ਕੈਨੇਡਾ ਦੇ ਸਰਕਾਰੀ ਅਫ਼ਸਰ ਦੇ ਭਾਰਤ ਬਾਰੇ ਕਥਿਤ ਬਿਆਨ ’ਤੇ ਕੀ ਵਿਵਾਦ ਛਿੜਿਆ, ਕਾਰਨੀ ਦੀ ਪਾਰਟੀ ਦੇ ਪੰਜਾਬੀ ਐੱਮਪੀ ਨੇ ਕਿਹੜੇ ਸਵਾਲ ਚੁੱਕੇ

ਤਸਵੀਰ ਸਰੋਤ, Getty Images/Sukh Dhaliwal/Twitter
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 4 ਮਿੰਟ
ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮਾਰਕ ਕਾਰਨੀ ਭਾਰਤ ਦੇ ਦੌਰੇ ’ਤੇ ਸ਼ੁੱਕਰਵਾਰ ਨੂੰ ਮੁੰਬਈ ਪਹੁੰਚ ਗਏ ਹਨ। ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਪੁਰਾਣੇ ਅਤੀਤ ਨੂੰ ਭੁੱਲ ਕੇ ਵਪਾਰ, ਤਕਨਾਲੋਜੀ, ਊਰਜਾ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਗੱਲਬਾਤ ਦੇ ਨਵੇਂ ਰਸਤੇ ਪੈਦਾ ਕਰਨਾ ਹੈ।
ਪਰ ਇਸ ਦੌਰੇ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਇੱਕ ਅਧਿਕਾਰੀ ਵੱਲੋਂ ਭਾਰਤ ਲਈ ਕੈਨੇਡਾ ਦੀ ਵਿਦੇਸ਼ ਨੀਤੀ ਬਾਰੇ ਦਿੱਤੇ ਗਏ ਬਿਆਨ ਦਾ ਕਾਰਨੀ ਦੀ ਪਾਰਟੀ ਦੇ ਐੱਮਪੀ ਨੇ ਵਿਰੋਧ ਕੀਤਾ ਹੈ।
ਕੈਨੇਡਾ ਦੇ ਅਧਿਕਾਰੀ ਨੇ ਕੀ ਕਿਹਾ
ਸੀਬੀਸੀ ਨਿਊਜ਼ ਮੁਤਾਬਕ ਕੈਨੇਡਾ ਸਰਕਾਰ ਦੇ ਇੱਕ ਸੀਨੀਅਰ ਅਫਸਰ ਨੇ ਕਿਹਾ ਹੈ ਕਿ ਕੈਨੇਡਾ ਦੀ ਸਰਕਾਰ ਇਹ ਮੰਨਦੀ ਹੈ ਕਿ ਭਾਰਤ ਸਰਕਾਰ ਵੱਲੋਂ ਹੁਣ ਕੈਨੇਡਾ ਦੇ ਨਾਗਰਿਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇ ਅਜਿਹੀ ਕਾਰਵਾਈ ਜਾਰੀ ਹੁੰਦੀ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤ ਦਾ ਇਹ ਦੌਰਾ ਨਾ ਕੀਤਾ ਜਾਂਦਾ।
ਪਰ ਸਰੀ ਨਿਊਟਨ ਤੋਂ ਐੱਮਪੀ ਸੁੱਖ ਧਾਲੀਵਾਲ ਦਾ ਕਹਿਣਾ ਹੈ ਕਿ ਸਬੰਧਤ ਅਧਿਕਾਰੀ ਭਾਈਚਾਰੇ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਨਹੀਂ ਹੈ ਅਤੇ ਜ਼ਮੀਨੀ ਹਕੀਕਤ ਤੋਂ ਅਣਜਾਣ ਹਨ, ਇਸ ਕਰਕੇ ਉਹ ਇਸ ਬਿਆਨ ਨਾਲ ਇਤਫ਼ਾਕ ਨਹੀਂ ਰੱਖਦੇ।
ਕੈਨੇਡਾ ਵਿੱਚ ਕੁਝ ਸਿੱਖ ਸੰਸਥਾਵਾਂ ਪਹਿਲਾਂ ਹੀ ਇਸ ਬਿਆਨ ਦੇ ਵਿਰੋਧ ਵਿੱਚ ਸਨ ਅਤੇ ਹੁਣ ਲਿਬਰਲ ਪਾਰਟੀ ਦੇ ਐੱਮਪੀ ਦਾ ਸਾਥ ਮਿਲਣ ਨਾਲ ਕਾਰਨੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਵਿੱਚ ਸਿਆਸੀ ਵਿਵਾਦ ਨਜ਼ਰ ਆ ਰਿਹਾ ਹੈ।
ਕੈਨੇਡਾ ਦੇ ਐੱਮਪੀ ਸੁੱਖ ਧਾਲੀਵਾਲ ਨੇ ਕਿਹੜੇ ਸਵਾਲ ਚੁੱਕੇ

ਤਸਵੀਰ ਸਰੋਤ, Sukh Dhaliwal/Twitter
ਯਾਦ ਰਹੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਸਰੀ ਵਿੱਚ ਹੋਇਆ ਸੀ ਅਤੇ ਜਿਸ ਇਲਾਕੇ ਵਿੱਚ ਇਹ ਕਤਲ ਹੋਇਆ ਸੀ, ਉਹ ਇਲਾਕਾ ਐੱਮਪੀ ਸੁੱਖ ਧਾਲੀਵਾਲ ਦੇ ਹਲਕੇ ਵਿੱਚ ਹੀ ਹੈ।
ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਕੈਨੇਡਾ ਦੇ ਐੱਮਪੀ ਸੁੱਖ ਧਾਲੀਵਾਲ ਨੇ ਆਖਿਆ, "ਇਸ ਮਾਮਲੇ ਵਿੱਚ ਕੈਨੇਡਾ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ, ਆਰਸੀਐੱਮਪੀ ਅਤੇ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਐੱਸਆਈਐੱਸ) ਨੇ ਭਾਰਤੀ ਯਤਨਾਂ ਦੇ ਰੁਕਣ ਬਾਰੇ ਕੋਈ ਬਿਆਨ ਨਹੀਂ ਦਿੱਤਾ, ਇਸ ਕਰ ਕੇ ਮੈਂ ਭਾਰਤੀ ਏਜੰਸੀਆਂ ਨੂੰ ਕਲੀਨ ਚਿੱਟ ਨਹੀਂ ਦਿੰਦਾ।"
ਉਨ੍ਹਾਂ ਨੇ ਇਸ ਅਧਿਕਾਰੀ ਦੇ "ਫ਼ੈਸਲੇ ਅਤੇ ਜ਼ਿੰਮੇਵਾਰੀਆਂ" ਦੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਦੀ "ਵਰਤੋਂ ਅਤੇ ਅਹੁਦੇ ਲਈ ਯੋਗਤਾ" ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਆਖਿਆ ਦੂਜੇ ਦੇਸ਼ਾਂ ਨਾਲ ਟਰੇਡ ਜ਼ਰੂਰੀ ਹੈ ਪਰ ਕੈਨੇਡੀਅਨ ਕਦਰਾਂ ਕੀਮਤਾਂ, ਲੋਕਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਕੈਨੇਡਾ-ਭਾਰਤ ਵਿਚਾਲੇ ਵਿਵਾਦ ਦੀ ਪਿੱਠਭੂਮੀ ਕੀ ਹੈ

ਤਸਵੀਰ ਸਰੋਤ, VIRSA SINGH VALTOHA/X
ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਬਿਆਨਾਂ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੁੜੱਤਣ ਵਧੀ ਸੀ।
ਅਸਲ ਵਿੱਚ ਜੂਨ 2023 ਵਿੱਚ ਸਰੀ ਵਿਖੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ ਸੀ।
ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ 2023 ਵਿੱਚ ਬਕਾਇਦਾ ਸੰਸਦ 'ਚ ਕਿਹਾ ਸੀ ਕਿ ਕੈਨੇਡੀਅਨ ਅਥਾਰਿਟੀਆਂ ਕੋਲ "ਭਰੋਸੇਯੋਗ ਸਬੂਤ" ਹਨ, ਜੋ ਭਾਰਤੀ ਏਜੰਟਾਂ ਨੂੰ ਕੈਨੇਡੀਅਨ ਧਰਤੀ 'ਤੇ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੋੜਦੇ ਹਨ।
ਕੈਨੇਡਾ ਦੇ ਟਰੇਡ ਮੰਤਰੀ ਨੇ ਕਿਹਾ ਸੀ "ਜਦੋਂ ਤੱਕ ਭਾਰਤ, ਨਿੱਝਰ ਕਤਲ ਕੇਸ ਵਿੱਚ ਕੈਨੇਡਾ ਨਾਲ ਸਹਿਯੋਗ ਨਹੀਂ ਕਰਦਾ ਅਸੀਂ ਉਸ ਨਾਲ ਕਾਰੋਬਾਰੀ ਗੱਲਬਾਤ ਅੱਗੇ ਨਹੀਂ ਵਧਾਵਾਂਗੇ।"
ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ "ਬਿਨਾਂ ਕਿਸੇ ਸਬੂਤ ਦੇ ਬੇਬੁਨਿਆਦ" ਅਤੇ "ਰਾਜਨੀਤਿਕ ਤੌਰ 'ਤੇ ਪ੍ਰੇਰਿਤ" ਕਿਹਾ ਸੀ।
ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਕਾਂ ਦੀ ਡਿਪਲੋਮੈਟਿਕ ਕਮਿਊਨਿਟੀ ਰੱਦ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰ ਕੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਆਖਿਆ ਸੀ। ਇਸ ਕਾਰਨ ਕੈਨੇਡੀਅਨ ਸਫ਼ਾਰਤਖ਼ਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ ਸੀ।
ਇਸ ਗੱਲ ਦਾ ਅਸਰ ਦੋਵਾਂ ਦੇਸ਼ਾਂ ਦੀਆਂ ਵੀਜ਼ਾ ਸੇਵਾਵਾਂ ਉੱਤੇ ਵੀ ਕੁਝ ਸਮੇਂ ਲਈ ਪਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

































