ਬੰਗਲਾਦੇਸ਼ ਦੇ ਸੰਸਦ ਮੈਂਬਰ ਦਾ ਕਤਲ: 'ਮਾਸ ਤੇ ਹੱਡੀਆਂ ਪੈਕਟਾਂ ਵਿੱਚ ਪਾ ਕੇ ਸੁੱਟ ਦਿੱਤੀਆਂ ਗਈਆਂ'

ਤਸਵੀਰ ਸਰੋਤ, Anawarul Azim/ Facebook
ਚੇਤਾਵਨੀ - ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।
ਇੱਕ ਹਫਤਾ ਪਹਿਲਾਂ ਲਾਪਤਾ ਹੋਏ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਦੇ ਕਥਿਤ ਕਤਲ ਦੇ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਜਿਹਾਦ ਹਵਲਾਦਰ ਵਜੋਂ ਹੋਈ ਹੈ।
ਉਕਤ ਵਿਅਕਤੀ ਨੇ ਕਥਿਤ ਤੌਰ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਵਿੱਚ ਭੂਮਿਕਾ ਨਿਭਾਈ ਸੀ।
ਢਾਕਾ ਮੈਟ੍ਰੋਪਾਲਿਟਨ ਪੁਲਿਸ ਦੇ ਵਧੀਕ ਪੁਲਿਸ ਕਮਿਸ਼ਨਰ ਮੁਹੰਮਦ ਹਾਰੁਨ ਯਾ ਰਾਸ਼ਿਦ ਨੇ ਪੱਤਰਕਾਰਾਂ ਨੂੰ ਇਸ ਕਤਲ ਬਾਰੇ ਦੱਸਿਆ।

ਤਸਵੀਰ ਸਰੋਤ, ANWARUL AZIM ANAR/FB
ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦਾ ਮਾਸਟਰਮਾਈਂਡ ਅਖਤਰੁਜਮਾਂ ਹੈ। ਉਹ ਅਜੀਮ ਦੇ ਬਚਪਨ ਦੇ ਦੋਸਤ ਹਨ।ਪੁਲਿਸ ਮੁਤਾਬਕ ਅਖਤਰੁਜਮਾ ਇੱਕ ਅਮਰੀਕੀ ਨਾਗਰਿਕ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨਾਲ ਹੋਏ ਕਾਰੋਬਾਰੀ ਵਿਵਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੀਆਈਡੀ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅਖਤਰੁਜ਼ਮਾਂ ਦੇ ਨਿਰਦੇਸ਼ਾਂ ਉੱਤੇ ਉਸ ਦੇ ਸਮੇਤ ਚਾਰ ਬੰਗਲਾਦੇਸ਼ੀ ਨਾਗਰਿਕਾਂ ਨੇ ਇੱਕ ਫਲੈਟ ਵਿੱਚ ਸੰਸਦ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।
ਉਨ੍ਹਾਂ ਦੱਸਿਆ, "ਕਤਲ ਤੋਂ ਬਾਅਦ ਮਾਸ ਅਤੇ ਹੱਡੀਆਂ ਨੂੰ ਵੱਖਰੇ ਵੱਖਰੇ ਪੈਕਟਾਂ ਵਿੱਚ ਪੈਕ ਕਰਕੇ ਕਲਕੱਤਾ ਵਿੱਚ ਵੱਖ-ਵੱਖ ਥਾਵਾਂ ਉੱਤੇ ਸੁੱਟ ਦਿੱਤਾ ਗਿਆ।"

ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖ਼ਾਨ ਨੇ ਪਹਿਲਾਂ ਕਿਹਾ ਸੀ ਕਿ ਇੱਕ ਹਫਤਾ ਪਹਿਲਾਂ ਲਾਪਤਾ ਹੋਏ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਦਾ ਵਿਉਂਤਬੱਧ ਤਰੀਕੇ ਨਾਲ ਕਤਲ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੰਗਲਾਦੇਸ਼ ਦੇ ਧਾਨਮੰਡੀ ਇਲਾਕੇ ਵਿੱਚ ਬੁੱਧਵਾਰ ਨੂੰ ਆਪਣੀ ਰਿਹਾਇਸ਼ 'ਤੇ ਰੱਖੀ ਪ੍ਰੈੱਸ ਕਾਨਫਰੰਸ ਵਿੱਚ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਕਿਹਾ ਸੀ, ''ਇਹ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।"
ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਭਾਰਤੀ ਪੁਲਿਸ ਵੀ ਇਸ ਮਾਮਲੇ ਵਿੱਚ ਸਹਿਯੋਗ ਕਰ ਰਹੀ ਹੈ।
ਇਸ ਤੋਂ ਪਹਿਲਾਂ ਕੋਲਕਾਤਾ ਵਿੱਚ ਬਿਧਾਨਨਗਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਮਾਨਵ ਸ਼੍ਰਿੰਗਲਾ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਸੀ, "ਪੁੱਛਗਿੱਛ ਦੌਰਾਨ ਕਾਰ ਦੇ ਡਰਾਈਵਰ ਨੇ ਦੱਸਿਆ ਹੈ ਕਿ ਉਸ ਨੇ 13 ਮਈ ਨੂੰ ਆਪਣੀ ਕਾਰ ਵਿੱਚ ਜਿਸ ਵਿਅਕਤੀ ਨੂੰ ਚੜ੍ਹਾਇਆ ਸੀ, ਉਸ ਦਾ ਕਤਲ ਕਰਕੇ ਲਾਸ਼ ਦੇ ਟੁਕੜੇ ਕਰਨ ਤੋਂ ਬਾਅਦ ਉਸ ਨੂੰ ਸੁੱਟ ਦਿੱਤਾ ਗਿਆ ਹੈ।"
ਜਦਕਿ ਬੰਗਲਾਦੇਸ਼ ਪੁਲਿਸ ਦੇ ਇੱਕ ਜ਼ਿੰਮੇਵਾਰ ਅਧਿਕਾਰੀ ਨੇ ਵੀ ਬੀਬੀਸੀ ਬੰਗਲਾ ਨੂੰ ਪੁਸ਼ਟੀ ਕੀਤੀ ਹੈ ਕਿ ਕੋਲਕਾਤਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੋਲਕਾਤਾ ਵਿੱਚ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਦੀ ਹੱਤਿਆ ਕਰ ਦਿੱਤੀ ਗਈ ਹੈ।
ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, "ਐੱਮਪੀ ਅਨਵਾਰੁਲ ਇਲਾਜ ਲਈ ਭਾਰਤ ਗਏ ਸਨ। ਇਹ ਸਿੱਧਾ ਕਤਲ ਹੈ। ਮੈਂ ਤੁਹਾਨੂੰ ਇਸ ਦੇ ਪਿੱਛੇ ਦਾ ਰਾਜ਼ ਬਾਅਦ ਵਿੱਚ ਦੱਸਾਂਗਾ।"
ਭਾਰਤ ਬੰਗਲਾਦੇਸ਼ ਸਬੰਧਾਂ 'ਤੇ ਅਸਰ?
ਕੀ ਭਾਰਤ ਦੌਰੇ ਦੌਰਾਨ ਸੰਸਦ ਮੈਂਬਰ ਦੇ ਕਤਲ ਦਾ ਦੋਵਾਂ ਦੇਸਾਂ ਦੇ ਰਿਸ਼ਤਿਆਂ 'ਤੇ ਕੋਈ ਅਸਰ ਪਵੇਗਾ?
ਇਸ ਸਵਾਲ 'ਤੇ ਖਾਨ ਨੇ ਕਿਹਾ ਸੀ, "ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ, ਜਿਸ ਨਾਲ ਆਪਸੀ ਸੰਬੰਧਾਂ ਵਿੱਚ ਤਰੇੜ ਪੈਦਾ ਹੋ ਸਕੇ। ਹੁਣ ਤੱਕ ਸਾਡੇ ਕੋਲ ਜੋ ਜਾਣਕਾਰੀ ਹੈ, ਉਸ ਮੁਤਾਬਕ ਅਨਵਾਰੁਲ ਦੀ ਹੱਤਿਆ ਬੰਗਲਾਦੇਸ਼ ਦੇ ਨਾਗਰਿਕ ਨੇ ਕੀਤੀ ਹੈ।"
ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕਤਲ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ।

ਤਸਵੀਰ ਸਰੋਤ, ANWARUL AZIM ANAR FB
ਕਤਲ ਦਾ ਪਤਾ ਕਿਵੇਂ ਲੱਗਾ?
ਪੱਛਮੀ ਬੰਗਾਲ ਪੁਲਿਸ ਦੀ ਅੱਤਵਾਦ ਰੋਕੂ ਇਕਾਈ (ਏਟੀਐੱਫ) ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਜਾਂਚ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਅਨਵਾਰੁਲ ਅਜ਼ੀਮ ਨੂੰ ਉਸਦੇ ਦੋਸਤ ਦੇ ਘਰੋਂ ਲੈ ਜਾਣ ਵਾਲੇ ਕਾਰ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਸੀ।
ਡਰਾਈਵਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਅਜ਼ੀਮ ਦੇ ਕਾਰ ਵਿੱਚ ਬੈਠਣ ਤੋਂ ਬਾਅਦ ਤਿੰਨ ਹੋਰ ਵਿਅਕਤੀ ਉਸ ਵਿੱਚ ਸਵਾਰ ਹੋ ਗਏ ਸਨ। ਇਨ੍ਹਾਂ ਵਿੱਚ ਦੋ ਪੁਰਸ਼ ਅਤੇ ਇੱਕ ਔਰਤ ਸੀ। ਬਾਅਦ ਵਿੱਚ ਇਹ ਚਾਰੇ ਜਣੇ ਕੋਲਕਾਤਾ ਦੇ ਨਿਊ ਟਾਊਨ ਇਲਾਕੇ ਵਿੱਚ ਇੱਕ ਘਰ ਵਿੱਚ ਚਲੇ ਗਏ।
ਸੀਸੀਟੀਵੀ ਫੁਟੇਜ ਦੀ ਜਾਂਚ ਕਰਦੇ ਹੋਏ, ਏਟੀਐੱਫ ਨੇ ਚਾਰ ਲੋਕਾਂ ਨੂੰ ਘਰ ਵਿੱਚ ਦਾਖਲ ਹੁੰਦੇ ਦੇਖਿਆ ਪਰ ਸਿਰਫ ਤਿੰਨ ਲੋਕ ਹੀ ਬਾਹਰ ਆਉਂਦੇ ਦਿਖਾਈ ਦਿੱਤੇ।
ਏਟੀਐੱਫ ਅਧਿਕਾਰੀਆਂ ਮੁਤਾਬਕ ਦੋਵੇਂ ਵਿਅਕਤੀ ਫਿਰ ਬੰਗਲਾਦੇਸ਼ ਪਰਤ ਗਏ।
ਪੁਲਿਸ ਨੇ ਇਸ ਦੀ ਸੂਚਨਾ ਬੰਗਲਾਦੇਸ਼ ਦੇ ਖੁਫੀਆ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਦੋਵਾਂ ਵਿਅਕਤੀਆਂ ਤੋਂ ਮਿਲੀ ਜਾਣਕਾਰੀ ਕੋਲਕਾਤਾ ਪੁਲਿਸ ਨਾਲ ਸਾਂਝੀ ਕੀਤੀ ਗਈ ਹੈ। ਇਸ ਤੋਂ ਬਾਅਦ ਹੀ ਪੁਲਿਸ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਦੀ ਮੌਤ ਦੀ ਪੁਸ਼ਟੀ ਕਰ ਸਕੀ।
ਪੁਲਿਸ ਨੇ ਦੱਸਿਆ ਕਿ ਨਿਊ ਟਾਊਨ ਦੇ ਉਸ ਫਲੈਟ ਦੇ ਅੰਦਰ ਖੂਨ ਦੇ ਨਿਸ਼ਾਨ ਮਿਲੇ ਹਨ। ਹਾਲਾਂਕਿ ਸੰਸਦ ਮੈਂਬਰ ਦੀ ਲਾਸ਼ ਬੁੱਧਵਾਰ ਦੁਪਹਿਰ ਤੱਕ ਬਰਾਮਦ ਨਹੀਂ ਹੋ ਸਕੀ ਸੀ। ਪੁਲਿਸ ਨੇ ਹੁਣ ਇਸ ਫਲੈਟ ਨੂੰ ਸੀਲ ਕਰ ਦਿੱਤਾ ਹੈ।
ਕੋਲਕਾਤਾ ਵਿੱਚ ਬੰਗਲਾਦੇਸ਼ ਹਾਈ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਅਨਵਾਰੁਲ ਦੀ ਧੀ ਮੁਮਤਰੀਨ ਫਿਰਦੌਸ ਡੋਰਿਨ ਬੁੱਧਵਾਰ ਸਵੇਰੇ ਕੋਲਕਾਤਾ ਪਹੁੰਚ ਗਈ ਹੈ।
ਨਾਸ਼ਤਾ ਕਰਨ ਤੋਂ ਬਾਅਦ ਲਾਪਤਾ ਹੋਏ

ਬੰਗਲਾਦੇਸ਼ੀ ਸੰਸਦ ਮੈਂਬਰ ਅਨਵਾਰੁਲ ਅਜ਼ੀਮ12 ਮਈ ਨੂੰ ਆਪਣੇ ਇਲਾਜ ਦੇ ਸਿਲਸਿਲੇ ਵਿੱਚ ਭਾਰਤ ਆਏ ਸਨ। ਅਗਲੇ ਦਿਨ ਦੀ ਸ਼ਾਮ ਨੂੰ ਉਹ ਆਖ਼ਰੀ ਵਾਰ ਦੇਖੇ ਗਏ ਸਨ। ਉਹ ਬੰਗਲਾਦੇਸ਼ ਵਿੱਚ ਸੱਤਾਧਾਰੀ ਅਵਾਮੀ ਲੀਗ ਪਾਰਟੀ ਦੇ ਸੰਸਦ ਮੈਂਬਰ ਸਨ।
ਕੋਲਕਾਤਾ ਦੇ ਸਿੰਥੀ ਇਲਾਕੇ ਦੇ ਰਹਿਣ ਵਾਲੇ ਕਾਰੋਬਾਰੀ ਗੋਪਾਲ ਬਿਸਵਾਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਨਵਾਰੁਲ ਅਜ਼ੀਮ ਨਾਲ ਪਿਛਲੇ ਦੋ ਦਹਾਕਿਆਂ ਤੋਂ ਪਰਿਵਾਰਕ ਸਬੰਧ ਸਨ।
ਗੋਪਾਲ ਵਿਸ਼ਵਾਸ ਕੋਲਕਾਤਾ ਵਿੱਚ ਗਹਿਣੇ ਨਿਰਯਾਤ ਕਾਰੋਬਾਰ ਨਾਲ ਜੁੜੇ ਹੋਏ ਹਨ।
ਜਦੋਂ ਬੰਗਲਾਦੇਸ਼ ਵਿੱਚ ਬੀਐੱਨਪੀ ਦੀ ਸਰਕਾਰ ਸੀ ਤਾਂ ਅਨਵਾਰੁਲ ਭਾਰਤ ਵਿੱਚ ਹੀ ਰਹਿੰਦੇ ਸੀ। ਫਿਰ ਉਹ ਕੋਲਕਾਤਾ ਦੇ ਮਝਦੀਆ ਵਿੱਚ ਸੁਭਾਸ਼ ਅਗਰਵਾਲ ਦੇ ਘਰ ਰਹਿੰਦੇ ਸੀ। ਉੱਥੇ ਉਸ ਦੀ ਜਾਣ-ਪਛਾਣ ਗੋਪਾਲ ਵਿਸ਼ਵਾਸ ਨਾਲ ਹੋਈ, ਜੋ ਅੱਗੇ ਜਾ ਕੇ ਦੋਸਤੀ ਵਿੱਚ ਬਦਲ ਗਈ।
ਅਨਵਾਰੁਲ ਹੱਕ ਬਾਰਨਗਰ ਵਿੱਚ ਗੋਪਾਲ ਵਿਸ਼ਵਾਸ ਦੇ ਘਰ ਰੁਕੇ ਹੋਏ ਸੀ। ਗੋਪਾਲ ਦੇ ਅਨੁਸਾਰ, ਅਨਵਾਰੁਲ ਹੱਕ ਭਾਰਤ ਵਿੱਚ ਕਿਸੇ ਨਿਊਰੋਲੋਜਿਸਟ ਨੂੰ ਦਿਖਾਉਣਾ ਚਾਹੁੰਦੇ ਸਨ।
ਗੋਪਾਲ ਦੱਸਦੇ ਹਨ ਕਿ 13 ਮਈ ਨੂੰ ਅਨਵਾਰੁਲ ਹੱਕ ਨੇ ਨਾਸ਼ਤਾ ਕੀਤਾ ਸੀ।
ਉਸ ਸਵੇਰ ਬਾਰੇ ਵਿਸ਼ਵਾਸ ਨੇ ਕਿਹਾ, "ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਅੱਜ ਮੇਰੀ ਕਾਰ ਉਪਲਬਧ ਨਹੀਂ ਹੈ, ਇਸ ਲਈ ਉਹ ਕਿਸੇ ਹੋਰ ਕਾਰ ਦਾ ਇੰਤਜ਼ਾਮ ਕਰ ਲੈਣ। ਇਸ ਤੋਂ ਬਾਅਦ ਮੈਂ ਘਰ ਦੀ ਪਹਿਲੀ ਮੰਜ਼ਿਲ ਉੱਤੇ ਆਪਣੇ ਦਫ਼ਤਰ ਚਲਿਆ ਗਿਆ।"
ਗੋਪਾਲ ਅਨੁਸਾਰ ਦੁਪਹਿਰ ਸਮੇਂ ਘਰੋਂ ਨਿਕਲਦੇ ਸਮੇਂ ਅਨਵਰੁਲ ਨੇ ਕਿਹਾ ਸੀ ਕਿ ਉਹ ਸ਼ਾਮ ਤੱਕ ਘਰ ਵਾਪਸ ਆ ਜਾਣਗੇ ਪਰ ਜਦੋਂ ਉਹ ਸਮੇਂ ਸਿਰ ਘਰ ਨਹੀਂ ਪਰਤੇ ਤਾਂ ਗੋਪਾਲ ਨੇ ਫਿਕਰ ਵਿੱਚ ਬਾਰਾਨਗਰ ਥਾਣੇ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਐੱਮਪੀ ਅਨਵਾਰੁਲ ਦੀ ਭਾਲ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਪੁਲਸ ਨੇ ਉਨ੍ਹਾਂ ਦੇ ਫੋਨ ਦੀ ਲੋਕੇਸ਼ਨ ਟਰੈਕ ਕੀਤੀ, ਜੋ ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ ਦੀ ਮਿਲੀ ਸੀ।
ਇਸ ਤੋਂ ਬਾਅਦ 17 ਮਈ ਨੂੰ ਉਨ੍ਹਾਂ ਦਾ ਫੋਨ ਬਿਹਾਰ ਦੇ ਕਿਸੇ ਇਲਾਕੇ ਵਿੱਚ ਕੁਝ ਸਮੇਂ ਲਈ ਚਾਲੂ ਕੀਤਾ ਗਿਆ ਸੀ।








