ਤਮਿਲ ਬੰਦਾ ਕਿਉਂ ਬਣਿਆ ਸਿੱਖ, ਪੰਜਾਬ ਵਿੱਚ ਲੜ ਰਿਹਾ ਚੋਣ, 'ਸਿੱਖ ਦਾ ਮਤਲਬ ਹੈ ਰਾਜਾ, ਜੋ ਦੇਣ ਵਾਲਾ ਹੈ ਲੈਣ ਵਾਲਾ ਨਹੀਂ'

ਤਸਵੀਰ ਸਰੋਤ, Pardeep Pandit/BBC
- ਲੇਖਕ, ਪ੍ਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
‘ਪੰਜਾਬ ਇਜ਼ ਮਾਈ ਮਦਰਲੈਂਡ (ਪੰਜਾਬ ਮੇਰੀ ਮਾਤ ਭੁਮੀ ਹੈ)’, ਇਹ ਬੋਲ ਹਨ ਸਿਰ ’ਤੇ ਨੀਲੇ ਰੰਗ ਦੀ ਦਸਤਾਰ ਅਤੇ ਨੀਲੇ ਰੰਗ ਦਾ ਪਰਨਾ ਬੰਨ੍ਹ ਕੇ ਪਿੰਡ-ਪਿੰਡ ਵੋਟਾਂ ਮੰਗਣ ਜਾ ਰਹੇ ਜੀਵਨ ਸਿੰਘ ਤਮਿਲ ਦੇ।
ਜੀਵਨ ਸਿੰਘ ਤਮਿਲ ਪੰਜਾਬੀ ਨਹੀਂ ਬੋਲਦੇ।
ਪਰ ਇਸ ਦੇ ਬਾਵਜੂਦ ਵੀ ਉਹ ਪੰਜਾਬ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਪਣਾ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ।
ਦਰਅਸਲ ਜੀਵਨ ਸਿੰਘ ਤਮਿਲ ਤਮਿਲਨਾਡੂ ਦੇ ਜੰਮਪਲ਼ ਹਨ। 51 ਸਾਲਾ ਜੀਵਨ ਸਿੰਘ ਬਹੁਜਨ ਦ੍ਰਵਿੜ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਪੇਸ਼ੇ ਵਜੋਂ ਵਕੀਲ ਜੀਵਨ ਸਿੰਘ ਦੇ ਨਾਲ ਤਮਿਲਨਾਡੂ ਤੋਂ ਉਨ੍ਹਾਂ ਦੇ ਕਈ ਸਾਥੀ ਵੀ ਚੋਣ ਪ੍ਰਚਾਰ ਕਰਨ ਲਈ ਆਏ ਹਨ।
ਉਨ੍ਹਾਂ ਦੇ ਸਾਥੀ ਸਾਈਕਲਾਂ ਅਤੇ ਰਿਕਸ਼ਿਆਂ ਉੱਤੇ ਬੈਨਰ ਲਾ ਕੇ ਅਤੇ ਬੱਸਾਂ ਵਿੱਚ ਚੜ੍ਹ ਕੇ ਪਰਚੇ ਵੰਡ ਕੇ ਜੀਵਨ ਸਿੰਘ ਦੀ ਚੋਣ ਮੁਹਿੰਮ ਵਿੱਚ ਹਿੱਸਾ ਪਾ ਰਹੇ ਹਨ।
ਜੀਵਨ ਸਿੰਘ ਵੀ ਲੋਕਾਂ ਨੂੰ ਆਪਣੇ ਚੋਣਾਂ ਲੜਨ ਦੇ ਮਕਸਦ ਬਾਰੇ ਲੋਕਾਂ ਨੂੰ ਅੰਗਰੇਜ਼ੀ ਵਿੱਚ ਹੀ ਦੱਸਦੇ ਹਨ, ਜਿਸ ਦਾ ਤਰਜਮਾ ਉਨ੍ਹਾਂ ਦੇ ਸਥਾਨਕ ਸਾਥੀ ਪੰਜਾਬੀ ਵਿੱਚ ਕਰਦੇ ਹਨ।
ਇਸ ਸਭ ਦੇ ਚਲਦਿਆਂ ਉਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਬਹੁਜਨ ਦ੍ਰਵਿੜ ਪਾਰਟੀ ਵੱਲੋਂ ਹਾਲ ਹੀ ਵਿੱਚ ਸਿੱਖ ਬਣੇ ਸੱਤ ਉਮੀਦਵਾਰ ਤਮਿਲਨਾਡੂ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।
ਇਹ ਉਮੀਦਵਾਰ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
ਆਪਣੀ ਖੁਸ਼ਨੁਮਾ ਆਬੋ-ਹਵਾ ਦੇ ਨਾਲ-ਨਾਲ ਪੰਜਾਬ ਦੇ ਦੁਆਬਾ ਖਿੱਤੇ ਵਿੱਚ ਪੈਂਦਾ ਹੁਸ਼ਿਆਰਪੁਰ ਇਲਾਕਾ ਪੰਜਾਬ ਵਿੱਚ ਜਾਤ-ਪਾਤ ਵਿਰੋਧੀ ਲਹਿਰ ਦਾ ਕੇਂਦਰ ਰਿਹਾ ਹੈ।

ਤਸਵੀਰ ਸਰੋਤ, Pradeep Pandit/BBC
ਤਮਿਲਨਾਡੂ ਤੋਂ ਪੰਜਾਬ ਕਿਉਂ ਆਏ ਜੀਵਨ ਸਿੰਘ?

ਤਸਵੀਰ ਸਰੋਤ, Pradeep Pandit/BBC
ਉਹ ਕਹਿੰਦੇ ਹਨ ਕਿ ਪੰਜਾਬ ਗੁਰੂਆਂ ਦੇ ਸਮੇਂ ਅਤੇ ਉਸ ਤੋਂ ਬਾਅਦ ਵੀ ਸਮਾਜਿਕ ਬਦਲਾਅ ਦਾ ਵੱਡਾ ਕੇਂਦਰ ਰਿਹਾ ਹੈ ਇਸੇ ਲਈ ਉਹ ਇੱਥੇ ਆਏ ਹਨ।
ਜੀਵਨ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੀਆਂ 40 ਲੋਕ ਸਭਾ ਸੀਟਾਂ ਤੋਂ ਚੋਣ ਲੜ ਰਹੀ ਹੈ।
ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਉਦੇਸ਼ ਆਰਥਿਕ ਸੁਤੰਤਰਤਾ ਅਤੇ ਸਮਾਜਿਕ ਤਬਦੀਲੀ ਹੈ।
ਉਹ ਕਹਿੰਦੇ ਹਨ, ''ਮੈਂ ਨਹੀਂ ਸੋਚਦਾ ਕਿ ਪੰਜਾਬ ਮੇਰਾ ਅਦਰ ਲੈਂਡ ਹੈ, ਇਹ ਮੇਰਾ ਮਦਰ ਲੈਂਡ ਹੈ।''
"ਮੈਨੂੰ ਲੱਗ ਰਿਹਾ ਹੈ ਜਿਵੇਂ ਮੈਂ ਆਪਣੀ ਮਾਂ ਦੀ ਗੋਦ ਵਿੱਚ ਹੋਵਾਂ।"
ਹੁਸ਼ਿਆਰਪੁਰ ਨੂੰ ਚੋਣ ਲੜਨ ਲਈ ਕਿਉਂ ਚੁਣਿਆ?

ਤਸਵੀਰ ਸਰੋਤ, Pardeep Pandit/BBC
ਇਸ ਸਵਾਲ ਦੇ ਜਵਾਬ ਵਿੱਚ ਜੀਵਨ ਕਹਿੰਦੇ ਹਨ, "ਹੁਸ਼ਿਆਰਪੁਰ, ਉਹ ਜਗ੍ਹਾ ਹੈ ਜਿੱਥੇ ਕਾਂਸ਼ੀਰਾਮ 1996 ਵਿੱਚ ਜਿੱਤੇ ਸਨ। ਇਸ ਲਈ ਮੈਂ ਸੰਕੇਤਕ ਰੂਪ ਨਾਲ ਪੂਰੇ ਭਾਰਤ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਮੈਂ ਕਾਂਸ਼ੀਰਾਮ ਦੇ ਅੰਦੋਲਨ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ।"
"ਇਸੇ ਲਈ ਮੈਂ ਕੰਨਿਆ ਕੁਮਾਰੀ ਤੋਂ ਹੁਸ਼ਿਆਰਪੁਰ ਆਇਆ ਹਾਂ।"
ਉਹ ਕਹਿੰਦੇ ਹਨ, "ਸਮਾਜ ਸੁਧਾਰਕ ਮੰਗੂ ਰਾਮ ਮੁਗੋਵਾਲੀਆ ਵੀ ਹੁਸ਼ਿਆਰਪੁਰ ਤੋਂ ਚੋਣ ਲੜੇ ਸਨ, ਉਨ੍ਹਾਂ ਨੇ ਹੀ ਦਲਿਤ ਭਾਈਚਾਰੇ ਦੀ ਨਵੀਂ ਲਹਿਰ ਦੀ ਅਗਵਾਈ ਕੀਤੀ ਸੀ।"
ਉਹ ਕਹਿੰਦੇ ਹਨ ਕਿ ਹੁਸ਼ਿਆਰਪੁਰ ਦਾ ਇਤਿਹਾਸ ਕਾਫੀ ਪੁਰਾਣਾ ਹੈ।
ਜੀਵਨ ਸਿੰਘ ਕਹਿੰਦੇ ਹਨ, "ਇੱਕ ਵਾਰ ਕਾਂਸ਼ੀ ਰਾਮ ਨੇ ਸੰਸਦ ਵਿੱਚ ਕਿਹਾ ਮੇਰਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਜੀ ਹਨ, ਤਾਂ ਲੱਖਾਂ ਲੋਕ ਇਹ ਜਾਨਣ ਲਈ ਉਤਸੁਕ ਹੋਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕੀ।"
ਉਹ ਦੱਸਦੇ ਹਨ ਕਿ ਦੱਖਣ ਭਾਰਤੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹਾਲੇ ਵੀ ਘੱਟ ਜਾਣਕਾਰੀ ਹੈ।
ਉਹ ਦੱਸਦੇ ਹਨ, “ਸਾਲ 2012 ਵਿੱਚ ਮੈਂ ਓਸ਼ੋ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਸ ਵਿੱਚ ਉਨ੍ਹਾਂ ਨੇ ਗੁਰੂ ਨਾਨਕ, ਨਾਮਦੇਵ ਅਤੇ ਕਬੀਰ ਜੀ ਬਾਰੇ ਵੀ ਗੱਲ ਕੀਤੀ।”
ਇਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਨਾ ਸ਼ੁਰੂ ਕੀਤਾ।
ਉਹ ਦੱਸਦੇ ਹਨ ਕਿ ਇਸ ਮਗਰੋਂ ਉਨ੍ਹਾਂ ਨੇ ਸਿੱਖੀ ਨਾਲ ਸਬੰਧਤ ਕਿਤਾਬਾਂ ਪੜ੍ਹੀਆਂ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ।
ਉਹ ਦੱਸਦੇ ਹਨ ਕਿ ਉਹ 'ਕੈਪਟੀਵੇਟਿੰਗ ਦ ਸਿੰਪਲ ਹਾਰਟਿਡ' ਕਿਤਾਬ ਤੋਂ ਕਾਫੀ ਪ੍ਰਭਾਵਿਤ ਹੋਏ। ਉਹ ਕਹਿੰਦੇ ਹਨ ਇਹ ਕਿਤਾਬ ਸਿੱਖ ਇਤਿਹਾਸ ਬਾਰੇ ਹੈ, ਇਸ ਨੇ ਉਨ੍ਹਾਂ ਨੂੰ ਬਦਲ ਦਿੱਤਾ।
ਕਿਹੋ ਜਿਹਾ ਹੁੰਗਾਰਾ ਮਿਲ ਰਿਹਾ?

ਤਸਵੀਰ ਸਰੋਤ, Pardeep Pandit/BBC
ਜੀਵਨ ਸਿੰਘ ਦੱਸਦੇ ਹਨ ਉਹ ਖੁਦ ਨੂੰ ਹੁਸ਼ਿਆਰਪੁਰ ਵਿੱਚ ਮਿਲ ਰਹੇ ਹੁੰਗਾਰੇ ਤੋਂ ਸੰਤੁਸ਼ਟ ਹਨ।
ਉਹ ਦੱਸਦੇ ਹਨ, "ਇੱਥੇ ਬਾਬਾ ਸਾਹਿਬ ਅੰਬੇਡਕਰ ਅਤੇ ਕਾਂਸ਼ੀਰਾਮ ਨੂੰ ਪ੍ਰੇਰਣਾ ਮੰਨਣ ਵਾਲੇ ਕਾਫੀ ਲੋਕ ਹਨ। ਉਹ ਲੋਕ ਮੇਰਾ ਸਵਾਗਤ ਕਰ ਰਹੇ ਹਨ।"
ਉਹ ਕਹਿੰਦੇ ਹਨ ਕਿ ਦਲਿਤ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਕਾਫ਼ੀ ਸਹਿਯੋਗ ਦੇ ਰਹੇ ਹਨ।
ਉਹ ਕਹਿੰਦੇ ਹਨ ਕਿ ਦਲਿਤ ਭਾਈਚਾਰੇ ਦੇ ਨਾਲ-ਨਾਲ ਗ਼ੈਰ-ਦਲਿਤ ਭਾਈਚਾਰਿਆਂ ਨਾਲ ਸਬੰਧ ਰੱਖਦੇ ਲੋਕ ਵੀ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ।
ਆਪਣੇ ਤਜਰਬੇ ਬਾਰੇ ਉਹ ਦੱਸਦੇ ਹਨ, “ਮੈਂ ਅਜਿਹੇ ਤਜਰਬੇ ਦੀ ਉਮੀਦ ਨਹੀਂ ਰੱਖੀ ਸੀ। ਜਦੋਂ ਮੈਂ ਰਾਇਪੁਰ ਪਹਿਲੇ ਦਿਨ ਆਇਆ, ਕਈ ਲੋਕ ਸਬਜ਼ੀ, ਆਟਾ, ਚੌਲ, ਖੰਡ ਲੈ ਕੇ ਆਏ। ਹੁਣ ਕਰੀਬ 40 ਲੋਕ ਮੇਰੇ ਨਾਲ ਰਹਿ ਰਹੇ ਹਨ। ਉਹ ਖਾਣੇ ਬਾਰੇ ਬਿਲਕੁਲ ਚਿੰਤਾ ਨਹੀਂ ਕਰਦੇ। ਲੋਕੀਂ ਉਨ੍ਹਾਂ ਨੂੰ ਖਾਣਾ ਵੀ ਦੇ ਰਹੇ ਹਨ।”
ਚੋਣਾਂ ਜਿੱਤਣ ਮਗਰੋਂ ਜੀਵਨ ਸਿੰਘ ਕੀ ਕਰਨਗੇ?

ਤਸਵੀਰ ਸਰੋਤ, Pradeep Pandit/BBC
ਜੀਵਨ ਸਿੰਘ ਦੱਸਦੇ ਹਨ, “ਜੇਕਰ ਮੈਂ ਇੱਥੋ ਐੱਮਪੀ ਚੁਣਿਆ ਜਾਂਦਾ ਹਾਂ, ਮੈਂ ਪਾਰਲੀਮੈਂਟ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਜ਼ਰੂਰ ਅਵਾਜ਼ ਚੁੱਕਾਂਗਾਂ। ਜੋ ਕਿ ਪੰਜਾਬ ਦਾ ਇੱਕ ਵੱਡਾ ਮੁੱਦਾ ਹੈ। ਬਾਕੀ ਸਾਰੀਆਂ ਚੀਜ਼ਾਂ ਨੀਤੀ ਉੱਤੇ ਨਿਰਭਰ ਕਰਦੀਆਂ ਹਨ।”
ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਜਾਤ-ਪਾਤ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਜਿਵੇਂ ਕਿ ਯੂਪੀ, ਰਾਜਸਥਾਨ, ਤਾਮਿਲਨਾਡੂ ਵਰਗੇ ਸੂਬਿਆਂ ਵਿੱਚ ਹੈ, ਇੱਥੇ ਕੋਈ ਜਾਤ-ਪਾਤ ਦਾ ਰੇੜਕਾ ਨਹੀਂ ਹੈ।
ਨਿਰਾਸ਼ਾ ਜ਼ਾਹਰ ਕਰਦਿਆਂ ਉਹ ਕਹਿੰਦੇ ਹਨ, "ਕਈ ਵਾਰ ਮੈਂ ਪੰਜਾਬ ਦੇ ਸਿੱਖ ਲੋਕਾਂ ਤੋਂ ਨਿਰਾਸ਼ ਹੋ ਜਾਂਦਾ ਹਾਂ ਕਿਉਂਕਿ ਪੰਜਾਬ ਅਤੇ ਹਰਿਆਣਾ ਵਿੱਚ ਕਈ ਅੰਦੋਲਨ ਹੋ ਰਹੇ ਹਨ। ਮੈਨੂੰ ਨਹੀਂ ਸਮਝ ਆਉਂਦਾ ਕਿ ਉਹ ਮੰਗ ਕਿਉਂ ਰਹੇ ਹਨ।"
ਉਹ ਅੱਗੇ ਬੋਲਦੇ ਹਨ, "ਸਿੱਖ ਦਾ ਮਤਲਬ ਹੈ ਰਾਜਾ। ਰਾਜਾ ਕਿਵੇਂ ਮੰਗਾਂ ਰੱਖ ਸਕਦਾ ਹੈ। ਜੇਕਰ ਰਾਜਾ ਮੰਗਾਂ ਰੱਖਦਾ ਹੈ ਤਾਂ ਅਸੀਂ ਭਾਰਤ ਨੂੰ ਗਲਤ ਸੰਦੇਸ਼ ਦੇ ਰਹੇ ਹਾਂ। ਰਾਜਾ ਯਾਨੀ ਅਸੀਂ ਦੇਣ ਵਾਲੇ ਹਾਂ, ਲੈਣ ਵਾਲੇ ਨਹੀਂ।"












