ਗਰਮੀਆਂ ਵਿੱਚ ਸਿਰਫ਼ ਪਾਣੀ ਪੀਣ ਨਾਲ ਕੰਮ ਨਹੀਂ ਚੱਲਣਾ, ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦਿਓ

ਤਸਵੀਰ ਸਰੋਤ, Getty Images
ਗਰਮੀਆਂ ਵਿੱਚ ਘੱਟ ਪਾਣੀ ਪੀਣ ਦੇ ਕਈ ਨੁਕਸਾਨ ਹੋ ਸਕਦੇ ਹਨ, ਜਿਵੇਂ- ਖੁਸ਼ਕ ਗਲਾ, ਚੱਕਰ ਆਉਣਾ, ਲਾਲ ਅੱਖਾਂ ਅਤੇ ਪੀਲਾ ਪਿਸ਼ਾਬ ਆਉਣਾ। ਇਹ ਸਭ ਕੁਝ ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ।
ਤੁਹਾਡੇ ਸਰੀਰ ਵਿੱਚ ਪਾਣੀ ਅਤੇ ਇਲੈਕਟਰੋਲਾਈਟਸ ਦੀ ਕਮੀ ਦੇ ਤੁਹਾਡੀ ਸਿਹਤ ਲਈ ਗੰਭੀਰ ਸਿੱਟੇ ਹੋ ਸਕਦੇ ਹਨ। ਇਨ੍ਹਾਂ ਨੂੰ ਸਮੁੱਚੇ ਰੂਪ ਵਿੱਚ ਪਾਣੀ ਦੀ ਕਮੀ ਕਿਹਾ ਜਾਂਦਾ ਹੈ।
ਪੁਣੇ ਦੇ ਅਵਿਨਾਸ਼ ਭੋਂਡਵੇ ਨੇ ਬੀਬੀਸੀ ਨੂੰ ਦੱਸਿਆ ਕਿ ਪਾਣੀ ਦੀ ਕਮੀ ਸਾਡੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਫਿਲਹਾਲ ਗਰਮੀਆਂ ਹਨ ਅਤੇ ਅਸੀਂ ਲਗਾਤਾਰ ਪਸੀਨਾ ਕੱਢ ਰਹੇ ਹਾਂ। ਇਹ ਪਸੀਨਾ ਹੀ ਨਹੀਂ ਸਗੋਂ ਹੋਰ ਖਣਿਜ ਵੀ ਬਾਹਰ ਸੁੱਟਦਾ ਹੈ।
ਹੁਣ ਤੁਸੀਂ ਕਹੋਗੇ ਕਿ ਏਸੀ ਵਿੱਚ ਰਹਿਣ ਨਾਲ ਪਸੀਨਾ ਨਹੀਂ ਆਏਗਾ। ਜਦਕਿ ਨਰਿੰਤਰ ਏਸੀ ਵਿੱਚ ਰਹਿਣ ਨਾਲ ਕੁਤਰਤੀ ਪਿਆਸ ਮਰ ਜਾਂਦੀ ਹੈ। ਇਸਦੇ ਤੁਹਾਡੀ ਸਿਹਤ ਉੱਤੇ ਦੂਰ ਰਸੀ ਪ੍ਰਭਾਵ ਪੈ ਸਕਦੇ ਹਨ।
ਬੀਬੀਸੀ ਮਰਾਠੀ ਨੇ ਇਸ ਬਾਰੇ ਸਿਹਤ ਮਾਹਰਾਂ ਨਾਲ ਗੱਲਬਾਤ ਕੀਤੀ।
ਇਸ ਸਮੇਂ ਦੇਸ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਚੱਲ ਰਿਹਾ ਹੈ। ਬਹੁਤ ਸਾਰੇ ਲੋਕ ਗਰਮੀ ਦਾ ਕਹਿਰ ਸਹਿਣ ਕਰ ਰਹੇ ਹਨ।
ਜੇ ਵਧਦੇ ਤਾਪਮਾਨ ਵਿੱਚ ਸਰੀਰ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਸਦੇ ਗੰਭੀਰ ਨਤੀਜੇ ਹੋ ਸਕਦੇ ਹਨ। ਇਸ ਲਈ ਸਿਹਤ ਮਾਹਰ ਲੋਕਾਂ ਨੂੰ ਲੋੜੀਂਦਾ ਧਿਆਨ ਰੱਖਣ ਦੀ ਅਪੀਲ ਕਰਦੇ ਹਨ।

ਤਸਵੀਰ ਸਰੋਤ, Getty Images
ਸਰੀਰ ਵਿੱਚ ਪਾਣੀ ਦੀ ਕਮੀ ਕਦੋਂ ਹੁੰਦੀ ਹੈ?
- ਜੇ ਤੁਸੀਂ ਲੰਬੇ ਸਮੇਂ ਤੱਕ ਧੁੱਪ ਵਿੱਚ ਰਹੇ ਹੋ ਤਾਂ ਲੂ ਕਾਰਨ ਤੁਹਾਡੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ।
- ਜੇ ਸਮੁੱਚਾ ਤਾਪਮਾਨ ਹੀ ਬਹੁਤ ਜ਼ਿਆਦਾ ਹੋਵੇ।
- ਜੇ ਤੁਸੀਂ ਬੀਮਾਰ ਹੋ ਜਾਂ ਦਸਤ ਲੱਗੇ ਹੋਣ ਤਾਂ ਵੀ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ।
- ਬਹੁਤ ਜ਼ਿਆਦਾ ਸ਼ਰਾਬ ਜਾਂ ਕੈਫ਼ੀਨ ਵਾਲੇ ਤਰਲ ਪੀਣ ਨਾਲ।
- ਕਸਰਤ ਕਰਨ ਤੋਂ ਬਾਅਦ ਬਹੁਤ ਸਾਰਾ ਪਸੀਨਾ ਵਹਿ ਜਾਂਦਾ ਹੈ।
- ਜੇ ਤੁਹਾਨੂੰ ਪਿਸ਼ਾਬ ਕਰਨ ਦੀਆਂ ਦਵਾਈਆਂ ਦਿੱਤੀਆਂ ਗਈਆਂ ਹੋਣ।
ਪਾਣੀ ਦੀ ਕਮੀ ਦੀ ਆਪਣੇ ਆਪ ਪਹਿਚਾਣ ਕਿਵੇਂ ਕਰੀਏ?
- ਬਹੁਤ ਜ਼ਿਆਦਾ ਪਿਆਸ ਲੱਗਣੀ
- ਜੇ ਪਿਸ਼ਾਬ ਪੀਲਾ ਅਤੇ ਬਦਬੂਦਾਰ ਹੈ।
- ਜੇ ਪਿਸ਼ਾਬ ਆਮ ਨਾਲੋਂ ਘੱਟ ਆ ਰਿਹਾ ਹੈ।
- ਜੇ ਤੁਹਾਨੂੰ ਚੱਕਰ ਮਹਿਸੂਸ ਹੋ ਰਹੇ ਹਨ।
- ਜੇ ਥਕਾਨ ਲੱਗ ਰਹੀ ਹੈ
- ਜੇ ਮੂੰਹ, ਬੁੱਲ੍ਹ ਅਤੇ ਜੀਭ ਸੁੱਕੀ ਹੈ।
- ਜੇ ਅੱਖਾਂ ਧਸ ਗਈਆਂ ਹਨ।
ਜੇ ਤੁਹਾਨੂੰ ਅਜਿਹੇ ਲੱਛਣ ਹਨ ਤਾਂ ਸੰਭਾਵੀ ਤੌਰ ਤੇ ਤੁਹਾਡੇ ਵਿੱਚ ਪਾਣੀ ਦੀ ਕਮੀ ਹੈ। ਇਸ ਸਥਿਤੀ ਵਿੱਚ ਖੂਬ ਪਾਣੀ ਪੀਣ ਅਤੇ ਸਰੀਰ ਵਿੱਚ ਘਟ ਗਏ ਖਣਿਜਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰੋ ਅਤੇ ਡਾਕਟਰੀ ਸਲਾਹ ਲਓ।

ਤਸਵੀਰ ਸਰੋਤ, ANI
ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਕੀ ਹੁੰਦਾ ਹੈ?
ਪਾਣੀ ਦੀ ਕਮੀ ਦਾ ਪਹਿਲਾ ਸੰਕੇਤ ਤੁਹਾਡੇ ਪਿਸ਼ਾਬ ਵਿੱਚ ਹੁੰਦਾ ਹੈ। ਜੇ ਪਿਸ਼ਾਬ ਦਾ ਰੰਗ ਪੀਲਾ ਅਤੇ ਫਿਰ ਲਾਲ ਹੋ ਰਿਹਾ ਹੈ। ਇਸਦਾ ਮਤਲਬ ਹੈ ਸਰੀਰ ਵਿੱਚ ਪਾਣੀ ਘੱਟ ਰਿਹਾ ਹੈ।
ਇਸ ਸੰਬੰਧ ਵਿੱਚ ਡਾ਼ ਅਵਿਨਾਸ਼ ਭੋਂਡਵੇ ਦਾ ਕਹਿਣਾ ਹੈ, “ਧੁੱਪ ਵਿੱਚ ਤੁਰਨ ਜਾਂ ਬੇਹੱਦ ਗਰਮ ਭੱਠੀ ਦੇ ਕੋਲ ਕੰਮ ਕਰਨ ਨਾਲ ਸਰੀਰ ਵਿੱਚ ਨਾ ਸਿਰਫ਼ ਪਾਣੀ ਦੀ ਕਮੀ ਹੁੰਦੀ ਹੈ ਸਗੋਂ ਦੂਜੇ ਇਲੈਕਟਰੋਲਾਈਟਸ ਜਿਵੇਂ— ਸੋਡੀਅਮ, ਕਲੋਰਾਈਡ ਅਤੇ ਬਾਈਕਾਰਬੋਨੇਟ ਦੀ ਮਾਤਰਾ ਵੀ ਘੱਟ ਜਾਂਦੀ ਹੈ। ਜੇ ਇਹ ਸਥਿਤੀ ਜ਼ਿਆਦਾ ਦੇਰ ਰਹੇ ਤਾਂ ਸਰੀਰ ਵਿੱਚ ਕੈਲਸ਼ੀਅਮ ਅਤੇ ਮੈਗਨੀਸੀਅਮ ਦੀ ਮਾਤਰਾ ਵੀ ਘੱਟ ਜਾਂਦੀ ਹੈ।”
ਬਾਲਗ ਸਰੀਰ ਵਿੱਚ 60 ਤੋਂ 70 ਫੀਸਦੀ ਪਾਣੀ ਹੁੰਦਾ ਹੈ।
ਡਾ਼ ਭੋਂਡਵੇ ਮੁਤਾਬਕ, “ਜੇ ਪਾਣੀ ਦੇ ਇਸ ਪੱਧਰ ਵਿੱਚ ਜ਼ਿਆਦਾ ਅੰਤਰ ਹੋਵੇ ਤਾਂ ਸਾਡੇ ਸਰੀਰ ਦਾ ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ। ਮੇਰਾ ਮਤਲਬ ਹੈ, ਮੈਂ ਖਾਣਾ ਹਜ਼ਮ ਨਹੀਂ ਕਰ ਸਕਾਂਗਾ। ਦੌਰੇ ਵੀ ਪੈ ਸਕਦੇ ਹਨ। ਸਾਹ ਲੈਣ ਵਿੱਚ ਔਖਿਆਈ ਹੋ ਸਕਦੀ ਹੈ।”
ਇਹੀ ਨਹੀਂ , ਜੇ ਇਹ ਸਥਿਤੀ ਜ਼ਿਆਦਾ ਦੇਰ ਜਾਰੀ ਰਹਿੰਦੀ ਤਾਂ ਸਾਹ ਅਤੇ ਦਿਮਾਗ ਉੱਤੇ ਅਸਰ ਪੈਣ ਕਾਰਨ ਮੌਤ ਦਾ ਵੀ ਖ਼ਤਰਾ ਰਹਿੰਦਾ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਪਾਣੀ ਦੀ ਕਮੀ ਕਾਰਨ ਚਮੜੀ ਖੁਰਦਰੀ ਹੋ ਜਾਂਦੀ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਸਿਰਫ਼ ਪਾਣੀ ਘੱਟ ਪੀਣ ਕਾਰਨ ਹੀ ਪਾਣੀ ਦੀ ਕਮੀ ਨਹੀਂ ਹੁੰਦੀ ਸਗੋਂ ਇਹ ਦਸਤਾਂ ਕਾਰਨ ਵੀ ਹੋ ਸਕਦੀ ਹੈ। ਦਸਤਾਂ ਦੌਰਾਨ ਸਰੀਰ ਵਿੱਚ ਪਾਣੀ ਅਤੇ ਖਣਿਜਾਂ ਦਾ ਪੱਧਰ ਡਿੱਗ ਜਾਂਦਾ ਹੈ।
ਇਸ ਤੋਂ ਇਲਾਵਾ ਉਲਟੀਆਂ, ਪਸੀਨਾ, ਪਿਸ਼ਾਬ ਅਤੇ ਸਾਹ ਲੈਣ ਨਾਲ ਵੀ ਸਰੀਰ ਵਿੱਚ ਖਣਿਜਾਂ ਦੀ ਮਾਤਰਾ ਘਟਦੀ ਹੈ।
ਇਸ ਦੌਰਾਨ ਵਿਅਕਤੀ ਥਕਾਨ ਮਹਿਸੂਸ ਕਰਦਾ ਹੈ, ਉਸ ਨੂੰ ਲਗਦਾ ਹੈ ਉਹ ਬੇਹੋਸ਼ ਹੋ ਜਾਵੇਗਾ, ਅੱਖਾਂ ਧੱਸ ਜਾਂਦੀਆਂ ਹਨ ਅਤੇ ਉਸਦਾ ਪਾਣੀ ਪੀਣ ਨੂੰ ਜੀਅ ਨਹੀਂ ਕਰਦਾ ਹੈ।
ਸਿਹਤ ਸੰਗਠਨ ਮੁਤਾਬਕ ਇਹ ਪਾਣੀ ਦੀ ਗੰਭੀਰ ਕਮੀ ਕਾਰਨ ਪੈਦਾ ਹੁੰਦੀ ਹੈ।
‘ਤੁਸੀਂ ਸਿਰਫ਼ ਪਾਣੀ ਨਹੀਂ ਪੀ ਸਕਦੇ’

ਤਸਵੀਰ ਸਰੋਤ, Getty images
ਡਾ਼ ਰਵਾਤ ਕਨਿੰਦੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਹਨ। ਉਹ ਕਹਿੰਦੇ ਹਨ, “ਜੇ ਤੁਸੀਂ ਗਰਮੀਆਂ ਵਿੱਚ ਪਾਣੀ ਦੀ ਕਮੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਸਿਰਫ਼ ਪਾਣੀ ਨਹੀਂ ਪੀ ਸਕਦੇ। ਪਾਣੀ ਅਤੇ ਹੋਰ ਤਰਲ ਪੀਣੇ ਵੀ ਜ਼ਰੂਰੀ ਹਨ।”
ਉਹ ਅੱਗੇ ਕਹਿੰਦੇ ਹਨ, “ਮੌਜੂਦਾ ਗਰਮੀਆਂ ਵਿੱਚ ਖੂਬ ਸਾਰਾ ਪਾਣੀ ਪੀਣਾ ਮਹੱਤਵਪੂਰਨ ਹੈ। ਲੇਕਿਨ ਸਰੀਰ ਦੀ ਪਿਆਸ ਇਸ ਤਰ੍ਹਾਂ ਨਹੀਂ ਬੁੱਝਦੀ। ਸਰੀਰ ਵਿੱਚ ਪਾਣੀ ਦੀ ਕਮੀ ਤੋਂ ਬਚਣ ਲਈ ਤੁਹਾਨੂੰ ਹੋਰ ਤਰਲ ਅਹਾਰ ਜਿਵੇਂ- ਸਿਰਪ, ਫਲਾਂ ਦਾ ਜੂਸ, ਲੱਸੀ, ਗੰਨੇ ਦਾ ਜੂਸ ਹਲਕਾ ਨਮਕ ਮਿਲਾ ਕੇ ਪੀਣਾ ਚਾਹੀਦਾ ਹੈ। ਨਾਰੀਅਲ ਦਾ ਪਾਣੀ ਵੀ ਸਰੀਰ ਨੂੰ ਫਾਇਦਾ ਦਿੰਦਾ ਹੈ।” ਗਰਮੀਆਂ ਦੌਰਾਨ ਸਰੀਰ ਵਿੱਚ ਪਾਣੀ ਦੇ ਪੱਧਰ ਸਹੀ ਰੱਖਣਾ ਬਹੁਤ ਮਹੱਤਵਪੂਰਨ ਹੈ।”
ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਪਰ ਬਹੁਤ ਜ਼ਿਆਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ। ਇਸ ਲਈ ਪਾਣੀ ਸਿਰਫ਼ ਉਦੋਂ ਪੀਣਾ ਚਾਹੀਦਾ ਹੈ ਜਦੋਂ ਪਿਆਸ ਲੱਗੀ ਹੋਵੇ।
ਡਾ਼ ਅਵਿਨਾਸ਼ ਭੋਂਡਵੇ ਦੱਸਦੇ ਹਨ,“ਇਸ ਸਮੇਂ ਏਸੀ ਦੀ ਵਰਤੋਂ ਘਰਾਂ, ਦਫ਼ਤਰਾਂ ਸਾਰੇ ਕਿਤੇ ਹੀ ਵਧ ਗਈ ਹੈ। ਨਤੀਜੇ ਵਜੋਂ ਕੁਦਰਤੀ ਪਿਆਸ ਘੱਟ ਗਈ ਹੈ ਅਤੇ ਅਸੀਂ ਲੋੜ ਨਾਲੋਂ ਘੱਟ ਪਾਣੀ ਪੀਂਦੇ ਹਾਂ। ਅਜਿਹੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।”
ਸਿਹਤ ਮਾਹਿਰ ਇਹ ਵੀ ਕਹਿੰਦੇ ਹਨ ਕਿ ਪਿਆਸ ਲੱਗਣ ਉੱਤੇ ਇਕੱਠੇ ਦੋ ਤਿੰਨ ਗਲਾਸ ਪਾਣੀ ਪੀਣ ਤੋਂ ਵੀ ਬਚਣਾ ਚਾਹੀਦਾ ਹੈ। ਪਾਣੀ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਇੱਕੋ ਦਮ ਬਹੁਤ ਸਾਰਾ ਪੀਣੀ ਪੀਣ ਨਾਲ ਢਿੱਡ ਉੱਤੇ ਦਬਾਅ ਪੈਂਦਾ ਹੈ ਅਤੇ ਭੁੱਖ ਵੀ ਘਟ ਜਾਂਦੀ ਹੈ।
ਡਾ਼ ਰਵਾਤ ਕਨਿੰਦੇ ਗਰਮੀਆਂ ਲਈ ਖਾਸ ਖੁਰਾਕ ਵੀ ਦੱਸਦੇ ਹਨ—
ਗਰਮੀਆਂ ਵਿੱਚ ਬਾਹਰੋਂ ਤੇਲ ਵਾਲੀਆਂ ਚੀਜ਼ਾਂ ਖਾਣ ਤੋਂ ਬਚੋ। ਘਰੋਂ ਖਾ ਕੇ ਜਾਓ ਜਾਂ ਟਿਫ਼ਨ ਨਾਲ ਲੈ ਕੇ ਜਾਓ।
ਨਿੰਬੂ ਜਾਤੀ ਦੇ ਫਲ ਵਿਟਾਮਿਨ ਸੀ ਪੱਖੋਂ ਵਧੀਆ ਹਨ। ਇਸ ਤੋਂ ਇਲਾਵਾ ਤਰਬੂਜ਼, ਖਰਬੂਜਾ, ਸੰਤਰੇ, ਮੁਸੰਮੀ, ਅੰਗੂਰ, ਅੰਬ, ਅਨਾਰ, ਜਾਮਣਾਂ ਵੀ ਖੁਰਾਕ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
ਆਮਲੇ ਅਤੇ ਅੰਬ ਵਿੱਚ ਵੀ ਵਿਟਾਮਿਨ ਸੀ ਹੁੰਦਾ ਹੈ। ਉਸਤੋਂ ਇਲਾਵਾ ਸੋਡੀਅਮ, ਪੁਟਾਸ਼ੀਅਮ, ਮੈਗਨੀਸੀਅਮ ਵਰਗੇ ਤੱਤ ਵੀ ਪਾਏ ਜਾਂਦੇ ਹਨ।
ਬੱਚਿਆਂ ਵਿੱਚ ਪਾਣੀ ਦੀ ਕਮੀ?

ਤਸਵੀਰ ਸਰੋਤ, Getty Images
ਵਧਦੀ ਗਰਮੀ ਬੱਚਿਆਂ ਲਈ ਵੀ ਬਾਲਗਾਂ ਜਿੰਨੀ ਜਾਂ ਉਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਪੰਜਾਬ ਸਰਕਾਰ ਨੇ ਬੱਚਿਆਂ ਨੂੰ ਗਰਮੀਆਂ ਤੋਂ ਬਚਾਉਣ ਲਈ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਲੇਕਿਨ ਜੇ ਉਹ ਧੁੱਪ ਵਿੱਚ ਖੇਡਦੇ ਹਨ ਤਾਂ ਉਨ੍ਹਾਂ ਦੇ ਗਰਮੀ ਤੋਂ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਇੱਕ ਵਾਰ ਜਦੋਂ ਬੱਚੇ ਖੇਡਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਭੁੱਖ-ਪਿਆਸ ਦਾ ਕੋਈ ਖ਼ਿਆਲ ਨਹੀਂ ਰਹਿੰਦਾ। ਅਜਿਹੇ ਵਿੱਚ ਗਰਮੀ ਉਨ੍ਹਾਂ ਉੱਤੇ ਗੰਭੀਰ ਅਸਰ ਪਾ ਸਕਦੀ ਹੈ।
ਫਰੀਦਾਬਾਦ ਦੇ ਅੰਮ੍ਰਿਤਾ ਹਸਪਤਾਲ ਤੋਂ ਡਾ਼ ਕੇਕੇ ਸ਼ਰਮਾ ਮੁਤਾਬਕ ਇਸ ਲਈ ਮਾਪਿਆਂ ਨੂੰ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਛੋਟੇ ਬੱਚਿਆਂ ਵਿੱਚ ਪਾਣੀ ਦੀ ਕਮੀ ਰੋਕਣ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ—
ਮਾਪੇ ਧਿਆਨ ਦੇਣ ਕਿ ਉਨ੍ਹਾਂ ਦੇ ਬੱਚੇ ਲਗਾਤਾਰ ਪਾਣੀ ਪੀਂਦੇ ਰਹਿਣ। ਜਦੋਂ ਬੱਚੇ ਖੇਡਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਾਣੀ ਦੀ ਬੋਤਲ ਭਰ ਕੇ ਦਿਓ। ਧੁੱਪ ਵਿੱਚ ਤਾਂ ਬਾਹਰ ਖੇਡਣ ਭੇਜਣਾ ਹੀ ਨਹੀਂ ਚਾਹੀਦਾ।
ਉਨ੍ਹਾਂ ਦੀ ਖੁਰਕ ਵਿੱਚ ਪਾਣੀ ਵਾਲੀ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ, ਜਿਵੇਂ— ਤਰਬੂਜ਼, ਖੀਰੇ, ਸੰਤਰੇ, ਅਤੇ ਸਟਰਾਬੈਰੀ ਆਦਿ।
ਸਵੇਰੇ 10 ਵਜੋਂ ਤੋਂ ਸ਼ਾਮ 4 ਵਜੇ ਤੱਕ ਬੱਚਿਆਂ ਨੂੰ ਬਾਹਰ ਨਾ ਕੱਢੋ।
ਬੱਚਿਆਂ ਨੂੰ ਢਿੱਲੇ ਅਤੇ ਹਲਕੇ ਰੰਗਾਂ ਦੇ ਕੱਪਣੇ ਪਹਿਨਾਉਣੇ ਚਾਹੀਦੇ ਹਨ।
ਬੱਚਿਆਂ ਵਿੱਚ ਪਾਣੀ ਦਾ ਪੱਧਰ ਘਟਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਓਆਰਐੱਸ ਪੀਣ ਨੂੰ ਦੇਣਾ ਚਾਹੀਦਾ ਹੈ।
ਓਆਰਐੱਸ ਨੂੰ ਓਰਲ ਰੀਹਾਈਡਰੇਸ਼ਨ ਵੀ ਕਿਹਾ ਜਾਂਦਾ ਹੈ। ਇਸ ਵਿੱਚ ਸੋਡੀਅਮ ਕਲੋਰਾਈਡ, ਪੋਟਾਸ਼ੀਅਮ, ਸੋਡੀਅਮ ਸਿਟਰੇਟ ਅਤੇ ਗਲੂਕੋਜ਼ ਹੁੰਦਾ ਹੈ।
ਸਭ ਤੋਂ ਵਧੀਆ ਹੱਲ ਤਾਂ ਇਹ ਹੈ ਕਿ ਬੱਚਿਆਂ ਨੂੰ ਧੁੱਪ ਵਿੱਚ ਬਾਹਰ ਜਾਣ ਨਾ ਜਾਣ ਦਿਓ ਅਤੇ ਪਾਣੀ ਪੀਣ ਦਿਓ।
ਹਾਲਾਂਕਿ ਗਰਮੀ ਦਾ ਅਸਲੀ ਹੱਲ ਰੁੱਖ-ਬੂਟੇ ਹਨ, ਉਹ ਲਾਓ। ਜੇ ਨਹੀਂ ਲਗਾ ਸਕਦੇ ਤਾਂ ਜੋ ਲੱਗੇ ਹੋਏ ਹਨ ਉਨ੍ਹਾਂ ਨੂੰ ਸੰਭਾਲ ਕਰੋ।













