ਗਰਮੀ ਤੋਂ ਬਚਣ ਲਈ ਕਿਹੋ ਜਿਹਾ ਹੋਵੇ ਸਾਡਾ ਖਾਣ-ਪੀਣ

ਤਸਵੀਰ ਸਰੋਤ, Mansi Thapliyal
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸ ਪੱਤਰਕਾਰ
ਤੇਜ਼ ਗਰਮੀ ਦੇ ਇਸ ਮੌਸਮ ਵਿੱਚ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਖਾਣ-ਪੀਣ ਵੱਲ ਜ਼ਿਆਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਗਰਮੀਆਂ ਵਿੱਚ ਸਾਡਾ ਖਾਣ-ਪੀਣ ਕਿਸ ਤਰ੍ਹਾਂ ਦਾ ਰਹੇ, ਇਹ ਜਾਣਨ ਲਈ ਅਸੀਂ ਚੰਡੀਗੜ੍ਹ ਦੇ ਪੀਜੀਆਈ ਵਿੱਚ ਚੀਫ਼ ਡਾਇਟੀਸ਼ੀਅਨ ਡਾਕਟਰ ਸੁਨੀਤਾ ਮਲਹੋਤਰਾ ਕੋਲ ਗਏ।
ਰਸੀਲਾ ਅੰਬ ਸਵਾਦ ਅਨੁਸਾਰ ਜਾਂ ਸੋਚ ਕੇ ?
ਅੰਬ ਨੂੰ ਗਰਮੀਆਂ ਦੇ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਅੰਬ ਪਸੰਦ ਕਰਨ ਵਾਲੇ ਕਈ ਵਾਰ ਬਿਨਾਂ ਗਿਣੇ ਇੱਕ ਦਿਨ ਵਿੱਚ ਕਈ-ਕਈ ਅੰਬ ਵੀ ਖਾ ਜਾਂਦੇ ਹਨ।
ਡਾਕਟਰ ਸੁਨੀਤਾ ਮਲਹੋਤਰਾ ਨੇ ਕਿਹਾ, "ਅੰਬ ਬਹੁਤ ਹੀ ਪੌਸ਼ਟਿਕ ਫ਼ਲ ਹੈ ਪਰ ਦਿਨ ਵਿੱਚ ਵੱਧ ਤੋਂ ਵੱਧ ਡੇਢ ਸੌ ਗਰਾਮ ਤੱਕ ਖਾਧਾ ਜਾਵੇ ਤਾਂ ਕਾਫੀ ਹੈ। ਜ਼ਿਆਦਾ ਮਾਤਰਾ ਵਿੱਚ ਖਾਧਾ ਅੰਬ ਸਰੀਰ ਵਿੱਚ ਸ਼ੂਗਰ ਅਤੇ ਕੈਲੋਰੀਜ਼ ਵਧਾ ਸਕਦਾ ਹੈ।”
“ਅੰਬ ਨੂੰ ਬਹੁਤ ਜਿਆਦਾ ਪਸੰਦ ਕਰਨ ਵਾਲੇ ਉਸ ਨੂੰ ਮੈਂਗੋ ਸ਼ੇਕ ਜਾਂ ਆਮ ਪੰਨਾ ਦੇ ਰੂਪ ਵਿੱਚ ਲੈ ਸਕਦੇ ਹਨ।"

ਗਰਮੀਆਂ ਵਿੱਚ ਆਂਡੇ ਖਾਣੇ ਠੀਕ ਹਨ ?
ਆਂਡੇ ਗਰਮੀ ਵਿੱਚ ਖਾਣੇ ਚਾਹੀਦੇ ਹਨ ਜਾਂ ਨਹੀਂ, ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਤਰਕ ਅਤੇ ਵਹਿਮ ਹਨ।
ਡਾਕਟਰ ਸੁਨੀਤਾ ਨੇ ਦੱਸਿਆ, "ਮੌਸਮ ਬਦਲਣ ਨਾਲ ਅਸੀਂ ਆਂਡੇ ਖਾਣ ਜਾਂ ਨਾ ਖਾਣ ਨੂੰ ਨਹੀਂ ਜੋੜਦੇ। ਇੱਕ ਬਾਲਗ ਨੂੰ ਦਿਨ ਵਿੱਚ ਇੱਕ ਅੰਡਾ ਖਾਣ ਦਾ ਸੁਝਾਅ ਦਿੱਤਾ ਜਾਂਦਾ ਹੈ। ਅੰਡੇ ਤੋਂ ਲੋੜੀਂਦਾ ਪ੍ਰੋਟੀਨ ਅਤੇ ਕੈਲੋਰੀਜ਼ ਮਿਲਦੀਆਂ ਹਨ। ਇੱਕ ਤੋਂ ਜਿਆਦਾ ਅੰਡਾ ਜੇਕਰ ਖਾਣਾ ਹੈ ਤਾਂ ਜਰਦੀ ਕੱਢ ਕੇ ਸਿਰਫ਼ ਐੱਗ ਵਾਈਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਤਿੰਨ ਤੋਂ ਵੱਧ ਆਂਡੇ ਨਹੀਂ ਖਾਣੇ ਚਾਹੀਦੇ।"

ਕਿਸ ਤਰ੍ਹਾਂ ਦਾ ਹੋਵੇ ਗਰਮੀਆਂ ਦਾ ਭੋਜਨ ?
ਇਸ ਤੋਂ ਇਲਾਵਾ ਆਮ ਤੌਰ 'ਤੇ ਗਰਮੀਆਂ ਵਿੱਚ ਭੋਜਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਦੇ ਜਵਾਬ ਵਿੱਚ ਡਾਕਟਰ ਸੁਨੀਤਾ ਨੇ ਕਿਹਾ, "ਅਜਿਹਾ ਭੋਜਨ ਜਿਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਕਿਉਂਕਿ ਗਰਮੀਆਂ ਵਿੱਚ ਪਸੀਨਾ ਨਿਕਲਣ ਕਾਰਨ ਸਾਡੇ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ।"
ਉਹਨਾਂ ਨੇ ਕਿਹਾ, "ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਫ਼ਲ ਅਤੇ ਹਰੀਆਂ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ।"

ਡਾਕਟਰ ਸੁਨੀਤਾ ਨੇ ਗਰਮੀਆਂ ਵਿੱਚ ਹਰ ਦੋ ਘੰਟੇ ਬਾਅਦ ਕੁਝ ਖਾਣ-ਪੀਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦੇ ਵਿਚਕਾਰ ਲੱਸੀ ਜਾਂ ਕੋਈ ਹੋਰ ਤਰਲ ਪਦਾਰਥ ਲੈਣਾ ਚਾਹੀਦਾ ਹੈ।“
“ਦੁਪਹਿਰ ਦੇ ਭੋਜਨ ਅਤੇ ਰਾਤ ਦੇ ਭੋਜਨ ਦੇ ਵਿਚਕਾਰ ਮੌਸਮੀ ਫ਼ਲ ਜਾਂ ਹਰੀਆਂ ਸਬਜੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਡਾਕਟਰ ਸੁਨੀਤਾ ਮੁਤਾਬਕ ਸਵੇਰ ਦਾ ਨਾਸ਼ਤਾ ਸਕਿੱਪ ਨਹੀਂ ਕਰਨਾ ਚਾਹੀਦਾ ਅਤੇ ਦਿਨ ਦੇ ਬਾਕੀ ਭੋਜਨਾਂ ਤੋਂ ਥੋੜ੍ਹਾ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਰਾਤ ਦਾ ਖਾਣਾ ਸਭ ਤੋਂ ਹਲਕਾ। ਉਹਨਾਂ ਗਰਮੀਆਂ ਵਿੱਚ ਘੱਟ ਮਸਾਲਿਆਂ ਵਾਲਾ ਸਾਦਾ ਭੋਜਨ ਖਾਣ ਦੀ ਸਲਾਹ ਦਿੱਤੀ।

ਤਸਵੀਰ ਸਰੋਤ, MCDONALD'S
ਗਰਮੀਆਂ ਵਿੱਚ ਕੀ ਨਾ ਖਾਈਏ ?
ਗਰਮੀ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਲਈ ਕਿਸ ਤਰ੍ਹਾਂ ਦੇ ਭੋਜਨ ਤੋਂ ਪਰਹੇਜ਼ ਹੋਣਾ ਚਾਹੀਦਾ ਹੈ, ਇਹ ਵੀ ਅਸੀਂ ਡਾਕਟਰ ਸੁਨੀਤਾ ਤੋਂ ਪੁੱਛਿਆ। ਉਹਨਾਂ ਦੱਸਿਆ, "ਤਲਿਆ ਹੋਇਆ, ਜ਼ਿਆਦਾ ਘਿਓ, ਫੈਟ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਰਹਿਣਾ ਚਾਹੀਦਾ ਹੈ।"
ਇਸ ਪਿੱਛੇ ਕਾਰਨ ਇਹ ਦੱਸਿਆ ਕਿ ਅਜਿਹਾ ਭੋਜਨ ਪਚਣ ਵਿੱਚ ਸਮਾਂ ਲਗਾਉਂਦਾ ਹੈ ਅਤੇ ਢਿੱਡ ਭਰਿਆ-ਭਰਿਆ ਲਗਦਾ ਹੈ ਜਿਸ ਕਾਰਨ ਅਸੀਂ ਲੋੜੀਂਦਾ ਪੌਸ਼ਟਿਕ ਅਹਾਰ ਨਹੀਂ ਲੈਂਦੇ। ਇਸ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਜੋ ਕਿ ਗਰਮੀ ਵਿੱਚ ਡੀ-ਹਾਈਡ੍ਰੇਸ਼ਨ ਕਰ ਸਕਦੀ ਹੈ।
ਡਾਕਟਰ ਸੁਨੀਤਾ ਨੇ ਗਰਮੀਆਂ ਵਿੱਚ ਚਾਹ-ਕੌਫੀ ਅਤੇ ਕੋਲਡ ਡਰਿੰਕ ਵੀ ਨਾ ਪੀਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ:












