ਮੋਦੀ ਨੇ ਪਹਿਲੀ ਵਾਰ ਅੰਬਾਨੀ-ਅਡਾਨੀ ਦਾ ਨਾਂ ਲੈ ਕੇ ਕਾਂਗਰਸ ’ਤੇ ਹਮਲਾ ਕੀਤਾ, ਤਾਂ ਕਾਂਗਰਸ ਨੇ ਇਹ ਲਿਸਟ ਫੜ੍ਹਾਈ

ਤਸਵੀਰ ਸਰੋਤ, Getty Images
ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਭਾਸ਼ਣਾਂ ਵਿੱਚ ਉਦਯੋਗਪਤੀਆਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੇ ਨਾਂ ਅਕਸਰ ਸੁਣੇ ਜਾਂਦੇ ਹਨ।
ਲੇਕਿਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਨਰਿੰਦਰ ਮੋਦੀ ਨੇ ਕਿਸੇ ਚੋਣ ਰੈਲੀ ਵਿੱਚ ਅੰਬਾਨੀ ਅਤੇ ਅਡਾਨੀ ਦਾ ਨਾਂ ਲੈ ਕੇ ਕਾਂਗਰਸ 'ਤੇ ਹਮਲਾ ਕੀਤਾ ਹੈ।
ਪੀਐਮ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ, "ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਹੈ, ਉਨ੍ਹਾਂ (ਰਾਹੁਲ ਗਾਂਧੀ) ਨੇ ਅੰਬਾਨੀ, ਅਡਾਨੀ ਨੂੰ ਗਾਲ੍ਹਾਂ ਕੱਢਣੀਆਂ ਬੰਦ ਕਰ ਦਿੱਤੀਆਂ ਹਨ।"
ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, "ਅੱਜ ਮੈਂ ਤੇਲੰਗਾਨਾ ਦੀ ਧਰਤੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਰਾਜਕੁਮਾਰ ਇਹ ਐਲਾਨ ਕਰੇ ਕਿ ਉਸ ਨੇ ਅੰਬਾਨੀ ਅਤੇ ਅਡਾਨੀ ਤੋਂ ਚੋਣਾਂ ਵਿੱਚ ਕਿੰਨਾ ਪੈਸਾ ਚੁੱਕਿਆ ਹੈ। ਕਾਲੇ ਧਨ ਦੀਆਂ ਭਰੀਆਂ ਕਿੰਨੀਆਂ ਬੋਰੀਆਂ ਮਾਰੀਆਂ ਹਨ। ਟੈਂਪੂ ਭਰ ਕੇ ਨੋਟ ਕਾਂਗਰਸ ਤੱਕ ਪਹੁੰਚੇ ਕੀ?
ਚੋਣ ਰੈਲੀ ਵਿੱਚ ਪੀਐੱਮ ਮੋਦੀ ਕਹਿੰਦੇ ਹਨ, "ਇਹ ਕੀ ਸੌਦਾ ਹੋਇਆ। ਤੁਸੀਂ ਰਾਤੋ-ਰਾਤ ਅੰਬਾਨੀ, ਅਡਾਨੀ ਨੂੰ ਗਾਲ੍ਹਾਂ ਕੱਢਣੀਆਂ ਬੰਦ ਕਰ ਦਿੱਤੀਆਂ। ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ। ਪੰਜ ਸਾਲ ਤੱਕ ਅੰਬਾਨੀ ਤੇ ਅਡਾਨੀ ਨੂੰ ਗਾਲ੍ਹਾਂ ਕੱਢੀਆਂ ਤੇ ਰਾਤੋ-ਰਾਤ ਗਾਲ੍ਹਾਂ ਬੰਦ ਹੋ ਗਈਆਂ। ਮਤਲਬ ਕੋਈ ਨਾ ਕੋਈ ਚੋਰੀ ਦਾ ਮਾਲ. ਟੈਂਪੂ ਭਰ ਕੇ ਤੁਹਾਨੂੰ ਮਿਲਿਆ ਹੈ। ਦੇਸ ਨੂੰ ਜਵਾਬ ਦੇਣਾ ਪਵੇਗਾ।"
ਰਾਹੁਲ ਗਾਂਧੀ ਨੇ ਪੀਐਮ ਮੋਦੀ ਦੇ ਬਿਆਨ ਦਾ ਜਵਾਬ ਦਿੱਤਾ ਹੈ।
ਇਸ ਰਿਪੋਰਟ 'ਚ ਜਾਣੋ ਕੌਣ ਕੀ ਕਹਿ ਰਿਹਾ ਹੈ ਪੀਐੱਮ ਮੋਦੀ ਦੇ ਤਾਜ਼ਾ ਹਮਲੇ ਬਾਰੇ ਕੌਣ ਕੀ ਕਹਿ ਰਿਹਾ ਹੈ?
ਅਤੀਤ ਵਿੱਚ ਰਾਹੁਲ ਗਾਂਧੀ ਅੰਬਾਨੀ ਅਤੇ ਅਡਾਨੀ ਬਾਰੇ ਕੀ ਕਹਿੰਦੇ ਰਹੇ ਹਨ ਅਤੇ ਪਿਛਲੇ ਸਮੇਂ ਦੌਰਾਨ ਇਨ੍ਹਾਂ ਦੋਵਾਂ ਸਮੂਹਾਂ ਨੇ ਰਾਹੁਲ ਗਾਂਧੀ ਦੇ ਇਲਜ਼ਾਮਾਂ ਦਾ ਕੀ ਜਵਾਬ ਦਿੱਤਾ ਸੀ?

ਤਸਵੀਰ ਸਰੋਤ, ANI
ਰਾਹੁਲ ਗਾਂਧੀ ਨੇ ਪੀਐੱਮ ਮੋਦੀ ਨੂੰ ਦਿੱਤਾ ਜਵਾਬ
ਰਾਹੁਲ ਗਾਂਧੀ ਨੇ ਵੀ ਬੁੱਧਵਾਰ ਸ਼ਾਮ ਨੂੰ ਪੀਐੱਮ ਮੋਦੀ ਦੇ ਇਸ ਬਿਆਨ ਦਾ ਜਵਾਬ ਦਿੱਤਾ।
ਰਾਹੁਲ ਗਾਂਧੀ ਨੇ ਕਿਹਾ, "ਹੈਲੋ ਮੋਦੀ ਜੀ, ਕੀ ਤੁਸੀਂ ਥੋੜੇ ਜਿਹੇ ਘਬਰਾ ਗਏ ਹੋ? ਆਮ ਤੌਰ 'ਤੇ ਤੁਸੀਂ ਬੰਦ ਕਮਰਿਆਂ ਵਿੱਚ ਅਡਾਨੀ ਅਤੇ ਅੰਬਾਨੀ ਜੀ ਬਾਰੇ ਗੱਲ ਕਰਦੇ ਹੋ। ਤੁਸੀਂ ਪਹਿਲੀ ਵਾਰ ਜਨਤਕ ਤੌਰ 'ਤੇ ਅੰਬਾਨੀ ਅਤੇ ਅਡਾਨੀ ਕਿਹਾ। ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਟੈਂਪੂ ਵਿੱਚ ਪੈਸੇ ਦਿੰਦੇ ਹਨ। ਨਿੱਜੀ ਅਨੁਭਵ ਹੈ ਕੀ?''
ਰਾਹੁਲ ਨੇ ਕਿਹਾ, "ਇੱਕ ਕੰਮ ਕਰੋ। ਸੀਬੀਆਈ ਅਤੇ ਈਡੀ ਭੇਜੋ ਇਨ੍ਹਾਂ ਕੋਲੋਂ ਪੂਰੀ ਜਾਣਕਾਰੀ ਕਰੋ, ਜਾਂਚ ਕਰਵਾਓ। ਜਲਦੀ ਤੋਂ ਜਲਦੀ ਕਰਵਾਓ। ਘਬਰਾਓ ਨਾ ਮੋਦੀ ਜੀ। ਮੈਂ ਦੇਸ਼ ਨੂੰ ਵਾਰ-ਵਾਰ ਦੱਸ ਰਿਹਾ ਹਾਂ ਕਿ ਜਿੰਨਾ ਵੀ ਨਰਿੰਦਰ ਮੋਦੀ ਜੀ ਨੇ ਉਨ੍ਹਾਂ ਨੂੰ ਦਿੱਤਾ ਹੈ...ਉਨਾਂ ਹੀ ਪੈਸਾ ਅਸੀਂ ਭਾਰਤ ਦੇ ਗਰੀਬਾਂ ਨੂੰ ਦੇਣ ਜਾ ਰਹੇ ਹਾਂ। ਇੰਨ੍ਹਾਂ ਨੇ 22 ਅਰਬਪਤੀ ਬਣਾਏ ਹਨ। ਅਸੀਂ ਕਰੋੜਾਂ ਲੱਖਪਤੀ ਬਣਾਵਾਂਗੇ।''
ਅਡਾਨੀ ਅਤੇ ਅੰਬਾਨੀ ਨਾਲ ਸਬੰਧਾਂ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਅਕਸਰ ਪੀਐੱਮ ਮੋਦੀ ਨੂੰ ਘੇਰਦੀਆਂ ਰਹੀਆਂ ਹਨ।
ਅਜਿਹੇ 'ਚ ਜਦੋਂ ਪੀਐੱਮ ਮੋਦੀ ਨੇ ਅੰਬਾਨੀ ਅਤੇ ਅਡਾਨੀ ਦਾ ਨਾਂ ਲੈ ਕੇ ਰਾਹੁਲ ਗਾਂਧੀ ਨੂੰ ਘੇਰਿਆ ਤਾਂ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੀਆਂ ਪ੍ਰਤੀਕਿਰਿਆਵਾਂ ਆਈਆਂ।
ਪੀਐੱਮ ਮੋਦੀ ਦੇ ਬਿਆਨ ਬਾਰੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਕੀ ਕਿਹਾ?
ਪ੍ਰਿਅੰਕਾ ਗਾਂਧੀ ਵਾਡਰਾ ਇਨ੍ਹੀਂ ਦਿਨੀਂ ਚੋਣ ਪ੍ਰਚਾਰ ਕਰ ਰਹੇ ਹਨ।
ਪ੍ਰਿਅੰਕਾ ਗਾਂਧੀ ਨੇ ਰਾਏਬਰੇਲੀ ਵਿੱਚ ਇੱਕ ਚੋਣ ਰੈਲੀ ਦੌਰਾਨ ਪੀਐੱਮ ਮੋਦੀ ਦੇ ਬਿਆਨ ਦਾ ਜਵਾਬ ਦਿੱਤਾ।
ਪ੍ਰਿਅੰਕਾ ਗਾਂਧੀ ਨੇ ਕਿਹਾ, "ਅੱਜ ਨਰਿੰਦਰ ਮੋਦੀ ਨੇ ਕਿਹਾ - ਰਾਹੁਲ ਗਾਂਧੀ ਜੀ ਅਡਾਨੀ ਦਾ ਨਾਮ ਨਹੀਂ ਲੈ ਰਹੇ ਹਨ। ਸੱਚਾਈ ਇਹ ਹੈ ਕਿ ਰਾਹੁਲ ਗਾਂਧੀ ਜੀ ਹਰ ਰੋਜ਼ ਅਡਾਨੀ ਬਾਰੇ ਗੱਲ ਕਰਦੇ ਹਨ, ਉਹ ਹਰ ਰੋਜ਼ ਅਡਾਨੀ ਦਾ ਸੱਚ ਤੁਹਾਡੇ ਸਾਹਮਣੇ ਰੱਖਦੇ ਹਨ, ਉਨ੍ਹਾਂ ਦਾ ਖੁਲਾਸਾ ਕਰਦੇ ਹਨ।"
ਪ੍ਰਿਅੰਕਾ ਗਾਂਧੀ ਨੇ ਕਿਹਾ, ''ਰਾਹੁਲ ਗਾਂਧੀ ਜੀ ਤੁਹਾਨੂੰ ਹਰ ਰੋਜ਼ ਦੱਸਦੇ ਹਨ ਕਿ ਨਰਿੰਦਰ ਮੋਦੀ ਦਾ ਵੱਡੇ ਉਦਯੋਗਪਤੀਆਂ ਨਾਲ ਗਠਜੋੜ ਹੈ। ਨਰਿੰਦਰ ਮੋਦੀ ਨੇ ਆਪਣੇ ਦੋਸਤਾਂ ਦੇ 16 ਲੱਖ ਕਰੋੜ ਰੁਪਏ ਮਾਫ਼ ਕਰ ਦਿੱਤੇ ਪਰ ਕਿਸਾਨਾਂ ਦਾ ਇੱਕ ਰੁਪਇਆ ਵੀ ਮੁਆਫ਼ ਨਹੀਂ ਕੀਤਾ। ਨਰਿੰਦਰ ਮੋਦੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।”

ਤਸਵੀਰ ਸਰੋਤ, ANI
ਚੋਣ ਰੈਲੀ ਵਿੱਚ ਪ੍ਰਿਅੰਕਾ ਗਾਂਧੀ ਨੇ ਕਿਹਾ, "ਇਸ ਦੇਸ ਦੀ ਜਿੰਨੀ ਵੀ ਦੌਲਤ ਸੀ ਆਪਣੇ ਕਰੋੜਪਤੀ ਦੋਸਤਾਂ ਨੂੰ ਦੇ ਦਿੱਤੀ ਹੈ। ਦੇਸ ਦੇ ਬੰਦਰਗਾਹ, ਹਵਾਈ ਅੱਡੇ, ਦੇਸ ਦਾ ਕੋਲਾ, ਦੇਸ ਦੇ ਜੋ ਬਿਜਲੀ ਬਣਾਉਣ ਵਾਲੀਆਂ ਹਨ... ਆਪਣੇ ਖਰਬਪਤੀ ਦੋਸਤਾਂ ਨੂੰ ਦੇ ਦਿੱਤੀਆਂ।"
ਸਮਾਜ ਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਕਿਹਾ, "ਦੇਸ ਦੇ ਵੱਡੇ ਕਾਰੋਬਾਰੀ ਘਰਾਣਿਆਂ ਬਾਰੇ ਅਜਿਹੀਆਂ ਗੱਲਾਂ ਕਹਿ ਕੇ, ਭਾਜਪਾ ਨੇ ਦੁਨੀਆ ਭਰ ਵਿੱਚ ਭਾਰਤੀ ਉਦਯੋਗ ਦੀਆਂ ਵਪਾਰਕ ਸੰਭਾਵਨਾਵਾਂ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।"
ਊਧਵ ਠਾਕਰੇ ਧੜੇ ਦੀ ਸ਼ਿਵ ਸੈਨਾ ਆਗੂ ਪ੍ਰਿਅੰਕਾ ਚਤੁਰਵੇਦੀ ਨੇ ਪੀਐਮ ਮੋਦੀ ਦੇ ਬਿਆਨ ਨੂੰ ਰੀ-ਟਵੀਟ ਕੀਤਾ ਅਤੇ ਕਿਹਾ, "ਹਾਹਾ ਹਾਹਾ। ਇਹ ਭਾਰਤੀ ਚੋਣਾਂ ਦਾ ਓਐਮਜੀ (ਓ ਮਾਈ ਗੌਡ/ ਹਾਏ ਓ ਮੇਰਿਆ ਰੱਬਾ!) ਪਲ ਹੈ।"
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ, "ਸਮਾਂ ਬਦਲ ਰਿਹਾ ਹੈ। ਦੋਸਤ ਹੁਣ ਦੋਸਤ ਨਾ ਰਿਹਾ। ਚੋਣਾਂ ਦੇ ਤਿੰਨ ਪੜਾਅ ਪੂਰੇ ਹੋਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਆਪਣੇ ਹੀ ਦੋਸਤਾਂ 'ਤੇ ਹਮਲਾਵਰ ਬਣ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਜੀ ਦੀ ਕੁਰਸੀ ਡਗਮਗਾ ਰਹੀ ਹੈ। ਇਹ ਨਤੀਜਿਆਂ ਦੇ ਅਸਲ ਰੁਝਾਨ ਹਨ।"
ਮਮਤਾ ਬੈਨਰਜੀ ਦੇ ਟੀਐੱਮਸੀ ਨੇਤਾ ਕੁਨਾਲ ਘੋਸ਼ ਨੇ ਕਿਹਾ, "ਜਦੋਂ ਦੇਖੋ ਦੋ ਘਰਾਣਿਆਂ ਦੀ ਗੱਲ ਕਰ ਰਹੇ ਹਨ - ਅੰਬਾਨੀ ਅਤੇ ਅਡਾਨੀ। ਕਹਿ ਰਹੇ ਹਨ ਕਿ ਕਾਲਾ ਧਨ ਦਿੱਤਾ ਜਾਂ ਨਹੀਂ। ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਤੁਸੀਂ ਈਡੀ ਅਤੇ ਸੀਬੀਆਈ ਨੂੰ ਭੇਜ ਦਿਓ। ਸੀਬੀਆਈ ਨੇ ਕੋਈ ਪੈਸਾ ਬਰਾਮਦ ਨਹੀਂ ਕੀਤਾ, ਤੁਸੀਂ ਖੁੱਲ੍ਹੀਆਂ ਗੱਲਾਂ ਕਰ ਰਹੇ ਹੋ। ਰੋਟੀ, ਕੱਪੜਾ, ਮਕਾਨ ਦੇ ਮੁੱਦੇ 'ਤੇ ਗੱਲ ਕਰਨ ਦੀ ਥਾਂ ਤੁਸੀਂ ਇਨ੍ਹਾਂ ਗੱਲਾਂ ਉੱਤੇ ਨੌਟੰਕੀ ਕਰ ਰਹੇ ਹੋ।"
ਅਭਿਨੇਤਾ ਪ੍ਰਕਾਸ਼ ਰਾਜ ਨੇ ਕਿਹਾ- "ਇਹ ਭਵਿੱਖ ਦੇ ਵਿਰੋਧੀ ਨੇਤਾ ਬੋਲ ਰਹੇ ਹਨ।"
ਭਾਜਪਾ ਨੇਤਾ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ, "2014 ਤੋਂ ਬਾਅਦ ਇਲੈਕਟੋਰਲ ਬਾਂਡ ਆਏ, ਯਾਨੀ ਕਿ ਕਾਲਾ ਧਨ ਖਤਮ ਹੋਇਆ। ਅੱਜ ਲੋਕਾਂ ਨੂੰ ਪਤਾ ਲੱਗ ਸਕਦਾ ਹੈ ਕਿ ਕਿਸ ਨੇ ਕਿਸ ਸਿਆਸੀ ਪਾਰਟੀ ਨੂੰ ਕਿੰਨਾ ਪੈਸਾ ਦਿੱਤਾ। ਹੁਣ ਉਨ੍ਹਾਂ ਨੇ ਹਮਲੇ ਬੰਦ ਕੀਤੇ ਕਿਉਂਕਿ ਸੰਭਵ ਹੈ ਕਿ ਉਨ੍ਹਾਂ ਨੇ ਉਨ੍ਹਾਂ ਤੋਂ ਪੈਸੇ ਲਏ ਹੋਣ।"
ਕਾਂਗਰਸ ਦਾ ਪਲਟਵਾਰ
ਕਾਂਗਰਸ ਨੇ ਮੋਦੀ ਦੇ ਬਿਆਨ ਦੇ ਜਵਾਬ ਵਿੱਚ ਪਲਟ ਵਾਰ ਕੀਤਾ ਹੈ ਅਤੇ ਕਿਹਾ ਹੈ ਕਿ, ਮੋਦੀ ਜੀ ਨੂੰ ਝੂਠ ਬੋਲਣ ਦੀ ਆਦਤ ਹੈ ਅਤੇ ਉਨ੍ਹਾਂ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ।
ਇਸ ਤੋਂ ਬਾਅਦ ਕਾਂਗਰਸ ਦੇ ਯੂਟਿਊਬ ਚੈਨਲ ਉੱਪਰ ਰਾਹੁਲ ਗਾਂਧੀ ਦੇ ਭਾਸ਼ਣ ਦੀਆਂ ਕਲਿਪਸ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਵਾਰ-ਵਾਕ ਅਡਾਨੀ-ਅੰਬਾਲੀ ਦਾ ਜ਼ਿਕਰ ਕੀਤਾ ਹੈ। ਇਹ ਸਾਰੀਆਂ ਕਲਿਪਸ ਰਾਹੁਲ ਗਾਂਧੀ ਦੇ ਚੋਣਾਂਣਾਂ ਦਾ ਐਲਾਨ ਹੋਣ ਤੋਂ ਬਾਅਦ ਦੇ ਭਾਸ਼ਣਾਂ ਦੀਆਂ ਹਨ।
ਵੀਡੀਓ ਮੁਤਾਬਕ ਰਾਹੁਲ ਗਾਂਧੀ ਨੇ ਚੋਣਾਂ ਤੋਂ ਬਾਅਦ ਹੇਠ ਲਿਖੇ ਮੁਤਾਬਕ ਆਪਣੇ ਭਾਸ਼ਣਾਂ ਵਿੱਚ ਅਡਾਨੀ-ਅੰਬਾਨੀ ਦਾ ਜ਼ਿਕਰ ਕੀਤਾ—
- 2 ਮਈ, 2024 ਨੂੰ ਉਨ੍ਹਾਂ ਨੇ ਕਰਨਾਟਕ ਵਿੱਚ ਕਿਹਾ, ਹਿੰਦੁਸਤਾਨ ਦਾ ਧਨ ਲੈ ਕੇ ਇਨ੍ਹਾਂ ਨੇ 22 ਲੋਕਾਂ ਦੀ ਜੇਬ ਵਿੱਚ ਪਾਇਆ, ਅਡਾਨੀ- ਅੰਬਾਨੀ ਇਨ੍ਹਾਂ ਲੋਕਾਂ ਦੀ ਜੇਬ ਵਿੱਚ।
- 3 ਮਈ, 2024 ਨੂੰ ਮਹਾਰਾਸ਼ਟਰ ਵਿੱਚ ਉਨ੍ਹਾਂ ਨੇ ਕਿਹਾ, “ਅਸੀਂ ਮਨਰੇਗਾ ਯੋਜਨਾ ਦਿੱਤੀ, ਕਹਿੰਦੇ ਹਨ ਗ਼ਰੀਬਾਂ ਨੂੰ ਆਲਸੀ ਬਣਾ ਰਹੇ ਹਨ। ਕਿਸਾਨ ਦਾ ਕਰਜ਼ਾ ਮਾਫ਼ ਹੁੰਦਾ ਹੈ ਕਹਿੰਦੇ ਹਨ ਦੇਖੋ ਵਿਗਾੜ ਦਿੱਤਾ ਕਿਸਾਨਾਂ ਨੂੰ। ਅਡਾਨੀ ਨੂੰ ਲੱਖਾਂ ਕਰੋੜ ਦਿੱਤਾ ਜਾਂਦਾ ਹੈ ਉਹ ਨਹੀਂ ਵਿਗੜਦਾ।”
- 5 ਮਈ, 2024 ਨੂੰ ਤੇਲੰਗਾਨਾ ਵਿੱਚ ਉਨ੍ਹਾਂ ਨੇ ਕਿਹਾ, “ਦੇਸ ਦੇ ਸਾਰੇ ਹਵਾਈ ਅੱਡੇ, ਸਾਰੀਆਂ ਬੰਦਰਗਾਹਾਂ, ਬੁਨਿਆਦੀ ਢਾਂਚਾ,ਡਿਫੈਂਸ ਇੰਡਸਟਰੀ ਸਾਰੀ ਦੀ ਸਾਰੀ ਇਨ੍ਹਾਂ ਨੇ ਇੱਕ ਵਿਅਕਤੀ ਨੂੰ ਫੜਾ ਦਿੱਤੀ।”
- 6 ਮਈ, 2024 ਨੂੰ ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਨੇ ਕਿਹਾ, “ਅਡਾਨੀ ਵਰਗੇ ਲੋਕ ਹਨ, ਜਿਨ੍ਹਾਂ ਦੀ ਅੱਖ ਤੁਹਾਡੀ ਜ਼ਮੀਨ ਉੱਤੇ, ਤੁਹਾਡੇ ਜੰਗਲ ਉੱਤੇ ਅਤੇ ਤੁਹਾਡੇ ਜਲ ਉੱਤੇ ਹੈ। ਅਤੇ ਇਹ ਨਰਿੰਦਰ ਮੋਦੀ ਜੀ ਦੇ ਖ਼ਾਸ ਦੋਸਤ ਹਨ।”
- 7 ਮਈ, 2024 ਨੂੰ ਝਾਰਖੰਡ ਵਿੱਚ ਉਨ੍ਹਾਂ ਨੇ ਕਿਹਾ, “ਤੁਸੀਂ ਫੈਸਲਾ ਕਰਨਾ ਹੈ। ਜਾਂ ਅਡਾਨੀ ਦੀ ਸਰਕਾਰ ਬਣਾਉਣੀ ਹੈ। ਮੋਦੀ ਦੀ ਸਰਕਾਰ ਬਣਾਉਣੀ ਹੈ, ਮੋਦੀ ਅਤੇ ਅਡਾਨੀ ਜੀ ਦੀ। ਜਾਂ ਫਿਰ ਕਿਸਾਨਾਂ ਦਾ ਬਣਾਉਣੀ ਹੈ। ਗ਼ਰੀਬਾਂ ਦੀ ਬਣਾਉਣੀ ਹੈ।”

ਤਸਵੀਰ ਸਰੋਤ, INC
ਅੰਬਾਨੀ-ਅਡਾਨੀ ਮੁੱਦੇ 'ਤੇ ਰਾਹੁਲ ਗਾਂਧੀ ਦੇ ਹਮਲੇ
ਮੋਦੀ ਸਰਕਾਰ ਦੇ ਪਿਛਲੇ ਕੁਝ ਸਾਲਾਂ ਵਿੱਚ ਰਾਹੁਲ ਗਾਂਧੀ ਲਗਾਤਾਰ ਅੰਬਾਨੀ ਅਤੇ ਅਡਾਨੀ ਪਰਿਵਾਰਾਂ ਦਾ ਨਾਂ ਲੈ ਕੇ ਪੀਐੱਮ ਮੋਦੀ 'ਤੇ ਨਿਸ਼ਾਨਾ ਲਾ ਰਹੇ ਹਨ।
ਫਰਵਰੀ 2023 ਵਿੱਚ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਅੰਦਰ ਗੌਤਮ ਅਡਾਨੀ ਅਤੇ ਪੀਐੱਮ ਮੋਦੀ ਦੀ ਜਹਾਜ਼ ਵਿੱਚ ਬੈਠਿਆਂ ਦੀ ਤਸਵੀਰ ਦਿਖਾਈ ਸੀ।
ਹਾਲਾਂਕਿ, ਸੰਸਦ ਦੇ ਕੈਮਰਿਆਂ ਨੇ ਪੂਰੀ ਘਟਨਾ ਨਹੀਂ ਦਿਖਾਈ ਅਤੇ ਕਾਂਗਰਸ ਨੇ ਸੰਸਦ ਟੀਵੀ ਉੱਤੇ ਇਸ ਬਾਰੇ ਇਲਜ਼ਾਮ ਵੀ ਲਗਾਏ ਸਨ।
ਫਰਵਰੀ 2023 ਵਿੱਚ ਰਾਹੁਲ ਗਾਂਧੀ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਿਆ ਸੀ, "ਤੁਸੀਂ ਅਡਾਨੀ ਜੀ ਨਾਲ ਕਿੰਨੀ ਵਾਰ ਵਿਦੇਸ਼ੀ ਦੌਰੇ 'ਤੇ ਗਏ? ਤੁਹਾਡੀ ਫੇਰੀ ਤੋਂ ਤੁਰੰਤ ਬਾਅਦ ਅਡਾਨੀ ਕਿੰਨੀ ਵਾਰ ਉਸ ਦੇਸ ਵਿੱਚ ਪਹੁੰਚੇ? ਪ੍ਰਧਾਨ ਮੰਤਰੀ ਦੇ ਬਾਅਦ ਕਿੰਨੇ ਦੇਸਾਂ ਤੋਂ ਅਡਾਨੀ ਨੂੰ ਠੇਕੇ ਮਿਲੇ ਹਨ? ਚੋਣ ਬਾਂਡ ਤੋਂ ਕਿੰਨੇ ਪੈਸੇ ਬੀਜੇਪੀ ਨੂੰ ਮਿਲੇ ਹਨ?"
ਕੁਝ ਦਿਨਾਂ ਬਾਅਦ, ਮਾਰਚ 2023 ਵਿੱਚ, ਸੂਰਤ ਦੀ ਅਦਾਲਤ ਨੇ ਮਾਣਹਾਨੀ ਦੇ ਇੱਕ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ। ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣਾ ਸੰਸਦ ਮੈਂਬਰ ਦਾ ਦਰਜਾ ਵੀ ਗੁਆ ਦਿੱਤਾ ਸੀ।
ਮਾਰਚ 2023 ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ, "ਮੈਨੂੰ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਮੇਰੇ ਭਾਸ਼ਣ ਤੋਂ ਡਰਦੇ ਹਨ। ਉਹ ਮੇਰੇ ਅਗਲੇ ਭਾਸ਼ਣ ਤੋਂ ਡਰਦੇ ਸਨ ਜੋ ਅਡਾਨੀ 'ਤੇ ਹੋਣ ਵਾਲਾ ਸੀ।"
ਰਾਹੁਲ ਗਾਂਧੀ ਦੇ ਇਲਜ਼ਾਮਾਂ 'ਤੇ ਭਾਜਪਾ ਨੇ ਉਦੋਂ ਕਿਹਾ ਸੀ, "ਰਾਹੁਲ ਗਾਂਧੀ ਦੇ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਹ ਬਹੁਤ ਮੰਦਭਾਗਾ ਹੈ ਕਿ ਉਨ੍ਹਾਂ ਨੇ ਨਿਯਮਾਂ ਦੀ ਅਣਦੇਖੀ ਕੀਤੀ ਅਤੇ ਬਿਨਾਂ ਕਿਸੇ ਦਸਤਾਵੇਜ਼ ਦੇ ਅਸੱਭਿਅਕ ਟਿੱਪਣੀ ਕੀਤੀ।"
ਹੁਣ ਜਦੋਂ ਪੀਐੱਮ ਮੋਦੀ ਨੇ ਅੰਬਾਨੀ ਅਤੇ ਅਡਾਨੀ ਦਾ ਨਾਂ ਲਿਆ ਤਾਂ ਕਾਂਗਰਸ ਨੇ ਉਹੀ ਤਸਵੀਰ ਟਵੀਟ ਕੀਤੀ ਅਤੇ ਲਿਖਿਆ- ਸਵਾਲ ਅਜੇ ਵੀ ਉਹੀ ਹੈ- ਮੋਦੀ ਦਾ ਅਡਾਨੀ ਨਾਲ ਕੀ ਰਿਸ਼ਤਾ ਹੈ?
ਹਾਲ ਹੀ ਵਿੱਚ ਮੁਕੇਸ਼ ਅੰਬਾਨੀ ਵੀ ਅਯੁੱਧਿਆ ਦੇ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਗਏ ਸਨ। ਫਰਵਰੀ 2024 ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ, "ਰਾਮ ਮੰਦਰ ਪ੍ਰੋਗਰਾਮ ਵਿੱਚ ਅੰਬਾਨੀ, ਅਮਿਤਾਭ ਬੱਚਨ, ਐਸ਼ਵਰਿਆ ਰਾਏ, ਅਡਾਨੀ ਨੂੰ ਦੇਖਿਆ ਗਿਆ ਸੀ ਪਰ ਕੋਈ ਗਰੀਬ ਨਹੀਂ ਦੇਖਿਆ ਗਿਆ।"
ਹਾਲਾਂਕਿ ਐਸ਼ਵਰਿਆ ਰਾਏ ਅਤੇ ਗੌਤਮ ਅਡਾਨੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਸਨ।
ਇੱਥੋਂ ਤੱਕ ਕਿ ਰਾਹੁਲ ਗਾਂਧੀ ਆਪਣੀਆਂ ਚੋਣ ਸਭਾਵਾਂ ਵਿੱਚ ਅੰਬਾਨੀ ਅਤੇ ਅਡਾਨੀ ਦਾ ਲਗਾਤਾਰ ਜ਼ਿਕਰ ਕਰਦੇ ਰਹੇ ਹਨ। ਰਾਹੁਲ ਗਾਂਧੀ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਮੋਦੀ ਸਰਕਾਰ ਨੇ ਦੇਸ ਦੇ ਗਰੀਬਾਂ ਦਾ ਪੈਸਾ ਦੇਸ ਦੇ ਦੋ ਸਭ ਤੋਂ ਵੱਡੇ ਕਾਰੋਬਾਰੀਆਂ ਨੂੰ ਦੇ ਦਿੱਤਾ ਹੈ।

ਤਸਵੀਰ ਸਰੋਤ, ANI
ਰਾਹੁਲ ਦੇ ਇਲਜ਼ਾਮਾਂ ਬਾਰੇ ਗੌਤਮ ਅਡਾਨੀ ਅਤੇ ਅਨਿਲ ਅੰਬਾਨੀ ਨੇ ਕੀ ਕਿਹਾ?
ਜਨਵਰੀ 2023 ਵਿੱਚ ਗੌਤਮ ਅਡਾਨੀ ਨੇ ਇੱਕ ਇੰਟਰਵਿਊ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇਲਜ਼ਾਮਾਂ ਅਤੇ ਨਰਿੰਦਰ ਮੋਦੀ ਨਾਲ 'ਦੋਸਤੀ' ਬਾਰੇ ਗੱਲ ਕੀਤੀ ਸੀ।
ਉਦੋਂ ਅਡਾਨੀ ਨੇ ਕਿਹਾ ਸੀ, "ਉਨ੍ਹਾਂ (ਰਾਹੁਲ ਗਾਂਧੀ) ਕਾਰਨ ਹੀ ਲੋਕ ਅਡਾਨੀ ਦਾ ਨਾਂ ਜਾਣਨ ਲੱਗ ਪਏ ਹਨ।"
ਗੌਤਮ ਅਡਾਨੀ ਨੇ ਪੀਐੱਮ ਮੋਦੀ ਬਾਰੇ ਕਿਹਾ ਸੀ, "ਤੁਸੀਂ ਮੋਦੀ ਜੀ ਤੋਂ ਕੋਈ ਨਿੱਜੀ ਮਦਦ ਨਹੀਂ ਲੈ ਸਕਦੇ। ਪਰ ਉਨ੍ਹਾਂ ਦੇ ਨਾਲ ਅਨੁਭਵ ਚੰਗਾ ਰਿਹਾ ਹੈ।"
ਗੌਤਮ ਅਡਾਨੀ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦਾ 'ਸਤਿਕਾਰ' ਕਰਦੇ ਹਨ ਅਤੇ ਉਨ੍ਹਾਂ ਦੇ ਬਿਆਨ ਨੂੰ 'ਸਿਆਸੀ ਬਿਆਨਬਾਜ਼ੀ' ਮੰਨਦੇ ਹਨ।
'ਇੰਡੀਆ ਟੀਵੀ' ਨਾਲ ਗੱਲਬਾਤ ਕਰਦੇ ਹੋਏ ਗੌਤਮ ਅਡਾਨੀ ਨੇ ਕਿਹਾ ਸੀ, ''2014 ਦੀਆਂ ਚੋਣਾਂ ਤੋਂ ਬਾਅਦ ਰਾਹੁਲ ਜੀ ਦੇ ਸਾਡੇ 'ਤੇ ਲਗਾਤਾਰ ਹੋ ਰਹੇ ਹਮਲਿਆਂ ਨੇ ਤੁਹਾਨੂੰ ਸਾਰਿਆਂ ਨੂੰ ਇਹ ਜਾਣਨ ਦਾ ਮੌਕਾ ਦਿੱਤਾ ਕਿ ਅਡਾਨੀ ਕੌਣ ਹੈ ਅਤੇ ਇਸੇ ਕਾਰਨ ਅੱਜ ਮੈਂ ਇੱਥੇ (ਸਟੂਡੀਓ ਵਿੱਚ ਇੱਕ ਇੰਟਰਵਿਊ ਵਿੱਚ) ਹਾਂ।"
ਰਾਹੁਲ ਗਾਂਧੀ ਭਾਵੇਂ ਗੌਤਮ ਅਡਾਨੀ ਉੱਤੇ ਹਮਲਾ ਕਰਦੇ ਨਜ਼ਰ ਆਉਂਦੇ ਹੋਣ ਪਰ ਅਡਾਨੀ ਨੇ ਕਿਹਾ ਸੀ, "ਰਾਹੁਲ ਇੱਕ ਸਤਿਕਾਰਯੋਗ ਨੇਤਾ ਹਨ ਅਤੇ ਮੈਂ ਦੇਖਦਾ ਹਾਂ ਕਿ ਉਹ ਦੇਸ ਦੀ ਤਰੱਕੀ ਵੀ ਚਾਹੁੰਦੇ ਹਨ। ਸਿਆਸੀ ਜਨੂੰਨ ਵਿੱਚ ਉਨ੍ਹਾਂ ਦਾ ਬਿਆਨ ਆ ਜਾਂਦਾ ਹੈ ਪਰ ਮੈਂ ਇਸਨੂੰ ਸਿਆਸੀ ਬਿਆਨਬਾਜ਼ੀ ਤੋਂ ਉੱਪਰ ਨਹੀਂ ਲੈਂਦਾ।"
ਰਾਹੁਲ ਆਪਣੇ ਭਾਸ਼ਣਾਂ ਵਿੱਚ ਅੰਬਾਨੀ ਦਾ ਨਾਂ ਵੀ ਲੈਂਦੇ ਰਹੇ ਹਨ। ਪਰ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਮੁਕੇਸ਼ ਅੰਬਾਨੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਹਾਲਾਂਕਿ, ਅਨਿਲ ਧੀਰੂਭਾਈ ਅੰਬਾਨੀ ਸਮੂਹ ਨੇ ਮਈ 2019 ਵਿੱਚ ਆਪਣੇ ਉੱਤੇ ਲਾਏ ਇਲਜ਼ਾਮਾਂ ਬਾਰੇ ਕਿਹਾ ਸੀ, "ਰਾਹੁਲ ਗਾਂਧੀ 'ਗਲਤ ਜਾਣਕਾਰੀ, ਪ੍ਰਚਾਰ ਅਤੇ ਦੁਰ ਭਾਵਨਾ ਤੋਂ ਪ੍ਰੇਰਿਤ ਝੂਠ' ਜਾਰੀ ਰੱਖ ਰਹੇ ਹਨ।"
ਸਾਲ 2019 ਵਿੱਚ, ਰਾਹੁਲ ਗਾਂਧੀ ਰਾਫੇਲ ਸੌਦੇ ਨੂੰ ਲੈ ਕੇ ਅੰਬਾਨੀ ਸਮੂਹ ਅਤੇ ਮੋਦੀ ਸਰਕਾਰ ਨੂੰ ਘੇਰ ਰਹੇ ਸਨ।
ਅਪ੍ਰੈਲ 2019 ਵਿੱਚ, ਇੱਕ ਮਸ਼ਹੂਰ ਫ੍ਰੈਂਚ ਅਖਬਾਰ ਲਾ ਮੋਂਡੇ ਨੇ ਰਿਪੋਰਟ ਦਿੱਤੀ ਕਿ ਫਰਵਰੀ ਅਤੇ ਅਕਤੂਬਰ 2015 ਦੇ ਵਿਚਕਾਰ, ਫਰਾਂਸ ਸਰਕਾਰ ਨੇ ਅਨਿਲ ਅੰਬਾਨੀ ਦੀ ਇੱਕ ਕੰਪਨੀ ਨੂੰ ਲਗਭਗ 1100 ਕਰੋੜ ਰੁਪਏ ਦੀ ਟੈਕਸ ਛੋਟ ਦਿੱਤੀ।
ਇਸ ਰਿਪੋਰਟ ਦੇ ਦੇ ਸੰਬੰਧ ਵਿੱਚ ਲਾ ਮੋਂਡੇ ਦੇ ਦੱਖਣੀ ਏਸ਼ੀਆ ਦੇ ਪੱਤਰਕਾਰ ਜੂਲੀਅਨ ਬੋਸੂ ਨੇ ਟਵੀਟ ਕਰਕ ਕੇ ਕਿਹਾ ਸੀ, ''ਅਪ੍ਰੈਲ 2015 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦਸੌਂ ਦੇ ਨਾਲ 36 ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਉਸ ਸਮੇਂ ਰਿਲਾਇੰਸ ਉੱਤੇ ਫਰਾਂਸ ਵਿੱਚ ਘੱਟੋ-ਘੱਟ 151ਮਿਲੀਅਨ ਡਾਲਰ ਦਾ ਟੈਕਸ ਬਕਾਇਆ ਸੀ। ਮੋਦੀ ਵੱਲੋਂ ਰਾਫੇਲ ਜਹਾਜ਼ ਖਰੀਦਣ ਦਾ ਐਲਾਨ ਦੇ ਛੇ ਮਹੀਨੇ ਬਾਅਦ ਹੀ ਫਰਾਂਸ ਦੇ ਟੈਕਸ ਵਿਭਾਗ 151 ਮਿਲੀਅਨ ਯੂਰੋ ਦੀ ਥਾਂ 7.3 ਮਿਲੀਅਨ ਯੂਰੋ ਦੇ ਸਮਝੌਤੇ ਵਜੋਂ ਲੈਣ ਲਈ ਮੰਨ ਗਿਆ।"
ਰਿਲਾਇੰਸ ਨੇ ਉਦੋਂ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਸੀ। ਕੰਪਨੀ ਨੇ ਉਦੋਂ ਯੂਪੀਏ ਸਰਕਾਰ ਦੌਰਾਨ ਕੰਪਨੀ ਨੂੰ ਮਿਲੇ ਠੇਕਿਆਂ ਦਾ ਜ਼ਿਕਰ ਕੀਤਾ ਸੀ। ਉਦੋਂ ਕੰਪਨੀ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਸੀ ਕਿ ਕੀ ਤੁਹਾਡੀ ਸਰਕਾਰ 10 ਸਾਲਾਂ ਤੋਂ ਬੇਈਮਾਨ ਸਰਕਾਰ ਦੀ ਮਦਦ ਕਰ ਰਹੀ ਸੀ?

ਤਸਵੀਰ ਸਰੋਤ, Getty Images
ਗੌਤਮ ਅਡਾਨੀ ਅਤੇ ਨਰਿੰਦਰ ਮੋਦੀ
ਆਲੋਚਕਾਂ ਦਾ ਦਾਅਵਾ ਹੈ ਕਿ ਗੌਤਮ ਅਡਾਨੀ ਦਾ ਅਸਧਾਰਨ ਵਾਧਾ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਨੇੜਤਾ ਕਾਰਨ ਹੋਇਆ ਸੀ ਅਤੇ ਉਹ ਬਹੁਤ ਘੱਟ ਸਮੇਂ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਬਣ ਗਏ। ਇਸ 'ਤੇ ਵੀ ਸਵਾਲ ਉਠਾਏ ਗਏ ਹਨ।
ਗੌਤਮ ਅਡਾਨੀ ਉੱਤੇ ਇਲਜ਼ਾਮ ਹੈ ਕਿ ਉਹ ਆਪਣੇ ਕਾਰੋਬਾਰ ਨੂੰ ਸੁਧਾਰਨ ਲਈ ਸਰਕਾਰ ਵਿੱਚ ਆਪਣੇ ਕਨੈਕਸ਼ਨਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਹੋਏ ਉਦਯੋਗ ਲਗਾਉਣ ਲਈ ਮਾਮੂਲੀ ਕੀਮਤ 'ਤੇ ਜ਼ਮੀਨ ਹਾਸਲ ਕੀਤੀ।
ਅਹਿਮਦਾਬਾਦ ਦੇ ਸੀਨੀਅਰ ਪੱਤਰਕਾਰ ਦਿਲੀਪ ਪਟੇਲ ਨੇ ਬੀਬੀਸੀ ਨੂੰ ਦੱਸਿਆ ਸੀ, "ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਡਾਨੀ ਬਹੁਤ ਬੁੱਧੀਮਾਨ ਹਨ ਪਰ ਜਦੋਂ ਵੀ ਉਨ੍ਹਾਂ ਨੂੰ ਸਰਕਾਰ ਤੋਂ ਮਦਦ ਦੀ ਲੋੜ ਹੁੰਦੀ ਸੀ, ਨਰਿੰਦਰ ਮੋਦੀ ਉਨ੍ਹਾਂ ਦੀ ਬਹੁਤ ਮਦਦ ਕਰਦੇ ਸਨ। ਚਿਮਨ ਭਾਈ (ਗੁਜਰਾਤ ਦੇ ਸਾਬਕਾ ਮੁੱਖ ਮੰਤਰੀ) ਨੇ ਉਨ੍ਹਾਂ ਨੂੰ ਕੱਛ ਵਿੱਚ ਜ਼ਮੀਨ ਦਿੱਤੀ ਸੀ। ਲੇਕਿਨ ਜੇਕਰ ਕਿਸੇ ਨੇ ਸਭ ਤੋਂ ਵੱਧ ਜ਼ਮੀਨ ਅਡਾਨੀ ਨੂੰ ਦਿੱਤੀ ਹੈ, ਤਾਂ ਉਹ ਹਨ ਨਰਿੰਦਰ ਮੋਦੀ ਅਤੇ ਉਹ ਵੀ ਬਹੁਤ ਸਸਤੇ ਮੁੱਲ ਵਿੱਚ। ਅਡਾਨੀ ਨੂੰ ਹਵਾਈ ਅੱਡੇ ਅਤੇ ਅਹਿਮਦਾਬਾਦ ਹਵਾਈ ਅੱਡਾ ਬਿਲਕੁਲ ਵੀ ਨਹੀਂ ਮਿਲ ਸਕਦੇ ਸਨ। ਅਹਿਮਦਾਬਾਦ ਹਵਾਈ ਅੱਡਾ ਉਦੋਂ ਬਹੁਤ ਜ਼ਿਆਦਾ ਮੁਨਾਫੇ ਵਿੱਚ ਚੱਲ ਰਿਹਾ ਸੀ। ਉਹ ਵੀ ਅਡਾਨੀ ਨੂੰ ਦੇ ਦਿੱਤਾ ਗਿਆ।"
ਗੌਤਮ ਅਡਾਨੀ ਦੇ ਦੋਸਤ ਗਿਰੀਸ਼ਭਾਈ ਦਾਨੀ ਨੇ ਬੀਬੀਸੀ ਨੂੰ ਦੱਸਿਆ ਸੀ, "ਹਰ ਕੋਈ ਮੋਦੀ ਜੀ ਬਾਰੇ ਗੱਲ ਕਰਦਾ ਹੈ। ਪਰ ਜਿੱਥੋਂ ਤੱਕ ਮੈਨੂੰ ਪਤਾ ਹੈ, ਮੋਦੀ ਜੀ ਕਿਸੇ ਦਾ ਪੱਖ ਪੂਰਣ ਵਾਲੇ ਵਿਅਕਤੀ ਨਹੀਂ ਹਨ। ਮੈਂ ਰਾਜਨੀਤੀ ਵਿੱਚ ਨਹੀਂ ਹਾਂ। ਹੋ ਸਕਦਾ ਹੈ ਕਿ ਮੋਦੀ ਜੀ ਅਡਾਨੀ ਦੀ ਕੁਝ ਮਦਦ ਕਰਦੇ ਹੋਣ। ਆਖਰ ਤਾੜੀ ਤਾਂ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ।"
ਪੀਐਮ ਮੋਦੀ ਨੂੰ ਪਿਛਲੇ ਸਾਲਾਂ ਵਿੱਚ ਅੰਬਾਨੀ ਜਾਂ ਅਡਾਨੀ ਪਰਿਵਾਰ ਦੇ ਪ੍ਰੋਗਰਾਮਾਂ ਵਿੱਚ ਕਦੇ ਵੀ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ। ਨਾ ਹੀ ਉਨ੍ਹਾਂ ਆਪਣੇ ਭਾਸ਼ਣਾਂ ਵਿੱਚ ਅੰਬਾਨੀ ਅਤੇ ਅਡਾਨੀ ਦਾ ਨਾਮ ਲਿਆ। ਲੇਕਿਨ 8 ਮਈ ਦੀ ਤਰੀਕ ਵੱਖਰੀ ਸੀ।








