ਜਿਸ ਕਬੱਡੀ ਖਿਡਾਰੀ ਕਿੰਦਾ ਬੱਧਨੀ ਦੀ ਮਾਂ ਉੱਤੇ ਹਮਲਾ ਹੋਇਆ, ਪੁਲਿਸ ਨੇ ਉਸੇ ਨੂੰ ਹੀ ਗ੍ਰਿਫ਼ਤਾਰ ਕਿਉਂ ਕੀਤਾ

ਤਸਵੀਰ ਸਰੋਤ, Kinda's family
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਸਹਿਯੋਗੀ
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਿੰਦਾ ਬੱਧਨੀ ਦੀ ਮਾਂ 'ਤੇ ਹੋਏ ਹਮਲੇ ਦੀ ਖ਼ਬਰ ਤੋਂ ਬਾਅਦ ਕਬੱਡੀ ਜਗਤ ਨਾਲ ਜੁੜੇ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲਣ ਲੱਗੀ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ ਦੇ ਕਸਬਾ ਬੱਧਨੀ ਕਲਾਂ ਨਾਲ ਸਬੰਧਤ ਇਸ ਕਬੱਡੀ ਖਿਡਾਰੀ ਦੇ ਘਰ ਬੁੱਧਵਾਰ ਦੇਰ ਰਾਤ ਨੂੰ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।
ਇਸ ਕਥਿਤ ਹਮਲੇ ਵਿੱਚ ਕਿੰਦਾ ਬੱਧਨੀ ਦੀ ਮਾਂ ਰਛਪਾਲ ਕੌਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ।
ਇਸ ਕਹਾਣੀ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਪੁਲਿਸ ਨੇ ਕਿਹਾ ਕਿ ਰਛਪਾਲ ਕੌਰ ਉੱਪਰ ਹਮਲਾ ਉਸ ਦੇ ਪੁੱਤਰ ਕਬੱਡੀ ਖਿਡਾਰੀ ਕਿੰਦਾ ਬੱਧਨੀ ਨੇ ਹੀ ਕੀਤਾ ਸੀ।
ਜਦੋਂ ਇਹ ਕਥਿਤ ਇਹ ਹਮਲਾ ਹੋਇਆ ਸੀ, ਤਾਂ ਠੀਕ ਉਸ ਸਮੇਂ ਕਿੰਦਾ ਬੱਧਨੀ ਨੇ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਕਬੱਡੀ ਜਗਤ ਦੇ ਕੁਝ ਲੋਕਾਂ ਨੇ ਇੱਕ ‘ਰੰਜ਼ਿਸ਼’ ਤਹਿਤ ਇਹ ਹਮਲਾ ਕੀਤਾ ਹੈ।

ਤਸਵੀਰ ਸਰੋਤ, BBC/Surinder Mann
ਫਾਇਰਿੰਗ ਵਾਲੀ ਕਹਾਣੀ ਬਦਲ ਗਈ
ਇਸ ਵੀਡੀਓ ਵਿੱਚ ਇਹ ਖਿਡਾਰੀ ਫਰਸ਼ 'ਤੇ ਬੈਠਾ ਉੱਚੀ-ਉੱਚੀ ਰੋਂਦਾ ਤੇ ਆਪਣੀ ਮਾਂ ਨੂੰ ਬਚਾਉਣ ਲਈ ਦੁਹਾਈਆਂ ਪਾਉਂਦਾ ਵੀ ਨਜ਼ਰ ਆਉਂਦਾ ਹੈ।
ਬੱਧਨੀ ਕਲਾਂ ਵਿੱਚ ਬਣੇ ਬਿਜਲੀ ਘਰ ਦੇ ਨੇੜੇ ਉਸ ਦੇ ਘਰ ਵਿੱਚ ਖ਼ੂਨ ਦੇ ਧੱਬੇ ਫਰਸ਼ ਉੱਪਰ ਸਾਫ਼ ਨਜ਼ਰ ਆ ਰਹੇ ਸਨ।
ਸਥਾਨਕ ਡੀਐੱਸਪੀ ਮਨਜੀਤ ਸਿੰਘ ਦੀ ਅਗਵਾਈ ਵਾਲੀ ਇੱਕ ਪੁਲਿਸ ਪਾਰਟੀ ਨੇ ਮੌਕੇ ਦਾ ਮੁਆਇਨਾ ਕੀਤਾ। ਇਸ ਮੌਕੇ ਆਂਢ-ਗੁਆਂਢ ਦੇ ਲੋਕਾਂ ਤੋਂ ਪੁੱਛਗਿੱਛ ਦਾ ਸਿਲਸਿਲਾ ਵੀ ਜਾਰੀ ਸੀ।
ਮੌਕੇ 'ਤੇ ਮੌਜੂਦ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਇਸ ਘਰ ਵਿੱਚ ਕਬੱਡੀ ਖਿਡਾਰੀ ਤੋਂ ਇਲਾਵਾ ਉਸਦੇ ਮਾਤਾ-ਪਿਤਾ ਰਹਿੰਦੇ ਹਨ।

ਕਬੱਡੀ ਖਿਡਾਰੀ ਦੀ ਮਾਂ ’ਤੇ ਹਮਲੇ ਬਾਰੇ ਅਹਿਮ ਗੱਲਾਂ:
- ਬੱਧਨੀ ਕਲਾਂ ਦੇ ਕਬੱਡੀ ਖਿਡਾਰੀ ਕਿੰਦਾ ਬੱਧਨੀ ਦੀ ਮਾਂ ਉੱਪਰ ਹੋਇਆ ਸੀ ਹਮਲਾ
- ਕਥਿਤ ਹਮਲੇ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਹੋਈ ਸੀ
- ਪੁਲਿਸ ਮੁਤਾਬਕ ਖਿਡਾਰੀ ਨੇ ਖੁਦ ਹੀ ਕੀਤਾ ਸੀ ਮਾਂ ’ਤੇ ਹਮਲਾ
- ਮੋਗਾ ਪੁਲਿਸ ਹਾਲੇ ਵੀ ਕਈ ਪੱਖਾਂ ਤੋਂ ਕੇਸ ਦੀ ਜਾਂਚ ਕਰ ਰਹੀ ਹੈ

ਹਮਲੇ ਦੀ ਘਟਨਾ ਤੋਂ ਬਾਅਦ ਪਏ ਚੀਕ-ਚਿਹਾੜੇ ਦੌਰਾਨ ਜ਼ਖਮੀ ਰਛਪਾਲ ਕੌਰ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਬਾਅਦ ਵਿੱਚ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡੀਐੱਮਸੀ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ ਸੀ।
ਪਹਿਲਾਂ ਸ਼ੋਸਲ ਮੀਡਿਆ 'ਤੇ ਇਹ ਖ਼ਬਰ ਫੈਲ ਗਈ ਸੀ ਕਿ ਕਬੱਡੀ ਖਿਡਾਰੀ ਦੇ ਘਰ 'ਤੇ ਫਾਇਰਿੰਗ ਕੀਤੀ ਗਈ ਹੈ।
ਇਸ ਅਫ਼ਵਾਹ ਦੇ ਫੈਲਦੇ ਹੀ ਪੁਲਿਸ ਸਮੇਤ ਖੁਫੀਆ ਏਜੰਸੀਆਂ ਇੱਕ-ਦਮ ਹਰਕਤ ਵਿੱਚ ਆ ਗਈਆਂ ਪਰ ਬਾਅਦ ਵਿੱਚ ਫਾਇਰਿੰਗ ਵਾਲੀ ਕਹਾਣੀ ਬਦਲ ਗਈ।
ਪੁਲਿਸ ਨੇ ਕਬੱਡੀ ਖਿਡਾਰੀ ਦੇ ਘਰ ਦੇ ਨੇੜੇ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਵੀ ਜਾਂਚ ਕੀਤਾ ਹੈ। ਪੁਲਿਸ ਮੁਤਾਬਿਕ ਇਸ ਫੁਟੇਜ ਵਿੱਚ ਕਿੰਦਾ ਬੱਧਨੀ ਦੀ ਮੂਵਮੈਂਟ 'ਸ਼ੱਕੀ' ਨਜ਼ਰ ਆਈ ਹੈ।
ਕੌਣ ਹੈ ਕਿੰਦਾ ਬੱਧਨੀ?
ਅਸਲ ਵਿੱਚ ਇਸ ਖਿਡਾਰੀ ਦਾ ਨਾਂ ਕੁਲਵਿੰਦਰ ਸਿੰਘ ਹੈ ਪਰ ਇਹ ਇੱਕ ਤੇਜ਼-ਤਰਾਰ ਰੇਡਰ ਬਣਨ ਮਗਰੋਂ ਕਬੱਡੀ ਦੇ ਮੈਦਾਨਾਂ ਵਿੱਚ ਕਿੰਦਾ ਬੱਧਨੀ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ।
ਨਾਮਵਰ ਕਬੱਡੀ ਲੇਖਕ ਜਗਦੇਵ ਬਰਾੜ ਦੱਸਦੇ ਹਨ ਕਿ ਕਿੰਦਾ ਬੱਧਨੀ ਭਾਰਤ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਵਿੱਚ ਕਈ ਕਬੱਡੀ ਖੇਡ ਮੇਲਿਆਂ ਵਿੱਚ ਹਿੱਸਾ ਲੈ ਕੇ ਜੋਸ਼ੀਲੀ ਖੇਡ ਦਾ ਪ੍ਰਦਰਸ਼ਨ ਕਰ ਚੁੱਕਾ ਹੈ।
ਉਹ ਕਹਿੰਦੇ ਹਨ, "ਸਾਲ 2018 ਵਿੱਚ ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਕਈ ਉੱਘੇ ਕਬੱਡੀ ਖਿਡਾਰੀ, ਕਬੱਡੀ ਪ੍ਰਮੋਟਰ ਅਤੇ ਕਬੱਡੀ ਕਮੈਂਟੇਟਰ ਹਾਜ਼ਰ ਸਨ। ਉਸ ਵੇਲੇ ਉਹ ਕਈ ਖੇਡ ਮੇਲਿਆਂ ਵਿੱਚ ਬੈਸਟ ਰੇਡਰ ਐਲਾਨਿਆ ਗਿਆ ਸੀ ਤੇ ਵੱਡੇ-ਵੱਡੇ ਜਾਫੀਆਂ ਲਈ ਉਹ ਖਾਸ ਚੁਣੌਤੀ ਬਣਦਾ ਸੀ।"

ਤਸਵੀਰ ਸਰੋਤ, BBC/Surinder Mann
ਕੀ ਹੋਈ ਪੁਲਿਸ ਕਰਵਾਈ ?
ਜ਼ਿਲ੍ਹਾ ਮੋਗਾ ਦੇ ਐੱਸਐੱਸਪੀ ਜੇ ਇਲਨਚੇਲੀਅਨ ਨੇ 'ਬੀਬੀਸੀ' ਨੂੰ ਦੱਸਿਆ ਕਿ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 308, 458 ਅਤੇ 323 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਖਮੀ ਰਛਪਾਲ ਕੌਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਐੱਸਐੱਸਪੀ ਨੇ ਕਿਹਾ, "ਮੁੱਢਲੀ ਪੜਤਾਲ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਰਛਪਾਲ ਕੌਰ ਉੱਪਰ ਹਮਲਾ ਉਸ ਦੇ ਪੁੱਤਰ ਨੇ ਹੀ ਕੀਤਾ ਸੀ।"
ਉਨ੍ਹਾਂ ਦੱਸਿਆ, "ਪੁਲਿਸ ਨੇ ਕਿੰਦਾ ਬੱਧਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਭਾਵੇਂ ਅਸੀਂ ਕੇਸ ਦਰਜ ਕਰ ਲਿਆ ਹੈ ਪਰ ਸਾਡੀ ਇੱਕ ਵਿਸ਼ੇਸ਼ ਟੀਮ ਮਾਮਲੇ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ। ਜਲਦੀ ਹੀ ਤਸਵੀਰ ਸਾਫ਼ ਹੋ ਜਾਵੇਗੀ।"
ਇਸ ਮਾਮਲੇ ਵਿੱਚ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਕਿੰਦਾ ਬੱਧਨੀ ਨੇ ਪਿੰਡ ਦੇ ਇੱਕ ਦੁਕਾਨਦਾਰ ਤੋਂ ਬੁੱਧਵਾਰ ਦੀ ਸ਼ਾਮ ਨੂੰ ਕਥਿਤ ਤੌਰ 'ਤੇ ਲੋਹੇ ਦਾ ਤੇਜ਼ਧਾਰ ਦਾਹ ਚੁੱਕ ਲਿਆ ਸੀ।
ਪੁਲਿਸ ਇਸ ਗੱਲ ਦੀ ਵੀ ਤੈਅ ਤੱਕ ਜਾਣ ਵਿੱਚ ਜੁਟੀ ਹੋਈ ਹੈ ਕਿ ਰਛਪਾਲ ਕੌਰ ਉੱਪਰ ਹਮਲੇ ਵਿਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਕਬੱਡੀ ਖਿਡਾਰੀ ਨੇ ਕਿੱਥੋਂ ਲਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਬੱਡੀ ਖਿਡਾਰੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਸਮੇਂ ਉਸ ਦੇ ਨਾਲ ਸਾਜਿਸ਼ਕਰਤਾ ਹੋਰ ਕੌਣ ਸਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












