ਪੰਨੂ ਮਾਮਲੇ ਵਿੱਚ ਰੂਸ ਨੇ ਅਮਰੀਕਾ ਨੂੰ ਘੇਰਿਆ, ਕਿਹਾ- ਰਾਸ਼ਟਰ ਦੇ ਤੌਰ ’ਤੇ ਨਹੀਂ ਹੋ ਰਿਹਾ ਭਾਰਤ ਦਾ ਸਨਮਾਨ

ਗੁਰਪਤਵੰਤ ਸਿੰਘ ਪੰਨੂ

ਤਸਵੀਰ ਸਰੋਤ, SOCIAL MEDIA

ਤਸਵੀਰ ਕੈਪਸ਼ਨ, ਗੁਰਪਤਵੰਤ ਸਿੰਘ ਪੰਨੂ

ਹਾਲ ਹੀ ਵਿੱਚ ਆਈ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸਾਲ ਖ਼ਾਲਿਸਤਾਨ ਸਮਰਥਕ ਅਤੇ ‘ਸਿੱਖਸ ਫਾਰ ਜਸਟਿਸ’ ਨਾਮ ਦੀ ਸੰਸਥਾ ਦੇ ਮੁਖੀ ਗੁਰਪਤਵੰਤ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ਵਿੱਚ ਭਾਰਤੀ ਦੀ ਖ਼ੁਫ਼ੀਆ ਏਜੰਸੀ ਰਾਅ ਸ਼ਾਮਿਲ ਸੀ।

ਇਸ ਰਿਪੋਰਟ ਨੂੰ ਭਾਰਤ ਨੇ ‘ਨਿਰਆਧਾਰ’ ਦੱਸਿਆ ਹੈ ਅਤੇ ਹੁਣ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੇਦਾਂਤ ਪਟੇਲ ਤੋਂ ਜਦੋਂ ਪੁੱਛਿਆ ਗਿਆ ਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਇਨਰ ਸਰਕਲ ਨੂੰ ਪੰਨੂ ਦੇ ਕਤਲ ਦੀ ਕੋਸ਼ਿਸ਼ ਦੀ ਜਾਣਕਾਰੀ ਸੀ’, ਇਸ ਨੂੰ ਅਮਰੀਕਾ ਕਿਵੇਂ ਦੇਖਦਾ ਹੈ?

ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਅਸੀਂ ਭਾਰਤ ਸਰਕਾਰ ਤੋਂ ਭਾਰਤੀ ਜਾਂਚ ਕਮੇਟੀ ਦੇ ਨਤੀਜਿਆਂ ਦੇ ਆਧਾਰ ’ਤੇ ਜਵਾਬਦੇਹੀ ਦੀ ਆਸ ਕਰਦੇ ਹਾਂ।”

ਅਸੀਂ ਲਗਾਤਾਰ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ ਅਤੇ ਭਾਰਤ ਤੋਂ ਹੋਰ ਜਾਣਕਾਰੀ ਮੰਗ ਰਹੇ ਹਾਂ। ਅਸੀਂ ਭਾਰਤ ਸਰਕਾਰ ਨਾਲ ਉੱਚ-ਪੱਧਰੀ ਗੱਲਬਾਤ ਕੀਤੀ ਹੈ ਅਤੇ ਆਪਣੀਆਂ ਚਿੰਤਾਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਣਾ ਜਾਰੀ ਰੱਖਾਂਗੇ।”

“ਇਸ ਤੋਂ ਵੱਧ ਅਸੀਂ ਇਸ ਮਸਲੇ ਉੱਤੇ ਗੱਲ ਨਹੀਂ ਕਰਾਂਗੇ।”

ਵੇਦਾਂਤ ਪਟੇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੇਦਾਂਤ ਪਟੇਲ

ਜ਼ਿਕਰਯੋਗ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਅਤੇ ਸਾਬਕਾ ਅਮਰੀਕਨ ਅਤੇ ਭਾਰਤੀ ਸੁਰੱਖਿਆ ਅਫ਼ਸਰਾਂ ਮੁਤਾਬਕ ਭਾਰਤੀ ਏਜੰਸੀ ਦੇ ਅਫ਼ਸਰ ਵਿਕਰਮ ਯਾਦਵ ਨੇ ਪੰਨੂ ਸਬੰਧੀ ਲਿਖਿਆ ਕਿ ਉਨ੍ਹਾਂ (ਗੁਰਪਤਵੰਤ ਪੰਨੂ) ਦਾ ਕਤਲ ‘ਹੁਣ ਤਰਜ਼ੀਹ ਹੈ’।

ਇਸ ਮਾਮਲੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ, “ਵਾਸ਼ਿੰਗਟਨ ਪੋਸਟ ਦੀ ਰਿਪੋਰਟ ਇੱਕ ਗੰਭੀਰ ਮਸਲੇ ਉੱਤੇ ਗ਼ੈਰ-ਵਾਜਬ ਅਤੇ ਬੇਬੁਨਿਆਦ ਇਲਜ਼ਾਮ ਹੈ।”

ਰੂਸ ਨੇ ਵੀ ਦਿੱਤੀ ਪ੍ਰਤੀਕਿਰਿਆ

ਰੂਸ ਦੀ ਵਿਦੇਸ਼ ਮੰਤਰੀ ਦੀ ਬੁਲਾਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜਖਾਰੋਵਾ

ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤ 'ਤੇ ਅਮਰੀਕਾ ਦੇ ਇਲਜ਼ਾਮਾਂ ਬਾਰੇ ਰੂਸ ਨੇ ਪ੍ਰਤੀਕਿਰਿਆ ਦਿੱਤੀ ਹੈ।

ਰੂਸ ਨੇ ਇਨ੍ਹਾਂ ਇਲਜ਼ਾਮਾਂ ਨੂੰ 'ਮੰਦਭਾਗਾ' ਕਰਾਰ ਦਿੱਤਾ ਹੈ। ਰੂਸ ਦਾ ਦਾਅਵਾ ਹੈ ਕਿ ਅਮਰੀਕਾ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਿੱਚ ਅਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ, "ਅਮਰੀਕਾ ਪੰਨੂ ਦੇ ਮਾਮਲੇ ਵਿੱਚ ਭਾਰਤ ਬਾਰੇ ਕੋਈ ਠੋਸ ਸਬੂਤ ਨਹੀਂ ਦੇ ਸਕਿਆ ਹੈ। ਇਸ ਕੇਸ ਵਿੱਚ ਸਬੂਤਾਂ ਤੋਂ ਬਿਨ੍ਹਾਂ ਕੁਝ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।”

ਮਾਰੀਆ ਜ਼ਖਾਰੋਵਾ ਨੇ ਕਿਹਾ, “ਅਮਰੀਕਾ ਰਾਸ਼ਟਰਵਾਦ ਦੇ ਵਿਚਾਰ ਨੂੰ ਨਹੀਂ ਸਮਝਦਾ। ਅਮਰੀਕਾ ਨੂੰ ਇਹ ਵੀ ਸਮਝ ਨਹੀਂ ਹੈ ਕਿ ਭਾਰਤ ਨੇ ਇਤਿਹਾਸਕ ਤੌਰ 'ਤੇ ਕਿਵੇਂ ਤਰੱਕੀ ਕੀਤੀ ਹੈ।”

"ਅਮਰੀਕਾ ਇੱਕ ਰਾਸ਼ਟਰ ਵਜੋਂ ਭਾਰਤ ਦਾ ਸਨਮਾਨ ਨਹੀਂ ਕਰ ਰਿਹਾ ਹੈ।"

ਵਾਸ਼ਿੰਗਟਨ ਪੋਸਟ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਖਾਲਿਸਤਾਨ ਪੱਖੀ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਵਿੱਚ ਭਾਰਤ ਦੀ ਖੁਫੀਆ ਏਜੰਸੀ ਰਾਅ ਸ਼ਾਮਲ ਸੀ।

ਭਾਰਤ ਨੇ ਇਸ ਰਿਪੋਰਟ ਨੂੰ ‘ਬੇਬੁਨਿਆਦ’ ਦੱਸਿਆ ਹੈ। ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ 'ਤੇ ਬਿਆਨ ਜਾਰੀ ਕਰਕੇ ਕਿਹਾ ਸੀ, “ਰਿਪੋਰਟ ਗੰਭੀਰ ਮਾਮਲੇ 'ਤੇ ਅਨਉਚਿਤ ਅਤੇ ਬੇਬੁਨਿਆਦ ਇਲਜ਼ਾਮ ਲਾ ਰਹੀ ਹੈ।”

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਕੀ ਕਿਹਾ ਗਿਆ

ਦਿ ਵਾਸ਼ਿੰਗਟਨ ਪੋਸਟ ਨੇ ਇੱਕ ਜਾਂਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸਾਲ 22 ਜੂਨ ਨੂੰ ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਪੀਐੱਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਸੀ ਉਸ ਵੇਲੇ ਭਾਰਤੀ ਖੂਫੀਆ ਏਜੰਸੀ ਰਾਅ ਦੇ ਇੱਕ ਅਧਿਕਾਰੀ ਅਮਰੀਕਾ ਵਿੱਚ ਭਾੜੇ ਦੇ ਕਾਤਲਾਂ ਨੂੰ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰਨ ਦਾ ਹੁਕਮ ਦੇ ਰਹੇ ਸੀ।

ਅਖਬਾਰ ਵਿੱਚ ਲਿਖਿਆ ਹੈ ਕਿ ਰਾਅ ਦੇ ਇੱਕ ਅਧਿਕਾਰੀ ਵਿਕਰਮ ਯਾਦਵ ਨੇ ਇਸ ਕਤਲ ਨੂੰ ‘ਸਭ ਤੋਂ ਅਹਿਮ ਪ੍ਰਾਥਮਿਕਤਾ’ ਦੱਸਿਆ ਸੀ।

ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਹੈ ਕਿ ਯਾਦਵ ਨੇ ਪੰਨੂ ਦੇ ਨਿਊ ਯਾਰਕ ਸਥਿਤ ਘਰ ਦੇ ਬਾਰੇ ਜਾਣਕਾਰੀ ਸੁਪਾਰੀ ਦੇਣ ਵਾਲਿਆਂ ਨੂੰ ਦਿੱਤੀ ਸੀ।

ਇਹ ਵੀ ਦਾਅਵਾ ਕੀਤਾ ਗਿਆ ਕਿ ਜਿਵੇਂ ਹੀ ਅਮਰੀਕੀ ਨਾਗਰਿਕ ਪੰਨੂ ਆਪਣੇ ਘਰ ਵਿੱਚ ਹੋਣਗੇ – “ਸਾਡੇ ਵੱਲੋਂ ਕੰਮ ਨੂੰ ਅੱਗੇ ਵਧਣ ਦਾ ਹੁਕਮ ਮਿਲ ਜਾਵੇਗਾ।”

ਰਿਪੋਰਟ ਦਾਅਵਾ ਕਰਦੀ ਹੈ ਕਿ ਯਾਦਵ ਦੀ ਪਛਾਣ ਅਤੇ ਇਸ ਮਾਮਲੇ ਵਿੱਚ ਜੁੜੇ ਉਨ੍ਹਾਂ ਦੇ ਤਾਰ ਹੁਣ ਤੱਕ ਸਾਹਮਣੇ ਨਹੀਂ ਆਏ ਸੀ। ਉਨ੍ਹਾਂ ਦਾ ਨਾਮ ਸਾਹਮਣੇ ਆਉਣਾ ਹੁਣ ਤੱਕ ਦਾ ਸਭ ਤੋਂ ਸਪਸ਼ਟ ਸਬੂਤ ਹੈ ਕਿ ਕਤਲ ਦੀ ਯੋਜਨਾ ਜਿਸ ਨੂੰ ਅਮਰੀਕੀ ਅਧਿਕਾਰੀਆਂ ਨੇ ਫੇਲ੍ਹ ਕਰ ਦਿੱਤਾ – ਉਸ ਦੇ ਲਈ ਰਾਅ ਨੇ ਹੁਕਮ ਦਿੱਤੇ ਸੀ।

ਮੌਜੂਦਾ ਵੇਲੇ ਅਤੇ ਪੂਰਬ ਪੱਛਮੀ ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ, ਸੀਆਈਏ, ਐੱਫਬੀਆਈ ਅਤੇ ਹੋਰ ਏਜੰਸੀਆਂ ਦੀ ਵਿਆਪਕ ਜਾਂਚ ਵਿੱਚ ਕੁਝ ਹਾਈ ਰੈਕਿੰਗ ਅਧਿਕਾਰੀ ਵੀ ਤਫਤੀਸ਼ ਦੇ ਦਾਇਰੇ ਵਿੱਚ ਆਏ ਹਨ।

ਅਖਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਮਰੀਕੀ ਖੂਫੀਆ ਏਜੰਸੀਆਂ ਨੇ ਇਹ ਵੀ ਅੰਦਾਜ਼ਾ ਲਾਇਆ ਹੈ ਕਿ ਪੰਨੂ ਨੂੰ ਨਿਸ਼ਾਨਾ ਬਣਾਉਣ ਵਾਲੇ ਆਪ੍ਰੇਸ਼ਨ ਨੂੰ ਉਸ ਵੇਲੇ ਦੇ ਰਾਅ ਮੁਖੀ ਸਾਮੰਤ ਗੋਇਲ ਤੋਂ ਮਨਜ਼ੂਰੀ ਮਿਲੀ ਸੀ।

ਸਾਬਕਾ ਸੀਨੀਅਰ ਭਾਰਤੀ ਸਰੁੱਖਿਆ ਅਧਿਕਾਰੀਆਂ ਨੇ ‘ਵਾਸ਼ਿੰਗਟਨ ਪੋਸਟ’ ਨਾਲ ਗੱਲ ਕੀਤੀ ਹੈ। ਇਹ ਉਹ ਅਧਿਕਾਰੀ ਸਨ ਜਿਨ੍ਹਾਂ ਨੂੰ ਆਪ੍ਰੇਸ਼ਨ ਦੀ ਜਾਣਕਾਰੀ ਸੀ ਅਤੇ ਉਨ੍ਹਾਂ ਕਿਹਾ ਕਿ ਗੋਇਲ ਉੱਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਅੱਤਵਾਦੀਆਂ ਨੂੰ ਖ਼ਤਮ ਕਰਨ ਦਾ ਦਬਾਅ ਸੀ।

ਅਮਰੀਕਾ ਤੋਂ ਪਹਿਲਾਂ 18 ਜੂਨ ਨੂੰ ਕੈਨੇਡਾ ਦੇ ਵੈਂਕੂਵਰ ਦੇ ਨੇੜੇ ਹਰਦੀਪ ਨਿੱਝਰ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਵਿੱਚ ਵੀ ਭਾਰਤ ਦਾ ਹੱਥ ਹੋਣ ਦੇ ਇਲਜ਼ਾਮ ਲੱਗੇ ਸੀ ਜਿਸ ਦਾ ਭਾਰਤ ਨੇ ਖੰਡਨ ਕੀਤਾ ਸੀ।

ਰਣਧੀਰ ਜੈਸਵਾਲ

ਤਸਵੀਰ ਸਰੋਤ, Randhir Jaiswal/X

ਤਸਵੀਰ ਕੈਪਸ਼ਨ, ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਲੋਂ ਜਾਰੀ ਕੀਤਾ ਗਿਆ ਬਿਆਨ

ਭਾਰਤ ਸਰਕਾਰ ਦਾ ਪ੍ਰਤੀਕਰਮ

ਇਸ ਮਾਮਲੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ,“ ਵਾਸ਼ਿੰਗਟਨ ਰਿਪੋਰਟ ਦੀ ਇੱਕ ਗੰਬੀਰ ਮਸਲੇ ਉੱਤੇ ਗ਼ੈਰ-ਵਾਜਬ ਅਤੇ ਬੇਬੁਨਿਆਦ ਇਲਜ਼ਾਮ ਹੈ।”

ਅਮਰੀਕਾ ਸਰਕਾਰ ਵੱਲੋਂ ਸੁਰੱਖਿਆ ਸਬੰਧੀ ਜਤਾਈਆਂ ਗਈਆਂ ਚਿੰਤਾਵਾਂ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਵਲੋਂ ਪਹਿਲਾਂ ਹੀ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਗਈ ਹੈ।

ਇਸ ਮਾਮਲੇ ਬਾਰੇ ਅਟਕਲਾਂ ਅਤੇ ਇਤਰਾਜ਼ਯੋਗ ਟਿੱਪਣੀਆਂ ਵਾਜਬ ਨਹੀਂ ਹਨ।

ਅਮਰੀਕੀ ਅਦਾਲਤ ਵਿੱਚ ਪੇਸ਼ ਦਸਤਾਵੇਜ਼

ਤਸਵੀਰ ਸਰੋਤ, US DEPARTMENT OF JUSTICE

ਤਸਵੀਰ ਕੈਪਸ਼ਨ, ਅਮਰੀਕੀ ਅਦਾਲਤ ਵਿੱਚ ਪੇਸ਼ ਦਸਤਾਵੇਜ਼ ਵਿੱਚ ਕਥਿਤ ਪੈਸਿਆਂ ਦੇ ਲੈਣ-ਦੇਣ ਦੀ ਤਸਵੀਰ

ਅਮਰੀਕਾ ਨੇ ਕੀ ਕਿਹਾ ਹੈ?

ਵਾਸ਼ਿੰਗਟਨ ਪੋਸਟ ਦੀ ਖ਼ਬਰ ਬਾਰੇ ਪੁੱਛੇ ਸਵਾਲ ’ਤੇ ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਦੇ ਪ੍ਰਿੰਸੀਪਲ ਡਿਪਟੀ ਸੈਕਰੇਟਰੀ ਵੇਦਾਂਤ ਪਟੇਲ ਨੇ ਕਿਹਾ, "ਅਸੀਂ ਭਾਰਤੀ ਜਾਂਚ ਕਮੇਟੀ ਦੇ ਕੰਮ ਦੇ ਅਧਾਰ ਉੱਤੇ ਭਾਰਤ ਸਰਕਾਰ ਤੋਂ ਜ਼ਿੰਮੇਵਾਰੀ ਦੀ ਉਮੀਦ ਜਾਰੀ ਰੱਖ ਰਹੇ ਹਾਂ। ਅਸੀਂ ਸੀਨੀਅਰ ਪੱਧਰ ਉੱਤੇ ਭਾਰਤ ਸਰਕਾਰ ਨਾਲ ਆਪਣੇ ਵਿਚਾਰ ਸਿੱਧੇ ਤੌਰ ’ਤੇ ਸਾਂਝੇ ਕਰਦੇ ਰਹਾਂਗੇ।”

ਨਰਿੰਦਰ ਮੋਦੀ ਅਤੇ ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਲੋਂ ਭਾਰਤ ’ਤੇ ਲਾਏ ਇਲਜ਼ਾਮਾਂ ਤੋਂ ਬਾਅਦ ਮਾਹਰ ਦੋਵਾਂ ਦੇਸ਼ਾਂ ਦੇ ਰਿਸ਼ਤੇ ਕੁਝ ਬਦਲਣ ਦੀ ਆਸ ਕਰ ਰਹੇ ਹਨ।

ਮਾਮਲਾ ਕੀ ਸੀ

ਅਮਰੀਕਾ ਨੇ ਇਲਜ਼ਾਮ ਲਗਾਏ ਸੀ ਕਿ ਮਈ 2023 ਵਿੱਚ ਭਾਰਤੀ ਅਧਿਕਾਰੀ ਨੇ ਨਿਖਿਲ ਗੁਪਤਾ ਨਾਂ ਦੇ ਵਿਅਕਤੀ ਨੂੰ ਅਮਰੀਕਾ ਵਿੱਚ ਕਤਲ ਕਰਵਾਉਣ ਦਾ ਟਾਸਕ ਦਿੱਤਾ ਸੀ।

ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ।

ਗੁਪਤਾ ਨੇ ਹਿੱਟਮੈਨ ਨਾਲ ਸੰਪਰਕ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਉਹ ਇੱਕ ਅਪਰਾਧਿਕ ਸਹਿਯੋਗੀ ਮੰਨ ਰਹੇ ਸਨ। ਦਰਅਸਲ ਇਹ ਵਿਅਕਤੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਭਰੋਸੇਯੋਗ ਸੂਤਰ ਸੀ।

ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੇ ਗੁਪਤਾ ਦਾ ਸੰਪਰਕ ਅਮਰੀਕੀ ਏਜੰਸੀ ਦੇ ਇੱਕ ਅੰਡਰਕਵਰ ਏਜੰਟ ਨਾਲ ਸੰਪਰਕ ਕਰਾਇਆ।

ਗੁਪਤਾ ਅਤੇ ਅੰਡਰਕਵਰ ਏਜੰਟ ਵਿਚਕਾਰ ਇੱਕ ਲੱਖ ਅਮਰੀਕੀ ਡਾਲਰ ਦੇ ਬਦਲੇ ਕਤਲ ਕਰਨ ਦਾ ਸੌਦਾ ਹੋਇਆ।

ਨਿਖਿਲ ਗੁਪਤਾ ਨੇ ਆਪਣੇ ਇੱਕ ਸੰਪਰਕ ਰਾਹੀਂ ਨਿਊਯਾਰਕ ਦੇ ਮੈਨਹਟਨ ਵਿੱਚ ਅਮਰੀਕੀ ਏਜੰਟ ਤੱਕ ਪੰਦਰਾਂ ਹਜ਼ਾਰ ਅਮਰੀਕੀ ਡਾਲਰ ਪਹੁੰਚਾਏ।

ਇਹ ਕਤਲ ਦੇ ਕੰਮ ਲਈ ਪੇਸ਼ਗੀ ਦਿੱਤੀ ਗਈ ਸੀ। ਇਸ ਦੀ ਵੀਡੀਓ ਵੀ ਏਜੰਟ ਨੇ ਰਿਕਾਰਡ ਕੀਤੀ ਹੈ ਅਤੇ ਕੇਸ ਨਾਲ ਨੱਥੀ ਕਰ ਦਿੱਤੀ ਹੈ।

ਇਲਜ਼ਾਮਾਂ ਅਨੁਸਾਰ, ਇਸ ਕੰਮ ਨੂੰ ਨਿਰਦੇਸ਼ਤ ਕਰ ਰਹੇ ਭਾਰਤੀ ਅਧਿਕਾਰੀ ਨੇ ਜੂਨ 2023 ਵਿੱਚ ਟਾਰਗੈਟ ਬਾਰੇ ਵਿਅਕਤੀਗਤ ਜਾਣਕਾਰੀਆਂ ਗੁਪਤਾ ਨੇ ਅੱਗੇ ਅਮਰੀਕੀ ਏਜੰਟ ਨੂੰ ਦੇ ਦਿੱਤੀਆਂ।

ਇਨ੍ਹਾਂ ਵਿੱਚ ਟਾਰਗੇਟ ਵਿਅਕਤੀ ਦੀਆਂ ਤਸਵੀਰਾਂ ਅਤੇ ਘਰ ਦਾ ਪਤਾ ਵੀ ਸੀ।

ਇਲਜ਼ਾਮ ਮੁਤਾਬਕ ਅਮਰੀਕਾ ਦੀ ਬੇਨਤੀ 'ਤੇ ਅਤੇ ਇਸ ਮਾਮਲੇ ਦੇ ਸਬੰਧ 'ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਉਸ ਵੇਲੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, “ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਮਰੀਕਾ ਨਾਲ ਦੁਵੱਲੇ ਸੁਰੱਖਿਆ ਸਹਿਯੋਗ 'ਤੇ ਗੱਲਬਾਤ ਦੌਰਾਨ, ਅਮਰੀਕੀ ਪੱਖ ਨੇ ਕੁਝ ਇਨਪੁਟ ਸਾਂਝੇ ਕੀਤੇ ਸਨ, ਜੋ ,ਸੰਗਠਿਤ ਅਪਰਾਧੀਆਂ, ਅੱਤਵਾਦੀਆਂ, ਹਥਿਆਰਾਂ ਦੇ ਵਪਾਰੀਆਂ ਅਤੇ ਹੋਰਾਂ ਦੇ ਗਠਜੋੜ ਬਾਰੇ ਸੀ। ਭਾਰਤ ਨੇ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਹੈ।"

ਉਨ੍ਹਾਂ ਨੇ ਕਿਹਾ, "ਭਾਰਤ ਸਰਕਾਰ ਨੇ ਇਸ ਮੁੱਦੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕਰਕੇ ਜਵਾਬ ਦਿੱਤਾ ਹੈ, ਜੋ ਭਾਰਤ ਦੇ ਕੌਮਾਂਤਰੀ ਸਬੰਧਾਂ ਅਤੇ ਅੰਦਰੂਨੀ ਸੁਰੱਖਿਆ ਲਈ ਕਿਸੇ ਵੀ ਪ੍ਰਭਾਵ ਨੂੰ ਸੰਬੋਧਿਤ ਕਰਨ ਉਨ੍ਹਾਂ ਦੇ ਸੰਕਲਪ ਦਾ ਪ੍ਰਦਰਸ਼ਨ ਕਰਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)