ਲੋਕ ਸਭਾ ਚੋਣਾਂ 2024: 5 ਕੈਬਨਿਟ ਮੰਤਰੀਆਂ ਸਣੇ ਪੰਜਾਬ ਦੇ 13 ਹਲਕਿਆਂ ਉੱਤੇ 'ਆਪ' ਨੇ ਕਿਹੜੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ

ਤਸਵੀਰ ਸਰੋਤ, Facebook
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਇਨ੍ਹਾਂ ਉਮੀਦਵਾਰਾਂ ਵਿੱਚ 5 ਕੈਬਨਿਟ ਮੰਤਰੀਆਂ ਸਣੇ ਮੌਜੁਦਾ ਵਿਧਾਇਕ ਵੀ ਸ਼ਾਮਲ ਹਨ।
ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ 'ਆਪ' ਵਿੱਚ ਆਏ ਪਵਨ ਕੁਮਾਰ ਟੀਨੂੰ ਨੂੰ ਵੀ ਟਿਕਟ ਦਿੱਤੀ ਹੈ।
ਆਓ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਉੱਤੇ ਸੰਖੇਪ ਝਾਤ ਮਾਰਦੇ ਹਾਂ-
ਜਲੰਧਰ - ਪਵਨ ਕੁਮਾਰ ਟੀਨੂੰ

ਤਸਵੀਰ ਸਰੋਤ, X/Bhagwant Mann
ਜਲੰਧਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂੰ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਬਹੁਜਨ ਸਮਾਜ ਪਾਰਟੀ ਤੋਂ ਆਪਣਾ ਰਾਜਸੀ ਸਫ਼ਰ ਸ਼ੁਰੂ ਕਰਨ ਮਗਰੋਂ ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਉਹ 2012 ਤੇ 2017 ਵਿੱਚ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ।
ਉਹ ਅਕਾਲੀ ਦਲ ਦੀ ਟਿਕਟ ’ਤੇ ਜਲੰਧਰ ਲੋਕ ਸਭਾ ਹਲਕੇ ਤੋਂ 2014 ਚ ਚੋਣ ਲੜੇ ਪਰ ਕਾਂਗਰਸ ਦੇ ਚੌਧਰੀ ਸੰਤੋਖ਼ ਸਿੰਘ ਹੱਥੋਂ ਹਾਰ ਗਏ ਸਨ।
ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਇੱਕ ਵਾਰ ਫ਼ਿਰ ਅਕਾਲੀ ਦਲ ਵੱਲੋਂ ਚੋਣ ਲੜੇ ਸਨ ਪਰ ਕਾਂਗਰਸ ਦੇ ਸੁਖ਼ਵਿੰਦਰ ਸਿੰਘ ਕੋਟਲੀ ਤੋਂ ਹਾਰ ਗਏ ਸਨ।
ਲੁਧਿਆਣਾ - ਅਸ਼ੋਕ ਪਰਾਸ਼ਰ

ਤਸਵੀਰ ਸਰੋਤ, X/Ashok Parashar
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੇ ਲੁਧਿਆਣਾ ਸੈਂਟਰਲ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਨੂੰ ਉਮੀਦਵਾਰ ਐਲਾਨਿਆ ਹੈ।
ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੋਂ ਕਰੀਬ 4800 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ।
ਗੁਰਦਾਸਪੁਰ - ਅਮਨ ਸ਼ੇਰ ਸਿੰਘ

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਬਟਾਲਾ ਤੋਂ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਅਮਨ ਸ਼ੇਰ ਸਿੰਘ ਨੇ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਪਹਿਲੀ ਚੋਣ ਲੜੀ ਸੀ।
ਉਹ ਆਪ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ ਵੀ ਹਨ।
ਫ਼ਿਰੋਜ਼ਪੁਰ - ਜਗਦੀਪ ਸਿੰਘ ਕਾਕਾ ਬਰਾੜ

ਜਗਦੀਪ ਸਿੰਘ ਕਾਕਾ ਬਰਾੜ ਪੰਜਾਬ ਵਿਧਾਨ ਸਭਾ ਵਿੱਚ ਮੁਕਤਸਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ।
ਸਾਲ 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਚੋਣ ਲੜਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਮਲਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਹਰਾਇਆ ਸੀ।
ਹੁਣ ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਉਹ ਮੁਕਤਸਰ ਦੇ ਵਸਨੀਕ ਹਨ।
ਜਗਦੀਪ ਸਿੰਘ ਕਾਕਾ ਬਰਾੜ ਨੇ ਸਾਲ 2017 ਵਿੱਚ ਵੀ ਵਿਧਾਨ ਸਭਾ ਦੀ ਚੋਣ ਸ਼੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਦੀ ਟਿਕਟ ਉੱਤੇ ਲੜੀ ਸੀ, ਪਰ ਉਹ ਹਾਰ ਗਏ ਸਨ।
ਜਗਦੀਪ ਸਿੰਘ ਕਾਕਾ ਬਰਾੜ ਪੇਸ਼ੇ ਵਜੋਂ ਕਿਸਾਨ ਹਨ ਅਤੇ ਉਹਨਾਂ ਦੀ ਚੱਕ ਜਵਾਹਰੇ ਵਾਲਾ ਵਿੱਚ ਖੇਤੀ ਯੋਗ ਜਮੀਨ ਹੈ।
ਵਿਧਾਇਕ ਬਣਨ ਤੋਂ ਪਹਿਲਾਂ ਉਹ ਦੋ ਵਾਰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਕੌਂਸਲਰ ਰਹਿ ਚੁੱਕੇ ਹਨ।
ਮਾਲਵਿੰਦਰ ਸਿੰਘ ਕੰਗ - ਆਨੰਦਪੁਰ ਸਾਹਿਬ

ਤਸਵੀਰ ਸਰੋਤ, FB/Malwinder Kang
ਮਾਲਵਿੰਦਰ ਸਿੰਘ ਕੰਗ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੁੰਦਿਆਂ ਹੀ ਸਿਆਸਤ ਵਿੱਚ ਸਰਗਰਮ ਹੋ ਗਏ ਸਨ।
ਮਾਲਵਿੰਦਰ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਸਨ।
ਉਨ੍ਹਾਂ ਨੇ ਅਕਤੂਬਰ 2020 ਵਿੱਚ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਕੰਗ ਜੁਲਾਈ 2021 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਅਪ੍ਰੈਲ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦਾ ਕੌਮੀ ਬੁਲਾਰਾ ਬਣਾਇਆ ਗਿਆ ਸੀ
ਡਾ ਰਾਜ ਸਿੰਘ ਚੱਬੇਵਾਲ - ਹੁਸ਼ਿਆਰਪੁਰ

ਤਸਵੀਰ ਸਰੋਤ, X/ AAP Punjab
ਡਾ. ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਦੋ ਵਾਰੀ ਐੱਮਐੱਲਏ ਰਹਿ ਚੁੱਕੇ ਹਨ।
ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਤੋਂ ਚੋਣ ਲੜੀ ਪਰ ਭਾਜਪਾ ਦੇ ਉਮੀਵਾਰ ਸੋਮ ਪ੍ਰਕਾਸ਼ ਤੋਂ ਹਾਰ ਗਏ ਸਨ।
'ਦਿ ਟ੍ਰਿਬਿਊਨ' ਦੀ ਇੱਕ ਰਿਪੋਰਟ ਦੇ ਮੁਤਾਬਕ ਉਨ੍ਹਾਂ ਨੇ ਐੱਮਬੀਬੀਐਸ, ਐੱਮਡੀ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਪੇਸ਼ੇ ਤੋਂ ਰੇਡੀਓਲੋਜਿਸਟ ਵੀ ਹਨ।
ਉਹ ਬੀਤੇ ਮਾਰਚ ਮਹੀਨੇ ਵਿੱਚ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਕੁਲਦੀਪ ਸਿੰਘ ਧਾਲੀਵਾਲ – ਅੰਮ੍ਰਿਤਸਰ

ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ ਹਨ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਅਜਨਾਲਾ ਸੀਟ ਤੋਂ ਚੋਣ ਜਿੱਤੀ ਸੀ। ਪੰਜਾਬ ਕੈਬਨਿਟ ਵਿੱਚ ਉਨ੍ਹਾਂ ਕੋਲ ਐੱਨਆਰਆਈ ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰਾਲੇ ਹਨ।
ਕੁਲਦੀਪ ਸਿੰਘ 10ਵੀਂ ਪਾਸ ਹਨ। ਕੁਲਦੀਪ ਸਿੰਘ ਪੁਰਾਣੇ ਕਾਂਗਰਸੀ ਪਰਿਵਾਰ ਵਿੱਚੋਂ ਹਨ ਅਤੇ ਉਨ੍ਹਾਂ ਦੇ ਭਰਾ ਕਾਂਗਰਸੀ ਸਰਪੰਚ ਰਹੇ ਹਨ।
ਲਾਲਜੀਤ ਸਿੰਘ ਭੁੱਲਰ – ਖਡੂਰ ਸਾਹਿਬ

ਤਸਵੀਰ ਸਰੋਤ, LALJIT SINGH BHULLAR/FB
ਲਾਲਜੀਤ ਸਿੰਘ ਭੁੱਲਰ ਪੱਟੀ ਦੇ ਹੀ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਪੱਟੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਲਾਲਜੀਤ 12ਵੀਂ ਪਾਸ ਹਨ।
ਪੰਜਾਬ ਕੈਬਨਿਟ ਵਿੱਚ ਉਨ੍ਹਾਂ ਕੋਲ ਪੰਜਾਬ ਦਾ ਟਰਾਂਸਪੋਰਟ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਦੇ ਮਹਿਕਮੇ ਹਨ।
ਗੁਰਮੀਤ ਸਿੰਘ ਮੀਤ ਹੇਅਰ - ਸੰਗਰੂਰ

ਤਸਵੀਰ ਸਰੋਤ, Getty Images
ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਬਣੇ ਹਨ।
ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੇ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ ਹਰਾਇਆ ਸੀ।
ਉਨ੍ਹਾਂ ਨੇ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨੌਲੋਜੀ ਤੋਂ ਬੀਟੈਕ ਦੀ ਪੜ੍ਹਾਈ ਕੀਤੀ ਹੈ।
ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਮੀਤ ਹੇਅਰ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ।
ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਨੇ ਆਪਣੀ ਆਮਦਨ ਵਿਧਾਇਕ ਵਜੋਂ ਆਪਣੀ ਤਨਖਾਹ ਅਤੇ ਖੇਤੀਬਾੜੀ ਦੱਸੀ ਸੀ।
ਫਿਲਹਾਲ ਪੰਜਾਬ ਕੈਬਨਿਟ ਵਿੱਚ ਖੇਡ ਮੰਤਰੀ ਹਨ, ਇਸ ਤੋਂ ਇਲਾਵਾ ਉਨ੍ਹਾਂ ਕੋਲ ਜ਼ਮੀਨ ਅਤੇ ਪਾਣੀ ਦੀ ਸੰਭਾਲ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ, ਨੌਜਵਾਨ ਸੇਵਾਵਾਂ, ਜਲ ਸਰੋਤ ਅਤੇ ਖਾਣਾਂ ਤੇ ਭੂ-ਵਿਗਿਆਨ ਦੇ ਵੀ ਮਹਿਕਮੇ ਹਨ।
ਡਾ. ਬਲਬੀਰ ਸਿੰਘ - ਪਟਿਆਲਾ

ਤਸਵੀਰ ਸਰੋਤ, DR BALBIR SINGH/FB
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਭੌਰਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ ਸੀ।
ਅੱਖਾਂ ਦਾ ਡਾਕਟਰ ਬਣਨ ਤੋਂ ਬਾਅਦ ਉਹ ਲੰਮੇ ਸਮੇਂ ਤੋਂ ਪਟਿਆਲਾ ਸ਼ਹਿਰ ਵਿੱਚ ਰਹਿ ਰਹੇ ਹਨ। 2017 ਦੀਆਂ ਆਮ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲੜੇ ਪਰ ਹਾਰ ਗਏ ਸਨ।
ਜਦਕਿ 2022 ਦੀਆਂ ਚੋਣਾਂ 'ਚ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ 50,000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
ਬਲਬੀਰ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਅੱਖਾਂ ਦੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਸਨ।
ਉਨ੍ਹਾਂ ਦਾ ਨਾਮ ਇੱਕ ਜ਼ਮੀਨੀ ਵਿਵਾਦ 'ਚ ਵੀ ਸ਼ਾਮਲ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ, ਜਿਸ 'ਤੇ ਬਾਅਦ ਵਿੱਚ ਰੋਕ ਲੱਗ ਗਈ ਸੀ।
ਕੈਬਨਿਟ ਵਿੱਚ ਉਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਸਬੰਧੀ ਮਹਿਕਮੇ ਹਨ।
ਗੁਰਮੀਤ ਸਿੰਘ ਖੁੱਡੀਆਂ - ਬਠਿੰਡਾ

ਤਸਵੀਰ ਸਰੋਤ, AAP
ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਲੰਬੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ।
ਪੰਜਾਬ ਕੈਬਨਿਟ ਮੰਤਰੀ ਵਿੱਚ ਉਨ੍ਹਾਂ ਕੋਲ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈਸਿੰਗ ਮਹਿਕਮੇ ਹਨ।
ਖੁੱਡੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਖੁੱਡੀਆਂ ਮਹਾਂ ਸਿੰਘ ਦੇ ਰਹਿਣ ਵਾਲੇ ਹਨ। ਉਨ੍ਹਾਂ ਪਿੰਡ ਲੰਬੀ ਦੇ ਹੀ ਸਰਕਾਰੀ ਸਕੂਲ ਤੋਂ 1979 ਵਿੱਚ ਦਸਵੀਂ ਪਾਸ ਕੀਤੀ ਹੈ।
ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ 1989 ਵਿੱਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ।
ਗੁਰਮੀਤ ਸਿੰਘ ਖੁੱਡੀਆਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।
ਲੰਬਾ ਸਮਾਂ ਕਾਂਗਰਸ ਵਿੱਚ ਰਹਿਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਗੁਰਪ੍ਰੀਤ ਸਿੰਘ ਜੀਪੀ - ਫਤਹਿਗੜ੍ਹ ਸਾਹਿਬ

ਤਸਵੀਰ ਸਰੋਤ, Gurpreet Singh GP/FB
ਗੁਰਪ੍ਰੀਤ ਸਿੰਘ ਜੀਪੀ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਵਿੱਚ ਸ਼ਾਮਲ ਹੋਏ ਹਨ। ਜੀਪੀ ਨੇ 2022 ਦੀਆਂ ਚੋਣਾਂ ਕਾਂਗਰਸ ਵਿੱਚ ਰਹਿੰਦੇ ਹੋਏ ਬਸੀ ਪਠਾਣਾ ਤੋਂ ਲੜੀਆਂ ਸਨ ਅਤੇ ਹਾਰ ਗਏ ਸਨ।
ਉਨ੍ਹਾਂ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਦੇ ਨਾਲ ਸੀ, ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।
ਹਾਲਾਂਕਿ, ਸੀਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਈ ਸੀ।
ਕਰਮਜੀਤ ਅਨਮੋਲ - ਫਰੀਦਕੋਟ

ਤਸਵੀਰ ਸਰੋਤ, karamjit anmol/FB
ਇਨ੍ਹਾਂ ਸਿਆਸੀ ਚਿਹਰਿਆਂ ਇਲਾਵਾ ਪਾਰਟੀ ਨੇ ਇੱਕ ਅਦਾਕਾਰ ਤੇ ਪੰਜਾਬੀ ਗਾਇਕ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ।
ਕਰਮਜੀਤ ਅਨਮੋਲ ਇੱਕ ਕਾਮੇਡੀਅਨ ਵੀ ਅਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਕੰਮ ਵੀ ਕੀਤਾ ਹੈ।
ਉਨ੍ਹਾਂ ਦੇ ਪੰਜਾਬ ਇੰਡਸਟਰੀ ਵਿੱਚ ਕਈ ਫਿਲਮਾ ਕੀਤੀਆਂ ਹਨ ਅਤੇ ਅਹਿਮ ਕਿਰਦਾਰ ਨਿਭਾਏ ਹਨ।

ਆਪ ਵੱਲੋਂ ਜਲੰਧਰ ਦੇ ਉਮੀਦਵਾਰ ਰਿੰਕੂ ਹੁਣ ਭਾਜਪਾ ਦੇ ਉਮੀਦਵਾਰ

ਤਸਵੀਰ ਸਰੋਤ, SUSHIL RINKU/FB
ਆਪ ਵੱਲੋਂ ਜਲੰਧਰ ਹਲਕੇ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਪਰ ਟਿਕਟ ਦੇ ਐਲਾਨ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਉਹ ਭਾਜਪਾ ਵੱਲੋਂ ਜਲੰਧਰ ਤੋਂ ਉਮੀਦਵਾਰ ਹਨ।
ਸੁਸ਼ੀਲ ਕੁਮਾਰ ਰਿੰਕੂ ਨੇ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਜਲੰਧਰ ਹਲਕੇ ਦੀ ਸੀਟ ਚੋਣ ਜਿੱਤੀ ਸੀ।
ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਸਥਾਨਕ ਡੀਏਵੀ ਕਾਲਜ ਤੋਂ ਕੀਤੀ। 48 ਸਾਲਾ ਰਿੰਕੂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਕਾਫ਼ੀ ਸਰਗਰਮ ਹਨ। ਉਹ ਐੱਨਐੱਸਯੂਆਈ ਦੇ ਸਰਗਰਮ ਮੈਂਬਰ ਸਨ।
2006 ਵਿੱਚ ਉਹ ਜਲੰਧਰ ਨਗਰ ਨਿਗਮ ਦੇ ਕੌਂਸਲਰ ਚੁਣੇ ਗਏ ਸਨ।
ਸੁਸ਼ੀਲ ਰਿੰਕੂ ਦੇ ਪਿਤਾ ਲੰਬੇ ਸਮੇਂ ਤੱਕ ਕਾਂਗਰਸ ਦੇ ਕੌਂਸਲਰ ਰਹੇ ਸਨ। ਉਸ ਤੋਂ ਬਾਅਦ ਸੁਸ਼ੀਲ ਰਿੰਕੂ ਵੀ ਦੋ ਵਾਰ ਕੌਂਸਲਰ ਰਹੇ ਤੇ ਇੱਕ ਵਾਰ ਉਨ੍ਹਾਂ ਦੀ ਪਤਨੀ ਵੀ ਕੌਂਸਲਰ ਰਹੀ।
ਉਮੀਦਵਾਰਾਂ ਦੀ ਚੋਣ ਬਾਰੇ ਕੀ ਕਹਿੰਦੇ ਹਨ ਮਾਹਰ
ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਉੱਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਬੀਬੀਸੀ ਦੇ ਪੱਤਰਕਾਰ ਅਵਤਾਰ ਸਿੰਘ ਨਾਲ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਕੁਝ ਉਨ੍ਹਾਂ ਮੰਤਰੀਆਂ ਨੂੰ ਟਿਕਟ ਦਿੱਤੀ ਹੈ ਜੋ ਜਿੱਤਣ ਦੀ ਸੰਭਾਵਨਾਂ ਵੀ ਰੱਖਦੇ ਹੈ ਅਤੇ ਪਾਰਟੀ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਫਿਟ ਵੀ ਨਹੀਂ ਬੈਠਦੇ।
ਜਸਪਾਲ ਸਿੰਘ ਕਹਿੰਦੇ ਹਨ, “ਗੁਰਮੀਤ ਸਿੰਘ ਖੁੱਡੀਆਂ ਅਤੇ ਕੁਲਦੀਪ ਸਿੰਘ ਧਾਲੀਵਾਲ ਰਾਜਨੀਤਿਕ ਤੌਰ 'ਤੇ ਸਮਝਦਾਰ ਹਨ ਅਤੇ ਆਪਣੇ ਇਲਾਕੇ ਵਿੱਚ ਆਪਣਾ ਅਧਾਰ ਰੱਖਦੇ ਹਨ।"
"ਇਨ੍ਹਾਂ ਦੀ ਜਿੱਤ ਹਾਰ ਪਾਰਟੀ ਲਈ ਦੋਵੇਂ ਪੱਖਾਂ ਤੋਂ ਕੰਮ ਕਰੇਗੀ। ਜੇਕਰ ਉਹ ਜਿੱਤਦੇ ਹਨ ਤਾਂ ਵੀ ਪਾਰਟੀ ਲਈ ਸਹੀ ਹੋਵੇਗਾ ਅਤੇ ਹਾਰਨ ਦੀ ਸਥਿਤੀ ਵਿੱਚ ਪਾਸੇ ਕਰ ਦਿੱਤੇ ਜਾਣਗੇ।”
ਉਹ ਕਹਿੰਦੇ ਹਨ ਕਿ ਇਸੇ ਤਰ੍ਹਾਂ ਦਾ ਹੀ ਹਾਲ ਕੁਝ ਗੁਰਮੀਤ ਸਿੰਘ ਮੀਤ ਹੇਅਰ ਦਾ ਹੈ।












