਵੀ ਵਿੱਚ ਆਉਣ ਲੱਗ ਪਈ ਹੈ।

ਸੁਖਵਿੰਦਰ ਅੰਮ੍ਰਿਤ ਦੱਸਦੇ ਹਨ ਕਿ ਫਿਰ ਪਰਿਵਾਰ ਉਨ੍ਹਾਂ ’ਤੇ ਮਾਣ ਮਹਿਸੂਸ ਕਰਨ ਲੱਗਾ ਸੀ।

ਇੱਕ ਸਮਾਂ ਅਜਿਆ ਆਇਆ ਕਿ ਉਨ੍ਹਾਂ ਦੀ ਸੱਸ ਵੀ ਨਵੀਂ ਛਪੀ ਕਿਤਾਬ ਦੇਖ ਕੇ ਖੁਸ਼ ਹੁੰਦੇ ਸਨ ਅਤੇ ਹੋਰ ਲਿਖਣ ਲਈ ਕਹਿੰਦੇ ਸਨ।

 ਸੁਖਵਿੰਦਰ ਅੰਮ੍ਰਿਤ

ਕਵਿਤਾਵਾਂ ਲਿਖ ਸਕਣਾ ਸੁਖਵਿੰਦਰ ਅੰਮ੍ਰਿਤ ਲਈ ਇੱਕ ਜਿੱਤ ਵਰਗਾ ਸੀ।

ਸੁਖਵਿੰਦਰ ਕਹਿੰਦੇ ਹਨ, “ਹੁਣ ਜਦੋਂ ਮੈਂ ਇੰਨਾਂ ਕੁਝ ਲਿਖ ਲਿਆ ਔਰਤ ਜਾਤੀ ਦੇ ਦੁੱਖਾਂ ਬਾਰੇ, ਸੰਵੇਦਨਾਂ, ਭਾਵਨਾਵਾਂ ਤੇ ਇੱਛਾਵਾਂ ਬਾਰੇ, ਹੁਣ ਮੈਨੂੰ ਲੱਗਦਾ ਹੁੰਦਾ ਹੈ ਕਿ ਮੈਂ ਆਪਣੀ ਮਾਂ ਦਾ ਵੀ ਬਦਲਾ ਲੈ ਲਿਆ, ਉਸ ਦੇ ਦੁੱਖ-ਸੁੱਖ ਮੈਂ ਲਿਖ ਦਿੱਤੇ।”

ਉਨ੍ਹਾਂ ਕਿਹਾ ਕਿ ਭਾਵੇਂ ਬਹੁਤੀਆਂ ਕਵਿਤਾਵਾਂ ਵਿੱਚ ਉਨ੍ਹਾਂ ਦੇ ਆਪਣੇ ਘਰ, ਬਚਪਨ ਦੀ ਤਸਵੀਰ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਇਹ ਸਿਰਫ਼ ਉਨ੍ਹਾਂ ਦੇ ਘਰ ਦੀ ਕਹਾਣੀ ਨਹੀਂ ਬਲਕਿ ਸਮੁੱਚੀ ਔਰਤ ਜਾਤੀ ਦਾ ਦਰਦ ਇਨ੍ਹਾਂ ਕਵਿਤਾਵਾਂ ਵਿੱਚ ਸਮੋਇਆ ਹੋਇਆ ਹੈ।

ਸੁਖਵਿੰਦਰ ਅੰਮ੍ਰਿਤ ਦੱਸਦੇ ਹਨ ਕਿ ਉਨ੍ਹਾਂ ਨੂੰ ਸੁਰਜੀਤ ਪਾਤਰ, ਗੁਰਬਚਨ ਸਿੰਘ ਭੁੱਲਰ, ਸੰਤ ਸਿੰਘ ਸੇਖੋਂ ਅਤੇ ਮੋਹਨ ਸਿੰਘ ਵਰਗੇ ਲੇਖਕਾਂ ਕੋਲ਼ੋਂ ਉਨ੍ਹਾਂ ਨੂੰ ਬਹੁਤ ਹੌਸਲਾ ਅਫਜ਼ਾਈ ਮਿਲੀ ਹੈ।

ਪੰਜਾਬ ਦੀਆਂ ਪ੍ਰਸਿੱਧ ਕਹਾਣੀਕਾਰ ਬੀਬੀਆਂ ਅਜੀਤ ਕੌਰ ਅਤੇ ਦਲੀਪ ਕੌਰ ਟਿਵਾਣਾ ਤੋਂ ਵੀ ਉਨ੍ਹਾਂ ਨੂੰ ਪ੍ਰਸ਼ੰਸਾ ਹਾਸਿਲ ਹੋਈ ਸੀ।

ਸੁਖਵਿੰਦਰ ਅੰਮ੍ਰਿਤ ਹੁਰਾਂ ਬਾਰੇ ਜਲੰਧਰ ਦੂਰਦਰਸ਼ਨ ਦੀ ਇੱਕ ਦਸਤਾਵੇਜ਼ੀ ਫ਼ਿਲਮ ਵਿੱਚ ਦਲੀਪ ਕੌਰ ਟਿਵਾਣਾ ਕਹਿੰਦੇ ਹਨ, “ਸੁਖਵਿੰਦਰ ਅੰਮ੍ਰਿਤ ਉਨ੍ਹਾਂ ਵਿਰਲੀਆਂ ਔਰਤਾਂ ਵਿੱਚੋਂ ਹੈ ਜੋ ਜ਼ਿੰਦਗੀ ਨਾਲ ਗੀਟਿਆਂ ਵਾਂਗ ਖੇਡਦੀਆਂ ਹਨ।”

ਟਿਵਾਣਾ ਨੇ ਕਿਹਾ,“ਉਹ ਆਪਣੀ ਰਚਨਾਤਮਕ ਪ੍ਰਤਿਭਾ ਨਾਲ ਕੋਸ਼ਿਸ਼ ਕਰਦੀ ਹੈ ਕਿ ਅੰਦਰੋਂ ਤਾਰੇ ਤੋੜ ਲਿਆਵੇ ਅਤੇ ਸਮੁੰਦਰਾਂ ਦੇ ਪਾਣੀਆਂ ਨੂੰ ਹੰਗਾਲ ਕੇ ਮੋਤੀ ਲੱਭ ਲਿਆਵੇ। ਉਹ ਇਹ ਵੀ ਕੋਸ਼ਿਸ਼ ਕਰਦੀ ਹੈ ਕਿ ਪੱਥਰ ਵਿੱਚੋਂ ਕਿਸੇ ਦੇਵਤੇ ਨੂੰ ਸਿਰਜ ਦੇਵੇ। ਉਹ ਗਾਉਂਦੀ ਤੁਰੀ ਜਾ ਰਹੀ ਹੈ ਅਤੇ ਕਵਿਤਾਵਾਂ ਪੱਤਿਆਂ ਵਾਂਗ ਓਹਦੇ ਕੋਲੋਂ ਝੜਦੀਆਂ ਜਾ ਰਹੀਆਂ ਹਨ।”

ਸੁਖਵਿੰਦਰ ਅੰਮ੍ਰਿਤ
ਤਸਵੀਰ ਕੈਪਸ਼ਨ, ਸੁਖਵਿੰਦਰ ਮੰਨਦੇ ਹਨ ਹਨ ਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤਾਂ ਲਈ ਮੌਕੇ ਘੱਟ ਜਾਂਦੇ ਹਨ

ਔਰਤ ਦੀ ਪੰਜਾਬੀ ਸਾਹਿਤਕ ਦੁਨੀਆਂ ਵਿੱਚ ਥਾਂ ?

ਸੁਖਵਿੰਦਰ ਅੰਮ੍ਰਿਤ ਇਹ ਮਹਿਸੂਸ ਕਰਦੇ ਹਨ ਕਿ ਹਾਲੇ ਤੱਕ ਵੀ ਸਾਹਿਤ ਦੀ ਦੁਨੀਆਂ ਵਿੱਚ ਕੁੜੀਆਂ ਨੂੰ ਉਹ ਥਾਂ ਨਹੀਂ ਮਿਲਦੀ ਜੋ ਮਿਲਣੀ ਚਾਹੀਦੀ ਹੈ।

ਉਹ ਕਹਿੰਦੇ ਹਨ ਕਿ, “ਪੁਰਸ਼ ਪ੍ਰਧਾਨਗੀ ਹੋਣ ਕਰਕੇ ਅੱਜ ਵੀ ਬਹੁਤੀਆਂ ਸਾਹਿਤਕ ਸਟੇਜਾਂ ’ਤੇ ਇੱਕ ਵੀ ਕੁੜੀ ਨਜ਼ਰ ਨਹੀਂ ਆਉਂਦੀ।”

ਉਹ ਕਹਿੰਦੇ ਹਨ, ”ਹੁਣ ਮੈਨੂੰ ਫਿਰ ਵੀ ਕਈ ਮੁਸ਼ਾਹਰਿਆਂ ਦਾ ਸੱਦਾ ਆਉਂਦਾ ਹੈ, ਪਰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਸਾਹਮਣੇ ਸਟੇਜ ਉੱਤੇ ਜਾਂ ਤਾਂ ਸਾਰੇ ਹੀ ਮਰਦ ਹੁੰਦੇ ਹਨ ਤਾਂ ਬਹੁ-ਗਿਣਤੀ ਮਰਦ ਹੁੰਦੇ ਹਨ।”

ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਇੱਕ ਔਰਤ ਦੀ ਪ੍ਰਤਿਭਾ ਦੀ ਕਦਰ ਕਰਨ ਦੀ ਬਜਾਇ ਅਕਸਰ ਉਸ ਨੂੰ ਸਿਰਫ਼ ਇੱਕ ਔਰਤ ਵਜੋਂ ਹੀ ਦੇਖਿਆ ਜਾਂਦਾ ਹੈ।

ਸੁਖਵਿੰਦਰ ਦਾ ਕਹਿਣਾ ਹੈ ਕਿ ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਲਈ ਮਰਦ ਦੇ ਬਰਾਬਰ ਵਿਚਰਨਾ ਬਹੁਤ ਔਖਾ ਹੈ।

“ਸਾਨੂੰ ਪੈਰ-ਪੈਰ ‘ਤੇ ਇਮਤਿਹਾਨ ਦੇਣਾ ਪੈਂਦਾ ਹੈ, ਆਪਣੇ-ਆਪ ਨੂੰ ਸਿੱਧ ਕਰਨਾ ਪੈਂਦਾ ਹੈ ਕਿ ਮੈਂ ਵੀ ਕੁਝ ਕਰ ਸਕਦੀ ਹਾਂ, ਕਿਤਾਬਾਂ ਪੜ੍ਹ ਸਕਦੀ ਹਾਂ ਲਿਖ ਸਕਦੀ ਹਾਂ। ਸਾਡੇ ਸਮਾਜ ਵਿੱਚ ਹਾਲੇ ਵੀ ਅਜਿਹਾ ਹੈ ਕਿ ਔਰਤ ਦੀ ਪ੍ਰਤਿਭਾ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।”

ਪੰਜਾਬੀ ਸਾਹਿਤਕਾਰਾਂ ਵਿੱਚ ਬੀਬੀਆਂ ਦੀ ਗਿਣਤੀ ਵੀ ਪੁਰਸ਼ਾਂ ਦੀ ਮੁਕਾਬਲੇ ਘੱਟ ਹੈ। ਇਸ ਬਾਰੇ ਸੁਖਵਿੰਦਰ ਅੰਮ੍ਰਿਤ ਕਹਿੰਦੇ ਹਨ ਕਿ ਪਿਛਲੇ ਜ਼ਮਾਨੇ ਵਿੱਚ ਬਹੁਤ ਘੱਟ ਕੁੜੀਆਂ ਨੂੰ ਉੱਚ ਸਿੱਖਿਆ ਦਾ ਮੌਕਾ ਮਿਲਦਾ ਸੀ। ਉਹ ਕਹਿੰਦੇ ਹਨ, “ਜੇ ਕੁੜੀਆਂ ਪੜ੍ਹਦੀਆਂ ਵੀ ਸੀ ਤਾਂ ਇਸ ਦਾ ਮਕਸਦ ਨੌਕਰੀ ਹਾਸਲ ਕਰਨ ਤੱਕ ਹੀ ਹੁੰਦਾ ਹੈ, ਕੋਈ ਵੀ ਕੁੜੀ ਇਸ ਲਈ ਨਹੀਂ ਪੜ੍ਹਦੀ ਕਿ ਉਸ ਨੇ ਸਾਹਿਤ ਰਚਨਾ ਹੈ।”

ਉਹ ਕਹਿੰਦੇ ਹਨ ਕਿ ਪਿਛਲੇ ਕੁਝ ਸਮੇਂ ਤੋਂ ਕੁੜੀਆਂ ਨੂੰ ਪੜ੍ਹਣ ਦੇ ਬਿਹਤਰ ਮੌਕੇ ਮਿਲਣ ਲੱਗੇ ਹਨ। ਹੁਣ ਕੁੜੀਆਂ ਪੰਜਾਬੀ ਸਾਹਿਤ ਨਾਲ ਜੁੜਨ ਲੱਗੀਆਂ ਹਨ।”

ਸੁਖਵਿੰਦਰ ਅੰਮ੍ਰਿਤ ਮੁਤਾਬਕ ਹਰ ਖੇਤਰ ਵਿੱਚ ਕੁੜੀਆਂ ਦੀ ਗਿਣਤੀ ਵਧ ਰਹੀ ਹੈ ਤੇ ਸਾਹਿਤਕ ਖੇਤਰ ਵਿੱਚ ਵੀ ਵਧੇਗੀ।

ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਨੇ ਸਾਹਿਤ ਵਿੱਚ ਰੁਚੀ ਰੱਖਣ ਵਾਲੀਆਂ ਨਵੀਂ ਕੁੜੀਆਂ ਦਾ ਬਹੁਤ ਹੌਂਸਲਾ ਵਧਾਇਆ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)