ਮਲੇਰੀਆ ਫੈਲਾਉਣ ਵਾਲੀਆਂ ਮਾਦਾ ਮੱਛਰਾਂ ਨੂੰ ਖ਼ਤਮ ਕਰਨ 'ਚ ਕਿਵੇਂ ਸਹਾਈ ਹੋਣਗੇ ਇਹ ਹਜ਼ਾਰਾਂ ਨਰ ਮੱਛਰ

ਤਸਵੀਰ ਸਰੋਤ, Getty Images
ਪੂਰਬ ਅਫ਼ਰੀਕੀ ਦੇਸ ਜਿਬੂਟੀ ਵਿੱਚ ਜਨੈਟਿਕ ਬਦਲਾਅ ਵਾਲੇ ਕਈ ਹਜ਼ਾਰ ਮੱਛਰ ਛੱਡੇ ਗਏ ਹਨ।
ਇਹ ਅਨੋਫਲੀਜ਼ ਸਟੈਫਿਨੀਜ਼ ਪ੍ਰਜਾਤੀ ਦੇ ਮੱਛਰ ਬ੍ਰਿਟੇਨ ਅਧਾਰਿਤ ਔਕਸੀਟੈਕ ਕੰਪਨੀ ਵੱਲੋਂ ਤਿਆਰ ਕੀਤੇ ਗਏ ਹਨ।
ਇਹ ਦੋਸਤਾਨਾ ਮੱਛਰ ਕੱਟਦੇ ਨਹੀਂ ਹਨ ਅਤੇ ਇਨ੍ਹਾਂ ਵਿੱਚ ਮੌਜੂਦ ਇੱਕ ਜੀਨ ਕਾਰਨ ਮਾਦਾ ਮੱਛਰਾਂ ਦੀ ਪਰਪੱਕਤਾ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।
ਸਿਰਫ਼ ਮਾਦਾ ਮੱਛਰ ਹੀ ਡੰਗ ਮਾਰਦੇ ਹਨ ਅਤੇ ਮਲੇਰੀਆ ਸਮੇਤ ਹੋਰ ਵਾਇਰਲ ਬੀਮਾਰੀਆਂ ਫੈਲਾਉਂਦੇ ਹਨ।
ਪੂਰਬੀ ਅਫ਼ਰੀਕਾ ਵਿੱਚ ਇਹ ਪਹਿਲਾ ਪਰ ਮਹਾਂਦੀਪ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਜਨੈਟਿਕ ਬਦਲਾਅ ਵਾਲੇ ਮੱਛਰ ਛੱਡੇ ਗਏ ਹਨ।
ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ, ਇਹ ਤਕਨੀਕ ਪਹਿਲਾਂ, ਬ੍ਰਾਜ਼ੀਲ, ਕੇਮਨ ਦੀਪ ਸਮੂਹ, ਪਨਾਮਾ ਅਤੇ ਭਾਰਤ ਵਿੱਚ ਵੀ ਇਸਤੇਮਾਲ ਕੀਤੀ ਜਾ ਚੁੱਕੀ ਹੈ।
ਸੀਡੀਸੀ ਮੁਤਾਬਕ ਸਾਲ 2019 ਤੋਂ ਲੈ ਕੇ ਦੁਨੀਆਂ ਭਰ ਵਿੱਚ ਕਰੀਬ ਇੱਕ ਬਿਲੀਅਨ ਮੱਛਰ ਛੱਡੇ ਜਾ ਚੁੱਕੇ ਹਨ।
ਮੱਛਰਾਂ ਦਾ ਪਹਿਲਾ ਪੂਰ ਮੰਗਲਵਾਰ ਨੂੰ ਜਿਬੂਟੀ ਦੇ ਇੱਕ ਕਸਬੇ ਅਮਬੌਲੀ ਵਿੱਚ ਛੱਡਿਆ ਗਿਆ।

ਤਸਵੀਰ ਸਰੋਤ, Oxitec company
ਇਹ ਔਕਸੀਟੈਕ, ਜਿਬੂਟੀ ਸਰਕਾਰ ਅਤੇ ਇੱਕ ਗੈਰ ਸਰਕਾਰੀ ਸੰਗਠਨ ਦੇ ਆਪਸੀ ਤਾਲਮੇਲ ਨਾਲ ਚਲਾਇਆ ਜਾ ਰਿਹਾ ਪਾਇਲਟ ਪ੍ਰੋਜੈਕਟ ਹੈ।
ਔਕਸੀਟੈਕ ਦੇ ਮੁਖੀ ਗਰੇ ਫਰੈਂਡਸਨ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਵਧੀਆ ਮੱਛਰ ਬਣਾਏ ਹਨ ਜੋ ਕੱਟਦੇ ਨਹੀਂ, ਬੀਮਾਰੀਆਂ ਨਹੀਂ ਫੈਲਾਉਂਦੇ। ਜਦੋਂ ਅਸੀਂ ਇਨ੍ਹਾਂ ਦੋਸਤਾਨਾ ਮੱਛਰਾਂ ਨੂੰ ਛੱਡਦੇ ਹਾਂ ਤਾਂ ਇਹ ਜੰਗਲੀ ਮਾਦਾ ਮੱਛਰਾਂ ਨੂੰ ਲੱਭਦੇ ਤੇ ਉਨ੍ਹਾਂ ਨਾਲ ਸਬੰਧ ਬਣਾਉਂਦੇ ਹਨ।”
ਪ੍ਰਯੋਗਸ਼ਾਲਾ ਦੀ ਪੈਦਾਇਸ਼ ਇਨ੍ਹਾਂ ਮੱਛਰਾਂ ਵਿੱਚ ਆਪਣੇ-ਆਪ ਨੂੰ ਸੀਮਤ ਕਰਨ ਵਾਲਾ ਇੱਕ ਜੀਨ ਹੈ ਜੋ ਸਬੰਧ ਬਣਾਉਣ ਮਗਰੋਂ ਪੈਦਾ ਹੋਣ ਵਾਲੇ ਮਾਦਾ ਮੱਛਰਾਂ ਨੂੰ ਸਬੰਧ ਬਣਾਉਣ ਦੀ ਉਮਰ ਤੱਕ ਪਹੁੰਚਣ ਹੀ ਨਹੀਂ ਦਿੰਦਾ।
ਨਤੀਜੇ ਵਜੋਂ ਸਿਰਫ਼ ਨਰ ਮੱਛਰ ਬਚਣਗੇ, ਉਹ ਵੀ ਹੌਲੀ-ਹੌਲੀ ਮਰ ਜਾਣਗੇ।
ਬੁਰਕੀਨਾ ਫਾਸੋ ਵਿੱਚ ਸਾਲ 2018 ਵਿੱਚ ਅਜਿਹੇ ਮੱਛਰ ਛੱਡੇ ਗਏ ਸਨ ਜੋ ਬੱਚੇ ਪੈਦਾ ਨਹੀਂ ਕਰ ਸਕਦੇ। ਜਦਕਿ ਇਹ ਮੱਛਰ ਬੱਚੇ ਪੈਦਾ ਕਰਨ ਦੇ ਸਮਰੱਥ ਹਨ।
ਇਹ ਪੂਰ ਜਿਬੂਟੀ ਦੇ ਦੋਸਤਾਨਾ ਮੱਛਰ ਪ੍ਰੋਗਰਾਮ ਦੇ ਹਿੱਸੇ ਵਜੋਂ ਛੱਡਿਆ ਗਿਆ ਹੈ। ਇਹ ਪ੍ਰੋਜੈਕਟ ਅਨੋਫਲੀਜ਼ ਸਟੈਫਿਨੀਜ਼ ਪ੍ਰਜਾਤੀ ਦਾ ਮੁਕਾਬਲਾ ਕਰਨ ਲਈ ਚਲਾਇਆ ਗਿਆ, ਜੋ ਕਿ ਦੇਸ ਵਿੱਚ ਪਹਿਲੀ ਵਾਰ 2012 ਵਿੱਚ ਲੱਭੀ ਗਈ ਸੀ।
ਉਸ ਸਮੇਂ ਜਿਬੂਟੀ ਮਲੇਰੀਆ ਦੇ ਖ਼ਾਤਮੇ ਦੇ ਨਜ਼ਦੀਕ ਸੀ ਜਦੋਂ ਅਚਾਨਕ 30 ਮਾਮਲੇ ਸਾਹਮਣੇ ਆ ਗਏ। ਉਦੋਂ ਤੋਂ ਲੈ ਕੇ ਦੇਸ ਵਿੱਚ ਮਲੇਰੀਆ ਦੇ ਮਾਮਲਿਆਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਸਾਲ 2020 ਵਿੱਚ ਜਿਬੂਟੀ ਨੇ ਮਲੇਰੀਆ ਦੇ 73,000 ਮਾਮਲੇ ਦੇਖੇ।
ਇਹ ਪ੍ਰਜਾਤੀ ਹੁਣ ਛੇ ਹੋਰ ਅਫਰੀਕੀ ਦੇਸਾਂ— ਇਥੋਪੀਆ, ਸੋਮਾਲੀਆ, ਕੀਨੀਆ, ਸੁਡਾਨ, ਨਾਈਜੀਰੀਆ ਅਤੇ ਘਾਨਾ ਵਿੱਚ ਵੀ ਮੌਜੂਦ ਹੈ।
ਲੋਕ ਉਡੀਕ ਕਰ ਰਹੇ ਹਨ

ਅਨੋਫਲੀਜ਼ ਸਟੈਫਿਨੀਜ਼ ਪ੍ਰਜਾਤੀ ਦਾ ਮੂਲ ਏਸ਼ੀਆ ਹੈ, ਇਸ ਦੇ ਵਾਧੇ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੇ ਮੱਛਰ ਮਾਰਨ ਦੇ ਰਵਾਇਤੀ ਤਰੀਕਿਆਂ ਤੋਂ ਬਚਣਾ ਸਿੱਖ ਲਿਆ ਹੈ। ਇਹ ਦਿਨ ਅਤੇ ਰਾਤ ਦੋਵੇਂ ਸਮੇਂ ਕੱਟਦਾ ਹੈ ਅਤੇ ਰਸਾਇਣਕ ਕੀਟਨਾਸ਼ਕ ਇਸ ਉੱਤੇ ਬੇਅਸਰ ਹਨ।
ਡਾ਼ ਅਬਦੁੱਲਾ ਅਹਿਮਦ ਆਬਦੀ, ਜਬੂਟੀ ਦੇ ਰਾਸ਼ਟਰਪਤੀ ਦੇ ਸਿਹਤ ਸਬੰਧੀ ਸਲਾਹਕਾਰ ਹਨ। ਉਨ੍ਹਾਂ ਨੇ ਫਾਈਨੈਂਸ਼ਲ ਟਾਈਮਜ਼ ਨੂੰ ਦੱਸਿਆ ਕਿ ਸਰਕਾਰ ਦਾ ਮਕਸਦ ਮਲੇਰੀਆ ਦੇ ਫੈਲਾਅ ਨੂੰ ਤੁਰੰਤ ਰੋਕਣਾ ਸੀ, ਜੋ ਕਿ ਪਿਛਲੇ ਇੱਕ ਦਹਾਕੇ ਦੌਰਾਨ ਬਹੁਤ ਵੱਧ ਗਿਆ ਹੈ।
ਮਿਊਟਲਿਸ ਐਸੋਸੀਏਸ਼ਨ ਦੇ ਨਿਰਦੇਸ਼ਕ ਡਾ਼ ਬੋਹ ਆਬਿਦੀ ਖੈਰ੍ਹੇ ਨੇ ਕਿਹਾ, “ਬਹੁਤੀ ਪੁਰਾਣੀ ਗੱਲ ਨਹੀਂ ਸਾਡੇ ਵਿੱਚ ਮਲੇਰੀਆ ਬਹੁਤ ਦੁਰਲੱਭ ਸੀ। ਹੁਣ ਅਸੀਂ ਦੇਖਦੇ ਹਾਂ ਪੂਰੇ ਜਬੂਟੀ ਵਿੱਚ ਮਲੇਰੀਏ ਦੇ ਮਰੀਜ਼ ਹਰ ਰੋਜ਼ ਆ ਰਹੇ ਹਨ। ਨਵੇਂ ਤਰੀਕਿਆਂ ਦੀ ਫੌਰੀ ਲੋੜ ਹੈ।”

ਤਸਵੀਰ ਸਰੋਤ, Oxitec company
ਜਿਬੂਟੀ ਦਾ ਖੇਤਰਫਲ ਛੋਟਾ ਹੋਣ ਕਾਰਨ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਸੌਖਾ ਸੀ। ਇੱਥੋਂ ਦੀ ਜ਼ਿਆਦਾਤਰ ਵਸੋਂ ਸ਼ਹਿਰੀ ਹੈ ਅਤੇ ਅਬਾਦੀ ਦਸ ਲੱਖ ਤੋਂ ਕੁਝ ਜ਼ਿਆਦਾ।
ਸਦਾ ਇਸਮਾਈਲ ਮਲੇਰੀਆ ਦੇ ਮਰੀਜ਼ ਰਹਿ ਚੁੱਕੇ ਹਨ। ਉਨ੍ਹਾਂ ਨੇ ਸਥਾਨਕ ਪੱਧਰ ਉੱਤੇ ਪ੍ਰੋਜੈਕਟ ਲਈ ਤਿਆਰੀ ਕਰਨ ਵਿੱਚ ਯੋਗਦਾਨ ਦਿੱਤਾ ਹੈ।
ਉਹ ਦੱਸਦੇ ਹਨ,“ਮਲੇਰੀਆ ਇੱਕ ਗੰਭੀਰ ਬੀਮਾਰੀ ਹੈ ਅਤੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਲੋਕ ਵਾਕਈ ਉਡੀਕ ਕਰ ਹਨ ਕਿ ਇਹ ਦੋਸਤਾਨਾ ਮੱਛਰ ਇਸ ਵਿੱਚ ਕਿਵੇਂ ਸਾਡੀ ਮਦਦ ਕਰਦੇ ਹਨ।”
ਇਹੀ ਭਵਿੱਖ ਹੈ...

ਤਸਵੀਰ ਸਰੋਤ, Getty Images
ਜਨੈਟਿਕ ਬਦਲਾਅ ਵਾਲੇ ਜੀਵ ਅਫ਼ਰੀਕਾ ਵਿੱਚ ਹਮੇਸ਼ਾ ਹੀ ਵਿਵਾਦਿਤ ਵਿਸ਼ਾ ਰਹੇ ਹਨ। ਵਾਤਾਵਰਣ ਸਮੂਹਾਂ ਨੇ ਮੌਜੂਦਾ ਭੋਜਨ ਲੜੀ ਅਤੇ ਵਾਤਾਵਰਣ ਉੱਪਰ ਇਸਦੇ ਬੁਰੇ ਸਿੱਟਿਆਂ ਤੋਂ ਸੁਚੇਤ ਕੀਤਾ ਹੈ।
ਹਾਲਾਂਕਿ ਔਕਸੀਟੈਕ ਦੇ ਮੁਖੀ ਗਰੇ ਫਰੈਂਡਸਨ ਮੁਤਾਬਕ ਪਿਛਲੇ ਦਸ ਸਾਲਾਂ ਦੌਰਾਨ ਇਸਦੇ ਵਾਤਾਵਰਣ ਜਾਂ ਮਨੁੱਖੀ ਸਿਹਤ ਉੱਪਰ ਕੋਈ ਵੀ ਮਾੜੇ ਪ੍ਰਭਾਵ ਨੋਟਿਸ ਨਹੀਂ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ,“ਸਾਡਾ ਧਿਆਨ ਇਹ ਯਕੀਨੀ ਬਣਾਉਣ ਉੱਤੇ ਹੁੰਦਾ ਹੈ ਕਿ ਜੋ ਅਸੀਂ ਵਾਤਾਵਰਣ ਵਿੱਚ ਛੱਡੀਏ ਉਹ ਸੁਰੱਖਿਅਤ ਅਤੇ ਬਹੁਤ ਜ਼ਿਆਦਾ ਕਾਰਗਰ ਹੋਵੇ। ਇਹ ਜ਼ਹਿਰੀਲੇ ਨਹੀਂ ਹਨ, ਅਲਰਜੀ ਨਹੀਂ ਕਰਦੇ ਅਤੇ ਪ੍ਰਜਾਤੀ ਵਿਸ਼ੇਸ਼ ਹਨ।”
ਜੇ ਇਹ ਮੱਛਰ ਕਿਸੇ ਨੂੰ ਕੱਟ ਵੀ ਲੈਂਦੇ ਹਨ ਤਾਂ ਬਦਲੇ ਗਏ ਜੀਨ ਇਸ ਦੀ ਲਾਰ ਵਿੱਚ ਮੌਜੂਦ ਨਹੀਂ ਹੁੰਦੇ। ਇਸ ਤਰ੍ਹਾਂ ਸ਼ਿਕਾਰ ਬਦਲੇ ਗਏ ਜੀਨਾਂ ਦੇ ਸੰਪਰਕ ਵਿੱਚ ਨਹੀਂ ਆਏਗਾ।
ਡਾ਼ ਆਬਦੀ ਮੁਤਾਬਕ ਨਵੇਂ ਹੱਲ ਬਾਰੇ ਵਿਵਾਦ ਤਾਂ ਹੈ ਪਰ ਇਹੀ ਭਵਿੱਖ ਹੈ।
ਜੇ ਪ੍ਰਯੋਗ ਸਫ਼ਲ ਹੁੰਦਾ ਹੈ ਤਾਂ ਇਨ੍ਹਾਂ ਮੱਛਰਾਂ ਨੂੰ ਅਗਲੇ ਇੱਕ ਸਾਲ ਦੌਰਾਨ ਪੂਰੇ ਦੇਸ ਵਿੱਚ ਵੱਡੇ ਪੱਧਰ ਉੱਤੇ ਤੈਨਾਤ ਕੀਤਾ ਜਾਵੇਗਾ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਮਲੇਰੀਆ ਇੱਕ ਜਾਨਲੇਵਾ ਬੀਮਾਰੀ ਹੈ ਜਿਸ ਕਾਰਨ ਦੁਨੀਆਂ ਭਰ ਵਿੱਚ ਹਰ ਸਾਲ ਛੇ ਲੱਖ ਜਾਨਾਂ ਜਾਂਦੀਆਂ ਹਨ। ਮਲੇਰੀਆ ਕਾਰਨ ਹੋਣ ਵਾਲੀਆਂ 10 ਵਿੱਚੋਂ 9 ਮੌਤਾਂ ਉਪ ਸਹਾਰਾ ਦੇ ਅਫਰੀਕਾ ਵਿੱਚ ਹੁੰਦੀਆਂ ਹਨ।












