ਜੰਗ ਵਿੱਚ ਤਬਾਹੀ ਝੱਲਣ ਵਾਲੀ ਉਸ ਕੁੜੀ ਦੀ ਕਹਾਣੀ, ਜੋ ਪਹਿਲਾਂ ਪ੍ਰੇਮਿਕਾ ਸੀ, ਫਿਰ ਲਾੜੀ ਬਣੀ ਤੇ ਅਗਲੇ ਹੀ ਦਿਨ ਵਿਧਵਾ

ਵਲੇਰੀਆ ਅਤੇ ਐਂਡਰੀ ਡੇ

ਤਸਵੀਰ ਸਰੋਤ, VALERIA SUBOTINA'S FACEBOOK PAGE

ਤਸਵੀਰ ਕੈਪਸ਼ਨ, ਵਲੇਰੀਆ ਅਤੇ ਐਂਡਰੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਆਹ ਕਰਵਾਉਣ ਦੀ ਤਿਆਰੀ ਕਰ ਰਹੇ ਸਨ
    • ਲੇਖਕ, ਡਿਆਨਾ ਕੁਰਿਸ਼ਕੋ
    • ਰੋਲ, ਬੀਬੀਸੀ ਪੱਤਰਕਾਰ

ਵਲੇਰੀਆ ਸਬੁਤੀਨਾ ਨੂੰ ਚੰਗੀ ਤਰ੍ਹਾਂ ਯਾਦ ਹੈ, “ਉਸ ਨੇ ਟੀਨ ਦੀ ਪੱਤੀ ਦੀਆਂ ਅੰਗੂਠੀਆਂ ਬਣਾਈਆਂ ਅਤੇ ਮੈਨੂੰ ਵਿਆਹ ਲਈ ਪੁੱਛਿਆ ਅਤੇ ਮੈਂ ਹਾਂ ਕਰ ਦਿੱਤੀ।”

“ਉਹ ਮੇਰੀ ਜ਼ਿੰਦਗੀ ਦਾ ਪਿਆਰ ਸੀ ਅਤੇ ਮੁੰਦਰੀਆਂ ਬਿਲਕੁਲ ਸਹੀ ਸਨ।”

ਵਲੇਰੀਆ ਅਤੇ ਉਸਦਾ 34 ਸਾਲਾ ਸਾਥੀ ਐਂਡਰੀ ਸੁਬੋਤਿਨ ਯੂਕਰੇਨ ਦੀ ਫੌਜ ਵਿੱਚ ਇੱਕ ਕੈਪਟਨ ਸੀ। ਉਹ ਦੋਵੇਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਆਹ ਦੀ ਤਿਆਰੀ ਕਰ ਰਹੇ ਸਨ।

ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਲਈ ਇੱਕ ਵੱਡੇ ਜਸ਼ਨ ਦਾ ਪ੍ਰਬੰਧ ਕਰਨਾ ਚਾਹੁੰਦੇ ਸਨ।

ਪਰ ਜਿਵੇਂ ਹੀ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ, ਕੁਝ ਹੀ ਦਿਨਾਂ ਵਿੱਚ ਰੂਸ ਦੀ ਫੌਜ ਰਣਨੀਤਕ ਨੁਕਤੇ ਤੋਂ ਅਹਿਮ ਮਾਰੀਓਪੋਲ ਸ਼ਹਿਰ ਦੀਆਂ ਬਰੂਹਾਂ ਉੱਤੇ ਆ ਗਈ।

ਮਾਰੀਓਪੋਲ ਉੱਪਰ ਲਗਾਤਾਰ ਰੂਸੀ ਬੰਬ ਵਰ੍ਹਾ ਰਹੇ ਸਨ। ਸੜਕਾਂ ਸੜ ਰਹੀਆਂ ਸਨ। ਸ਼ਹਿਰ ਵਿੱਚ ਨਾ ਖਾਣਾ ਸੀ, ਨਾ ਬਿਜਲੀ-ਪਾਣੀ ਅਤੇ ਨਾ ਹੀ ਬਾਹਰ ਨਿਕਲਣ ਦਾ ਕੋਈ ਰਸਤਾ।

ਸ਼ਹਿਰ ਨੂੰ ਰੂਸੀ ਫੌਜਾਂ ਦਾ ਘੇਰਾ ਲਗਭਗ ਤਿੰਨ ਮਹੀਨੇ ਤੱਕ ਜਾਰੀ ਰਿਹਾ। ਇਸ ਦੌਰਾਨ ਹਜ਼ਾਰਾਂ ਨਾਗਰਿਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ।

ਇਸ ਦੌਰਾਨ ਮਾਰੀਓਪੋਲ ਦੇ ਬਹੁਤ ਸਾਰੇ ਲੋਕਾਂ ਨੇ ਸ਼ਹਿਰ ਦੇ ਅਜ਼ਵੋਸਤਲ ਸਟੀਲ ਪਲਾਂਟ ਵਿੱਚ ਪਨਾਹ ਲਈ। ਜਿਸ ਨੂੰ ਸੋਵੀਅਤ ਕਾਲ ਦੌਰਾਨ ਪ੍ਰਮਾਣੂ ਹਮਲੇ ਤੋਂ ਬਚਾਅ ਲਈ ਬਣਾਇਆ ਗਿਆ ਸੀ।

ਇੱਥੇ ਹੀ ਵਲੇਰੀਆ ਦਾ ਵਿਆਹ ਹੋਇਆ ਅਤੇ ਉਸ ਤੋਂ ਅਗਲੇ ਹੀ ਦਿਨ ਉਹ ਵਿਧਵਾ ਹੋ ਗਈ।

ਅਜ਼ੋਵਸਟਲ ਪਲਾਂਟ

ਤਸਵੀਰ ਸਰੋਤ, OREST DMYTRO KOZATSKY

ਤਸਵੀਰ ਕੈਪਸ਼ਨ, ਯੂਕਰੇਨੀ ਫੌਜਾਂ ਅਤੇ ਨਾਗਰਿਕ ਡੀ ਅਜ਼ੋਵਸਟਲ ਪਲਾਂਟ ਦੇ ਬੰਕਰਾਂ ਵਿੱਚ

ਅਕਾਲ ਦੀ ਕਗਾਰ ਉੱਤੇ

ਜਦੋਂ ਰੂਸੀ ਹਮਲਾ ਸ਼ੁਰੂ ਹੋਇਆ ਤਾਂ ਵਲੇਰੀਆ ਇੱਕ ਸ਼ਾਇਰਾ ਸੀ। ਜਲਦ ਹੀ ਉਹ ਅਜ਼ੂਵ ਬ੍ਰਿਗੇਡ ਦੀ ਪ੍ਰੈੱਸ ਅਫ਼ਸਰ ਬਣ ਗਈ। ਇਹ ਯੂਕਰੇਨ ਦੇ ਨੈਸ਼ਨਲ ਗਾਰਡ ਦਾ ਉਹ ਹਿੱਸਾ ਹੈ ਜਿਸ ਨੂੰ ਸੱਜੇ ਪੱਖੀ ਸਮੂਹਾਂ ਨਾਲ ਨੇੜਤਾ ਹੋਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਜਿਵੇ-ਜਿਵੇਂ ਮਾਰੀਓਪੋਲ ਵਿੱਚ ਰੂਸੀ ਹਮਲਾ ਤੇਜ਼ ਹੋਇਆ, ਯੂਕਰੇਨ ਦੀ ਫੌਜ ਨੂੰ ਪਿੱਛੇ ਹਟਣਾ ਪਿਆ ਅਤੇ ਸਟੀਲ ਪਲਾਂਟ ਵਿੱਚ ਨਾਗਰਿਕਾਂ ਦੇ ਨਾਲ ਹੀ ਪਨਾਹ ਲੈਣੀ ਪਈ।

“ਬੰਕਰਾਂ ਦੇ ਅੰਦਰ ਜਾਣ ਦਾ ਲਾਂਘਾ ਕਿਸੇ ਸੁਰਾਖ ਵਰਗਾ ਸੀ। ਤੁਹਾਨੂੰ ਬਹੁਤ ਸਾਰੀਆਂ ਲਗਭਗ ਢਹਿਢੇਰੀ ਹੋ ਚੁੱਕੀਆਂ ਪੌੜ੍ਹੀਆਂ ਵਿੱਚੋਂ ਦੀ ਲੰਘ ਕੇ ਅੰਦਰ ਜਾਣਾ ਪੈਂਦਾ ਸੀ।”

ਉਹ ਦੱਸਦੀ ਹੈ,“ਤੁਸੀਂ ਸਰੁੰਗਾਂ ਅਤੇ ਰਸਤਿਆਂ ਵਿੱਚੋਂ ਹੁੰਦੇ ਹੋਏ ਹੋਰ ਥੱਲੇ ਜਾਂਦੇ ਸੀ। ਜਦੋਂ ਤੱਕ ਕਿ ਤੁਹਾਨੂੰ ਕੰਕਰੀਟ ਦਾ ਫਰਸ਼ ਨਜ਼ਰ ਨਾ ਆ ਜਾਵੇ, ਜੋ ਇੱਕ ਕਿਸਮ ਦਾ ਸੁਰੱਖਿਅਤ ਕਮਰਾ ਸੀ।”

ਬੰਕਰਾਂ ਵਿੱਚ ਲੋਕਾਂ ਨੇ ਆਰਜ਼ੀ ਰਸੋਈਆਂ ਬਣਾ ਲਈਆਂ ਸਨ। ਜਿੱਥੇ ਖਾਣੇ ਦੀ ਰਹਿੰਦ ਖੂਹੰਦ ਤੋਂ ਖਾਣਾ ਤਿਆਰ ਕੀਤਾ ਜਾਂਦਾ ਸੀ।

ਜਦੋਂ ਕਦੇ ਉਨ੍ਹਾਂ ਨੂੰ ਆਟਾ ਮਿਲ ਜਾਂਦਾ ਤਾਂ ਉਹ ਇਸ ਨੂੰ ਗੁੰਨ੍ਹ ਕੇ ਕੇਕ ਬਣਾ ਲੈਂਦੇ ਸਨ।

“ਅਸੀਂ ਇਸ ਨੂੰ ਰੋਟੀ ਕਹਿੰਦੇ ਸੀ ਪਰ ਇਹ ਸਿਰਫ਼ ਆਟੇ ਦੇ ਕੇਕ ਹੁੰਦੇ ਸਨ। ਅਸੀਂ ਇਸੇ ਤਰ੍ਹਾਂ ਜ਼ਿੰਦਾ ਬਚੇ ਰਹੇ।”

“ਅਸੀਂ ਚੂਹਿਆਂ ਵਰਗੇ ਸੀ, ਜੋ ਵੀ ਮਿਲਦਾ ਇਕੱਠਾ ਕਰ ਲੈਂਦੇ, ਅਸੀਂ ਚੀਥੜਿਆਂ ਅਤੇ ਕੱਪੜਿਆਂ ਦੇ ਉੱਤੇ ਸੌਂਦੇ ਸੀ।”

“ਕੁਝ ਥਾਵਾਂ ਉੱਤੇ, ਬਿਲਕੁਲ ਹਨੇਰਾ ਹੁੰਦਾ ਸੀ। ਪਰ ਤੁਹਾਡੀਆਂ ਅੱਖਾਂ ਇਸਦੀਆਂ ਆਦੀ ਹੋ ਜਾਂਦੀਆਂ ਸਨ ਅਤੇ ਤੁਹਾਨੂੰ ਇਹ ਹਨੇਰਾ ਆਮ ਲਗਦਾ ਸੀ। ਹਾਲਾਂਕਿ ਇਸ ਜੀਵਨ ਵਿੱਚ ਕੁਝ ਵੀ ਆਮ ਨਹੀਂ ਸੀ।”

15 ਅਪ੍ਰੈਲ 2022 ਨੂੰ ਪਲਾਂਟ ਉੱਤੇ ਸੁੱਟੇ ਇੱਕ ਵੱਡੇ ਹਵਾਈ ਬੰਬ ਦੇ ਹਮਲੇ ਵਿੱਚ ਵਲੇਰੀਆ ਜ਼ਖਮੀ ਹੋ ਗਈ।

“ਮੈਂ ਲਾਸ਼ਾਂ ਵਿੱਚ ਇਕੱਲੀ ਹੀ ਜਿਉਂਦੀ ਮਿਲੀ ਸੀ। ਇਹ ਇੱਕ ਚਮਤਕਾਰ ਅਤੇ ਬਹੁਤ ਭਿਆਨਕ ਦੁਖਾਂਤ ਸੀ।”

ਗੰਭੀਰ ਸੱਟਾਂ ਦੇ ਕਾਰਨ ਵਲੇਰੀਆ ਦਾ ਇੱਕ ਹਫ਼ਤੇ ਤੱਕ ਇੱਕ ਜ਼ਮੀਨਦੋਜ਼ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਉਸ ਹਸਪਤਾਲ ਵਿੱਚ ਹੋਰ ਵੀ ਬਹੁਤ ਸਾਰੇ ਸੈਨਿਕ ਸਨ ਜਿਨ੍ਹਾਂ ਦੇ ਅੰਗ ਕੱਟੇ ਹੋਏ ਸਨ।

ਉਹ ਦੱਸਦੀ ਹੈ, “ਦਵਾਈਆਂ ਨਾ ਹੋਣ ਕਾਰਨ, ਉਨ੍ਹਾਂ ਨੂੰ ਸਹੀ ਮਦਦ ਨਹੀਂ ਮਿਲ ਰਹੀ ਸੀ। ਸਾਰੇ ਪਾਸੇ ਖੂਨ ਦੀ ਮਹਿਕ ਅਤੇ ਸੜਾਂਦ ਫੈਲੀ ਹੋਈ ਸੀ।”

ਵਲੇਰੀਆ ਅਤੇ ਐਂਡਰੀ ਡੇ

ਤਸਵੀਰ ਸਰੋਤ, OREST DMYTRO KOZATSKY

ਤਸਵੀਰ ਕੈਪਸ਼ਨ, ਵਲੇਰੀਆ ਕਹਿੰਦੇ ਹਨ ਜਿਵੇਂ ਹੀ ਮੈਨੂੰ ਆਪਣੇ ਪਤੀ ਦੀ ਮੌਤ ਬਾਰੇ ਪਤਾ ਲੱਗਾ,ਉਹ ਫ਼ੁੱਟ ਫ਼ੁੱਟ ਰੋ ਪਈ

ਵਲੇਰੀਆ ਦੇ ਸਾਥੀ ਐਂਡਰੀ ਦੀ ਤਾਇਨਾਤੀ ਵੀ ਇਥੇ ਹੀ ਸੀ। ਵਲੇਰੀਆ ਦੇ ਜ਼ਖਮੀ ਹੋਣ ਤੋਂ ਤੁਰੰਤ ਮਗਰੋਂ ਉਸ ਨੇ ਉੱਥੇ ਹੀ ਉਸੇ ਵੇਲੇ ਵਿਆਹ ਕਰਵਾਉਣ ਦੀ ਤਜਵੀਜ਼ ਰੱਖੀ।

ਪੰਜ ਮਈ ਨੂੰ ਜੋੜੇ ਨੇ ਲੋੜੀਂਦੇ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਕੇ ਸਕੈਨ ਕੀਵ ਵਿੱਚ ਐਂਡਰੀ ਦੇ ਮਾਤਾ-ਪਿਤਾ ਨੂੰ ਭੇਜੇ, ਜੋ ਵਿਆਹ ਨੂੰ ਅੰਤਿਮ ਰੂਪ ਦੇਣ ਲਈ ਰਜਿਸਟਰਾਰ ਦੇ ਦਫ਼ਤਰ ਗਏ।

ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਬੰਕਰ ਵਿੱਚ ਹੀ ਹੋਈਆਂ। ਦੋਵਾਂ ਨੇ ਫੌਜੀ ਵਰਦੀ ਵਿੱਚ ਮੁੰਦਰੀਆਂ ਵਟਾਈਆਂ।

ਐਂਡਰੀ ਨੇ ਵਲੇਰੀਆ ਨੂੰ ਵਾਅਦਾ ਕੀਤਾ ਕਿ ਉਹ ਜੰਗ ਮੁੱਕਣ ਮਗਰੋਂ ਉਸ ਨੂੰ ਇੱਕ ਅਸਲੀ ਮੁੰਦਰੀ ਬਣਵਾ ਕੇ ਦੇਵੇਗਾ।

ਪਰ 7 ਮਈ ਨੂੰ ਉਹ ਮੁਕਾਬਲੇ ਦੌਰਾਨ ਗੋਲੀਬਾਰੀ ਵਿੱਚ ਮਾਰਿਆ ਗਿਆ।

ਵਲੇਰੀਆ ਨੇ ਦੱਸਿਆ ਜਦੋਂ “ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਕੋਈ ਪਿਆਰਾ ਮਰਨ ਵਾਲਾ ਹੈ ਤਾਂ ਉਹ ਅਜੀਬ ਜਿਹੀਆਂ ਗੱਲਾਂ ਕਰਦੇ ਹਨ ਪਰ ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਿਆ।”

ਉਸਨੇ ਦੱਸਿਆ,“ਅਸਲ ਵਿੱਚ ਜਿਸ ਦਿਨ ਐਂਡਰੀ ਦੀ ਮੌਤ ਹੋਈ (ਉਸਦੀ ਮੌਤ ਦੀ ਖ਼ਬਰ ਮਿਲਣ ਤੋਂ ਪਹਿਲਾਂ) ਮੈਂ ਵਧੀਆ ਮੂਡ ਵਿੱਚ ਸੀ। ਮੇਰਾ ਹੁਣੇ ਵਿਆਹ ਹੋਇਆ ਸੀ ਅਤੇ ਮੈਂ ਪਿਆਰ ਵਿੱਚ ਸੀ।”

“ਅਜ਼ੋਵਸਤਲ ਵਿੱਚ ਇੱਕ ਦਿਨ ਵੀ ਇੱਕ ਸਾਲ ਵਰਗਾ ਸੀ। ਪਹਿਲਾਂ, ਮੈਂ ਇੱਕ ਪ੍ਰੇਮਿਕਾ ਸੀ, ਅਗਲੇ ਦਿਨ ਇੱਕ ਲਾੜੀ ਅਤੇ ਉਸ ਤੋਂ ਹੀ ਅਗਲੇ ਦਿਨ ਮੈਂ ਇੱਕ ਵਿਧਵਾ ਬਣ ਗਈ...ਮੈਨੂੰ ਉਹ ਸ਼ਬਦ ਬੋਲਣ ਤੋਂ ਵੀ ਘਬਰਾਹਟ ਹੁੰਦੀ ਹੈ।”

ਇਹ ਵੀ ਪੜ੍ਹੋ-
ਵਲੇਰੀਆ ਅਤੇ ਐਂਡਰੀ ਡੇ

ਤਸਵੀਰ ਸਰੋਤ, VALERIYA SUBOTINA'S FACEBOOK PAGE

ਤਸਵੀਰ ਕੈਪਸ਼ਨ, ਵਲੇਰੀਆ ਅਤੇ ਐਂਡਰੀ ਦੀਆ ਵਿਆਹ ਦੀਆਂ ਮੁੰਦਰੀਆਂ

ਜੰਗੀ ਕੈਦੀ

ਮਈ ਦੀ ਸ਼ੁਰੂਆਤ ਸਮੇਂ ਹਜ਼ਾਰਾਂ ਯੂਕਰੇਨੀਅਨ ਜਿਨ੍ਹਾਂ ਨੇ ਅਜ਼ੋਵਸਟਲ ਸਟੀਲ ਪਲਾਂਟ ਵਿੱਚ ਪਨਾਹ ਲਈ ਸੀ ਅਤੇ 80 ਦਿਨਾਂ ਤੱਕ ਬਿਨਾਂ ਭੋਜਨ ਜਾਂ ਦਵਾਈ ਦੇ ਜਿਉਂਦੇ ਰਹਿਣ ਵਿੱਚ ਕਾਮਯਾਬ ਰਹੇ ਸੀ ਨੂੰ ਫੌਰੀ ਤੌਰ ਉੱਤੇ ਉੱਥੋਂ ਕੱਢਣ ਦੀ ਲੋੜ ਸੀ।

ਸ਼ੁਰੂ ਵਿੱਚ ਨਾਗਰਿਕਾਂ ਨੂੰ ਜਗ੍ਹਾ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ। ਫਿਰ ਫੌਜੀਆਂ ਨੂੰ ਰੂਸੀ ਫੌਜ ਨੇ ਬੰਦੀ ਬਣਾ ਲਿਆ।

ਉਮੀਦ ਸੀ ਕਿ ਉਨ੍ਹਾਂ ਨੂੰ ਕੈਦੀਆਂ ਦੇ ਅਦਲਾ-ਬਦਲੀ ਲਈ ਹੋਏ ਸਮਝੌਤਿਆਂ ਦੌਰਾਨ ਰਿਹਾਅ ਕਰ ਦਿੱਤਾ ਜਾਵੇਗਾ।

ਪਰ ਦੋ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਅਤੇ ਤਕਰੀਬਨ 900 ਅਜ਼ੋਵ ਬ੍ਰਿਗੇਡ ਮੈਂਬਰਾਂ ਸਮੇਤ ਹਜ਼ਾਰਾਂ ਯੂਕਰੇਨੀ ਸੈਨਿਕ ਅਜੇ ਵੀ ਰੂਸ ਦੀ ਕੈਦ ਵਿੱਚ ਹਨ।

ਯੂਕਰੇਨ ਵਿੱਚ ਬਹੁਤ ਸਾਰੇ ਲੋਕ ਮਾਰੀਉਪੋਲ ਵਿੱਚ ਰੂਸੀ ਫੌਜ ਦੇ ਵਿਰੁੱਧ ਲੜਨ ਵਾਲੇ ਅਜ਼ੋਵ ਫੌਜੀਆਂ ਨੂੰ ਕੌਮੀ ਨਾਇਕ ਮੰਨਦੇ ਹਨ।

ਉਨ੍ਹਾਂ ਦੇ ਪਰਿਵਾਰ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਯੂਕਰੇਨੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਅਦਲਾ-ਬਦਲੀ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਬੇਨਤੀ ਕਰਦੇ ਹਨ।

ਜੰਗੀ ਕੈਦੀਆਂ ਦੀ ਅਦਲਾ-ਬਦਲੀ ਦੀ ਪ੍ਰਕਿਰਿਆ ਇੱਕ ਗੁੰਝਲਦਾਰ ਮਸਲਾ ਹੈ।

ਹਮਲਾ ਸ਼ੁਰੂ ਹੋਣ ਤੋਂ ਬਾਅਦ ਤਕਰੀਬਨ 3,000 ਯੂਕਰੇਨੀ ਜੰਗੀ ਕੈਦੀਆਂ ਨੂੰ ਰੂਸ ਤੋਂ ਕੈਦੀ ਅਦਲਾ-ਬਦਲੀ ਵਿੱਚ ਰਿਹਾਅ ਕੀਤਾ ਗਿਆ ਹੈ।

ਮੰਨਿਆ ਜਾਂਦਾ ਹੈ ਕਿ ਯੂਕਰੇਨ ਦੇ 10,000 ਤੋਂ ਵੱਧ ਲੋਕ ਰੂਸੀ ਹਿਰਾਸਤ ਵਿੱਚ ਹਨ।

ਵਲੇਰੀਆ

ਤਸਵੀਰ ਸਰੋਤ, VALERIYA SUBOTINA'S FACEBOOK PAGE

ਤਸਵੀਰ ਕੈਪਸ਼ਨ, ਵਲੇਰੀਆ 11 ਮਹੀਨਿਆਂ ਲਈ ਰੂਸੀ ਫੌਜ ਕੋਲ ਬੰਦੀ ਵਜੋਂ ਰਹੀ

ਸੰਯੁਕਤ ਰਾਸ਼ਟਰ ਵੱਲੋਂ ਇੱਕ ਤਾਜ਼ਾ ਜਾਂਚ ਵਿੱਚ ਦਸਤਾਵੇਜ਼ੀ ਤੌਰ 'ਤੇ ਦੱਸਿਆ ਗਿਆ ਹੈ ਕਿ ਯੂਕਰੇਨ ਦੇ ਜੰਗੀ ਕੈਦੀਆਂ ਨੂੰ ਲਗਾਤਾਰ ਕੁੱਟਮਾਰ, ਬਿਜਲੀ ਦੇ ਝਟਕੇ, ਬਲਾਤਕਾਰ, ਜਿਨਸੀ ਹਿੰਸਾ ਅਤੇ ਨਕਲੀ ਫਾਂਸੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

ਵਲੇਰੀਆ ਨੂੰ ਵੀ 11 ਮਹੀਨਿਆਂ ਲਈ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉੱਥੇ ਉਨ੍ਹਾਂ ਨੇ ਤਸੀਹੇ ਅਤੇ ਦੁਰਵਿਵਹਾਰ ਜ਼ਰਿਆ।

ਹਾਲ ਹੀ ਵਿੱਚ ਉਨ੍ਹਾਂ ਨੇ ਜੇਲ੍ਹ ਵਿੱਚ ਆਪਣੇ ਸਮੇਂ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ।

ਵਲੇਰੀਆ ਦੇ ਮਰਹੂਮ ਪਤੀ ਐਂਡਰੀ ਦੀ ਲਾਸ਼ ਅਜ਼ੋਵਸਟਲ ਸਟੀਲ ਪਲਾਂਟ ਵਿੱਚ ਪਈ ਹੈ।

ਉਹ ਕਹਿੰਦੇ ਹਨ, "ਉਨ੍ਹਾਂ [ਰੂਸੀ] ਨੇ ਮੇਰੀ ਪਸੰਦ ਦੀ ਹਰ ਚੀਜ਼ ਨੂੰ ਮਾਰ ਦਿੱਤਾ…ਨਸ਼ਟ ਕਰ ਦਿੱਤਾ - ਮੇਰਾ ਸ਼ਹਿਰ, ਮੇਰੇ ਦੋਸਤ ਅਤੇ ਮੇਰਾ ਪਤੀ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)