ਵਾਗਨਰ ਗਰੁੱਪ ਕੀ ਹੈ ਜਿਸ ਨੇ ਰੂਸ ’ਤੇ ਚੜ੍ਹਾਈ ਦੇ ਐਲਾਨ ਮਗਰੋਂ ਆਪਣੇ ਪੈਰ ਵਾਪਸ ਖਿੱਚ ਲਏ

ਤਸਵੀਰ ਸਰੋਤ, Reuters
ਰੂਸ ਵਿੱਚ ਮਾਸਕੋ ਵੱਲ ਮਾਰਚ ਕਰਨ ਵਾਲੇ ਵਾਗਨਰ ਸਮੂਹ ਨੇ ਆਪਣਾ ਮਾਰਚ ਰੋਕ ਦਿੱਤਾ ਹੈ।
ਸਮੂਹ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨੇ ਕਿਹਾ ਹੈ ਕਿ ਖੂਨ-ਖਰਾਬਾ ਰੋਕਣ ਲਈ ਉਨ੍ਹਾਂ ਨੇ ਆਪਣੇ ਲੜਾਕਿਆਂ ਨੂੰ ਮਾਸਕੋ ਜਾਣ ਤੋਂ ਰੋਕ ਦਿੱਤਾ ਹੈ ਅਤੇ ਉਹ ਹੁਣ ਆਪਣੇ ਬੇਸ 'ਤੇ ਵਾਪਸ ਪਰਤ ਰਹੇ ਹਨ।
ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਵਾਗਨਰ ਸਮੂਹ ਮਾਸਕੋ ਤੋਂ 200 ਕਿਲੋਮੀਟਰ ਦੇ ਖੇਤਰ ਅੰਦਰ ਪਹੁੰਚ ਗਿਆ ਸੀ।
ਇਸ ਤੋਂ ਪਹਿਲਾਂ ਸਮੂਹ ਪ੍ਰਮੁੱਖ ਯੇਵਗੇਨੀ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਇੱਕ ਆਡੀਓ ਸੰਦੇਸ਼ 'ਚ ਕਿਹਾ ਕਿ ਉਹ ਰੂਸ ਦੀ ਰਾਜਧਾਨੀ ਵੱਲ ਜਾ ਰਹੇ ਲੜਾਕਿਆਂ ਨੂੰ 'ਰੋਕਣ' ਲਈ ਸਹਿਮਤ ਹੋ ਗਏ ਹਨ।

ਤਸਵੀਰ ਸਰੋਤ, Reuters
ਰੋਸੀਆ 24 ਨਿਊਜ਼ ਚੈਨਲ ਦੇ ਅਨੁਸਾਰ, ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਯੇਵਗੇਨੀ ਪ੍ਰਿਗੋਜ਼ਿਨ ਨਾਲ ਗੱਲ ਕੀਤੀ ਹੈ ਅਤੇ ਪ੍ਰਿਗੋਜ਼ਿਨ ਨੇ ਆਪਣੇ ਲੜਾਕਿਆਂ ਦੇ ਮਾਰਚ ਨੂੰ ਰੋਕਣ ਅਤੇ ਸਥਿਤੀ ਨੂੰ ਹੋਰ ਵਧਣ ਤੋਂ ਰੋਕਣ ਲਈ ਸਹਿਮਤੀ ਦਿੱਤੀ ਹੈ।
ਲੁਕਾਸ਼ੈਂਕੋ ਦੇ ਮੀਡੀਆ ਬਿਆਨ ਦਾ ਹਵਾਲਾ ਦਿੰਦੇ ਹੋਏ, ਰੋਸੀਆ 24 ਨਿਊਜ਼ ਚੈਨਲ ਨੇ ਕਿਹਾ ਕਿ ਪ੍ਰਿਗੋਜ਼ਿਨ ਨੇ ਮਾਸਕੋ ਵੱਲ ਮਾਰਚ ਨੂੰ ਅੱਧ ਵਿਚਕਾਰ ਹੀ ਰੋਕਣ ਦੇ ਲੁਕਾਸ਼ੈਂਕੋ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਾਗਨਰ ਪੀਐਮਸੀ ਲੜਾਕਿਆਂ ਲਈ ਸੁਰੱਖਿਆ ਗਾਰੰਟੀ ਦੇ ਨਾਲ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਦਾ ਰਸਤਾ ਲੱਭਣਾ ਸੰਭਵ ਹੋ ਗਿਆ ਹੈ।
ਨਿਊਜ਼ ਚੈਨਲ ਮੁਤਾਬਕ ਪੁਤਿਨ ਵੀ ਇਸ ਸਮਝੌਤੇ 'ਤੇ ਸਹਿਮਤ ਹੋ ਗਏ ਹਨ।
ਇੱਕ ਦਿਨ ਪਹਿਲਾਂ ਮੋਰਚੇ ਤੋਂ ਮਾਸਕੋ ਤੱਕ ਮਾਰਚ ਕਰਨ ਤੋਂ ਪਹਿਲਾਂ, ਪ੍ਰਿਗੋਜ਼ਿਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ "ਫੌਜੀ ਵਿਦਰੋਹ ਨਹੀਂ ਹੈ, ਬਲਕਿ ਉਹ ਜੋ ਕਰ ਰਹੇ ਹਨ ਉਹ ਨਿਆਂ ਲਈ ਇੱਕ ਮਾਰਚ ਹੈ।"

ਤਸਵੀਰ ਸਰੋਤ, Reuters

ਪਿਛਲੇ ਦੋ ਦਿਨਾਂ ਵਿੱਚ ਰੂਸ ਵਿੱਚ ਕੀ ਕੁਝ ਵਾਪਰਿਆ, ਉਸ ਪੂਰੇ ਘਟਨਾਕ੍ਰਮ 'ਤੇ ਇੱਕ ਨਜ਼ਰ
ਸ਼ੁੱਕਰਵਾਰ
- ਵਾਗਨਰ ਸਮੂਹ ਦੇ ਬੌਸ ਯੇਵਗੇਨੀ ਪ੍ਰਿਗੋਜ਼ਿਨ ਨੇ ਯੂਕਰੇਨ ਵਿੱਚ ਜੰਗ ਲਈ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਇੱਕ ਮਾਰਚ ਸ਼ੁਰੂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਫੌਜੀ ਸਨਮਾਨ ਹਾਸਲ ਕਰਨ ਲਈ ਅਜਿਹਾ ਕੀਤਾ।
- ਪ੍ਰਿਗੋਜ਼ਿਨ ਨੇ ਬਾਅਦ ਵਿੱਚ ਸਹੁੰ ਖਾਧੀ ਕਿ ਇਹ "ਇਨਸਾਫ ਲਈ ਮਾਰਚ" ਹੈ ਅਤੇ ਸ਼ੁੱਕਰਵਾਰ ਨੂੰ ਕ੍ਰੇਮਲਿਨ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਮਿਜ਼ਾਈਲ ਹਮਲੇ ਵਿੱਚ ਉਨ੍ਹਾਂ ਦੀਆਂ ਫੌਜਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
- ਪ੍ਰਿਗੋਜ਼ਿਨ ਵੱਲੋਂ ਹਥਿਆਰਬੰਦ ਬਗਾਵਤ ਦਾ ਸੱਦਾ ਦੇਣ ਤੋਂ ਬਾਅਦ, ਸ਼ੁੱਕਰਵਾਰ ਦੇਰ ਰਾਤ ਮਾਸਕੋ ਵਿੱਚ ਸੁਰੱਖਿਆ ਵਧਾ ਦਿੱਤੀ ਗਈ
ਸ਼ਨੀਵਾਰ
- ਪ੍ਰਿਗੋਜ਼ਿਨ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਦੇ 25,000 ਲੜਾਕਿਆਂ ਨੇ ਸਵੇਰੇ ਤੜਕੇ ਯੂਕਰੇਨ ਤੋਂ ਸਰਹੱਦ ਪਾਰ ਕਰ ਲਈ ਹੈ
- ਮਾਸਕੋ ਦੇ ਮੇਅਰ ਨੇ ਘੋਸ਼ਣਾ ਕੀਤੀ ਕਿ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਅੱਤਵਾਦ ਵਿਰੋਧੀ ਉਪਾਅ ਕੀਤੇ ਜਾ ਰਹੇ ਹਨ ਅਤੇ ਯੂਕਰੇਨ ਦੀ ਸਰਹੱਦ ਦੇ ਨੇੜੇ, ਰੋਸਤੋਵ-ਆਨ-ਡਾਨ ਵਿੱਚ, ਸਥਾਨਕ ਨਿਵਾਸੀਆਂ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ ਗਿਆ
- ਇਸ ਦੌਰਾਨ, ਲਗਭਗ ਸਵੇਰੇ 6 ਵਜੇ (ਬ੍ਰਿਤਾਨੀ ਸਮੇਂ ਅਨੁਸਾਰ) ਰੂਸ ਦੇ ਦੱਖਣੀ ਫੌਜੀ ਹੈੱਡਕੁਆਰਟਰ ਦੇ ਅੰਦਰ ਪ੍ਰਿਗੋਜ਼ਿਨ ਨੂੰ ਦਿਖਾਉਂਦੇ ਹੋਏ ਆਨਲਾਈਨ ਵੀਡੀਓ ਸਾਹਮਣੇ ਆਉਂਦਾ ਹੈ
- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ "ਅਪਰਾਧਿਕ ਸਾਹਸ" ਦੀ ਨਿੰਦਾ ਕੀਤੀ ਅਤੇ ਲਗਭਗ 08:00 ਵਜੇ ਇੱਕ ਟੀਵੀ ਸੰਬੋਧਨ ਵਿੱਚ ਕਿਹਾ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
- ਦਿਨ ਦੇ ਦੌਰਾਨ, ਵਾਗਨਰ ਬਲ ਮਾਸਕੋ ਵੱਲ ਅੱਗੇ ਵਧਦੇ ਰਹੇ ਅਤੇ ਉਨ੍ਹਾਂ ਨੇ ਵੋਰੋਨੇਜ਼ ਵਿੱਚ ਫੌਜੀ ਸਹੂਲਤਾਂ 'ਤੇ ਕਬਜ਼ਾ ਕੀਤਾ
- ਸ਼ਾਮ ਨੂੰ 18:30 ਤੋਂ ਠੀਕ ਪਹਿਲਾਂ, ਪ੍ਰਿਗੋਜ਼ਿਨ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ ਕਿ ਉਹ ਆਪਣੀਆਂ ਫੌਜਾਂ ਦੇ ਮਾਰਚ ਨੂੰ "ਰੋਕਣ" ਲਈ ਸਹਿਮਤ ਹੋ ਗਏ ਹਨ
- ਬੇਲਾਰੂਸ ਨੇ ਖੁਲਾਸਾ ਕੀਤਾ ਕਿ ਇਸ ਦੇ ਆਗੂ, ਅਲੈਗਜ਼ੈਂਡਰ ਲੂਕਾਸ਼ੈਂਕੋ, ਪ੍ਰਿਗੋਜ਼ਿਨ ਨਾਲ ਗੱਲਬਾਤ ਕਰ ਰਹੇ ਸਨ ਅਤੇ ਪੁਤਿਨ ਵੀ ਗੱਲਬਾਤ ਲਈ ਸਹਿਮਤ ਹੋ ਗਏ ਸਨ
- ਰਾਤ ਲਗਭਗ 21:00 ਵਜੇ, ਰੂਸ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਪ੍ਰਿਗੋਜ਼ਿਨ ਬੇਲਾਰੂਸ ਲਈ ਰਵਾਨਾ ਹੋ ਜਾਣਗੇ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਫੌਜੀਆਂ ਖ਼ਿਲਾਫ਼ ਅਪਰਾਧਿਕ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਜਾਵੇਗਾ

ਵਾਗਨਰ ਗਰੁੱਪ ਕੀ ਹੈ ਅਤੇ ਇਸ ਲਈ ਕੌਣ ਲੜਦਾ ਹੈ?

ਤਸਵੀਰ ਸਰੋਤ, Reuters
ਵਾਗਨਰ ਗਰੁੱਪ (ਅਧਿਕਾਰਤ ਤੌਰ 'ਤੇ ਪੀਐਮਸੀ ਵਾਗਨਰ ਕਿਹਾ ਜਾਂਦਾ ਹੈ) ਦੀ ਪਛਾਣ ਪਹਿਲੀ ਵਾਰ 2014 ਵਿੱਚ ਉਸ ਵੇਲੇ ਕੀਤੀ ਗਈ ਜਦੋਂ ਇਹ ਪੂਰਬੀ ਯੂਕਰੇਨ ਵਿੱਚ ਰੂਸ ਪੱਖੀ ਵੱਖਵਾਦੀ ਤਾਕਤਾਂ ਦਾ ਸਮਰਥਨ ਕਰ ਰਿਹਾ ਸੀ।
ਉਸ ਸਮੇਂ ਇਹ ਇੱਕ ਗੁਪਤ ਸੰਗਠਨ ਸੀ, ਜੋ ਜ਼ਿਆਦਾਤਰ ਅਫ਼ਰੀਕਾ ਅਤੇ ਮੱਧ ਪੂਰਬ ਵਿੱਚ ਕੰਮ ਕਰਦਾ ਸੀ।
ਇਹ ਮੰਨਿਆ ਜਾਂਦਾ ਹੈ ਕਿ ਇਸ ਗਰੁੱਪ ਕੋਲ ਸਿਰਫ਼ 5,000 ਲੜਾਕੇ ਸਨ ਤੇ ਇਹ ਲੜਾਕੇ ਜ਼ਿਆਦਾਤਰ ਰੂਸ ਦੀਆਂ ਕੁਲੀਨ ਰੈਜੀਮੈਂਟਾਂ ਅਤੇ ਵਿਸ਼ੇਸ਼ ਬਲਾਂ ਦੇ ਸਾਬਕਾ ਫੌਜੀ ਸਨ।
ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗਰੁੱਪ ਕਾਫ਼ੀ ਵਧਿਆ ਹੈ।
ਜਨਵਰੀ ਵਿੱਚ ਯੂਕੇ ਦੇ ਰੱਖਿਆ ਮੰਤਰਾਲੇ ਨੇ ਕਿਹਾ, ‘‘ਵਾਗਨਰ ਗਰੁੱਪ ਵਿੱਚ ਯਕੀਨੀ ਤੌਰ 'ਤੇ ਹੁਣ ਯੂਕਰੇਨ ਵਿੱਚ ਲਗਭਗ 50,000 ਲੜਾਕੇ ਹਨ ਅਤੇ ਇਹ ਗਰੁੱਪ ਯੂਕਰੇਨ ਦੀ ਮੁਹਿੰਮ ਦਾ ਇੱਕ ਮੁੱਖ ਹਿੱਸਾ ਬਣ ਗਿਆ ਹੈ।’’

ਤਸਵੀਰ ਸਰੋਤ, Reuters
ਮੰਤਰਾਲੇ ਮੁਤਾਬਕ ਇਸ ਗਰੁੱਪ ਨੇ 2022 ਵਿੱਚ ਵੱਡੀ ਗਿਣਤੀ 'ਚ ਭਰਤੀ ਸ਼ੁਰੂ ਕੀਤੀ ਕਿਉਂਕਿ ਰੂਸ ਨੂੰ ਨਿਯਮਤ ਫੌਜ ਲਈ ਲੋਕਾਂ ਨੂੰ ਲੱਭਣ ਵਿੱਚ ਮੁਸ਼ਕਲ ਆ ਰਹੀ ਸੀ।
ਯੂਐੱਸ ਨੈਸ਼ਨਲ ਸਕਿਓਰਿਟੀ ਕੌਂਸਲ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਯੂਕਰੇਨ ਵਿੱਚ ਵਾਗਨਰ ਦੇ ਲਗਭਗ 80% ਫੌਜੀਆਂ ਨੂੰ ਜੇਲ੍ਹਾਂ ਵਿੱਚੋਂ ਕੱਢਿਆ ਗਿਆ ਹੈ।
ਹਾਲਾਂਕਿ ਰੂਸ ਵਿੱਚ ‘ਕਿਰਾਏ ਦੇ ਇਹ ਲੜਾਕੇ’ ਗੈਰ-ਕਾਨੂੰਨੀ ਹਨ। ਵਾਗਨਰ ਗਰੁੱਪ ਨੇ 2022 ਵਿੱਚ ਇੱਕ ਕੰਪਨੀ ਵਜੋਂ ਰਜਿਸਟਰ ਕੀਤਾ ਅਤੇ ਸੇਂਟ ਪੀਟਰਸਬਰਗ ਵਿੱਚ ਇੱਕ ਨਵਾਂ ਹੈੱਡਕੁਆਰਟਰ ਖੋਲ੍ਹਿਆ।
ਰਾਇਲ ਯੂਨਾਈਟਿਡ ਸਰਵਿਸੀਜ਼ ਇੰਸਟੀਚਿਊਟ ਥਿੰਕ ਟੈਂਕ ਦੇ ਡਾਕਟਰ ਸੈਮੂਅਲ ਰਮਾਨੀ ਕਹਿੰਦੇ, "ਇਹ ਰੂਸੀ ਸ਼ਹਿਰਾਂ ਵਿੱਚ ਬਿਲਬੋਰਡਾਂ (ਹੋਰਡਿੰਗ) 'ਤੇ ਮਸ਼ਹੂਰੀ ਰਾਹੀਂ ਸ਼ਰੇਆਮ ਭਰਤੀ ਕਰ ਰਿਹਾ ਹੈ ਅਤੇ ਰੂਸੀ ਮੀਡੀਆ ਵਿੱਚ ਇਸ ਨੂੰ ਇੱਕ ਦੇਸ਼ਭਗਤ ਸੰਸਥਾ ਵਜੋਂ ਨਾਮ ਦਿੱਤਾ ਜਾ ਰਿਹਾ ਹੈ।"

ਇਹ ਵੀ ਪੜ੍ਹੋ:

ਵਾਗਨਰ ਗਰੁੱਪ ਯੂਕਰੇਨ ਵਿੱਚ ਕੀ ਕਰ ਰਿਹਾ ਹੈ?

ਤਸਵੀਰ ਸਰੋਤ, Reuters
ਵਾਗਨਰ ਗਰੁੱਪ ਪੂਰਬੀ ਯੂਕਰੇਨ ਦੇ ਬਖਮੁਤ ਸ਼ਹਿਰ 'ਤੇ ਰੂਸ ਦੇ ਕਬਜ਼ੇ ਵਿੱਚ ਸ਼ਾਮਲ ਸੀ।
ਯੂਕਰੇਨੀ ਫੌਜਾਂ ਦਾ ਕਹਿਣਾ ਹੈ ਕਿ ਉਸ ਦੇ ਲੜਾਕਿਆਂ ਨੂੰ ਵੱਡੀ ਗਿਣਤੀ ਵਿੱਚ ਹਮਲਿਆਂ ਵਿੱਚ ਭੇਜਿਆ ਗਿਆ ਸੀ ਤੇ ਨਤੀਜੇ ਵਜੋਂ ਬਹੁਤ ਸਾਰੇ ਲੜਾਕੇ ਮਾਰੇ ਗਏ ਸਨ।
ਪਹਿਲਾਂ ਤਾਂ ਰੱਖਿਆ ਮੰਤਰਾਲੇ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਵਾਗਨਰ ਸਮੂਹ ਲੜਾਈ ਵਿੱਚ ਸ਼ਾਮਲ ਸੀ। ਹਾਲਾਂਕਿ ਬਾਅਦ ਵਿੱਚ ਇਸ ਨੇ ਇੱਕ "ਦਲੇਰੀ ਅਤੇ ਨਿਰਸਵਾਰਥ" ਭੂਮਿਕਾ ਨਿਭਾਉਣ ਲਈ ਆਪਣੇ ਕਿਰਾਏ ਦੇ ਲੜਾਕਿਆਂ ਦੀ ਪ੍ਰਸ਼ੰਸਾ ਕੀਤੀ।
ਵਾਗਨਰ ਗਰੁੱਪ ਦੀ ਸ਼ੁਰੂਆਤ ਕਿਵੇਂ ਹੋਈ?

ਤਸਵੀਰ ਸਰੋਤ, Reuters
ਵਾਗਨਰ ਗਰੁੱਪ ਬਾਰੇ ਬੀਬੀਸੀ ਦੀ ਇੱਕ ਜਾਂਚ ਨੇ ਇੱਕ ਸਾਬਕਾ ਰੂਸੀ ਫੌਜੀ ਅਧਿਕਾਰੀ ਦਮਿਤਰੀ ਉਟਕਿਨ ਦੀ ਵਿਸ਼ਵਾਸਯੋਗ ਸ਼ਮੂਲੀਅਤ ਨੂੰ ਉਜਾਗਰ ਕੀਤਾ।
ਦਮਿਤਰੀ ਚੇਚਨੀਆ ਵਿੱਚ ਰੂਸ ਦੇ ਯੁੱਧਾਂ ਦੇ ਇੱਕ ਤਜਰਬੇਕਾਰ ਫੌਜੀ ਹਨ। ਉਹ ਵਾਗਨਰ ਦੇ ਪਹਿਲੇ ਫੀਲਡ ਕਮਾਂਡਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੇ ਆਪਣੇ ਸਾਬਕਾ ਰੇਡੀਓ ਕਾਲ ਸਾਈਨ ਉੱਤੇ ਵਾਗਨਰ ਗਰੁੱਪ ਦਾ ਨਾਮ ਰੱਖਿਆ ਸੀ।
ਵਾਗਨਰ ਗਰੁੱਪ ਦੇ ਮੌਜੂਦਾ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਹਨ। ਉਹ ਇੱਕ ਅਮੀਰ ਵਪਾਰੀ ਹਨ ਤੇ ਉਨ੍ਹਾਂ ਨੂੰ "ਪੁਤਿਨ ਦਾ ਸ਼ੈੱਫ" ਉਪਨਾਮ ਦਿੱਤਾ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਉਹ ਕ੍ਰੇਮਲਿਨ (ਸੰਸਦ) ਲਈ ਕੇਟਰਿੰਗ ਕਰਦੇ ਹਨ।''
ਕਿੰਗਜ਼ ਕਾਲਜ ਲੰਡਨ ਵਿੱਚ ਕਨਫਲਿਕਟ ਅਤੇ ਸਕਿਓਰਿਟੀ ਦੇ ਪ੍ਰੋਫ਼ੈਸਰ ਟਰੇਸੀ ਜਰਮਨ ਕਹਿੰਦੇ ਹਨ, "ਵਾਗਨਰ ਗਰੁੱਪ ਦਾ ਪਹਿਲਾ ਆਪਰੇਸ਼ਨ 2014 ਵਿੱਚ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਿੱਚ ਮਦਦ ਕਰਨਾ ਸੀ।"
ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਕੁਝ ਹਫ਼ਤਿਆਂ ਪਹਿਲਾਂ ਇਹ ਸੋਚਿਆ ਜਾਂਦਾ ਹੈ ਕਿ ਵਾਗਨਰ ਨੇ ਕ੍ਰੇਮਲਿਨ (ਸੰਸਦ) ਨੂੰ ਹਮਲਾ ਕਰਨ ਦਾ ਇਸ਼ਾਰਾ ਦੇਣ ਲਈ "ਝੂਠੇ ਫਲੈਗ" ਹਮਲੇ ਕੀਤੇ ਸਨ।
ਰੂਸ ਦੇ ਫੌਜੀ ਕਮਾਂਡਰਾਂ ਨਾਲ ਵਾਗਨਰ ਦਾ ਟਕਰਾਅ

ਤਸਵੀਰ ਸਰੋਤ, Reuters
ਹਾਲ ਹੀ ਦੇ ਮਹੀਨਿਆਂ ਵਿੱਚ ਪ੍ਰਿਗੋਜ਼ਿਨ ਨੇ ਵਾਰ-ਵਾਰ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਅਤੇ ਯੂਕਰੇਨ ਫੌਜ ਦੇ ਮੁਖੀ ਵੈਲੇਰੀ ਗੇਰਾਸਿਮੋਵ ਉੱਤੇ ਅਯੋਗਤਾ ਅਤੇ ਯੂਕਰੇਨ ਵਿੱਚ ਲੜ ਰਹੇ ਵਾਗਨਰ ਗਰੁੱਪ ਨੂੰ ਜਾਣਬੁਝ ਕੇ ਘੱਟ ਸਪਲਾਈ ਕਰਨ ਦਾ ਇਲਜ਼ਾਮ ਲਗਾਇਆ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਹੁਣ ਕਿਹਾ ਹੈ ਕਿ ਯੂਕਰੇਨ ਵਿੱਚ "ਵਲੰਟੀਅਰ ਢਾਂਚਿਆਂ" ਨੂੰ ਜੂਨ ਦੇ ਅੰਤ ਤੱਕ ਇਸ ਨਾਲ ਸਮਝੌਤੇ 'ਤੇ ਦਸਤਖ਼ਤ ਕਰਨੇ ਚਾਹੀਦੇ ਹਨ।
ਇਸ ਐਲਾਨ ਵਿੱਚ ਵਾਗਨਰ ਗਰੁੱਪ ਦਾ ਨਾਮ ਨਹੀਂ ਸੀ, ਪਰ ਇਸ ਕਦਮ ਨੂੰ ਸਰਕਾਰ ਵੱਲੋਂ ਗਰੁੱਪ 'ਤੇ ਵਧੇਰੇ ਕੰਟਰੋਲ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰਿਗੋਜ਼ਿਨ ਨੇ ਬਿਆਨ ਜਾਰੀ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਫੌਜ ਸਮਝੌਤਿਆਂ ਦਾ ਬਾਈਕਾਟ ਕਰੇਗੀ।
ਵਾਗਨਰ ਗਰੁੱਪ ਹੋਰ ਕਿੱਥੇ ਕੰਮ ਕਰਦਾ ਹੈ?

ਤਸਵੀਰ ਸਰੋਤ, Reuters
2015 ਤੋਂ ਵਾਗਨਰ ਗਰੁੱਪ ਦੇ ਲੜਾਕੇ ਸੀਰੀਆ ਵਿੱਚ ਹਨ, ਜਿੱਥੇ ਉਹ ਸਰਕਾਰ ਪੱਖੀ ਬਲਾਂ ਦੇ ਨਾਲ ਲੜ ਰਹੇ ਹਨ ਅਤੇ ਤੇਲ ਵਾਲੇ ਖੇਤਰਾਂ ਦੀ ਰਾਖੀ ਕਰ ਰਹੇ ਹਨ।
ਲੀਬੀਆ ਵਿੱਚ ਵੀ ਵਾਗਨਰ ਦੇ ਲੜਾਕੇ ਹਨ, ਜੋ ਜਨਰਲ ਖਲੀਫਾ ਹਫਤਾਰ ਦੇ ਵਫ਼ਾਦਾਰ ਬਲਾਂ ਦਾ ਸਮਰਥਨ ਕਰਦੇ ਹਨ।
ਦਿ ਸੈਂਟਰਲ ਅਫਰੀਕਨ ਰਿਪਬਲਿਕ (ਸੀਏਆਰ) ਨੇ ਵਾਗਨਰ ਗਰੁੱਪ ਨੂੰ ਹੀਰੇ ਦੀਆਂ ਖਾਣਾਂ ਦੀ ਰਾਖੀ ਲਈ ਸੱਦਾ ਦਿੱਤਾ ਹੈ ਅਤੇ ਇਹ ਮੰਨਿਆਂ ਜਾਂਦਾ ਹੈ ਕਿ ਗਰੁੱਪ ਸੁਡਾਨ ਵਿੱਚ ਸੋਨੇ ਦੀਆਂ ਖਾਣਾਂ ਦੀ ਰਾਖੀ ਕਰਦਾ ਹੈ।
ਪੱਛਮੀ ਅਫ਼ਰੀਕਾ ਵਿੱਚ ਮਾਲੀ ਦੀ ਸਰਕਾਰ ਵਾਗਨਰ ਗਰੁੱਪ ਦੀ ਵਰਤੋਂ ਇਸਲਾਮਿਕ ਅੱਤਵਾਦੀ ਸਮੂਹਾਂ ਵਿਰੁੱਧ ਕਰ ਰਹੀ ਹੈ।
ਇਹ ਮੰਨਿਆ ਜਾਂਦਾ ਹੈ ਕਿ ਯੇਵਗੇਨੀ ਪ੍ਰਿਗੋਜ਼ਿਨ ਵਾਗਨਰ ਗਰੁੱਪ ਆਪਰੇਸ਼ਨਾਂ ਤੋਂ ਪੈਸਾ ਕਮਾਉਂਦੇ ਹਨ। ਅਮਰੀਕਾ ਕਹਿੰਦਾ ਹੈ ਕਿ ਉਹ ਆਪਣੀ ਮੌਜੂਦਗੀ ਦੀ ਵਰਤੋਂ ਮਾਈਨਿੰਗ ਕੰਪਨੀਆਂ ਨੂੰ ਹੋਰ ਅਮੀਰ ਬਣਾਉਣ ਲਈ ਕਰਦੇ ਹਨ, ਜਿਸ ਦੇ ਖ਼ੁਦ ਮਾਲਕ ਹਨ ਅਤੇ ਉਨ੍ਹਾਂ ਨੇ ਕੰਪਨੀਆਂ ਪਾਬੰਦੀਆਂ ਦੇ ਅਧੀਨ ਰੱਖਿਆ ਹੈ।
ਵਾਗਨਰ ਗਰੁੱਪ ਨੇ ਕਿਹੜੇ ਅਪਰਾਧ ਕੀਤੇ ਹਨ?

ਤਸਵੀਰ ਸਰੋਤ, Reuters
ਜਨਵਰੀ ਵਿੱਚ ਇੱਕ ਸਾਬਕਾ ਕਮਾਂਡਰ ਨੇ ਵਾਗਨਰ ਗਰੁੱਪ ਨੂੰ ਛੱਡਣ ਤੋਂ ਬਾਅਦ ਨੌਰਵੇ ਵਿੱਚ ਪਨਾਹ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਯੂਕਰੇਨ ਵਿੱਚ ਜੰਗੀ ਅਪਰਾਧ ਦੇ ਗਵਾਹ ਹੋਣ ਦਾ ਦਾਅਵਾ ਕੀਤਾ ਹੈ।
ਵਾਗਨਰ ਗਰੁੱਪ ਦੇ ਤਿੰਨ ਲੜਾਕਿਆਂ 'ਤੇ ਯੂਕਰੇਨੀ ਵਕੀਲਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਨਿਯਮਤ ਰੂਸੀ ਫੌਜੀਆਂ ਦੇ ਨਾਲ-ਨਾਲ ਅਪ੍ਰੈਲ 2022 ਵਿੱਚ ਕੀਵ ਨੇੜੇ ਨਾਗਰਿਕਾਂ ਨੂੰ ਮਾਰਿਆ ਅਤੇ ਤਸੀਹੇ ਦਿੱਤੇ।
ਜਰਮਨ ਇੰਟੈਲੀਜੈਂਸ ਦਾ ਕਹਿਣਾ ਹੈ ਕਿ ਵਾਗਨਰ ਦੇ ਲੜਾਕਿਆਂ ਨੇ ਮਾਰਚ 2022 ਵਿੱਚ ਬੁਕਾ ਵਿੱਚ ਨਾਗਰਿਕਾਂ ਦਾ ਕਤਲੇਆਮ ਵੀ ਕੀਤਾ ਹੋ ਸਕਦਾ ਹੈ।
ਸੰਯੁਕਤ ਰਾਸ਼ਟਰ ਅਤੇ ਫਰਾਂਸ ਦੀ ਸਰਕਾਰ ਨੇ ਵਾਗਨਰ ਦੇ ਮੈਂਬਰਾਂ 'ਤੇ ਮੱਧ ਅਫਰੀਕੀ ਗਣਰਾਜ ਵਿੱਚ ਬਲਾਤਕਾਰ ਅਤੇ ਲੁੱਟ-ਖੋਹ ਕਰਨ ਦਾ ਦੋਸ਼ ਲਗਾਇਆ ਹੈ।
2020 ਵਿੱਚ ਅਮਰੀਕਾ ਦੀ ਫੌਜ ਨੇ ਵਾਗਨਰ ਦੇ ਲੜਾਕਿਆਂ 'ਤੇ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਅਤੇ ਇਸ ਦੇ ਆਲੇ ਦੁਆਲੇ ਬਾਰੂਦੀ ਸੁਰੰਗਾਂ ਅਤੇ ਹੋਰ ਵਿਸਫੋਟਕ ਯੰਤਰ ਲਗਾਉਣ ਦੇ ਇਲਜ਼ਾਮ ਲਗਾਏ ਸੀ।












