ਪੁਤਿਨ ਨੇ ਰੂਸ-ਯੂਕਰੇਨ ਜੰਗ ਰੋਕਣ ਲਈ ਅਮਰੀਕਾ ਅੱਗੇ ਰੱਖੀ ਇਹ 'ਸ਼ਰਤ'

ਤਸਵੀਰ ਸਰੋਤ, Reuters
- ਲੇਖਕ, ਬੀਬੀਸੀ ਮੁੰਡੋ
- ਰੋਲ, ਨਿਊਜ਼
ਫਰਵਰੀ 2022 ਵਿੱਚ ਯੂਕਰੇਨ ਉੱਤੇ ਹਮਲਾ ਸ਼ੁਰੂ ਕਰਨ ਤੋਂ ਬਾਅਦ ਰੂਸੀ ਰਾਸ਼ਟਰਪਤੀ ਨੇ ਕਿਸੇ ਵੀ ਪੱਛਮੀ ਪੱਤਰਕਾਰ ਨੂੰ ਇੰਟਰਵਿਊ ਨਹੀਂ ਦਿੱਤਾ ਸੀ।
ਪਰ ਇਸ ਹਫਤੇ ਮਸ਼ਹੂਰ ਅਮਰੀਕੀ ਪੱਤਰਕਾਰ ਟਕਰ ਕਾਰਲਸਨ ਨੂੰ ਦਿੱਤਾ ਗਿਆ ਵਲਾਦੀਮੀਰ ਪੁਤਿਨ ਦਾ ਇੱਕ ਇੰਟਰਵਿਊ ਪਿਛਲੇ ਵੀਰਵਾਰ ਨੂੰ ਹੀ ਪ੍ਰਸਾਰਿਤ ਕੀਤਾ ਗਿਆ ਸੀ।
ਅਪ੍ਰੈਲ 2023 ਤੱਕ ਫੌਕਸ ਨਿਊਜ਼ 'ਤੇ ਕਾਰਲਸਨ ਦੇ ਸ਼ੋਅ ਦੀ ਸਭ ਤੋਂ ਵੱਧ ਰੇਟਿੰਗ ਹੁੰਦੀ ਸੀ, ਪਰ ਨੈੱਟਵਰਕ ਨੇ ਉਨ੍ਹਾਂ ਨੂੰ ਬਿਨਾਂ ਕਾਰਨ ਦੱਸੇ ਕੱਢ ਦਿੱਤਾ ਸੀ।
ਹੁਣ ਉਨ੍ਹਾਂ ਦੀ ਇੱਕ ਸੁਤੰਤਰ ਕੰਪਨੀ ਹੈ, ਟਕਰ ਕਾਰਲਸਨ ਨੈੱਟਵਰਕ ਅਤੇ ਇਹ ਐਕਸ 'ਤੇ ਵੀ ਪ੍ਰਸਾਰਿਤ ਹੁੰਦਾ ਹੈ।
ਇੱਥੇ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਵਰਗੇ ਸੱਜੇ-ਪੱਖੀ ਸਿਆਸਤਦਾਨਾਂ ਨਾਲ ਦੋਸਤਾਨਾ ਇੰਟਰਵਿਊ ਪ੍ਰਸਾਰਿਤ ਕਰਦੇ ਹਨ।
ਆਪਣੇ ਤਾਜ਼ਾ ਇੰਟਰਵਿਊ ਵਿੱਚ, ਪੁਤਿਨ ਨੇ ਯੂਕਰੇਨ ਦੇ ਰਾਸ਼ਟਰੀ ਚਰਿੱਤਰ ਬਾਰੇ ਸਵਾਲ ਉਠਾਏ ਅਤੇ ਕੀਵ ਦੇ ਵਿਰੁੱਧ ਆਪਣੀ ਵਿਸ਼ੇਸ਼ "ਫੌਜੀ ਕਾਰਵਾਈ" ਨੂੰ ਜਾਇਜ਼ ਠਹਿਰਾਇਆ, ਜਿਸ ਪਿੱਛੇ ਉਨ੍ਹਾਂ ਦਾ ਜੱਗ-ਜ਼ਾਹਿਰ ਤਰਕ ਰਿਹਾ ਹੈ ਕਿ ਨਾਟੋ ਦੇ ਵਿਸਥਾਰ ਨਾਲ ਰੂਸ ਨੂੰ ਖ਼ਤਰਾ ਹੈ।
ਹਾਲਾਂਕਿ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਪੋਲੈਂਡ ਜਾਂ ਕਿਸੇ ਨਾਟੋ ਦੇ ਮੈਂਬਰ ਦੇਸ਼ਾਂ 'ਤੇ ਹਮਲਾ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ।
ਇਸ ਇੰਟਰਵਿਊ ਤੋਂ ਪਹਿਲਾਂ ਵੀ ਵਿਵਾਦ ਹੋਇਆ ਸੀ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਪੁਤਿਨ ਦੀ, ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਸਾਲ ਵਿੱਚ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ।
ਵਿਸ਼ਲੇਸ਼ਕ ਇਸ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਯੂਕਰੇਨ ਨੂੰ ਸੈਨਿਕ ਸਹਾਇਤਾ ਪੈਕੇਜ ਪਾਸ ਹੋਣ ਵਿੱਚ ਡੌਨਲਡ ਟਰੰਪ ਦੇ ਨਜ਼ਦੀਕੀ ਰਿਪਬਲਿਕਨ ਸੈਨੇਟਰਾਂ ਕਾਰਨ ਮੁਸ਼ਕਲਾਂ ਹੋ ਰਹੀਆਂ ਹਨ।
ਟਰੰਪ ਨੇ ਵਾਸ਼ਿੰਗਟਨ ਵੱਲੋਂ ਭੇਜੀ ਗਈ ਅਰਬਾਂ ਡਾਲਰ ਦੀ ਸਹਾਇਤਾ ਦਾ ਵਿਰੋਧ ਕੀਤਾ ਹੈ ਅਤੇ ਤਣਾਅ ਘੱਟ ਕਰਨ ਦੀ ਵਕਾਲਤ ਕੀਤੀ ਹੈ।
ਵਿਵਾਦ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਕਾਰਲਸਨ ਨੇ ਇੱਕ ਵੀਡੀਓ ਜਾਰੀ ਕਰਕੇ ਇਲਜ਼ਾਮ ਲਾਇਆ ਸੀ ਕਿ ਪੁਤਿਨ ਦਾ ਪੱਖ ਜਾਣਨ ਲਈ ਕਿਸੇ ਵੀ ਪੱਛਮੀ ਪੱਤਰਕਾਰ ਨੇ 2022 ਤੋਂ ਬਾਅਦ ਇੰਟਰਵਿਊ ਨਹੀਂ ਕੀਤਾ ਹੈ
ਪਰ ਉਨ੍ਹਾਂ ਦੇ ਦਾਅਵੇ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਕਈ ਸੰਸਥਾਵਾਂ ਨਾਲ ਜੁੜੇ ਪੱਤਰਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੰਟਰਵਿਊ ਲਈ ਸਮਾਂ ਨਹੀਂ ਮਿਲਿਆ, ਜਿਸ ਵਿੱਚ ਬੀਬੀਸੀ ਰੂਸ ਦੇ ਸੰਪਾਦਕ ਸਟੀਵ ਰੋਸੇਨਬਰਗ ਵੀ ਸ਼ਾਮਲ ਹਨ।
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੁਸ਼ਟੀ ਕੀਤੀ ਕਿ ਕਾਰਲਸਨ ਤੋਂ ਪਹਿਲਾਂ ਉਨ੍ਹਾਂ ਨੇ ਹੋਰ ਇੰਟਰਵਿਊ ਲੈਣ ਦੀਆਂ ਹੋਰ ਕੋਸ਼ਿਸ਼ਾਂ ਨੂੰ ਰੱਦ ਕੀਤਾ ਸੀ।
ਆਓ ਜਾਣਦੇ ਹਾਂ ਪੁਤਿਨ ਦੇ ਇੰਟਰਵਿਊ ਦੇ ਛੇ ਅਹਿਮ ਨੁਕਤਿਆਂ ਬਾਰੇ।

ਤਸਵੀਰ ਸਰੋਤ, Reuters
1. 'ਪੋਲੈਂਡ, ਲਿਥੁਆਨੀਆ ਜਾਂ ਕਿਸੇ ਹੋਰ ਨਾਟੋ ਦੇਸ਼ 'ਤੇ ਹਮਲਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ'
ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ 'ਲਿਥੁਆਨੀਆ, ਪੋਲੈਂਡ ਜਾਂ ਕਿਸੇ ਹੋਰ ਨਾਟੋ ਦੇਸ਼ 'ਤੇ ਹਮਲਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।'
ਯੂਕਰੇਨ 'ਤੇ ਹਮਲੇ ਨੇ ਬਾਲਟਿਕ, ਪੋਲੈਂਡ ਅਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਕਿ ਕਿਤੇ ਉਨ੍ਹਾਂ ਨਾਲ ਵੀ ਅਜਿਹਾ ਨਾ ਹੋਵੇ।
ਇਸ ਡਰ ਕਾਰਨ ਮਾਸਕੋ ਅਤੇ ਪੱਛਮ ਵਿਚਾਲੇ ਲੜਾਈ ਵਿੱਚ ਨਿਰਪੱਖ ਰਹਿਣ ਵਾਲੇ ਫਿਨਲੈਂਡ ਅਤੇ ਸਵੀਡਨ ਨੇ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ।
ਇੰਟਰਵਿਊ ਵਿੱਚ, ਪੁਤਿਨ ਨੇ ਪੋਲੈਂਡ 'ਤੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਕਿਹਾ, "ਜਦੋਂ ਤੱਕ ਪੋਲੈਂਡ ਰੂਸ 'ਤੇ ਹਮਲਾ ਨਾ ਕਰੇ।"
ਹਾਲਾਂਕਿ ਯੂਕਰੇਨ 'ਤੇ ਹਮਲੇ ਤੋਂ ਪਹਿਲਾਂ ਅਮਰੀਕਾ ਅਤੇ ਉਸ ਦੀਆਂ ਖ਼ੂਫ਼ੀਆ ਏਜੰਸੀਆਂ ਦੀਆਂ ਲਗਾਤਾਰ ਚੇਤਾਵਨੀਆਂ ਦੇ ਬਾਵਜੂਦ ਮਾਸਕੋ ਇਸ ਨੂੰ ਰੱਦ ਕਰਦਾ ਰਿਹਾ ਸੀ।
ਹਾਲਾਂਕਿ ਰੂਸੀ ਰਾਸ਼ਟਰਪਤੀ ਨੇ ਕਿਸੇ ਵੀ ਨਾਟੋ ਦੇਸ਼ 'ਤੇ ਹਮਲੇ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਾਟੋ ਗਠਜੋੜ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਯੂਕਰੇਨ ਵਿੱਚ ਰੂਸ ਦੇ ਕਬਜ਼ੇ ਵਾਲੇ ਖੇਤਰ ਉਸ ਦੇ ਕੋਲ ਹੀ ਰਹੇਗਾ।
2. 'ਅਮਰੀਕਾ ਜੰਗ ਖ਼ਤਮ ਕਰਨਾ ਚਾਹੁੰਦਾ ਹੈ ਤਾਂ ਹਥਿਆਰ ਦੇਣਾ ਬੰਦ ਕਰਨਾ ਪਵੇਗਾ'

ਕਾਰਲਸਨ ਨੇ ਰੂਸੀ ਰਾਸ਼ਟਰਪਤੀ ਨੂੰ ਪੁੱਛਿਆ ਕਿ ਯੂਕਰੇਨ ਵਿੱਚ ਜੰਗ ਖ਼ਤਮ ਕਰਨ ਲਈ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨਾਲ ਸਿੱਧੀ ਗੱਲ ਕਰਨ ਬਾਰੇ ਸੋਚਿਆ ਸੀ?
ਪੁਤਿਨ ਨੇ ਕਿਹਾ ਕਿ ਕੁਝ ਰੂਸੀ ਅਤੇ ਅਮਰੀਕੀ ਏਜੰਸੀਆਂ ਵਿਚਾਲੇ ਗੱਲਬਾਤ ਹੋ ਰਹੀ ਹੈ ਪਰ ਜਦੋਂ ਤੱਕ 'ਅਮਰੀਕਾ ਯੂਕਰੇਨ ਨੂੰ ਹਥਿਆਰ ਭੇਜਣਾ ਬੰਦ ਨਹੀਂ ਕਰਦਾ, ਉਦੋਂ ਤੱਕ ਗੱਲ ਕਰਨ ਲਈ ਕੁਝ ਨਹੀਂ ਹੈ।'
ਉਨ੍ਹਾਂ ਨੇ ਯੂਕਰੇਨ ਨੂੰ ਹਥਿਆਰ ਦੇਣ ਨੂੰ 'ਰਣਨੀਤਕ ਗ਼ਲਤੀ' ਦੱਸਿਆ।
ਉਨ੍ਹਾਂ ਨੇ ਕਿਹਾ, “ਤੁਹਾਨੂੰ ਸੱਚ ਦੱਸਾਂ ਕਿ ਅਸੀਂ ਅਮਰੀਕੀ ਲੀਡਰਸ਼ਿਪ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਤੁਸੀਂ ਲੜਾਈ ਰੋਕਣੀ ਚਾਹੁੰਦੇ ਹੋ ਤਾਂ ਤੁਹਾਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨੀ ਪਵੇਗੀ। ਇਹ ਕੁਝ ਹਫ਼ਤਿਆਂ ਵਿੱਚ ਖ਼ਤਮ ਹੋ ਜਾਵੇਗੀ।”
ਪੁਤਿਨ ਦੀ ਇਹ ਪ੍ਰਤੀਕਿਰਿਆ ਉਸ ਵੇਲੇ ਆਈ ਹੈ ਜਦੋਂ ਅਮਰੀਕੀ ਸੈਨੇਟ ਨੇ ਯੂਕਰੇਨ ਨੂੰ 61 ਅਰਬ ਡਾਲਰ ਦਾ ਸਹਾਇਤਾ ਪੈਕੇਜ ਪਾਸ ਕਰ ਦਿੱਤਾ ਗਿਆ ਹੈ ਪਰ ਰਿਪਬਲਿਕਨ ਨਿਯੰਤਰਿਤ ਹਾਊਸ ਆਫ ਰਿਪ੍ਰੇਜ਼ੈਂਟੇਟਿਵ ਇਸ ਦੇ ਵਿਰੋਧ ਵਿੱਚ ਹੈ।
ਹਾਲਾਂਕਿ, ਯੂਕਰੇਨ ਸਮਰਥਕਾਂ ਦਾ ਕਹਿਣਾ ਹੈ, "ਜੇਕਰ ਰੂਸ ਹਮਲਾ ਕਰਨਾ ਬੰਦ ਕਰ ਦਿੰਦਾ ਹੈ, ਤਾਂ ਯੁੱਧ ਖ਼ਤਮ ਹੋ ਜਾਵੇਗਾ। ਪਰ ਜੇ ਯੂਕਰੇਨ ਆਪਣੀ ਰੱਖਿਆ ਕਰਨਾ ਬੰਦ ਕਰ ਦਿੰਦਾ ਹੈ, ਤਾਂ ਉਹ ਖ਼ੁਦ ਖ਼ਤਮ ਹੋ ਜਾਵੇਗਾ।"

ਤਸਵੀਰ ਸਰੋਤ, Getty Images
3. 'ਉਹ ਰੂਸ ਨੂੰ ਰਣਨੀਤਕ ਹਾਰ ਨਹੀਂ ਦੇ ਸਕਦੇ'
ਰੂਸੀ ਨੇਤਾ ਨੇ ਹਥਿਆਰਾਂ ਦੇ ਵਿਕਾਸ ਦਾ ਜ਼ਿਕਰ ਕੀਤਾ, ਜਿਸ ਨੂੰ ਉਨ੍ਹਾਂ ਨੇ ਰੂਸ ਵਿਚ ਉਤਸ਼ਾਹਿਤ ਕੀਤਾ ਹੈ।
ਉਨ੍ਹਾਂ ਨੇ ਇਸ ਨੂੰ ਅਮਰੀਕੀ ਸਰਕਾਰਾਂ ਦੁਆਰਾ ਨਿਸ਼ਸਤਰੀਕਰਨ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਦੀਆਂ ਤਜਵੀਜ਼ਾਂ ਨੂੰ ਠੁਕਰਾਉਣ ਦੇ ਅਧਾਰ 'ਤੇ ਇਸ ਨੂੰ ਜਾਇਜ਼ ਠਹਿਰਾਇਆ।
ਉਨ੍ਹਾਂ ਨੇ ਕਿਹਾ ਕਿ ਰੂਸੀ ਫੌਜੀ ਉਦਯੋਗ ਦੂਜੇ ਦੇਸ਼ਾਂ ਦੇ ਮੁਕਾਬਲੇ ਅਤਿ-ਆਧੁਨਿਕ ਹਾਈਪਰਸੋਨਿਕ ਹਥਿਆਰਾਂ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੱਛਮੀ ਸ਼ਾਸਕ ਇਸ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ ਕਿ "ਉਹ ਰੂਸ ਨੂੰ ਰਣਨੀਤਕ ਹਾਰ ਨਹੀਂ ਦੇ ਸਕਦੇ।"

ਤਸਵੀਰ ਸਰੋਤ, Getty Images
4. 'ਯੂਕਰੇਨ ਸਟਾਲਿਨ ਦੀ ਇੱਛਾ 'ਤੇ ਬਣਾਇਆ ਗਿਆ ਸੀ'
ਇਸ ਇੰਟਰਵਿਊ ਵਿੱਚ ਪੁਤਿਨ ਨੇ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਸੋਵੀਅਤ ਸੰਘ ਦੇ ਇਤਿਹਾਸ ਬਾਰੇ ਗੱਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਯੂਕਰੇਨ ਉਸ ਯੂਐੱਸਐੱਸਆਰ ਦਾ ਹਿੱਸਾ ਸੀ, ਜਿਸ ਦੀ ਕਲਪਨਾ ਸੋਵੀਅਤ ਨੇਤਾ ਲੈਨਿਨ ਨੇ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਯੁੱਧ ਦੇ ਅੰਤ ਵਿੱਚ, ਸਟਾਲਿਨ ਦੀ ਅਗਵਾਈ ਵਿੱਚ ਯੂਕਰੇਨ ਨੂੰ ਪੋਲੈਂਡ ਅਤੇ ਹੰਗਰੀ ਦੇ ਇਲਾਕੇ ਦਿੱਤੇ ਗਏ ਸਨ, ਜਿੱਥੇ ਅੱਜ ਵੀ ਹੰਗੇਰੀਅਨ ਅਤੇ ਪੋਲਿਸ਼ ਬੋਲਣ ਵਾਲੇ ਰਹਿੰਦੇ ਹਨ।
ਪੁਤਿਨ ਨੇ ਕਿਹਾ, "ਯੂਕਰੇਨ ਇੱਕ ਬਣਾਵਟੀ ਰਾਜ ਹੈ, ਜਿਸ ਦਾ ਸਟਾਲਿਨ ਦੀ ਇੱਛਾ 'ਤੇ ਹੋਇਆ ਸੀ।"
ਹਾਲਾਂਕਿ ਯੂਨੀਵਰਸਿਟੀ ਆਫ ਰੋਚੈਸਟਰ ਦੇ ਇਤਿਹਾਸਕਾਰ ਮੈਥਿਊ ਲੇਨੋਈ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ 1918 ਤੋਂ ਪਹਿਲਾਂ ਯੂਕਰੇਨ ਦਾ ਕੋਈ ਇਤਿਹਾਸ ਨਹੀਂ ਹੈ, ਪਰ ਹੁਣ ਇਹ ਇੱਕ ਰਾਸ਼ਟਰ ਰਾਜ ਬਣ ਗਿਆ ਹੈ ਅਤੇ ਇਸ ਦੇ ਸੱਭਿਆਚਾਰਕ ਅਤੇ ਭਾਸ਼ਾਈ ਏਕੀਕਰਨ ਦੀ ਪ੍ਰਕਿਰਿਆ 19ਵੀਂ ਸਦੀ ਦੇ ਮੱਧ ਵਿੱਚ ਸ਼ੁਰੂ ਹੋ ਗਈ ਸੀ।

ਤਸਵੀਰ ਸਰੋਤ, Getty Images
5. 'ਰੂਸੀ ਜੇਲ੍ਹ 'ਚ ਅਮਰੀਕੀ ਪੱਤਰਕਾਰ ਦੀ ਰਿਹਾਈ ਸੰਭਵ'
ਜਾਸੂਸੀ ਦੇ ਇਲਜ਼ਾਮਾਂ ਵਿੱਚ ਰੂਸ ਦੀ ਜੇਲ੍ਹ ਵਿੱਚ ਬੰਦ ‘ਦਿ ਵਾਲ ਸਟਰੀਟ ਜਰਨਲ’ ਦੇ ਪੱਤਰਕਾਰ ਇਵਾਨ ਗਰਸ਼ਕੋਵਿਚ (32) ਦੀ ਰਿਹਾਈ ਬਾਰੇ ਪੁਤਿਨ ਨੇ ਕਿਹਾ ਕਿ ‘ਜੇ ਸਾਡੇ ਭਾਈਵਾਲ ਸਹਿਯੋਗ ਕਰਦੇ ਤਾਂ ਰਿਹਾਈ ਬਾਰੇ ਸਮਝੌਤਾ ਹੋ ਸਕਦਾ ਸੀ।’
ਉਨ੍ਹਾਂ ਨੇ ਕਿਹਾ, "ਵਿਸ਼ੇਸ਼ ਸੇਵਾਵਾਂ ਵਿੱਚ ਗੱਲਬਾਤ ਚੱਲ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇੱਕ ਸਮਝੌਤਾ ਹੋ ਸਕਦਾ ਹੈ।"
ਗੇਰਸ਼ਕੋਵਿਚ ਨੂੰ ਪਿਛਲੇ ਸਾਲ 29 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ।
ਕਾਰਲਸਨ ਨੇ ਪੁਤਿਨ ਨੂੰ ਪੁੱਛਿਆ ਕਿ 'ਕੀ ਪੱਤਰਕਾਰ ਨੂੰ ਤੁਰੰਤ ਰਿਹਾਅ ਕਰਨਗੇ' ਅਤੇ ਕਿਹਾ ਕਿ 'ਅਸੀਂ ਉਸ ਨੂੰ ਵਾਪਸ ਅਮਰੀਕਾ ਲੈ ਜਾਵਾਂਗੇ।'
ਪੁਤਿਨ ਨੇ ਸੰਕੇਤ ਦਿੱਤਾ ਕਿ ਕੈਦੀਆਂ ਦੀ ਅਦਲਾ-ਬਦਲੀ ਤਹਿਤ ਅਜਿਹਾ ਹੋ ਸਕਦਾ ਹੈ।
ਉਨ੍ਹਾਂ ਦਾ ਜਰਮਨੀ ਵਿੱਚ ਕੈਦ ਇੱਕ ਰੂਸੀ ਖ਼ੁਫ਼ੀਆ ਏਜੰਸੀ (ਐੱਫਐੱਸਬੀ) ਦੇ ਕਾਤਲ ਵਾਦਿਮ ਕ੍ਰਾਸੀਕੋਵ ਦੀ ਰਿਹਾਈ ਨਾਲ ਸੀ, ਜਿਨ੍ਹਾਂ ਨੂੰ ਬਰਲਿਨ ਵਿੱਚ ਜਾਰਜੀਆ ਦੇ ਇੱਕ ਫੌਜੀ ਅਧਿਕਾਰੀ ਨੂੰ 2019 ਵਿੱਚ ਗੋਲੀ ਮਾਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਸਵੀਰ ਸਰੋਤ, Reuters
6. 'ਅਮਰੀਕਾ ਨੇ ਨਾਟੋ ਦਾ ਪ੍ਰਸਾਰ ਨਾ ਕਰਨ ਦਾ ਵਾਅਦਾ ਕੀਤਾ ਸੀ'
ਰੂਸੀ ਰਾਸ਼ਟਰਪਤੀ ਦੇ ਅਨੁਸਾਰ, ਕਈ ਨੇਤਾਵਾਂ ਨੇ ਕ੍ਰੇਮਲਿਨ ਨਾਲ ਵਾਅਦਾ ਕੀਤਾ ਸੀ ਕਿ ਨਾਟੋ ਦਾ ਪ੍ਰਸਾਰ ਨਹੀਂ ਹੋਵੇਗਾ। ਪੁਤਿਨ ਦਾ ਤਰਕ ਹੈ ਕਿ ਯੂਐੱਸਐੱਸਆਰ ਦੇ ਭੰਗ ਹੋਣ ਤੋਂ ਬਾਅਦ ਅਜਿਹੇ ਸੰਗਠਨ ਦੀ ਹੁਣ ਕੋਈ ਲੋੜ ਨਹੀਂ ਹੈ।
ਪੁਤਿਨ ਦੇ ਪੂਰਵਜ ਬੋਰਿਸ ਯੇਲਤਸਿਨ ਨੇ 1993 ਵਿੱਚ ਦਾਅਵਾ ਕੀਤਾ ਸੀ ਕਿ ਪੂਰਬ ਵੱਲੋਂ ਨਾਟੋ ਦਾ ਵਿਸਥਾਰ "ਗ਼ੈਰ-ਕਾਨੂੰਨੀ" ਹੈ।
ਰੂਸੀ ਦੇ ਸਾਬਕਾ ਵਿਦੇਸ਼ ਮੰਤਰੀ ਯੇਵਜੀਨੀ ਪ੍ਰਿਮਕੋਵ ਨੇ ਵੀ ਅਜਿਹਾ ਹੀ ਤਰਕ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਮਿਲਿਆ ਹੈ ਕਿ "ਵਾਰਸਾ ਸਮਝੌਤੇ ਨੂੰ ਛੱਡਣ ਵਾਲਾ ਕੋਈ ਵੀ ਦੇਸ਼ ਨਾਟੋ ਵਿੱਚ ਪ੍ਰਵੇਸ਼ ਨਹੀਂ ਕਰੇਗਾ।"
ਹਾਲਾਂਕਿ, ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਅੰਤਰਰਾਸ਼ਟਰੀ ਇਤਿਹਾਸ ਦੀ ਪ੍ਰੋਫੈਸਰ ਕ੍ਰਿਸਟੀਨਾ ਸਪੋਹਰ ਮੁਤਾਬਕ, ਬਰਲਿਨ ਦੀਵਾਰ ਦੇ ਡਿੱਗਣ ਵੇਲੇ ਮਾਸਕੋ ਪੂਰਬੀ ਜਰਮਨੀ ਤੋਂ ਆਪਣੇ 3,80,000 ਫੌਜੀਆਂ ਨੂੰ ਹਟਾਉਣ 'ਤੇ ਰਾਜ਼ੀ ਹੋਇਆ ਸੀ, ਉਸ ਵੇਲੇ ਇੱਕ ਵਾਅਦਾ ਕੀਤਾ ਗਿਆ ਸੀ।
ਉਸ ਸਮੇਂ ਜਾਰਜ ਐੱਚਡਬਲਯੂ ਬੁਸ਼ ਦੇ ਵਿਦੇਸ਼ ਮੰਤਰੀ, ਜੇਮਜ਼ ਬੇਕਰ ਨੇ ਕਥਿਤ ਤੌਰ 'ਤੇ ਯੇਵਜੀਨੀ ਪ੍ਰਿਮਕੋਵ ਨੂੰ ਕਿਹਾ ਸੀ ਕਿ ਨਾਟੋ ਫੌਜੀ ਇੱਕ ਇੰਚ ਵੀ ਪੂਰਬ ਵੱਲ ਨਹੀਂ ਵਧਣਗੇ, ਪਰ ਇਹ ਪੂਰਬ ਅਤੇ ਪੱਛਮੀ ਜਰਮਨੀ ਦੇ ਸੰਦਰਭ ਵਿੱਚ ਕਿਹਾ ਗਿਆ ਸੀ।
ਉਹ ਸਵਾਲ ਜੋ ਪੁਤਿਨ ਤੋਂ ਨਹੀਂ ਪੁੱਛੇ ਗਏ
ਵਿਲ ਵਰਨਨ, ਬੀਬੀਸੀ ਪੱਤਰਕਾਰ, ਵਾਸ਼ਿੰਗਟਨ
ਟਕਰ ਕਾਰਲਸਨ ਨੇ ਇਸ ਇੰਟਰਵਿਊ ਵਿੱਚ ਪੁਤਿਨ ਨੂੰ ਬਹੁਤ ਘੱਟ ਘੇਰਵੇ ਸਵਾਲਾਂ ਨਾਲ ਬੋਲਣ ਦਾ ਪੂਰਾ ਮੌਕਾ ਦਿੱਤਾ।
ਪਰ ਜਿਸ ਤਰੀਕੇ ਨਾਲ ਇਹ ਇੰਟਰਵਿਊ ਹੋਈ, ਉਸ ਤੋਂ ਪੁਤਿਨ ਸ਼ਾਇਦ ਬਹੁਤ ਖੁਸ਼ ਹੋਣਗੇ।
ਪੁਤਿਨ ਨੇ ਯੂਕਰੇਨ ਦੇ ਇਤਿਹਾਸ, ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਲੈ ਕੇ ਆਪਣੀ ਇਤਿਹਾਸਕ ਸ਼ਿਕਾਇਤਾਂ ਅਤੇ ਨਾਟੋ ਦੇ ਪ੍ਰਸਾਰ 'ਤੇ ਗੱਲਾਂ ਕੀਤੀਆਂ।
ਯੂਕਰੇਨ 'ਤੇ ਹਮਲੇ ਨੂੰ ਲੈ ਕੇ ਵੀ ਉਨ੍ਹਾਂ ਨੇ ਤਰਕ ਰੱਖੇ ਪਰ ਉਨ੍ਹਾਂ ਦੇ ਇੰਟਰਵਿਊ ਨੂੰ ਲੈ ਕੇ ਉਨ੍ਹਾਂ ਸਵਾਲਾਂ 'ਤੇ ਚਰਚਾ ਨਹੀਂ ਹੋਈ, ਜੋ ਉਨ੍ਹਾਂ ਕੋਲੋਂ ਨਹੀਂ ਪੁੱਛੇ ਗਏ।
ਟਕਰ ਕਾਰਲਸਨ ਨੇ ਪੁਤਿਨ ਨੂੰ ਯੂਕਰੇਨ ਵਿੱਚ ਰੂਸੀ ਫੌਜਾਂ ਦੁਆਰਾ ਜੰਗੀ ਅਪਰਾਧ, ਯੂਕਰੇਨੀ ਬੱਚਿਆਂ ਨੂੰ ਰੂਸ ਵਿੱਚ ਜ਼ਬਰਦਸਤੀ ਭੇਜਣ (ਜਿਸ ਲਈ ਆਈਸੀਸੀ ਨੇ ਪੁਤਿਨ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ), ਸਿਆਸੀ ਵਿਰੋਧੀਆਂ ਦੇ ਕਤਲ ਜਾਂ ਜੇਲ੍ਹ ਵਿੱਚ ਸੁੱਟੇ ਗਏ ਵਿਰੋਧੀ ਨੇਤਾ ਅਲੈਕਸੀ ਨੇਵਾਲਨੀ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ।
ਇਸ ਇੰਟਰਵਿਊ 'ਚ ਪੁਤਿਨ ਨੇ ਸਿਰਫ਼ ਹਿੰਟ ਦਿੱਤਾ ਸੀ ਕਿ ਰੂਸੀ ਜੇਲ੍ਹ ਵਿੱਚ ਬੰਦ ਅਮਰੀਕੀ ਪੱਤਰਕਾਰ ਨੂੰ ਰੂਸੀ ਖ਼ੁਫ਼ੀਆ ਏਜੰਸੀ ਦੇ ਵਾਦਿਮ ਕ੍ਰਾਸਿਕੋਵ ਨੂੰ ਬੰਦੀ ਅਦਲਾ-ਬਦਲੀ ਦੇ ਮਾਰਫ਼ਤ ਰਿਹਾ ਕੀਤਾ ਜਾ ਸਕਦਾ ਹੈ।












