'ਸਾਡੇ ਕਿੰਨੇ ਮੁੰਡੇ ਡੰਕੀ ਲਾ ਕੇ ਯੁਰੋਪ ਉੱਪੜੇ ਤੇ ਉਨ੍ਹਾਂ ਤੋਂ ਜ਼ਿਆਦਾ ਸਮੁੰਦਰੀ ਮੱਛੀਆਂ ਦੀ ਖ਼ੁਰਾਕ ਬਣ ਗਏ' - ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਲੇਖਕ ਤੇ ਪੱਤਰਕਾਰ
ਕੋਈ ਪੰਜੀ ਵਰ੍ਹੇ ਪਹਿਲਾਂ ਇਹੋ ਯੂਨਾਨ ਸੀ, ਇਹੋ ਸਮੁੰਦਰ ਸੀ ਤੇ ਇਸੇ ਤਰ੍ਹਾਂ ਦਾ ਇੱਕ ਜਹਾਜ਼ ਸੀ ਤੇ ਜਹਾਜ਼ ਵਿੱਚ ਜ਼ਿਆਦਾਤਰ ਪਾਕਿਸਤਾਨੀ ਤੇ ਬੰਗਲਾਦੇਸ਼ੀ ਸਨ।
ਗਿਣਤੀ ਕਦੇ ਕਿਸੇ ਪੂਰੀ ਨਹੀਂ ਕੀਤੀ, ਪਰ ਕੋਈ ਡੇਢ-ਦੋ ਸੌ ਬੰਦਾ ਡੁੱਬ ਗਿਆ। ਜਿਹੜੇ 50-60 ਬਚੇ, ਉਹ ਯੂਨਾਨ ਦੇ ਇੱਕ ਪਿੰਡ ਦੇ ਛੋਟੇ ਜਿਹੇ ਥਾਣੇ ਵਿੱਚ ਬੰਦ ਸਨ।
ਮੈਂ ਕੋਈ ਗੁਬੇਰ ਲਾ ਕੇ ਰਿਪੋਰਟਿੰਗ ਕਰਨ ਥਾਣੇ ਦੇ ਅੰਦਰ ਵੜ ਗਿਆ। ਅੰਦਰ ਜਾ ਕੇ ਪਤਾ ਲੱਗਾ ਕਿ ਜਿਹੜੇ ਬਚ ਗਏ ਨੇ, ਉਨ੍ਹਾਂ 'ਚੋਂ ਪਾਕਿਸਤਾਨੀ ਜਿੰਨੇ ਨੇ ਉਹ ਸਾਰੇ ਦੇ ਸਾਰੇ ਪੰਜਾਬੀ ਭਰਾ ਨੇ।
ਜ਼ਿਆਦਾਤਰ ਦਾ ਤਾਲੁੱਕ ਗੁਜਰਾਤ, ਵਜ਼ੀਰਾਬਾਦ, ਸਿਆਲਕੋਟ ਨਾਲ ਸੀ।

ਤਸਵੀਰ ਸਰੋਤ, HELLENIC COAST GUARD
ਮੁੰਡਿਆਂ ਨੇ ਆਪਣੇ ਯਾਰਾਂ, ਬੇਲੀਆਂ, ਸਾਥੀਆਂ ਨੂੰ ਅੱਖਾਂ ਦੇ ਸਾਹਮਣੇ ਡੁੱਬਦੇ ਵੇਖਿਆ ਸੀ। ਮੁੰਡੇ ਡਰੇ ਹੋਏ ਸਨ, ਮੁੰਡੇ ਰੋਂਦੇ ਵੀ ਸਨ, ਫਿਰ ਆਪਣੀ-ਆਪਣੀ ਕਹਾਣੀ ਵੀ ਸੁਣਾਉਂਦੇ ਸਨ ਤੇ ਮੁੰਡੇ ਫੇਰ ਰੋਂਦੇ ਸਨ।
ਕਹਾਣੀਆਂ ਸਾਰਿਆਂ ਦੀਆਂ ਇੱਕੋ-ਜਿਹੀਆਂ ਹੀ ਸਨ।
ਕਿਸੇ ਦੇ ਪਿਓ ਨੇ ਜ਼ਮੀਨ ਦਾ ਆਖ਼ਰੀ ਕਿੱਲਾ ਵੇਚ ਕੇ, ਕਿਸੇ ਦੀ ਮਾਂ-ਭੈਣ ਨੇ ਜ਼ੇਵਰ ਵੇਚ ਕੇ, ਕੋਈ ਐਡਾ ਮਹਾਤੜ ਵੀ ਕਿਸੇ ਯਾਰ ਜਾਂ ਰਿਸ਼ਤੇਦਾਰ ਕੋਲੋਂ ਕਰਜ਼ਾ ਫੜ੍ਹ ਕੇ ਜਹਾਜ਼ 'ਤੇ ਚੜ੍ਹਿਆ ਸੀ, ਇਸੇ ਉਮੀਦ 'ਤੇ ਬਈ ਇੱਕ ਦਫ਼ਾ ਯੁਰੋਪ ਪਹੁੰਚ ਜਾਵਾਂਗੇ ਤੇ ਕਰਜ਼ੇ ਵੀ ਲਹਿ ਜਾਣਗੇ ਤੇ ਆਉਣ ਵਾਲੀਆਂ ਨਸਲਾਂ ਦੇ ਸਾਰੇ ਨਸੀਬ ਵੀ ਬਦਲ ਜਾਣਗੇ।
ਜਿਸ ਦਿਨ ਮੈਂ ਮੁੰਡਿਆਂ ਨੂੰ ਮਿਲਿਆ, ਉਸ ਤੋਂ ਅਗਲੇ ਦਿਨ ਯੂਨਾਨ ਦੀ ਹਕੂਮਤ ਨੇ ਮੁੰਡਿਆਂ ਨੂੰ ਡਿਪੋਰਟ ਕਰ ਛੱਡਣਾ ਸੀ।
ਕੁਝ ਮੁੰਡੇ ਮੈਨੂੰ ਇੱਕ ਨੁੱਕੜ ਵਿੱਚ ਲੈ ਗਏ। ਕਹਿਣ ਲੱਗੇ ਕਿ ਭਾਈਜਾਨ, ਤੁਸੀਂ ਹਵਾਲਾਤ ਦੇ ਅੰਦਰ ਅੱਪੜ ਗਏ ਹੋ, ਫਿਰ ਤੁਹਾਡੀ ਕੁਝ ਨਾ ਕੁਝ ਪਹੁੰਚ ਤੇ ਹੋਵੇਗੀ ਤੇ ਸਾਡਾ ਵੀ ਕੁਝ ਕਰੋ।
ਇੰਝ ਕਰ ਦਿਓ ਕਿ ਸਾਨੂੰ ਪਾਕਿਸਤਾਨ ਨਾ ਜਾਣਾ ਪਵੇ। ਅਸੀਂ ਇੱਥੇ ਹੀ ਕਿਤੇ ਸਲਿੱਪ ਹੋ ਜਾਈਏ।
ਮੈਂ ਕਿਹਾ ਯਾਰ ਐਡੀ ਪਹੁੰਚ ਤੇ ਕੋਈ ਨਹੀਂ। ਤੁਸੀਂ ਅੱਲ੍ਹਾ ਦਾ ਸ਼ੁਕਰ ਕਰੋ ਵੀ ਜਾਨ ਬਚ ਗਈ ਏ। ਵੈਸੇ ਵਾਪਸ ਜਾਣ ਦੇ ਇਰਾਦੇ ਕੀ ਨੇ?
ਦੋ-ਤਿੰਨ ਮੁੰਡਿਆਂ ਨੇ ਕਿਹਾ ਕਿ ਇਰਾਦਾ ਇੱਕੋ ਹੀ ਹੈ, ਬਸ ਇੱਕ ਵਾਰ ਫੇਰ ਟ੍ਰਾਈ ਕਰਾਂਗੇ।
ਮੈਂ ਕਿਹਾ, ਯਾਰ ਤੁਸੀਂ ਮੌਤ ਨੂੰ ਐਡੇ ਕੋਲ਼ੋਂ ਵੇਖਿਆ ਹੈ, ਡਰ ਨਹੀਂ ਲੱਗਦਾ?
ਇੱਕ ਮੁੰਡਾ ਕਹਿਣ ਲੱਗਾ, ਭਾਈਜਾਨ ਤੁਸੀਂ ਆਪ ਤੇ ਲੰਦਨੋਂ ਯੂਨਾਨ ਆ ਗਏ ਹੋ, ਖੁੱਲ੍ਹੇ ਫਿਰਦੇ ਹੋ। ਤੁਸੀਂ, ਅਸੀਂ ਜਿੱਥੋਂ ਆਏ ਹਾਂ ਉੱਥੇ ਦੀ ਜ਼ਿੰਦਗੀ ਕਦੇ ਵੇਖੀ ਹੈ? ਉਹਦੇ ਤੋਂ ਵੀ ਡਰ ਲੱਗਦਾ ਹੈ।
ਪਿਛਲੇ 25 ਵਰ੍ਹਿਆਂ 'ਚ ਸਾਡੇ ਕਿੰਨੇ ਮੁੰਡੇ ਡੰਕੀ ਲਾ ਕੇ ਯੁਰੋਪ ਉੱਪੜੇ ਨੇ, ਉਨ੍ਹਾਂ ਤੋਂ ਕਿੰਨੇ ਜ਼ਿਆਦਾ ਸਮੁੰਦਰ ਦੀਆਂ ਮੱਛੀਆਂ ਦੀ ਖ਼ੁਰਾਕ ਬਣ ਗਏ ਨੇ, ਇਹ ਗਿਣਤੀ ਕਦੇ ਕਿਸੇ ਨੇ ਨਹੀਂ ਕੀਤੀ।
ਪਰ ਮੇਰੇ ਵਰਗੇ ਫੇਰ ਵੀ ਨਸੀਹਤਾਂ ਕਰਦੇ ਰਹਿੰਦੇ ਨੇ ਕਿ ਆਪਣੇ ਪਿੰਡ ਵਿੱਚ ਭੁੱਖੇ ਤਾਂ ਨਹੀਂ ਸੋਂ ਮਰਦੇ। ਅਗਰ ਪੰਦਰਾਂ-ਵੀਹ ਲੱਖ ਕਿਸੇ ਏਜੰਟ ਨੂੰ ਦੇ ਸਕਦੇ ਸੋਂ, ਉਹਦੇ ਨਾਲ ਉੱਥੇ ਹੀ ਕੋਈ ਕਾਰੋਬਾਰ ਕਿਉਂ ਨਹੀਂ ਕਰ ਲੈਂਦੇ।
ਭੁੱਖ ਤੋਂ ਜ਼ਿਆਦਾ, ਭੁੱਖ ਤੇ ਬੇਇਜ਼ੱਤੀ ਦਾ ਡਰ ਹੁੰਦਾ ਹੈ।


ਜਵਾਨੀ ਕੋਈ ਰੌਣਕ ਮੇਲਾ ਮੰਗਦੀ ਹੈ। ਮਾਂ-ਪਿਓ ਦੇ ਕੱਚੇ-ਪੱਕੇ ਘਰ ਦੀ ਜਗ੍ਹਾ 'ਤੇ ਹਵੇਲੀ ਬਣਾਉਣਾ ਚਾਹੁੰਦੀ ਹੈ।
ਇੱਥੇ ਅਸੀਂ ਮੁੰਡਿਆਂ ਦੀ ਜ਼ਿੰਦਗੀ ਐਡੀ ਬੇਰੌਣਕ ਕਰ ਦਿੱਤੀ ਹੈ, ਬਈ ਖਾਂਦੇ-ਪੀਂਦੇ ਮੁੰਡੇ ਵੀ ਜਾਂ ਤੇ ਮੋਟਰਸਾਈਕਲਾਂ 'ਤੇ ਵਨ-ਵਹੀਲਿੰਗ ਕਰ ਲੈਂਦੇ ਨੇ ਜਾਂ ਫਿਰ ਅੱਬੇ ਦੀ ਹੱਟੀ 'ਤੇ ਬਹਿ ਜਾਂਦੇ ਨੇ।
ਦੁਨੀਆਂ ਪਤਾ ਨਹੀਂ ਕਿੱਥੇ ਦੀ ਕਿੱਥੇ ਅੱਪੜ ਗਈ ਹੈ ਤੇ ਅਸੀਂ, ਇਨ੍ਹਾਂ ਮੁੰਡਿਆਂ ਨੇ ਸਾਰੀ ਜ਼ਿੰਦਗੀ ਇਨ੍ਹਾਂ ਹੀ ਗਲ਼ੀਆਂ ਵਿੱਚ ਖੇਹ ਖਾਂਦੇ ਰਹਿਣਾ ਹੈ।
ਫੇਰ ਬੁੱਢੇ ਹੋਏ ਕੇ, ਅੱਬੇ ਦੀ ਮੰਜੀ 'ਤੇ ਲੰਮੇ ਪੈ ਕੇ ਮਰ ਜਾਣਾ ਹੈ।
ਮੁੰਡੇ ਸਮਝਦੇ ਨੇ ਕਿ ਇਹਦੇ ਤੋਂ ਬਿਹਤਰ ਤਾਂ ਇਹ ਹੀ ਹੈ ਕਿ ਇੱਕ ਦਫ਼ਾ ਜਿੰਦੜੀ ਦਾ ਜੂਆ ਹੀ ਲਾ ਲਈਏ।
ਜਿਹੜੇ ਸਾਨੂੰ ਕਾਨੂੰਨ-ਕਾਨੂੰਨ ਦਾ ਸਬਕ ਪੜ੍ਹਾਉਂਦੇ ਨੇ, ਉਨ੍ਹਾਂ ਨੇ ਮੁੰਡਿਆਂ ਦੀ ਹਯਾਤੀ ਦੇ ਹਰ ਸਵਾਦ ਨੂੰ ਗ਼ੈਰ-ਕਾਨੂੰਨੀ ਕਰ ਛੱਡਿਆ ਹੈ।

ਤਸਵੀਰ ਸਰੋਤ, EPA
ਮੇਰੇ ਆਪਣੇ ਸ਼ਹਿਰ ਉਤਾੜੇ ਵਿੱਚ ਇੱਕ ਬਾਰਾਂ-ਤੇਰਾਂ ਸਾਲ ਦੇ ਮੁੰਡੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਾ ਛੱਡੀ ਹੈ ਬਈ- ਸਿੱਧੂ ਮੂਸੇਵਾਲੇ ਦਾ ਉਰਸ ਹੋਏਗਾ, ਜੱਟਾਂ ਅਤੇ ਬਦਮਾਸ਼ਾਂ ਨੂੰ ਖ਼ਾਸ ਦਾਵਤ, ਉਸ ਤੋਂ ਬਾਅਦ ਫ਼ਾਇਰਿੰਗ ਕਾ ਭੀ ਇੰਤਜ਼ਾਮ ਹੈ।
ਸ਼ਾਮ ਤੱਕ ਪੁਲਿਸ ਨੇ ਮੁੰਡੇ ਨੂੰ ਫੜ੍ਹ ਕੇ ਥਾਣੇ ਬੰਦ ਕਰ ਛੱਡਿਆ, ਨਾਲ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਛੱਡੀਆਂ, ਹਰ ਬੰਦ ਉਹਨੂੰ ਲਾਹਣ-ਤਾਹਣ ਕਰਨ ਲੱਗ ਪਿਆ।
ਮੁੰਡੇ ਨੇ ਸਾਰੀ ਜ਼ਿੰਦਗੀ ਨਾ ਕਦੀ ਬਦਮਾਸ਼ੀ ਕੀਤੀ, ਨਾ ਕਦੀ ਕਿਸੇ ਹਥਿਆਰ ਨੂੰ ਹੱਥ ਲਾਇਆ। ਜਿਸ ਜਗ੍ਹਾ 'ਤੇ ਐਡੀ ਛੋਟੀ ਜਿਹੀ ਸ਼ਰਾਰਤ 'ਤੇ ਘਰ ਪੁਲਿਸਾਂ ਪਹੁੰਚ ਜਾਣ, ਉੱਥੇ ਮੁੰਡੇ ਨੱਸਣ ਦਾ ਨਾ ਸੋਚਣ 'ਤੇ ਕੀ ਕਰਨ।

ਤਸਵੀਰ ਸਰੋਤ, Geetha
ਯੂਨਾਨ ਦੇ ਇੱਕ ਜਹਾਜ਼ 'ਚ ਡੁੱਬਣ ਵਾਲਿਆਂ ਦੇ ਕੁਝ ਮਾਂ-ਪਿਓਆਂ ਦੇ ਇੰਟਰਵਿਊ ਵੇਖੇ ਨੇ, ਮੇਰੇ ਕੋਲ਼ੋਂ ਵੇਖੇ ਨਹੀਂ ਗਏ।
ਸਾਰੇ ਇਹੀ ਆਹਂਦੇ ਨੇ ਵੀ ਅਸੀਂ ਮੁੰਡੇ ਨੂੰ ਬੜਾ ਸਮਝਾਇਆ, ਮੁੰਡਾ ਮੰਨਿਆ ਨਹੀਂ।
ਉਨ੍ਹਾਂ ਨੂੰ ਹੁਣ ਨਸੀਹਤਾਂ ਕਰਨ ਦਾ ਵਕਤ ਨਹੀਂ, ਜਿਨ੍ਹਾਂ ਨੇ ਪੁੱਤਰ ਵੀ ਗਵਾਏ ਤੇ ਸਾਰੀ ਜ਼ਿੰਦਗੀ ਦੋ ਖੱਟੀ-ਵੱਢੀ ਵੀ ਗਵਾਈ, ਉਨ੍ਹਾਂ ਨੂੰ ਹੁਣ ਰਹਿਣ ਦਿਓ।
ਅਗਰ ਕੋਈ ਗਾਲ਼-ਮੰਦਾ ਜਾਂ ਨਸੀਹਤ ਕਰਨੀ ਹੈ, ਤਾਂ ਇਹ ਯੂਰਪ ਦੇ ਇਨ੍ਹਾਂ ਗੋਰਿਆਂ ਨੂੰ ਕਰੋ, ਜਿਹੜੇ ਦੁਨੀਆਂ 'ਚ ਪ੍ਰਧਾਨ ਬਣੇ ਬੈਠੇ ਨੇ।
ਆਪਣੇ ਆਪ ਨੂੰ ਸਿਵਲਾਈਜ਼ਡ ਆਹਂਦੇ ਨੇ, ਸਾਰੀ ਦੁਨੀਆਂ ਨੂੰ ਕਾਨੂੰਨ ਤੇ ਹਿਊਮਨ ਰਾਈਟਜ਼ ਸਮਝਾਉਂਦੇ ਨੇ।
ਇਨ੍ਹਾਂ ਦੇ ਸਾਹਮਣੇ 700 ਬੰਦਾ ਡੁੱਬਣ ਲੱਗੇ, ਤੇ ਇਹ ਆਪਣੀ ਜਗ੍ਹਾ ਤੋਂ ਹਿੱਲਦੇ ਨਹੀਂ। ਕਿਉਂਕਿ ਉਹ ਡੁੱਬਣ ਵਾਲੇ ਗੋਰੇ ਨਹੀਂ।
ਇਨ੍ਹਾਂ ਲਈ ਦਿਲਾਂ 'ਚੋਂ ਐਸੀ-ਐਸੀ ਗਾਲ਼ ਨਿਕਲਦੀ ਹੈ, ਜਿਹੜਾ ਬੰਦਾ ਘਰਵਾਲਿਆਂ ਦੇ ਸਾਹਮਣੇ ਵੀ ਨਹੀਂ ਦੇ ਸਕਦਾ ਤੇ ਬੀਬੀਸੀ ਦੀ ਐਡੀਟੋਰੀਅਲ ਪਾਲਿਸੀ ਵੀ ਇਜਾਜ਼ਤ ਨਹੀਂ ਦਿੰਦੀ।
ਲੇਕਿਨ ਬੰਦਾ ਦਿਲ ਹੀ ਦਿਲ 'ਚ 'ਦੁਰ-ਫੁੱਟੇ-ਮੂੰਹ' ਤੇ ਕਹਿ ਹੀ ਸਕਦਾ ਹੈ।
ਰੱਬ ਰਾਖਾ।














