ਦਿਮਾਗ ਖਾਣ ਵਾਲਾ ਅਮੀਬਾ ਕੀ ਹੈ, ਜਿਸ ਨੇ ਤਿੰਨ ਮੁੰਡਿਆਂ ਦੀ ਜਾਨ ਲੈ ਲਈ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਏ ਨੰਦਕੁਮਾਰ
- ਰੋਲ, ਬੀਬੀਸੀ ਤਮਿਲ
ਸ਼ੁੱਕਰਵਾਰ ਨੂੰ ਗੂਗਲ ’ਤੇ ‘ਕੇਰਲਾ ਬ੍ਰੇਨ ਈਟਿੰਗ ਅਮੀਬਾ’ ਟਰਮ ਨੂੰ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਸਰਚ ਕੀਤਾ।
ਇਸ ਦਾ ਮੁੱਖ ਕਾਰਨ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕੇਰਲ ਵਿੱਚ ਇੱਕ ਦੁਰਲੱਭ ਬ੍ਰੇਨ ਈਟਿੰਗ ਅਮੀਬਾ (ਦਿਮਾਗ਼ ਖਾਣ ਵਾਲੇ ਅਮੀਬਾ) ਨਾਲ 3 ਲੜਕਿਆਂ ਦੀ ਮੌਤ ਹੋ ਚੁੱਕੀ ਹੈ।
ਤਿੰਨਾਂ ਨੂੰ ਦਿਮਾਗ ਖਾਣ ਵਾਲੇ ਅਮੀਬਾ ਦੀ ਲਾਗ ਬਾਰੇ ਪਤਾ ਲੱਗਿਆ ਸੀ, ਪਰ ਬਿਨਾਂ ਇਲਾਜ ਦੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਇਸ ਤੋਂ ਪਤਾ ਲੱਗਦਾ ਹੈ ਕਿ ਇਹ ਇਨਫੈਕਸ਼ਨ ਕਿੰਨੀ ਖ਼ਤਰਨਾਕ ਹੈ।
ਕੋਲਿਕੋੜ ਦੇ 14 ਸਾਲਾ ਮ੍ਰਿਦੁਲ, ਕੰਨੂਰ ਦੇ 13 ਸਾਲਾ ਦਕਸ਼ਿਣਾ ਅਤੇ ਮਲਪੁਰਮ ਦੇ 5 ਸਾਲਾ ਫਤਵਾ ਦੀ ਇਸ ਅਮੀਬਾ ਇਨਫੈਕਸ਼ਨ ਨਾਲ ਮੌਤ ਹੋ ਗਈ ਹੈ।
ਯੂਐੱਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਕਹਿਣਾ ਹੈ ਕਿ ਇਸ ਅਮੀਬਾ ਦੀ ਲਾਗ ਨਾਲ 97% ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਜੋ ਉਨ੍ਹਾਂ ਦੇ ਦਿਮਾਗ ਦੇ ਟਿਸ਼ੂ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਦਿਮਾਗ ਦੀ ਸੋਜ ਪੈਦਾ ਕਰਕੇ ਮੌਤ ਦਾ ਕਾਰਨ ਬਣਦਾ ਹੈ।
ਇਸ ਅਮੀਬਾ ਕਾਰਨ ਹੋਣ ਵਾਲੀ ਲਾਗ ਬਹੁਤ ਦੁਰਲੱਭ ਹੁੰਦੀ ਹੈ। ਸੀਡੀਸੀ ਦਾ ਕਹਿਣਾ ਹੈ ਕਿ ਇਹ ਜਾਨਲੇਵਾ ਹੋ ਸਕਦਾ ਹੈ।
ਪੀੜਤਾਂ ਨੂੰ ਕੀ ਹੋਇਆ ਸੀ?

ਤਸਵੀਰ ਸਰੋਤ, Getty Images
ਕੋਲਿਕੋੜ ਦੇ 7ਵੀਂ ਜਮਾਤ ਦੇ ਵਿਦਿਆਰਥੀ ਮ੍ਰਿਦੁਲ ਨੂੰ ਤਲਾਬ ਵਿੱਚ ਨਹਾਉਣ ਤੋਂ ਬਾਅਦ ਸਿਰ ਦਰਦ ਅਤੇ ਉਲਟੀਆਂ ਹੋਣ ਲੱਗੀਆਂ।
ਉਸ ਨੂੰ ਪਹਿਲਾਂ ਕੋਲਿਕੋੜ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਅੱਗੇ ਦੇ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਉੱਥੇ ਕਰਵਾਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਪ੍ਰਾਇਮਰੀ ਅਮੀਬਿਕ ਮੇਨਿੰਗੋਏਨਸੇਫਲਾਈਟਿਸ ਨਾਮ ਦੇ ਦਿਮਾਗੀ ਅਮੀਬਾ ਦੀ ਲਾਗ ਕਾਰਨ ਉਸ ਦੀ ਸਿਹਤ ਵਿਗੜੀ ਸੀ।
ਪੀਟੀਆਈ ਨਿਊਜ਼ ਏਜੰਸੀ ਮੁਤਾਬਕ ਉਸ ਨੂੰ 24 ਜੂਨ ਤੋਂ ਗੰਭੀਰ ਹਾਲਤ ਵਿੱਚ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।

ਕੋਲਿਕੋੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬਾਲ ਰੋਗਾਂ ਦੇ ਮਾਹਿਰ ਅਬਦੁਲ ਰੌਬ ਜਿਸ ਨੇ ਇਸ ਲੜਕੇ ਦਾ ਇਲਾਜ ਕੀਤਾ ਸੀ, ਉਨ੍ਹਾਂ ਨੇ ਦੱਸਿਆ, “ਮੁੱਢਲੇ ਸਿਹਤ ਸੁਵਿਧਾ ਕੇਂਦਰ ਤੋਂ ਲੜਕੇ ਨੂੰ ਅੱਗੇ ਦੇ ਇਲਾਜ ਲਈ ਸਾਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਹ ਸਾਡੇ ਕੋਲ ਪਹੁੰਚਿਆ ਤਾਂ ਬੇਹੋਸ਼ ਸੀ। ਅਸੀਂ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਅਤੇ ਦਿਮਾਗ ਨੂੰ ਖਾਣ ਵਾਲੇ ਅਮੀਬਾ ਦੀ ਲਾਗ ਦੀ ਜਾਂਚ ਲਈ ਟੈਸਟ ਕੀਤਾ।”
‘‘ਅਸੀਂ ਇਸ ਲਈ ਉਸ ਨੂੰ ਐਂਟੀਬਾਇਓਟਿਕਸ ਅਤੇ ਐਂਟੀਫੰਗਲ ਦਵਾਈਆਂ ਦਿੱਤੀਆਂ, ਪਰ ਅਸੀਂ ਉਸ ਦੀ ਜਾਨ ਨਹੀਂ ਬਚਾ ਸਕੇ।’’
ਇਸੇ ਤਰ੍ਹਾਂ ਕੰਨੂਰ ਦੇ 13 ਸਾਲਾ ਦਕਸ਼ਿਣਾ ਦੀ 12 ਜੂਨ ਨੂੰ ਦਿਮਾਗ ਖਾਣ ਵਾਲੇ ਅਮੀਬਾ ਨਾਲ ਪੀੜਤ ਹੋਣ ਕਾਰਨ ਮੌਤ ਹੋ ਗਈ ਸੀ।
‘ਦਿ ਹਿੰਦੂ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਦਕਸ਼ਿਣਾ ਨੂੰ ਇਹ ਅਮੀਬਾ ਦੀ ਲਾਗ ਉਦੋਂ ਲੱਗੀ, ਜਦੋਂ ਉਹ ਮੁੰਨਾਰ ਦੀ ਆਪਣੀ ਸਕੂਲ ਯਾਤਰਾ ’ਤੇ ਗਿਆ ਸੀ। ਉੱਥੇ ਉਸ ਨੇ ਸਵੀਮਿੰਗ ਪੂਲ ਵਿੱਚ ਡੁਬਕੀ ਲਗਾਈ ਸੀ।
ਇਸ ਤੋਂ ਪਹਿਲਾਂ ਮਲਪੁਰਮ ਦਾ ਪੰਜ ਸਾਲਾ ਫਤਵਾ 1 ਮਈ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਘਰ ਨੇੜੇ ਕਦਾਲੁੰਡੀ ਨਦੀ ਵਿੱਚ ਨਹਾਉਣ ਗਿਆ ਸੀ।
10 ਮਈ ਨੂੰ ਉਸ ਨੂੰ ਉਲਟੀਆਂ ਆਉਣ ਅਤੇ ਬੇਹੋਸ਼ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇੱਕ ਹਫ਼ਤੇ ਤੱਕ ਚੱਲੇ ਇਲਾਜ ਤੋਂ ਬਾਅਦ ਬੱਚੇ ਦੀ ਦਿਮਾਗ ਖਾਣ ਵਾਲੇ ਅਮੀਬਾ ਦੀ ਲਾਗ ਕਾਰਨ ਮੌਤ ਹੋ ਗਈ।
ਦਿਮਾਗ ਨੂੰ ਖਾਣ ਵਾਲਾ ਅਮੀਬਾ ਕੀ ਹੈ?
ਪ੍ਰਾਇਮਰੀ ਅਮੀਬਿਕ ਮੇਨਿੰਗੋਏਨਸੈਫੇਲਾਇਟਿਸ ਇੱਕ ਲਾਗ ਹੈ ਜੋ ਨੈਗਲੇਰੀਆ ਫਾਉਲੇਰੀ ਨਾਮਕ ਦਿਮਾਗ ਨੂੰ ਖਾਣ ਵਾਲੇ ਅਮੀਬਾ ਕਾਰਨ ਹੁੰਦੀ ਹੈ।
ਸੀਡੀਸੀ ਦਾ ਕਹਿਣਾ ਹੈ ਕਿ ਨੇਗਲਰੀਆ ਫਾਉਲੇਰੀ ਅਮੀਬਾ (ਇੱਕ ਕਿਸਮ ਦਾ ਸਿੰਗਲ-ਸੈੱਲਡ ਜੀਵ) ਗਰਮ ਤਾਜ਼ੇ ਪਾਣੀ ਦੀਆਂ ਝੀਲਾਂ ਅਤੇ ਨਦੀਆਂ ਵਿੱਚ ਹੋ ਸਕਦਾ ਹੈ।
ਦੁਨੀਆਂ ਭਰ ਵਿੱਚ ਝੀਲਾਂ, ਨਦੀਆਂ ਅਤੇ ਮਾੜੀ ਸਾਂਭ-ਸੰਭਾਲ ਵਾਲੇ ਸਵੀਮਿੰਗ ਪੂਲਾਂ ਵਿੱਚ ਰਹਿਣ ਵਾਲੇ ਇੱਕ ਜੀਵ ਨੂੰ ਅਮੀਬਾ ਕਿਹਾ ਜਾਂਦਾ ਹੈ। ਅਜਿਹੀਆਂ ਥਾਵਾਂ ’ਤੇ ਨਹਾਉਣ ਵੇਲੇ, ਇਹ ਬਹੁਤ ਘੱਟ ਲੋਕਾਂ ਦੇ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ।
ਡਾ ਅਬਦੁਲ ਰੌਬ ਕਹਿੰਦੇ ਹਨ, “ਅਮੀਬਾ ਨੱਕ ਤੋਂ ਦਿਮਾਗ ਤੱਕ ਪਹੁੰਚਦਾ ਹੈ, ਦਿਮਾਗ ਦੇ ਟਿਸ਼ੂ ਨੂੰ ਨਸ਼ਟ ਕਰਦਾ ਹੈ ਅਤੇ ਸੋਜਸ਼ ਪੈਦਾ ਕਰਦਾ ਹੈ। ਇਸ ਦੇ ਬਾਅਦ ਲਾਗ ਦੇ ਸ਼ਿਕਾਰ ਵਿਅਕਤੀ ਨੂੰ ਬੁਖਾਰ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ।”
ਸੀਡੀਸੀ ਦਾ ਕਹਿਣਾ ਹੈ ਕਿ ਬਹੁਤ ਹੀ ਦੁਰਲੱਭ ਮਾਮਲਿਆਂ ਵਿੱਚ ਇਹ ਅਮੀਬਾ ਲਾਗ ਉਨ੍ਹਾਂ ਮਨੋਰੰਜਨ ਵਾਟਰ ਪਾਰਕਾਂ ਵਿੱਚੋਂ ਵੀ ਹੋ ਸਕਦੀ ਹੈ, ਜਿੱਥੇ ਲੋੜੀਂਦੀ ਮਾਤਰਾ ਵਿੱਚ ਕਲੋਰੀਨ ਨਹੀਂ ਹੁੰਦੀ।
ਯੂਐੱਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਹਰ ਸਾਲ 10 ਤੋਂ ਵੀ ਘੱਟ ਲੋਕ ਇਸ ਅਮੀਬਾ ਦੀ ਲਾਗ ਦਾ ਸ਼ਿਕਾਰ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਜ਼ਿਆਦਾਤਰ ਦੀ ਮੌਤ ਹੋ ਜਾਂਦੀ ਹੈ।
ਇਸ ਦੇ ਲੱਛਣ ਕੀ ਹਨ?

ਤਸਵੀਰ ਸਰੋਤ, Getty Images
ਦਿਮਾਗ ਨੂੰ ਖਾਣ ਵਾਲੇ ਅਮੀਬਾ ਦੇ ਸ਼ੁਰੂਆਤੀ ਲੱਛਣਾਂ ਵਿੱਚ ਸਿਰ ਦਰਦ, ਬੁਖਾਰ ਅਤੇ ਉਲਟੀਆਂ ਸ਼ਾਮਲ ਹਨ।
ਅਮੀਬਾ ਤੇਜ਼ੀ ਨਾਲ ਵਧ ਸਕਦਾ ਹੈ, ਇਸ ਲਈ ਲੱਛਣ ਸ਼ੁਰੂ ਹੋਣ ਦੇ 1 ਤੋਂ 18 ਦਿਨਾਂ ਦੇ ਅੰਦਰ ਪੀੜਤ ਮਰ ਜਾਂਦੇ ਹਨ।
ਸੀਡੀਸੀ ਦੇ ਮੁਤਾਬਕ ਲਾਗ ਦੇ ਬਾਅਦ ਆਮ ਤੌਰ ’ਤੇ ਵਿਅਕਤੀ ਕੋਮਾ ਵਿੱਚ ਚਲਾ ਜਾਂਦਾ ਹੈ ਅਤੇ ਲਾਗ ਦੇ ਲਗਭਗ 5 ਦਿਨਾਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ।
ਇਸ ਅਨੁਸਾਰ ਜਦੋਂ ਇਹ ਅਮੀਬਾ ਸਰੀਰ ਵਿੱਚ ਵਧਦਾ ਹੈ ਤਾਂ ਇਹ ਗਰਦਨ ਵਿੱਚ ਅਕੜਾਅ, ਆਲੇ-ਦੁਆਲੇ ਦੇ ਵਾਤਾਵਰਣ ਪ੍ਰਤੀ ਬੇਸੁੱਧ ਹੋਣਾ, ਸੰਤੁਲਨ ਖੋਣਾ ਅਤੇ ਭੁਲੇਖੇ ਪੈਣ ਦਾ ਕਾਰਨ ਬਣ ਸਕਦਾ ਹੈ।
ਕਿਉਂਕਿ ਇਹ ਲਾਗ ਬਹੁਤ ਦੁਰਲੱਭ ਹੈ, ਇਸ ਲਈ ਟੈਸਟਿੰਗ ਦੁਆਰਾ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੈ। ਇਹ ਅਜਿਹੀ ਸਥਿਤੀ ਹੈ ਜਿਸ ਵਿੱਚ ਸੰਕਰਮਿਤ ਵਿਅਕਤੀ ਦੀ ਮੌਤ ਤੋਂ ਬਾਅਦ ਹੀ ਲਾਗ ਦਾ ਪਤਾ ਲੱਗਦਾ ਹੈ।
ਇਹ ਲਾਗ ਸਿਰਫ਼ ਕੁਝ ਥਾਵਾਂ 'ਤੇ ਹੀ ਕਿਉਂ ਫੈਲਦੀ ਹੈ?

ਤਸਵੀਰ ਸਰੋਤ, Getty Images
ਗਰਮੀਆਂ ਦੌਰਾਨ ਜਦੋਂ ਝੀਲਾਂ, ਨਦੀਆਂ ਅਤੇ ਸਵੀਮਿੰਗ ਪੂਲਾਂ ਵਿੱਚ ਪਾਣੀ ਲੰਬੇ ਸਮੇਂ ਤੱਕ ਉੱਚ ਤਾਪਮਾਨ ’ਤੇ ਰਹਿੰਦਾ ਹੈ, ਤਾਂ ਇਸ ਅਮੀਬਾ ਦੀ ਲਾਗ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਸੀਡੀਸੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਪਾਣੀ ਦੇ ਉੱਚ ਤਾਪਮਾਨ ਅਤੇ ਪਾਣੀ ਦੇ ਘੱਟ ਪੱਧਰ ਦੇ ਸੰਪਰਕ ਵਿੱਚ ਰਹਿਣਾ ਇਸ ਅਮੀਬਾ ਦੀ ਲਾਗ ਦੇ ਮੁੱਖ ਕਾਰਨ ਹਨ।
ਡਾ ਅਬਦੁਲ ਰੌਬ ਨੇ ਕਿਹਾ, “ਇਹ ਅਮੀਬਾ ਝੀਲਾਂ, ਨਦੀਆਂ ਅਤੇ ਸਵੀਮਿੰਗ ਪੂਲਾਂ ਵਿੱਚ ਨਹਾਉਂਦੇ ਸਮੇਂ ਜਾਂ ਗੋਤਾਖੋਰੀ ਕਰਦੇ ਸਮੇਂ ਨੱਕ ਰਾਹੀਂ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ।”
ਸੀਡੀਸੀ ਦਾ ਕਹਿਣਾ ਹੈ ਕਿ ਅਮੀਬਾ ਵਾਲਾ ਪਾਣੀ ਪੀਣ ਨਾਲ ਲਾਗ ਨਹੀਂ ਹੁੰਦੀ ਅਤੇ ਇਹ ਲਾਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲ ਸਕਦੀ।
ਖ਼ੁਦ ਨੂੰ ਸੁਰੱਖਿਅਤ ਕਿਵੇਂ ਰੱਖੀਏ?
ਜ਼ਿਆਦਾਤਰ ਲੋਕ ਤਲਾਬਾਂ ਅਤੇ ਨਦੀਆਂ ਵਿੱਚ ਨਹਾਉਣਾ ਪਸੰਦ ਕਰਦੇ ਹਨ। ਕੁਝ ਲੋਕ ਸਵੀਮਿੰਗ ਪੂਲ ’ਤੇ ਜਾਣ ਬਾਰੇ ਸੋਚਦੇ ਹਨ। ਅਜਿਹੇ ਹਾਲਾਤ ਵਿੱਚ ਕੀ ਕਰੀਏ?
ਡਾ ਅਬਦੁੱਲਾ ਰੌਬ ਨੇ ਖ਼ੁਦ ਨੂੰ ਇਸ ਅਮੀਬਾ ਦੀ ਲਾਗ ਤੋਂ ਬਚਾਉਣ ਲਈ ਕੁਝ ਉਪਾਅ ਦੱਸੇ ਹਨ।
ਇਹ ਇਸ ਤਰ੍ਹਾਂ ਹਨ:
• ਅਜਿਹੇ ਸਵੀਮਿੰਗ ਪੂਲ ਵਿੱਚ ਨਾ ਜਾਓ ਜਿਨ੍ਹਾਂ ਦੀ ਸਾਂਭ-ਸੰਭਾਲ ਠੀਕ ਤਰ੍ਹਾਂ ਨਾ ਕੀਤੀ ਗਈ ਹੋਵੇ ਅਤੇ ਜਿਨ੍ਹਾਂ ਵਿੱਚ ਪਾਣੀ ਘੱਟ ਹੋਵੇ।
• ਜਾਂਚ ਕਰੋ ਲਵੋ ਕਿ ਸਵੀਮਿੰਗ ਪੂਲ ਕਲੋਰੀਨ ਨਾਲ ਠੀਕ ਤਰ੍ਹਾਂ ਰੋਗਾਣੂ ਮੁਕਤ ਕੀਤਾ ਗਿਆ ਹੈ।
• ਪ੍ਰਦੂਸ਼ਿਤ ਤਲਾਬਾਂ ਅਤੇ ਝੀਲਾਂ ਵਿੱਚ ਨਹਾਉਣ ਤੋਂ ਬਚਣਾ ਚਾਹੀਦਾ ਹੈ।
• ਜਿੱਥੇ ਤੱਕ ਸੰਭਵ ਹੋਵੇ ਪੂਲ ਵਿੱਚ ਕਲੋਰੀਨ ਮਿਲਾਈ ਜਾਣੀ ਚਾਹੀਦੀ ਹੈ।
• ਕਿਉਂਕਿ ਇਹ ਅਮੀਬਾ ਨੱਕ ਰਾਹੀਂ ਸਰੀਰ ਵਿਚ ਦਾਖਲ ਹੁੰਦਾ ਹੈ, ਇਸ ਲਈ ਤੁਹਾਨੂੰ ਪਾਣੀ ਵਿੱਚ ਛਾਲ ਮਾਰਨ ਅਤੇ ਗੋਤਾ ਲਗਾਉਣ ਦੀ ਬਜਾਏ ਆਪਣੇ ਸਿਰ ਨੂੰ ਉੱਪਰ ਰੱਖਣਾ ਚਾਹੀਦਾ ਹੈ।
ਕੇਰਲ ਸਰਕਾਰ ਨੇ ਕੀ ਕਾਰਵਾਈ ਕੀਤੀ?
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਵਿੱਚ ਸ਼ੁੱਕਰਵਾਰ ਨੂੰ ਹੋਈ ਬੈਠਕ ਵਿੱਚ ਦਿਮਾਗ ਖਾਣ ਵਾਲੇ ਅਮੀਬਾ ਨਾਲ ਹੋਣ ਵਾਲੀਆਂ ਮੌਤਾਂ ’ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕੁਝ ਨਿਰਦੇਸ਼ ਵੀ ਦਿੱਤੇ ਹਨ।
• ਮੁੱਖ ਮੰਤਰੀ ਨੇ ਗੰਦੇ ਪਾਣੀਆਂ ਵਿੱਚ ਨਾ ਨਹਾਉਣ ਅਤੇ ਸਵੀਮਿੰਗ ਪੂਲ ਨੂੰ ਚੰਗੀ ਤਰ੍ਹਾਂ ਕਲੋਰੀਨੇਟ ਕਰਨ ਲਈ ਕਿਹਾ ਹੈ।
• ਕਿਉਂਕਿ ਬੱਚੇ ਇਸ ਸੰਕਰਮਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ, ਇਸ ਲਈ ਲਾਗ ਨੂੰ ਰੋਕਣ ਲਈ ਇਨ੍ਹਾਂ ਸਥਾਨਾਂ ’ਤੇ ਜਾਣ ਵੇਲੇ ‘ਸਵੀਮਿੰਗ ਨੋਜ਼ ਕਲਿੱਪ’ ਦੀ ਵਰਤੋਂ ਕਰਨੀ ਚਾਹੀਦੀ ਹੈ।
• ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਲ ਸਰੋਤਾਂ ਨੂੰ ਸਾਫ਼ ਰੱਖਣ ਲਈ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ।












