ਲਿੰਗ ਦਾ ਕੈਂਸਰ ਕੀ ਹੈ ਜਿਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਕਿਵੇਂ ਇਹ ਜਾਨਲੇਵਾ ਸਾਬਿਤ ਹੋ ਰਿਹਾ ਹੈ

ਤਸਵੀਰ ਸਰੋਤ, Getty Images
ਸਾਲ 2018 ਵਿੱਚ ਬ੍ਰਾਜ਼ੀਲ ਦੇ ਬਜ਼ੁਗਰ ਜੁਆਉ ਨੂੰ ਆਪਣੇ ਲਿੰਗ ਉੱਤੇ ਇੱਕ ਅੱਟਣ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰ ਕੋਲ ਜਾਣਾ ਪਿਆ।
63 ਸਾਲਾ ਬਜ਼ੁਰਗ ਨੇ ਯਾਦ ਕਰਕੇ ਦੱਸਿਆ, “ਇਸ ਬਾਰੇ ਪਤਾ ਕਰਨ ਲਈ ਮੈਂ ਕਲੀਨਕਾਂ ਦੇ ਚੱਕਰ ਲਾਉਣ ਲੱਗਿਆ, ਜਦਕਿ ਮੈਨੂੰ ਸਾਰੇ ਡਾਕਟਰਾਂ ਨੇ ਦੱਸਿਆ ਇਹ ਫਾਲਤੂ ਚਮੜੀ ਕਾਰਨ ਹੈ ਅਤੇ ਦਵਾਈਆਂ ਲਿਖ ਦਿੱਤੀਆਂ।”
ਦਵਾਈ ਦੇ ਬਾਵਜੂਦ ਅੱਟਣ ਵਧਦਾ ਜਾ ਰਿਹਾ ਸੀ। ਇਸ ਦਾ ਜੁਆਉ ਦੇ ਵਿਆਹ ਅਤੇ ਸੈਕਸ ਲਾਈਫ਼ ਉੱਤੇ ਵੀ ਅਸਰ ਨਜ਼ਰ ਆਉਣ ਲੱਗਿਆ। ਉਹ ਕਹਿੰਦੇ ਹਨ “ਅਸੀਂ ਭੈਣ-ਭਰਾ ਵਾਂਗ ਰਹਿ ਰਹੇ ਸੀ।” ਇਸ ਗੱਲ ਨੇ ਜੁਆਉ ਨੂੰ ਇਸ ਦਾ ਕੋਈ ਹੱਲ ਕੱਢਣ ਲਈ ਗੰਭੀਰ ਕਰ ਦਿੱਤਾ।
ਜੁਆਉ (ਬਦਲਿਆ ਹੋਇਆ ਨਾਮ) ਪੰਜ ਸਾਲ ਤੱਕ ਕਈ ਮਾਹਰਾਂ ਕੋਲ ਚੱਕਰ ਲਾਉਂਦੇ ਰਹੇ, ਜਿਨ੍ਹਾਂ ਨੇ ਹੋਰ ਦਵਾਈਆਂ ਲਿਖ ਦਿੱਤੀਆਂ ਤੇ ਨਵੀਆਂ ਬਾਇਓਪਸੀ ਕਰਵਾਉਣ ਨੂੰ ਕਿਹਾ। ਪਰ “ਕਿਸੇ ਤਰ੍ਹਾਂ ਵੀ ਸਮੱਸਿਆ ਹੱਲ ਨਹੀਂ ਹੋਈ।”
ਫਿਰ ਸਾਲ 2023 ਵਿੱਚ ਜੁਆਉ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਲਿੰਗ ਦਾ ਕੈਂਸਰ ਹੈ।
“ਮੇਰੇ ਪਰਿਵਾਰ ਲਈ ਇਹ ਦੁਖੀ ਕਰਨ ਵਾਲਾ ਸੀ। ਉਸ ਤੋਂ ਵੀ ਜ਼ਿਆਦਾ ਕਿਉਂਕਿ ਮੈਨੂੰ ਆਪਣੀ ਇੰਦਰੀ ਦਾ ਕੁਝ ਹਿੱਸਾ ਕਟਵਾਉਣਾ ਪਿਆ। ਮੈਨੂੰ ਲੱਗਿਆ ਕਿ ਜਿਵੇਂ ਮੈਂ ਹੀਣਾ ਕਰ ਦਿੱਤਾ ਗਿਆ ਹੋਵਾਂ।”
ਇਹ ਇਸ ਤਰ੍ਹਾਂ ਦਾ ਕੈਂਸਰ ਹੈ ਕਿ ਤੁਸੀਂ ਇਸ ਬਾਰੇ, ਮਜ਼ਾਕ ਬਣ ਜਾਣ ਦੇ ਡਰੋਂ, ਕਿਸੇ ਨਾਲ ਗੱਲ ਨਹੀਂ ਕਰ ਸਕਦੇ।
ਮਰਦਾਂ ਦੇ ਗੁਪਤ ਅੰਗ ਦਾ ਕੈਂਸਰ ਦੁਰਲਭ ਹੈ। ਪਰ ਪੂਰੀ ਦੁਨੀਆਂ ਵਿੱਚ ਇਸ ਦੇ ਮਾਮਲੇ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਤਸਵੀਰ ਸਰੋਤ, Getty Images
ਆਪ੍ਰੇਸ਼ਨ ਤੋਂ ਡਰ
ਬ੍ਰਾਜ਼ੀਲ ਵਿੱਚ ਕੀਤੇ ਗਏ ਤਾਜ਼ਾਂ ਅਧਿਐਨਾਂ ਮੁਤਾਬਕ, ਉੱਥੇ ਇਸਦੇ ਸਭ ਤੋਂ ਜ਼ਿਆਦਾ ਮਾਮਲੇ ਇੱਕ ਲੱਖ ਮਰਦਾਂ ਮਗਰ 2.1 ਦਰਜ ਕੀਤੇ ਗਏ ਹਨ।
ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਮੁਤਾਬਕ ਸਾਲ 2012 ਤੋਂ 2022 ਦੌਰਾਨ ਮਰਦਾਨਾ ਗੁਪਤ ਅੰਗ ਦੇ ਕੈਂਸਰ ਦੇ 21000 ਮਾਮਲੇ ਰਿਪੋਰਟ ਹੋਏ।
ਇਸ ਨਾਲ 4000 ਮੌਤਾਂ ਹੋਈਆਂ ਹਨ ਅਤੇ ਪਿਛਲੇ ਇੱਕ ਦਹਾਕੇ ਦੌਰਾਨ 6500 ਤੋਂ ਜ਼ਿਆਦਾ ਮਾਮਲਿਆਂ ਵਿੱਚ ਲਿੰਗ ਨੂੰ ਆਂਸ਼ਿਕ ਜਾ ਪੂਰਨ ਰੂਪ ਵਿੱਚ ਕੱਟਣਾ ਪਿਆ ਹੈ। ਔਸਤ ਹਰ ਦੋ ਦਿਨ ਵਿੱਚ ਇੱਕ।
ਮਰਨਾਹਾਓ, ਬ੍ਰਾਜ਼ੀਲ ਦਾ ਸਭ ਤੋਂ ਗ਼ਰੀਬ ਸੂਬਾ ਹੈ। ਉੱਥੇ ਇਹ ਦਰ ਇੱਕ ਲੱਖ ਮਗਰ 6.1 ਦੇਖੀ ਗਈ ਹੈ, ਜੋ ਕਿ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।
ਇਹ ਕੈਂਸਰ ਅਕਸਰ ਇੱਕ ਜ਼ਖਮ ਤੋਂ ਸ਼ੁਰੂ ਹੁੰਦੇ ਹਨ। ਇਹ ਜ਼ਖਮ ਭਰਦਾ ਨਹੀਂ ਅਤੇ ਇਸ ਵਿੱਚ ਬਦਬੂਦਾਰ ਰਿਸਾਵ ਹੁੰਦਾ ਰਹਿੰਦਾ ਹੈ।
ਜੇ ਜਲਦੀ ਪਤਾ ਲੱਗ ਜਾਵੇ ਤਾਂ, ਠੀਕ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਲਾਜ ਵਿੱਚ ਰੇਡੀਓਥੈਰਿਪੀ, ਕੀਮੋਥੈਰਿਪੀ ਤੋਂ ਇਲਾਵਾ ਸਰਜਰੀ ਰਾਹੀਂ ਪ੍ਰਭਾਵਿਤ ਤੰਤੂਆਂ ਨੂੰ ਹਟਾਉਣਾ ਸ਼ਾਮਲ ਹੈ।
ਹਾਲਾਂਕਿ ਜੇ ਇਲਾਜ ਨਾ ਕੀਤਾ ਜਾਵੇ ਲਿੰਗ ਨੂੰ ਆਂਸ਼ਿਕ ਜਾਂ ਪੂਰਨ ਰੂਪ ਵਿੱਚ ਜਾਂ ਪਤਾਲੂਆਂ ਤੱਕ ਵੀ ਕੱਟਣਾ ਜ਼ਰੂਰੀ ਹੋ ਜਾਂਦਾ ਹੈ।
ਜੁਆਉ ਨੂੰ ਜਨਵਰੀ ਵਿੱਚ ਆਪਣਾ ਅੰਗ ਆਂਸ਼ਿਕ ਰੂਪ ਵਿੱਚ ਕਟਵਾਉਣਾ ਪਿਆ। ਉਨ੍ਹਾਂ ਲਈ ਇਹ ਇੱਕ ਮੁਸ਼ਕਿਲ ਸਮਾਂ ਸੀ।
ਉਹ ਕਹਿੰਦੇ ਹਨ,“ਇਹ ਕੁਝ ਅਜਿਹਾ ਹੈ ਜੋ ਅਸੀਂ ਕਲਪਨਾ ਨਹੀਂ ਕਰਦੇ ਕਿ ਸਾਡੇ ਨਾਲ ਹੋ ਸਕਦਾ ਹੈ। ਜਦੋਂ ਇਹ ਹੋ ਜਾਂਦਾ ਹੈ ਤਾਂ ਅਸੀਂ ਲੋਕਾਂ ਨੂੰ ਦੱਸਦੇ ਨਹੀਂ ਫਿਰ ਸਕਦੇ।”
“ਮੈਂ ਆਪਰੇਸ਼ਨ ਤੋਂ ਡਰਿਆ ਹੋਇਆ ਸੀ ਪਰ ਕੋਈ ਹੋਰ ਬਦਲ ਨਹੀਂ ਸੀ। ਮੈਂ ਮਨ੍ਹਾਂ ਨਹੀਂ ਕਰ ਸਕਦਾ ਪਰ ਸਰਜਰੀ ਦੇ ਕੁਝ ਦਿਨ ਤਾਂ ਦੁਖੀ ਕਰਨ ਵਾਲੇ ਸਨ। ਆਪਣੇ ਗੁਪਤ ਅੰਗ ਦਾ ਕੁਝ ਹਿੱਸਾ ਨਾ ਹੋਣਾ, ਡਰਾਉਣਾ ਹੈ।”
ਜਿਹੜੇ ਮਰੀਜ਼ਾਂ ਦਾ ਪੂਰਨ ਤੌਰ ਉੱਤੇ ਗੁਪਤ ਅੰਗ ਕੱਟਣਾ ਪੈਂਦਾ ਹੈ, ਉਨ੍ਹਾਂ ਲਈ ਇਹ ਅਨੁਭਵ ਜ਼ਿੰਦਗੀ ਬਦਲਣ ਵਾਲਾ ਹੋ ਸਕਦਾ ਹੈ।
ਸਾਓ ਪੋਲੋ ਦੇ ਏਸੀ ਕਮਾਰਗੋ ਕੈਂਸਰ ਸੈਂਟਰ ਵਿੱਚ ਮੂਤਰ ਰੋਗ ਵਿਭਾਗ ਤੋਂ ਚਿਆਗੋ ਕੈਮਿਲਿਓ ਨੇ ਦੱਸਿਆ, “ਆਂਸ਼ਿਕ ਰੂਪ ਵਿੱਚ ਕੱਟੇ ਜਾਣ ਦੀ ਸੂਰਤ ਵਿੱਚ ਪਿਸ਼ਾਬ ਦਾ ਰਸਤਾ ਉਹੀ ਰਹਿੰਦਾ ਹੈ।”

ਤਸਵੀਰ ਸਰੋਤ, SBU
“ਹਾਲਾਂਕਿ ਪੂਰਨ ਤੌਰ ’ਤੇ ਕੱਟੇ ਜਾਣ ਉੱਤੇ ਪਿਸ਼ਾਬ ਦੀ ਨਲੀ ਨੂੰ ਗੁਦਾ ਅਤੇ ਪਤਾਲੂਆਂ ਦੇ ਵਿਚਕਾਰ ਪਰਿਨੀਅਮ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਵਜ੍ਹਾ ਕਾਰਨ ਮਰੀਜ਼ ਨੂੰ ਬੈਠ ਕੇ ਪਿਸ਼ਾਬ ਕਰਨਾ ਕਰਨਾ ਪੈਂਦਾ ਹੈ।”
ਬ੍ਰਾਜ਼ੀਲੀਅਨ ਸੁਸਾਈਟੀ ਆਫ਼ ਯੂਰੋਲੋਜੀ, ਮੌਰਿਕਸੀਓ ਡੇਨਰ ਕੌਰਡਿਰੀਓ ਮੁਤਾਬਕ, “ਨਿੱਜੀ ਸਾਫ਼-ਸਫਾਈ ਦੀ ਕਮੀ ਵੀ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ।”
ਮਾਹਰਾਂ ਮੁਤਾਬਕ ਗੁਪਤ ਅੰਗ ਦੇ ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਵਿੱਚ ਫੋਰ ਸਕਿੱਨ ਦਾ ਜ਼ਿਆਦਾ ਕਸੇ ਹੋਣਾ ਵੀ ਸ਼ਾਮਲ ਹੋ ਸਕਦਾ ਹੈ।
“ਉਹ ਦੱਸਦੇ ਹਨ, “ਜਦੋਂ ਕੋਈ ਜਣਾ ਆਪਣੇ ਗੁਪਤ ਅੰਗ ਨੂੰ ਫੋਰ ਸਕਿੱਨ ਤੋਂ ਬਾਹਰ ਨਹੀਂ ਕੱਢ ਪਾਉਂਦਾ ਅਤੇ ਇਸਦੀ ਸਫ਼ਾਈ ਨਹੀਂ ਹੋ ਪਾਉਂਦੀ ਤਾਂ ਇਸ ਵਿੱਚੋਂ ਨਿਕਲਣ ਵਾਲਾ ਮਾਦਾ ਇਕੱਠਾ ਹੋਣ ਲਗਦਾ ਹੈ। ਇਹ ਵਾਤਾਵਰਣ ਬੈਕਟੀਰੀਆ ਦੀ ਲਾਗ ਲਈ ਬਹੁਤ ਢੁੱਕਵਾਂ ਹੈ।”
ਜੇ ਇਹ ਵਾਰ-ਵਾਰ ਹੋਵੇ ਤਾਂ ਇਸ ਨਾਲ ਰਸੌਲੀ ਬਣਨ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਤੋਂ ਇਲਾਵਾ ਹਿਊਮਨ ਪਪਿਲੋਮ ਵਾਇਰਸ (ਐੱਚਪੀਵੀ) ਦੇ ਨਿਰੰਤਰ ਲਾਗ ਵੀ ਇੱਕ ਆਮ ਕਾਰਨ ਹੈ। ਕੁਝ ਮਾਮਲਿਆਂ ਵਿੱਚ ਇਹ ਵਾਇਰਸ ਮੂੰਹ ਅਤੇ ਗੁਪਤ ਅੰਗ ਦੇ ਕੈਂਸਰ ਦੀ ਵਜ੍ਹਾ ਬਣ ਸਕਦਾ ਹੈ।
ਐੱਚਪੀਵੀ ਖਿਲਾਫ਼ ਵਿਆਪਕ ਟੀਕਾਕਰਨ ਦੀ ਲੋੜ
ਉਹ ਕਹਿੰਦੇ ਹਨ ਐੱਚਪੀਵੀ ਵਾਇਰਸ ਦੇ ਖਿਲਾਫ਼ ਵਿਆਪਕ ਟੀਕਾਕਰਨ ਜ਼ਰੂਰੀ ਹੈ। ਉਹ ਇਹ ਵੀ ਦੱਸਦੇ ਹਨ ਕਿ ਬ੍ਰਾਜ਼ੀਲ ਵਿੱਚ ਟੀਕਾਕਰਨ ਦਰ ਇਸ ਦੇ ਕਾਰਗਰ ਹੋਣ ਲਈ ਲੋੜੀਂਦੇ ਪੱਧਰ ਤੋਂ ਬਹੁਤ ਥੋੜ੍ਹੀ ਹੈ।
ਕੌਰਡੀਰੀਓ ਮੁਤਾਬਕ, “ਬ੍ਰਾਜ਼ੀਲ ਵਿੱਚ ਟੀਕਾ ਹੋਣ ਦੇ ਬਾਵਜੂਦ, ਐੱਚਪੀਵੀ ਵੈਕਸੀਨੇਸ਼ਨ ਦੀ ਦਰ ਕੁੜੀਆਂ ਵਿੱਚ ਨੀਵੀਂ ਹੈ।''
ਕੁੜੀਆਂ ਵਿੱਚ 57% ਅਤੇ ਮੁੰਡਿਆਂ ਲਈ ਤਾਂ ਇਹ 40% ਤੋਂ ਵੀ ਪਾਰ ਨਹੀਂ ਕਰਦੀ। ਬਿਮਾਰੀ ਨੂੰ ਰੋਕਣ ਲਈ ਆਦਰਸ਼ ਸਥਿਤੀ ਹੈ ਕਿ 90% ਟੀਕਾਕਰਨ ਹੋਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਟੀਕੇ ਪ੍ਰਤੀ ਗਲਤ ਜਾਣਕਾਰੀ ਅਤੇ ਟੀਕਾਕਰਨ ਮੁਹਿੰਮਾਂ ਦੀ ਕਮੀ ਵੀ ਇੱਕ ਵੱਡੀ ਵਜ੍ਹਾ ਹੈ।
ਉਨ੍ਹਾਂ ਮੁਤਾਬਕ ਲਿੰਗ ਦੇ ਕੈਂਸਰ ਨੂੰ ਰੋਕਣ ਲਈ ਐੱਚਪੀਵੀ ਖਿਲਾਫ਼ ਵਿਆਪਕ ਟੀਕਾਕਰਨ ਜ਼ਰੂਰੀ ਹੈ।
ਹਾਲਾਂਕਿ ਇਹ ਸਥਿਤੀ ਇਕੱਲੇ ਬ੍ਰਾਜ਼ੀਲ ਦੀ ਹੀ ਨਹੀਂ ਹੈ। ਲਿੰਗ ਦੇ ਕੈਂਸਰ ਬਾਰੇ ਤਾਜ਼ਾ ਅਧਿਐਨ ਮੁਤਾਬਕ ਇਸ ਦੇ ਮਾਮਲੇ ਪੂਰੀ ਦੁਨੀਆਂ ਵਿੱਚ ਹੀ ਵੱਧ ਰਹੇ ਹਨ।

ਤਸਵੀਰ ਸਰੋਤ, Getty Images
ਸਾਲ 2022 ਵਿੱਚ ਜੇਐੱਮਆਈਆਰ ਪਬਲਿਕ ਹੈਲਥ ਐਂਡ ਸਰਵੇਲੈਂਸ ਰਸਾਲੇ ਵਿੱਚ 43 ਦੇਸਾਂ ਤੋਂ ਇਕੱਠੇ ਕੀਤੇ ਗਏ ਡੇਟਾ ਨੂੰ ਪ੍ਰਕਾਸ਼ਿਤ ਕੀਤਾ ਗਿਆ।
ਪਾਇਆ ਗਿਆ ਕਿ ਗੁਪਤ ਅੰਗ ਦੇ ਕੈਂਸਰ ਦੇ ਸਭ ਤੋਂ ਜ਼ਿਆਦਾ ਮਾਮਲੇ 2008 ਤੋਂ 2012 ਦੇ ਦੌਰਾਨ ਯੁਗਾਂਡਾ ਵਿੱਚ ਪਾਏ ਗਏ (ਪ੍ਰਤੀ ਲੱਖ ਮਗਰ 2.2) ਉਸ ਤੋਂ ਬਾਅਦ ਬ੍ਰਾਜ਼ੀਲ (2.1) ਅਤੇ ਥਾਇਲੈਂਡ (1.4) ਸਭ ਤੋਂ ਘੱਟ ਮਾਮਲੇ 0.1 ਮਾਮਲੇ ਕਤਰ ਵਿੱਚ ਰਿਪੋਰਟ ਕੀਤੇ ਗਏ।
ਚੀਨ ਦੀ ਸੁਨ ਯਾਤ-ਸੇਨ ਯੂਨੀਵਰਸਿਟੀ ਵਿੱਚ ਲਿਊਵਿਨ ਫੂ ਅਤੇ ਤਿਆਨ ਦੀ ਅਗਵਾਈ ਵਿੱਚ ਰਿਸਰਚਰਾਂ ਨੇ ਪਾਇਆ ਕਿ ਭਾਵੇਂ ਵਿਕਾਸਸ਼ੀਲ ਦੇਸਾਂ ਵਿੱਚ ਇਸਦੇ ਮਾਮਲੇ ਸਭ ਤੋਂ ਜ਼ਿਆਦਾ ਹਨ ਪਰ ਇਹ ਯੂਰਪ ਦੇਸਾਂ ਵਿੱਚ ਵੀ ਵੱਧ ਰਹੇ ਹਨ।
ਕੈਂਸਰ ਦੇ ਮਾਮਲੇ ਭਵਿੱਖ ਵਿੱਚ ਹੋਰ ਵਧਣਗੇ
ਉਨ੍ਹਾਂ ਮੁਤਾਬਕ ਇੰਗਲੈਂਡ ਵਿੱਚ ਲਿੰਗ ਦੇ ਕੈਂਸਰ ਦੇ ਮਾਮਲੇ ਵਧੇ ਹਨ। ਉੱਥੇ 1979 ਵਿੱਚ ਇਸਦੇ 1.1 ਮਾਮਲੇ ਸਨ ਤਾਂ 2009 ਵਿੱਚ ਇਹ ਸੰਖਿਆ 1.3 ਪ੍ਰਤੀ ਲੱਖ ਮਗਰ ਹੋ ਗਈ। ਜਰਮਨੀ ਵਿੱਚ 1961 ਤੋਂ 2012 ਤੱਕ ਇਸ ਵਿੱਚ 50% ਜਾਣੀ 1.2 ਤੋਂ 1.8 ਦਾ ਵਾਧਾ ਦੇਖਿਆ ਗਿਆ।
ਗਲੋਬਲ ਕੈਂਸਰ ਰਜਿਸਟਰੀਜ਼ ਦੇ ਪੇਸ਼ੀਨਗੋਈ ਟੂਲ ਮੁਤਾਬਕ ਇਹ ਸੰਖਿਆ ਆਉਣ ਵਾਲੇ ਸਾਲਾਂ ਦੌਰਾਨ ਵਧਣੀ ਹੀ ਹੈ। ਸਾਲ 2050 ਤੱਕ ਲਿੰਗ ਦੇ ਕੈਂਸਰ ਦੇ ਮਾਮਲਿਆਂ ਵਿੱਚ 77% ਤੋਂ ਜ਼ਿਆਦਾ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਇਹ ਸੰਖਿਆ ਵਧਣ ਪਿੱਛੇ ਇੱਕ ਕਾਰਨ ਦੁਨੀਆਂ ਦੀ ਜਨਸੰਖਿਆ ਦਾ ਬਜ਼ੁਰਗੀ ਵੱਲ ਵਧਣਾ ਵੀ ਹੈ।। ਮਾਹਰਾਂ ਮੁਤਾਬਕ ਇਸਦੇ ਸਭ ਤੋਂ ਜ਼ਿਆਦਾ ਮਾਮਲੇ ਉਮਰ ਦੇ ਛੇਵੇਂ ਦਹਾਕੇ ਦੌਰਾਨ ਦੇਖੇ ਜਾਂਦੇ ਹਨ।
ਕੌਰਡੀਰਓ ਮੁਤਾਬਕ, “ਲਿੰਗ ਦਾ ਕੈਂਸਰ ਦੁਰਲਭ ਬਿਮਾਰੀ ਹੈ ਪਰ ਇਸ ਤੋਂ ਬਹੁਤ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ ਕਿ ਹਰ ਉਮਰ ਦੇ ਮਰਦ ਆਪਣੇ ਲਿੰਗ ਨੂੰ ਰੋਜ਼ਾਨਾ ਅਤੇ ਖਾਸ ਕਰਕੇ ਮੈਥੁਨ ਕਿਰਿਆ ਤੋਂ ਬਾਅਦ ਪਾਣੀ ਅਤੇ ਸਾਬਣ ਨਾਲ ਸਾਫ਼ ਜ਼ਰੂਰ ਕਰਨ।”
ਉਹ ਸਰੀਰਕ ਸਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਕਰਨ ਅਤੇ ਕਸੀ ਹੋਣ ਦੀ ਸੂਰਤ ਵਿੱਚ ਕੈਂਸਰ ਤੋਂ ਬਚਾਅ ਲਈ ਉੱਪਰੀ ਚਮੜੀ ਸਰਜਰੀ ਰਾਹੀਂ ਹਟਵਾ ਦੇਣ ਦੀ ਵੀ ਸਲਾਹ ਦਿੰਦੇ ਹਨ।
ਜੁਆਉ ਫਿਲਹਾਲ ਆਪਣੇ ਤਾਜ਼ਾ ਟੈਸਟ ਰਿਪੋਰਟ ਦੀ ਉਡੀਕ ਕਰ ਰਹੇ ਹਨ, ਜੋ ਉਨ੍ਹਾਂ ਨੂੰ ਸਾਲ ਦੇ ਅਖੀਰ ਤੱਕ ਮਿਲੇਗੀ। ਉਹ ਕਹਿੰਦੇ ਹਨ, “ਮੈਨੂੰ ਉਮੀਦ ਹੈ ਕਿ ਇਹ ਨਤੀਜੇ ਦਿਖਾਉਣਗੇ ਕਿ ਮੈਂ ਠੀਕ ਹੋ ਗਿਆ ਹਾਂ।”
ਕਟਵਾ ਦੇਣ ਤੋਂ ਬਾਅਦ ਦਰਦ ਬਿਲਕੁਲ ਚਲਾ ਗਿਆ ਹੈ ਅਤੇ ਮੈਨੂੰ ਕਾਫ਼ੀ ਠੀਕ ਲੱਗ ਰਿਹਾ ਹੈ। ਪਰ ਮੈਨੂੰ ਆਪਣੇ ਬਾਕੀ ਦਿਨ ਆਪਣਾ ਆਂਸ਼ਿਕ ਤੌਰ ’ਤੇ ਕੱਟਿਆ ਗੁਪਤ ਅੰਗ ਦੇਖਣਾ ਪਵੇਗਾ।”
ਯੂਕੇ ਦੀ ਕੈਂਸਰ ਰਿਸਰਚ ਮੁਤਾਬਕ ਲਿੰਗ ਦੇ ਕੈਂਸਰ ਵਾਲੇ 90% ਮਰੀਜ਼ ਜੋ ਲਿੰਫ ਨੋਡਸ ਤੱਕ ਨਾ ਫੈਲਿਆ ਹੋਵੇ ਪੰਜ ਜਾਂ ਉਸ ਤੋਂ ਜ਼ਿਆਦਾ ਸਾਲਾਂ ਲਈ ਜਿਉਂਦੇ ਰਹਿੰਦੇ ਹਨ।
(ਰੋਨੇ ਕਾਵਲਹੋ, ਬੀਬੀਸੀ ਬ੍ਰਾਜ਼ੀਲ ਦੇ ਸਹਿਯੋਗ ਨਾਲ।)












