ਸਰਦਾਰ ਸੋਹੀ: 'ਮੈਂ ਮੁੰਬਈ ਚਲਾ ਗਿਆ ਤਾਂ ਮਾਂ ਛਾਤੀ 'ਤੇ ਮੁੱਕੀਆਂ ਮਾਰ-ਮਾਰ ਰੋਈ', ਪਿਤਾ ਨੂੰ ਹੰਝੂਆਂ ਭਰੀ ਚਿੱਠੀ 'ਚ ਕੀ ਲਿਖਿਆ

ਸਰਦਾਰ ਸੋਹੀ
ਤਸਵੀਰ ਕੈਪਸ਼ਨ, ਸਰਦਾਰ ਸੋਹੀ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬੀ ਫ਼ਿਲਮਾਂ ਵਿੱਚ ਸਰਦਾਰ ਸੋਹੀ ਹੁਰਾਂ ਦੇ ਨਿਭਾਏ ਕਿਰਦਾਰ ਅਸਲ ਜ਼ਿੰਦਗੀ ਦੇ ਨੇੜੇ ਲਗਦੇ ਹਨ।

ਉਨ੍ਹਾਂ ਦੀ ਐਕਟਿੰਗ ਇੰਨੀ ਸਹਿਜ ਹੈ ਕਿ ਦੇਖਣ ਵਾਲੇ ਨੂੰ ਫ਼ਿਲਮ ਵਿੱਚ ਸਰਦਾਰ ਸੋਹੀ ਨਹੀਂ, ਬਲਕਿ ਉਹੀ ਕਿਰਦਾਰ ਦਿਸਦਾ ਹੈ ਜੋ ਉਹ ਨਿਭਾ ਰਹੇ ਹੁੰਦੇ ਹਨ।

ਉਨ੍ਹਾਂ ਦੀ ਦਮਦਾਰ ਅਵਾਜ਼ ਅਤੇ ਡਾਇਲਾਗ ਬੋਲਣ ਦਾ ਤਰੀਕਾ ਤਾਂ ਬਕਮਾਲ ਹੈ ਹੀ, ਪਰ ਕੁਝ ਵੀ ਬੋਲੇ ਬਿਨ੍ਹਾਂ ਚਿਹਰੇ ਦੇ ਹਾਵ-ਭਾਵ ਨਾਲ ਵੀ ਉਹ ਬਾਖੂਬੀ ਕਹਾਣੀ ਸੁਣਾਉਂਦੇ ਹਨ।

ਬੀਬੀਸੀ ਦੀ ਇੰਟਰਵਿਊ ਲੜੀ ‘ਜ਼ਿੰਦਗੀਨਾਮਾ’ ਤਹਿਤ ਅਸੀਂ ਸਰਦਾਰ ਸੋਹੀ ਹੁਰਾਂ ਦੇ ਧੂਰੀ ਨੇੜੇ ਪੈਂਦੇ ਪਿੰਡ ਟਿੱਬੀ ਗਏ। ਪਿੰਡ ਦੀ ਜੂਹ ‘ਤੇ ਪਹੁੰਚਦਿਆਂ ਉਨ੍ਹਾਂ ਨੇ ਸਾਨੂੰ ਫ਼ੋਨ ‘ਤੇ ਘਰ ਦਾ ਰਸਤਾ ਸਮਝਾਇਆ ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਉਹ ਦਰਵਾਜ਼ੇ ਵਿੱਚ ਖੜ੍ਹੇ ਸਨ ਤਾਂ ਕਿ ਸਾਨੂੰ ਘਰ ਦਾ ਪਤਾ ਲੱਗ ਜਾਵੇ।

ਸਰਦਾਰ ਸੋਹੀ ਦਾ ਘਰ ਬਿਲਕੁਲ ਪਿੰਡਾਂ ਦੇ ਘਰਾਂ ਵਰਗਾ ਸੀ। ਖੁੱਲ੍ਹਾ ਵਿਹੜਾ, ਵਿਹੜੇ ਵਿੱਚ ਬੰਨ੍ਹੀਆਂ ਮੱਝਾਂ ਗਾਵਾਂ ਅਤੇ ਇੱਕ ਪਾਸੇ ਕੋਠੀਨੁਮਾ ਮਕਾਨ। ਇੱਥੇ ਸੋਹੀ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਅਤੇ ਪਰਿਵਾਰ ਰਹਿੰਦਾ ਹੈ।

ਖੇਤਾਂ ਦੇ ਵਿਚਕਾਰ ਮੋਟਰ ਕੋਲ ਬਹਿ ਕੇ ਉਨ੍ਹਾਂ ਨਾਲ ਸਾਡੀ ਬੇਹੱਦ ਖ਼ੂਬਸੂਰਤ ਗੱਲਬਾਤ ਹੋਈ। ਗੱਲਬਾਤ ਦੌਰਾਨ ਜ਼ਾਹਿਰ ਹੋਇਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਰ ਬਣਨ ਦੀ ਕਿੰਨੀ ਸ਼ਿੱਦਤ ਸੀ, ਜਿਸ ਨੂੰ ਉਨ੍ਹਾਂ ਨੇ ਸਿਦਕ ਅਤੇ ਮਿਹਨਤ ਨਾਲ ਪੂਰਾ ਕੀਤਾ।

ਸਰਦਾਰ ਸੋਹੀ ਇਸ ਗੱਲ ਦਾ ਮਲਾਲ ਕਰਦੇ ਹਨ ਕਿ ਪਿਛਲੇ ਦਸ-ਪੰਦਰਾਂ ਸਾਲ ਤੋਂ ਸਰਦਾਰ ਸੋਹੀ ਦਾ ਜੋ ਰੁਤਬਾ ਬਣਿਆ ਹੈ, ਐਕਟਰ ਵਜੋਂ ਉਨ੍ਹਾਂ ਨੇ ਜੋ ਸਫਲਤਾ ਹਾਸਿਲ ਕੀਤੀ ਹੈ, ਕਾਸ਼ ਇਹ ਦੇਖਣ ਲਈ ਉਨ੍ਹਾਂ ਦੇ ਮਾਪੇ ਜਿਉਂਦੇ ਹੁੰਦੇ।

ਸਰਦਾਰ ਸੋਹੀ ਦਾ ਅਸਲ ਨਾਮ ਪਰਮਜੀਤ ਸਿੰਘ ਸੋਹੀ ਹੈ ਅਤੇ ਐਕਟਿੰਗ ਨੇ ਉਨ੍ਹਾਂ ਨੂੰ ਸਰਦਾਰ ਸੋਹੀ ਬਣਾਇਆ।

ਪਰਿਵਾਰਕ ਪਿਛੋਕੜ ਤੇ ਜੱਦੀ ਪਿੰਡ ਛੱਡਣ ਪਿੱਛੇ ਮਜਬੂਰੀ

ਸਰਦਾਰ ਸੋਹੀ

ਤਸਵੀਰ ਸਰੋਤ, FB/Sardar Sohi

ਤਸਵੀਰ ਕੈਪਸ਼ਨ, ਸੋਹੀ ਆਪਣੀ ਮਾਂ ਕੋਲ ਨਾਨਕੇ ਪਿੰਡ ਟਿੱਬਾ ਹੀ ਪਲੇ ਹਨ।

ਸਰਦਾਰ ਸੋਹੀ ਨੇ ਦੱਸਿਆ ਕਿ ਉਨ੍ਹਾਂ ਦਾ ਜੱਦੀ ਪਿੰਡ ਧੂਰੀ ਦੇ ਨੇੜੇ ਹੀ ਪਲਾਸੌਰ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਲੱਕੜਦਾਦਾ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਸ਼ਾਹੀ ਵੈਦ ਹੁੰਦੇ ਸੀ ਅਤੇ ਅੱਗੇ ਉਨ੍ਹਾਂ ਦੇ ਬੇਟੇ ਸਰਦਾਰ ਸੋਹੀ ਦੇ ਪੜਦਾਦਾ ਹਰਦਿਆਲ ਸਿੰਘ ਸੋਹੀ ਨਾਭਾ ਰਿਆਸਤ ਦੇ ਆਈ.ਜੀ ਪੁਲਿਸ ਰਹੇ।

ਸੋਹੀ ਦੱਸਦੇ ਹਨ ਕਿ ਉਨ੍ਹਾਂ ਦੇ ਪੜਦਾਦਾ ਦੇ ਦੋ ਵਿਆਹ ਹੋਏ, ਜਿਸ ਤੋਂ ਬਾਅਦ ਪਰਿਵਾਰ ਦੇ ਝਗੜਿਆਂ ਵਿੱਚ ਉਨ੍ਹਾਂ ਦੇ ਦਾਦਾ ਜੀ ਨੂੰ ਪਿੰਡ ਛੱਡਣਾ ਪੈ ਗਿਆ। ਫਿਰ ਉਨ੍ਹਾਂ ਨੇ ਦਾਦਾ, ਪਿਤਾ ਅਤੇ ਚਾਚਾ ਨੂੰ ਬਾਹਰ ਨੌਕਰੀ ਵੀ ਕਰਨੀ ਪਈ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਸ਼ਿਵਦੇਵ ਸਿੰਘ ਆਪਣੇ ਸਹੁਰੇ ਪਿੰਡ ਆ ਵਸੇ।

ਇਸ ਤੋਂ ਬਾਅਦ ਸੋਹੀ ਦੇ ਪਿਤਾ ਸ਼ਿਵਦੇਵ ਸਿੰਘ ਪਹਿਲਾਂ ਮਿਲਟਰੀ ਦੇ ਮੈਡੀਕਲ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸੀ, ਫਿਰ ਰਿਟਾਇਰ ਹੋਣ ਬਾਅਦ ਉਹ ਟਿੱਬਾ ਪਿੰਡ ਵਿੱਚ ਆਰਐੱਮਪੀ ਡਾਕਟਰ ਰਹੇ।

ਸੋਹੀ ਆਪਣੀ ਮਾਂ ਕੋਲ ਨਾਨਕੇ ਪਿੰਡ ਟਿੱਬਾ ਹੀ ਪਲੇ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਚਾਰ-ਪੰਜ ਮਹੀਨੇ ਦੀ ਸੀ, ਜਦੋਂ ਉਨ੍ਹਾਂ ਦੀ ਨਾਨੀ ਦੀ ਮੌਤ ਹੋ ਗਈ ਪਰ ਉਨ੍ਹਾਂ ਦੇ ਨਾਨਾ ਜੀ ਦੂਜਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਸੋਹੀ ਦੀ ਮਾਂ ਇਕਲੌਤੀ ਔਲਾਦ ਸਨ। ਉਨ੍ਹਾਂ ਦੇ ਨਾਨਾ ਦੂਜੀ ਵਿਸ਼ਵ ਜੰਗ ਵਿੱਚ ਫ਼ੌਜੀ ਵੀ ਰਹੇ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦੇ ਨਾਨਾ ਨੇ ਇੱਕ ਬੱਸ ਪਾਈ ਸੀ, ਜਿਸ ਦਾ ਡਰਾਈਵਰ ਬਾਅਦ ਵਿੱਚ ਧੂਰੀ ਬੱਸ ਸਰਵਿਸ ਦਾ ਮਾਲਿਕ ਬਣਿਆ।

ਸੋਹੀ ਦਾ ਆਪਣੇ ਮਾਪਿਆਂ ਨਾਲ ਕਿਹੋ ਜਿਹਾ ਰਿਸ਼ਤਾ ਰਿਹਾ?

ਸਰਦਾਰ ਸੋਹੀ

ਤਸਵੀਰ ਸਰੋਤ, FB/Sardar Sohi

ਤਸਵੀਰ ਕੈਪਸ਼ਨ, ਪਿਤਾ ਬਾਰੇ ਸੋਹੀ ਕਹਿੰਦੇ ਹਨ ਕਿ ਉਹ ਉਨ੍ਹਾਂ ਦੇ ਦੋਸਤਾਂ ਵਰਗੇ ਸਨ।

ਸਰਦਾਰ ਸੋਹੀ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ ਪਰ ਸਖ਼ਤ ਸੁਭਾਅ ਦੀ ਵੀ ਸੀ।

ਉਹ ਕਹਿੰਦੇ ਹਨ ਕਿ ਪਿਤਾ ਦੇ ਬਾਹਰ ਨੌਕਰੀ ਕਰਦੇ ਸਨ ਅਤੇ ਬੱਚਿਆਂ ਲਈ ਸਖ਼ਤ ਸੁਭਾਅ ਮਾਂ ਲਈ ਜ਼ਰੂਰੀ ਵੀ ਸੀ।

ਸੋਹੀ ਨੇ ਦੱਸਿਆ ਕਿ ਬਾਹਰ ਖੇਡਣ ਲਈ ਉਹ ਖਿਸਕਣ ਦੀ ਕੋਸ਼ਿਸ਼ ਕਰਦੇ ਸੀ ਅਤੇ ਮਾਂ ਦੀ ਨਿਗ੍ਹਾ ਪੈ ਜਾਂਦਾ ਸੀ, ਮਾਂ ਇੱਕ ਅਵਾਜ਼ ਮਾਰਦੀ ਸੀ ਤਾਂ ਉਹ ਤੁਰੰਤ ਡਰ ਕੇ ਘਰ ਪਰਤ ਆਉਂਦੇ ਸੀ।

ਇੱਕ ਘਟਨਾ ਦਾ ਜ਼ਿਕਰ ਕਰਦਿਆਂ ਸੋਹੀ ਦੱਸਦੇ ਹਨ, “ ਮੈਂ ਅਤੇ ਮੇਰਾ ਇੱਕ ਦੋਸਤ ਮਲੇਰਕੋਟਲਾ ਤੋਂ ਫ਼ਿਲਮ ਦੇਖ ਕੇ ਆਏ। ਛੋਟੀ ਕੰਧ ਟੱਪ ਕੇ ਮੈਂ ਚੁੱਪ ਚਪੀਤੇ ਅੰਦਰ ਆਇਆ। ਰੋਟੀ ਖਾਣ ਲਈ ਚੁੱਲ੍ਹੇ ਕੋਲ ਆ ਗਿਆ, ਕੜਛੀ ਨਾਲ ਦਾਲ ਪਾਉਣ ਲੱਗਿਆ ਤਾਂ ਪਤੀਲਾ ਖੜਕ ਗਿਆ। ਪਿੱਛੋਂ ਆ ਕੇ ਮਾਂ ਨੇ ਨਾਲ਼ੇ ਮੇਰੇ ਮਾਰਿਆ ਅਤੇ ਕਹਿੰਦੀ ਮੈਂ ਮਰ ਗਈ ਸੀ, ਮੈਂ ਪਾ ਕੇ ਦੇ ਦਿੰਦੀ ਰੋਟੀ। ਇਹ ਨਹੀਂ ਕਿਹਾ ਕਿ ਤੂੰ ਲੇਟ ਕਿਉਂ ਆਇਆ ਹੈਂ।ਇਹ ਮਾਂ ਦਾ ਪਿਆਰ ਹੈ।”

ਪਿਤਾ ਬਾਰੇ ਸੋਹੀ ਕਹਿੰਦੇ ਹਨ ਕਿ ਉਹ ਉਨ੍ਹਾਂ ਦੇ ਦੋਸਤਾਂ ਵਰਗੇ ਸਨ।

“ਮੈਂ ਜਦੋਂ ਵਾਲ ਕਟਵਾਏ ਤਾਂ ਪਾਪਾ ਪਹਿਲਾਂ ਗ਼ੁੱਸਾ ਵੀ ਹੋਏ ਫਿਰ ਮੈਨੂੰ ਪੁੱਛਿਆ ਕਿ ਕਿਉਂ ਕਟਵਾਏ ਨੇ, ਮੈਂ ਕਿਹਾ ਜੀ ਮੈਂ ਐਕਟਰ ਬਣਨਾ। ਕਹਿੰਦੇ ਫਿਰ ਠੀਕ ਹੈ, ਕੋਈ ਮਕਸਦ ਤਾਂ ਹੈ ਨਾ। ਐਵੇਂ ਤਾਂ ਨਹੀਂ ਫ਼ਿਲਮਾਂ ਦੇਖ ਕੇ ਰੀਸ ਕਰ ਲਈ।”

ਕਿਹੋ ਜਿਹਾ ਸੀ ਸੋਹੀ ਦਾ ਬਚਪਨ ?

ਸਰਦਾਰ ਸੋਹੀ

ਤਸਵੀਰ ਸਰੋਤ, FB/Sardar Sohi

ਤਸਵੀਰ ਕੈਪਸ਼ਨ, ਸਰਦਾਰ ਸੋਹੀ

ਸੋਹੀ ਕਹਿੰਦੇ ਹਨ ਕਿ ਉਨ੍ਹਾਂ ਦਾ ਬਚਪਨ ਟਿੱਬਿਆਂ ਦੇ ਰੇਤਿਆਂ ਵਿੱਚ ਖੇਡਦਿਆਂ ਬੀਤਿਆ। ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਪਿੰਡ ਵਿੱਚ ਪਲੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਚਪਨ ਵਿੱਚ ਉਨ੍ਹਾਂ ਦਾ ਇਲਾਕਾ ਕਾਫ਼ੀ ਸਮਾਂ ਕਾਮਰੇਡਾਂ ਦੇ ਪ੍ਰਭਾਵ ਹੇਠ ਰਿਹਾ ਸੀ, ਉਨ੍ਹਾਂ ਦੇ ਮਾਮਾ ਵਿਸਾਖਾ ਸਨ ਜੋ ਕਿ ਉਨ੍ਹਾਂ ਦੀ ਮਾਂ ਦੇ ਚਾਚੇ ਦਾ ਪੁੱਤਰ ਸੀ, ਦੀ ਦੋਸਤੀ ਕਾਮਰੇਡਾਂ ਨਾਲ ਪੈ ਗਈ ਸੀ ਜਿਸ ਕਰਕੇ ਉਨ੍ਹਾਂ ਦੇ ਘਰ ਕਾਮਰੇਡ ਲੀਡਰਾਂ ਦਾ ਆਉਣਾ ਜਾਣਾ ਰਹਿੰਦਾ ਸੀ।

ਕਾਮਰੇਡ ਦਲੀਪ ਸਿੰਘ ਮਸਤ ਵੀ ਲੰਬਾ ਸਮਾਂ ਉਨ੍ਹਾਂ ਦੇ ਪਿੰਡ ਰਹੇ। ਉੱਘੇ ਕਾਮਰੇਡ ਰਹੇ ਹਰਨਾਮ ਸਿੰਘ ਚਮਕ ਦੇ ਭਾਸ਼ਣ ਉਨ੍ਹਾਂ ਨੇ ਸੁਣੇ।

ਉਨ੍ਹਾਂ ਕਿਹਾ, “ਮੇਰਾ ਬਚਪਨ ਕਾਮਰੇਡਾਂ ਦੇ ਗੀਤ, ਉਨ੍ਹਾਂ ਦੀਆਂ ਢੋਲਕੀਆਂ, ਤੂੰਬੀਆਂ ਦੀਆਂ ਅਵਾਜ਼ਾਂ ਸੁਣਦਿਆਂ ਬੀਤਿਆ।”

ਸੋਹੀ ਦੇ ਪਿਤਾ ਕਿਉਂਕਿ ਆਰਐੱਮਪੀ ਡਾਕਟਰ ਰਹੇ, ਤਾਂ ਉਹ ਆਪਣੇ ਪਿਤਾ ਦੀ ਮਦਦ ਵੀ ਕਰਦੇ ਹੁੰਦੇ ਸਨ।

ਇਹ ਵੀ ਪੜ੍ਹੋ-

ਜਦੋਂ ਬਿਨ੍ਹਾਂ ਘਰ ਦੱਸੇ ਐਕਟਰ ਬਣਨ ਲਈ ਬੰਬੇ ਭੱਜ ਗਏ

ਸੋਹੀ ਨੂੰ ਐਕਟਰ ਬਣਨ ਦਾ ਇੰਨਾਂ ਜਨੂੰਨ ਸੀ ਕਿ ਉਹ ਘਰੇ ਦੱਸੇ ਬਿਨ੍ਹਾਂ ਇੱਕ ਵਾਰ ਬੰਬੇ ਜਾਣ ਲਈ ਭੱਜ ਗਏ।

ਸੋਹੀ ਦੱਸਦੇ ਹਨ, “ਮੇਰੇ ਨਾਲ ਇੱਕ ਹੋਰ ਮੁੰਡਾ ਸੀ ਧੂਰੀ ਨੇੜਲੇ ਪਿੰਡ ਲੰਡਾਕੋਟਲਾ ਦਾ। ਸਾਨੂੰ ਦੋਹਾਂ ਨੂੰ ਐਕਟਿੰਗ ਦਾ ਕੀੜਾ ਜਾਗ ਪਿਆ। ਅਸੀਂ ਕਿਹਾ ਬੰਬੇ ਚੱਲੀਏ। ਮੈਂ ਦੋ ਮਹੀਨੇ ਦੀ ਫ਼ੀਸ ਦੇ ਪੈਸੇ ਇਕੱਠੇ ਕਰ ਲਏ, ਕੁਝ ਪੈਸੇ ਉਹਦੇ ਕੋਲ ਸੀ। ਇੰਨੇ ਪੈਸੇ ਵੀ ਨਹੀਂ ਸੀ ਕਿ ਬੰਬੇ ਰਹਿ ਸਕਾਂਗੇ। ਅਸੀਂ ਬੰਬੇ ਪਹੁੰਚੇ ਵੀ ਨਹੀਂ, ਸਾਡੀ ਹਾਲਤ ਬਹੁਤ ਬੁਰੀ ਹੋ ਗਈ।”

“ਮੈਨੂੰ ਜਦੋਂ ਗਲਤੀ ਦਾ ਅਹਿਸਾਸ ਹੋਇਆ ਤਾਂ ਮੈਂ ਆਪਣੇ ਪਾਪਾ ਨੂੰ ਰੋ-ਰੋ ਕੇ ਚਿੱਠੀ ਲਿਖੀ, ਜਿਸ ‘ਤੇ ਮੇਰਾ ਪਤਾ ਵੀ ਨਹੀਂ ਲਿਖਿਆ ਹੋਇਆ ਸੀ। ਜਿਹੜਾ ਮੁੰਡਾ ਮੇਰੇ ਨਾਲ ਗਿਆ ਸੀ, ਉਹਦੇ ਟਰਾਂਸਪੋਰਟਰ ਦੋਸਤ ਸਨ। ਜਿਨ੍ਹਾਂ ਕਰਕੇ ਅਸੀਂ ਲੱਭ ਗਏ।”

“ਕਿਸੇ ਨਾ ਕਿਸੇ ਤਰੀਕੇ ਪਾਪਾ ਨੇ ਸਾਨੂੰ ਲੱਭ ਲਿਆ ਅਤੇ ਜਦੋਂ ਮੈਂ ਪਾਪਾ ਨੂੰ ਦੇਖਿਆ ਮੇਰੀਆਂ ਭੁੱਬਾਂ ਨਿੱਕਲ ਗਈਆਂ। ਪਾਪਾ ਨੇ ਗਲ ਨਾਲ ਲਾਇਆ ਅਤੇ ਘਰ ਲੈ ਆਏ। ”

ਸੋਹੀ ਕਹਿੰਦੇ ਹਨ, “ਇਹ ਮੇਰੀ ਬਹੁਤ ਵੱਡੀ ਗਲਤੀ ਸੀ। ਕਿਉਂਕਿ ਮੇਰੀ ਮਾਂ ਨੂੰ ਜਦੋਂ ਮੈਂ ਨਾ ਲੱਭਿਆ ਤਾਂ ਉਸ ਨੇ ਆਪਣੀ ਛਾਤੀ ਬੜੀ ਜ਼ੋਰ ਨਾਲ ਕੁੱਟੀ। ਮੇਰੀ ਮਾਂ ਨੂੰ ਲੱਗਿਆ ਕਿ ਮੇਰਾ ਪੁੱਤ ਦੁਸ਼ਮਣਾਂ ਨੇ ਮਾਰ ਦਿੱਤਾ।”

ਸਰਦਾਰ ਸੋਹੀ ਨੇ ਕਿਹਾ, “ ਮਾਂ ਕਾਫ਼ੀ ਚਿਰ ਜਿਉਂਦੀ ਰਹੀ, ਪਰ ਸਾਹ ਔਖਾ ਆਉਣ ਜਿਹੀਆਂ ਪ੍ਰੇਸ਼ਾਨੀਆਂ ਉਨ੍ਹਾਂ ਨੂੰ ਰਹਿਣ ਲੱਗੀਆਂ ਸੀ।“

ਕਿਹੜੇ ਹਾਦਸੇ ਕਾਰਨ ਪੜ੍ਹਾਈ ਅੱਧ-ਵਿਚਕਾਰ ਛੱਡਣੀ ਪਈ ?

ਸਰਦਾਰ ਸੋਹੀ

ਤਸਵੀਰ ਸਰੋਤ, FB/Sardar Sohi

ਤਸਵੀਰ ਕੈਪਸ਼ਨ, ਸੋਹੀ ਕਹਿੰਦੇ ਹਨ ਕਿ ਐਕਟਿੰਗ ਵਿੱਚ ਹਾਲੇ ਬਹੁਤ ਕੁਝ ਕਰਨਾ ਹੈ।

ਸਰਦਾਰ ਸੋਹੀ ਦੱਸਦੇ ਹਨ ਕਿ ਉਹ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿੱਚ ਬੀਐੱਸਈ ਐਗਰੀਕਲਚਰ ਦੀ ਪੜ੍ਹਾਈ ਕਰਦੇ ਸਨ। ਮਈ-ਜੂਨ ਦੀਆਂ ਛੁੱਟੀਆਂ ਵਿੱਚ ਉਹ ਘਰ ਆਏ ਹੋਏ ਸਨ। ਉਹ ਅਤੇ ਉਨ੍ਹਾਂ ਦਾ ਭਰਾ ਰਾਤ ਨੂੰ ਘਰ ਦੀ ਛੱਤ (ਕੋਠੇ) ‘ਤੇ ਸੁੱਤੇ ਸਨ।

ਸੋਹੀ ਦੱਸਦੇ ਹਨ ਕਿ ਬਹੁਤ ਤੇਜ਼ ਹਨੇਰੀ ਤੁਫ਼ਾਨ ਆ ਗਿਆ। ਉਨ੍ਹਾਂ ਨੇ ਹੇਠਾਂ ਆਉਣ ਲਈ ਨੀਵੇਂ ਕੋਠੇ ‘ਤੇ ਪੈਰ ਰੱਖਣਾ ਸੀ ਪਰ ਹਨੇਰੀ ਕਰਕੇ ਕੁਝ ਦਿਸਿਆ ਨਹੀਂ ਅਤੇ ਉਹ ਕੋਠੇ ਤੋਂ ਸਿੱਧਾ ਹੇਠਾਂ ਆ ਡਿੱਗੇ।

ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ‘ਤੇ ਇੰਨੀ ਸੱਟ ਵੱਜ ਗਈ ਕਿ ਡਾਕਟਰ ਨੇ ਪੜ੍ਹਾਈ ਛੱਡਣ ਲਈ ਕਹਿ ਦਿੱਤਾ। ਜਿਸ ਕਰਕੇ ਉਹ ਅੱਗੇ ਦੀ ਪੜ੍ਹਾਈ ਨਹੀਂ ਕਰ ਸਕੇ।

ਸੋਹੀ ਨੇ ਉਨ੍ਹਾਂ ਦੇ ਫ਼ਿਲਮਾਂ ਵਿੱਚ ਆਉਣ ਤੋਂ ਬਾਅਦ ਦਾ ਕਿੱਸਾ ਸੁਣਾਇਆ, “ਅਸੀਂ ਫ਼ਿਲਮ ਕਰ ਰਹੇ ਸੀ ‘ਕਬੱਡੀ ਵਨਸ ਅਗੇਨ’, ਜਿਸ ਦੀ ਸ਼ੂਟਿੰਗ ਖ਼ਾਲਸਾ ਕਾਲਜ ਅੰਮ੍ਰਿਤਸਰ ਕਰਨੀ ਸੀ।

“ਡਰਾਮਾ ਡਿਪਾਰਟਮੈਂਟ ਦੇ ਹੈੱਡ ਨੇ ਇੱਕ ਸੀਨ ਫਿਲਮਾਉਣ ਤੋਂ ਨਾਂਹ ਕਰ ਦਿੱਤੀ ਤਾਂ ਡਾਇਰੈਕਟਰ ਧੰਜਲ ਨੇ ਮੈਨੂੰ ਵਾਈਸ ਚਾਂਸਲਰ ਨਾਲ ਗੱਲ ਕਰਨ ਨੂੰ ਕਿਹਾ। ਮੈਂ ਇਜਾਜ਼ਤ ਲੈ ਕੇ ਉਨ੍ਹਾਂ ਦੇ ਕਮਰੇ ਵਿੱਚ ਗਿਆ ਅਤੇ ਕਿਹਾ ਕਿ ਮੈਂ ਇੱਥੋਂ ਦਾ ਨਲਾਇਕ ਜਿਹਾ ਸਟੂਡੈਂਟ ਹੁੰਦਾ ਸੀ।”

ਉਹ ਕਹਿੰਦੇ, “ਸੋਹੀ ਸਾਹਬ ਆਪਣੇ ਲਫਜ਼ ਵਾਪਸ ਲਓ, ਫ਼ਰਜ਼ ਕਰੋ ਤੁਸੀਂ ਬੀਐੱਸਈ ਐਗਰੀਕਲਚਰ ਪੂਰੀ ਕਰ ਲੈਂਦੇ ਤਾਂ ਕੀ ਹੁੰਦਾ, ਵੱਧ ਤੋਂ ਵੱਧ ਖੇਤੀਬਾੜੀ ਅਫਸਰ ਲੱਗੇ ਹੁੰਦੇ ਅਤੇ ਚਾਰ-ਪੰਜ ਸੌ ਬੰਦਾ ਤੁਹਾਨੂੰ ਜਾਣਦਾ ਹੁੰਦਾ। ਅੱਜ ਦੇਖੋ, ਦੁਨੀਆ ਭਰ ਦਾ ਹਰ ਪੰਜਾਬੀ ਤੁਹਾਨੂੰ ਜਾਣਦਾ ਹੈ, ਇਹ ਬਹੁਤ ਵੱਡੀ ਗੱਲ ਹੈ।”

ਰੰਗ-ਮੰਚ ਨਾਲ ਕਿਵੇਂ ਜੁੜੇ ?

ਸਰਦਾਰ ਸੋਹੀ

ਤਸਵੀਰ ਸਰੋਤ, FB/Sardar Sohi

ਤਸਵੀਰ ਕੈਪਸ਼ਨ, ਸਰਦਾਰ ਸੋਹੀ ਦੱਸਦੇ ਹਨ ਕਿ ਉਹ ਐਨਜ਼ਾਇਟੀ ਦੇ ਮਰੀਜ਼ ਹਨ। ਉਹ ਕੋਈ ਖੂਨ ਖ਼ਰਾਬਾ ਜਾਂ ਮੌਤ ਦੇਖ ਨਹੀਂ ਸਕਦੇ।

ਐਕਟਰ ਬਣਨ ਲਈ ਸੋਹੀ ਫਿਰ ਇੱਕ ਵਾਰ ਘਰ ਦਿਆਂ ਨੂੰ ਦੱਸ ਕੇ ਬੰਬੇ ਗਏ।

ਸੋਹੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਾ ਵਿਸਾਖਾ ਸਿੰਘ ਦੀ, ਧਰਮਿੰਦਰ ਦੇ ਸਾਲੇ ਨਿੱਕਾ ਸਿੰਘ ਨਾਲ ਦੋਸਤੀ ਸੀ। ਨਿੱਕਾ ਸਿੰਘ ਦਾ ਬੇਟਾ ਅਤੇ ਸੋਹੀ ਬੰਬੇ ਗਏ।

ਸੋਹੀ ਦੱਸਦੇ ਹਨ, ਅੰਮ੍ਰਿਤਸਰ ਤੋਂ ਫ਼੍ਰੰਟੀਅਰ ‘ਤੇ ਬੈਠੇ ਅਤੇ ਬੰਬੇ ਅਸੀਂ ਧਰਮ ਜੀ ਦੇ ਘਰ ਪਹੁੰਚੇ। ਧਰਮ ਜੀ ਬਹੁਤ ਰੁਝੇ ਹੋਏ ਹੁੰਦੇ ਸੀ, ਉਨ੍ਹਾਂ ਨੂੰ ਸਿਰਫ਼ ਕਦੇ ਸ਼ੂਟ ‘ਤੇ ਜਾਣ ਵੇਲੇ ਦੇਖਦੇ ਸੀ, ਕਦੇ ਰਾਤ ਨੂੰ ਘਰ ਪਰਤਦਿਆਂ ਦੇਖਦੇ ਸੀ।

“ਉਨ੍ਹਾਂ ਦੇ ਭਰਾ ਅਜੀਤ ਜੀ ਨਾਲ ਸਾਡੀ ਚੰਗੀ ਦੋਸਤੀ ਹੋ ਗਈ। ਉਨ੍ਹਾਂ ਨਾਲ ਅਸੀਂ ਕਈ ਥਾਈਂ ਗਏ, ਸ਼ੂਟਿੰਗਾਂ ਦੇਖੀਆਂ ਤਾਂ ਮੈਨੂੰ ਲੱਗਿਆ ਕਿ ਕਿਹੜੇ ਭੁਲੇਖੇ ਵਿੱਚ ਮੈਂ ਬੰਬੇ ਤੁਰਿਆਂ ਫਿਰਦਾਂ। ਕੀ ਮੈਂ ਇਨ੍ਹਾਂ ਵਰਗੀ ਐਕਟਿੰਗ ਕਰ ਸਕਦਾਂ? ਫਿਰ ਮੈਂ ਸੋਚ ਲਿਆ ਵੀ ਸਿੱਖ ਕੇ ਆਵਾਂਗੇ। ਫਿਰ ਵਾਪਸ ਆ ਕੇ ਮੈਂ ਹਰਪਾਲ ਟਿਵਾਣਾ ਜੀ ਨਾਲ ਥੀਏਟਰ ਜੁਆਇਨ ਕੀਤਾ।”

ਸਰਦਾਰ ਸੋਹੀ ਨੇ ਬਾਰਾਂ ਸਾਲ ਥੀਏਟਰ ਕੀਤਾ।

‘ਲੌਂਗ ਦਾ ਲਿਸ਼ਕਾਰਾ’ ਤੋਂ ਫ਼ਿਲਮਾਂ ਵਿੱਚ ਸ਼ੁਰੂਆਤ

ਥੀਏਟਰ ਕਰਦਿਆਂ ਸਰਦਾਰ ਸੋਹੀ ਨੂੰ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਦੀ ਪਹਿਲੀ ਫ਼ਿਲਮ ਸਾਲ 1983 ਵਿੱਚ ਆਈ ‘ਲੌਂਗ ਦਾ ਲਿਸ਼ਕਾਰਾ’ ਸੀ।

ਇਸ ਵਿੱਚ ਸੋਹੀ ਨੇ ਨਾਹਰੇ ਦਾ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਬਹੁਤ ਹਿੱਟ ਹੋਈ ਸੀ।

ਇਸ ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਹਰਪਾਲ ਟਿਵਾਣਾ ਸਨ, ਜਿਨ੍ਹਾਂ ਦੇ ਥੀਏਟਰ ਗਰੁਪ ਵਿੱਚ ਸੋਹੀ ਕੰਮ ਕਰਦੇ ਸੀ।

ਇਸ ਤੋਂ ਬਾਅਦ ਸੋਹੀ ਨੇ ਕਈ ਸੀਰੀਅਲ ਕੀਤੇ, ਲੈਜੰਡ ਆਫ ਭਗਤ ਸਿੰਘ ਅਤੇ ਬਾਗ਼ੀ ਜਿਹੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਸਾਲ 2011 ਵਿੱਚ ਫ਼ਿਲਮ ਜਿਹਨੇ ਮੇਰਾ ਜ਼ਿਲ੍ਹਾ ਲੁੱਟਿਆ ਨਾਲ ਸੋਹੀ ਦੇ ਕਰੀਅਰ ਨੂੰ ਹੋਰ ਉਛਾਲ ਮਿਲਿਆ। ਇਸ ਵਿੱਚ ਉਨ੍ਹਾਂ ਨੇ ਗਿੱਪੀ ਗਰੇਵਾਲ਼ ਦੇ ਕਿਰਦਾਰ ਯੁਵਰਾਜ ਰੰਧਾਵਾ ਦੇ ਪਿਤਾ ਸ਼ਮਸ਼ੇਰ ਰੰਧਾਵਾ ਦਾ ਕਿਰਦਾਰ ਨਿਭਾਇਆ।

ਇਸ ਤੋਂ ਬਾਅਦ ਦੇ ਸਾਲਾਂ ਵਿੱਚ ਸਰਦਾਰ ਸੋਹੀ ਨੇ ਹਰ ਸਾਲ ਕਈ-ਕਈ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਨਿਭਾਏ ਕਿਰਦਾਰ ਦਰਸ਼ਕਾਂ ਨੇ ਬਹੁਤ ਪਸੰਦ ਕੀਤੇ।

ਸੋਹੀ ਕਹਿੰਦੇ ਹਨ, “ਜਦੋਂ ਫ਼ਿਲਮ ਲੌਂਗ ਦਾ ਲਿਸ਼ਕਾਰਾ ਲੱਗੀ ਮੇਰੇ ਪਾਪਾ ਲੁਧਿਆਣਾ ਦੇ ਪ੍ਰੀਤ ਪੈਲੇਸ ਵਿੱਚ ਫ਼ਿਲਮ ਦੇਖਣ ਗਏ। ਮੇਰੇ ਪਾਪਾ ਨੇ ਫ਼ਿਲਮ ਦੇਖਣ ਬਾਅਦ ਬਾਹਰ ਆ ਕੇ ਰੋਂਦੇ ਰੋਂਦੇ ਮੈਨੂੰ ਜੱਫੀ ਪਾਈ ਕਹਿੰਦੇ ਅੱਜ ਕਿਤੇ ਤੇਰੀ ਬੀਬੀ(ਮਾਂ) ਜਿਉਂਦੀ ਹੁੰਦੀ ਨਾ…”।

“ਉਦੋਂ ਮੈਨੂੰ ਲੱਗਿਆ ਕਿ ਮੇਰੀ ਇੰਨੇ ਸਾਲਾਂ ਦੀ ਮਿਹਨਤ ਰਾਸ ਆ ਗਈ। ਘੱਟੋ-ਘੱਟ ਮੇਰੇ ਪਾਪਾ ਨੂੰ ਇਹ ਤਾਂ ਹੋ ਗਿਆ ਕਿ ਮੇਰਾ ਪੁੱਤ ਸਹੀ ਰਾਹ ’ਤੇ ਚੱਲਿਆ ਅਤੇ ਮੇਰੇ ਪੁੱਤ ਦਾ ਸਕਰੀਨ ਤੇ ਆਉਣ ਦਾ ਸੁਫ਼ਨਾ ਪੂਰਾ ਹੋ ਗਿਆ।“

ਉਹ ਕਹਿੰਦੇ ਹਨ, “ਇਸ ਗੱਲ ਦਾ ਮੈਨੂੰ ਮਲਾਲ ਹੈ ਕਿ ਜੋ ਆਹ ਦਿਨ ਨੇ, ਸਰਦਾਰ ਸੋਹੀ ਦੀ ਪਿਛਲੇ ਦੱਸ-ਪੰਦਰਾਂ ਸਾਲ ਤੋਂ ਜੋ ਗੱਲ ਬਣੀ ਹੈ ਉਹ ਮੇਰੇ ਮਾਪਿਆ ਵਿੱਚੋਂ ਕੋਈ ਨਹੀਂ ਦੇਖ ਸਕਿਆ।”

ਚਿੰਤਾ ਦੀ ਸਮੱਸਿਆ

ਸਰਦਾਰ ਸੋਹੀ

ਤਸਵੀਰ ਸਰੋਤ, FB/Sardar Sohi

ਤਸਵੀਰ ਕੈਪਸ਼ਨ, ਥੀਏਟਰ ਕਰਦਿਆਂ ਸਰਦਾਰ ਸੋਹੀ ਨੂੰ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਸਰਦਾਰ ਸੋਹੀ ਦੱਸਦੇ ਹਨ ਕਿ ਉਹ ਐਨਜ਼ਾਇਟੀ ਦੇ ਮਰੀਜ਼ ਹਨ। ਉਹ ਕੋਈ ਖੂਨ ਖ਼ਰਾਬਾ ਜਾਂ ਮੌਤ ਦੇਖ ਨਹੀਂ ਸਕਦੇ।

ਉਹ ਕਹਿੰਦੇ ਹਨ, “ਕਿਤੇ ਸਸਕਾਰ ਤੇ ਜਾਣ ਪੈ ਜਾਵੇ ਤਾਂ ਮੇਰਾ ਪਹਿਲਾਂ ਹੀ ਬਲੱਡ ਪਰੈਸ਼ਰ ਹਾਈ ਹੋ ਜਾਂਦਾ ਹੈ। ਇਸ ਲਈ ਮੇਰਾ ਭਰਾ ਇਹੋ ਜਿਹੀ ਥਾਂ ਮੈਨੂੰ ਬਹੁਤ ਘੱਟ ਜਾਣ ਦਿੰਦਾ ਹੈ।“

ਉਨ੍ਹਾਂ ਨੂੰ ਇਹ ਸਮੱਸਿਆ ਸ਼ੁਰੂ ਕਿਵੇਂ ਹੋਈ ਇਸ ਬਾਰੇ ਸੋਹੀ ਦੱਸਦੇ ਹਨ ਕਿ ਉਹ ਬੰਬੇ ਦੋ ਸੀਰੀਅਲਾਂ ਦੀ ਸ਼ੂਟਿੰਗ ਕਰ ਰਹੇ ਸੀ ਜੋ ਕਿ ਬੇਹੱਦ ਤ੍ਰਾਸਦੀ ਭਰੇ ਸੀ। ਇਨ੍ਹਾਂ ਵਿੱਚ ਇੱਕ ਸੀਰੀਅਲ ‘ਸਰਹੱਦ’ ਸੀ।

ਇਸੇ ਦੌਰਾਨ ਉਨ੍ਹਾਂ ਨੂੰ ਆਪਣੇ ਜਵਾਨ ਭਤੀਜੇ ਦੀ ਟਰੈਕਟਰ ਦੇ ਟਾਇਰ ਹੇਠ ਦਾਬ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਕਾਫ਼ੀ ਖਰਾਬ ਰਹੀ।

ਭਤੀਜੇ ਬਾਰੇ ਸੋਹੀ ਕਹਿੰਦੇ ਹਨ, “ਮੈਂ ਧਰਮਿੰਦਰ ਦਾ ਫੈਨ ਸੀ, ਇਸ ਲਈ ਉਹਦਾ ਨਾਮ ਮੈਂ ਧਰਮਿੰਦਰ ਰੱਖਿਆ ਸੀ। ਉਹਦਾ ਛੋਟਾ ਨਾਮ ਬਬਲੂ ਸੀ, ਉਹ ਬਚਪਨ ਵਿੱਚ ਅੱਠ-ਦਸ ਸਾਲ ਸਾਡੇ ਕੋਲ ਹੀ ਰਿਹਾ।”

ਸੋਹੀ ਨੇ ਦੱਸਿਆ ਕਿ ਭਤੀਜੇ ਦੀ ਮੌਤ ਦੀ ਖ਼ਬਰ ਸੁਨਣ ਬਾਅਦ ਰਾਤ ਨੂੰ ਉਨ੍ਹਾਂ ਨੂੰ ਘਬਰਾਹਟ ਸ਼ੁਰੂ ਹੋ ਗਈ, ਫਿਰ ਡਾਕਟਰਾਂ ਜ਼ਰੀਏ ਪਹਿਲੀ ਵਾਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਐਨਜ਼ਾਇਟੀ ਕੀ ਹੁੰਦੀ ਹੈ।

“ਮੈਂ ਢਾਈ-ਤਿੰਨ ਸਾਲ ਬਹੁਤ ਔਖਾ ਰਿਹਾ, ਉਦੋਂ ਤੋਂ ਹੀ ਮੈਂ ਗੱਡੀ ਚਲਾਉਣੀ ਵੀ ਛੱਡੀ ਹੋਈ ਹੈ।”

ਸੋਹੀ ਦੱਸਦੇ ਹਨ ਕਿ ਐਨਜ਼ਾਇਟੀ ਨੂੰ ਕੰਟਰੋਲ ਕਰਨ ਲਈ ਉਹ ਪਾਠ ਕਰਦੇ ਹਨ। “ਪਾਠ ਕਰਨ ਵਿੱਚ ਮੈਂ ਕੱਟੜ ਨਹੀਂ ਹਾਂ, ਜਦੋਂ ਅੰਦਰੋਂ ਜੀਅ ਕਰਦਾ ਹੈ, ਉਦੋਂ ਕਰਦਾ ਹਾਂ ਅਤੇ ਮਤਲਬ ਸਮਝ ਸਮਝ ਕੇ ਪਾਠ ਪੜ੍ਹਣ ਦੀ ਕੋਸ਼ਿਸ਼ ਕਰਦਾ ਹਾਂ। “

ਵਿਆਹ ਕਿਉਂ ਨਹੀਂ ਕਰਵਾਇਆ ?

ਸਰਦਾਰ ਸੋਹੀ ਹੁਰਾਂ ਨੇ ਕਈ ਵਾਰ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ।

ਸੋਹੀ ਕਹਿੰਦੇ ਹਨ ਕਿ ਜਦੋਂ ਥੀਏਟਰ ਕਰਦੇ ਸੀ ਤਾਂ ਖੁਦ ਦੇ ਕੱਪੜੇ ਵੀ ਖਰੀਦ ਨਹੀਂ ਸੀ ਸਕਦੇ।

ਉਨ੍ਹਾਂ ਨੂੰ ਲਗਦਾ ਸੀ ਕਿ ਇੰਨੀ ਜਲਦੀ ਇੰਨੀ ਪੈਸਾ ਉਨ੍ਹਾਂ ਕੋਲ ਨਹੀਂ ਆਉਣਾ ਜਿਸ ਨਾਲ ਉਹ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਸਕਣ, ਇਸ ਲਈ ਉਨ੍ਹਾਂ ਨੇ ਵਿਆਹ ਨਹੀ ਕਰਵਾਇਆ।

ਅਸੀਂ ਸੋਹੀ ਜੀ ਨੂੰ ਪੁੱਛਿਆ ਕਿ ਕਦੇ ਉਨ੍ਹਾਂ ਨੂੰ ਕਿਸ ਨਾਲ ਪਿਆਰ ਹੋਇਆ ? ਉਨ੍ਹਾਂ ਕਿਹਾ, “ਮੇਰਾ ਪਹਿਲਾ ਇਸ਼ਕ ਥੀਏਟਰ ਹੀ ਸੀ, ਥੀਏਟਰ ਤੋਂ ਬਿਨ੍ਹਾਂ ਮੈਨੂੰ ਹੋਰ ਕੁਝ ਨਹੀਂ ਦਿਸਿਆ।”

“ਇਨ੍ਹਾਂ ਗੱਲਾਂ ਨੂੰ ਕੌਣ ਯਾਦ ਕਰਦਾ ਹੈ, ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਕਿ ਲੋਕ ਮੇਰੇ ਤੋਂ ਬਾਅਦ ਵੀ ਮੈਨੂੰ ਯਾਦ ਰੱਖਣ ਅਤੇ ਐਕਟਿੰਗ ਅਜਿਹਾ ਮਾਰਕੇ ਦਾ ਕਿੱਤਾ ਹੈ ਜਿਸ ਕਰਕੇ ਤੁਸੀਂ ਆਪਣੇ ਕਿਰਦਾਰਾਂ ਨਾਲ ਜ਼ਿੰਦਾ ਰਹਿੰਦੇ ਹੋ।”

ਐਕਟਿੰਗ ਵਿੱਚ ਕਿਹੜੀ ਖਵਾਹਿਸ਼ ਬਾਕੀ ?

ਜੋ ਸ਼ੋਹਰਤ ਸਰਦਾਰ ਸੋਹੀ ਨੇ ਹਾਸਿਲ ਕੀਤੀ ਹੈ, ਬੜੀ ਹੀ ਪ੍ਰੇਰਨਾਦਾਇਕ ਹੈ। ਪਰ ਕੀ ਹਾਲੇ ਵੀ ਕੋਈ ਖਵਾਹਿਸ਼ ਬਾਕੀ ਹੈ?

ਸੋਹੀ ਕਹਿੰਦੇ ਹਨ ਕਿ ਐਕਟਿੰਗ ਵਿੱਚ ਹਾਲੇ ਬਹੁਤ ਕੁਝ ਕਰਨਾ ਹੈ।

“ਸਾਡੇ ਸਾਹਿਤ ਵਿੱਚ ਲਿਖੇ ਕਿੰਨੇ ਕਿਰਦਾਰ ਹਨ ਜੋ ਮੈਂ ਨਿਭਾਉਣਾ ਚਾਹੁੰਦਾ ਹਾਂ। ਅਸੀਂ ਤੁਰ ਹੀ ਹੋਰ ਪਾਸੇ ਪਏ ਹਾਂ। ਵਿਹਲੇ ਬੈਠੇ ਕੀ ਕਰਾਂਗੇ, ਇਸ ਲਈ ਮਜਬੂਰੀ ਵਿੱਚ ਕਾਮੇਡੀ ਫ਼ਿਲਮਾਂ ਕਰਨੀਆਂ ਪੈਂਦੀਆਂ ਹਨ।”

“ਪਰ ਇੱਕ ਲਾਈਨ ਵੀ ਨਹੀਂ ਖਿੱਚ ਸਕਦੇ ਕਿ ਕਾਮੇਡੀ ਫ਼ਿਲਮਾਂ ਨਹੀਂ ਕਰਨੀਆਂ। ਕਿਉਂਕਿ ਕਾਮੇਡੀ ਕਰਦੇ ਕਰਦੇ ਹੀ ‘ਅਰਦਾਸ’ ਅਤੇ ‘ਗੋਡੇ-ਗੋਡੇ ਚਾਅ’ ਜਿਹੀਆਂ ਮਾਅਨੇ ਭਰਪੂਰ ਫ਼ਿਲਮਾਂ ਬਣ ਗਈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)