ਲੋਕ ਸਭਾ ਚੋਣਾਂ 2024: ਦਲਬਦਲੂ ਆਗੂਆਂ ਨੇ ਉਲਝਾਈ ਜਲੰਧਰ ਸੀਟ ਦੀ ਤਾਣੀ, ਵੋਟਰ ਵੀ ਦੁਵਿਧਾ ’ਚ

ਤਸਵੀਰ ਸਰੋਤ, facebook/pawan kumar tinu/sushil Kumar Rinku
“ਇਸ ਵਾਰ ਤਾਂ ਸਮਝ ਹੀ ਨਹੀਂ ਆ ਰਿਹਾ ਹੈ ਕਿਹੜਾ ਉਮੀਦਵਾਰ ਕਿਸ ਪਾਰਟੀ ਦਾ ਹੈ। ਦਸ ਮਹੀਨੇ ਪਹਿਲਾਂ ਜਿਸ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਸੀ, ਉਹ ਹੁਣ ਬੀਜੇਪੀ ਦਾ ਉਮੀਦਵਾਰ ਬਣ ਗਿਆ ਹੈ।”
“ਕਾਂਗਰਸ ਵਾਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵਾਲਾ ਆਮ ਆਦਮੀ ਦੇ ਪਾਲੇ ਵਿੱਚ ਆ ਕੇ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ”, ਇਹ ਸ਼ਬਦ ਹਨ ਜਲੰਧਰ ਨੇੜਲੇ ਪਿੰਡ ਕਿਸ਼ਨਗੜ੍ਹ ਦੇ ਬਜ਼ੁਰਗ ਸੁਰਜੀਤ ਸਿੰਘ ਦੇ।
ਸੁਰਜੀਤ ਸਿੰਘ ਲੱਕੜ ਦੇ ਮਿਸਤਰੀ ਹਨ ਅਤੇ ਉਨ੍ਹਾਂ ਦੀ ਇਹ ਟਿੱਪਣੀ ਜਲੰਧਰ ਲੋਕ ਸਭਾ ਸੀਟ ਉੱਤੇ ਚੋਣ ਲੜੇ ਸਿਆਸੀ ਆਗੂਆਂ ਬਾਰੇ ਸੀ।
ਸੁਰਜੀਤ ਸਿੰਘ ਆਖਦੇ ਹਨ ਕਿ ਬੇਸ਼ੱਕ ਜਲੰਧਰ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ ਪਰ ਇਸ ਵਾਰ ਵੋਟਰ ਬਹੁਤ ਜ਼ਿਆਦਾ ਉਲਝੇ ਹੋਏ ਹਨ ਕਿਉਂਕਿ ਉਮੀਦਵਾਰ ਉਹੀ ਹਨ ਪਰ ਚੋਣ ਨਿਸ਼ਾਨ ਵੱਖਰੇ ਹੋ ਗਏ ਹਨ।
ਸੁਰਜੀਤ ਸਿੰਘ ਦੱਸਦੇ ਹਨ ਕਿ ਪਹਿਲਾਂ ਆਗੂਆਂ ਦੀ ਵਿਚਾਰਧਾਰਾ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ।
“ਇਸ ਵਾਰ ਆਗੂਆਂ ਦੀ ਮੌਕਾ ਪ੍ਰਸਤੀ ਅਤੇ ਉਨ੍ਹਾਂ ਲਈ ਦਲ ਬਦਲੀ ਵੀ ਇਸ ਵਾਰ ਜਲੰਧਰ ਲੋਕ ਸੀਟ ਦੀ ਚੋਣ ਵਿੱਚ ਇੱਕ ਅਹਿਮ ਮੁੱਦਾ ਹੈ।”
ਉਮੀਦਵਾਰਾਂ ਦਾ ਦਮ ਖ਼ਮ

ਜਲੰਧਰ ਲੋਕ ਸਭਾ ਸੀਟ ਉੱਤੇ ਕਾਂਗਰਸ ਅਤੇ ਬਸਪਾ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਪਾਰਟੀਆਂ ਦੇ ਉਮੀਦਵਾਰ ਦਲ ਬਦਲ ਕੇ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਹਨ।
ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਤੋਂ ਨਾਰਾਜ਼ ਹੋ ਕੇ ਜਲੰਧਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹੇ ਮਰਹੂਮ ਕਾਂਗਰਸੀ ਆਗੂ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਦਾ ਦੇਹਾਂਤ ਹੋ ਗਿਆ ਸੀ।
ਇਸ ਤੋਂ ਬਾਅਦ ਜ਼ਿਮਨੀ ਚੋਣ ਵਿੱਚ ਪਾਰਟੀ ਨੇ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ।

ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਵਿੱਚ ਹਨ ਜਦੋਂਕਿ ਮੌਜੂਦਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਚਲੇ ਗਏ ਸਨ ਅਤੇ ਹੁਣ ਭਾਜਪਾ ਦੀ ਟਿਕਟ ਤੋਂ ਹੀ ਚੋਣ ਲੜ ਰਹੇ ਹਨ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂੰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਿਨ੍ਹਾਂ ਦਾ ਅਤੀਤ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਦੇ ਸਾਬਕਾ ਐੱਮ ਪੀ ਮਹਿੰਦਰ ਸਿੰਘ ਕੇ ਪੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਮਹਿੰਦਰ ਸਿੰਘ ਕੇ ਪੀ ਪੁਰਾਣੇ ਕਾਂਗਰਸੀ ਹਨ ਅਤੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਮੁੱਖ ਤੌਰ ਉੱਤੇ ਜਲੰਧਰ ਸੀਟ ਉੱਤੇ ਇਸ ਸਮੇਂ ਇਨ੍ਹਾਂ ਚਾਰਾਂ ਪਾਰਟੀਆਂ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪਰ ਬਹੁਜਨ ਸਮਾਜ ਪਾਰਟੀ ਦਾ ਵੀ ਇੱਥੇ ਵੱਡਾ ਆਧਾਰ ਹੈ ਇਸ ਕਰਕੇ ਉਸ ਦੀ ਮੌਜਦੂਗੀ ਨੂੰ ਵੀ ਇਥੇ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਉਮੀਦਵਾਰਾਂ ਦੇ ਦਾਅਵੇ ਅਤੇ ਚੋਣ ਪ੍ਰਚਾਰ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਦੌਰਾਨ ਨਸ਼ਾ, ਔਰਤਾਂ ਨੂੰ ਇੱਕ ਹਜ਼ਾਰ ਦਾ ਭੱਤਾ, ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕ ਕੇ ਪੰਜਾਬ ਸਰਕਾਰ ਦੀਆਂ ਨਕਾਮੀਆਂ ਨੂੰ ਵੋਟਰਾਂ ਅੱਗੇ ਰੱਖ ਰਹੇ ਹਨ।
ਇਸ ਤੋਂ ਇਲਾਵਾ ਉਹ ਜਲੰਧਰ ਸੀਟ ਲਈ ਵੱਖ- ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਦਲ ਬਦਲੀ ਦੇ ਮੁੱਦੇ ਨੂੰ ਵੀ ਲੋਕਾਂ ਦੇ ਧਿਆਨ ਵਿੱਚ ਲਿਆਉਂਦੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਚੋਣ ਪ੍ਰਚਾਰ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਹੋਈ ਹੈ।
ਟੀਨੂੰ ਸੂਬੇ ਵਿੱਚ ਪਾਰਟੀ ਦੀ ਸਰਕਾਰ ਹੋਣ ਦਾ ਹਵਾਲਾ ਕੇ ਜਲੰਧਰ ਦੇ ਵਿਕਾਸ ਦੀ ਗੱਲ ਵੋਟਰਾਂ ਨਾਲ ਕਰ ਰਹੇ ਹਨ।
ਇਸ ਤੋਂ ਇਲਾਵਾ ਆਪਣੇ ਉੱਤੇ ਦਲ ਬਦਲੀ ਦੇ ਉੱਠ ਰਹੇ ਸਵਾਲਾਂ ਦੀ ਸਫ਼ਾਈ ਵੀ ਉਹ ਵੋਟਰਾਂ ਨੂੰ ਦਿੰਦੇ ਹਨ ਅਤੇ ਭਰੋਸੇਯੋਗਤਾ ਉੱਤੇ ਕਾਇਮ ਰਹਿਣ ਦਾ ਦਾਅਵਾ ਆਪਣੇ ਚੋਣ ਪ੍ਰਚਾਰ ਦੌਰਾਨ ਕਰ ਰਹੇ ਹਨ।
ਪਵਨ ਕੁਮਾਰ ਟੀਨੂੰ ਆਖਦੇ ਹਨ ਕਿ ਦਲ ਬਦਲੀ ਕੋਈ ਮੁੱਦਾ ਨਹੀਂ ਹੈ।
ਜਲੰਧਰ ਦੇ ਮੌਜੂਦਾ ਲੋਕ ਸਭਾ ਮੈਂਬਰ ਅਤੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਆਖਦੇ ਹਨ ਕਿ ਜਲੰਧਰ ਦਾ ਵਿਕਾਸ ਮੋਦੀ ਸਰਕਾਰ ਹੀ ਕਰ ਸਕਦੀ ਹੈ।
ਉਨ੍ਹਾਂ ਆਖਿਆ ਕਿ ਜਲੰਧਰ ਇੱਕ ਸਪੋਰਟਸ ਹੱਬ ਹੈ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਹੀ ਇਸ ਸ਼ਹਿਰ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੀਆਂ ਹਨ।
ਰਿੰਕੂ ਮੁਤਾਬਕ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਵਿਕਾਸ ਲਈ ਕਈ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਸਨ ਪਰ ਕਿਸੇ ਨੂੰ ਉਨ੍ਹਾਂ ਪੂਰਾ ਨਹੀਂ ਕੀਤਾ ਇਸ ਕਰ ਕੇ ਉਨ੍ਹਾਂ ਪਾਰਟੀ ਛੱਡ ਕੇ ਭਾਜਪਾ ਦਾ ਰੁਖ਼ ਕੀਤਾ ਹੈ।
ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਕਹਿੰਦੇ ਹਨ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਮਝਦੀ ਹੈ ਅਤੇ ਇਸ ਕਰ ਕੇ ਉਨ੍ਹਾਂ ਜਲੰਧਰ ਦੀ ਭਲਾਈ ਲਈ ਪਾਰਟੀ ਜੁਆਇਨ ਕੀਤੀ ਹੈ।

ਜਲੰਧਰ ਲੋਕ ਸਭਾ ਸੀਟ ਦਾ ਸਿਆਸੀ ਗਣਿਤ
ਪੰਜਾਬ ਦੇ ਦੁਆਬਾ ਖੇਤਰ ਦੀ ਇਹ ਸੀਟ ਕਾਂਗਰਸ ਲਈ ਸੁਰੱਖਿਅਤ ਅਤੇ ਉਸ ਦੇ ਮਜ਼ਬੂਤ ਗੜ ਵਜੋਂ ਜਾਣੀ ਜਾਂਦੀ ਹੈ।
ਇਸ ਸੀਟ ਉੱਤੇ ਹੁਣ ਤੱਕ 20 ਵਾਰ ਚੋਣਾਂ ਹੋ ਚੁੱਕੀਆਂ ਹਨ, ਜਿੰਨਾ ਵਿੱਚੋਂ 12 ਵਾਰ ਕਾਂਗਰਸ ਜੇਤੂ ਰਹੀ ਹੈ।
ਕਾਂਗਰਸ ਦੇ ਮਰਹੂਮ ਆਗੂ ਸਵਰਨ ਸਿੰਘ ਇੱਥੋਂ ਲਗਾਤਾਰ ਪੰਜ ਵਾਰ ਚੋਣ ਜਿੱਤ ਕੇ ਰਿਕਾਰਡ ਕਾਇਮ ਕਰ ਚੁੱਕੇ ਹਨ।
ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲੋਕ ਸਭਾ ਸੀਟ ਉੱਤੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਪੰਜ ਵਿੱਚ ਕਾਂਗਰਸ ਜੇਤੂ ਰਹੀ ਸੀ ਅਤੇ 4 ਉੱਤੇ ਆਮ ਆਦਮੀ ਪਾਰਟੀ।
ਇਸ ਤੋਂ ਇਲਾਵਾ ਭਾਜਪਾ ਦਾ ਇਸ ਸੀਟ ਉੱਤੇ ਚੰਗਾ ਆਧਾਰ ਹੈ ਖ਼ਾਸ ਤੌਰ ਉੱਤੇ ਸ਼ਹਿਰੀ ਖੇਤਰਾਂ ਵਿੱਚ।
ਜਲੰਧਰ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਵੱਡਾ ਆਧਾਰ ਰੱਖਦੀ ਹੈ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਦੇ ਬਲਵਿੰਦਰ ਕੁਮਾਰ ਨੇ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕਰ ਕੇ ਆਪਣੀ ਮੌਜੂਦਗੀ ਦਾ ਅਹਿਸਾਰ ਸਭ ਨੂੰ ਕਰਵਾ ਦਿੱਤਾ ਸੀ।
ਜਲੰਧਰ ਨੂੰ ਪ੍ਰਵਾਸੀ ਭਾਰਤੀਆਂ ਦੇ ਗੜ੍ਹ ਵਜੋਂ ਵੀ ਜਾਣਿਆ ਜਾਂਦਾ ਹੈ।
ਜਲੰਧਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਇਨ੍ਹਾਂ ਐੱਨਆਰਆਈਜ਼ ਦੀ ਵੀ ਇਸ ਸੀਟ ਉੱਤੇ ਖ਼ਾਸ ਦਿਲਚਸਪੀ ਰਹਿੰਦੀ ਹੈ ਅਤੇ ਇਥੋਂ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਵੀ ਕਰਦੇ ਹਨ।

ਜਾਤੀ ਸਮੀਕਰਨ ਅਤੇ ਡੇਰਾ ਫੈਕਟਰ
ਜਲੰਧਰ ਲੋਕ ਸਭਾ ਹਲਕਾ ਰਿਜ਼ਰਵ ਹੈ ਅਤੇ ਇਸ ਸੀਟ ਉੱਤੇ ਡੇਰਾ ਫੈਕਟਰ ਅਤੇ ਜਾਤੀ ਸਮੀਕਰਨ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਡੇਰਾ ਸੱਚਖੰਡ ਬਲਾਂ ਇਸ ਲੋਕ ਸਭਾ ਸੀਟ ਦੇ ਅੰਤਰਗਤ ਆਉਂਦਾ ਹੈ ਜਿਸ ਦਾ ਦੁਆਬੇ ਵਿੱਚ ਵੱਡਾ ਆਧਾਰ ਅਤੇ ਪ੍ਰਭਾਵ ਹੈ। ਦੁਆਬਾ ਖੇਤਰ ਦਾ ਦਲਿਤ ਭਾਈਚਾਰਾ ਵੱਡੀ ਗਿਣਤੀ ਵਿੱਚ ਡੇਰਾ ਸੱਚਖੰਡ ਬਲਾਂ ਨਾਲ ਜੁੜਿਆ ਹੋਇਆ ਹੈ ਇਸ ਕਰ ਕੇ ਹਰ ਸਿਆਸੀ ਪਾਰਟੀ ਡੇਰੇ ਦਾ ਅਸ਼ੀਰਵਾਦ ਲੈਣ ਲਈ ਉੱਥੇ ਹਾਜ਼ਰੀ ਭਰਦੀ ਹੈ।
ਇਸ ਤੋਂ ਇਲਾਵਾ ਦੁਆਬੇ ਵਿੱਚ ਹੀ ਡੇਰਾ ਨੂਰਮਹਿਲ ਵੀ ਸਥਿਤ ਹੈ ਇਸ ਡੇਰੇ ਦੇ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਨ।
ਇਨ੍ਹਾਂ ਦੋ ਪ੍ਰਮੁੱਖ ਡੇਰਿਆਂ ਤੋਂ ਇਲਾਵਾ ਈਸਾਈ ਭਾਈਚਾਰੇ ਦਾ ਵੀ ਜਲੰਧਰ ਸੀਟ ਉੱਤੇ ਕਾਫ਼ੀ ਪ੍ਰਭਾਵ ਹੈ।

ਕੀ ਹੈ ਜਲੰਧਰ ਦੇ ਲੋਕਾਂ ਦੀ ਰਾਇ
ਜਲੰਧਰ ਨੇੜਲੇ ਨੌਲ਼ੀ ਪਿੰਡ ਦੀ ਰੀਨਾ ਲਈ ਰੁਜ਼ਗਾਰ ਵੱਡਾ ਮੁੱਦਾ ਹੈ।
ਰੀਨਾ ਦੱਸਦੇ ਹਨ ਕਿ ਰੁਜ਼ਗਾਰ ਦੀ ਕਮੀ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਨੂੰ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੋਈ ਵੀ ਸਿਆਸੀ ਪਾਰਟੀ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਰਹੀ।
ਰੀਨਾ ਦੱਸਦੇ ਹਨ ਕਿ ਉਨ੍ਹਾਂ ਦੇ ਤਿੰਨ ਬੇਟੇ ਹਨ ਅਤੇ ਸਾਰੇ ਪੜ੍ਹੇ-ਲਿਖੇ ਹਨ ਪਰ ਰੁਜ਼ਗਾਰ ਨਾ ਮਿਲਣ ਕਾਰਨ ਪਹਿਲਾਂ ਵੱਡਾ ਮੁੰਡਾ ਵਿਦੇਸ਼ ਚਲਾ ਗਿਆ ਅਤੇ ਹੁਣ ਦੂਜਾ ਜਾਣ ਦੀ ਤਿਆਰੀ ਵਿੱਚ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ ਹਨ ਹੁਣ ਸਿਰਫ਼ ਬਜ਼ੁਰਗ ਮਾਪੇ ਹੀ ਰਹੇ ਗਏ ਹਨ।
ਜਲੰਧਰ ਸ਼ਹਿਰ ਦੇ ਕ੍ਰਿਸ਼ਨ ਕੁਮਾਰ ਆਖਦੇ ਹਨ ਉਨ੍ਹਾਂ ਲਈ ਸਭ ਤੋਂ ਵੱਡਾ ਚੋਣ ਮੁੱਦਾ ਸ਼ਹਿਰ ਦਾ ਵਿਕਾਸ ਹੈ।
ਉਨ੍ਹਾਂ ਦੱਸਿਆ ਕਿ ਸੜਕਾਂ ਦੀ ਹਾਲਤ ਖ਼ਰਾਬ ਹੈ, ਇਸ ਤੋਂ ਇਲਾਵਾ ਸ਼ਹਿਰ ਵਿੱਚ ਥਾਂ ਥਾਂ ਉੱਤੇ ਟਰੈਫ਼ਿਕ ਜਾਮ ਦੀ ਸਮੱਸਿਆ ਵੀ ਉਨ੍ਹਾਂ ਲਈ ਚੋਣ ਮੁੱਦਾ ਹੈ।
ਕ੍ਰਿਸ਼ਨ ਕੁਮਾਰ ਆਖਦੇ ਹਨ ਕਿ ਇਸ ਵਾਰ ਦਲ ਬਦਲੀ ਵੀ ਉਨ੍ਹਾਂ ਲਈ ਇੱਕ ਮੁੱਦਾ ਹੈ। ਉਹ ਕਹਿੰਦੇ ਹਨ ਕਿ ਇਹ ਸਮਝ ਨਹੀਂ ਆ ਰਿਹਾ ਕਿ ਪਾਰਟੀ ਨੂੰ ਦੇਖ ਕੇ ਵੋਟ ਦਿੱਤਾ ਜਾਵੇ ਜਾਂ ਉਮੀਦਵਾਰ ਨੂੰ, ਕਿਉਂਕਿ ਕਿਸੇ ਦਾ ਕੋਈ ਭਰੋਸਾ ਨਹੀਂ, ਰਾਤੋ ਰਾਤ ਉਮੀਦਵਾਰ ਪਾਰਟੀਆਂ ਬਦਲ ਲੈਂਦੇ ਹਨ।
ਕਾਰਤਿਕ ਡੋਗਰਾ ਕਹਿੰਦੇ ਹਨ ਜਲੰਧਰ ਵਾਸੀਆਂ ਨੇ ਪਹਿਲਾਂ ਇੱਥੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਸੀ ਪਰ ਉਹ ਭਾਜਪਾ ਵਿੱਚ ਚਲੇ ਗਏ, ਚਰਨਜੀਤ ਸਿੰਘ ਚੰਨੀ ਬਾਹਰਲੇ ਉਮੀਦਵਾਰ ਹਨ, ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਹਨ, ਕਾਂਗਰਸੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਉੱਤੇ ਚੋਣ ਲੜ ਰਿਹਾ ਹੈ, ਇਸ ਕਰ ਕੇ ਵੋਟਰ ਬਹੁਤ ਦੁਬਿਧਾ ਵਿੱਚ ਹੈ।
ਨੌਜਵਾਨ ਪ੍ਰੀਤੋਸ਼ ਸ਼ਰਮਾ ਲਈ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡਾ ਮੁੱਦਾ ਖੇਡ ਢਾਂਚਾ ਹੈ।
ਉਨ੍ਹਾਂ ਕਹਿੰਦੇ ਹਨ ਕਿ ਬੇਸ਼ੱਕ ਜਲੰਧਰ ਦੀ ਪਛਾਣ ਖੇਡਾਂ ਦੇ ਸਮਾਨ ਕਰ ਕੇ ਹੈ ਪਰ ਸ਼ਹਿਰ ਵਿੱਚ ਸਟੇਡੀਅਮਾਂ ਦਾ ਬੁਰਾ ਹਾਲ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਟਰੈਫ਼ਿਕ ਮੈਨੇਜਮੈਂਟ, ਇੰਡਸਟਰੀ ਦੀ ਸਮੱਸਿਆ,ਸਿਹਤ ਸੁਵਿਧਾਵਾਂ, ਰੋਜ਼ਗਾਰ ਵੀ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਲਈ ਮੁੱਦਾ ਹੈ।












