ਯੂਰਪ ਜਾਣ ਦੇ ਚੱਕਰ 'ਚ ਗਿਰੋਹਾਂ ਦੇ ਧੱਕੇ ਚੜ੍ਹੇ: ‘ਸੰਗਲਾਂ ਨਾਲ ਬੰਨ੍ਹ ਕੇ ਕੀਤਾ ਜਾ ਰਿਹਾ ਤਸ਼ੱਦਦ’

- ਲੇਖਕ, ਸੋਰਨ ਕੁਰਬਾਨੀ
- ਰੋਲ, ਬੀਬੀਸੀ ਵਰਲਡ ਸਰਵਿਸ
ਤਾਲਿਬਾਨ ਤੋਂ ਭੱਜ ਰਹੇ ਅਫ਼ਗ਼ਾਨ ਲੋਕ, ਯੂਰਪ ਜਾਣ ਲਈ ਜਦੋਂ ਇਰਾਨ ਅਤੇ ਤੁਰਕੀ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਕੁਝ ਗੈਂਗ ਉਨ੍ਹਾਂ ਨੂੰ ਅਗਵਾ ਕਰ ਲੈਂਦੇ ਹਨ ਅਤੇ ਉਨ੍ਹਾਂ ਉੱਤੇ ਤਸ਼ਦੱਦ ਕਰਦੇ ਹਨ।
ਇਸ ਸਭ ਬੀਬੀਸੀ ਦੀ ਇੱਕ ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ। ਇਸ ਦੇ ਮੁਤਾਬਕ, ਫਿਰ ਇਹ ਗੈਂਗ ਅਗਵਾ ਕੀਤੇ ਅਫ਼ਗ਼ਾਨ ਪਰਵਾਸੀਆਂ ਨਾਲ ਕੀਤੇ ਜਾ ਰਹੇ ਮਾੜੇ ਵਤੀਰੇ ਦੀ ਵੀਡੀਓ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜਦੇ ਹਨ ਅਤੇ ਉਨ੍ਹਾਂ ਨੂੰ ਛੱਡਣ ਬਦਲੇ ਫਿਰੌਤੀ ਦੀ ਮੰਗ ਕਰਦੇ ਹਨ।
ਚੇਤਾਵਨੀ- ਇਸ ਆਰਟੀਕਲ ਵਿੱਚ ਹਿੰਸਾ ਅਤੇ ਜਿਣਸੀ ਹਮਲਿਆਂ ਦਾ ਵੇਰਵਾ ਹੈ ਜੋ ਕੁਝ ਪਾਠਕਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ।

ਇੱਕ ਪਹਾੜੀ ਦੀ ਚੋਟੀ ਉੱਤੇ, ਕੁਝ ਅਫ਼ਗ਼ਾਨ ਪਰਵਾਸੀਆਂ ਦੇ ਗਲ਼ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਹਨ ਅਤੇ ਉਹ ਆਪਣੀ ਰਿਹਾਈ ਲਈ ਭੀਖ ਮੰਗ ਰਹੇ ਹਨ।
“ਜੋ ਵੀ ਇਹ ਵੀਡੀਓ ਦੇਖ ਰਿਹਾ ਹੋਵੇ, ਮੈਨੂੰ ਬੀਤੇ ਕੱਲ੍ਹ ਅਗਵਾ ਕੀਤਾ ਗਿਆ ਸੀ। ਇਹ ਸਾਡੇ ਕੋਲੋਂ ਹਰ ਇੱਕ ਤੋਂ 4,000 ਡਾਲਰ ਦੀ ਮੰਗ ਕਰ ਰਹੇ ਹਨ। ਇਹ ਸਾਨੂੰ ਲਗਾਤਾਰ ਦਿਨ ਰਾਤ ਕੁੱਟਦੇ ਹਨ।” ਬੋਲਣ ਵਾਲੇ ਵਿਅਕਤੀ ਦੇ ਬੁੱਲ੍ਹਾਂ ਵਿੱਚੋਂ ਖੂਨ ਵਗ ਰਿਹਾ ਹੈ ਅਤੇ ਉਸ ਦਾ ਚਿਹਰਾ ਧੂੜ ਨਾਲ ਭਰਿਆ ਹੋਇਆ ਹੈ।
ਇੱਕ ਹੋਰ ਵੀਡੀਓ ਵਿੱਚ ਪੂਰੀ ਤਰ੍ਹਾਂ ਨਗਨ ਆਦਮੀ ਦਿਸਦੇ ਹਨ, ਜੋ ਬਰਫ਼ ਉੱਤੇ ਰੇਂਗ ਰਹੇ ਹਨ ਅਤੇ ਕੋਈ ਪਿਛਿਓਂ ਉਨ੍ਹਾਂ ਨੂੰ ਹੱਕ ਰਿਹਾ ਹੈ।
ਇੱਕ ਹੋਰ ਵੀਡੀਓ ਵਿੱਚ ਰੋਂਦੇ ਹੋਏ ਇੱਕ ਆਦਮੀ ਕਹਿੰਦਾ ਹੈ, “ਮੇਰਾ ਪਰਿਵਾਰ ਹੈ, ਕ੍ਰਿਪਾ ਕਰਕੇ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ। ਮੇਰੀ ਪਤਨੀ ਹੈ, ਬੱਚੇ ਹਨ। ਕ੍ਰਿਪਾ ਕਰਕੇ ਤਰਸ ਕਰੋ।”
ਇਸ ਮਗਰੋਂ ਚਾਕੂ ਦੀ ਨੋਕ ‘ਤੇ ਇੱਕ ਗੈਂਗ ਉਸ ਦੇ ਜਿਣਸੀ ਸ਼ੋਸ਼ਣ ਦੀ ਵੀਡੀਓ ਰਿਕਾਰਡ ਕਰਦਾ ਹੈ।
ਇਹ ਪ੍ਰੇਸ਼ਾਨ ਕਰ ਦੇਣ ਵਾਲੇ ਵੀਡੀਓ ਵਧ ਰਹੇ ਜੁਰਮ ਦਾ ਸਬੂਤ ਹਨ, ਜਿਨ੍ਹਾਂ ਵਿੱਚ ਇਰਾਨ ਦੇ ਗੈਂਗ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਅਫ਼ਗ਼ਾਨ ਪਰਵਾਸੀਆਂ ਨੂੰ ਅਗਵਾ ਕਰਦੇ ਹਨ।
ਖ਼ਤਰਨਾਕ ਰਸਤਾ

ਤਸਵੀਰ ਸਰੋਤ, Getty Images
ਦਹਾਕਿਆਂ ਤੋਂ ਪਰਵਾਸੀਆਂ ਵੱਲੋਂ ਅਫ਼ਗ਼ਾਨ ਤੋਂ ਇਰਾਨ, ਫਿਰ ਤੁਰਕੀ ਅਤੇ ਉੱਥੋਂ ਯੂਰਪ ਤੱਕ ਜਾਣ ਲਈ ਇਹ ਰੂਟ ਵਰਤਿਆ ਜਾ ਰਿਹਾ ਹੈ।
ਇੱਥੋਂ ਤੱਕ, ਕਿ ਮੈਂ ਵੀ 12 ਸਾਲ ਪਹਿਲਾਂ ਉਹ ਸਫਰ ਕੀਤਾ ਸੀ ਜਦੋਂ ਇਰਾਨ ਤੋਂ ਯੂਕੇ ਆਇਆ ਅਤੇ ਜਿੱਥੇ ਮੈਨੂੰ ਸ਼ਰਨ ਦਿੱਤੀ ਗਈ ਸੀ।
ਪਰ ਹੁਣ ਇਹ ਰੂਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੋ ਗਿਆ ਹੈ।
ਇਰਾਨ ਤੋਂ ਤੁਰਕੀ ਦੀ ਸਰਹੱਦ ਪਾਰ ਕਰਨ ਵਾਲਿਆਂ ਨੂੰ ਖੁਸ਼ਕ ਪਹਾੜੀ ਰਸਤਿਆਂ ‘ਤੇ ਘੰਟਿਆਂ ਬੱਧੀ ਤੁਰਨਾ ਪੈਂਦਾ ਹੈ, ਜਿੱਥੇ ਛਾਂ ਦੇਣ ਵਾਲਾ ਕੋਈ ਰੁੱਖ ਤੱਕ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਇਸ ਇਲਾਕੇ 'ਚ ਗਸ਼ਤ ਲਗਾਉਂਦੇ ਸੁਰੱਖਿਆ ਕਰਮੀਆਂ ਦੀ ਨਜ਼ਰ ਤੋਂ ਬਚਣਾ ਵੀ ਔਖਾ ਹੋ ਜਾਂਦਾ ਹੈ।
ਅਗਸਤ 2021 ਵਿੱਚ ਤਾਲਿਬਾਨ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ,ਹਜ਼ਾਰਾਂ ਲੋਕ ਅਫ਼ਗ਼ਾਨਿਸਤਾਨ ਤੋਂ ਭੱਜ ਰਹੇ ਹਨ ਅਤੇ ਗੈਂਗ ਇਸ ਰੂਟ ਤੋਂ ਜਾਂਦੇ ਪਰਵਾਸੀਆਂ ਨੂੰ ਕਮਾਈ ਦੇ ਮੌਕੇ ਵਜੋਂ ਦੇਖਦੇ ਹਨ।
ਅਕਸਰ ਤਸਕਰਾਂ ਨਾਲ ਮਿਲ ਕੇ, ਇਹ ਗੈਂਗ ਇਰਾਨ ਵਾਲੇ ਪਾਸਿਓਂ ਲੋਕਾਂ ਨੂੰ ਅਗਵਾ ਕਰਦੇ ਹਨ। ਸੁਰੱਖਅਤ ਲਾਂਘੇ ਲਈ ਪਹਿਲਾਂ ਹੀ ਪੈਸੇ ਅਦਾ ਕਰ ਚੁੱਕੇ ਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਤੋਂ ਵੀ ਫਿਰੌਤੀਆਂ ਲੈਂਦੇ ਹਨ।
ਬੀਬੀਸੀ ਦੀ ਟੀਮ ਨੇ ਸਰਹੱਦ ਦੇ ਨਾਲ-ਨਾਲ ਘੱਟੋ-ਘੱਟ 10 ਥਾਂਵਾਂ ਤੋਂ ਤਸ਼ਦੱਦ ਦੀਆਂ ਕਹਾਣੀਆਂ ਸੁਣੀਆਂ। ਪਿਛਲੇ ਤਿੰਨ ਸਾਲ ਤੋਂ ਇਸ ਦੁਰ-ਵਿਹਾਰ ਨੂੰ ਦਸਤਾਵੇਜ਼ੀ ਰੂਪ ਦੇਣ ਵਾਲੇ ਇੱਕ ਐਕਟੀਵਿਸਟ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਦਿਨ ਵਿੱਚ ਅਜਿਹੇ ਤਸ਼ਦੱਦ ਦੀਆਂ ਦੋ-ਤਿੰਨ ਵੀਡੀਓਜ਼ ਵੀ ਆਉਂਦੀਆਂ ਰਹੀਆਂ ਹਨ।
ਤੁਰਕੀ ਦੀ ਕਮਰਸ਼ੀਅਲ ਰਾਜਧਾਨੀ ਇਸਤਾਂਬੁਲ ਦੇ ਇੱਕ ਅਪਾਰਟਮੈਂਟ ਵਿੱਚ, ਅਸੀਂ ਅਮੀਨਾ ਨੂੰ ਮਿਲੇ।

ਤਸਵੀਰ ਸਰੋਤ, AFP
ਅਫ਼ਗ਼ਾਨਿਸਤਾਨ ਵਿੱਚ ਇੱਕ ਪੁਲਿਸ ਅਫਸਰ ਵਜੋਂ ਉਨ੍ਹਾਂ ਦਾ ਕਾਮਯਾਬ ਕਰੀਅਰ ਰਿਹਾ ਹੈ, ਪਰ ਜਦੋਂ ਤਾਲਿਬਾਨ ਵੱਲੋਂ ਕਬਜ਼ੇ ਦਾ ਅਹਿਸਾਸ ਹੋਇਆ ਤਾਂ ਉਹ ਉੱਥੋਂ ਭੱਜ ਨਿੱਕਲੇ।
ਕੋਮਲਤਾ ਨਾਲ ਬੋਲਣ ਵਾਲੀ, ਸਿਰ ਉੱਤੇ ਜਾਮਣੀ ਸਕਾਰਫ ਬੰਨ੍ਹੀ ਅਮੀਨਾ ਨੇ ਸਰਹੱਦ ‘ਤੇ ਆਪਣੇ ਤਜਰਬੇ ਬਾਰੇ ਦੱਸਿਆ, ਜਦੋਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਗੈਂਗ ਨੇ ਬੰਧਕ ਬਣਾ ਲਿਆ ਸੀ।
ਉਨ੍ਹਾਂ ਦੱਸਿਆ, “ਮੈਂ ਬਹੁਤ ਡਰੀ ਹੋਈ ਸੀ, ਕਿਉਂਕਿ ਮੈਂ ਗਰਭਵਤੀ ਸੀ ਅਤੇ ਉੱਥੇ ਕੋਈ ਡਾਕਟਰ ਨਹੀਂ ਸੀ। ਅਸੀਂ ਨੌਜਵਾਨ ਮੁੰਡਿਆਂ ਦੇ ਬਲਾਤਕਾਰ ਦੀਆਂ ਵੀ ਕਈ ਕਹਾਣੀਆਂ ਸੁਣੀਆਂ ਸੀ।”
ਉਨ੍ਹਾਂ ਦੇ ਪਿਤਾ ਹਾਜੀ ਨੇ ਸਾਨੂੰ ਦੱਸਿਆ ਕਿ ਅਮੀਨਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾਉਣ ਤੋਂ ਬਾਅਦ ਗੈਂਗ ਨੇ ਉਨ੍ਹਾਂ ਨੂੰ ਇੱਕ ਅਣਜਾਣ ਆਦਮੀ ਨਾਲ ਹੋ ਰਹੇ ਤਸ਼ਦੱਦ ਦਾ ਵੀਡੀਓ ਭੇਜਿਆ।
ਉਨ੍ਹਾਂ ਕਿਹਾ, “ਮੇਰੀ ਕੁਝ ਅਜਿਹੀ ਹਾਲਤ ਸੀ। ਉਹ ਵੀਡੀਓ ਭੇਜ ਕੇ ਉਹ ਮੈਨੂੰ ਚੇਤਾਵਨੀ ਦੇ ਰਹੇ ਸਨ। ਜੇ ਤੁਸੀਂ ਫਿਰੌਤੀ ਨਾ ਦਿੱਤੀ ਤਾਂ ਅਸੀਂ ਤੁਹਾਡੀ ਬੇਟੀ ਅਤੇ ਦਾਮਾਦ ਨੂੰ ਮਾਰ ਦੇਵਾਂਗੇ।''
ਹਾਜੀ ਨੇ ਅਫ਼ਗ਼ਾਨਿਸਤਾਨ ਵਿੱਚ ਆਪਣਾ ਘਰ ਵੇਚ ਕੇ ਗੈਂਗ ਨੂੰ ਫਿਰੌਤੀ ਦਿੱਤੀ ਅਤੇ ਪਰਿਵਾਰ ਨੂੰ ਛੁਡਵਾਇਆ। ਫਿਰ ਉਨ੍ਹਾਂ ਨੇ ਦੁਬਾਰਾ ਤੁਰਕੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਇਸ ਵਾਰ ਉਹ ਸਫ਼ਲ ਹੋ ਗਏ।
ਪਰ ਅਮੀਨਾ ਲਈ ਸਰਹੱਦ ’ਤੇ ਅੱਠ ਦਿਨ ਦਾ ਉਹ ਸਮਾਂ ਬਹੁਤ ਔਖਾ ਸੀ।
ਉਨ੍ਹਾਂ ਨੇ ਆਪਣਾ ਬੱਚਾ ਵੀ ਗੁਆ ਦਿੱਤਾ।


ਤਸਵੀਰ ਸਰੋਤ, Getty Images
ਗੈਂਗਾਂ ਤੋਂ ਇਲਾਵਾ ਅਮੀਨਾ ਅਤੇ ਉਨ੍ਹਾਂ ਦੇ ਪਰਿਵਾਰ ਅੱਗੇ ਹੋਰ ਵੀ ਰੁਕਾਵਟਾਂ ਸਨ, ਜਿਵੇਂ ਕਿ - ਸਰਹੱਦ 'ਤੇ ਬਣੀ ਉੱਚੀ ਕੰਧ।
ਤੁਰਕੀ-ਇਰਾਨ ਦੇ ਬਾਰਡਰ ’ਤੇ ਅੱਧੇ ਤੋਂ ਵੱਧ ਲੰਬਾਈ ਤੱਕ ਫੈਲੀ, ਤਿੰਨ ਮੀਟਰ ਉੱਚੀ ਇਹ ਕੰਧ ਤਾਰਾਂ ਅਤੇ ਇਲੈਕਟ੍ਰਾਨਿਕ ਸੈਂਸਰਾਂ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਦੀ ਨਿਗਰਾਨੀ ਯੂਰਪੀਅਨ ਯੂਨੀਅਨ ਦੇ ਨਿਗਰਾਨੀ ਟਾਵਰਾਂ ਤੋਂ ਕੀਤੀ ਜਾਂਦੀ ਹੈ।
ਤੁਰਕੀ ਨੇ ਪਰਵਾਸੀਆਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਸਾਲ 2017 ਵਿੱਚ ਇਹ ਕੰਧ ਬਣਾਉਣੀ ਸ਼ੁਰੂ ਕੀਤੀ ਸੀ, ਪਰ ਪਰਵਾਸੀ ਹਾਲੇ ਵੀ ਆ ਰਹੇ ਹਨ।
ਅਮੀਨਾ ਅਤੇ ਕਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਦੋਂ ਤੁਰਕੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਤ ਵੇਲੇ ਵਾਪਸ ਇਰਾਨ ਵਾਲੇ ਪਾਸੇ ਭੇਜ ਦਿੱਤਾ ਤਾਂ ਉਹ ਕਈ ਹਿੰਸਕ ਗੈਂਗਾਂ ਦੇ ਚੁੰਗਲ ਵਿੱਚ ਵੀ ਫਸੇ।
ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਦਾ ਅੰਤਰਰਾਸ਼ਟਰੀ ਅਧਿਕਾਰ ਸਮੂਹਾਂ ਨੇ ਵੀ ਦਸਤਾਵੇਜ਼ੀਕਰਨ ਕੀਤਾ ਹੈ।
ਸ਼ਰਨਾਰਥੀਆਂ ਦੀ ਨੁਮਾਇੰਦਗੀ ਕਰਨ ਵਾਲੇ, ਤੁਰਕੀ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਕੀਲ ਮਹਿਮੂਮ ਕਾਗਾਨ ਕਹਿੰਦੇ ਹਨ ਕਿ ਇਹ ਕਾਰਵਾਈ ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਕ ਗੈਰ-ਕਾਨੂੰਨੀ ਹੈ ਅਤੇ ਇਸ ਨਾਲ ਗੈਂਗਾਂ ਹੱਥੋਂ ਲੋਕਾਂ ਦੇ ਸ਼ੋਸ਼ਣ ਨੂੰ ਵਧਾਵਾ ਮਿਲਦਾ ਹੈ।
ਉਹ ਕਹਿੰਦੇ ਹਨ, “ਇਹ ਪਿੱਛੇ ਵੱਲ ਨੂੰ ਧੱਕਿਆ ਜਾਣਾ, ਉਨ੍ਹਾਂ ਲੋਕਾਂ ਨੂੰ ਹਰ ਤਰ੍ਹਾਂ ਦੇ ਸੋਸ਼ਣ ਦਾ ਸ਼ਿਕਾਰ ਹੋਣ ਲਈ ਛੱਡ ਦਿੰਦਾ ਹੈ।”
ਤੁਰਕੀ ਦੇ ਅਧਿਕਾਰੀਆਂ ਨੇ ਇਨ੍ਹਾਂ ਇਲਜ਼ਾਮਾਂ ਬਾਰੇ ਆਪਣੀ ਟਿੱਪਣੀ ਦੇਣ ਲਈ ਬੀਬੀਸੀ ਦੀ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ।
ਪਰ ਮਨੁੱਖੀ ਅਧਿਕਾਰ ਸਮੂਹਾਂ ਵੱਲੋਂ ਇਸੇ ਤਰ੍ਹਾਂ ਦੇ ਹੀ ਇਲਜ਼ਾਮਾਂ ਦੇ ਜਵਾਬ ਵਿੱਚ ਸਰਕਾਰ ਨੇ ਸਰਹੱਦ ਤੋਂ ਵਾਪਸ ਧੱਕੇ ਜਾਣ ਦੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕਿ ਤੁਰਕੀ ਵਿੱਚ ਗੈਰ-ਕਾਨੂੰਨੀ ਦਾਖਲੇ ਨੂੰ ਰੋਕਣ ਲਈ ਲੋੜੀਂਦੀਆਂ ਗਤੀਵਿਧੀਆਂ ਸਰਹੱਦ ਪ੍ਰਬੰਧਨ ਦੇ ਦਾਇਰੇ ਵਿੱਚ ਰਹਿ ਕੇ ਹੀ ਹੋ ਰਹੀਆਂ ਹਨ।
ਕੰਧ ਦੇ ਨਿਰਮਾਣ ਤੋਂ ਪਹਿਲਾਂ, ਕਈ ਸਥਾਨਕ ਲੋਕ ਸਰਹੱਦ ਪਾਰ ਸਮਾਨ ਦੀ ਤਸਕਰੀ ਕਰਕੇ ਪੈਸਾ ਕਮਾਉਂਦੇ ਸਨ। ਉਹ ਵਪਾਰ ਹੁਣ ਕੁੱਲ ਮਿਲਾ ਕੇ ਖਤਮ ਹੋ ਚੁੱਕਾ ਹੈ, ਜਿਸ ਦਾ ਮਤਲਬ ਹੈ ਕਿ ਕਈਆਂ ਨੇ ਅਗਵਾ ਕਰਨ ਅਤੇ ਪਰਵਾਸੀਆਂ ਦੀ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਰਾਨ ਸਰਹੱਦ ਦੇ ਨੇੜੇ ਪਰਵਾਸੀ ਤਸਕਰੀ ਦੇ ਮੁੱਖ ਕੇਂਦਰ, ਤੁਰਕੀ ਦੇ ਸ਼ਹਿਰ ਵੈਨ ਵਿੱਚ ਅਸੀਂ ਅਫ਼ਗ਼ਾਨ ਨੌਜਵਾਨ ਅਹਿਮਦ ਨੂੰ ਮਿਲੇ। ਉਨ੍ਹਾਂ ਨੇ ਇੱਕ ਤਬੇਲੇ ਨੂੰ ਆਪਣਾ ਸੁਰੱਖਿਆ ਟਿਕਾਣਾ ਬਣਾਇਆ ਹੋਇਆ ਸੀ ਅਤੇ ਉਹ ਤਸਕਰਾਂ ਨਾਲ ਆਪਣਾ ਅਗਲਾ ਸਫਰ ਸੁਰੱਖਿਅਤ ਰੱਖਣ ਲਈ ਗੱਲਬਾਤ ਕਰ ਰਹੇ ਸਨ।
ਅਹਿਮਦ ਦੇ ਭਰਾ, ਆਪਣੇ ਪਰਿਵਾਰ ਸਮੇਤ ਸਰਹੱਦ ਦੇ ਇਰਾਨ ਵਾਲੇ ਪਾਸੇ ਅਗਵਾ ਹੋ ਗਏ ਸਨ, ਜਦੋਂ ਉਹ ਪਿਛਲੇ ਸਾਲ ਤਾਲਿਬਾਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਉਸ ਵੇਲੇ ਅਹਿਮਦ ਅਫ਼ਗ਼ਾਨਿਸਤਾਨ ਵਿੱਚ ਹੀ ਸਨ, ਜਿਨ੍ਹਾਂ ਨੂੰ ਗੈਂਗ ਨੇ ਫਿਰੌਤੀ ਮੰਗਣ ਲਈ ਫ਼ੋਨ ਕੀਤੇ ਸਨ।
ਉਹ ਕਹਿੰਦੇ ਹਨ, “ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਹਨ। ਅਗਵਾ ਕਰਨ ਵਾਲੇ ਮੇਰੇ ਭਰਾ ਨੂੰ ਕੁੱਟ ਰਹੇ ਸੀ, ਸਾਨੂੰ ਸੁਣਾਈ ਦੇ ਰਿਹਾ ਸੀ।”
ਅਹਿਮਦ ਨੇ ਉਨ੍ਹਾਂ ਨੂੰ ਛੁਡਾਉਣ ਬਦਲੇ ਫਿਰੌਤੀ ਦੇਣ ਲਈ ਪਰਿਵਾਰ ਦਾ ਕਾਫ਼ੀ ਸਮਾਨ ਵੇਚਿਆ। ਪਰ ਇਹ ਤਜਰਬਾ ਛੇ ਮਹੀਨੇ ਬਾਅਦ ਖੁਦ ਅਹਿਮਦ ਨੂੰ ਉਹੀ ਰਾਹ ਚੁਣਨ ਤੋਂ ਰੋਕ ਨਾ ਸਕਿਆ।
ਤਾਲਿਬਾਨ ਦੀ ਸੱਤਾ ਆਉਣ ਬਾਅਦ, ਆਰਥਿਕ ਸੰਕਟ ਤੋਂ ਬਚਣ ਲਈ ਉਹ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਸੀ।
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ, ਅਸੀਂ ਸੈਦ ਨੂੰ ਮਿਲੇ। ਉਹ ਅਫ਼ਗ਼ਾਨਿਸਤਾਨ ਤੋਂ ਭੱਜਣ ਦੀਆਂ ਛੇ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਇੱਕ ਵਾਰ ਫਿਰ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨਾਲ ਇੱਕ ਜਾਅਲੀ ਦਸਤਾਵੇਜ਼ ਦਾ ਵਾਅਦਾ ਹੋਇਆ ਸੀ ਜਿਸ ਨਾਲ ਉਹ ਤੁਰਕੀ ਪਹੁੰਚ ਸਕਦੇ ਸਨ। ਉਹ ਕਹਿੰਦੇ ਹਨ ਕਿ ਪਰ ਉਨ੍ਹਾਂ ਨਾਲ ਧੋਖਾ ਹੋਇਆ ਅਤੇ ਉਨ੍ਹਾਂ ਨੂੰ ਗੈਂਗ ਕੋਲ ਵੇਚ ਦਿੱਤਾ ਗਿਆ। ਗੈਂਗ ਨੇ ਉਨ੍ਹਾਂ ਤੇ ਜ਼ੁਲਮ ਕੀਤਾ ਅਤੇ 10,000 ਡਾਲਰ ਦੀ ਫਿਰੌਤੀ ਮੰਗੀ।
ਸੈਦ ਨੇ ਦੱਸਿਆ, “ਮੈਂ ਬਹੁਤ ਡਰਿਆ ਹੋਇਆ ਸੀ। ਉਹ ਮੇਰੇ ਨਾਲ ਕੁਝ ਵੀ ਕਰ ਸਕਦੇ ਸੀ। ਮੇਰੀਆਂ ਅੱਖਾਂ ਕੱਢ ਸਕਦੇ ਸੀ, ਕਿਡਨੀਆਂ ਵੇਚ ਸਕਦੇ ਸੀ, ਮੇਰਾ ਦਿਲ ਕੱਢ ਸਕਦੇ ਸੀ।”
ਉਨ੍ਹਾਂ ਕਿਹਾ ਕਿ ਪਰ ਉਨ੍ਹਾਂ ਨੂੰ ਸਭ ਤੋਂ ਵੱਡਾ ਡਰ ਸੀ ਆਪਣਾ ਮਾਣ-ਸਨਮਾਨ ਗਵਾਉਣ ਦਾ, ਜਦੋਂ ਉਨ੍ਹਾਂ ਨੇ ਗੈਂਗ ਮੈਂਬਰਾਂ ਨੂੰ ਇਹ ਕਹਿੰਦਿਆਂ ਸੁਣਿਆ ਕਿ ਉਸ ਦਾ ਬਲਾਤਕਾਰ ਕਰਕੇ ਵੀਡੀਓ ਬਣ ਕੇ ਪਰਿਵਾਰ ਨੂੰ ਭੇਜਣਗੇ।
ਆਖਿਰਕਾਰ, ਉਹ 500 ਡਾਲਰ ਦੇ ਕੇ ਬਚ ਨਿਕਲੇ।
ਅਸੀਂ ਇਰਾਨ ਸਰਕਾਰ ਨੂੰ ਪੁੱਛਿਆ ਕਿ ਇਨ੍ਹਾਂ ਗੈਂਗਾਂ ਨੂੰ ਫੜ੍ਹਨ ਲਈ ਕੀ ਕੀਤਾ ਜਾ ਰਿਹਾ ਹੈ, ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ।
ਇਰਾਨ ਵਾਲੇ ਪਾਸੇ ਬੀਬੀਸੀ ਨੂੰ ਰਿਪੋਰਟਿੰਗ ਕਰਨ ਤੋਂ ਬੈਨ ਕੀਤਾ ਗਿਆ ਹੈ, ਇਸ ਲਈ ਅਸੀਂ ਅਗਲੀ ਪੜਤਾਲ ਲਈ ਸਰਹੱਦ ਪਾਰ ਨਹੀਂ ਜਾ ਸਕੇ।
ਸਾਡੀ ਇੰਟਰਵਿਊ ਤੋਂ ਹਫ਼ਤਿਆਂ ਬਾਅਦ, ਸੈਦ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਹ ਫਿਰ ਤੁਰ ਪਏ ਹਨ ਅਤੇ ਫਿਰ ਤਹਿਰਾਨ ਪਹੁੰਚ ਗਏ ਹਨ। ਇਹ ਅੱਠ ਮਹੀਨੇ ਪਹਿਲਾਂ ਦੀ ਗੱਲ ਹੈ- ਉਸ ਤੋਂ ਬਾਅਦ ਸਾਡੀ ਉਨ੍ਹਾਂ ਨਾਲ ਕੋਈ ਗੱਲ ਨਹੀਂ ਹੋ ਸਕੀ ਹੈ।
ਅਮੀਨਾ ਜਿਹੇ ਉਹ ਲੋਕ ਜੋ ਤੁਰਕੀ ਪਹੁੰਚਣ ਵਿੱਚ ਕਾਮਯਾਬ ਰਹੇ, ਹੁਣ ਆਪਣੇ ਭਵਿੱਖ ਨੂੰ ਉਮੀਦਾਂ ਨਾਲ ਦੇਖਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, “ਮੈਂ ਹਾਰ ਨਹੀਂ ਮੰਨਾਂਗੀ, ਮੈਨੂੰ ਪਤਾ ਹੈ ਕਿ ਮੈਂ ਮਾਂ ਬਣਾਂਗੀ। ਮੈਂ ਜਾਣਦੀ ਹਾਂ ਕਿ ਮੈਂ ਮਜ਼ਬੂਤ ਰਹਾਂਗੀ।”
(ਸੁਰੱਖਿਆ ਦੇ ਲਿਹਾਜ਼ ਨਾਲ, ਇੰਟਰਵਿਊ ਦੇਣ ਵਾਲੇ ਕੁਝ ਲੋਕਾਂ ਦੇ ਨਾਮ ਇਸ ਰਿਪੋਰਟ ਵਿੱਚ ਬਦਲੇ ਗਏ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












