ਪੰਜਾਬ: ਕਾਂਸ਼ੀਰਾਮ ਨੂੰ ਜਿਤਾਉਣ ਵਾਲੀ ਸੀਟ ਤੋਂ ਲੈ ਕੇ 'ਪੰਥਕ ਰਾਜਧਾਨੀ' ਤੱਕ, 13 ਲੋਕ ਸਭਾ ਹਲਕਿਆਂ ਬਾਰੇ 13 ਰੋਚਕ ਤੱਥ

Punjabi

ਤਸਵੀਰ ਸਰੋਤ, BBC News

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣਾਂ ਆਖ਼ਰੀ ਗੇੜ ਵਿੱਚ 1 ਜੂਨ ਨੂੰ ਹੋਣਗੀਆਂ..

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਇਹ ਚੋਣਾਂ ਆਮ ਆਦਮੀ ਪਾਰਟੀ ਦੇ ਲਈ ਅਗਨ ਪ੍ਰੀਖਿਆ ਹੋਣਗੀਆਂ, ਉੱਥੇ ਹੀ ਕਾਂਗਰਸ ਅਤੇ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਵੀ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ।

ਪੰਜਾਬ ਦੀ ਹਰੇਕ ਸੀਟ ਉੱਤੇ ਚੋਣਾਂ ਨੂੰ ਵੱਖੋ-ਵੱਖਰੇ ਫੈਕਟਰ ਪ੍ਰਭਾਵਿਤ ਕਰਦੇ ਹਨ ਅਤੇ ਹਰੇਕ ਹਲ਼ਕੇ ਨਾਲ ਵੱਖਰੇ-ਵੱਖਰੇ ਦਿਲਚਸਪ ਤੱਥ ਜੁੜੇ ਹੋਏ ਹਨ, ਇਸ ਰਿਪੋਰਟ ਵਿੱਚ ਅਸੀਂ ਹਰੇਕ ਸੀਟ ਦੇ ਇੱਕ ਰੋਚਕ ਤੱਥ ਬਾਰੇ ਗੱਲ ਕਰਾਂਗੇ -

ਸੰਗਰੂਰ: ਵਹਾਅ ਦੇ ਉਲਟ ਨਤੀਜੇ

ਸਿਮਰਨਜੀਤ ਸਿੰਘ ਮਾਨ
ਤਸਵੀਰ ਕੈਪਸ਼ਨ, ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਲ 2022 ਵਿੱਚ ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਆਪ ਪ੍ਰਸ਼ੰਸਕਾਂ ਲਈ ਕਾਫੀ ਹੈਰਾਨੀ ਭਰੇ ਸਨ

ਸੰਗਰੂਰ ਪੰਜਾਬ ਦੀਆਂ ਸਭ ਤੋਂ ਵੱਧ ਦਿਲਚਸਪ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ।

ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਇੱਥੋਂ ਦੋ ਵਾਰੀ ਚੰਗੀ ਬਹੁਮਤ ਨਾਲ ਲੋਕ ਸਭਾ ਮੈਂਬਰ ਚੁਣੇ ਜਾ ਚੁੱਕੇ ਸਨ ਪਰ ਪੰਜਾਬ ਵਿੱਚ ‘ਆਪ’ਸਰਕਾਰ ਬਣਨ ਮਗਰੋਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਇਹ ਸੀਟ ਪਾਰਟੀ ਦੇ ਹੱਥੋਂ ਖੁਸ ਗਈ।

ਇਸ ਸੰਗਰੂਰ ਸੀਟ ਨੂੰ ਆਮ ਆਦਮੀ ਪਾਰਟੀ ਦਾ ਸਿਆਸੀ ਕਿਲ਼੍ਹਾ ਮੰਨਿਆ ਜਾਂਦਾ ਸੀ।

ਪੰਜਾਬ ਦੇ ਮੁੱਖ ਮੰਤਰੀ, 3 ਮੰਤਰੀ (ਹਰਪਾਲ ਚੀਮਾ, ਅਮਨ ਅਰੋੜਾ ਤੇ ਮੀਤ ਹੇਅਰ) ਇਸੇ ਸੀਟ ਦੇ ਦਾਇਰੇ ਵਿੱਚ ਆਉਂਦੇ ਹਨ।

ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਲ 2022 ਵਿੱਚ ਨਤੀਜੇ ਆਪ ਪ੍ਰਸ਼ੰਸਕਾਂ ਲਈ ਕਾਫੀ ਹੈਰਾਨੀ ਭਰੇ ਸਨ।

ਇਨ੍ਹਾਂ ਚੋਣਾਂ ਵਿੱਚ ਪੰਜਾਬ ਵਿੱਚ ਨਿਗੂਣੇ ਅਧਾਰ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਆਪਣੀ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੇ ਸਨ।

ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਪੰਥਕ ਮੁੱਦੇ ਭਾਰੂ ਰਹੇ ਸਨ।

ਸਿਮਰਨਜੀਤ ਸਿੰਘ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ

ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਰੋਣਕੀ ਰਾਮ ਨੇ ਇਸ ਜਿੱਤ ਦਾ ਵਿਸ਼ਲੇਸ਼ਣ ਕਰਦਿਆਂ ਯੂਨੀਵਰਸਿਟੀ ਆਫ ਮਿਸ਼ੀਗਨ ਤੋਂ ਛਪਦੇ ਜਰਨਲ ‘ਸਿੱਖ ਫੋਰਮੇਸ਼ਨਜ਼’ ਲਈ ਲਿਖਿਆ ਸੀ।

ਉਨ੍ਹਾਂ ਲਿਖਿਆ ਕਿ ਇਸ ਜਿੱਤ ਦੇ ਪਿੱਛੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਪੈਦਾ ਹੋਇਆ ਭਾਵਨਾਤਮਕ ਉਭਾਰ ਵੀ ਇੱਕ ਕਾਰਨ ਸੀ।

ਜੂਨ 2022 ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਕੁਲ ਵੋਟਰਾਂ ਵਿੱਚੋਂ ਸਿਰਫ਼ 45 ਫ਼ੀਸਦ ਹੀ ਵੋਟ ਪਾਉਣ ਲਈ ਆਏ ਸਨ।

ਸਾਲ 2000 ਤੋਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਲੋਕ ਸਭਾ ਖੇਤਰ ਦਾ ਇਹ ਰਿਕਾਰਡ ਰਿਹਾ ਹੈ ਕਿ ਇੱਥੋਂ ਗ਼ੈਰ-ਸੱਤਾਧਾਰੀ ਪਾਰਟੀਆਂ ਦੇ ਆਗੂ ਚੋਣ ਜਿੱਤਦੇ ਰਹੇ ਹਨ।

ਸਾਲ 2004 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਇੱਥੋਂ ਚੋਣ ਜਿੱਤੇ ਸਨ।

2007 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਇੱਥੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਨੇ ਜਿੱਤ ਹਾਸਲ ਕੀਤੀ ਸੀ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੱਕ ਭਗਵੰਤ ਮਾਨ ਲੋਕ ਸਭਾ ਮੈਂਬਰ ਰਹੇ ਪਰ ਆਪ ਦੀ ਜਿੱਤ ਤੋਂ ਬਾਅਦ ਲੋਕ ਸਭਾ ਤੋਂ ਸਿਮਰਨਜੀਤ ਸਿੰਘ ਮਾਨ ਮੈਂਬਰ ਬਣੇ।

ਉਹ ਸਾਲ 1999 ਵਿੱਚ ਵੀ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ।

ਕਾਂਗਰਸ ਪਾਰਟੀ ਨੇ ਇੱਥੋਂ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਉਹ ਪੰਜਾਬ ਵਿੱਚ ਆਪ ਸਰਕਾਰ ਦੀ ਸਖ਼ਤ ਮੁਖ਼ਾਲਫ਼ਤ ਕਰਨ ਵਾਲੇ ਚਿਹਰਿਆਂ ਵਿੱਚੋਂ ਇੱਕ ਹਨ।

ਫ਼ਿਰੋਜ਼ਪੁਰ: ‘ਰਾਇ ਸਿੱਖ ਭਾਈਚਾਰੇ’ ਦਾ ਦਬਦਬਾ

ਫ਼ਿਰੋਜ਼ਪੁਰ ਲੋਕ ਸਭਾ ਹਲਕਾ ਪੰਜਾਬ ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਹੈ। ਇੱਥੇ ਸਿੱਖਿਆ, ਨੌਕਰੀਆਂ ਅਤੇ ਹੋਰ ਸਹੂਲਤਾਂ ਮੁੱਖ ਮੁੱਦਿਆਂ ਵਿੱਚੋਂ ਇੱਕ ਹਨ।

ਇਸ ਹਲਕੇ ਵਿੱਚ ਫਿਰੋਜ਼ਪੁਰ ਸਿਟੀ, ਫਿਰੋਜ਼ਪੁਰ ਰੂਰਲ, ਫ਼ਾਜ਼ਿਲਕਾ, ਗੁਰੂ ਹਰਸਹਾਏ ਅਤੇ ਹੋਰ ਹਲਕੇ ਆਉਂਦੇ ਹਨ।

ਇਸ ਹਲ਼ਕੇ ਦੇ ਜਾਣਕਾਰ ਇੱਥੋਂ ਦੇ ਰਾਇ ਸਿੱਖ ਵੋਟਰਜ਼ ਨੂੰ ‘ਕਿੰਗ ਮੇਕਰ’ ਦਾ ਲਕਬ ਦਿੰਦੇ ਹਨ।

ਇਸੇ ਭਾਈਚਾਰੇ ਨਾਲ ਸਬੰਧ ਰੱਖਦੇ ਸ਼ੇਰ ਸਿੰਘ ਘੁਬਾਇਆ ਇੱਥੋਂ ਦੋ ਵਾਰੀ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਉਨ੍ਹਾਂ ਨੂੰ ਇੱਥੇ ਦਬਦਬਾ ਰੱਖਦੀ ਅਤੇ ਕੁਲ ਆਬਾਦੀ ਦਾ 14 ਫ਼ੀਸਦ ਬਣਦੀ ਰਾਇ ਸਿੱਖ ਵੋਟ ਦਾ ਸਮਰਥਨ ਹਾਸਲ ਸੀ।

ਫ਼ਿਰੋਜ਼ਪੁਰ

ਤਸਵੀਰ ਸਰੋਤ, Ferozepur.nic.in

ਤਸਵੀਰ ਕੈਪਸ਼ਨ, ਹੁਸੈਨੀਵਾਲਾ,ਫ਼ਿਰੋਜ਼ਪੁਰ ਵਿਚਲੀ ਸ਼ਹੀਦੀ ਯਾਦਗਾਰ ਦਾ ਦ੍ਰਿਸ਼

ਸਾਲ 1985 ਤੋਂ ਬਾਅਦ ਇਸ ਹਲਕੇ ਤੋਂ ਕਾਂਗਰਸ ਇੱਕ ਵੀ ਵਾਰ ਚੋਣ ਨਹੀਂ ਜਿੱਤ ਸਕੀ ।

ਇੱਥੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮੋਹਨ ਸਿੰਘ ਵੀ ਦੋ ਵਾਰੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। ਸਾਲ 1998 ਤੋਂ ਲੈ ਕੇ 2004 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜ਼ੋਰਾ ਸਿੰਘ ਮਾਨ ਤਿੰਨ ਵਾਰੀ ਲੋਕ ਸਭਾ ਚੋਣਾਂ ਜਿੱਤੇ ਸਨ।

ਸ਼ੇਰ ਸਿੰਘ ਘੁਬਾਇਆ ਦੇ ਅਕਾਲੀ ਦਲ ਛੱਡਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਲੋਕ ਸਭਾ ਚੋਣਾਂ ਵਿੱਚ ਘੁਬਾਇਆ ਨੂੰ ਹਰਾਇਆ ਸੀ।

ਉਸ ਵੇਲੇ ਮੀਡੀਆ ਰਿਪੋਰਟਾਂ ਨੇ ਇਹ ਦਾਅਵਾ ਕੀਤਾ ਸੀ ਕਿ ਬਾਦਲ ਰਾਇ ਸਿੱਖ ਭਾਈਚਾਰੇ ਦੇ ਕੁਝ ਹਿੱਸਿਆਂ ਦਾ ਸਮਰਥਨ ਹਾਸਲ ਕਰਨ ਵਿੱਚ ਸਫ਼ਲ ਰਹੇ ਸਨ।

ਸਾਲ 2017 ਵਿੱਚ ਸ਼ੇਰ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਦੇ 25 ਸਾਲ ਦੀ ਉਮਰ ਵਿੱਚ ਫਾਜ਼ਿਲਕਾ ਤੋਂ ਐੱਮਐੱਲਏ ਬਣਨ ਵਿੱਚ ਵੀ ਨੇ ‘ਰਾਇ ਸਿੱਖ’ਵੋਟ ਦੇ ਸਮਰਥਨ ਨੂੰ ਮਹੱਤਵਪੂਰਨ ਦੱਸਿਆ ਗਿਆ ਸੀ।

ਉਨ੍ਹਾਂ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੂੰ ਸਿਰਫ਼ 265 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਸੰਸਥਾਪਕ ਅਤੇ ਤਾਊ ਵਜੋਂ ਜਾਣੇ ਜਾਂਦੇ ਦੇਵੀ ਲਾਲ ਨੇ ਸਾਲ 1989 ਵਿੱਚ ਜਿਨ੍ਹਾਂ ਤਿੰਨ ਲੋਕ ਸਭਾ ਸੀਟਾਂ ਤੋਂ ਚੋਣ ਲੜੀ ਸੀ ਉਨ੍ਹਾਂ ਵਿੱਚ ਫ਼ਿਰੋਜ਼ਪੁਰ ਵੀ ਇੱਕ ਸੀ

ਇਸ ਹਲਕੇ ਤੋਂ 1989 ਵਿੱਚ ਧਿਆਨ ਸਿੰਘ ਮੰਡ ਜੇਤੂ ਰਹੇ ਸਨ।

ਚੌਧਰੀ ਦੇਵੀ ਲਾਲ ਵੀ ਚੋਣ ਲੜੇ ਸਨ

ਭਾਰਤ ਦੇ ਉੱਪ ਪ੍ਰਧਾਨ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੰਸਥਾਪਕ ਚੌਧਰੀ ਦੇਵੀ ਲਾਲ ਨੇ ਸਾਲ 1989 ਵਿੱਚ ਜਿਨ੍ਹਾਂ ਤਿੰਨ ਲੋਕ ਸਭਾ ਹਲਕਿਆਂ ਤੋਂ ਚੋਣ ਲੜੀ ਉਨ੍ਹਾਂ ਵਿੱਚ ਫਿਰੋਜ਼ਪੁਰ ਵੀ ਇੱਕ ਸੀ।

ਚੌਧਰੀ ਦੇਵੀ ਲਾਲ ਅਕਸਰ ਇੱਕ ਤੋਂ ਵੱਧ ਹਲਕਿਆਂ ਤੋਂ ਚੋਣ ਲੜਦੇ ਸਨ, ਉਹ ਫਿਰੋਜ਼ਪੁਰ ਤੋਂ 1989 ਦੀ ਚੋਣ ਹਾਰ ਗਏ ਸਨ।

ਬਠਿੰਡਾ: ਸਿਆਸੀ ‘ਹੌਟ ਸੀਟ’

ਬਠਿੰਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2016 ਵਿੱਚ ਵਿਸ਼ਾਖੀ ਮੌਕੇ ਤਲਵੰਡੀ ਸਾਬੋ ਵਿੱਚ ਇੱਕ ਰੈਲੀ 'ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ

ਮਾਲਵਾ ਪੱਟੀ ਦੀ ਜੇਕਰ ਕੋਈ ਅਜਿਹੀ ਸੀਟ ਹੈ ਜਿਸ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ, ਉਹ ਹੈ ਬਠਿੰਡਾ ਲੋਕ ਸਭਾ ਹਲ਼ਕਾ।

ਦਰਅਸਲ ਮਾਲਵਾ ਖੇਤਰ ਪੰਜਾਬ ਵਿੱਚ ਆਪਣੇ ਆਕਾਰ ਅਤੇ ਸੀਟਾਂ ਦੀ ਗਿਣਤੀ ਪੱਖੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ – ਇਸ ਵਿੱਚ ਬਠਿੰਡਾ, ਫਰੀਦਕੋਟ, ਸੰਗਰੂਰ, ਲੁਧਿਆਣਾ, ਫਿਰੋਜ਼ਪੁਰ ਪਟਿਆਲਾ ਲੋਕ ਸਭਾ ਹਲਕੇ ਪੈਂਦੇ ਹਨ।

ਇੱਥੋਂ ਹੀ ਬਾਦਲ ਪਰਿਵਾਰ ਅਤੇ ਮੌਜੂਦਾ ਸੀਐੱਮ ਭਗਵੰਤ ਮਾਨ ਵੀ ਚੋਣਾਂ ਜਿੱਤੇ ਹਨ।

ਜਿੱਥੇ ਇਹ ਹਲ਼ਕਾ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਹੀ ਹਰਿਆਣਾ ਦੇ ਸਿਰਸਾ ਨਾਲ ਲੱਗਣ ਕਰਕੇ ਇੱਥੇ ‘ਡੇਰਾ ਸੱਚਾ ਸੌਦਾ’ ਵੀ ਇੱਕ ਫੈਕਟਰ ਮੰਨਿਆ ਜਾਂਦਾ ਹੈ।

ਸਾਲ 2007 ਇੱਥੋਂ ਦੇ ਹੀ ਸਲਾਬਤਪੁਰਾ ਵਿਚਲੇ ਡੇਰੇ ਵਿੱਚ ਹੋਏ ਇੱਕ ਸਮਾਗਮ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਸਵਾਂਗ(ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਲਗਾਉਣ) ਦੇ ਇਲਜ਼ਾਮ ਲੱਗੇ ਸਨ।

ਇਸ ਤੋਂ ਬਾਅਦ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ।

ਸਮੇਂ-ਸਮੇਂ ਉੱਤੇ ਹੋਰਨਾਂ ਪਾਰਟੀਆਂ ਦੇ ਵੱਡੇ ਆਗੂ ਬਾਦਲ ਪਰਿਵਾਰ ਦੇ ਇਸ ਗੜ੍ਹ ਵਿੱਚ ਆ ਕੇ ਉਨ੍ਹਾਂ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਹਨ।

ਇੱਥੋਂ ਬਾਦਲ ਪਰਿਵਾਰ ਦੀ ਨਹੁੰ ਹਰਸਿਮਰਤ ਕੌਰ ਬਾਦਲ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।

ਉਨ੍ਹਾਂ ਨੇ 2009 ਦੀਆਂ ਚੋਣਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਹਰਾਇਆ ਸੀ, 2014 ਅਤੇ 2019 ਦੀਆਂ ਆਮ ਚੋਣਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਅਤੇ ਰਾਜਾ ਵੜਿੰਗ ਹਾਰੇ ਸਨ।

ਇੱਥੋਂ ਲੜਨ ਵਾਲੇ ਚਿਹਰੇ – 1989 ਦੀਆਂ ਆਮ ਚੋਣਾਂ ਵਿੱਚ ਇੱਥੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਸੁੱਚਾ ਸਿੰਘ ਚੋਣਾਂ ਲੜੇ ਅਤੇ ਜਿੱਤੇ ਸਨ। ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪਿਤਾ ਸਨ।

ਇੱਥੋਂ ਹੀ ਭਾਰਤ ਦੇ ਸਾਬਕਾ ਰਾਜਦੂਤ ਰਹਿ ਚੁੱਕੇ ਹਰਿੰਦਰ ਸਿੰਘ ਖਾਲਸਾ ਨੇ 1996 ਵਿੱਚ ਚੋਣ ਲੜੀ ਅਤੇ ਜਿੱਤੀ ਸੀ ਉਹ 2014 ਵਿੱਚ ਅਨੰਦਪੁਰ ਸਾਹਿਬ ਤੋਂ ਆਪ ਵੱਲੋਂ ਐੱਮਪੀ ਵੀ ਬਣੇ ਸਨ।

1999 ਦੀਆਂ ਆਮ ਚੋਣਾਂ ਵਿੱਚ ਇੱਥੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਆਗੂ ਭਾਨ ਸਿੰਘ ਭੌਰਾ ਵੀ ਚੋਣ ਜਿੱਤੇ ਸਨ।

ਇੱਥੋਂ ਦੇ ਹੀ ਮੌੜ ਹਲਕੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 31 ਜਨਵਰੀ ਨੂੰ ਇੱਕ ਮਰੂਤੀ 800 ਕਾਰ ਵਿੱਚ ਲੱਗਿਆ ਬੰਬ ਫਟਣ ਕਾਰਨ ਕੁਲ 7 ਜਣਿਆਂ ਦੀ ਮੌਤ ਹੋ ਗਈ ਸੀ ਅਤੇ 25 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।

ਇਹ ਬੰਬ ਧਮਾਕਾ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਨੇੜੇ ਹੋਇਆ ਸੀ।

ਹਰਮਿੰਦਰ ਜੱਸੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਹਨ।

ਹੁਸ਼ਿਆਰਪੁਰ: ਆਗੂ ਕਾਂਸ਼ੀਰਾਮ ਜਿੱਥੋਂ ਸੰਸਦ ਪਹੁੰਚੇ

ਕਾਂਸ਼ੀਰਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਸ਼ਿਆਰਪੁਰ ਸੀਟ ਤੋਂ ਮਰਹੂਮ ਦਲਿਤ ਆਗੂ ਕਾਂਸ਼ੀਰਾਮ ਵੀ ਜੇਤੂ ਰਹਿ ਚੁੱਕੇ ਹਨ

ਹੁਸ਼ਿਆਪੁਰ ਲੋਕ ਸਭਾ ਹਲਕਾ ਦੇਸ਼ ਵਿਚਲੀ ਦਲਿਤ ਸਿਆਸਤ ਦੇ ਵੱਡੇ ਆਗੂ ਕਾਂਸ਼ੀ ਰਾਮ ਨੂੰ ਲੋਕ ਸਭਾ ਵਿੱਚ ਭੇਜਣ ਲਈ ਵੀ ਜਾਣਿਆਂ ਜਾਂਦਾ ਹੈ।

ਉਨ੍ਹਾਂ ਨੂੰ ‘ਬਹੁਜਨ ਨਾਇਕ’ ਜਾਂ ‘ਮਾਨਿਆਵਰ’ ਵਜੋਂ ਜਾਣਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਉਹ ਈਸਟ ਦਿੱਲੀ ਹਲਕੇ ਤੋਂ ਐੱਚਕੇਐੱਲ ਭਗਤ ਅਤੇ ਅਮੇਠੀ ਤੋਂ ਰਾਜੀਵ ਗਾਂਧੀ ਤੋਂ ਚੋਣਾਂ ਹਾਰ ਚੁੱਕੇ ਸਨ।

1996 ਵਿੱਚ ਕਾਂਸ਼ੀਰਾਮ ਨੂੰ ਇੱਥੋਂ 2, 30, 011 ਵੋਟਾਂ ਪਈਆਂ ਸਨ ਉਹ ਕਰੀਬ 11 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਲੋਕ ਸਭਾ ਵਿੱਚ ਗਏ ਸਨ।

ਅੰਕੜਿਆਂ ਮੁਤਾਬਕ ਇਨ੍ਹਾਂ ਚੋਣਾਂ ਵਿੱਚ 10,36,111 ਵੋਟਰਾਂ ਵਿੱਚੋਂ 5, 93 425 ਲੋਕਾਂ ਨੇ ਹੀ ਵੋਟ ਪਾਈ ਸੀ।

ਇਨ੍ਹਾਂ ਚੋਣਾਂ ਦੌਰਾਨ ਹੀ ਹੁਸ਼ਿਆਰਪੁਰ ਦੇ ਰੌਸ਼ਨ ਮੈਦਾਨ ਵਿੱਚ ਉਨ੍ਹਾਂ ਨੇ ਦਲਿਤ ਸਿਆਸਤ ਬਾਰੇ ਯਾਦਗਾਰੀ ਭਾਸ਼ਣ ਵੀ ਦਿੱਤਾ ਸੀ।

ਇਹ ਲੋਕ ਸਭਾ ਚੋਣ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਵਿੱਚ ਲੜੀ ਸੀ। ਪਰ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਬਸਪਾ ਨਾਲੋਂ ਤੋੜ ਵਿਛੋੜਾ ਕਰਕੇ ਭਾਜਪਾ ਨਾਲ ਚੋਣਾਂ ਲੜ ਕੇ ਸਰਕਾਰ ਬਣਾਈ ਸੀ।

ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ, ਭਾਰਤ ਦੇ ਰੱਖਿਆ ਮੰਤਰੀ ਰਹੇ ਸਰਦਾਰ ਬਲਦੇਵ ਸਿੰਘ ਵੀ ਜੇਤੂ ਰਹਿ ਚੁੱਕੇ ਹਨ।

ਇੱਥੋਂ ਸਾਲ 2014 ਅਤੇ 2019 ਦੀ ਚੋਣ ਭਾਜਪਾ ਦੇ ਉਮੀਦਵਾਰਾਂ ਵਿਜੈ ਸਾਂਪਲਾ ਅਤੇ ਸੋਮ ਪ੍ਰਕਾਸ਼ ਨੇ ਜਿੱਤੀ।

ਖਡੂਰ ਸਾਹਿਬ: ਪੰਥਕ ਸਿਆਸਤ ਦਾ ਗੜ੍ਹ

ਖਡੂਰ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਡੂਰ ਸਾਹਿਬ ਸੀਟ ਪੰਥਕ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਹੈ

ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੰਥਕ ਮਸਲਿਆਂ ਦਾ ਭਾਰੀ ਦਬਦਬਾ ਰਹਿੰਦਾ ਹੈ।ਇਹ ਹਲਕਾ ਸਾਲ 2008 ਵਿੱਚ ਤਰਨਤਾਰਨ ਹਲਕੇ ਦੀ ਥਾਂ ਹੋਂਦ ਵਿੱਚ ਆਇਆ।

ਇਹ ਸੀਟ ਪੰਥਕ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਹੈ।

ਇਸ ਹਲਕੇ ਵਿੱਚ ਜੰਡਿਆਲਾ, ਤਰਨਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ ਜਿਹੇ ਹਲਕੇ ਆਉਂਦੇ ਹਨ ਜੋ ਪੰਜਾਬ ਵਿੱਚ ਹਿੰਸਾ ਦੇ ਦੌਰ ਵੇਲੇ ਕਾਫੀ ਪ੍ਰਭਾਵਿਤ ਰਹੇ ਸਨ।

2019 ਵਿੱਚ ਇੱਥੋਂ ਲੋਕ ਸਭਾ ਮੈਂਬਰ ਬਣੇ ਜਸਬੀਰ ਸਿੰਘ ਗਿੱਲ ਦੇ ਪਿਤਾ ਨੂੰ ਸਾਲ 1986 ਵਿੱਚ ਹਮਲਾਵਰਾਂ ਵੱਲੋਂ ਮਾਰ ਦਿੱਤਾ ਗਿਆ ਸੀ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹਿ ਚੁੱਕੇ ਬੀਬੀ ਜਗੀਰ ਕੌਰ ਅਤੇ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੀ ਚੋਣ ਮੈਦਾਨ ਵਿੱਚ ਆਏ ਸਨ।

ਪੰਜਾਬ ਏਕਤਾ ਪਾਰਟੀ ਵੱਲੋਂ ਚੋਣ ਲੜੇ ਪਰਮਜੀਤ ਕੌਰ ਨੂੰ ਕਰੀਬ 2,14,489 ਵੋਟਾਂ ਪਈਆਂ ਸਨ।

ਤਰਨਤਾਰਨ ਲੋਕ ਸਭਾ ਹਲਕੇ ਸਮੇਂ 1989 ਵਿੱਚ ਹੋਈਆਂ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਨਾਮ ਇੱਥੋਂ ਹੀ ਜਿੱਤ ਹਾਸਲ ਕੀਤੀ ਸੀ, ਉਦੋਂ ਇਸ ਹਲਕੇ ਦਾ ਨਾਂ ਤਰਨ ਤਾਰਨ ਹੁੰਦਾ ਸੀ ਅਤੇ ਸਿਮਰਨਜੀਤ ਸਿੰਘ ਮਾਨ ਜੇਲ੍ਹ ਵਿੱਚੋਂ ਚੋਣ ਲੜ੍ਹੇ ਸਨ।

ਇਹ ਚੋਣ ਸਿਮਰਨਜੀਤ ਸਿੰਘ ਮਾਨ ਨੇ ਰਿਕਾਰਡ(4.80 ਲੱਖ ਦੇ ਕਰੀਬ) ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ।

ਇਹ ਵੀ ਪੜ੍ਹੋ-

ਪਟਿਆਲਾ : ਸ਼ਾਹੀ ਘਰਾਣੇ ਦਾ ‘ਹੋਮ ਗਰਾਊਂਡ’

ਪਟਿਆਲਾ ਲੋਕ ਸਭਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਹਲਕਾ ਪੰਜਾਬ ਦੇ ‘ਪਟਿਆਲਾ ਸ਼ਾਹੀ ਘਰਾਣੇ’ ਦਾ ‘ਹੋਮ ਗ੍ਰਾਊਂਡ’ ਹੈ

ਪਟਿਆਲਾ ਲੋਕ ਸਭਾ ਹਲਕੇ ਉੱਤੇ ਰਵਾਇਤੀ ਤੌਰ ਉੱਤੇ ਕਾਂਗਰਸ ਦਾ ਦਬਦਬਾ ਰਿਹਾ ਹੈ, ਇੱਥੋਂ ਸਾਲ 1952, 57, 62, 67, 71, 80, 91, 99, 2004, 2009, 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਜਿੱਤਦੇ ਰਹੇ ਹਨ।

ਇਹ ਹਲਕਾ ਪੰਜਾਬ ਦੇ ‘ਪਟਿਆਲਾ ਸ਼ਾਹੀ ਘਰਾਣੇ’ ਦਾ ‘ਹੋਮ ਗਰਾਊਂਡ’ ਹੈ।

ਇੱਥੋਂ ਸਾਲ 1967 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮੋਹਿੰਦਰ ਕੌਰ ਚੋਣਾਂ ਜਿੱਤੇ ਸਨ।

ਕੈਪਟਨ ਅਮਰਿੰਦਰ ਸਿੰਘ 1980 ਵਿੱਚ ਇੱਥੋਂ ਹੀ ਲੋਕ ਸਭਾ ਮੈਂਬਰ ਬਣੇ ਸਨ, ਉਨ੍ਹਾਂ ਨੇ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੇ ਰੋਸ ਵਿੱਚ ਅਸਤੀਫ਼ਾ ਦੇ ਦਿੱਤਾ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਚਾਰ ਵਾਰੀ ਲੋਕ ਸਭਾ ਵਿੱਚ ਕਾਂਗਰਸ ਦੀ ਟਿਕਟ ਉੱਤੇ ਪਟਿਆਲਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਉਹ 2024 ਦੀ ਚੋਣਾਂ ਭਾਜਪਾ ਦੀ ਟਿਕਟ ਉੱਤੇ ਲੜ ਰਹੇ ਹਨ।

ਆਪ ਵੱਲੋਂ ਚੋਣ ਲੜਦਿਆਂ ਧਰਮਵੀਰ ਗਾਂਧੀ 2014 ਵਿੱਚ ਚੋਣਾਂ ਜਿੱਤੇ ਸਨ, ਉਹ ਹੁਣ ਕਾਂਗਰਸ ਪਾਰਟੀ ਵਿੱਚ ਹਨ।

ਅੰਮ੍ਰਿਤਸਰ: ਪੰਜਾਬ ਦੀ 'ਹਾਈ ਪ੍ਰੋਫਾਈਲ' ਸੀਟ

ਅੰਮ੍ਰਿਤਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2014 ਅਤੇ 2019 ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਵੱਲੋਂ ਇੱਥੋਂ ਦੋ ਵੱਡੇ ਚਿਹਰੇ – ਅਰੁਣ ਜੇਤਲੀ ਅਤੇ ਹਰਦੀਪ ਸਿੰਘ ਪੁਰੀ ਚੋਣਾਂ ਵਿੱਚ ਉਤਾਰੇ ਗਏ ਸਨ, ਪਰ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ

ਪੰਜਾਬ ਦੀ ਸਭਿਆਚਾਰਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਅੰਮ੍ਰਿਤਸਰ ਲੋਕ ਸਭਾ ਹਲਕਾ ਕੌਮੀ ਪੱਧਰ ਉੱਤੇ ਅਹਿਮੀਅਤ ਰੱਖਦਾ ਹੈ।

2014 ਅਤੇ 2019 ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਵੱਲੋਂ ਇੱਥੋਂ ਦੋ ਵੱਡੇ ਚਿਹਰੇ – ਅਰੁਣ ਜੇਤਲੀ ਅਤੇ ਹਰਦੀਪ ਸਿੰਘ ਪੁਰੀ ਚੋਣਾਂ ਵਿੱਚ ਉਤਾਰੇ ਗਏ ਸਨ, ਪਰ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਵਾਰੀ ਵੀ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਤਰਨਜੀਤ ਸਿੰਘ ਸੰਧੂ ਭਾਜਪਾ ਦੀ ਟਿਕਟ ਉੱਤੇ ਚੋਣ ਲੜ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਸਮੇਂ ਇਹ ਸੀਟ ਭਾਜਪਾ ਦੇ ਹਿੱਸੇ ਆਉਂਦੀ ਰਹੀ ਹੈ।ਨਵਜੋਤ ਸਿੰਘ ਸਿੱਧੂ ਇੱਥੋਂ ਤਿੰਨ ਵਾਰੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।

ਪੰਜਾਬ ਦੇ ਇਤਿਹਾਸ ਦੇ ਨਾਲ-ਨਾਲ ਧਾਰਮਿਕ ਪੱਖੋਂ ਵੀ ਅੰਮ੍ਰਿਤਸਰ ਭਾਰੀ ਮਹੱਤਤਾ ਰੱਖਦਾ ਹੈ। ਵਾਹਗਾ ਬਾਰਡਰ, ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਹੋਰ ਕਈ ਇਤਿਹਾਸਕ ਇਮਾਰਤਾਂ ਕਾਰਨ ਇਹ ਸੈਰ-ਸਪਾਟੇ ਦਾ ਵੀ ਕੇਂਦਰ ਹੈ।

ਆਜ਼ਾਦੀ ਤੋਂ ਪਹਿਲਾਂ ਜ਼ਲ੍ਹਿਆਂਵਾਲਾ ਬਾਗ਼ ਅਤੇ 1984 'ਚ ਆਪ੍ਰੇਸ਼ਨ ਬਲੂ ਸਟਾਰ ਜਿਹੀਆਂ ਵੱਡੀਆਂ ਘਟਨਾਵਾਂ ਵਾਪਰੀਆਂ।

ਸਾਲ 1989 ਨੂੰ ਛੱਡ ਕੇ ਇੱਥੋਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਹੀ ਜਿੱਤਦੇ ਰਹੇ ਹਨ।

ਇੱਥੋਂ ਕਾਂਗਰਸ ਦੇ ਰਘੂਨੰਦਨ ਲਾਲ ਭਾਟੀਆ ਪੰਜ ਵਾਰੀ ਚੋਣਾਂ ਜਿੱਤ ਚੁੱਕੇ ਹਨ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੀ ਤਿੰਨ ਵਾਰੀ ਐੱਮਪੀ ਦੀ ਚੋਣ ਜਿੱਤ ਚੁੱਕੇ ਹਨ।

ਜਲੰਧਰ: ਪੰਜਾਬ ‘ਚ ਦਲਿਤ ਸਿਆਸਤ ਦਾ ਕੇਂਦਰ

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਇੱਥੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ

ਜਲੰਧਰ ਨੂੰ ਪੰਜਾਬ ਵਿਚਲੀ ਦਲਿਤ ਸਿਆਸਤ ਦਾ ਕੇਂਦਰ ਮੰਨਿਆ ਜਾਂਦਾ ਹੈ। ਇਹ ਪੰਜਾਬ ਦੇ ਚਾਰ ਰਾਖਵਿਆਂ ਹਲਕਿਆਂ ਵਿੱਚੋਂ ਇੱਕ ਹੈ।

ਇੱਥੋਂ ਦੀ ਬੂਟਾਂ ਮੰਡੀ ਦਲਿਤ ਪੁਨਰਜਾਗਰਣ ਦਾ ਕੇਂਦਰ ਰਹੀ ਹੈ।ਇਹ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਚਮੜੇ ਦੇ ਵਪਾਰ ਲਈ ਪ੍ਰਸਿੱਧ ਹੈ।

ਇੱਥੇ ਸਤੰਬਰ 1951 ਵਿੱਚ ਡਾ ਭੀਮ ਰਾਓ ਅੰਬੇਡਕਰ ਇੱਕ ਦਲਿਤ ਆਗੂ ਦੇ ਘਰ ਜਿਸ ਨੂੰ ‘ਕਿਸ਼ਨ ਦਾਸ ਦਾ ਚੌਬਾਰਾ’ ਕਿਹਾ ਜਾਂਦਾ ਸੀ ਵਿੱਚ ਰੁਕੇ ਸਨ।

ਇੱਥੇ ਉਨ੍ਹਾਂ ਦਾ ਸਵਾਗਤ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਭਰੇ ਉਤਸ਼ਾਹ ਨਾਲ ਕੀਤਾ ਗਿਆ ਸੀ।

ਇੱਥੋਂ ਸੰਤੋਖ ਸਿੰਘ ਚੌਧਰੀ 2014 ਤੇ 2019 ਵਿੱਚ ਚੋਣਾਂ ਜਿੱਤੇ ਸਨ, ਉਨ੍ਹਾਂ ਦੀ ਮੌਤ ਤੋਂ ਬਾਅਦ 2023 ਵਿੱਚ ਇੱਥੋਂ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਚੋਣ ਜਿੱਤੀ ਸੀ। ਰਿੰਕੂ ਹੁਣ ਭਾਜਪਾ ਵੱਲੋਂ ਚੋਣ ਲੜ ਰਹੇ ਹਨ।

ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਥੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।

1962 ਤੋਂ ਲੈ ਕੇ 2004 ਤੱਕ ਫ਼ਿਲੌਰ ਵੀ ਇੱਕ ਪਾਰਲੀਮੈਂਟਰੀ ਸੀਟ ਰਿਹਾ ਹੈ। 2008 ਦੀ ਡੀਲਿਮੀਟੇਸ਼ਨ ਵਿੱਚ ਇਸ ਨੂੰ ਭੰਗ ਕਰ ਦਿੱਤਾ ਗਿਆ ਸੀ।

ਗੁਰਦਾਸਪੁਰ: ਦੋ ਬਾਲੀਵੁੱਡ ਕਲਾਕਾਰਾਂ ਨੂੰ ਲੋਕ ਸਭਾ ਭੇਜਣ ਵਾਲਾ ਹਲਕਾ

ਗੁਰਦਾਸਪੁਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸੰਨੀ ਦਿਓਲ ਨੂੰ ਕੁਲ 5 ਲੱਖ 58 ਹਜ਼ਾਰ ਵੋਟਾਂ ਪਈਆਂ ਸਨ

ਪੰਜਾਬ ਦਾ ਗੁਰਦਾਸਪੁਰ ਲੋਕ ਸਭਾ ਹਲਕਾ ਵਿਨੋਦ ਖੰਨਾ ਅਤੇ ਸੰਨੀ ਦਿਓਲ ਨੂੰ ਲੋਕ ਸਭਾ ਭੇਜਣ ਲਈ ਜਾਣਿਆ ਜਾਂਦਾ ਹੈ।

ਇੱਥੋਂ ਵਿਨੋਦ ਖੰਨਾ ਚਾਰ ਵਾਰੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਸਨ, ਉਹ ਸਾਲ 1998, 1999, 2004 ਅਤੇ 2014 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ਜਿੱਤੇ ਸਨ।

2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸੰਨੀ ਦਿਓਲ ਨੂੰ ਕੁਲ 5 ਲੱਖ 58 ਹਜ਼ਾਰ ਵੋਟਾਂ ਪਈਆਂ ਸਨ।

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਸੁਖਬੰਸ ਕੌਰ ਦੇ ਨਾਮ ਇੱਥੋਂ ਪੰਜ ਵਾਰ ਲੋਕ ਸਭਾ ਵਿੱਚ ਚੁਣੇ ਜਾਣ ਦਾ ਰਿਕਾਰਡ ਦਰਜ ਹੈ।

ਗੁਰਦਾਸਪੁਰ ਵਿੱਚ ਸੁਜਾਨਪੁਰ, ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਪੈਂਦੇ ਹਨ।

ਫਰੀਦਕੋਟ: ਗਾਇਕਾਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਜਿੱਥੇ ਭਖਿਆ ਅਖਾੜਾ

ਫਰੀਦਕੋਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰੀਦਕੋਟ ਹਲਕੇ ਵਿੱਚ ਧਰਮਕੋਟ, ਗਿੱਦੜਬਾਹਾ, ਜੈਤੋਂ, ਕੋਟਕਪਰਾ ਅਤੇ ਮੋਗਾ ਜਿਹੇ ਸਿਆਸੀ ਤੌਰ ਉੱਤੇ ਚਹਿਲ-ਪਹਿਲ ਵਾਲੇ ਹਲਕੇ ਪੈਂਦੇ ਹਨ

ਮਾਲਵਾ ਖਿੱਤੇ ਦਾ ਫਰੀਦਕੋਟ ਹਲਕਾ ਇਨ੍ਹਾਂ ਚੋਣਾਂ ਵਿੱਚ ਇਸ ਕਰਕੇ ਚਰਚਾ ਵਿੱਚ ਹੈ ਕਿਉਂਕਿ ਇੱਥੋਂ ਦੋ ਪਾਰਟੀਆਂ ਵੱਲੋਂ ਗਾਇਕਾਂ ਨੂੰ ਟਿਕਟ ਦਿੱਤੀ ਗਈ ਹੈ।

2019 ਵਿੱਚ ਹੋਈਆਂ ਚੋਣਾਂ ਵਿੱਚ ਮੁਹੰਮਦ ਸਦੀਕ ਇੱਥੋਂ ਲੋਕ ਸਭਾ ਮੈਂਬਰ ਬਣੇ ਸਨ, ਉਹ ਪੰਜਾਬ ਦੇ ਇੱਕ ਪ੍ਰਸਿੱਧ ਲੋਕ ਗਾਇਕ ਹਨ।

ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਭਾਜਪਾ ਵੱਲੋਂ ਹੰਸ ਰਾਜ ਹੰਸ ਚੋਣ ਲੜਨਗੇ।

ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ।

ਫਰੀਦਕੋਟ ਲੋਕ ਸਭਾ ਹਲਕਾ ਇੱਕ ਰਾਖਵਾਂ ਹਲਕਾ ਹੈ। ਇਸ ਹਲਕੇ ਵਿੱਚ ਪੇਂਡੂ ਇਲਾਕਿਆਂ ਦਾ ਬੋਲਬਾਲਾ ਹੈ।

ਇੱਥੋਂ ਕਈ ਨਾਮੀ ਸਿਆਸਤਦਾਨ ਵੀ ਚੁਣੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਗਮੀਤ ਸਿੰਘ ਬਰਾੜ ਅਤੇ ਜਗਦੇਵ ਸਿੰਘ ਖੁੱਡੀਆਂ ਦਾ ਨਾਮ ਆਉਂਦਾ ਹੈ।

ਫਰੀਦਕੋਟ ਹਲਕੇ ਵਿੱਚ ਧਰਮਕੋਟ, ਗਿੱਦੜਬਾਹਾ, ਜੈਤੋਂ, ਕੋਟਕਪਰਾ ਅਤੇ ਮੋਗਾ ਜਿਹੇ ਸਿਆਸੀ ਤੌਰ ਉੱਤੇ ਚਹਿਲ-ਪਹਿਲ ਵਾਲੇ ਹਲਕੇ ਪੈਂਦੇ ਹਨ।

ਇਸੇ ਲੋਕ ਸਭਾ ਹਲਕੇ ਵਿੱਚ ਪੈਂਦੇ ਪਿੰਡ ਬਰਗਾੜੀ ਵਿੱਚ ਸਾਲ 2015 ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ, ਜਿਸ ਦੇ ਇਲਜ਼ਾਮ ਡੇਰਾ ਸੱਚਾ ਸੌਦਾ ਨਾਲ ਸਬੰਧਤ ਲੋਕਾਂ ਉੱਤੇ ਲੱਗੇ ਸਨ।

ਬੇਅਦਬੀ ਦੇ ਰੋਸ ਵਿੱਚ ਬਹਿਬਲ ਕਲਾਂ ਵਿੱਚ ਲੱਗੇ ਧਰਨੇ ਵਿੱਚ ਕਥਿਤ ਪੁਲਿਸ ਫਾਇਰਿੰਗ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਸੀ।

ਇਸ ਵੇਲੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਸੀ।

ਇਸ ਪੂਰੇ ਘਟਨਾਕ੍ਰਮ ਨੇ ਪੰਜਾਬ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਾਫ ਨੂੰ ਕਾਫੀ ਹੇਠਾਂ ਡੇਗ ਦਿੱਤਾ ਸੀ।

ਲੁਧਿਆਣਾ: ਪੰਜਾਬ ਦਾ ਸਨਅਤੀ ਕੇਂਦਰ

ਲੁਧਿਆਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੁਧਿਆਣਾ ਪੰਜਾਬ ਦਾ ਸਨਅਤੀ ਸ਼ਹਿਰ ਹੈ

ਲੁਧਿਆਣਾ ਪੰਜਾਬ ਦਾ ਸਨਅਤੀ ਸ਼ਹਿਰ ਹੈ , ਇੱਥੋਂ ਦੇ ਸਾਹਨੇਵਾਲ, ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ, ਲੁਧਿਆਣਾ ਦੱਖਣੀ ਅਤੇ ਉੱਤਰੀ ਹਲਕਿਆਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਹਨ।

ਸਾਲ 2022 ਵਿੱਚ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਵਾਸੀਆਂ ਪ੍ਰਤੀ ਉਨ੍ਹਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ, ਇਸ ਦਾ ਲੁਧਿਆਣਾ ਵਿੱਚ ਰਹਿੰਦੇ ਪ੍ਰਵਾਸੀ ਭਾਈਚਾਰੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ।

ਲੁਧਿਆਣਾ ਤੋਂ ਸਿੱਖ ਵਿਦਵਾਨ ਰਹੇ ਸਰਦਾਰ ਕਪੂਰ ਸਿੰਘ ਦੇ ਨਾਲ-ਨਾਲ ਅਜੀਤ ਸਿੰਘ ਸਰੱਹਦੀ, ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਗਾਲਿਬ ਜਿਹੇ ਵੱਡੇ ਆਗੂ ਵੀ ਜਿੱਤਦੇ ਰਹੇ ਹਨ।

ਹਿੰਦੂ ਬਹੁਗਿਣਤੀ ਵਾਲਾ ਸ਼ਹਿਰੀ ਹਲਕਾ ਹੋਣ ਦੇ ਬਾਵਜੂਦ ਇੱਥੋਂ ਸਾਲ 2009 ਨੂੰ ਛੱਡ ਕੇ ਬਾਕੀ ਸਾਲਾਂ ਵਿੱਚ ਸੰਸਦ ਮੈਂਬਰ ਸਿੱਖ ਸਿੱਖ ਭਾਈਚਾਰੇ ਨਾਲ ਹੀ ਸਬੰਧਤ ਰਹੇ ਹਨ।

ਸਾਲ 2009 ਵਿੱਚ ਇੱਥੋਂ ਮਨੀਸ਼ ਤਿਵਾੜੀ ਨੇ ਜਿੱਤ ਹਾਸਲ ਕੀਤੀ ਸੀ।

ਇੱਥੋਂ ਦੇ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਅਤੇ ਕਾਂਗਰਸ ਦਾ ਦਬਦਬਾ ਰਹਿੰਦਾ ਹੈ ਪਰ ਪੇਂਡੂ ਇਲਾਕਿਆਂ ਅਤੇ ਸ਼ਹਿਰ ਵਿਚਲੀ ਸਿੱਖ ਵੋਟ ਹਾਸਲ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਸਫ਼ਲ ਹੁੰਦਾ ਰਿਹਾ ਹੈ।

ਇਸ ਦੇ ਨਾਲ ਹੀ ਇੱਥੇ ਰਾਮਗੜ੍ਹੀਆ ਸਿੱਖ ਵੋਟਰਜ਼ ਦੀ ਵੀ ਬਹੁਤਾਂਤ ਹੈ, ਜੋ ਇੱਥੋਂ ਦੇ ਗਿੱਲ ਹਲਕੇ ਵਿੱਚ ਲਘੂ ਉਦਯੋਗ ਅਤੇ ਹੋਰ ਕਾਰਖ਼ਾਨਿਆਂ ਨਾਲ ਜੁੜੇ ਹੋਏ ਹਨ।

ਮੁੰਜਾਲ ਗਰੁੱਪ, ਏਵਨ ਸਾਈਕਲਜ਼ ਜਿਹੀਆਂ ਵਪਾਰਕ ਕੰਪਨੀਆਂ ਦੇ ਨਾਲ-ਨਾਲ ਭਾਰਤ ਦੇ ਕਈ ਵੱਡੇ ਉਦਯੋਗਿਕ ਚਿਹਰੇ ਇਸ ਸ਼ਹਿਰ ਨਾਲ ਸਬੰਧ ਰੱਖਦੇ ਹਨ।

ਆਨੰਦਪੁਰ ਸਾਹਿਬ: ਪੰਜਾਬ ਦੀ ਫ਼ਿਰਕੂ ਸਦਭਾਵਨਾ ਦੀ ਮਿਸਾਲ ਮੰਨਿਆ ਜਾਂਦਾ ਹਲਕਾ

ਆਨੰਦਪੁਰ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਰਲੀਮੈਂਟ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਸੰਸਦ ਮੈਂਬਰ ਹੁੰਦਿਆਂ ਭਗਵੰਤ ਮਾਨ ਨੇ ਪੰਜਾਬ ਵਿੱਚ ਫ਼ਿਰਕੂ ਸਦਭਾਵਨਾ ਬਾਰੇ ਇਸ ਹਲਕੇ ਦੀ ਉਦਾਹਰਨ ਦਿੱਤੀ ਸੀ

ਇਹ ਹਲਕਾ ਵੀ ਸਾਲ 2009 ਵਿੱਚ ਹੋਂਦ ਵਿੱਚ ਆਇਆ ਸੀ। ਇਹ ਹਲਕਾ ਹੁਸ਼ਿਆਰਪੁਰ ਅਤੇ ਰੋਪੜ ਲੋਕ ਸਭਾ ਵਿਚਲੇ ਹਲਕਿਆਂ ਨੂੰ ਰਲਾ ਕੇ ਬਣਾਇਆ ਗਿਆ ਸੀ।

ਪਾਰਲੀਮੈਂਟ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਸੰਸਦ ਮੈਂਬਰ ਹੁੰਦਿਆਂ ਭਗਵੰਤ ਮਾਨ ਨੇ ਪੰਜਾਬ ਵਿੱਚ ਫ਼ਿਰਕੂ ਸਦਭਾਵਨਾ ਬਾਰੇ ਇਸ ਹਲਕੇ ਦੀ ਉਦਾਹਰਨ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਖਾਲਸਾ ਪੰਥ ਦੀ ਜਨਮ ਭੂਮੀ ਵਜੋਂ ਜਾਣਿਆ ਹੈ ਪਰ ਇੱਥੋਂ ਕਾਂਗਰਸੀ ਆਗੂ ਮਨੀਸ਼ ਤਿਵਾੜੀ ਜੋ ਕਿ ਹਿੰਦੂ ਹਨ ਲੋਕ ਸਭਾ ਤੋਂ ਚੁਣੇ ਗਏ ਹਨ।

ਰੋਪੜ ਲੋਕ ਸਭਾ ਹਲਕੇ ਵਿੱਚ ਆਉਂਦੇ ਕਈ ਇਲਾਕੇ ਆਨੰਦਪੁਰ ਸਾਹਿਬ ਵਿੱਚ ਜੋੜੇ ਗਏ ਸਨ।

ਰੋਪੜ ਲੋਕ ਸਭਾ ਹਲਕੇ ਤੋਂ ਪੰਜਾਬ ਦੇ ਸਿਆਸੀ ਦ੍ਰਿਸ਼ ਉੱਤੇ ਵੱਡਾ ਮਾਅਰਕਾ ਮਾਰਨ ਵਾਲੇ ਕਈ ਚਿਹਰੇ ਆਏ ਹਨ।

ਰੋਪੜ ਲੋਕ ਸਭਾ ਤੋਂ ਹੀ ਭਾਰਤ ਦੇ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਤਿੰਨ ਵਾਰੀ ਲੋਕ ਸਭਾ ਮੈਂਬਰ ਚੁਣੇ ਗਏ ਸਨ।

ਇਸ ਹਲਕੇ ਤੋਂ ਹੀ 1989 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਦੇ ਕਤਲ ਦੇ ਦੋਸ਼ੀ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਖਾਲਸਾ ਚੋਣਾਂ ਜਿੱਤੇ ਸਨ।

ਫਤਿਹਗੜ੍ਹ ਸਾਹਿਬ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ

ਖੰਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੰਨਾ ਦੀ ਅਨਾਜ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ

ਇਹ ਲੋਕ ਸਭਾ ਹਲਕਾ ਵੀ ਸਾਲ 2009 ਵਿੱਚ ਹੋਂਦ ਵਿੱਚ ਆਇਆ ਸੀ। ਇਹ ਪੰਜਾਬ ਦੇ ਰਾਖਵੇਂ ਹਲਕਿਆਂ ਵਿਚੋਂ ਇੱਕ ਹੈ।

ਹਲਕੇ ਵਿੱਚ ਰਾਮਦਾਸੀਆ ਸਿੱਖ ਵੋਟ ਕਾਫੀ ਮਾਅਨੇ ਰੱਖਦੀ ਹੈ ਅਤੇ ਉਮੀਦਵਾਰਾਂ ਦੀ ਚੋਣ ਅਤੇ ਦਾਅਵੇਦਾਰੀ ਉੱਤੇ ਵੀ ਇਸ ਦਾ ਅਸਰ ਪੈਂਦਾ ਹੈ।

ਵੱਖ-ਵੱਖ ਪਾਰਟੀਆਂ ਵੱਲੋਂ ਐਲਾਨੇ ਗਏ ਲੋਕ ਸਭਾ ਉਮੀਦਵਾਰ ਵੀ ਇਸੇ ਜੋੜ ਤੋੜ ਨੂੰ ਧਿਆਨ ਵਿੱਚ ਰੱਖ ਕੇ ਚੁਣੇ ਜਾਂਦੇ ਹਨ।

ਇਸ ਹਲਕੇ ਵਿੱਚ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਜਿਹੇ ਸ਼ਹਿਰ ਵੀ ਪੈਂਦੇ ਹਨ, ਜਿੱਥੋਂ ਦੀ ਸ਼ਹਿਰੀ ਵੋਟ ਵੀ ਸਿਆਸੀ ਹਿਸਾਬ ਕਿਤਾਬ ਵਿੱਚ ਕਾਫੀ ਮਾਅਨੇ ਰੱਖਦੀ ਹੈ।

ਖੰਨਾ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਪੈਂਦੀ ਹੈ, ਦਿੱਲੀ-ਪੰਜਾਬ ਮੁੱਖ ਕੌਮੀ ਮਾਰਗ ਉੱਤੇ ਹੋਣ ਕਰਕੇ ਇਹ ਇੱਕ ਵੱਡਾ ਵਪਾਰਕ ਕੇਂਦਰ ਰਿਹਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)