ਪੰਜਾਬ ਦੀ ਦਲਿਤ ਸਿਆਸਤ ਵਿੱਚ ਜਲੰਧਰ ਦੀ ਬੂਟਾਂ ਮੰਡੀ ਕਿਉਂ ਹੈ ਅਹਿਮ, ਕੀ ਹੈ ਇਸਦਾ ਇਤਿਹਾਸ

- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੀ ਸਿਆਸਤ ਦੀ ਜਦੋਂ ਵੀ ਗੱਲ ਤੁਰਦੀ ਹੈ ਤਾਂ ਦਲਿਤ ਸਿਆਸਤ ਦਾ ਜ਼ਿਕਰ ਜ਼ਰੂਰ ਹੁੰਦਾ ਹੈ।
ਕਾਰਨ ਸੂਬੇ ਵਿੱਚ ਦਲਿਤਾਂ ਦੀ ਆਬਾਦੀ ਕਰੀਬ 33 ਫ਼ੀਸਦ ਹੋਣਾ ਹੈ।
ਦੁਆਬਾ ਦਲਿਤ ਸਿਆਸਤ ਦਾ ਗੜ੍ਹ ਹੈ ਅਤੇ ਜਲੰਧਰ ਉਸ ਦਾ ਕੇਂਦਰ ਬਿੰਦੂ, ਜੋ ਪੰਜਾਬ ਦੇ 4 ਰਾਖ਼ਵੇਂ ਹਲਕਿਆਂ ਵਿੱਚੋਂ ਇੱਕ ਹੈ।
ਜਦੋਂ ਵੀ ਚੋਣ ਮਾਹੌਲ ਭਖ਼ਦਾ ਹੈ ਤਾਂ ਜਲੰਧਰ ਸ਼ਹਿਰ ਵਿਚਲਾ ‘ਬੂਟਾਂ ਮੰਡੀ’ ਇਲਾਕਾ ਆਗੂਆਂ ਲਈ ਤੀਰਥ ਵਾਂਗ ਬਣ ਜਾਂਦਾ ਹੈ।
ਜਲੰਧਰ ਤੋਂ ਨਕੋਦਰ ਨੂੰ ਜਾਂਦੀ ਸੜਕ ’ਤੇ ਪੈਂਦੀ ‘ਬੂਟਾਂ ਮੰਡੀ’ ਕਿਸੇ ਸਮੇਂ ਇਸ ਖਿੱਤੇ ਵਿੱਚ ਚਮੜੇ ਦੀ ਰੰਗਾਈ ਅਤੇ ਵਪਾਰ ਦਾ ਗੜ੍ਹ ਸੀ। ਪਰ ਮੌਜੂਦਾ ਕਾਲ਼ ਵਿੱਚ ਇਸ ਦੀ ਪਛਾਣ ‘ਦਲਿਤ ਸਿਆਸਤ’ ਦੀ ਰਾਜਧਾਨੀ ਬਣ ਗਿਆ ਹੈ।
ਚਾਹੇ ਉਹ ਦਲਿਤ ਸਿਆਸਤ ਨਾਲ ਜੁੜੇ ਭਖ਼ਦੇ ਮੁੱਦੇ ਹੋਣ ਜਾਂ ਦਲਿਤ ਹੋਣ ਦੇ ਮਾਣ ਨੂੰ ਸਥਾਪਿਤ ਕਰਨ ਵਾਲੇ ਗੀਤ….ਬੂਟਾਂ ਮੰਡੀ ਦੇ ਜ਼ਿਕਰ ਬਗ਼ੈਰ ਇਨ੍ਹਾਂ ਬਾਰੇ ਚਰਚਾ ਅਧੂਰੀ ਮੰਨੀ ਜਾਂਦੀ ਹੈ।
ਜਲੰਧਰ ਦੇ ਡਾ. ਭੀਮ ਰਾਓ ਅੰਬੇਡਕਰ ਚੌਂਕ ਤੋਂ ਲੈ ਕੇ ਸਤਿਗੁਰੂ ਕਬੀਰ ਚੌਂਕ ਤੱਕ ਵਸੇ ਇਸ ਇਲਾਕੇ ਵਿੱਚ ਮੁੱਖ ਆਬਾਦੀ ਨਿਰੋਲ ‘ਚਮਾਰ ਭਾਈਚਾਰੇ’ ਨਾਲ ਸਬੰਧਤ ਲੋਕਾਂ ਦੀ ਹੈ।
ਬੂਟਾਂ ਮੰਡੀ ਦਾ ਇਤਿਹਾਸ ਅਤੇ ਵਰਤਮਾਨ, ਡਾਕਟਰ ਭੀਮ ਰਾਓ ਅੰਬੇਡਕਰ ਤੋਂ ਲੈ ਕੇ ਵਾਇਆ ਕਾਂਸ਼ੀਰਾਮ, ਮਾਸਟਰ ਗੁਰਬੰਤਾ ਸਿੰਘ, ਰਾਮ ਵਿਲਾਸ ਪਾਸਵਾਨ ਅਤੇ ਕੁਮਾਰੀ ਮਾਇਆਵਤੀ ਜਿਹੇ ਵੱਡੇ ਦਲਿਤ ਸਿਆਸਤਦਾਨਾਂ ਨਾਲ ਜੁੜਦਾ ਹੈ।

ਬੂਟਾਂ ਮੰਡੀ ਦੇ ਭੂਗੋਲ਼ ਦੀ ਇੱਕ ਖ਼ਾਸੀਅਤ ਇਹ ਹੈ ਕਿ ਮੁੱਖ ਸੜਕ ਤੋਂ ਇੱਥੋਂ ਦੇ ਰਿਹਾਇਸ਼ੀ ਇਲਾਕੇ ਵੱਲ ਜਾਂਦੀ ਹਰੇਕ ਭੀੜੀ ਤੇ ਚੌੜੀ ਗਲੀ ਕਿਸੇ ਨਾ ਕਿਸੇ ਦਲਿਤ ਨਾਇਕ ਦੀ ਯਾਦ ਦਵਾਉਂਦੀ ਹੈ।
ਇੱਥੋਂ ਦੇ ਖਾਲੀ ਪਏ ਕਾਰਖਾਨਿਆਂ ਦੀਆਂ ਕੰਧਾਂ ਉੱਤੇ ਕਾਂਸ਼ੀਰਾਮ, ਅੰਬੇਡਕਰ ਸਣੇ ਦਲਿਤ ਆਗੂਆਂ ਦੇ ਨਾਅਰੇ ਆਮ ਹੀ ਲਿਖੇ ਹੋਏ ਹਨ।
ਸਿਧਾਰਥ ਨਗਰ, ਬੁੱਧ ਵਿਹਾਰ, ਗੁਰੂ ਰਵਿਦਾਸ ਚੌਂਕ ਇੱਥੇ ਦੇ ਇਲਾਕਿਆਂ ਦੇ ਕੁਝ ਨਾਮ ਹਨ।
ਚਿੱਟੇ ਰੰਗ ਦੀ ਮਾਰਬਲ ਦੀ ਪਰਤ ਵਾਲਾ ਵਿਸ਼ਾਲ ਰਵਿਦਾਸ ਧਾਮ ਬੂਟਾਂ ਮੰਡੀ ਇਲਾਕੇ ਦਾ ਮੁੱਖ ਧਾਰਮਿਕ ਸਥਾਨ ਹੈ।
ਇਹ ਇੱਥੋਂ ਦੇ ਲੋਕਾਂ ਦੀ ਦਲਿਤ ਹੋਣ ਨਾਲ ਜੁੜੀ ਕਿਸੇ ਵੀ ਹੀਣ ਭਾਵਨਾ ਨੂੰ ਲਾਂਭੇ ਕਰਕੇ ਸਿਆਸੀ ਤੇ ਸਮਾਜਿਕ ਜਾਗਰੂਕਤਾ ਦਾ ਸੂਚਕ ਸਮਝਿਆ ਜਾਂਦਾ ਹੈ।

ਬੂਟਾਂ ਮੰਡੀ ਇਲਾਕਾ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ। ਜਲੰਧਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ।
'ਦਿ ਟ੍ਰਿਬਿਊਨ' ਦੀ ਮਾਰਚ ਵਿੱਚ ਛਪੀ ਖ਼ਬਰ ਮੁਤਾਬਕ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਵਜੋਂ ਬੂਟਾਂ ਮੰਡੀ ਵਿਖੇ ਆਪਣੇ ਦੋਸਤ ਦੇ ਘਰ ਨੂੰ ਆਪਣੇ ਰਹਿਣ ਲਈ ਤਿਆਰ ਕਰਵਾ ਲਿਆ ਹੈ।

ਤਸਵੀਰ ਸਰੋਤ, Harmesh Jassal
ਕੀ ਹੈ ਬੂਟਾਂ ਮੰਡੀ ਦਾ ਇਤਿਹਾਸ
ਬੂਟਾਂ ਮੰਡੀ ਵਿਚਲੇ ਗੁਰੂ ਰਵਿਦਾਸ ਧਾਮ ਦੇ ਬਿਲਕੁਲ ਸਾਹਮਣੇ ਸਥਿਤ ਆਪਣੇ ਘਰ ਦੇ ਬਾਹਰ ਬੈਠੇ ਸੇਠ ਸੱਤ ਪਾਲ ਮੱਲ ਮਾਣ ਨਾਲ ਇਹ ਦਾਅਵਾ ਕਰਦੇ ਹਨ ਕਿ ਬੂਟਾਂ ਮੰਡੀ ਦੁਆਬੇ ਦੇ ਸਿਆਸੀ ਸਮੀਕਰਨ ਬਦਲਣ ਦਾ ਦਮ ਰੱਖਦੀ ਹੈ।
ਸਤਪਾਲ ਮੱਲ ਦੱਸਦੇ ਹਨ ਕਿ ਉਹ ਆਪ ਵੀ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜ ਚੁੱਕੇ ਹਨ।
ਸੱਤਪਾਲ ਮਲ ਦਾ ਪਰਿਵਾਰ ਚਮੜੇ ਦੇ ਵਪਾਰ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਦੱਸਿਆ ਕਿ ਉਹ ਹਾਲੇ ਵੀ ਸਿਆਸੀ ਤੌਰ 'ਤੇ ਐਕਟਿਵ ਹਨ।
ਸਮਾਜਿਕ ਵਿਗਿਆਨੀ ਅਤੇ ਪੰਜਾਬ ਯੂਨੀਵਰਿਸਟੀ ਦੇ ਪ੍ਰੋਫ਼ੈਸਰ ਰੌਣਕੀ ਰਾਮ ਬੂਟਾਂ ਮੰਡੀ ਦੇ ਵਸਣ ਦਾ ਸਬੰਧ ਅੰਗਰੇਜ਼ਾਂ ਨਾਲ ਦੱਸਦੇ ਹਨ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅੰਗਰੇਜ਼ਾਂ ਦੇ ਵੇਲੇ ਜਲੰਧਰ ਦੇ ਫੌਜੀ ਛਾਉਣੀ ਬਣਨ ਤੋਂ ਬਾਅਦ ਫੌਜ ਦੇ ਲਈ ਜੁੱਤੀਆਂ, ਬੈਲਟਾਂ ਅਤੇ ਹੋਰ ਚਮੜੇ ਦੇ ਸਮਾਨ ਦੀ ਲੋੜ ਪੈਦਾ ਹੋਈ ਸੀ।
ਇਸ ਮਗਰੋਂ ਉੱਥੇ ਆਲੇ-ਦੁਆਲੇ ਚਮੜੇ ਦਾ ਕੰਮ ਕਰਨ ਵਾਲੇ ਲੋਕ ਬੂਟਾਂ ਮੰਡੀ ਵਾਲੇ ਇਲਾਕੇ ਵੱਲ ਸ਼ਿਫ਼ਟ ਕੀਤੇ ਗਏ ਸਨ।
ਉਹ ਦੱਸਦੇ ਹਨ ਕਿ ਇਸ ਕੰਮ ਵਿੱਚ ਖੋਜੇ ਭਾਈਚਾਰੇ ਨਾਲ ਸਬੰਧ ਰੱਖਦੇ ਮੁਸਲਮਾਨ ਵੀ ਸ਼ਾਮਲ ਸਨ।

ਬੂਟਾਂ ਮੰਡੀ ਨੂੰ ਕਿਹਾ ਜਾਂਦਾ ਸੀ ‘ਸੇਠਾਂ ਦੀ ਮੰਡੀ’
ਬੇਲਾਰੂਸ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਮੇਸ਼ ਚੰਦਰ ਨੇ – 'ਬੂਟਾਂ ਮੰਡੀ: ਨਰਵ ਸੈਂਟਰ ਆਫ ਦਲਿਤ ਚੇਤਨਾ’ ਨਾਂ ਦੀ ਕਿਤਾਬ ਸੰਪਾਦਿਤ ਕੀਤੀ ਹੈ। ਜੋ ਅਪ੍ਰੈਲ 2024 ਵਿੱਚ ਰਿਲੀਜ਼ ਹੋਈ ਹੈ।
ਇਸ ਕਿਤਾਬ ਵਿੱਚ ਬੂਟਾਂ ਮੰਡੀ ਦੇ ਹੀ ਵਸਨੀਕ ਹਰਮੇਸ਼ ਜੱਸਲ ਦਾ ਵੀ ਲੇਖ ਸ਼ਾਮਲ ਹੈ।
ਇਸ ਕਿਤਾਬ ਵਿਚਲੇ ਆਪਣੇ ਲੇਖ ‘ਬੂਟਾਂ ਮੰਡੀ: ਦਲਿਤ ਚੇਤਨਾ ਦਾ ਕੇਂਦਰ’ ਵਿੱਚ ਹਰਮੇਸ਼ ਲਿਖਦੇ ਹਨ ਕਿ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਬੂਟਾਂ ਮੰਡੀ ਨੂੰ ਵਸੇ ਕਰੀਬ 100 ਸਾਲ ਹੋ ਗਏ ਹੋਣਗੇ।
ਹਰਮੇਸ਼ ‘ਮਲਿੰਦ ਪ੍ਰਕਾਸ਼ਨ’ ਨਾਮ ਦਾ ਪ੍ਰਕਾਸ਼ਨ ਚਲਾਉਂਦੇ ਹਨ, ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਏਅਰਪੋਰਟ ਉੱਤੇ ਨੌਕਰੀ ਕਰਦੇ ਸਨ।
ਉਹ ਲਿਖਦੇ ਹਨ ਕਿ ਸ਼ੁਰੂਆਤ ਵਿੱਚ ਇੱਥੇ ਚਮੜੇ ਦਾ ਵਪਾਰ ਵਧਣ ਕਾਰਨ ਜਲੰਧਰ ਦੇ ਨੇੜਲੇ ਪਿੰਡਾਂ ਤੋਂ ਲੋਕ ਇੱਥੇ ਆ ਕੇ ਵਸਣਾ ਸ਼ੁਰੂ ਹੋ ਗਏ ਸਨ।
ਬੂਟਾਂ ਮੰਡੀ ਕਿਹੜੀ ਗੱਲੋਂ ਵਿਲੱਖਣ ਹੈ, ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਹ ਸੜਕ ਦੇ ਆਲੇ-ਦੁਆਲੇ ਵਸੀ ਨਿਰੋਲ ਚਮਾਰਾਂ ਦੀ ਇੱਕ ਬਸਤੀ ਹੈ।
ਇੱਥੋਂ ਦੇ ਬਹੁਤੇ ਲੋਕ ਕਿਸੇ ਸਮੇਂ ਚਮੜੇ ਦਾ ਹੀ ਕੰਮ ਕਰਦੇ ਸਨ।

ਹਰਮੇਸ਼ ਦੱਸਦੇ ਹਨ ਕਿ ਇੱਥੇ ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੋਂ ਵਪਾਰੀ ਕੱਚਾ ਚਮੜਾ ਵੇਚਣ ਲਈ ਆਉਂਦੇ ਸਨ। ਇੱਥੋਂ ਇਸ ਚਮੜੇ ਨੂੰ ਤਿਆਰ ਕਰਕੇ ਕਲੱਕਤਾ, ਮਦਰਾਸ, ਕਾਨਪੁਰ ਸਣੇ ਹੋਰ ਥਾਵਾਂ ਦੀਆਂ ਫੈਕਟਰੀਆਂ ਵਿੱਚ ਭੇਜਿਆ ਜਾਂਦਾ ਸੀ।
ਇਸ ਵਪਾਰ ਤੋਂ ਇੱਥੋਂ ਦੇ ਲੋਕਾਂ ਨੇ ਕਾਫੀ ਪੈਸਾ ਬਣਾਇਆ, ਜਿਸ ਕਰਕੇ ਇਸ ਨੂੰ ‘ਸੇਠਾਂ ਦੀ ਮੰਡੀ’ ਕਿਹਾ ਜਾਣ ਲੱਗਾ।
ਉਹ ਦੱਸਦੇ ਹਨ ਕਿ ਪਹਿਲਾਂ ਚਮੜੇ ਦੀ ਰੰਗਾਈ ਹੱਥਾਂ ਨਾਲ ਹੁੰਦੀ ਸੀ, ਹੁਣ ਸਿਰਫ਼ ਕੁਝ ਹੀ ਪਰਿਵਾਰ ਹੱਥ ਨਾਲ ਰੰਗਾਈ ਕਰਦੇ ਹਨ।
ਇਸ ਰੰਗਾਈ ਵਿੱਚ ਕਈ ਕਿਸਮ ਦੇ ਮਸਾਲਿਆਂ ਦੀ ਵਰਤੋਂ ਹੁੰਦੀ ਸੀ। ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਕਈ ਬਿਮਾਰੀਆਂ ਦਾ ਵੀ ਖ਼ਤਰਾ ਰਹਿੰਦਾ ਸੀ।
ਇਸ ਮਗਰੋਂ ਸਰਕਾਰ ਨੇ ‘ਲੈਦਰ ਕੌਂਪਲੈਕਸ’ ਬਣਾਇਆ ਅਤੇ ਚਮੜੇ ਦੇ ਕਾਰਖ਼ਾਨਿਆਂ ਨੂੰ ਉੱਥੇ ਸ਼ਿਫ਼ਟ ਕਰ ਦਿੱਤਾ ਗਿਆ।
ਹੌਲੀ-ਹੌਲੀ ਚਮੜੇ ਦੇ ਬਦਲ ਆਉਣ ਅਤੇ ਮਸ਼ੀਨੀਕਰਨ ਕਾਰਨ ਇੱਥੇ ਵਪਾਰ ਵੀ ਘਟਣਾ ਸ਼ੁਰੂ ਹੋ ਗਿਆ।
ਹਰਮੇਸ਼ ਜੱਸਲ ਦੱਸਦੇ ਹਨ ਕਿ ਇਸ ਮਗਰੋਂ ਇੱਥੋਂ ਦੇ ਸੇਠਾਂ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੋ ਗਈ ਹੈ।
‘ਜਦੋਂ ਡਾ. ਅੰਬੇਡਕਰ ਨੇ ਸਰ੍ਹੋਂ ਦਾ ਸਾਗ਼ ਖਾਧਾ’

ਤਸਵੀਰ ਸਰੋਤ, DHANANJAY KEER
ਸਾਲ 1937 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਸੇਠ ਕਿਸ਼ਨ ਦਾਸ ਚੁਣ ਕੇ ਗਏ ਸਨ। ਉਹ ਉਦੋਂ ਦੇ ਜਲੰਧਰ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਸਨ।
ਉਨ੍ਹਾਂ ਨੇ ਕੱਦਾਵਰ ਦਲਿਤ ਆਗੂ ਮਾਸਟਰ ਗੁਰਬੰਤਾ ਸਿੰਘ ਨੂੰ ਹਰਾਇਆ ਸੀ।
ਦੋਵੇਂ ‘ਆਦਿ ਧਰਮ ਲਹਿਰ’ ਦੇ ਮੋਹਰੀ ਆਗੂਆਂ ਵਿੱਚੋਂ ਇੱਕ ਸਨ, ਜਿਸ ਦੇ ਨਤੀਜੇ ਵਜੋਂ ਵੱਖਰੇ ਧਰਮ ਆਦਿ ਧਰਮ ਦੀ ਸ਼ੁਰੂਆਤ ਹੋਈ ਸੀ।
ਇਸ ਮਗਰੋਂ ਪੰਜਾਬ ਦੇ ਵੱਡੇ ਦਲਿਤ ਨਾਇਕ ਵਜੋਂ ਪਛਾਣ ਰੱਖਦੇ ਮਰਹੂਮ ਮਾਸਟਰ ਗੁਰਬੰਤਾ ਸਿੰਘ 1945 ਵਿੱਚ ਜਲੰਧਰ ਤੋਂ ਜਿੱਤ ਕੇ ਪੰਜਾਬ ਅਸੰਬਲੀ ਵਿੱਚ ਗਏ ਸਨ।
ਪ੍ਰੋਫ਼ੈਸਰ ਰੌਣਕੀ ਰਾਮ ਨੇ ਦੱਸਿਆ ਕਿ ਸੇਠ ਕਿਸ਼ਨ ਦਾਸ ਇਸ ਇਲਾਕੇ ਦੇ ਸਿਰਕੱਢ ਚਮੜੇ ਦੇ ਵਪਾਰੀ ਸਨ, ਉਨ੍ਹਾਂ ਦਾ ਵਪਾਰ ਕਲਕੱਤੇ ਤੱਕ ਸੀ।
ਉਨ੍ਹਾਂ ਨੇ ਦੱਸਿਆ ਕਿ ‘ਆਦਿ ਧਰਮ ਲਹਿਰ’ ਨੂੰ ਬੂਟਾਂ ਮੰਡੀ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਤੋਂ ਕਾਫੀ ਹੁਲਾਰਾ ਮਿਲਿਆ ਸੀ।
ਆਦਿ ਧਰਮ ਦੇ ਸੰਸਥਾਪਕ ਬਾਬੂ ਮੰਗੂ ਰਾਮ ਨੇ ਵੀ ਆਪਣੀ ਮੂਵਮੈਂਟ ਦਾ ਕੇਂਦਰ ਜਲੰਧਰ ਇਸੇ ਲਈ ਚੁਣਿਆ ਸੀ।
ਉਹ ਦੱਸਦੇ ਹਨ ਕਿ ਬੂਟਾ ਮੰਡੀ ਦੇ ਨੇੜੇ ਹੀ ‘ਆਦਿ ਧਰਮ ਮੰਡਲ’ ਦਾ ਦਫ਼ਤਰ ਸਥਾਪਤ ਹੋਇਆ ਸੀ।
ਹਰਮੇਸ਼ ਜੱਸਲ ਨੇ ਦੱਸਿਆ ਕਿ ਜਦੋਂ ਕਲਕੱਤੇ ਤੋਂ ਅੰਬੇਡਕਰ ਹੁਰਾਂ ਨੇ ਸੰਵਿਧਾਨ ਸਭਾ ਲਈ ਚੋਣ ਲੜੀ ਤਾਂ ਉਨ੍ਹਾਂ ਦਾ ਸੇਠ ਕਿਸ਼ਨ ਦਾਸ ਨਾਲ ਮੇਲ ਹੋਇਆ ਸੀ।
ਉਹ ਡਾ. ਅੰਬੇਡਕਰ ਦੀ ਪਾਰਟੀ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਪੰਜਾਬ ਦੇ ਪ੍ਰਧਾਨ ਸਨ।
ਹਰਮੇਸ਼ ਜੱਸਲ ਨੇ ਅੱਗੇ ਦੱਸਿਆ, “ਆਜ਼ਾਦੀ ਤੋਂ ਬਾਅਦ ਹੋਈਆਂ ਪਹਿਲੀਆਂ ਚੋਣਾਂ ਵਿੱਚ ਸੇਠ ਕਿਸ਼ਨ ਦਾਸ ਨੇ ਵੀ ਚੋਣਾਂ ਲੜੀਆਂ ਸਨ। ਇੱਥੇ ਉਨ੍ਹਾਂ ਦੇ ਪ੍ਰਚਾਰ ਦੇ ਲਈ ਹੀ ਡਾ. ਅੰਬੇਡਕਰ ਆਪ ਆਏ ਸਨ, ਲੈਕਚਰ ਦੇਣ ਤੋਂ ਬਾਅਦ ਉਨ੍ਹਾਂ ਨੇ ਸੇਠ ਹੁਰਾਂ ਦੇ ਘਰ ਖਾਣਾ ਖਾਧਾ ਇਸ ਮਗਰੋਂ ਉਹ ਪੀਡਬਲਿਊਡੀ ਦੇ ਰੈਸਟ ਹਾਊਸ ਵਿੱਚ ਰੁਕੇ ਸਨ।”

ਡਾ. ਭੀਮ ਰਾਓ ਅੰਬੇਡਕਰ 27 ਅਕਤੂਬਰ 1951 ਨੂੰ ਬੂਟਾਂ ਮੰਡੀ ਆਏ ਸਨ। ਉਨ੍ਹਾਂ ਨੇ ਬੂਟਾਂ ਮੰਡੀ ਵਿਚਲੇ ਹੀ ਅੰਬੇਡਕਰ ਭਵਨ ਵਾਲੀ ਥਾਂ ’ਤੇ ਲੈਕਚਰ ਦਿੱਤਾ ਸੀ। ਇਹ ਜਗ੍ਹਾ ਬਾਅਦ ਵਿੱਚ ਖਰੀਦੀ ਗਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਥੋਂ ਦੇ ਡੀਏਵੀ ਕਾਲਜ ਵਿੱਚ ਲੈਕਚਰ ਦਿੱਤਾ ਸੀ। ਅਗਲੇ ਦਿਨ ਉਨ੍ਹਾਂ ਨੇ ਲੁਧਿਆਣਾ ਅਤੇ ਪਟਿਆਲਾ ਵਿੱਚ ਲੈਕਚਰ ਦਿੱਤੇ ਅਤੇ ਫੇਰ ਦਿੱਲੀ ਵਾਪਸ ਚਲੇ ਗਏ ਸਨ।
ਆਪਣੇ ਲੇਖ ਵਿੱਚ ਹਰਮੇਸ਼ ਜੱਸਲ ਲਿਖਦੇ ਹਨ, “ਆਪਣੇ ਭਾਸ਼ਣ ਉਪਰੰਤ, ਬਾਬਾ ਸਾਹਿਬ ਡਾ. ਅੰਬੇਡਕਰ ਨੇ ਰਾਤ ਦਾ ਖਾਣਾ, ਸੇਠ ਕਿਸ਼ਨ ਦਾਸ ਕਲੇਰ ਦੇ ਘਰ – ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬੜੇ ਸ਼ੌਂਕ ਨਾਲ ਖਾਧਾ।”
ਸੇਠ ਕਿਸ਼ਨ ਦਾਸ ਦੇ ਪੋਤੇ ਅਵਿਨਾਸ਼ ਚੰਦਰ ਕਰਤਾਰਪੁਰ ਅਤੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਰਹਿ ਚੁੱਕੇ ਹਨ, ਉਹ ਅੱਜ ਕੱਲ ਭਾਰਤੀ ਜਨਤਾ ਪਾਰਟੀ ਵਿੱਚ ਹਨ।
ਗੁਰਬੰਤਾ ਸਿੰਘ ਦੇ ਪੁੱਤਰ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਸਾਲ 2023 ਵਿੱਚ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਲੈਂਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਗੁਰਬੰਤਾ ਸਿੰਘ ਦਾ ਦੂਜਾ ਪੁੱਤਰ ਚੌਧਰੀ ਜਗਜੀਤ ਸਿੰਘ ਵੀ ਕਈ ਵਾਰ ਪੰਜਾਬ ਕਾਂਗਰਸ ਦੀਆਂ ਸਰਕਾਰਾਂ ਵਿੱਚ ਕੈਬਨਿਟ ਮੰਤਰੀ ਰਿਹਾ।
ਜਗਜੀਤ ਸਿੰਘ ਦਾ ਪੁੱਤਰ ਸੁਰਿੰਦਰ ਕਰਤਾਰਪੁਰ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਗਿਆ ਸੀ ਜਦਕਿ ਬਿਕਰਮ ਚੌਧਰੀ ਫਿਲੌਰ ਤੋਂ ਹਲਕੇ ਤੋਂ ਮੌਜੂਦਾ ਵਿਧਾਇਕ ਹੈ।
ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਹਾਲ ਹੀ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੇ ਜਾਣ ਤੋਂ ਨਿਰਾਸ਼ ਹੋ ਕੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ।
ਬੂਟਾਂ ਮੰਡੀ ਦਾ ਸਿਆਸੀ ਪ੍ਰਭਾਵ

ਤਸਵੀਰ ਸਰੋਤ, Getty Images
ਹਰਮੇਸ਼ ਜੱਸਲ ਦੱਸਦੇ ਹਨ ਕਿ ਬੂਟਾ ਮੰਡੀ ਦਾ ਪ੍ਰਭਾਵ ਆਲੇ-ਦੁਆਲੇ ਦੇ 50 ਪਿੰਡਾਂ ਉੱਤੇ ਹੈ।
ਉਹ ਦੱਸਦੇ ਹਨ ਕਿ ਪੰਜਾਬ ਵਿੱਚ ਦਲਿਤਾਂ ਤੇ ਹੋਰ ਭਾਈਚਾਰਿਆਂ ਵਿਚਾਲੇ ਤਣਾਅ ਦੇ ਦੌਰਾਨ ਬੂਟਾਂ ਮੰਡੀ ਨੇ ਦਲਿਤਾਂ ਦੀ ਅਗਵਾਈ ਦੀ ਭੂਮਿਕਾ ਨਿਭਾਈ ਹੈ।
ਉਹ ਪੰਜਾਬ ਵਿੱਚ ਤੱਲ੍ਹਣ ਕਾਂਡ ਵਜੋਂ ਜਾਣੀ ਜਾਂਦੀ ਘਟਨਾ ਦੀ ਮਿਸਾਲ ਦਿੰਦੇ ਹਨ।
ਉਹ ਦੱਸਦੇ ਹਨ ਕਿ ਸਾਲ 2009 ਵਿੱਚ ਵਿਏਨਾ ਵਿੱਚ ਇੱਕ ਹਮਲੇ ਵਿੱਚ ਡੇਰਾ ਸਚਖੰਡ ਬੱਲਾਂ ਦੇ ਸੰਤ ਰਾਮਾਨੰਦ ਦਾਸ ਜੀ ਦੇ ਕਤਲ ਤੋਂ ਬਾਅਦ ਬਣੇ ਹਾਲਾਤਾਂ ਵਿੱਚ ਵੀ ਬੂਟਾਂ ਮੰਡੀ ਦੇ ਲੋਕਾਂ ਨੇ ਭੂਮਿਕਾ ਨਿਭਾਈ ਸੀ।
ਤਲ੍ਹਣ ਕਾਂਡ ਕੀ ਸੀ - ਜਲੰਧਰ ਦੇ ਜੱਟਾਂ ਅਤੇ ਦਲਿਤਾਂ ਵਿਚਾਲੇ ਪਿੰਡ ਤੱਲ੍ਹਣ ਵਿਚਲੇ ਗੁਰਦੁਆਰਾ ਸ਼ਹੀਦ ਨਿਹਾਲ ਸਿੰਘ ਦੀ ਪ੍ਰਬੰਧਕੀ ਕਮੇਟੀ ਵਿੱਚ ਦਲਿਤਾਂ ਦੀ ਹਿੱਸੇਦਾਰੀ ਨੂੰ ਲੈ ਕੇ ਸ਼ੁਰੂ ਹੋਇਆ ਤਣਾਅ ਪੰਜਾਬ ਵਿੱਚ ਉਸ ਵੇਲੇ ਭਾਰਤ ਪੱਧਰ ਉੱਤੇ ਵੱਡਾ ਮੁੱਦਾ ਬਣਿਆ ਸੀ।
ਇਸ ਮਗਰੋਂ ਜੱਟ ਭਾਈਚਾਰੇ ਵੱਲੋਂ ਦਲਿਤ ਭਾਈਚਾਰੇ ਦੇ ਸਮਾਜਿਕ ਬਾਈਕਾਟ ਦੀ ਕਾਲ ਵੀ ਦਿੱਤੀ ਗਈ ਸੀ।
ਇਸ ਦੇ ਚਲਦਿਆਂ ਲਾਹੌਰੀ ਰਾਮ ਬਾਲੀ ਨਾਮ ਦੇ ਉੱਘੇ ਦਲਿਤ ਕਾਰਕੁਨ ਦੀ ਅਗਵਾਈ ਦਲਿਤ ਐਕਸ਼ਨ ਕਮੇਟੀ ਨਾਂ ਦੀ ਕਮੇਟੀ ਬਣਾਈ ਗਈ ਸੀ।(ਲਾਹੌਰੀ ਰਾਮ ਬਾਲੀ ਦੀ ਸਾਲ ਜੁਲਾਈ 2023 ਵਿੱਚ ਮੌਤ ਹੋ ਗਈ)।
ਇਸ ਵੇਲੇ ਬੂਟਾ ਮੰਡੀ ਵਿੱਚ ਵੀ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਹੋਏ ਸਨ, ਇੱਥੇ ਕਥਿਤ ਪੁਲਿਸ ਗੋਲੀਬਾਰੀ ਵਿੱਚ ਵਿਜੈ ਕੁਮਾਰ ਕਾਲਾ ਨਾਮ ਦੇ ਦਲਿਤ ਕਾਰਕੁਨ ਦੀ ਮੌਤ ਹੋ ਗਈ ਸੀ।
ਇਸ ਮਗਰੋਂ ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਵਿੱਚ ਤੱਲ੍ਹਣ ਗੁਰਦੁਆਰੇ ਸਬੰਧੀ ਸਮਝੌਤਾ ਕਰਵਾ ਦਿੱਤਾ ਗਿਆ ਸੀ।
ਇਸ ਕਾਂਡ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਦਲਿਤ ਚਿਹਰੇ ਵਜੋਂ ਜਾਣੇ ਜਾਂਦੇ ਵਿਜੇ ਸਾਂਪਲਾ ਦੀ ਸਿਆਸਤ ਵਿੱਚ ਸਥਾਪਤੀ ਹੋਈ ਸੀ।
ਹਰਮੇਸ਼ ਜੱਸਲ ਨੇ ਦੱਸਿਆ ਕਿ 1964 ਆਜ਼ਾਦੀ ਤੋਂ ਤੁਰੰਤ ਬਾਅਦ ਤੋਂ ਲੈ ਕੇ ਅਪ੍ਰੈਲ 2018 ਨੂੰ ਸੁਪਰੀਮ ਕੋਰਟ ਦੇ ਇੱਕ ਨਿਰਦੇਸ਼ ਦੇ ਵਿਰੋਧ ਵਿੱਚ ਹੋਏ ਭਾਰਤ ਵਿਆਪੀ ਰੋਸ ਪ੍ਰਦਰਸ਼ਨ ਵਿੱਚ ਵੀ ਬੂਟਾਂ ਮੰਡੀ ਦੀ ਅਹਿਮ ਭੂਮਿਕਾ ਰਹੀ ਹੈ।
ਰਵਿਦਾਸੀਆ ਭਾਈਚਾਰੇ ਦਾ ਕੇਂਦਰ

ਜਲੰਧਰ ਵਿੱਚ ਵਕੀਲ ਅਤੇ ਦਲਿਤ ਕਾਰਕੁਨ ਮੋਹਨ ਲਾਲ ਫਿਲੌਰੀਆ ਦੱਸਦੇ ਹਨ ਕਿ ਆਏ ਸਾਲ ਫਰਵਰੀ ਵਿੱਚ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਇਸ ਇਲਾਕੇ ਵਿੱਚ ਦੀਵਾਲੀ ਵਰਗਾ ਮਾਹੌਲ ਹੁੰਦਾ ਹੈ।
ਹਾਲਾਂਕਿ ਗੁਰੂ ਰਵਿਦਾਸ ਜੀ ਦਾ ਜਨਮ ਅਸਥਾਨ ਵਾਰਾਣਸੀ ਵਿੱਚ ਹੈ, ਪਰ ਉਨ੍ਹਾਂ ਨੂੰ ਮੰਨਣ ਵਾਲਿਆਂ ਦੀ ਪੰਜਾਬ ਵਿੱਚ ਬਹੁਗਿਣਤੀ ਹੈ।
ਹਰਮੇਸ਼ ਜੱਸਲ ਦੱਸਦੇ ਹਨ ਕਿ ਇੱਥੇ ਹੁੰਦੀ ਸ਼ੋਭਾ ਯਾਤਰਾ ਵਿੱਚ ਆਲੇ ਦੁਆਲੇ ਦੇ 40 ਤੋਂ 50 ਪਿੰਡਾਂ ਦੇ ਲੋਕ ਝਾਕੀਆਂ ਲੈ ਕੇ ਸ਼ਾਮਲ ਹੁੰਦੇ ਹਨ ਅਤੇ ਪੂਰੇ ਜਲੰਧਰ ਸ਼ਹਿਰ ਵਿੱਚ ਇਹ ਯਾਤਰਾ ਨਿਕਲਦੀ ਹੈ।
ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਗਾਇਕ ਅਤੇ ਸਿਆਸਤਦਾਨ ਵੀ ਸ਼ਾਮਲ ਹੁੰਦੇ ਹਨ।
ਉਹ ਅੱਗੇ ਦੱਸਦੇ ਹਨ ਇੰਨੇ ਵੱਡੇ ਪੱਧਰ ਉੱਤੇ ਹੋਣ ਵਾਲਾ ਜਸ਼ਨ ਇੱਥੋਂ ਦੇ ਲੋਕਾਂ ਵਿੱਚ ਪ੍ਰੇਰਣਾ ਅਤੇ ਜੋਸ਼ ਭਰਨ ਦਾ ਕੰਮ ਕਰਦਾ ਹੈ।
ਉਹ ਕਹਿੰਦੇ ਹਨ ਕਿ ਕਿਸੇ ਵੀ ਜਨ ਸਮੂਹ ਵਿੱਚ ਆਤਮ ਵਿਸ਼ਵਾਸ ਭਰਨ ਲਈ ਇੱਕ ਖਾਸ ਇਤਿਹਾਸ ਜਾਂ ਖਾਸ ਪ੍ਰੇਰਣਾ ਸਰੋਤ ਦੀ ਲੋੜ ਪੈਂਦੀ ਹੈ ਅਤੇ ਬੂਟਾਂ ਮੰਡੀ ਇਹ ਰੋਲ ਬਾਖ਼ੂਬੀ ਅਦਾ ਕਰਦੀ ਹੈ।
ਇੱਥੋਂ ਦੇ ਲੋਕਾਂ ਵਿੱਚ ਦਲਿਤ ਹੋਣ ਪ੍ਰਤੀ ਕਿਸੇ ਕਿਸਮ ਦੀ ਸ਼ਰਮਿੰਦਗੀ ਦੀ ਭਾਵਨਾ ਨਹੀਂ ਹੈ।
ਮੋਹਨ ਲਾਲ ਫਿਲੌਰੀਆ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਬੂਟਾਂ ਮੰਡੀ ਦੇ ਲੋਕਾਂ ’ਤੇ ਅੰਬੇਡਕਰ ਵੱਲੋਂ ਬਣਾਈ ਗਈ ਰਿਪਬਲਿਕਨ ਪਾਰਟੀ ਦਾ ਪ੍ਰਭਾਵ ਸੀ।
ਉਹ ਦੱਸਦੇ ਹਨ ਕਿ ਹੁਣ ਉੱਥੇ ਪਹਿਲਾਂ ਵਾਲੀ ਗੱਲ ਨਹੀਂ ਰਹੀ, ਲੋਕ ਹੌਲੀ-ਹੌਲੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਉਹ ਦੱਸਦੇ ਹਨ ਕਿ ਚਮੜੇ ਦੇ ਕੰਮ ਕਾਰਨ ਇਲਾਕਾ ਬਦਬੂਦਾਰ ਹੋਇਆ ਕਰਦਾ ਸੀ, ਪਰ ਹੁਣ ਇੱਥੋਂ ਚਮੜੇ ਦੇ ਕਾਰਖਾਨੇ ਬਾਹਰ ਜਾ ਚੁੱਕੇ ਹਨ ਅਤੇ ਪੁਰਾਣੇ ਲੱਕੜ ਦੇ ਦਰਵਾਜ਼ੇ ਤੇ ਖਿੜਕੀਆਂ ਦਾ ਵਪਾਰ ਵੱਧ ਰਿਹਾ ਹੈ।

ਦਲਿਤ ਸਿਆਸਤ ਦੇ ਗੜ੍ਹ ਜਲੰਧਰ ਵਿੱਚ ਕੌਣ-ਕੌਣ ਹੈ ਚੋਣ ਮੈਦਾਨ ਵਿੱਚ

ਤਸਵੀਰ ਸਰੋਤ, FB/Sushil Kumar Rinku
ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਵਿੱਚ ਹਨ।
ਮੌਜੂਦਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਚਲੇ ਗਏ ਸਨ ਅਤੇ ਹੁਣ ਭਾਜਪਾ ਦੀ ਟਿਕਟ ਤੋਂ ਹੀ ਚੋਣ ਲੜ ਰਹੇ ਹਨ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂੰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਿਨ੍ਹਾਂ ਦਾ ਅਤੀਤ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਦੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਮਹਿੰਦਰ ਸਿੰਘ ਕੇਪੀ ਪੁਰਾਣੇ ਕਾਂਗਰਸੀ ਹਨ ਅਤੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਬਹੁਜਨ ਸਮਾਜ ਪਾਰਟੀ (ਬਸਪਾ) ਜਿਸ ਦਾ ਦੁਆਬੇ ਵਿੱਚ ਖਾਸ ਅਧਾਰ ਹੈ, ਨੇ ਬਲਵਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਉਹ 2019 ਦੀਆਂ ਚੋਣਾਂ ਵਿੱਚ ਤੀਜੇ ਨੰਬਰ ਉੱਤੇ ਰਹੇ ਸਨ।












