ਸਰਬਜੀਤ ਚੀਮਾ ਦੇ ਵਿਦੇਸ਼ ’ਚ ਕੀਤੇ ਸੰਘਰਸ਼ ਤੋਂ ਕਿਵੇਂ ਨਿਕਲਿਆ, ‘ਰੰਗਲਾ ਪੰਜਾਬ ਗੀਤ’

ਸਰਬਜੀਤ ਚੀਮਾ
ਤਸਵੀਰ ਕੈਪਸ਼ਨ, ਗਾਇਕੀ ਦੇ ਖੇਤਰ ਵਿੱਚ ਕਰੀਅਰ ਬਣਾਉਣ ਬਾਰੇ ਸਰਬਜੀਤ ਚੀਮਾ ਸਕੂਲ ਅਤੇ ਕਾਲਜ ਵਿੱਚ ਪੜ੍ਹਦਿਆਂ ਖੇਡਾਂ ਵਿੱਚ ਵਧੇਰੇ ਰੁਚੀ ਰੱਖਦੇ ਸੀ।
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਸਰਬਜੀਤ ਚੀਮਾ ਦਾ ਗਾਇਕੀ ਵਿੱਚ ਆਉਣਾ ਭਾਵੇਂ ਇੱਕ ਸਬੱਬ ਰਿਹਾ ਹੋਵੇ, ਪਰ ਉਨ੍ਹਾਂ ਦਾ ਸਟਾਰ ਬਣਨਾ ਕੋਈ ਸਬੱਬ ਨਹੀਂ ਬਲਕਿ ਇਸ ਪਿੱਛੇ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਹੁਨਰ ਹੈ।

ਚੀਮਾ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸਥਾਪਿਤ ਨਾਮ ਹਨ। ਸਟੇਜਾਂ ‘ਤੇ ਭੰਗੜੇ ਨਾਲ ਪੇਸ਼ਕਾਰੀਆਂ ਅਤੇ ਭੰਗੜੇ ਵਾਲੇ ਗੀਤ ਚੀਮਾ ਦੀ ਵਿਲੱਖਣ ਪਛਾਣ ਬਣਾਉਂਦੇ ਹਨ।

ਸਰਬਜੀਤ ਚੀਮਾ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿੰਦੇ ਹਨ, ਪੰਜਾਬ ਵਿੱਚ ਵਿਆਹਾਂ ਦੇ ਪ੍ਰੋਗਰਾਮਾਂ ਅਤੇ ਹੋਰ ਰੁਝੇਵਿਆਂ ਕਰਕੇ ਉਹ ਪੰਜਾਬ ਆਏ ਹੋਏ ਸਨ ਜਦੋਂ ਸਾਡਾ ਉਨ੍ਹਾਂ ਨਾਲ ਜ਼ਿੰਦਗੀਨਾਮਾ ਲੜੀ ਤਹਿਤ ਇੰਟਰਵਿਊ ਕਰਨ ਸਬੰਧੀ ਰਾਬਤਾ ਹੋਇਆ।

ਚੀਮਾ ਦੇ ਜਲੰਧਰ ਸਥਿਤ ਘਰ ਵਿੱਚ ਉਨ੍ਹਾਂ ਦੇ ਗਾਇਕੀ ਵਿੱਚ ਸਫਰ ਅਤੇ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਹੋਈਆਂ।

ਉਨ੍ਹਾਂ ਦਾ ਜੱਦੀ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਚੀਮਾ ਕਲਾਂ ਹੈ। ਉਹ 1 ਮਈ, 1968 ਨੂੰ ਪਿਆਰਾ ਸਿੰਘ ਦੇ ਘਰ ਜਨਮੇ। ਉਹਨਾਂ ਦੇ ਮਾਤਾ ਦਾ ਨਾਮ ਹਰਭਜਨ ਕੌਰ ਹੈ। ਉਹ ਸਧਾਰਨ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਖੇਡਾਂ ਤੋਂ ਭੰਗੜਾ ਅਤੇ ਭੰਗੜੇ ਤੋਂ ਗਾਇਕੀ ਤੱਕ

ਗਾਇਕੀ ਦੇ ਖੇਤਰ ਵਿੱਚ ਕਰੀਅਰ ਬਣਾਉਣ ਬਾਰੇ ਸਰਬਜੀਤ ਚੀਮਾ ਸਕੂਲ ਅਤੇ ਕਾਲਜ ਵਿੱਚ ਪੜ੍ਹਦਿਆਂ ਖੇਡਾਂ ਵਿੱਚ ਵਧੇਰੇ ਰੁਚੀ ਰੱਖਦੇ ਸੀ। ਉਹ ਕਬੱਡੀ ਅਤੇ ਹਾਕੀ ਦੇ ਖਿਡਾਰੀ ਰਹੇ ਹਨ।

ਹਾਕੀ ਖੇਡਣ ਲਈ ਹੀ ਉਨ੍ਹਾਂ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿੱਚ ਦਾਖਲਾ ਲਿਆ। ਪਰ ਸੱਟ ਲੱਗਣ ਕਾਰਨ ਉਹ ਹਾਕੀ ਅਤੇ ਕਬੱਡੀ ਦੀਆਂ ਟੀਮਾਂ ਵਿੱਚ ਸਿਲੈਕਟ ਤਾਂ ਨਹੀਂ ਹੋ ਸਕੇ ਪਰ ਦੋਸਤਾਂ ਦੇ ਕਹਿਣ ’ਤੇ ਭੰਗੜੇ ਦੇ ਟ੍ਰਾਇਲ ਵਿੱਚ ਚਲੇ ਗਏ। ਇਸ ਦੌਰਾਨ ਉਹ ਭੰਗੜਾ ਟੀਮ ਵਿੱਚ ਚੁਣੇ ਗਏ।

ਚੀਮਾ ਕਹਿੰਦੇ ਹਨ, “ਜਦੋਂ ਭੰਗੜਾ ਸ਼ੁਰੂ ਕੀਤਾ, ਤਾਂ ਭੰਗੜਾ ਹੀ ਇਬਾਦਤ ਲੱਗਣ ਲੱਗ ਪਿਆ। ਜਦੋਂ ਕੋਈ ਚੀਜ਼ ਜਨੂਨ ਦੇ ਨਾਲ ਕਰਦੇ ਹੋ, ਤਾਂ ਤੁਹਾਨੂੰ ਉਸ ਚੀਜ਼ ਨਾਲ ਮੁਹੱਬਤ ਹੋ ਜਾਂਦੀ ਹੈ। ”

ਉਹ ਦੱਸਦੇ ਹਨ ਕਿ ਭੰਗੜੇ ਵਿੱਚ ਵੀ ਉਨ੍ਹਾਂ ਦਾ ਚੰਗਾ ਨਾਮ ਬਣ ਗਿਆ ਸੀ। ਫਿਰ 1989 ਵਿੱਚ ਜਦੋਂ ਉਹ ਕੈਨੇਡਾ ਆਏ ਤਾਂ ਉਨ੍ਹਾਂ ਦਾ ਭੰਗੜੇ ਨਾਲ ਸਾਥ ਬਰਕਰਾਰ ਰਿਹਾ।

ਭੰਗੜੇ ਕਰਕੇ ਉਹ ਉੱਥੋਂ ਦੇ ਭਾਰਤੀ ਜਾਂ ਪੰਜਾਬੀ ਆਰਟ ਕਲੱਬਾਂ ਨਾਲ ਜੁੜ ਗਏ। ਇੱਕ ਆਰਟ ਕਲੱਬ ਵਿੱਚ ਉਨ੍ਹਾਂ ਦੀ ਮੁਲਾਕਾਤ ਬਲਰਾਜ ਬਾਸੀ ਨਾਲ ਹੋਈ, ਜਿਨ੍ਹਾਂ ਨੇ ਕਲੱਬ ਵਿੱਚ ਚੀਮਾ ਨੂੰ ਗਾਉਂਦਿਆਂ ਸੁਣ ਕੇ ਗਾਇਕੀ ਵੱਲ ਪ੍ਰੇਰਿਤ ਕੀਤਾ। ਚੀਮਾ ਫਿਰ ਉਨ੍ਹਾਂ ਕੋਲੋਂ ਗਾਉਣਾ ਸਿੱਖਣ ਵੀ ਜਾਂਦੇ ਰਹੇ। ਆਖਿਰਕਾਰ ਉਹਨਾਂ ਨੇ ਪ੍ਰੋਫੈਸ਼ਨਲ ਗਾਇਕੀ ਵਿੱਚ ਪੈਰ ਧਰ ਲਿਆ ਅਤੇ 1993 ਵਿੱਚ ਪਹਿਲੀ ਕੈਸਟ ‘ਯਾਰ ਨੱਚਦੇ’ ਆਈ।

ਪਹਿਲੀ ਐਲਬਮ ਤੋਂ ਬਾਅਦ ਉਨ੍ਹਾਂ ਨੂੰ ਥੋੜ੍ਹੇ ਅਖਾੜੇ ਮਿਲਣੇ ਸ਼ੁਰੂ ਹੋ ਗਏ ਸੀ, ਤੀਜੀ ਐਲਬਮ ‘ਰੰਗਲਾ ਪੰਜਾਬ’ ਸੁਪਰਹਿਟ ਰਹੀ। ਫਿਰ 1995 ਵਿੱਚ ਸਰਬਜੀਤ ਚੀਮਾ ਨੂੰ ਪੰਜਾਬ ਦੇ ਮਸ਼ਹੂਰ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿੱਚ ਗਾਉਣ ਦਾ ਮੌਕਾ ਮਿਲਿਆ।

ਉਹ ਦੱਸਦੇ ਹਨ ਕਿ ਜਿਵੇਂ ਹੀ ਦੋ-ਤਿੰਨ ਗੀਤ ਗਾ ਕੇ ਉਹ ਸਟੇਜ ਤੋਂ ਉਤਰੇ ਤਾਂ ਮੌਕੇ ’ਤੇ ਹੀ ਉਨ੍ਹਾਂ ਦੇ ਤਕਰੀਬਨ ਦਰਜਨ ਪ੍ਰੋਗਰਾਮ ਬੁੱਕ ਹੋ ਗਏ। ਇਸ ਤੋਂ ਬਾਅਦ ਪੌੜੀ ਦਰ ਪੌੜੀ ਉਹ ਸ਼ੌਹਰਤ ਵੱਲ ਵਧਦੇ ਰਹੇ।

ਭੰਗੜਾ ਚੀਮਾ ਦੇ ਗਾਇਕੀ ਕਰੀਅਰ ਵਿੱਚ ਵੀ ਬੇਹਦ ਅਹਿਮ ਰਿਹਾ ਹੈ। ਸਰਬਜੀਤ ਚੀਮਾ ਕਹਿੰਦੇ ਹਨ, “ਸਟੇਜ ‘ਤੇ ਗਾਉਣ ਦੇ ਨਾਲ-ਨਾਲ ਭੰਗੜੇ ਦੀ ਪੇਸ਼ਕਾਰੀ ਦਾ ਜੋ ਸੁਮੇਲ ਬਣਿਆ, ਉਹ ਮੈਨੂੰ ਰਾਸ ਆ ਗਿਆ।”

ਸਰਬਜੀਤ ਚੀਮਾ

ਤਸਵੀਰ ਸਰੋਤ, Sarbjit Cheema/FB

ਤਸਵੀਰ ਕੈਪਸ਼ਨ, ਪਹਿਲੀ ਐਲਬਮ ਤੋਂ ਬਾਅਦ ਉਨ੍ਹਾਂ ਨੂੰ ਥੋੜ੍ਹੇ ਅਖਾੜੇ ਮਿਲਣੇ ਸ਼ੁਰੂ ਹੋ ਗਏ ਸੀ

‘ਪਹਿਲੀ ਕੈਸਟ ਰਿਲੀਜ਼ ਕਰਨਾ ਇੱਕ ਵੱਡਾ ਰਿਸਕ ਸੀ’

ਸਰਬਜੀਤ ਚੀਮਾ ਦੀ ਪਹਿਲੀ ਕੈਸਟ ‘ਯਾਰ ਨੱਚਦੇ’ 1993 ਵਿੱਚ ਆਈ। ਉਹ ਦੱਸਦੇ ਹਨ ਕਿ ਇਸ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਦਾ ਤਕਰੀਬਨ 31,000 ਰੁਪਏ ਖ਼ਰਚਾ ਆਇਆ।

ਉਸ ਵੇਲੇ ਉਹ ਕੈਨੇਡਾ ਵਿੱਚ ਮਿਹਨਤ ਮਜ਼ਦੂਰੀ ਵਾਲੇ ਕੰਮ ਕਰਦੇ ਸਨ। ਉਹ ਕਹਿੰਦੇ ਹਨ, “ਉਸ ਵੇਲੇ ਕੈਨੇਡਾ ਤੋਂ ਪੰਜਾਬ ਆਉਣਾ, ਟਿਕਟਾਂ ਖ਼ਰੀਦਣਾ, ਕੰਮ ਛੱਡਣਾ ਬਹੁਤ ਵੱਡੀ ਗੱਲ ਲਗਦੀ ਸੀ। ਬਹੁਤ ਜ਼ਿਆਦਾ ਡਰ ਲਗਦਾ ਸੀ ਅਤੇ ਕਾਫ਼ੀ ਵੱਡਾ ਰਿਸਕ ਵੀ ਲਗਦਾ ਸੀ।”

ਚੀਮਾ ਦੱਸਦੇ ਹਨ ਕਿ ਫਿਰ ਇੱਕ-ਇੱਕ ਕਰਕੇ ਕੈਸਟ ਰਿਲੀਜ਼ ਕਰਨੀਆਂ ਆਰਥਿਕ ਪੱਖੋਂ ਉਨ੍ਹਾਂ ਲਈ ਸੌਖੀਆਂ ਹੋ ਗਈਆਂ ਸਨ। ਚੀਮਾ ਨੇ ਹੁਣ ਕਈ ਸਾਲਾਂ ਦੇ ਵਕਫ਼ੇ ਤੋਂ ਬਾਅਦ ਫ਼ਰਵਰੀ 2024 ਵਿੱਚ ਆਪਣੀ ਸੋਲਵੀਂ ਐਲਬਮ ‘ਭੰਗੜੇ ਦਾ ਕਿੰਗ’ ਰਿਲੀਜ਼ ਕੀਤੀ, ਜਿਸ ਵਿੱਚ ਤੇਰ੍ਹਾਂ ਗੀਤ ਸ਼ਾਮਲ ਕੀਤੇ ਗਏ ਹਨ।

ਕੈਨੇਡਾ ਜਾ ਕੇ ਵੱਸਣ ਦੀ ਕਹਾਣੀ

ਸਰਬਜੀਤ ਚੀਮਾ ਸਾਲ 1989 ਵਿੱਚ ਪੰਜਾਬ ਤੋਂ ਕੈਨੇਡਾ ਚਲੇ ਗਏ ਸੀ। ਉਸ ਵੇਲੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਕਰਕੇ ਕਈ ਮਾਪੇ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਸਨ। ਕੀ ਚੀਮਾ ਦੇ ਵਿਦੇਸ਼ ਜਾਣ ਦੀ ਵੀ ਇਹੋ ਵਜ੍ਹਾ ਸੀ?

ਉਹ ਕਹਿੰਦੇ ਹਨ, “ਇਹ ਕਾਰਨ ਤਾਂ ਨਹੀਂ ਸੀ। ਖ਼ੈਰ, ਮੇਰਾ ਦਿਲ ਵੀ ਨਹੀਂ ਸੀ ਕਰਦਾ ਵਿਦੇਸ਼ ਜਾਣ ਨੂੰ। ਅਜਿਹਾ ਵੀ ਨਹੀਂ ਸੀ ਕਿ ਪਰਿਵਾਰ ਬੜੇ ਪੈਸੇ ਵਾਲਾ ਹੋਵੇ, ਮਾਪੇ ਚਾਹੁੰਦੇ ਸੀ ਕਿ ਰੁਜ਼ਗਾਰ ਲਈ ਬਾਹਰ ਭੇਜ ਦਿੱਤਾ ਜਾਵੇ। ਕੁਦਰਤੀ ਮੇਰਾ ਰਿਸ਼ਤਾ ਹੋ ਗਿਆ ਤੇ ਸਹੁਰਾ ਪਰਿਵਾਰ ਕੈਨੇਡਾ ਤੋਂ ਸੀ, ਜਿਸ ਕਰਕੇ ਸਾਰੀਆਂ ਗੱਲਾਂ ਦਾ ਸੁਮੇਲ ਬਣ ਗਿਆ।”

ਚੀਮਾ ਦੱਸਦੇ ਹਨ ਕਿ ਤਕਰੀਬਨ 1995 ਤੱਕ ਉਨ੍ਹਾਂ ਨੇ ਉੱਥੇ ਕਈ ਤਰ੍ਹਾਂ ਦੀ ਸਖ਼ਤ ਮਿਹਨਤ ਵਾਲੇ ਕੰਮ ਕੀਤੇ, ਜਿਨ੍ਹਾਂ ਵਿੱਚ ਪੇਂਟ ਕਰਨ ਤੋਂ ਲੈ ਕੇ, ਪੀਜ਼ਾ ਡਲਿਵਰੀ ਕਰਨ ਅਤੇ ਡਰਾਇਵਰੀ ਤੱਕ ਸ਼ਾਮਲ ਰਹੇ ਹਨ।

ਫਿਰ ਹੌਲੀ-ਹੌਲੀ ਉਨ੍ਹਾਂ ਨੇ ਆਪਣਾ ਪੀਜ਼ਾ ਸਟੋਰ ਖੋਲ੍ਹਿਆ ਅਤੇ ਬਾਅਦ ਵਿੱਚ ਉੱਥੇ ਰੀਅਲ ਅਸਟੇਟ ਦਾ ਕਾਰੋਬਾਰ ਵੀ ਚਲਾਇਆ।

ਚੀਮਾ ਕਹਿੰਦੇ ਹਨ ਕਿ ਗਾਇਕੀ ਸ਼ੁਰੂ ਕਰਨ ਤੋਂ ਬਾਅਦ ਵੀ ਕੈਨੇਡਾ ਵਿੱਚ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਮਿਹਨਤ ਜਾਰੀ ਰੱਖੀ।

ਸਰਬਜੀਤ ਚੀਮਾ

ਤਸਵੀਰ ਸਰੋਤ, Sarbjit Cheema/FB

ਤਸਵੀਰ ਕੈਪਸ਼ਨ, ਸਰਬਜੀਤ ਚੀਮਾ ਦੀ ਪਹਿਲੀ ਕੈਸਟ ‘ਯਾਰ ਨੱਚਦੇ’ 1993 ਵਿੱਚ ਆਈ।

ਇੱਕ ਗਾਲ੍ਹ ਤੋਂ ‘ਰੰਗਲਾ ਪੰਜਾਬ’ ਗੀਤ ਦਾ ਸਫਰ

ਗੀਤ ‘ਰੰਗਲਾ ਪੰਜਾਬ’ ਨੇ ਸਰਬਜੀਤ ਚੀਮਾ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ।

ਇੱਕ ਇੰਟਰਵਿਊ ਵਿੱਚ ਚੀਮਾ ਨੇ ਦੱਸਿਆ ਸੀ ਕਿ ਕੋਈ ਸਟੇਜ ਐਸੀ ਨਹੀਂ ਹੋਣੀ ਜਿੱਥੇ ਉਨ੍ਹਾਂ ਨੇ ਇਹ ਗੀਤ ਨਾ ਗਾਇਆ ਹੋਵੇ। ਇਸ ਗੀਤ ਨੂੰ ਲਿਖਿਆ ਵੀ ਸਰਬਜੀਤ ਚੀਮਾ ਨੇ ਹੀ ਸੀ।

ਇਹ ਗੀਤ ਲਿਖੇ ਜਾਣ ਦੀ ਕਹਾਣੀ ਵੀ ਕਾਫ਼ੀ ਰੌਚਕ ਹੈ। ਜਦੋਂ ਚੀਮਾ ਨੇ ਇਹ ਗੀਤ ਲਿਖਿਆ ਸੀ ਤਾਂ ਉਸ ਵੇਲੇ ਤੱਕ ਚੀਮਾ ਦਾ ਗਾਇਕੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ।

ਸਰਬਜੀਤ ਚੀਮਾ ਦੱਸਦੇ ਹਨ ਕਿ ਜਦੋਂ ਉਹ ਨਵੇਂ-ਨਵੇਂ ਕੈਨੇਡਾ ਗਏ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਰੰਗ ਰੋਗ਼ਨ ਕਰਨ ਦਾ ਕੰਮ ਮਿਲਿਆ। ਉੱਥੇ ਕੰਮ ਦੇ ਪਹਿਲੇ ਹੀ ਦਿਨ ਉਨ੍ਹਾਂ ਨੇ ਬੌਸ ਦੇ ਸਲੂਕ ਨੇ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਾਈ, ਕਿਉਂਕਿ ਬੌਸ ਨੇ ਉਨ੍ਹਾਂ ਨੂੰ ਗਾਲ੍ਹ ਕੱਢੀ।

ਚੀਮਾ ਦੱਸਦੇ ਹਨ ਕਿ ਉਨ੍ਹਾਂ ਦਾ ਮਨ ਬਹੁਤ ਉਦਾਸ ਹੋਇਆ, ਪਰ ਉਨ੍ਹਾਂ ਨੇ ਘਰ ਵਿੱਚ ਕਿਸੇ ਨਾਲ ਵੀ ਗੱਲ ਸਾਂਝੀ ਨਾ ਕੀਤੀ। ਚੀਮਾ ਨੇ ਦੱਸਿਆ, “ਮੇਰੇ ਮਨ ਵਿੱਚ ਆਇਆ ਕਿ ਮੈਂ ਕਿੱਥੇ ਆ ਗਿਆ ਹਾਂ, ਪਿੰਡ ਵੀ ਬਾਪੂ ਦੇ ਚਾਰ-ਪੰਜ ਖੱਤੇ ਸੀ, ਰੋਟੀ ਉੱਥੇ ਵੀ ਖਾ ਹੀ ਲੈਣੀ ਸੀ, ਕਿਤੇ ਮੈਂ ਗਲਤੀ ਤਾਂ ਨਹੀਂ ਕਰ ਲਈ ਕੈਨੇਡਾ ਆ ਕੇ।”

ਉਹ ਦੱਸਦੇ ਹਨ ਕਿ ਇਸ ਉਦਾਸੀ ਵਿੱਚੋਂ ਉਨ੍ਹਾਂ ਦੇ ਚੇਤੇ ਵਿੱਚ ਕੁਝ ਸਤਰ੍ਹਾਂ ਫੁਰੀਆਂ, ‘ਮੈਂ ਪੰਜਾਬ ਦੀ ਸਿਫ਼ਤ ਸੁਣਾਵਾਂ, ਜਿੱਥੇ ਰੱਬ ਵਰਗੀਆਂ ਮਾਂਵਾਂ, ਧਰਤੀ ਪੰਜ ਦਰਿਆ ਦੀ ਰਾਣੀ, ਜਿਸ ਦਾ ਸ਼ਰਬਤ ਵਰਗਾ ਪਾਣੀ।’

ਚੀਮਾ ਨੇ ਦੱਸਿਆ ਕਿ ਫਿਰ ਇੱਕ-ਦੋ ਦਿਨ ਵਿੱਚ ਉਨ੍ਹਾਂ ਨੇ ਗੀਤ ਪੂਰਾ ਕਰ ਲਿਆ। ਗੀਤ ਵਿੱਚ ਰੰਗਲਾ ਪੰਜਾਬ, ਸ਼ਬਦ ਬਾਅਦ ਵਿੱਚ ਜੋੜਿਆ।

ਚੀਮਾ ਕਹਿੰਦੇ ਹਨ, “ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਉਦਾਸੀ ਨੇ, ਇਸ ਗਾਲ੍ਹ ਨੇ ਮੇਰੀ ਜ਼ਿੰਦਗੀ ਬਣਾ ਦੇਣੀ ਹੈ। ਰੰਗਲਾ ਪੰਜਾਬ ਰਹਿੰਦੀ ਦੁਨੀਆਂ ਤੱਕ ਰਹਿਣ ਵਾਲਾ ਇੱਕ ਗੀਤ ਬਣ ਗਿਆ।”

ਇਹ ਵੀ ਪੜ੍ਹੋ-

ਸਟਾਰ ਹੋਣਾ ਅਤੇ ਬਾਊਂਸਰ ਰੱਖਣਾ

ਸਰਬਜੀਤ ਚੀਮਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਸਟਾਰ ਹਨ।

ਉਹ ਕਹਿੰਦੇ ਹਨ, “ ਹੁਣ ਤਾਂ ਬਾਊਂਸਰਾਂ ਦਾ ਯੁੱਗ ਆ ਗਿਆ, ਹੁਣ ਵੀ ਅਸੀਂ ਸਕਿਉਰਟੀ ਨਹੀਂ ਰਖਦੇ। ਪਹਿਲਾਂ ਵੀ ਮੇਰੀਆਂ ਜਦੋਂ ਰੰਗਲਾ ਪੰਜਾਬ ਤੋਂ ਲੈ ਕੇ ਇੱਕ ਤੋਂ ਬਾਅਦ ਇੱਕ ਕੈਸਟਾਂ ਹਿੱਟ ਹੋਈਆਂ, ਉਦੋਂ ਵੀ ਸਿਰਫ਼ ਡਰਾਈਵਰ ਅਤੇ ਨਾਲ ਕੋਰਸ ਗਾਉਣ ਵਾਲਾ ਮੁੰਡਾ ਹੁੰਦਾ ਸੀ। ਅਸੀਂ ਹੀ 400-500 ਦੇ ਇਕੱਠ ਵਿੱਚ ਪ੍ਰੋਗਰਾਮ ਕਰਕੇ ਨਿਕਲਦੇ ਰਹੇ ਹਾਂ। ਕਦੇ ਸਕਿਉਰਟੀ ਦੀ ਲੋੜ ਨਹੀਂ ਪਈ।”

ਚੀਮਾ ਕਹਿੰਦੇ ਹਨ ਕਿ ਜਦੋਂ ਤੁਸੀਂ ਸਟੇਜ ‘ਤੇ ਵਤੀਰਾ ਗਲਤ ਨਹੀਂ ਰੱਖੋਗੇ, ਲੋੜ ਪੈਣ ‘ਤੇ ਤੈਅ ਸਮੇਂ ਤੋਂ ਵੱਧ ਵੀ ਕਿਸੇ ਦੀ ਖੁਸ਼ੀ ਲਈ ਗਾ ਦਿਓਗੇ ਤਾਂ ਲੜਾਈਆਂ ਨਹੀਂ ਹੁੰਦੀਆਂ।

ਉਹ ਕਹਿੰਦੇ ਹਨ ਕਿ ਲੜਾਈ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਪ੍ਰੋਗਰਾਮ ਲਈ ਸਾਹਮਣੇ ਵਾਲੇ ਤੋਂ ਨਜਾਇਜ਼ ਪੈਸਾ ਮੰਗਦੇ ਹੋ, ਆਪਣਾ ਸਟਾਰਡਮ ਦਿਖਾਉਂਦੇ ਹੋ। “ਹੁਣ ਤਕ ਕਦੇ ਅਜਿਹਾ ਨਹੀਂ ਹੋਇਆ ਕਿ ਸਟੇਜ ‘ਤੇ ਕੋਈ ਲੜਾਈ ਹੋਈ ਹੋਵੇ।”

ਸਰਬਜੀਤ ਚੀਮਾ

ਤਸਵੀਰ ਸਰੋਤ, Sarbjit Cheema/FB

ਤਸਵੀਰ ਕੈਪਸ਼ਨ, ਸਰਬਜੀਤ ਚੀਮਾ ਸਾਲ 1989 ਵਿੱਚ ਪੰਜਾਬ ਤੋਂ ਕੈਨੇਡਾ ਚਲੇ ਗਏ ਸੀ।

ਰੁਝੇਵਿਆਂ ਦਾ ਪਰਿਵਾਰਕ ਜ਼ਿੰਦਗੀ ‘ਤੇ ਅਸਰ

ਸਰਬਜੀਤ ਚੀਮਾ ਦੱਸਦੇ ਹਨ ਕਿ ਉਨ੍ਹਾਂ ਦੇ ਪਤਨੀ ਕਮਲਜੀਤ ਕੌਰ ਚੀਮਾ ਦਾ ਉਨ੍ਹਾਂ ਦੇ ਕਰੀਅਰ ਵਿੱਚ ਬਹੁਤ ਸਹਿਯੋਗ ਰਿਹਾ ਹੈ।

ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਸ ਵੇਲੇ ਗਾਇਕੀ ਵਿੱਚ ਜਾਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਸੀ। ਚੀਮਾ ਦੱਸਦੇ ਹਨ, “ਪਰ ਜਦੋਂ ਮੈਂ ਗਾਇਕੀ ਕਰੀਅਰ ਵੱਲ ਤੁਰਿਆ ਤਾਂ ਮੇਰੀ ਪਤਨੀ ਨੇ ਫ਼ੈਸਲੇ ਵਿੱਚ ਪੂਰਾ ਸਹਿਯੋਗ ਦਿੱਤਾ। ਨਾ ਮੇਰੇ ਮਾਪਿਆ ਜਾਂ ਭਰਾ ਨੇ ਸਵਾਲ ਚੁੱਕੇ”

ਚੀਮਾ ਕਹਿੰਦੇ ਹਨ ਕਿ ਗਾਇਕੀ ਕਰੀਅਰ ਦੇ ਰੁਝੇਵਿਆਂ ਕਰਕੇ ਪਰਿਵਾਰਕ ਜ਼ਿੰਦਗੀ ਵਿੱਚ ਕੁਝ ਸਾਲ ਉਹ ਬਹੁਤਾ ਸਮਾਂ ਨਹੀਂ ਦੇ ਸਕੇ। ਉਹ ਕਹਿੰਦੇ ਹਨ, “ਬਹੁਤ ਸਾਲ ਮੈਂ ਅਤੇ ਮੇਰੀ ਪਤਨੀ ਨੇ ਇਕੱਲਿਆਂ-ਇਕੱਲਿਆਂ ਲੰਘਾ ਦਿੱਤੇ। ਬੇਟਿਆਂ ਸੁਖ਼ਮਨ ਚੀਮਾ ਤੇ ਗੁਰਵਰ ਚੀਮਾ ਨਾਲ ਵੀ ਭਾਵੇਂ ਰੋਜ਼ਾਨਾਂ ਦੋ ਵਾਰ ਫ਼ੋਨ ’ਤੇ ਗੱਲ ਕਰਦਾ ਸੀ, ਪਰ ਫਿਰ ਵੀ ਉਨ੍ਹਾਂ ਦੇ ਬਚਪਨ ਵਿੱਚ ਜ਼ਿਆਦਾ ਸਮਾਂ ਉਨ੍ਹਾਂ ਨਾਲ ਨਹੀਂ ਬਿਤਾ ਸਕਿਆ।”

ਸਰਬਜੀਤ ਚੀਮਾ ਇਹ ਵੀ ਦੱਸਦੇ ਹਨ ਕਿ ਇਸ ਗੱਲ ਦਾ ਉਨ੍ਹਾਂ ਦੀ ਪਤਨੀ ਜਾਂ ਬੱਚਿਆਂ ਨੇ ਕੋਈ ਗਿਲ੍ਹਾ ਨਹੀਂ ਕੀਤਾ, ਬਲਕਿ ਉਨ੍ਹਾਂ ਨੂੰ ਸਹਿਯੋਗ ਹੀ ਦਿੱਤਾ ਹੈ। ਹੁਣ ਚੀਮਾ ਦੇ ਦੋਹੇਂ ਪੁੱਤਰ ਗੁਰਵਰ ਚੀਮਾ ਤੇ ਸੁਖਮਨ ਚੀਮਾ ਵੀ ਗਾਇਕੀ ਖੇਤਰ ਵਿੱਚ ਪੈਰ ਧਰ ਚੁੱਕੇ ਹਨ।

ਵਿਦੇਸ਼ੀ ਧਰਤੀ ‘ਤੇ ਆਪਣੇ ਬੱਚਿਆਂ ਵਿੱਚ ਪੰਜਾਬੀਅਤ ਕਾਇਮ ਰੱਖਣ ਨੂੰ ਸਰਬਜੀਤ ਚੀਮਾ ਚੁਣੌਤੀ ਮੰਨਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਬਾਖੂਬੀ ਪਾਰ ਕੀਤਾ।

ਉਹ ਕਹਿੰਦੇ ਹਨ ਕਿ ਮਸ਼ਹੂਰੀ ਹੋਣ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਣਦੀ ਸੀ ਕਿ ਉਦਾਹਰਣ ਪੇਸ਼ ਕਰਨ ਅਤੇ ਬੱਚਿਆਂ ਵਿੱਚ ਪੰਜਾਬੀਅਤ ਕਾਇਮ ਰੱਖਣ।

ਚੀਮਾ ਕਹਿੰਦੇ ਹਨ ਕਿ ਬੱਚਿਆਂ ਵਿੱਚ ਪੰਜਾਬੀਅਤ ਬਰਕਰਾਰ ਰੱਖਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਉਨ੍ਹਾਂ ਦੀ ਰੰਗਲਾ ਪੰਜਾਬ ਨਾਮ ਦੀ ਆਰਟਸ ਅਕੈਡਮੀ ਹੈ, ਜੋ ਉਨ੍ਹਾਂ ਦੇ ਬੇਟੇ ਸੰਭਾਲਦੇ ਹਨ।

ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਇਸ ਅਕੈਡਮੀ ਦੀਆਂ ਤਿੰਨ ਬ੍ਰਾਂਚਾਂ ਹਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲੀ, ਐਕਟਿੰਗ, ਪੰਜਾਬੀ ਲੋਕ ਨਾਚ, ਲੋਕ ਸਾਜ, ਲੋਕ ਗਾਇਕੀ, ਪੱਗ ਬੰਨਣੀ ਸਿੱਖਦੇ ਹਨ।

ਸਰਬਜੀਤ ਚੀਮਾ

ਤਸਵੀਰ ਸਰੋਤ, Sarbjit Cheema/FB

ਤਸਵੀਰ ਕੈਪਸ਼ਨ, ਸਰਬਜੀਤ ਚੀਮਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਸਟਾਰ ਹਨ।

ਗੀਤਾਂ ਵਿੱਚ ਹਥਿਆਰਾਂ ਦੀ ਵਡਿਆਈ ਬਾਰੇ ਕੀ ਕਹਿੰਦੇ ਹਨ ਚੀਮਾ

ਅਜੋਕੇ ਪੰਜਾਬੀ ਗੀਤਾਂ ਵਿੱਚ ਹਥਿਆਰਾਂ ਦੇ ਜ਼ਿਕਰ ਬਾਰੇ ਚੀਮਾ ਕਹਿੰਦੇ ਹਨ ਕਿ ਕਿਸੇ ਵੀ ਕੌਮ ਲਈ ਆਪਣੀ ਰੱਖਿਆ ਲਈ ਹਥਿਆਰ ਰੱਖਣਾ ਗਲਤ ਨਹੀਂ ਹੈ, ਪਰ ਮਸਲਾ ਇਹ ਹੈ ਕਿ ਅਸੀਂ ਉਸ ਨੂੰ ਪ੍ਰਮੋਟ ਕਿਹੜੇ ਤਰੀਕੇ ਨਾਲ ਕਰ ਰਹੇ ਹਾਂ।

ਉਹ ਕਹਿੰਦੇ ਹਨ, “ ਮਸਲਾ ਇਹ ਹੈ ਕਿ ਸਾਡੇ ਗੀਤਾਂ ਅਤੇ ਵੀਡੀਓਜ਼ ਦਾ ਸਾਡੇ ਬੱਚਿਆਂ ਨੂੰ ਸੁਨੇਹਾ ਕਿਹੜੇ ਤਰੀਕੇ ਨਾਲ ਜਾ ਰਿਹਾ ਹੈ। ਸਾਡੇ ਗੀਤ ਇਹ ਭੁਲੇਖਾ ਨਾ ਬੱਚਿਆਂ ਨੂੰ ਪਾ ਦੇਣ ਕੇ ਅਸਲਾ ਸ਼ਾਨ ਹੁੰਦਾ, ਇਹੀ ਸਭ ਕੁਝ ਹੁੰਦਾ ਤੇ ਇਹ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਇਹ ਭੁਲੇਖਾ ਨਾ ਪਾ ਦੇਈਏ ਕਿ ਗੈਂਗਸਟਰਾਂ ਵਾਲੇ ਗੀਤ ਹੀ ਬਹੁਤ ਚੰਗੇ ਹੁੰਦੇ ਨੇ, ਬੱਚਿਆਂ ਨੂੰ ਅਸਲ ਗੱਲ ਦੱਸੀਏ ਕਿ ਜੇ ਹਥਿਆਰ ਰੱਖਣਾ ਹੈ ਤਾਂ ਕਿਵੇਂ ਰੱਖਣਾ ਤੇ ਕਿਵੇਂ ਵਰਤਣਾ ਹੈ”

ਨਾਲ ਹੀ ਉਹ ਇਹ ਵੀ ਕਹਿੰਦੇ ਹਨ ਅਜੋਕੇ ਦੌਰ ਵਿੱਚ ਵੀ ਬੜੇ ਗਾਇਕ ਹਨ ਜੋ ਹਥਿਆਰਾਂ ਦੀ ਵਡਿਆਈ ਛੱਡ ਕੇ ਹੋਰ ਵਿਸ਼ਿਆਂ ਬਾਰੇ ਗਾ ਰਹੇ ਹਨ।

ਉਹ ਕਹਿੰਦੇ ਹਨ ਕਿ ਦੌਰ ਕਿਹੋ ਜਿਹਾ ਵੀ ਹੋਵੇ, ਚੰਗਾ ਗੀਤ ਜ਼ਰੂਰ ਚਲਦਾ ਹੈ। ਉਹ ਕਹਿੰਦੇ ਹਨ, “ਰੰਗਲਾ ਪੰਜਾਬ ਇੱਕ ਉਦਾਹਰਨ ਹੈ, ਹੁਣ ਤੱਕ ਵੀ ਤਕਰੀਬਨ ਹਰ ਪਾਰਟੀ ਵਿੱਚ ਇਹ ਗੀਤ ਚਲਦਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)