ਜੱਟ ਐਂਡ ਜੂਲੀਅਟ 3 : ਪਾਕਿਸਤਾਨ ’ਚ ਭਾਰਤੀ ਫਿਲਮਾਂ ਉੱਤੇ ਪਾਬੰਦੀ ਦੇ ਘੇਰੇ ਨੂੰ ਪੰਜਾਬੀ ਫਿਲਮਾਂ ਨੇ ਕਿਵੇਂ ਤੋੜਿਆ

ਜੱਟ ਐਂਡ ਜੂਲੀਅਟ 3’

ਤਸਵੀਰ ਸਰੋਤ, Wali Films & White Hill Studio

ਤਸਵੀਰ ਕੈਪਸ਼ਨ, ਜੱਟ ਐਂਡ ਜੂਲੀਅਟ-3 ਦੇ ਇੱਕ ਦ੍ਰਿਸ਼ ਵਿੱਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਸਾਥੀ ਕਲਾਕਾਰਾਂ ਨਾਲ
    • ਲੇਖਕ, ਸ਼ੁਮਾਇਲਾ ਜਾਫ਼ਰੀ, ਬੀਬੀਸੀ ਪੱਤਰਕਾਰ, ਪਾਕਿਸਤਾਨ ਤੇ ਨਵਦੀਪ ਕੌਰ ਗਰੇਵਾਲ, ਬੀਬੀਸੀ ਸਹਿਯੋਗੀ, ਭਾਰਤ
    • ਰੋਲ, ਬੀਬੀਸੀ

ਪਾਕਿਸਤਾਨ ਵਿੱਚ ਈਦ ਮੌਕੇ ਇਸ ਵਾਰ ਦਰਜਨ ਦੇ ਕਰੀਬ ਫ਼ਿਲਮਾਂ ਲੱਗੀਆਂ।

ਇਨ੍ਹਾਂ ਫ਼ਿਲਮਾਂ ਵਿੱਚੋਂ ਜਿਹੜੀ ਫ਼ਿਲਮ ਦੀ ਚਰਚਾ ਹੋ ਰਹੀ ਹੈ, ਉਹ ਹੈ ਈਦ ਤੋਂ ਕਈ ਦਿਨਾਂ ਬਾਅਦ ਰਿਲੀਜ਼ ਹੋਈ ਪੰਜਾਬੀ ਫ਼ਿਲਮ ਜੱਟ ਐਂਡ ਜੂਟੀਅਟ -3।

ਪਾਕਿਸਤਾਨ ਵਿੱਚ ਫਿਲਮ ਨਿਰਮਾਤਾ ਈਦ-ਉਲ-ਫਿਤਰ ਅਤੇ ਈਦ-ਉਲ-ਅਧਾ ਦਾ ਇੰਤਜ਼ਾਰ ਕਰਦੇ ਹਨ।

ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਇਸ ਮੌਕੇ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਦੀ ਆਮਦ ਹੋਵੇਗੀ, ਜੋ ਆਮ ਤੌਰ ਉੱਤੇ ਸੁੰਨੇ ਰਹਿੰਦੇ ਹਨ।

ਸਮੇਂ ਦੇ ਨਾਲ ਪਾਕਿਸਤਾਨੀ ਨਿਰਮਾਣ ਦੇ ਘੱਟ ਹੋਣ ਅਤੇ ਭਾਰਤੀ ਫ਼ਿਲਮਾਂ ਉੱਤੇ ਪਾਬੰਦੀ ਲੱਗਣ ਨਾਲ, ਲੋਕਾਂ ਨੂੰ ਸਿਨੇਮਾ ਘਰਾਂ ਵਿੱਚ ਆਉਣ ਲਈ ਪ੍ਰੇਰਿਤ ਕਰਨਾ ਵੱਡੀ ਚੁਣੌਤੀ ਬਣ ਗਈ ਹੈ।

ਜ਼ੈਨ ਵਾਲੀ, ਫ਼ਿਲਮ ਡਿਸਟ੍ਰਿਬਿਊਸ਼ਨ ਕੰਪਨੀ ‘ਵਾਲੀ ਇੰਟਰਪ੍ਰਾਈਜ਼ਿਜ਼’ ਦੇ ਸੀਈਓ ਹਨ।

ਉਹ ਕਹਿੰਦੇ ਹਨ ਕਿ ਇਸ ਸੀਜ਼ਨ ਵਿੱਚ ਈਦ-ਉਲ-ਅਧਾ ਮੌਕੇ 12 ਫ਼ਿਲਮਾਂ ਰਿਲੀਜ਼ ਕੀਤੀਆਂ ਗਈਆਂ ਸਨ।

ਉਹ ਕਹਿੰਦੇ ਹਨ ਇਸ ਕੰਪਨੀ ਵੱਲੋਂ ਡਿਸਟ੍ਰਿਬਿਊਟਿਡ ਸਿਰਫ਼ ਇੱਕ ਫ਼ਿਲਮ ਹੀ ਲੋਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋਈ।

ਉਹ ਫ਼ਿਲਮ ਹੈ - ‘ਜੱਟ ਐਂਡ ਜੂਲੀਅਟ 3’।

ਪ੍ਰਸ਼ੰਸਕ
ਤਸਵੀਰ ਕੈਪਸ਼ਨ, ਪਾਕਿਸਤਾਨ 'ਚ ਜੱਟ ਐਂਡ ਜੂਲੀਅਟ 3 ਨੇ ਕਾਰੋਬਾਰ ਦੇ ਮਾਮਲੇ ਵਿੱਚ ਸਭ ਨੂੰ ਪਛਾੜ ਦਿੱਤਾ

ਪਾਕਿਸਤਾਨ 'ਚ ਬਾਕੀ ਫ਼ਿਲਮਾਂ ਰਲ ਕੇ ਵੀ ਓਨਾ ਕਾਰੋਬਾਰ ਨਹੀਂ ਕਰ ਸਕੀਆਂ ਜਿੰਨਾ ਜੱਟ ਐਂਡ ਜੂਲੀਅਟ 3 ਨੇ ਕੁਝ ਹਫ਼ਤਿਆਂ ਵਿੱਚ ਹੀ ਕਰ ਲਿਆ

ਵਾਲੀ ਨੇ ਦੱਸਿਆ ਕਿ ਕਈ ਫ਼ਿਲਮਾਂ ਇੰਨੀਆਂ ਫਲੌਪ ਰਹੀਆਂ ਕਿ ਸਿਨੇਮਾ ਮਾਲਕਾਂ ਨੇ ਦੋ ਦਿਨਾਂ ਅੰਦਰ ਹੀ ਉਨ੍ਹਾਂ ਨੂੰ ਹਟਾ ਦਿੱਤਾ।

‘ਜੱਟ ਐਂਡ ਜੂਲੀਅਟ 3’ ਈਦ-ਉਲ-ਅਧਾ ਤੋਂ ਦੋ ਹਫ਼ਤੇ ਬਾਅਦ ਰਿਲੀਜ਼ ਹੋਈ ਸੀ, ਫਿਰ ਵੀ ਇਸ ਦੇ ਸ਼ੋਅਜ਼ ਮੁਹੱਰਮ ਸ਼ੁਰੂ ਹੋਣ ਤੱਕ ਹਾਊਸ ਫੁੱਲ ਰਹੇ।

ਮੁਹੱਰਮ, ਕਈ ਮੁਸਲਮਾਨਾਂ ਵਲੋਂ ਸੋਗ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਮਨੋਰੰਜਨ ਕਾਰੋਬਾਰ ਦੀ ਰਫ਼ਤਾਰ ਘਟ ਜਾਂਦੀ ਹੈ।

ਹਾਲਾਂਕਿ, ਜੱਟ ਐਂਡ ਜੂਲੀਅਟ ਦੇ ਡਿਸਟ੍ਰਿਬਿਊਟਰਾਂ ਨੂੰ ਭਰੋਸਾ ਹੈ ਕਿ ਮੁਹੱਰਮ ਲੰਘ ਜਾਣ ਤੋਂ ਬਾਅਦ, ਫ਼ਿਲਮ ਦੁਬਾਰਾ ਕਾਰੋਬਾਰ ਕਰੇਗੀ।

ਇਹ ਫ਼ਿਲਮ ਦੇਖਣ ਵਾਲੇ ਕੁਝ ਪ੍ਰਸ਼ੰਸਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ‘ਹਲਕੀ ਫੁਲਕੀ ਕਾਮੇਡੀ’ ਪਸੰਦ ਆਈ, ਪਰ ਸਭ ਤੋਂ ਜ਼ਿਆਦਾ ਆਕਰਸ਼ਿਤ ਦਿਲਜੀਤ ਦੋਸਾਂਝ ਨੇ ਕੀਤਾ।

ਦਿਲਜੀਤ ਨੂੰ ਕਿ ਲਹਿੰਦੇ ਪੰਜਾਬ ਵਿੱਚ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

ਜੱਟ ਐਂਡ ਜੂਲੀਅਟ ਦੇ ਮਿਊਜ਼ਿਕ ਦੀ ਵੀ ਤਾਰੀਫ਼ ਕੀਤੀ ਗਈ ਅਤੇ ਇਕ ਪ੍ਰਸ਼ੰਸਕ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੂੰ ਫ਼ਿਲਮ ਦੇ ਗੀਤ ਇਸ ਤਰ੍ਹਾਂ ਤਰੋ-ਤਾਜ਼ਾ ਕਰ ਦੇਣ ਵਾਲੇ ਲੱਗੇ ਕਿ ਉਹ ਉਨ੍ਹਾਂ ਗੀਤਾਂ ‘ਤੇ ਡਾਂਸ ਕਰਨਾ ਚਾਹੁੰਦੀ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੈਰ-ਭਾਰਤੀ ਪੰਜਾਬੀ ਫ਼ਿਲਮਾਂ

ਪਾਕਿਸਤਾਨ ਵਿੱਚ ਭਾਰਤੀ ਫ਼ਿਲਮਾਂ ‘ਤੇ ਪਾਬੰਦੀ ਲੱਗੇ ਹੋਣ ਦੇ ਬਾਵਜੂਦ, ਭਾਰਤ ਦੀਆਂ ਪੰਜਾਬੀ ਫ਼ਿਲਮਾਂ ਪਾਕਿਸਤਾਨ ਦੀ ਮਾਰਕਿਟ ’ਚ ਜਾ ਰਹੀਆਂ ਹਨ।

ਇਹ ਕਿਵੇਂ ਹੋ ਰਿਹਾ ਹੈ ਜ਼ੈਨ ਵਾਲੀ ਦਾਅਵਾ ਕਰਦੇ ਹਨ ਕਿ ਇਹ ਫ਼ਿਲਮਾਂ ਭਾਰਤੀ ਪੰਜਾਬੀ ਫ਼ਿਲਮਾਂ ਨਹੀਂ ਹਨ।

ਜੱਟ ਐਂਡ ਜੂਲੀਅਟ 3

ਤਸਵੀਰ ਸਰੋਤ, Wali Films & White Hill Studio

ਉਹ ਕਹਿੰਦੇ ਹਨ, “ਪਾਕਿਸਤਾਨ ਵਿੱਚ ਰਿਲੀਜ਼ ਹੋ ਰਹੀਆਂ ਫ਼ਿਲਮਾਂ ਦੇ ਪ੍ਰੋਡਿਊਸਰ ਭਾਰਤੀ ਨਹੀਂ, ਬਲਕਿ ਵਿਦੇਸ਼ੀ ਨਾਗਰਿਕ ਹਨ। ਇਸ ਲਈ ਇਹ ਕੈਨੇਡੀਆਈ ਪੰਜਾਬੀ ਫ਼ਿਲਮਾਂ ਹਨ।

ਉਹ ਅੱਗੇ ਦੱਸਦੇ ਹਨ, “ਜਿਵੇਂ ਕਿ ਵਾਈਟ ਹਿੱਲ ਪ੍ਰੋਡਕਸ਼ਨਜ਼ ਜਿਸ ਨੇ ਜੱਟ ਐਂਡ ਜੂਲੀਅਟ ਬਣਾਈ ਹੈ, ਦੇ ਨਿਰਮਾਤਾ ਕੈਨੇਡੀਅਨ ਨਾਗਰਿਕ ਹੈ ਅਤੇ ਫ਼ਿਲਮ ਬਣਾਉਣ ਵਾਲੀ ਕੰਪਨੀ ਯੂਕੇ ਦੀ ਹੈ।”

ਪਾਕਿਸਤਾਨ ਦੀ ਘਰੇਲੂ ਫ਼ਿਲਮ ਇੰਡਸਟਰੀ ਦੀ ਹਾਲਤ ਇਸ ਵੇਲੇ ਖ਼ਸਤਾ ਹੈ।

ਇਸ ਕਾਰਨ ਪਾਕਿਸਤਾਨ ਦੀ ਸਰਕਾਰ ਨੇ 2021 ਵਿੱਚ ਵਿਦੇਸ਼ੀ ਫ਼ਿਲਮਾਂ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ, ਜਿਨ੍ਹਾਂ ਵਿੱਚ ਗੈਰ-ਭਾਰਤੀ ਪੰਜਾਬੀ ਫ਼ਿਲਮਾਂ ਵੀ ਸ਼ਾਮਲ ਸਨ।

ਜ਼ੈਨ ਵਾਲੀ
ਤਸਵੀਰ ਕੈਪਸ਼ਨ, ਜ਼ੈਨ ਵਾਲੀ, ਜੱਟ ਐਂਡ ਜੂਲੀਅਟ 3 ਦੇ ਪਾਕਿਸਤਾਨ ਵਿੱਚ ਡਿਸਟ੍ਰੀਬਿਊਟਰ

ਉਦੋਂ ਤੋਂ ਭਾਰਤ ਤੋਂ ਬਾਹਰ ਦੀਆਂ ਕੰਪਨੀਆਂ ਵੱਲੋਂ ਬਣ ਰਹੀਆਂ ਫ਼ਿਲਮਾਂ ਅਤੇ ਭਾਰਤੀ ਵਿਦੇਸ਼ੀ ਨਾਗਰਿਕਾਂ ਵੱਲੋਂ ਪ੍ਰੋਡਿਊਸ ਕੀਤੀਆਂ ਗਈਆਂ ਫ਼ਿਲਮਾਂ ਪਾਕਿਸਤਾਨ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਸਕਦੀਆਂ ਹਨ।

ਵਾਲੀ ਦੱਸਦੇ ਹਨ ਕਿ ਇਨ੍ਹਾਂ ਫ਼ਿਲਮਾਂ ਨੂੰ ਇੱਥੇ ਲਿਆਉਣ ਪ੍ਰੀਕਿਰਿਆ ਕਾਫ਼ੀ ਸਖ਼ਤ ਹੈ।

ਉਹ ਕਹਿੰਦੇ ਹਨ, “ਅਸੀਂ ਪਹਿਲਾਂ ਸੂਚਨਾ ਮੰਤਰਾਲੇ ਵੱਲੋਂ ‘ਨੋ-ਓਬਜੈਕਸ਼ਨ ਸਰਟੀਫਿਕੇਟ’ ਲੈਣ ਲਈ ਅਪਲਾਈ ਕਰਦੇ ਹਾਂ। ਵਿਭਾਗ ਅਰਜ਼ੀ ਦੀ ਚੰਗੀ ਤਰ੍ਹਾਂ ਸਮੀਖਿਆ ਕਰਦਾ ਹੈ ਅਤੇ ਫਿਰ ਪ੍ਰਕਿਰਿਆ ਪੂਰੀ ਕਰਕੇ ਅਸੀਂ ਫ਼ਿਲਮਾਂ ਨੂੰ ਨੈਸ਼ਨਲ ਸੈਂਸਰ ਬੋਰਡ ਤੱਕ ਲਿਜਾਂਦੇ ਹਾਂ, ਫਿਰ ਇਹ ਸੂਬੇ ਦੇ ਸੈਂਸਰ ਬੋਰਡ ਕੋਲ ਜਾਂਦੀ ਹੈ ਅਤੇ ਉਸ ਤੋਂ ਬਾਅਦ ਸਿਨੇਮਾ ਘਰਾਂ ਤੱਕ ਪਹੁੰਚਦੀ ਹੈ।”

ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਫ਼ਿਲਮ ਦੀ ਸਮੀਖਿਆ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਇਹ ਦੇਖਿਆ ਜਾਂਦਾ ਹੈ ਕਿ ਇਹ ਪਾਕਿਸਤਾਨ ਦੀਆਂ ਧਾਰਮਿਕ, ਸੱਭਿਆਚਾਰ ਅਤੇ ਵਿਚਾਰਧਾਰਕ ਕਦਰਾਂ ਕੀਮਤਾਂ ਦੇ ਖ਼ਿਲਾਫ਼ ਨਾ ਹੋਵੇ।

ਇਹ ਵੀ ਦੇਖਿਆ ਜਾਂਦਾ ਹੈ ਕਿ ਫ਼ਿਲਮਾਂ ਪਾਕਿਸਤਾਨ-ਵਿਰੋਧੀ ਨਾ ਹੋਣ ਅਤੇ ਇਸ ਵਿੱਚ ਮੁਲਕ ਦੇ ਸੁਰੱਖਿਆਂ ਬਲਾਂ ਦੇ ਖ਼ਿਲਾਫ਼ ਕਿਸੇ ਕਿਸਮ ਦਾ ਪ੍ਰਚਾਰ ਨਾ ਹੋਵੇ।

ਕਿਉਂਕਿ ਜ਼ਿਆਦਾਤਰ ਕੈਨੇਡੀਆਈ/ਭਾਰਤੀ ਪੰਜਾਬੀ ਫਿਲਮਾਂ ਪਿਆਰ, ਪਰਿਵਾਰ ਅਤੇ ਪੰਜਾਬੀ ਹਾਸੇ-ਠੱਠੇ ਜਿਹੇ ਵਿਸ਼ਿਆਂ ਉੱਤੇ ਹੁੰਦੀਆਂ ਹਨ।

ਇਨ੍ਹਾਂ ਨਾਲ ਪਾਕਿਸਤਾਨੀ ਖ਼ਾਸ ਕਰਕੇ ਪੰਜਾਬੀ ਦਰਸ਼ਕ ਜੁੜਿਆ ਮਹਿਸੂਸ ਕਰਦੇ ਹਨ।

ਜੱਟ ਐਂਡ ਜੂਲੀਅਟ 3’

ਤਸਵੀਰ ਸਰੋਤ, Wali Films & White Hill Studio

ਤਸਵੀਰ ਕੈਪਸ਼ਨ, ਕੈਨੇਡੀਆਈ/ਭਾਰਤੀ ਪੰਜਾਬੀ ਫਿਲਮਾਂ ਪਿਆਰ, ਪਰਿਵਾਰ ਅਤੇ ਪੰਜਾਬੀ ਹਾਸੇ-ਠੱਠੇ ਜਿਹੇ ਵਿਸ਼ਿਆਂ ਉੱਤੇ ਹੁੰਦੀਆਂ ਹਨ।

ਇਸੇ ਕਰਕੇ ਇਨ੍ਹਾਂ ਫ਼ਿਲਮਾਂ ਨੂੰ ਕਿਸੇ ਕਿਸਮ ਦੇ ਪ੍ਰਸ਼ਾਸਨਿਕ ਅੜਿੱਕੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਫ਼ਿਲਮ ਅਲੋਚਕ ਐਜਾਜ਼ ਗੁਲ ਕਹਿੰਦੇ ਹਨ ਭਾਵੇਂ ਅੰਮ੍ਰਿਤਸਰ ਹੋਵੇ, ਜਲੰਧਰ ਹੋਵੇ ਜਾਂ ਲਾਹੌਰ- ਪੰਜਾਬੀ ਸੱਭਿਆਚਾਰ ਇੱਕੋ ਜਿਹਾ ਹੈ।

ਇਹ ਇੱਕ ਮਜ਼ਬੂਤ ਰਿਸ਼ਤਾ ਹੈ.. ਜੋ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ।

ਉਹ ਕਹਿੰਦੇ ਹਨ, “ਅਸੀਂ ਸਾਰੇ ਜਾਣਦੇ ਹਾਂ ਕਿ ਇਹ ਭਾਰਤੀ ਫ਼ਿਲਮਾਂ ਹਨ, ਪਰ ਇਨ੍ਹਾਂ ’ਤੇ ਇੰਡੀਅਨ ਲੇਬਲ ਨਹੀਂ ਹੈ।”

ਉਹ ਕਹਿੰਦੇ ਹਨ ਕਿ ਇਨ੍ਹਾਂ ਫ਼ਿਲਮਾਂ ਨੂੰ ਪਾਕਿਸਤਾਨ ਵਿੱਚ ਕੈਨੇਡੀਅਨ ਫ਼ਿਲਮਾਂ ਵਜੋਂ ਹੀ ਲਿਆਂਦਾ ਜਾਂਦਾ ਹੈ ਤੇ ਮਾਰਕਿਟ ਵਿੱਚ ਉਤਾਰਿਆ ਜਾਂਦਾ ਹਨ, ਇਸ ਲਈ ਕਾਗਜ਼ਾਂ ਵਿੱਚ ਇਹ ਗ਼ੈਰ-ਭਾਰਤੀ ਪੰਜਾਬੀ ਫ਼ਿਲਮਾਂ ਹਨ, ਭਾਵੇਂ ਪੈਸਾ ਅਸਿੱਧੇ ਤੌਰ ’ਤੇ ਭਾਰਤ ਹੀ ਜਾ ਰਿਹਾ ਹੈ।

ਪਾਕਿਸਤਾਨ ਵਿੱਚ ਭਾਰਤੀ/ਵਿਦੇਸ਼ੀ ਪੰਜਾਬੀ ਫ਼ਿਲਮਾਂ ਦੀ ਮਕਬੂਲੀਅਤ ਵਧਣ ਦਾ ਦੂਜਾ ਕਾਰਨ ਇਹ ਹੈ ਕਿ ਇਨ੍ਹਾਂ ਫ਼ਿਲਮਾਂ ਵਿੱਚ ਉੱਥੋਂ ਦੇ ਸਥਾਨਕ ਕਲਾਕਾਰ ਵੀ ਸ਼ਾਮਲ ਹੁੰਦੇ ਹਨ।

ਪਾਕਿਸਤਾਨ ਵਾਲੇ ਪਾਸਿਓਂ ਪੰਜਾਬੀ ਮਨੋਰੰਜਨ ਜਗਤ ਵਿੱਚ ਕਈ ਵੱਡੇ ਨਾਮ ਜਿਵੇਂ ਕਿ ਇਫਤਿਖ਼ਾਰ ਠਾਕੁਰ, ਨਾਸਿਰ ਚਿਣਿਓਟੀ, ਅਕਰਮ ਉਦਾਸ ਅਤੇ ਸੋਹੇਲ ਅਹਿਮਦ।

ਇਹ ਵੀ ਪੜ੍ਹੋ-

ਬਾਲੀਵੁੱਡ ਫ਼ਿਲਮਾਂ ’ਤੇ ਪਾਬੰਦੀ

ਪਾਕਿਸਤਾਨੀ ਕਲਾਕਾਰ, ਸਨਮ ਸਈਅਦ ਨੇ ਹਾਲ ਹੀ ਵਿੱਚ ਇਕ ਇੰਟਰਵਿਊ ਦੌਰਾਨ ਇਸ ਪਾਬੰਦੀ ਨੂੰ ਪਾਕਿਸਤਾਨੀ ਕਲਾਕਾਰਾਂ ਲਈ ‘ਦਿ ਰੂਡ ਅਵੇਕਨਿੰਗ’ ਕਰਾਰ ਦਿੱਤਾ ਸੀ।

ਪਾਕਿਸਤਾਨ ਵਿੱਚ ਕਈ ਲੋਕ ਮੰਨਦੇ ਹਨ ਕਿ ਦੋਵਾਂ ਮੁਲਕਾਂ ਵਿਚਾਲੇ ਸੁਖਾਵੇਂ ਸਬੰਧਾਂ ਲਈ ਇੱਕ ਦਹਾਕੇ ਵਿੱਚ ਤਿਆਰ ਹੋਈ ਥਾਂ 2016 ਵਿੱਚ ਇੱਕੋ ਝਟਕੇ ਵਿੱਚ ਖ਼ਤਮ ਹੋ ਗਈ ਅਤੇ ਹਾਲੇ ਤੱਕ ਇਸ ਦੀ ਭਰਪਾਈ ਨਹੀਂ ਹੋ ਸਕੀ।

ਪਾਕਿਸਤਾਨ ਨੇ ਬਦਲੇ ਵਿੱਚ ਪਾਕਿਸਤਾਨ ਦੇ ਸਿਨੇਮਾ ਘਰਾਂ ਵਿੱਚ ਭਾਰਤੀ ਫ਼ਿਲਮਾਂ ਦਿਖਾਉਣ ਦੇ ਰੋਕ ਲਗਾ ਦਿੱਤੀ ਸੀ, ਪਰ ਕਦੇ ਇਸ ਨੂੰ ਗੰਭੀਰਤਾ ਨਾਲ ਲਾਗੂ ਨਹੀਂ ਕੀਤਾ।

2019 ਵਿੱਚ ਬਾਲਾਕੋਟ ਵਿੱਚ ਭਾਰਤੀ ਹਮਲੇ (ਪੁਲਵਾਮਾ ਵਿੱਚ ਸੀਆਰਪੀਐੱਫ਼ ਦੇ ਕਾਫਲੇ ਉੱਤੇ ਕੱਟੜਵਾਦੀ ਹਮਲੇ ਤੋਂ ਬਾਅਦ ਸਰਜੀਕਲ ਸਟਰਾਇਕ) ਤੋਂ ਬਾਅਦ, ਪਾਕਿਸਤਾਨ ਦੇ ਸਿਨੇਮਾ ਮਾਲਕਾਂ ਨੇ ਐਲਾਨ ਕੀਤਾ ਕਿ ਉਹ ਭਾਰਤੀ ਫ਼ਿਲਮਾਂ ਨਹੀਂ ਦਿਖਾਉਣਗੇ।

ਅਗਸਤ 2019 ਵਿੱਚ ਭਾਰਤ ਸਰਕਾਰ ਵੱਲੋਂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਪਾਕਿਸਤਾਨ ਦੀ ਸਰਕਾਰ ਨੇ ਮੁਲਕ ਵਿੱਚ ਭਾਰਤੀ ਫ਼ਿਲਮਾਂ ਦੀ ਰਿਲੀਜ਼ ਉੱਤੇ ਅਧਿਕਾਰਤ ਤੌਰ ਉੱਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ।

ਜੱਟ ਐਂਡ ਜੂਲੀਅਟ 3

ਤਸਵੀਰ ਸਰੋਤ, Wali Films & White Hill Studio

ਤਸਵੀਰ ਕੈਪਸ਼ਨ, ਕਈ ਪਾਕਿਸਾਤਨੀ ਕਲਾਕਾਰ ਵੀ ਭਾਰਤੀ ਪੰਜਾਬੀ ਫਿਲਮਾਂ ਦੇ ਚਰਚਿਤ ਚਿਹਰੇ ਹਨ

ਹਾਲਾਂਕਿ, ਹੁਣ ਵਿਦੇਸ਼ਾਂ ਵਿੱਚ ਬਣੀਆਂ ਭਾਰਤੀ ਪੰਜਾਬੀ ਫ਼ਿਲਮਾਂ ਨੂੰ ਛੂਟ ਮਿਲੀ ਹੈ।

ਹੁਮਾ ਅਮਜਦ ਬਾਲੀਵੁੱਡ ਫ਼ਿਲਮਾਂ ਦੇ ਵੱਡੇ ਪ੍ਰਸ਼ੰਸਕ ਹਨ।

ਉਹ ਮੰਨਦੇ ਹਨ ਕਿ ਇਹ ਪਾਬੰਦੀ ਬੇਮਤਲਬ ਹੈ ਅਤੇ ਹਟਾਈ ਜਾਣੀ ਚਾਹੀਦੀ ਹੈ।

ਉਹ ਕਹਿੰਦੇ ਹਨ, “ਕਲਾ ਦੀ ਕੋਈ ਸਰਹੱਦ ਨਹੀਂ ਹੁੰਦੀ। ਬਾਲੀਵੁੱਡ ਫ਼ਿਲਮਾਂ ਰਿਲੀਜ਼ ਹੋਣੀਆਂ ਚਾਹੀਦੀਆਂ ਹਨ।”

ਉਹ ਕਹਿੰਦੇ ਹਨ, “ਇਹ ਲੋਕਾਂ ਦੀ ਮਰਜ਼ੀ ਹੋਣੀ ਚਾਹੀਦੀ ਹੈ ਕਿ ਉਹ ਕੀ ਦੇਖਣਾ ਚਾਹੁੰਦੇ ਹਨ..ਸਟੇਟ ਨੂੰ ਇਹ ਫ਼ੈਸਲਾ ਨਹੀ ਕਰਨਾ ਚਾਹੀਦਾ ਕਿ ਕਿਸੇ ਨੂੰ ਕੀ ਦੇਖਣਾ ਚਾਹੀਦਾ ਹੈ ਅਤੇ ਕੀ ਨਹੀਂ।”

ਦੋਵਾਂ ਮੁਲਕਾਂ ਨੂੰ ਫ਼ਾਇਦਾ

ਐਜਾਜ਼ ਗੁਲ, ਫ਼ਿਲਮ ਮਾਹਰ
ਤਸਵੀਰ ਕੈਪਸ਼ਨ, ਐਜਾਜ਼ ਗੁਲ. ਫ਼ਿਲਮ ਮਾਹਰ

ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਫ਼ਿਲਮਾਂ ਦੇ ਪਾਕਿਸਤਾਨ ਵਿੱਚ ਰਿਲੀਜ਼ ਹੋਣ ਨਾਲ ਇੱਥੋਂ ਦੀ ਇੰਡਸਟਰੀ ਨੂੰ ਨੁਕਸਾਨ ਹੋਇਆ ਹੈ।

ਫ਼ਿਲਮ ਅਲੋਚਕ ਐਜਾਜ਼ ਗੁਲ ਇਸ ਗੱਲ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦੀ ਰਾਏ ਵਿੱਚ ਇੱਥੋਂ ਦੀ ਫ਼ਿਲਮ ਇੰਡਸਟਰੀ ਦੀ ਤਬਾਹੀ ਸਿਰਫ਼ ਭਾਰਤੀ ਫ਼ਿਲਮਾਂ ਸਿਰ ਨਹੀਂ ਮੜ੍ਹੀ ਜਾ ਸਕਦੀ।

ਉਹ ਮੰਨਦੇ ਹਨ ਕਿ ਇਹ ਸਿਰਫ਼ ਪੰਜਾਬੀ ਫ਼ਿਲਮ ਇੰਡਸਟਰੀ ਲਈ ਹੀ ਨਹੀਂ..ਬਲਕਿ ਪਾਕਿਸਤਾਨ ਦੇ ਸਿਨੇਮਾ ਮਾਲਕਾਂ ਲਈ ਵੀ ਲਾਹੇਵੰਦ ਹੈ।

ਉਹ ਕਹਿੰਦੇ ਹਨ, “ਪੰਜਾਬੀ ਬੋਲਦੀ ਅਬਾਦੀ ਦਾ ਵਧੇਰੇ ਹਿੱਸਾ ਸਰਹੱਦ ਦੇ ਲਹਿੰਦੇ ਪਾਸੇ ਹੈ, ਇਸ ਲਈ ਇਹ ਇੱਕ ਵੱਡੀ ਮਾਰਕਿਟ ਹੈ ਅਤੇ ਉਹ ਇਸ ਦਾ ਫ਼ਾਇਦਾ ਲੈਣਾ ਚਾਹੁੰਦੇ ਹਨ।”

“ਪਰ ਬਾਲੀਵੁੱਡ ਦੀਆਂ ਫ਼ਿਲਮਾਂ ਲਈ ਵੀ ਬਹੁਤ ਸਕੋਪ ਹੈ। ਲੋਕ ਚੰਗਾ ਕੰਟੈਂਟ ਦੇਖਣਾ ਚਾਹੁੰਦੇ ਹਨ ਅਤੇ ਪਾਕਿਸਤਾਨ ਦੀ ਇੰਡਸਟਰੀ ਉਸ ਪੱਧਰ ਦੀਆਂ ਮਿਆਰੀ ਫ਼ਿਲਮਾਂ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੀ ਅਤੇ ਦਰਸ਼ਕਾਂ ਦੀ ਮੰਗ ਪੂਰੀ ਨਹੀਂ ਕਰ ਸਕਦੀ।”

ਉਹ ਦੱਸਦੇ ਹਨ, “2006-2016 ਵਿੱਚ ਜਦੋਂ ਬਾਲੀਵੁੱਡ ਫ਼ਿਲਮਾਂ ਇੱਥੇ ਆ ਰਹੀਆਂ ਸੀ, ਤਾਂ ਦਰਜਨਾਂ ਸਿਨੇਮਾ ਘਰ ਖੁੱਲ੍ਹੇ ਸਨ। ਇਹ ਦੇਖ ਕੇ ਉਦਾਸੀ ਹੁੰਦੀ ਹੈ ਕਿ ਲੋਕਾਂ ਦੇ ਫ਼ਿਲਮਾਂ ਪ੍ਰਤੀ ਸਾਂਝੇ ਪਿਆਰ ‘ਤੇ ਸਿਆਸਤ ਭਾਰੂ ਪੈ ਗਈ ਹੈ”

ਐਜਾਜ਼ ਗੁਲ ਕਹਿੰਦੇ ਹਨ ਦੋਵਾਂ ਮੁਲਕਾਂ ਨੂੰ ਪਾਬੰਦੀ ਹਟਾਉਣੀ ਚਾਹੀਦੀ।

ਉਹ ਕਹਿੰਦੇ ਹਨ ਕਿ ਜਦੋਂ ਤੱਕ ਦੋਵੇਂ ਦੇਸ਼ ਸਿਆਸਤ ਤੋਂ ਉੱਤੇ ਉੱਠ ਕੇ ਸਕਰਾਤਮਕ ਸੁਨੇਹਾ ਨਹੀਂ ਦਿੰਦੇ, ਇਹ ਰੋਕਾਂ ਲੱਗੀਆਂ ਰਹਿਣਗੀਆਂ।

ਇਸੇ ਵਿਚਕਾਰ ਮੁਹੰਮਦ ਅਹਿਮਦ ਜਿਹੇ ਪ੍ਰਸ਼ੰਸਕ ਹੋਰ ਸਾਂਝੇ ਪ੍ਰਾਜੈਕਟਾਂ ਦੀ ਉਮੀਦ ਰੱਖ ਰਹੇ ਹਨ।

ਉਹ ਕਹਿੰਦੇ ਹਨ, “ਉਦੋਂ ਚੰਗਾ ਸੀ ਜਦੋਂ ਭਾਰਤੀ ਅਤੇ ਪਾਕਿਸਤਾਨੀ ਪ੍ਰੋਡਿਊਸਰਜ਼, ਗਾਇਕ ਅਤੇ ਅਦਾਕਾਰ ਕੋਲੈਬੋਰੇਟ ਕਰ ਰਹੇ ਸੀ।ਸਾਂਝ ਰਚਨਾਤਮਕਤਾ ਦਾ ਸੋਮਾ ਹੈ।”

ਪੰਜਾਬੀ ਫ਼ਿਲਮ ਪ੍ਰੋਡਿਊਸਰ ਕੀ ਸੋਚਦੇ ਹਨ ?

ਉੱਧਰ ਪੰਜਾਬੀ ਫ਼ਿਲਮ ਮੇਕਰਜ਼ ਪਾਕਿਸਤਾਨ ਦੇ ਪੰਜਾਬੀ ਦਰਸ਼ਕਾਂ ਨੂੰ ਸਿਨੇਮਾ ਲਈ ਵੱਡੇ ਦਾਇਰੇ ਵਜੋਂ ਦੇਖ ਰਹੇ ਹਨ।

‘ਜੱਟ ਐਂਡ ਜੂਲੀਅਟ 3’ ਦੇ ਪ੍ਰੋਡਿਊਸਰਾਂ ਵਿੱਚੋਂ ਇੱਕ ਅਤੇ ਵਾਈਟ ਹਿੱਲ ਸਟੂਡੀਓਜ਼ ਦੇ ਮਨਮੋਰਦ ਸਿੱਧੂ ਨਾਲ ਭਾਰਤੀ ਪੰਜਾਬ ਦੇ ਮੁਹਾਲੀ ਸ਼ਹਿਰ ਵਿੱਚ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ।

ਉਹ ਕਹਿੰਦੇ ਹਨ ਕਿ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲਦੀ ਅਬਾਦੀ ਤਕਰੀਬਨ 9 ਕਰੋੜ ਹੈ, ਜੋ ਕਿ ਇੱਧਰਲੇ ਕਰੀਬ ਸਵਾ ਤਿੰਨ ਕਰੋੜ ਦੀ ਅਬਾਦੀ ਤੋਂ ਕਿਤੇ ਜ਼ਿਆਦਾ ਹੈ।

ਇਸ ਲਈ ਜੇ ਅਬਾਦੀ ਦੇ ਮੁਤਾਬਕ ਦੇਖਿਆ ਜਾਵੇ ਤਾਂ ਪਾਕਿਸਤਾਨ ਪੰਜਾਬੀ ਫ਼ਿਲਮਾਂ ਲਈ ਇੱਕ ਬਹੁਤ ਵੱਡੀ ਮਾਰਕਿਟ ਹੈ।

ਸਿੱਧੂ ਨੇ ਕਿਹਾ, “ਪਾਕਿਸਤਾਨ ਵਾਲੇ ਪਾਸੇ ਸਿਨੇਮਾ ਘਰ ਵੀ ਭਾਰਤੀ ਪੰਜਾਬ ਦੇ ਮੁਕਾਬਲੇ ਬਹੁਤ ਘੱਟ ਹਨ, ਪਰ ਇਸ ਦੇ ਬਾਵਜੂਦ ਉੱਥੇ ਪੰਜਾਬੀ ਫ਼ਿਲਮਾਂ ਚੰਗਾ ਕਾਰੋਬਾਰ ਕਰਦੀਆਂ ਹਨ। ਕੁੱਲ ਰੈਵੀਨਿਊ ਦਾ ਤਕਰੀਬਨ 10 ਫੀਸਦੀ ਪਾਕਿਸਤਾਨ ਤੋਂ ਆ ਰਿਹਾ ਹੈ।”

ਹਾਲਾਂਕਿ ਉਹ ਇਸ ਫ਼ੀਸਦ ਨੂੰ ਬਹੁਤ ਜ਼ਿਆਦਾ ਵੱਡਾ ਨਹੀਂ ਮੰਨਦੇ, ਪਰ ਅਣਗੌਲਿਆਂ ਵੀ ਨਹੀਂ ਕਰਦੇ।

ਉਹ ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਪੰਜਾਬੀ ਫ਼ਿਲਮਾਂ ਦਾ ਕਾਰੋਬਾਰ, ਉੱਥੋਂ ਦੀ ਸਥਾਨਕ ਕਰੰਸੀ ਦੇ ਹਿਸਾਬ ਨਾਲ ਕਾਫ਼ੀ ਚੰਗਾ ਹੈ।

ਮਨਮੋਰਦ ਸਿੱਧੂ
ਤਸਵੀਰ ਕੈਪਸ਼ਨ, ਮਨਮੋਰਦ ਸਿੱਧੂ ਭਾਰਤੀ ਪੰਜਾਬੀ ਫਿਲਮ ਨਿਰਮਾਤਾ ਹਨ

ਪਾਕਿਸਤਾਨ ਵਿੱਚ ਪੰਜਾਬੀ ਫ਼ਿਲਮਾਂ ਰਿਲੀਜ਼ ਕਰਨ ਲਈ ਸਭ ਤੋਂ ਵੱਡੀ ਚੁਣੌਤੀ ਮਨਮੋਰਦ ਸਿੱਧੂ ਇਹੀ ਮੰਨਦੇ ਹਨ ਕਿ ਭਾਰਤੀ ਪੰਜਾਬ ਦੇ ਸਥਾਨਕ ਪ੍ਰੋਡਿਊਸਰਾਂ ਦੀਆਂ ਫ਼ਿਲਮਾਂ ਉੱਧਰ ਰਿਲੀਜ਼ ਕਰਨ ’ਤੇ ਰੋਕ ਹੈ।

ਉਹ ਕਹਿੰਦੇ ਹਨ ਕਿ ਸਿਰਫ਼ ਭਾਰਤ ਤੋਂ ਬਾਹਰ ਦੀ ਪ੍ਰੋਡਕਸ਼ਨ ਵਾਲੀਆਂ ਫ਼ਿਲਮਾਂ ਹੀ ਪਾਕਿਸਤਾਨ ਸਰਕਾਰ ਉੱਥੇ ਰਿਲੀਜ਼ ਕਰਨ ਦੀ ਇਜਾਜ਼ਤ ਦਿੰਦੀ ਹੈ।

ਸਿੱਧੂ ਕਹਿੰਦੇ ਹਨ ਕਿ ਜੇ ਇਹ ਰੋਕਾਂ ਨਾ ਹੋਣ ਤਾਂ ਫ਼ਿਲਮਾਂ ਦੀਆਂ ਕਹਾਣੀਆਂ ਵਿੱਚ ਵੀ ਬਦਲਾਅ ਆ ਸਕਦਾ ਹੈ, ਜਿਨ੍ਹਾਂ ਵਿੱਚ ਮਿਸਾਲ ਵਜੋਂ ਉੱਥੇ ਦੇ ਪਿੰਡਾਂ ਦੀਆਂ ਕਹਾਣੀਆਂ ਅਧਾਰਿਤ ਫ਼ਿਲਮਾਂ ਵੀ ਬਣ ਸਕਦੀਆਂ ਹਨ।

ਸਿੱਧੂ ਦੱਸਦੇ ਹਨ ਕਿ ਕੰਟੈਂਟ ਦੇ ਮਾਮਲੇ ਵਿੱਚ ਵਿਦੇਸ਼ੀ ਪੰਜਾਬੀ ਫ਼ਿਲਮਾਂ ਨੂੰ ਪਾਕਿਸਤਾਨ ਵਿੱਚ ਰਿਲੀਜ਼ ਹੋਣ ਵੇਲੇ ਜ਼ਿਆਦਾ ਰੁਕਾਵਟਾਂ ਨਹੀਂ ਆਉਂਦੀਆਂ ਕਿਉਂਕਿ ਜ਼ਿਆਦਾਤਰ ਪੰਜਾਬੀ ਫ਼ਿਲਮਾਂ ਪਰਿਵਾਰਕ ਹੁੰਦੀਆਂ ਹਨ ਅਤੇ ਅਜਿਹਾ ਇਤਰਾਜ਼ਯੋਗ ਕੰਟੈਂਟ ਨਹੀਂ ਹੁੰਦਾ ਕਿ ਉੱਥੋਂ ਦੇ ਪ੍ਰਸ਼ਾਸਨ ਨੂੰ ਇਤਰਾਜ਼ ਹੋਵੇ।

ਇਸ ਪਿੱਛੇ ਕਾਰਨ ਉਹ ਦੋਵਾਂ ਪੰਜਾਬਾਂ ਦੀ ਸੱਭਿਆਚਾਰ, ਬੋਲੀ ਅਤੇ ਰਹਿਣ-ਸਹਿਣ ਦੀ ਸਾਂਝ ਨੂੰ ਦੱਸਦੇ ਹਨ।

ਉਹ ਕਹਿੰਦੇ ਹਨ ਕਿ ਜੇ ਦੋਹਾਂ ਦੇਸ਼ਾਂ ਦੇ ਕਲਾਕਾਰ ਇੱਕ-ਦੂਜੇ ਦੇ ਦੇਸ਼ ਵਿਚ ਕੰਮ ਕਰ ਸਕਣ ਅਤੇ ਫ਼ਿਲਮਾਂ ਵੀ ਸਰਹੱਦ-ਪਾਰ ਸਿੱਧੀਆਂ ਰਿਲੀਜ਼ ਹੋ ਸਕਣ ਤਾਂ ਸਿਰਫ਼ ਕਲਾ ਖੇਤਰ ਨੂੰ ਹੀ ਉਤਸ਼ਾਹ ਨਹੀਂ ਮਿਲੇਗਾ, ਬਲਕਿ ਆਮਦਨੀ ਦੇ ਪੱਖ ਤੋਂ ਵੀ ਦੋਵਾਂ ਦੇਸ਼ਾਂ ਨੂੰ ਫ਼ਾਇਦਾ ਮਿਲੇਗਾ।

ਦਰਸ਼ਨ ਸਿੰਘ ਗਰੇਵਾਲ
ਤਸਵੀਰ ਕੈਪਸ਼ਨ, ਦਰਸ਼ਨ ਸਿੰਘ ਗਰੇਵਾਲ ਫ਼ਿਲਮ ‘ਜੱਟ ਐਂਡ ਜੂਲੀਅਟ-3’ ਦੇ ਨਿਰਮਾਤਾ ਹਨ

ਫ਼ਿਲਮ ‘ਜੱਟ ਐਂਡ ਜੂਲੀਅਟ-3’ ਦੇ ਕੋ-ਪ੍ਰੋਡਿਊਸਰ ਦਰਸ਼ਨ ਸਿੰਘ ਗਰੇਵਾਲ ਮੰਨਦੇ ਹਨ ਕਿ ਪੰਜਾਬੀ ਫ਼ਿਲਮਾਂ ਕੈਨੇਡਾ, ਯੂਕੇ, ਆਸਟ੍ਰੇਲੀਆ ਜਿਹੇ ਦੇਸ਼ਾਂ ਤੋਂ ਇਲਾਵਾ ਪਾਕਿਸਤਾਨ ਵਿੱਚ ਰਿਲੀਜ਼ ਹੋਣ ਨਾਲ ਪੰਜਾਬੀ ਸਿਨੇਮਾ ਦਾ ਦਾਇਰਾ ਬਹੁਤ ਵਧ ਗਿਆ ਹੈ।

ਦਰਸ਼ਨ ਗਰੇਵਾਲ਼ ਨੇ ਦੱਸਿਆ ਕਿ 2019 ਵਿੱਚ ਪਾਕਿਸਤਾਨ ’ਚ ਖਾਸ ਸ਼ਰਤਾਂ ਨਾਲ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਦੀ ਇਜਾਜ਼ਤ ਮਿਲਣ ਬਾਅਦ ਉੱਥੇ ਪਹਿਲੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਰਿਲੀਜ਼ ਹੋਈ ਸੀ, ਜਿਸ ਵਿੱਚ ਪਾਕਿਸਤਾਨ ਦੇ ਕਈ ਕਲਾਕਾਰਾਂ ਨੇ ਵੀ ਕੰਮ ਕੀਤਾ ਸੀ ਅਤੇ ਇਹ ਫ਼ਿਲਮ ਯੂਕੇ ਵਿੱਚ ਫਿਲਮਾਈ ਗਈ ਸੀ।

ਇਸ ਫ਼ਿਲਮ ਵਿੱਚ ਦੋਵਾਂ ਪੰਜਾਬਾਂ ਦੇ ਕਲਾਕਾਰ ਸ਼ਾਮਲ ਹੋਣ ਦਾ ਤਜਰਬਾ ਦਰਸ਼ਕਾਂ ਨੇ ਕਾਫ਼ੀ ਸਲਾਹਿਆ ਗਿਆ ਸੀ।

ਮੁਨਾਫ਼ੇ ਬਾਰੇ ਗੱਲ ਕਰਦਿਆਂ ਗਰੇਵਾਲ ਦੱਸਦੇ ਹਨ, “ਫ਼ਿਲਮ ਕੈਰੀ ਆਨ ਜੱਟਾ ਦੀ ਕੁੱਲ ਕਮਾਈ ਦਾ ਚੌਥਾ ਹਿੱਸਾ ਪਾਕਿਸਤਾਨ ਤੋਂ ਹੋਈ ਕਮਾਈ ਸੀ। ਇੱਕ ਫ਼ਿਲਮ ‘ਡਰਾਮੇ ਆਲੇ’ ਚੜ੍ਹਦੇ ਪੰਜਾਬ ਵਿੱਚ ਤਾਂ ਇੰਨੀ ਨਹੀਂ ਚੱਲੀ ਪਰ ਪਾਕਿਸਤਾਨ ਵਿੱਚ ਉਸ ਫ਼ਿਲਮ ਨੂੰ ਵੱਧ ਪਸੰਦ ਕੀਤਾ ਗਿਆ।”

‘ਜੇ ਵੰਡ ਨਾ ਹੁੰਦੀ ਤਾਂ ਪੰਜਾਬੀ ਸਿਨੇਮਾ ਕਿੱਥੇ ਹੋਣਾ ਸੀ…’

ਭਾਰਤੀ ਪੰਜਾਬ ਤੋਂ ਫ਼ਿਲਮ ਇਤਿਹਾਸਕਰ ਮਨਦੀਪ ਸਿੱਧੂ ਪੰਜਾਬੀ ਸਿਨੇਮਾ ਦੇ ਇਤਿਹਾਸ ਬਾਰੇ ਅਧਿਐਨ ਕਰ ਰਹੇ ਹਨ।

ਉਹ ਵੰਡ ਤੋਂ ਪਹਿਲਾਂ ਰਿਲੀਜ਼ ਹੋਈਆਂ ਫ਼ਿਲਮਾਂ ਬਾਰੇ ਜਾਣਕਾਰੀਆਂ ਇਕੱਠੀਆਂ ਕਰਨ ਲਈ ਕਈ ਵਾਰ ਪਾਕਿਸਤਾਨ ਵੀ ਗਏ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹ ਦੱਸਦੇ ਹਨ ਕਿ ਲਹਿੰਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੇ ਪੰਜਾਬ ਦਾ ਚਾਅ ਰਹਿੰਦਾ ਹੈ ਅਤੇ ਚੜ੍ਹਦੇ ਪੰਜਾਬ ਨੂੰ ਲਹਿੰਦੇ ਪੰਜਾਬ ਦਾ।

ਮਨਦੀਪ ਸਿੱਧੂ ਕਹਿੰਦੇ ਹਨ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਦੀ ਵੰਡ ਕਾਰਨ ਪੰਜਾਬੀ ਸਿਨੇਮਾ ਵੀ ਇਸ ਦੇ ਅਸਰ ਤੋਂ ਅਛੂਤ ਨਾ ਰਹਿ ਸਕਿਆ।

ਪੰਜਾਬੀ ਫ਼ਿਲਮਾਂ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਪਹਿਲੀ ਬੋਲਦੀ ਪੰਜਾਬੀ ਫ਼ਿਲਮ ‘ਇਸ਼ਕ-ਏ-ਪੰਜਾਬ’, ਲਾਹੌਰ ਦੇ ਨਿਰੰਜਨ ਟਾਕੀਜ਼ ਵਿੱਚ 1935 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੂੰ ਬਣਾਉਣ ਵਾਲੀ ਕੰਪਨੀ ਹਿੰਦਮਤਾ ਸਿਨੇਟੋਨ ਕੰਪਨੀ ਬੰਬੇ ਦੀ ਸੀ।

ਇਹ ਫ਼ਿਲਮ ਮਿਰਜ਼ਾ ਸਾਹਿਬਾਂ ਦੀ ਦਾਸਤਾਨ ‘ਤੇ ਅਧਾਰਿਤ ਸੀ।

ਉਹ ਦੱਸਦੇ ਹਨ ਕਿ ਉਦੋਂ ਤੋਂ ਲੈ ਕੇ ਦੇਸ਼ ਦੀ ਵੰਡ ਤੋਂ ਪਹਿਲਾਂ ਯਾਨੀ 1946 ਤੱਕ 35 ਪੰਜਾਬੀ ਫ਼ਿਲਮਾਂ ਬਣੀਆਂ, ਜਿਨ੍ਹਾਂ ਦੇ ਵਿਸ਼ੇ ਮੁਹੱਬਤੀ ਅਫ਼ਸਾਨਿਆਂ ਤੋਂ ਲੈ ਕੇ ਲੋਕ ਨਾਇਕਾਂ ਅਤੇ ਫਿਰ ‘ਮਤਵਾਲੀ ਮੀਰਾ’ ਜਿਹੇ ਧਾਰਮਿਕ ਵਿਸ਼ੇ ਵੀ ਰਹੇ।

ਇਹ ਵਿਸ਼ੇ ਭਾਰਤ ਜਾਂ ਪਾਕਿਸਤਾਨ ਦੇ ਨਹੀਂ, ਬਲਕਿ ਸਾਂਝੇ ਪੰਜਾਬ ਦੇ ਸਨ ਤੇ ਇਹ ਫ਼ਿਲਮਾਂ ਸਾਂਝੇ ਪੰਜਾਬ ਦੀਆਂ ਸਨ।

ਮਨਦੀਪ ਸਿੱਧੂ ਇੱਕ ਹੋਰ ਹਵਾਲਾ ਦਿੰਦੇ ਹਨ ਕਿ ਲਾਹੌਰ, ਪੰਜਾਬੀ ਫ਼ਿਲਮਾਂ ਦਾ ਵੱਡਾ ਮਰਕਜ਼ ਹੋਣ ਕਰਕੇ ਵੱਡੇ-ਵੱਡੇ ਫ਼ਿਲਮ ਸਾਜ਼ ਅਤੇ ਅਦਾਕਾਰਾਂ ਦਾ ਗੜ੍ਹ ਸੀ ਜਿਵੇਂ ਕਿ ਪੰਚੋਲੀ ਆਰਟ ਸਟੂਡਓ, ਸ਼ੌਰੀ ਸਟੂਡੀਓ, ਪੰਡਿਤ ਨਰਿੰਦਰ ਨਾਥ ਤੇ ਠਾਕੁਰ ਹਿੰਮਤ ਸਿੰਘ ਜਿਹੇ ਪ੍ਰੋਡਿਊਸਰਾਂ ਦੇ ਅਦਾਰੇ ਵੀ ਲਾਹੌਰ ਵਿੱਚ ਸਨ।

ਉਹ ਕਹਿੰਦੇ ਹਨ ਕਿ ਵੰਡ ਤੋਂ ਬਾਅਦ ਉਹ ਕਈ ਅਦਾਰੇ ਤਬਾਹ ਹੋ ਗਏ।

ਜ਼ਿਆਦਾਤਰ ਹਿੰਦੂ ਅਦਾਕਾਰ ਤੇ ਫ਼ਿਲਮਸਾਜ਼ ਬੰਬੇ ਚਲੇ ਗਏ ਅਤੇ ਮੁਸਲਿਮ ਪੰਜਾਬੀ ਫ਼ਨਕਾਰ ਪਾਕਿਸਤਾਨ ਵਾਲੇ ਪਾਸੇ ਚਲੇ ਗਏ। ਉਹ ਕਹਿੰਦੇ ਹਨ ਕਿ ਸਾਡੇ ਕਲਾਕਾਰ ਤੇ ਸਿਨੇਮਾ ਵੀ ਵੰਡੇ ਗਏ।

ਸਿੱਧੂ ਨੇ ਕਿਹਾ, “ਜਿਸ ਤਰ੍ਹਾਂ ਦੀਆਂ ਕਹਾਣੀਆਂ ਤੇ ਮਿਆਰੀ ਫ਼ਿਲਮਾਂ ਬਣ ਰਹੀਆਂ ਸੀ, ਜੇ ਪੰਜਾਬੀ ਫ਼ਿਲਮਾਂ ਦਾ ਉਹੀ ਸਿਲਸਿਲਾ ਜਾਰੀ ਰਹਿੰਦਾ ਤਾਂ ਸੋਚੋ ਕਿ ਪੰਜਾਬੀ ਸਿਨੇਮਾ ਅੱਜ ਆਲਾ ਮੁਕਾਮ ‘ਤੇ ਹੋਣਾ ਸੀ।”

ਮਨਦੀਪ ਸਿੰਘ ਸਿੱਧੂ, ਫ਼ਿਲਮ ਮਾਹਰ
ਤਸਵੀਰ ਕੈਪਸ਼ਨ, ਮਨਦੀਪ ਸਿੰਘ ਸਿੱਧੂ, ਫ਼ਿਲਮ ਮਾਹਰ

ਮਨਦੀਪ ਸਿੱਧੂ ਕਹਿੰਦੇ ਹਨ ਕਿ ਪਰ ਸਿਨੇਮਾ ਪ੍ਰਤੀ ਮੋਹ ਦੀਆਂ ਤੰਦਾਂ ਹਾਲੇ ਵੀ ਟੁੱਟੀਆਂ ਨਹੀਂ ਹਨ।

ਉਨ੍ਹਾਂ ਕਿਹਾ ਕਿ ‘ਚੱਲ ਮੇਰਾ ਪੁੱਤ’ ਜਿਹੀਆਂ ਫ਼ਿਲਮਾਂ ਵਿੱਚ ਦੋਵਾਂ ਪੰਜਾਬਾਂ ਦੇ ਕਲਾਕਾਰਾਂ ਦਾ ਸਾਂਝੇ ਤੌਰ ‘ਤੇ ਕੰਮ ਕਰਨਾ ਅਤੇ ਪੰਜਾਬੀ ਫ਼ਿਲਮਾਂ ਦਾ ਪਾਕਿਸਤਾਨ ਵਿੱਚ ਰਿਲੀਜ਼ ਹੋਣਾ ਸਿਨੇਮਾ ਲਈ ਤਰੱਕੀਯਾਬਤਾ ਹੋ ਸਕਦਾ ਹੈ।

ਉਹ ਕਹਿੰਦੇ ਹਨ ਕਿ ਸਿਆਸੀ ਮਸਲਿਆਂ ਕਰਕੇ ਫਿਲਮਾਂ ਵੀ ਪਾਬੰਦੀ ਦੇ ਘੇਰੇ ਵਿੱਚ ਆ ਗਈਆਂ, ਪਰ ਅਜਿਹਾ ਨਹੀਂ ਹੋਣਾ ਚਾਹੀਦਾ।

ਫ਼ਿਲਮਾਂ ਦੀਆਂ ਕਹਾਣੀਆਂ ਦੀ ਚੋਣ ਬਾਰੇ ਮਨਦੀਪ ਸਿੱਧੂ ਨੇ ਕਿਹਾ ਕਿ ਬੋਲੀ ਤੇ ਸੱਭਿਆਚਾਰ ਸਾਂਝਾ ਹੋਣ ਕਰਕੇ ਦੋਵਾਂ ਪੰਜਾਬਾਂ ਵਿੱਚ ਇੱਕੋ ਜਿਹੀਆਂ ਕਹਾਣੀਆਂ ਪਸੰਦ ਕੀਤੀਆਂ ਜਾਂਦੀਆਂ ਹਨ।

ਪਰ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਪੰਜਾਬੀ ਫ਼ਿਲਮ ਸਾਜ਼ ਆਪਣੀਆਂ ਕਹਾਣੀਆਂ ਵਿੱਚ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਸਮਾਜਿਕ ਵਖਰੇਵੇਂ ਦਾ ਧਿਆਨ ਵੀ ਰੱਖਣ ਤਾਂ ਹੋਰ ਬਿਹਤਰ ਕੰਮ ਹੋ ਸਕਦਾ ਹੈ।

ਇਸ ਤੋਂ ਇਲਾਵਾ ਉਹ ਕਹਿੰਦੇ ਹਨ ਕਿ ਜੇਕਰ ਕੁਝ ਭਾਰਤੀ ਫ਼ਿਲਮਾਂ ਵਿੱਚ ਪਾਕਿਸਤਾਨ ਦਾ ਨਾਂਹ-ਪੱਖੀ ਅਕਸ ਦਿਖਾਇਆ ਗਿਆ ਤਾਂ ਕੁਝ ਪਾਕਿਸਤਾਨ ਦੀਆਂ ਫ਼ਿਲਮਾਂ ਵਿੱਚ ਵੀ ਭਾਰਤ ਦੀ ਖ਼ਿਲਾਫ਼ਤ ਕੀਤੀ ਗਈ ਹੈ।

ਉਹ ਕਹਿੰਦੇ ਹਨ ਕਿ ਸਿਨੇਮਾ ਹਮੇਸ਼ਾ ਹੀ ਸੇਧ ਦਾ ਵਿਸ਼ਾ ਰਿਹਾ ਹੈ, ਇਸ ਲਈ ਜੇ ਕਹਾਣੀਆਂ ਵਿੱਚ ਸਾਂਝ ਦੀ ਗੱਲ ਕਰਾਂਗੇ ਤਾਂ ਰਿਸ਼ਤੇ ਵੀ ਖ਼ੂਬਸੂਰਤ ਹੋਣਗੇ, ਜੇ ਨਫ਼ਰਤ ਦਿਖਾਵਾਂਗੇ ਤਾਂ ਰਿਸ਼ਤੇ ਨਫ਼ਰਤ ਵਾਲੇ ਬਣਨਗੇ।

ਉਹ ਕਹਿੰਦੇ ਹਨ, “ਅਜੋਕੀਆਂ ਪੰਜਾਬੀ ਫ਼ਿਲਮਾਂ ਦਾ ਵਿਸ਼ਾ ਉਸ ਤਰ੍ਹਾਂ ਦਾ ਨਫਰਤੀ ਨਹੀਂ ਹੈ, ਜੋ ਕਿ ਚੰਗੀ ਗੱਲ ਹੈ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)