ਹੀਟਵੇਵ: ਮਨੁੱਖੀ ਸਰੀਰ ਆਖ਼ਰ ਕਿੰਨੀ ਗਰਮੀ ਸਹਿ ਸਕਦਾ ਹੈ, ਬਚਾਅ ਲਈ ਕੀ ਕੁਝ ਕੀਤਾ ਜਾ ਸਕਦਾ ਹੈ

ਹੀਟਵੇਵ

ਤਸਵੀਰ ਸਰੋਤ, Getty Images

    • ਲੇਖਕ, ਜੇਮਜ਼ ਗੈਲੇਹਰ ਦੁਆਰਾ
    • ਰੋਲ, ਪੇਸ਼ਕਾਰ, ਇਨਸਾਈਡ ਹੈਲਥ, ਬੀਬੀਸੀ ਰੇਡੀਓ 4

ਕਦੇ-ਕਦਾਈਂ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਦੁਨੀਆਂ 'ਚ ਅੱਗ ਵਰ੍ਹ ਰਹੀ ਹੋਵੇ।

ਯੂਰਪ ਦੇ ਇਟਲੀ ਵਿੱਚ ਸਾੜਣ ਵਾਲੀ ਗਰਮੀ ਪੈ ਰਹੀ ਹੈ ਤੇ ਇਸ ਹੀਟਵੇਵ ਨੂੰ ਨਾਮ ਦਿੱਤਾ ਗਿਆ ਹੈ - ਸੇਟੀਮਾਨਾ ਇਨਫਰਨੇਲ, ਇਸ ਦਾ ਮਤਲਬ ਹੈ "ਨਰਕ ਦਾ ਹਫ਼ਤਾ''।

ਚੀਨ ਅਤੇ ਅਮਰੀਕਾ ਵਿੱਚ 50 ਡਿਗਰੀ ਸੈਲਸੀਅਸ ਤੋਂ ਉੱਪਰ ਦਾ ਤਾਪਮਾਨ ਦਰਜ ਕੀਤਾ ਗਿਆ ਹੈ, ਜਿੱਥੇ ਹਸਪਤਾਲ ਦੇ ਮਰੀਜ਼ਾਂ ਨੂੰ ਠੰਡਾ ਕਰਨ ਲਈ ਬਰਫ਼ ਨਾਲ ਭਰੀਆਂ ਥੈਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਯੂਕੇ ਵਿੱਚ ਇਸ ਸਾਲ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ ਹੈ।

2022 ਵਿੱਚ, ਯੂਕੇ ਵਿੱਚ ਪਹਿਲੀ ਵਾਰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ। ਲੰਘੇ ਸਾਲ ਯੂਰਪ 'ਚ ਅਜਿਹੀ ਭੈੜੀ ਗਰਮੀ ਪਈ ਸੀ ਕਿ 60 ਹਜ਼ਾਰ ਲੋਕਾਂ ਨੇ ਇਸ ਕਾਰਨ ਆਪਣੀ ਜਾਨ ਗੁਆਈ ਸੀ।

ਇਸ ਲਈ ਸੰਯੁਕਤ ਰਾਸ਼ਟਰ ਦੀ ਇਹ ਚੇਤਾਵਨੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਹੁਣ ਅਸੀਂ "ਗਲੋਬਲ ਉਬਾਲ" ਵਾਲੇ ਯੁੱਗ ਵਿੱਚ ਜੀ ਰਹੇ ਹਾਂ।

ਹੀਟਵੇਵ

ਤਸਵੀਰ ਸਰੋਤ, Getty Images

ਮੇਟ ਆਫਿਸ ਤੋਂ ਪ੍ਰੋਫੈਸਰ ਲਿਜ਼ੀ ਕੇਂਡਨ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਹੁਣ ਸਾਡੇ ਲਈ ਇਹ ਅਹਿਸਾਸ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਸਿਰਫ਼ ਅਜਿਹੀ ਚੀਜ਼ ਨਹੀਂ ਰਹੀ ਜੋ ਸਾਡੇ ਤੋਂ ਦੂਰ ਹੈ ਜਾਂ ਭਵਿੱਖ ਵਿੱਚ ਹੋਣ ਵਾਲੀ ਹੈ। ਸਗੋਂ ਅਸੀਂ ਇਸ ਨੂੰ ਹੁਣ ਹੀ ਦੇਖ ਰਹੇ ਹਾਂ।''

ਆਖ਼ਰ ਇਸ ਬਦਲਦੇ ਮੌਸਮ ਦੇ ਸਾਡੇ ਸਰੀਰਾਂ ਅਤੇ ਸਾਡੀ ਸਿਹਤ 'ਤੇ ਕੀ ਪ੍ਰਭਾਵ ਪੈਣਗੇ ਜਾਂ ਇਸ ਦੇ ਮਾਅਨੇ ਹਨ?

ਮੈਨੂੰ ਗਰਮੀ ਦੇ ਇੱਕ ਪ੍ਰਯੋਗ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।

ਸਾਊਥ ਵੇਲਜ਼ ਯੂਨੀਵਰਸਿਟੀ ਤੋਂ ਪ੍ਰੋਫੈਸਰ ਡੈਮੀਅਨ ਬੇਲੀ ਮੈਨੂੰ ਪੂਰੀ ਤਰ੍ਹਾਂ ਹੀਟਵੇਵ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹਨ।

ਇਸ ਲਈ ਅਸੀਂ ਥਰਮੋਸਟੈਟ ਨੂੰ 21 ਡਿਗਰੀ ਸੈਲਸੀਅਸ ਤੋਂ ਸ਼ੁਰੂ ਕਰਕੇ 35 ਡਿਗਰੀ ਸੈਲਸੀਅਸ ਤੱਕ ਲੈ ਕੇ ਜਾਵਾਂਗੇ ਅਤੇ ਫਿਰ ਅੰਤ ਵਿੱਚ 40.3 ਡਿਗਰੀ ਸੈਲਸੀਅਸ ਤੱਕ ਪਹੁੰਚਾਂਗੇ, ਜੋ ਕਿ ਯੂਕੇ ਦੇ ਸਭ ਤੋਂ ਗਰਮ ਦਿਨ ਦੇ ਬਰਾਬਰ ਦਾ ਤਾਪਮਾਨ ਹੈ।

'ਜਿਵੇਂ ਮੈਂ ਆਪਣੇ ਤੰਦੂਰ ਵਿੱਚੋਂ ਬਾਹਰ ਦੇਖ ਰਿਹਾ ਹਾਂ'

ਜੇਮਜ਼ ਗੈਲੇਹਰ
ਤਸਵੀਰ ਕੈਪਸ਼ਨ, ਜੇਮਜ਼ ਗੈਲੇਹਰ

ਪ੍ਰੋਫੈਸਰ ਬੇਲੀ ਨੇ ਮੈਨੂੰ ਚੇਤਾਵਨੀ ਦਿੱਤੀ ਹੈ ਕਿ "ਤੁਹਾਨੂੰ ਪਸੀਨਾ ਆਵੇਗਾ ਅਤੇ ਤੁਹਾਡੇ ਸਰੀਰ ਦਾ ਵਿਵਹਾਰ ਕਾਫ਼ੀ ਬਦਲ ਜਾਵੇਗਾ।''

ਪ੍ਰੋਫੈਸਰ ਬੇਲੀ ਮੈਨੂੰ ਆਪਣੇ ਵਾਤਾਵਰਨ ਚੈਂਬਰ ਵਿੱਚ ਲੈ ਕੇ ਗਏ। ਇਹ ਵਿਗਿਆਨਕ ਉਪਕਰਨਾਂ ਦਾ ਹਿੱਸਾ ਹੈ, ਜੋ ਇੱਕ ਕਮਰੇ ਦੇ ਆਕਾਰ ਦਾ ਹੈ ਅਤੇ ਇਸ ਦੇ ਅੰਦਰ ਤਾਪਮਾਨ, ਨਮੀ ਤੇ ਆਕਸੀਜਨ ਦੇ ਪੱਧਰ ਨੂੰ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ।

ਮੈਂ ਇੱਥੇ ਪਹਿਲਾਂ ਵੀ ਇੱਕ ਵਾਰ ਆਇਆ ਹਾਂ, ਉਸ ਵੇਲੇ ਠੰਡ ਦੇ ਪ੍ਰਭਾਵ ਦੇਖੇ ਗਏ ਸਨ।

ਪਰ ਚਮਕਦਾਰ ਸਟੀਲ ਦੀਆਂ ਕੰਧਾਂ, ਭਾਰੀ ਦਰਵਾਜ਼ੇ ਅਤੇ ਛੋਟੇ ਪੋਰਟਹੋਲ, ਇੰਝ ਲੱਗਦਾ ਹੈ ਜਿਵੇਂ ਮੈਂ ਆਪਣੇ ਤੰਦੂਰ ਵਿੱਚੋਂ ਬਾਹਰ ਦੇਖ ਰਿਹਾ ਹਾਂ।

ਸ਼ੁਰੂ ਵਿੱਚ ਤਾਪਮਾਨ ਬਿਲਕੁਲ ਸੁਹਾਵਣਾ 21 ਡਿਗਰੀ ਸੈਲਸੀਅਸ ਹੈ ਅਤੇ ਫਿਰ ਪ੍ਰੋਫੈਸਰ ਬੇਲੀ "ਸਭ ਕੁਝ ਪੂਰੀ ਤਰ੍ਹਾਂ ਨਾਲ ਬੰਦ" ਕਰਨ ਦਾ ਪਹਿਲਾ ਨਿਰਦੇਸ਼ ਦਿੰਦੇ ਹਨ।

ਮੈਨੂੰ ਭਰੋਸਾ ਹੈ ਕਿ ਅਸੀਂ ਇਹ ਪਤਾ ਲਗਾਉਣ ਜਾ ਰਹੇ ਹਾਂ ਕਿ ਮੈਨੂੰ ਕਿੰਨਾ ਪਸੀਨਾ ਆਉਂਦਾ ਹੈ, ਮੇਰਾ ਭਾਰ ਕਿਵੇਂ ਬਦਲਦਾ ਹੈ ਅਤੇ ਅਸੀਂ ਇਸ ਸਭ ਨਾਲ ਕਿਵੇਂ ਨਜਿੱਠਣਾ ਹੈ।

ਇਸ ਤੋਂ ਬਾਅਦ, ਮੈਂ ਮੇਰੀ ਚਮੜੀ ਅਤੇ ਮੇਰੇ ਅੰਦਰੂਨੀ ਅੰਗਾਂ, ਮੇਰੇ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਦੇ ਤਾਪਮਾਨ ਨੂੰ ਟਰੈਕ ਕਰਨ ਲਈ ਮੈਨੂੰ ਕੁਝ ਯੰਤਰਾਂ ਨਾਲ ਜੋੜਿਆ ਗਿਆ ਹੈ।

ਇੱਕ ਵਿਸ਼ਾਲ ਮਾਊਥਪੀਸ ਉਸ ਹਵਾ ਦਾ ਵਿਸ਼ਲੇਸ਼ਣ ਕਰਦਾ ਹੈ ਜੋ ਮੈਂ ਸਾਹ ਰਾਹੀਂ ਛੱਡਦਾ ਹਾਂ ਅਤੇ ਇੱਕ ਅਲਟਰਾਸਾਊਂਡ ਮੇਰੀ ਗਰਦਨ ਵਿੱਚ ਕੈਰੋਟਿਡ ਧਮਨੀਆਂ ਰਾਹੀਂ ਮੇਰੇ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਦੀ ਜਾਂਚ ਕਰਦਾ ਹੈ।

ਪ੍ਰੋਫੈਸਰ ਬੇਲੀ ਨੇ ਮੈਨੂੰ ਦੱਸਿਆ, "ਬਲੱਡ ਪ੍ਰੈਸ਼ਰ ਠੀਕ ਹੈ, ਦਿਲ ਵੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ, ਇਸ ਸਮੇਂ ਸਾਰੇ ਸਰੀਰਕ ਸਿਗਨਲ ਮੈਨੂੰ ਦੱਸ ਰਹੇ ਹਨ ਕਿ ਤੁਸੀਂ ਚੰਗੀ ਸਥਿਤੀ ਵਿੱਚ ਹੋ।''

ਇਸ ਦਿਮਾਗ ਦਾ ਇੱਕ ਟੈਸਟ ਵੀ ਕੀਤਾ, ਜਿਸ ਵਿੱਚ 30 ਸ਼ਬਦਾਂ ਦੀ ਸੂਚੀ ਨੂੰ ਯਾਦ ਕਰਨਾ ਹੈ ਅਤੇ ਇਸ ਮਗਰੋਂ ਪੱਖੇ ਚੱਲਣੇ ਸ਼ੁਰੂ ਹੋ ਗਏ ਤੇ ਤਾਪਮਾਨ ਵੀ ਵਧਣਾ ਸ਼ੁਰੂ ਹੋ ਰਿਹਾ ਹੈ।

ਲਾਈਨ

'ਇਹ ਘਾਤਕ ਹੈ'

ਜੇਮਜ਼ ਗੈਲੇਘਰ
ਤਸਵੀਰ ਕੈਪਸ਼ਨ, ਜੇਮਜ਼ ਗੈਲੇਘਰ

ਮੇਰੇ ਸਰੀਰ ਦਾ ਇੱਕ ਸਧਾਰਨ ਟੀਚਾ ਹੈ - ਮੇਰੇ ਦਿਲ, ਫੇਫੜਿਆਂ, ਜਿਗਰ ਅਤੇ ਹੋਰ ਅੰਗਾਂ ਦੇ ਆਲੇ ਦੁਆਲੇ ਦੇ ਮੁੱਖ ਤਾਪਮਾਨ ਨੂੰ ਲਗਭਗ 37 ਡਿਗਰੀ ਸੈਲਸੀਅਸ 'ਤੇ ਰੱਖਣਾ।

ਪ੍ਰੋਫੈਸਰ ਬੇਲੀ ਕਹਿੰਦੇ ਹਨ, "ਦਿਮਾਗ ਵਿੱਚ ਥਰਮੋਸਟੈਟ, ਜਾਂ ਹਾਈਪੋਥੈਲਮਸ, ਲਗਾਤਾਰ ਤਾਪਮਾਨ ਨੂੰ ਜਾਂਚ ਰਿਹਾ ਹੈ, ਫਿਰ ਇਹ ਇਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨ ਲਈ ਇਹ ਸਾਰੇ ਸੰਕੇਤ ਭੇਜਦਾ ਹੈ।''

ਅਸੀਂ ਕੁਝ ਹੋਰ ਮਾਪ ਲੈਣ ਲਈ 35 ਡਿਗਰੀ ਸੈਲਸੀਅਸ 'ਤੇ ਇੱਕ ਵਿਰਾਮ ਲੈਂਦੇ ਹਾਂ। ਇੱਥੇ ਹੁਣ ਗਰਮੀ ਹੈ। ਹਾਲਾਂਕਿ ਇਹ ਅਸੁਵਿਧਾਜਨਕ ਨਹੀਂ ਹੈ, ਮੈਂ ਸਿਰਫ਼ ਕੁਰਸੀ 'ਤੇ ਆਰਾਮ ਕਰ ਰਿਹਾ ਹਾਂ, ਪਰ ਮੈਂ ਇਸ ਹਾਲਤ ਵਿੱਚ ਕੰਮ ਜਾਂ ਕਸਰਤ ਨਹੀਂ ਕਰਨਾ ਚਾਹਾਂਗਾ।

ਮੇਰੇ ਸਰੀਰ ਵਿੱਚ ਕੁਝ ਬਦਲਾਅ ਪਹਿਲਾਂ ਹੀ ਸਪੱਸ਼ਟ ਹਨ। ਮੈਂ ਪਹਿਲਾਂ ਨਾਲੋਂ ਜ਼ਿਆਦਾ ਲਾਲ ਦਿਖਾਈ ਦੇ ਰਿਹਾ ਹਾਂ। ਡੈਮੀਅਨ ਦਾ ਵੀ ਇਹੀ ਹਾਲ ਹੈ, ਉਹ ਵੀ ਮੇਰੇ ਨਾਲ ਇੱਥੇ ਫਸਿਆ ਹੋਇਆ ਹੈ।

ਮੈਂ ਲਾਲ ਇਸ ਲਈ ਨਜ਼ਰ ਆ ਰਿਹਾ ਹਾਂ ਕਿਉਂਕਿ ਮੇਰੀ ਚਮੜੀ ਦੀ ਸਤਿਹ ਦੇ ਨੇੜੇ ਖੂਨ ਦੀਆਂ ਧਮਣੀਆਂ ਫੈਲ ਰਹੀਆਂ ਹਨ ਤਾਂ ਜੋ ਮੇਰੇ ਉਹ ਗਰਮ ਲਹੂ ਵਿੱਚੋਂ ਗਰਮੀ ਨੂੰ ਹਵਾ ਵਿੱਚ ਛੱਡ ਸਕਣ।

ਨਾਲ ਹੀ ਮੈਨੂੰ ਪਸੀਨਾ ਵੀ ਆ ਰਿਹਾ ਹੈ - ਇਹ ਟਪਕ ਤਾਂ ਨਹੀਂ ਰਿਹਾ ਪਰ ਸਰੀਰ 'ਤੇ ਚੰਗੀ ਤਰ੍ਹਾਂ ਚਮਕ ਰਿਹਾ ਹੈ। ਜਿਵੇਂ ਹੀ ਇਸ ਪਸੀਨੇ ਦਾ ਵਾਸ਼ਪੀਕਰਨ ਹੁੰਦਾ ਹੈ, ਇਹ ਮੈਨੂੰ ਠੰਡਾ ਕਰਦਾ ਹੈ।

ਫਿਰ ਅਸੀਂ 40.3 ਡਿਗਰੀ ਸੈਲਸੀਅਸ ਤੱਕ ਪਹੁੰਚਦੇ ਹਾਂ ਅਤੇ ਹੁਣ ਮੈਨੂੰ ਲੱਗ ਰਿਹਾ ਹੈ ਜਿਵੇਂ ਗਰਮੀ ਦੇ ਥਪੇੜੇ ਪੈ ਰਹੇ ਹੋਣ।

ਪ੍ਰੋਫੈਸਰ ਬੇਲੀ ਕਹਿੰਦੇ ਹਨ, "ਇਹ ਮਹਿਜ਼ ਕਹਿਣ ਨੂੰ ਨਹੀਂ ਹੈ, ਸਗੋਂ ਇਹ ਘਾਤਕ ਹੈ। ਪੰਜ ਡਿਗਰੀ ਸੈਲਸੀਅਸ [ਹੋਰ] ਸੁਣਨ 'ਚ ਜ਼ਿਆਦਾ ਨਹੀਂ ਲੱਗਦਾ, ਪਰ ਅਸਲ ਵਿੱਚ ਸਰੀਰਕ ਤੌਰ 'ਤੇ ਇਹ ਬਹੁਤ ਜ਼ਿਆਦਾ ਚੁਣੌਤੀ ਭਰਿਆ ਹੈ।''

ਮੈਂ ਖੁਸ਼ ਹਾਂ ਕਿ ਅਸੀਂ ਇਸ ਤੋਂ ਜ਼ਿਆਦਾ ਤਾਪਮਾਨ ਨਹੀਂ ਵਧ ਰਹੇ। ਜਦੋਂ ਮੈਂ ਆਪਣੇ ਮੱਥੇ ਨੂੰ ਆਪਣੇ ਹੱਥ ਨਾਲ ਪੂੰਝਿਆ, ਤਾਂ ਇਸ ਵਿੱਚ ਸੋਜਸ਼ ਹੈ। ਹੁਣ ਟੈਸਟਾਂ ਨੂੰ ਦੁਹਰਾਉਣ ਦਾ ਸਮਾਂ ਹੈ।

ਮਹਿਜ਼ ਇੱਕ ਘੰਟੇ 'ਚ ਕੀ ਹੋਇਆ

ਪ੍ਰੋਫੈਸਰ ਬੇਲੀ
ਤਸਵੀਰ ਕੈਪਸ਼ਨ, ਪ੍ਰੋਫੈਸਰ ਬੇਲੀ

ਜਦੋਂ ਮੈਂ ਆਪਣੇ ਪਸੀਨੇ ਨਾਲ ਭਰੇ ਕੱਪੜੇ ਫਰਸ਼ 'ਤੇ ਸੁੱਟੇ, ਤੌਲੀਆ ਉਤਾਰਿਆ ਅਤੇ ਸਕੇਲ (ਭਾਰ ਤੋਲਣ ਵਾਲੀ ਮਸ਼ੀਨ) 'ਤੇ ਵਾਪਸ ਚੜ੍ਹਿਆ ਤਾਂ ਮੈਂ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਇਸ ਪ੍ਰਯੋਗ ਦੇ ਦੌਰਾਨ ਮੈਂ ਆਪਣੇ ਸਰੀਰ 'ਚੋਂ ਇੱਕ ਲੀਟਰ ਦਾ ਇੱਕ ਤਿਹਾਈ ਤੋਂ ਵੱਧ ਪਾਣੀ ਗੁਆ ਦਿੱਤਾ ਹੈ।

ਮੇਰੇ ਦਿਲ ਦੀ ਧੜਕਣ ਕਾਫ਼ੀ ਵਧ ਗਈ ਹੈ ਅਤੇ 21 ਡਿਗਰੀ ਸੈਲਸੀਅਸ ਦੀ ਬਜਾਏ 40 ਡਿਗਰੀ ਸੈਲਸੀਅਸ 'ਤੇ ਇਹ ਮੇਰੇ ਸਰੀਰ 'ਚ ਪ੍ਰਤੀ ਮਿੰਟ ਇੱਕ ਲੀਟਰ ਖੂਨ ਜ਼ਿਆਦਾ ਪੰਪ ਕਰ ਰਿਹਾ ਹੈ।

ਦਿਲ 'ਤੇ ਪੈਣ ਵਾਲਾ ਇਹੀ ਵਾਧੂ ਦਬਾਅ ਹੈ, ਜੋ ਤਾਪਮਾਨ ਵਧਣ 'ਤੇ ਦਿਲ ਦੇ ਦੌਰੇ ਅਤੇ ਸਟ੍ਰੋਕ ਨਾਲ ਹੋਣ ਵਾਲੀਆਂ ਮੌਤਾਂ ਦਾ ਕਾਰਨ ਬਣਦਾ ਹੈ।

ਅਤੇ ਜਿਵੇਂ-ਜਿਵੇਂ ਖੂਨ ਮੇਰੀ ਚਮੜੀ ਵੱਲ ਜਾਂਦਾ ਹੈ, ਮੇਰਾ ਦਿਮਾਗ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਖੂਨ ਦਾ ਵਹਾਅ ਘਟ ਜਾਂਦਾ ਹੈ ਅਤੇ ਮੇਰੀ ਸ਼ਾਰਟ ਟਰਮ ਮੈਮੋਰੀ (ਘੱਟ ਸਮੇਂ ਦੀ) ਯਾਦਦਾਸ਼ਤ ਵੀ ਘਟ ਜਾਂਦੀ ਹੈ।

ਪਰ ਮੇਰੇ ਸਰੀਰ ਦਾ ਮੁੱਖ ਟੀਚਾ - ਮੇਰੇ ਮੁਖ ਤਾਪਮਾਨ ਨੂੰ ਲਗਭਗ 37 ਡਿਗਰੀ ਸੈਲਸੀਅਸ 'ਤੇ ਰੱਖਣਾ ਕਾਮਯਾਬ ਰਿਹਾ।

ਪ੍ਰੋਫੈਸਰ ਬੇਲੀ ਕਹਿੰਦੇ ਹਨ, "ਤੁਹਾਡਾ ਸਰੀਰ ਮੁੱਖ ਤਾਪਮਾਨ ਨੂੰ ਬਣਾਏ ਦੀ ਕੋਸ਼ਿਸ਼ ਵਿੱਚ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ, ਪਰ ਬੇਸ਼ੱਕ ਅੰਕੜੇ ਇਹ ਸੰਕੇਤ ਦੇ ਰਹੇ ਹਨ ਕਿ ਤੁਸੀਂ 40 ਡਿਗਰੀ ਸੈਲਸੀਅਸ 'ਤੇ ਉਸੇ ਤਰ੍ਹਾਂਦੇ ਮਨੁੱਖ ਨਹੀਂ ਸੀ ਜੋ ਤੁਸੀਂ 21 ਡਿਗਰੀ ਸੈਲਸੀਅਸ 'ਤੇ ਸੀ, ਉਹ ਵੀ ਮਹਿਜ਼ ਇੱਕ ਘੰਟੇ ਵਿੱਚ।''

ਨਮੀ ਜਾਂ ਹੁੰਮਸ ਕਿੰਨੀ ਖ਼ਤਰਨਾਕ

ਹੀਟਵੇਵ

ਤਸਵੀਰ ਸਰੋਤ, Getty Images

ਮੇਰੇ ਪ੍ਰਯੋਗ ਵਿੱਚ ਸਿਰਫ ਤਾਪਮਾਨ ਬਦਲਿਆ ਗਿਆ ਸੀ, ਪਰ ਵਿਚਾਰ ਕਰਨ ਲਈ ਇੱਕ ਹੋਰ ਮਹੱਤਵਪੂਰਣ ਕਾਰਕ ਹਵਾ ਵਿੱਚ ਪਾਣੀ ਦੀ ਭਾਫ਼ ਦੀ ਮਾਤਰਾ ਹੈ - ਭਾਵ ਨਮੀ ਦੀ ਮਾਤਰਾ।

ਜੇਕਰ ਤੁਸੀਂ ਕਿਸੇ ਹੁੰਮਸ ਭਰੀ ਰਾਤ ਨੂੰ ਬੇਚੈਨ ਹੁੰਦੇ ਹੋ ਤਾਂ ਤੁਸੀਂ ਇਸ ਦੇ ਲਈ ਨਮੀ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹੋ ਕਿਉਂਕਿ ਇਹ ਸਾਡੇ ਸਰੀਰ ਨੂੰ ਠੰਢਾ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦੀ ਹੈ।

ਸਿਰਫ਼ ਪਸੀਨਾ ਆਉਣਾ ਹੀ ਕਾਫੀ ਨਹੀਂ ਹੈ, ਇਸ ਦਾ ਭਾਫ਼ ਬਣ ਕੇ ਹਵਾ ਵਿੱਚ ਘੁਲਣਾ ਵੀ ਓਨਾ ਹੀ ਜ਼ਰੂਰੀ ਹੈ ਕਿਉਂਕਿ ਇਹੀ ਸਾਨੂੰ ਠੰਡਕ ਪ੍ਰਦਾਨ ਕਰਦਾ ਹੈ।

ਪਰ ਜਦੋਂ ਹਵਾ ਵਿੱਚ ਪਹਿਲਾਂ ਹੀ ਪਾਣੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਤਾਂ ਪਸੀਨੇ ਦਾ ਭਾਫ਼ ਬਣਨਾ ਔਖਾ ਹੋ ਜਾਂਦਾ ਹੈ।

ਡੈਮਿਅਨ ਨੇ ਕਮਰੇ ਵਿੱਚ ਨਮੀ ਨੂੰ 50 ਫੀਸਦੀ 'ਤੇ ਸਥਿਰ ਰੱਖਿਆ ਸੀ (ਜੋ ਕਿ ਯੂਕੇ ਲਈ ਅਸਧਾਰਨ ਨਹੀਂ ਹੈ)।

ਹੀਟਵੇਵ

ਪਰ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਇੱਕ ਟੀਮ ਨੇ ਤਾਪਮਾਨ ਅਤੇ ਨਮੀ ਦੇ ਵੱਖ-ਵੱਖ ਸੰਜੋਗਾਂ ਵਿੱਚ ਸਿਹਤਮੰਦ ਨੌਜਵਾਨਾਂ ਦੇ ਝੁੰਡ ਦਾ ਅਧਿਐਨ ਕੀਤਾ।

ਉਹ ਉਸ ਪਲ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਸਰੀਰ ਦਾ ਮੁੱਖ ਤਾਪਮਾਨ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ।

ਖੋਜਕਰਤਾ ਰੇਚਲ ਕੌਟਲ ਕਹਿੰਦੇ ਹਨ, "ਉਦੋਂ ਇਹ ਖ਼ਤਰਨਾਕ ਬਣ ਜਾਂਦਾ ਹੈ। ਸਾਡਾ ਮੁੱਖ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਨਾਲ ਸਾਡੇ ਸੰਗ ਕੰਮ ਕਰਨਾ ਬੰਦ ਕਰ ਸਕਦੇ ਹਨ।"

ਅਤੇ ਇਹ ਖ਼ਤਰਾ ਘੱਟ ਤਾਪਮਾਨ ਵਿੱਚ ਵੀ ਉਸ ਵੇਲੇ ਪੈਦਾ ਹੋ ਜਾਂਦਾ ਹੈ ਜਦੋਂ ਨਮੀ ਜ਼ਿਆਦਾ ਹੁੰਦੀ ਹੈ।

ਇਹ ਹੁਣ ਭੱਵਿਖ ਦੀ ਨਹੀਂ ਵਰਤਮਾਨ ਦੀ ਸਮੱਸਿਆ ਹੈ

ਹੀਟਵੇਵ

ਤਸਵੀਰ ਸਰੋਤ, Getty Images

ਕੌਟਲ ਕਹਿੰਦੇ ਹਨ ਕਿ ਚਿੰਤਾ ਦੀ ਗੱਲ ਇਹ ਹੈ ਕਿ ਗਰਮੀ ਦੀਆਂ ਲਹਿਰਾਂ ਨਾ ਸਿਰਫ਼ ਜ਼ਿਆਦਾ ਵਾਰ-ਵਾਰ, ਲੰਮੀ ਮਿਆਦ ਵਾਲੀਆਂ ਅਤੇ ਵਧੇਰੇ ਗੰਭੀਰ ਹੁੰਦੀਆਂ ਜਾ ਰਹੀਆਂ ਹਨ, ਬਲਕਿ ਇਹ ਵਧੇਰੇ ਨਮੀ ਤੇ ਹੁੰਮਸ ਵਾਲੀਆਂ ਵੀ ਹੁੰਦੀਆਂ ਜਾ ਰਹੀਆਂ ਹਨ।

ਉਹ ਦੱਸਦੇ ਹਨ ਕਿ ਪਿਛਲੇ ਸਾਲ, ਭਾਰਤ ਅਤੇ ਪਾਕਿਸਤਾਨ ਨੇ ਬਹੁਤ ਜ਼ਿਆਦਾ ਗਰਮੀ ਦੀ ਮਾਰ ਝੱਲੀ ਸੀ, ਜਦੋਂ ਤਾਪਮਾਨ ਵੀ ਜ਼ਿਆਦਾ ਸੀ ਅਤੇ ਹੁੰਮਸ ਵੀ ਬਹੁਤ ਸੀ।

ਉਹ ਕਹਿੰਦੇ ਹਨ, "ਯਕੀਨੀ ਤੌਰ 'ਤੇ ਇਹ 'ਹੁਣ ਦੀ' ਸਮੱਸਿਆ ਹੈ, ਭਵਿੱਖ ਦੀ ਨਹੀਂ।

ਮਨੁੱਖੀ ਸਰੀਰ ਲਗਭਗ 37 ਡਿਗਰੀ ਸੈਲਸੀਅਸ ਦੇ ਮੁੱਖ ਸਰੀਰਕ ਤਾਪਮਾਨ 'ਤੇ ਕੰਮ ਕਰਨ ਲਈ ਬਣਿਆ ਹੈ। ਜਿਵੇਂ ਹੀ ਸਾਡੇ ਸਰੀਰ ਦਾ ਮੁੱਖ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ, ਸਾਨੂੰ ਚੱਕਰ ਆਉਣ ਦੀ ਸੰਭਾਵਨਾ ਤੇ ਬੇਹੋਸ਼ੀ ਦੀ ਸੰਭਾਵਨਾ ਵਧ ਜਾਂਦੀ ਹੈ।

ਉੱਚ ਮੁੱਖ ਤਾਪਮਾਨ ਸਾਡੇ ਸਰੀਰ ਦੇ ਟਿਸ਼ੂਆਂ, ਜਿਵੇਂ ਕਿ ਦਿਲ ਦੀਆਂ ਮਾਸਪੇਸ਼ੀਆਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਆਖਰਕਾਰ ਇਹ ਜਾਨਲੇਵਾ ਬਣ ਜਾਂਦਾ ਹੈ।

ਹੀਟਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ

ਹੀਟਵੇਵ

ਤਸਵੀਰ ਸਰੋਤ, Getty Images

ਪ੍ਰੋਫੈਸਰ ਬੇਲੀ ਕਹਿੰਦੇ ਹਨ, "ਇੱਕ ਵਾਰ ਜਦੋਂ ਕੋਰ (ਮੁੱਖ) ਤਾਪਮਾਨ ਲਗਭਗ 41-42 ਡਿਗਰੀ ਸੈਲਸੀਅਸ ਤੱਕ ਵਧ ਜਾਂਦਾ ਹੈ ਤਾਂ ਸਾਨੂੰ ਵਾਕਈ ਗੰਭੀਰ ਦਿੱਕਤਾਂ ਹੋਣ ਲੱਗਦੀਆਂ ਹਨ ਅਤੇ ਜੇਕਰ ਸਮੇਂ ਸਰ ਇਲਾਜ ਨਾ ਕੀਤਾ ਜਾਵੇ ਤਾਂ ਵਿਅਕਤੀ ਅਸਲ ਵਿੱਚ ਹਾਈਪਰਥਰਮੀਆ ਦਾ ਸ਼ਿਕਾਰ ਹੋ ਕੇ ਮਰ ਸਕਦਾ ਹੈ।''

ਗਰਮੀ ਨਾਲ ਪੈਣ ਵਾਲਾ ਦੌਰਾ ਜਾਂ ਹੀਟਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ।

ਲੋਕਾਂ ਦੀ ਗਰਮੀ ਨਾਲ ਨਜਿੱਠਣ ਦੀ ਸਮਰੱਥਾ ਵੱਖੋ-ਵੱਖਰੀ ਹੁੰਦੀ ਹੈ, ਪਰ ਉਮਰ ਅਤੇ ਮਾੜੀ ਸਿਹਤ ਇਸ ਸਥਿਤੀ ਨੂੰ ਹੋਰ ਭੈੜਾ ਬਣਾ ਸਕਦੀ ਹੈ ਅਤੇ ਉਸੀ ਤਾਪਮਾਨ ਜੋ ਕਿਸੇ ਵੇਲੇ ਅਸੀਂ ਛੁੱਟੀਆਂ 'ਚ ਮਾਣਿਆ ਹੋਵੇਗਾ, ਉਹ ਜੀਵਨ ਦੇ ਇੱਕ ਵੱਖਰੇ ਪੜਾਅ 'ਤੇ ਬਹੁਤ ਖਤਰਨਾਕ ਹੋ ਸਕਦਾ ਹੈ।

ਹੀਟਵੇਵ

ਪ੍ਰੌਫੈਸਰ ਬੈਲੀ ਨੇ ਕਿਹਾ, "ਤੁਸੀਂ ਅੱਜ ਲੈਬ ਤੋਂ ਜਾਂਦੇ ਹੋਏ ਆਪਣੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਜਾ ਰਹੇ ਹੋ ਤੇ ਇਹ ਸਾਰੇ ਅੰਕੜੇ ਮੈਨੂੰ ਦੱਸ ਰਹੇ ਹਨ ਕਿ ਤੁਸੀਂ ਚੁਣੌਤੀ ਦਾ ਸਾਹਮਣਾ ਕਰ ਲਿਆ ਹੈ ਅਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ।''

ਪਰ ਬੁਢਾਪਾ, ਦਿਲ ਦੀ ਬਿਮਾਰੀ, ਫੇਫੜਿਆਂ ਦੀ ਬਿਮਾਰੀ, ਦਿਮਾਗੀ ਕਮਜ਼ੋਰੀ ਅਤੇ ਕੁਝ ਦਵਾਈਆਂ ਦਾ ਮਤਲਬ ਹੈ ਕਿ ਸਰੀਰ ਪਹਿਲਾਂ ਹੀ ਸਭ ਕੁਝ ਸਹੀ ਰੱਖਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਗਰਮੀ ਨੂੰ ਝੱਲਣ ਦੇ ਮਾਮਲੇ 'ਚ ਕਮਜ਼ੋਰ ਪੈ ਰਿਹਾ ਹੈ।

ਪ੍ਰੋਫੈਸਰ ਬੇਲੀ ਮੁਤਾਬਕ, "ਹਰ ਰੋਜ਼ ਇਹ ਉਨ੍ਹਾਂ ਲਈ ਇੱਕ ਸਰੀਰਕ ਚੁਣੌਤੀ ਹੈ ਤੇ ਹੁਣ ਜਦੋਂ ਤੁਸੀਂ ਵਧੇਰੇ ਗਰਮੀ ਅਤੇ ਨਮੀ ਵਿੱਚ ਹੋ, ਤਾਂ ਕਈ ਵਾਰ ਉਹ ਇਸ ਚੁਣੌਤੀ ਦਾ ਸਾਹਮਣਾ ਨਹੀਂ ਕਰ ਪਾਉਂਦੇ।''

ਇਸ ਨਾਲ ਨਜਿੱਠਣਾ ਕਿਵੇਂ ਹੈ?

ਹੀਟਵੇਵ

ਤਸਵੀਰ ਸਰੋਤ, Getty Images

ਗਰਮੀ ਨਾਲ ਨਜਿੱਠਣ ਲਈ ਬਹੁਤ ਸਾਰੇ ਸੁਝਾਅ ਸਾਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਹਨ, ਜਿਵੇਂ - ਛਾਂ ਵਿੱਚ ਰਹੋ, ਢਿੱਲੇ ਫਿਟਿੰਗ ਵਾਲੇ ਕੱਪੜੇ ਪਾਓ, ਸ਼ਰਾਬ ਦਾ ਸੇਵਨ ਨਾ ਕਰੋ, ਆਪਣੇ ਘਰ ਨੂੰ ਠੰਡਾ ਰੱਖੋ, ਦਿਨ ਦੇ ਸਭ ਤੋਂ ਗਰਮ ਹਿੱਸਿਆਂ ਵਿੱਚ ਕਸਰਤ ਨਾ ਕਰੋ ਅਤੇ ਹਾਈਡਰੇਟਿਡ ਰਹੋ ਭਾਵ ਪਾਣੀ ਪੀਂਦੇ ਰਹੋ (ਤੁਸੀਂ ਦੇਖ ਹੀ ਲਿਆ ਕਿ ਮੈਂ ਇੱਕ ਘੰਟੇ ਵਿੱਚ ਕਿੰਨਾ ਪਸੀਨਾ ਵਹਾ ਦਿੱਤਾ)।

ਪ੍ਰੋਫੈਸਰ ਬੇਲੀ ਦੱਸਦੇ ਹਨ ਕਿ "ਇੱਕ ਹੋਰ ਸੁਝਾਅ ਇਹ ਹੈ ਕਿ ਧੁੱਪ ਵਿੱਚ ਨਾ ਨਿਕਲਣ ਦੀ ਕੋਸ਼ਿਸ਼ ਕਰੋ। ਧੁੱਪ ਨਾਲ ਹੋਣ ਵਾਲੀ ਹਲਕੀ ਜਲਨ ਥਰਮੋਰਗੂਲੇਟ ਕਰਨ ਜਾਂ ਦੋ ਹਫ਼ਤਿਆਂ ਤੱਕ ਪਸੀਨਾ ਆਉਣ ਦੀ ਸਮਰੱਥਾ ਨੂੰ ਖਤਮ ਕਰ ਸਕਦੀ ਹੈ।''

ਪਰ ਗਰਮੀ ਨਾਲ ਨਜਿੱਠਣਾ ਅਜਿਹਾ ਹੈ, ਜਿਸ ਨਾਲ ਨਜਿੱਠਣ ਲਈ ਸਾਨੂੰ ਸਾਰਿਆਂ ਨੂੰ ਆਦਤ ਬਣਾਉਣੀ ਪਵੇਗੀ।

ਫੈਸਰ ਲੀਜ਼ੀ ਕੇਂਡਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ 'ਤੇ ਕਾਰਵਾਈ ਕੀਤੇ ਬਿਨਾਂ ਯੂਕੇ ਵਿੱਚ ਗਰਮੀਆਂ ਦੇ ਸਭ ਤੋਂ ਗਰਮ ਦਿਨ ਦਾ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ: ''ਇਹ ਸਦੀ ਦੇ ਅੰਤ ਤੱਕ ਬਹੁਤ ਵੱਡਾ ਵਾਧਾ ਹੈ।"

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)