ਹਿੰਦ ਮਹਾਂਸਾਗਰ ਦੇ ਬ੍ਰਿਟਿਸ਼ ਟਾਪੂ ਉੱਤੇ ਫ਼ਸੇ ਦਰਜਨਾਂ ਪਰਵਾਸੀ - 'ਅਸੀਂ ਤੋਤੇ ਹਾਂ, ਅਸੀਂ ਪਿੰਜਰੇ ਵਿੱਚ ਹਾਂ'

ਮਛੇਰੇ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਇੱਕ ਪਰਵਾਸੀ ਵਲੋਂ ਦਿੱਤੀ ਗਈ ਤਸਵੀਰ ਜਿਸ ਵਿੱਚ ਲੋਕ ਮਛੇਰਿਆਂ ਦੀ ਕਿਸ਼ਤੀ ਵਿੱਚ ਬੈਠੇ ਨਜ਼ਰ ਆ ਰਹੇ ਹਨ
    • ਲੇਖਕ, ਐਲਿਸ ਕਡੀ ਅਤੇ ਸਵਾਮੀਨਾਥਨ ਨਟਰਾਜਨ
    • ਰੋਲ, ਬੀਬੀਸੀ ਨਿਊਜ਼

ਦਰਜਨਾਂ ਪ੍ਰਵਾਸੀ ਆਪਣੀ ਮੱਛੀ ਫੜਨ ਵਾਲੀ ਕਿਸ਼ਤੀ, ਜੋ ਡੁੱਬਣ ਜਾ ਰਹੀ ਸੀ, ਤੋਂ ਬਚਾਏ ਜਾਣ ਤੋਂ ਬਾਅਦ ਹਿੰਦ ਮਹਾਸਾਗਰ ਵਿੱਚ ਇੱਕ ਛੋਟੇ ਬ੍ਰਿਟਿਸ਼ ਦੀਪ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਫਸੇ ਹੋਏ ਹਨ।

ਉਹ ਕਿਸੇ ਸੁਰੱਖਿਅਤ ਥਾਂ 'ਤੇ ਜਾਣ ਲਈ ਬੇਤਾਬ ਹਨ। ਉਹ ਸਥਿਤੀਆਂ ਨੂੰ ਨਰਕ ਭਰਿਆ ਦੱਸਦੇ ਹਨ, ਪਰ ਟਾਪੂ ਦੀ ਗੁੰਝਲਦਾਰ ਕਾਨੂੰਨੀ ਸਥਿਤੀ ਕਾਰਨ ਉਹ ਡਰੇ ਅਤੇ ਬੇਵੱਸ ਮਹਿਸੂਸ ਕਰ ਰਹੇ ਹਨ।

ਸਾਰੇ ਪ੍ਰਵਾਸੀਆਂ ਦੇ ਨਾਂ ਬਦਲ ਦਿੱਤੇ ਗਏ ਹਨ।

ਅਕਤੂਬਰ 2021 ਦੀ ਇੱਕ ਸਵੇਰ, ਡਿਏਗੋ ਗਾਰਸੀਆ ਟਾਪੂ ਦੇ ਨੇੜੇ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਸਮੁੰਦਰ ਨਾਲ ਜੂਝਦੇ ਦੇਖਿਆ ਗਿਆ।

ਕਿਸ਼ਤੀ ਨੇ ਤੁਰੰਤ ਟਾਪੂ ਦੇ ਅਧਿਕਾਰੀਆਂ ਦਾ ਧਿਆਨ ਖਿੱਚਿਆ। ਕਿਸੇ ਹੋਰ ਆਬਾਦੀ ਤੋਂ ਸੈਂਕੜੇ ਮੀਲ ਦੂਰ ਟਾਪੂ ਉੱਤੇ ਇੱਕ ਗੁਪਤ ਯੂਕੇ-ਯੂਐਸ ਆਰਮੀ ਬੇਸ ਹੈ। ਇੱਥੇ ਅਣਅਧਿਕਾਰਤ ਦਾਖਲੇ ਦੀ ਮਨਾਹੀ ਹੈ।

ਜਲਦੀ ਹੀ ਸਪੱਸ਼ਟ ਹੋ ਗਿਆ ਕਿ ਕਿਸ਼ਤੀ ਸਵਾਰ 89 ਜਣੇ, ਸ਼੍ਰੀਲੰਕਾਈ ਤਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜ਼ੁਲਮਾਂ ਤੋਂ ਭੱਜ ਰਹੇ ਸਨ ਪਰ ਉਨ੍ਹਾਂ ਦਾ ਟਾਪੂ 'ਤੇ ਉਤਰਨ ਦਾ ਕੋਈ ਇਰਾਦਾ ਨਹੀਂ ਸੀ।

ਉਨ੍ਹਾਂ ਨੇ ਕੈਨੇਡਾ ਵਿੱਚ ਸ਼ਰਣ ਲੈਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੇ ਦਾਅਵਿਆਂ ਦੀ ਪੁਸ਼ਟੀ ਨਕਸ਼ੇ, ਡਾਇਰੀਆਂ ਅਤੇ ਜੀਪੀਐਸ ਡੇਟਾ ਵੀ ਕਰ ਰਿਹਾ ਸੀ। ਉਹ ਖ਼ਰਾਬ ਮੌਸਮ ਅਤੇ ਕਿਸ਼ਤੀ ਦੇ ਇੰਜਣ ਕਾਰਨ ਆਪਣੇ ਰਾਹ ਤੋਂ ਭਟਕ ਗਏ ਸਨ।

ਤਾਮਿਲ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਤਾਮਿਲ ਲੋਕ ਕਿਸ਼ਤੀਆਂ ’ਚ ਬਹਿ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦੇ ਹੋਏ

ਮਾੜੇ ਹਾਲਾਤ

ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਜਿਵੇਂ ਹੀ ਕਿਸ਼ਤੀ ਮੁਸੀਬਤ ਵਿੱਚ ਫ਼ਸ ਗਈ ਤਾਂ ਉਨ੍ਹਾਂ ਨੇ ਸੁਰੱਖਿਆ ਦੇ ਨਜ਼ਦੀਕੀ ਸਥਾਨ ਦੀ ਭਾਲ ਸ਼ੁਰੂ ਕਰ ਦਿੱਤੀ। "ਅਸੀਂ ਥੋੜ੍ਹੀ ਜਿਹੀ ਰੋਸ਼ਨੀ ਦੇਖੀ ਅਤੇ ਡਿਏਗੋ ਗਾਰਸੀਆ ਵੱਲ ਵਧਣਾ ਸ਼ੁਰੂ ਕਰ ਦਿੱਤਾ।"

ਬ੍ਰਿਟੇਨ ਦੀ ਰਾਇਲ ਨੇਵੀ ਦਾ ਇੱਕ ਜਹਾਜ਼ ਕਿਸ਼ਤੀ ਨੂੰ ਜ਼ਮੀਨ ਵੱਲ ਲੈ ਕੇ ਗਿਆ ਅਤੇ ਸਮੂਹ ਨੂੰ ਆਰਜੀ ਰਿਹਾਇਸ਼ ਵਿੱਚ ਰੱਖਿਆ ਗਿਆ।

ਇਹ 20 ਮਹੀਨੇ ਪਹਿਲਾਂ ਦੀ ਗੱਲ ਹੈ। ਟਾਪੂ ਦੇ ਅਧਿਕਾਰੀਆਂ ਅਤੇ ਰਾਜਧਾਨੀ ਲੰਡਨ ਵਿਚਕਾਰ ਸੰਚਾਰ ਤੋਂ ਇਸ ਗੱਲ ਦਾ ਸੁਰਾਗ ਮਿਲਦਾ ਹੈ ਕਿ ਇਹ ਪ੍ਰਵਾਸੀ ਅਜੇ ਤੱਕ ਵੀ ਉੱਥੇ ਕਿਉਂ ਹਨ।

ਉਨ੍ਹਾਂ ਵਿੱਚੋਂ ਕੁਝ ਨੇ ਤਾਂ ਆਪਣੀ ਗੰਭੀਰ ਸਥਿਤੀ ਕਾਰਨ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਹੈ।

ਤਾਮਿਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਪੁਰਾਣੀ ਤਸਵੀਰ

ਅਧਿਕਾਰੀਆਂ ਦਾ ਸੰਘਰਸ਼

ਇਨ੍ਹਾਂ ਲੋਕਾਂ ਦੇ ਉੱਥੇ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਇਨ੍ਹਾਂ ਵਿੱਚੋਂ ਕੁਝ ਦੇ ਇੱਕ ਵਕੀਲ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਤੋਂ ਸੂਚਨਾ ਦੇ ਹੱਕ ਤਹਿਤ ਕੁਝ ਜਾਣਕਾਰੀ ਦੀ ਮੰਗ ਕੀਤੀ।

ਇਹ ਜਾਣਕਾਰੀ ਬੀਬੀਸੀ ਨਾਲ ਵੀ ਸਾਂਝੀ ਕੀਤੀ ਗਈ ਹੈ। ਪੱਤਰਾਕਾਰ ਤੋਂ ਮਾਲੂਮ ਹੁੰਦਾ ਹੈ ਕਿ ਅਧਿਕਾਰੀ ਇਸ ਘਟਨਾਕ੍ਰਮ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ।

ਸ਼ੁਰੂਆਤੀ ਸੰਦੇਸ਼ਾਂ ਵਿੱਚ "ਇੰਜਣ ਦੀ ਮੁਰੰਮਤ ਦੇ ਵਿਕਲਪ" ਵਿਚਾਰੇ ਗਏ ਹਨ, ਪਰ ਫਿਰ ਇਹ ਵੀ ਕਿਹਾ ਗਿਆ ਕਿ "ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ" ਕਿ ਸਮੂਹ ਡਿਏਗੋ ਗਾਰਸੀਆ ਤੋਂ ਸ਼ਰਣ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕਰੇਗਾ।

ਅਗਲੇ ਦਿਨ ਤੱਕ, ਉਹ ਕਿਆਸ ਹਕੀਕਤ ਬਣ ਗਿਆ ਸੀ।

ਬ੍ਰਿਟੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਬਰਤਾਨਵੀਂ ਕਮਾਂਡਰਾਂ ਨਾਲ ਟਾਕਰਾ

ਤਾਮਿਲਾਂ ਨੇ ਟਾਪੂ 'ਤੇ ਬ੍ਰਿਟਿਸ਼ ਬਲਾਂ ਦੇ ਕਮਾਂਡਰ ਨੂੰ ਇੱਕ ਅਰਜੀ ਦਿੱਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ 18 ਦਿਨ ਪਹਿਲਾਂ ਭਾਰਤ ਵਿੱਚ ਤਾਮਿਲਨਾਡੂ ਤੋਂ ਅਤਿਆਚਾਰ ਤੋਂ ਬਚਣ ਲਈ ਰਵਾਨਾ ਹੋਏ ਸਨ, ਅਤੇ ਉਨ੍ਹਾਂ ਨੇ "ਕਿਸੇ ਸੁਰੱਖਿਅਤ ਦੇਸ਼ ਵਿੱਚ ਭੇਜਣ ਦੀ ਇੱਛਾ ਜ਼ਾਹਰ ਕੀਤੀ"।

ਕਈਆਂ ਨੇ ਉਦੋਂ ਤੋਂ ਸ੍ਰੀਲੰਕਾ ਵਿੱਚ ਸਾਬਕਾ ਤਾਮਿਲ ਟਾਈਗਰ ਬਾਗੀਆਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਹੈ, ਜੋ 2009 ਵਿੱਚ ਖ਼ਤਮ ਹੋਈ ਘਰੇਲੂ ਜੰਗ ਵਿੱਚ ਹਾਰ ਗਏ ਸਨ।

ਉਹ ਕਹਿੰਦੇ ਹਨ ਕਿ ਨਤੀਜੇ ਵਜੋਂ ਉਨ੍ਹਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਲੋਕ ਤਸ਼ੱਦਦ ਜਾਂ ਜਿਨਸੀ ਹਮਲੇ ਦੇ ਸ਼ਿਕਾਰ ਹੋਣ ਦੇ ਵੀ ਇਲਜ਼ਾਮ ਲਗਾਉਂਦੇ ਹਨ।

ਵਿਦੇਸ਼ੀ ਖੇਤਰਾਂ ਦੇ ਡਾਇਰੈਕਟਰ, ਪੌਲ ਕੈਂਡਲਰ ਦੁਆਰਾ ਲੰਡਨ ਵਿੱਚ ਪ੍ਰਵਾਨ ਕੀਤੇ ਗਏ ਇੱਕ ਅਧਿਕਾਰਤ "ਜਾਣਕਾਰੀ ਨੋਟ" ਵਿੱਚ ਕਿਹਾ ਗਿਆ ਕਿ ਸਮੂਹ ਨੇ "ਅਚਾਨਕ" ਆ ਕੇ ਪਹਿਲੀ ਵਾਰ ਬ੍ਰਿਟਿਸ਼ ਇੰਡੀਅਨ ਓਸ਼ੀਅਨ ਟੈਰੀਟਰੀ ਟਾਪੂਆਂ 'ਤੇ ਸ਼ਰਣ ਮੰਗੀ ਸੀ।

ਨੋਟ ਵਿੱਚ ਅੱਗੇ ਕਿਹਾ ਗਿਆ ਕਿ, ਜੇਕਰ ਇੱਥੇ ਮੀਡੀਆ ਪਹੁੰਚਦਾ ਹੈ, ਤਾਂ ਬਚਾਅ ਵਿੱਚ ਅਧਿਕਾਰਿਤ ਤੌਰ 'ਤੇ ਕਿਹਾ ਜਾਵੇਗਾ ਕਿ ਯੂਕੇ ਸਰਕਾਰ "ਘਟਨਾ ਤੋਂ ਜਾਣੂ" ਸੀ ਅਤੇ "ਸਥਿਤੀ ਨੂੰ ਸੁਲਝਾਉਣ ਲਈ ਫੁਰਤੀ ਨਾਲ਼ ਕੰਮ ਕਰ ਰਹੀ ਸੀ"।

ਨੋਟ ਮੁਤਾਬਕ, ਇਸ ਸਮੂਹ ਕੋਲ "ਮੌਜੂਦਾ ਸਮੇਂ ਵਿੱਚ ਬਾਹਰੀ ਦੁਨੀਆ ਨਾਲ ਸੰਪਰਕ ਦਾ ਕੋਈ ਸਾਧਨ ਨਹੀਂ ਹੈ... [ਪਰ] ਸਮਾਂ ਬੀਤਣ ਦੇ ਨਾਲ ਖ਼ਬਰਾਂ ਦੇ ਫ਼ੈਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ।"

ਆਉਣ ਵਾਲੇ ਮਹੀਨਿਆਂ ਵਿੱਚ, ਜਿਵੇਂ ਕਿ ਲੰਡਨ ਅਤੇ ਸਥਾਨਕ ਪ੍ਰਸ਼ਾਸਨ ਦਰਮਿਆਨ ਸੁਨੇਹਿਆਂ ਦਾ ਲੈਣ-ਦੇਣ ਹੋ ਰਿਹਾ ਸੀ, ਡਿਏਗੋ ਗਾਰਸੀਆ ਉੱਤੇ ਹੋਰ ਕਿਸ਼ਤੀਆਂ ਵੀ ਆ ਗਈਆਂ।

ਵਕੀਲਾਂ ਦਾ ਅੰਦਾਜ਼ਾ ਹੈ ਕਿ ਕੈਂਪ ਵਿੱਚ ਇੱਕ ਸਮੇਂ ਲੋਕਾਂ ਦੀ ਸੰਖਿਆ ਵੱਧ ਕੇ ਘੱਟ ਤੋਂ ਘੱਟ 150 ਹੋ ਗਈ, ਜਿਵੇਂ ਕਿ ਦੂਸਰੇ ਹੋਰ ਲੋਕ ਵੀ ਸ਼੍ਰੀਲੰਕਾ ਤੋਂ ਇਸ ਟਾਪੂ 'ਤੇ ਪਹੁੰਚ ਰਹੇ ਸਨ।

ਇਸ ਦੌਰਾਨ ਸ਼ਰਣ ਲੈਣ ਵਾਲਿਆਂ ਨੂੰ ਵੀ ਉਨ੍ਹਾਂ ਦੀ ਮੌਜੂਦਾ ਸਥਿਤੀ ਦੀ ਅਸਲੀਅਤ ਦਾ ਪਤਾ ਲੱਗਣ ਲੱਗਾ ਸੀ।

ਟੈਂਟ ਦੀ ਰਿਹਾਇਸ਼

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਇਸ ਇੱਕ ਇੱਕ ਟੈਂਟ ਵਿੱਚ ਦਰਜਨ ਤੋਂ ਵੀ ਵੱਧ ਲੋਕ ਇਕੱਠੇ ਰਹਿੰਦੇ ਹਨ

ਮਹਿਜ਼ ਖਾਣ ਨੂੰ ਮਿਲ ਜਾਣਾ ਹੀ ਖ਼ੁਸੀ ਦਾ ਕਾਰਨ ਬਣਿਆ

ਪ੍ਰਵਾਸੀਆਂ ਵਿੱਚੋਂ ਇੱਕ ਲਖਾਨੀ ਨੇ ਪਿਛਲੇ ਮਹੀਨੇ ਬੀਬੀਸੀ ਨੂੰ ਦੱਸਿਆ, "ਮੈਂ ਸ਼ੁਰੂ ਵਿੱਚ ਇਹ ਸੋਚ ਕੇ ਖੁਸ਼ ਸੀ ਕਿ: 'ਮੈਂ ਬਚ ਗਿਆ, ਮੈਨੂੰ ਭੋਜਨ ਮਿਲ ਰਿਹਾ ਹੈ, ਅਤੇ ਮੈਂ ਤਸੀਹਿਆਂ ਤੋਂ ਦੂਰ ਹਾਂ।"

ਹਾਲਾਂਕਿ ਉਸਨੇ ਕਿਹਾ ਕਿ ਗਰਮ ਦੇਸ਼ਾਂ ਦੇ ਟਾਪੂ ਦੀ ਸ਼ਰਨ ਉਨ੍ਹਾਂ ਲਈ ਜਲਦੀ ਹੀ "ਇੱਕ ਨਰਕ ਬਣ ਗਈ।"

ਉਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਇੱਕ ਵਿਅਕਤੀ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਜੋ ਉਸੇ ਕਿਸ਼ਤੀ ਵਿੱਚ ਸਫ਼ਰ ਕਰ ਰਿਹਾ ਸੀ ਅਤੇ ਉਸੇ ਤੰਬੂ ਵਿੱਚ ਉਸ ਨੂੰ ਰੱਖਿਆ ਗਿਆ ਸੀ।

ਉਸਨੇ ਕਿਹਾ, "ਮੈਂ ਚੀਕਣਾ ਸ਼ੁਰੂ ਕਰ ਦਿੱਤਾ, ਪਰ ਕੋਈ ਵੀ ਮਦਦ ਲਈ ਨਹੀਂ ਆਇਆ।"

ਜਦੋਂ ਉਸਨੇ ਖ਼ੁਦ ਕੀਤੀ ਤਾਂ ਉਹ ਕਹਿੰਦੀ ਹੈ ਕਿ ਉਸਨੂੰ ਕਿਹਾ ਗਿਆ ਸੀ ਕਿ ਸਬੂਤ ਇਕੱਠੇ ਕਰਨਾ ਮੁਸ਼ਕਲ ਸੀ ਕਿਉਂਕਿ ਉਸਨੇ ਆਪਣੇ ਕੱਪੜੇ ਧੋ ਦਿੱਤੇ ਸਨ।

ਉਹ ਕਹਿੰਦੀ ਹੈ ਕਿ ਉਸਨੂੰ ਲਗਭਗ ਇੱਕ ਹਫ਼ਤੇ ਤੱਕ ਉਸੇ ਤੰਬੂ ਵਿੱਚ ਉਸ ਕਥਿਤ ਹਮਲਾਵਰ ਦੇ ਨਾਲ਼ ਰਹਿਣਾ ਪਿਆ ਜਦੋਂ ਤੱਕ ਅਧਿਕਾਰੀਆਂ ਨੇ ਆਖਰਕਾਰ ਉਸ ਹਮਲਾਵਰ ਨੂੰ ਉਥੋਂ ਕਿਤੇ ਹੋਰ ਨਹੀਂ ਭੇਜ ਦਿੱਤਾ।

ਯੂਕੇ ਸਰਕਾਰ ਅਤੇ ਬੀਆਈਓਟੀ ਪ੍ਰਸ਼ਾਸਨ ਨੇ ਇਸ ਇਲਜ਼ਾਮ ਬਾਰੇ ਟਿੱਪਣੀ ਲਈ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ।

ਲਕਸ਼ਾਨੀ ਅਤੇ ਹੋਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਜਾਂ ਜਿਨ੍ਹਾਂ ਲੋਕਾਂ ਨੂੰ ਉਹ ਜਾਣਦੇ ਸਨ ਉਨ੍ਹਾਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਜਾਂ ਦਮ ਘੁੱਟਣ ਵਾਲੀਆਂ ਸਥਿਤੀਆਂ ਵਿੱਚ ਆਪਣੇ ਆਪ ਨੂੰ ਨੁਕਸਾਨ ਪਹੁੰਚਾਇਆ ਸੀ। ਕੁਝ ਨੇ ਤਿੱਖੀਆਂ ਵਸਤੂਆਂ ਨਿਗਲਣ ਦੀ ਵੀ ਕੋਸ਼ਿਸ਼ ਕੀਤੀ ਸੀ।

ਵਕੀਲਾਂ ਦਾ ਕਹਿਣਾ ਹੈ ਕਿ ਉਹ ਉਸ ਕੈਂਪ ਵਿੱਚ ਘੱਟੋ-ਘੱਟ 12 ਖ਼ੁਦਕੁਸ਼ੀ ਦੀਆਂ ਕੋਸ਼ਿਸ਼ਾਂ ਅਤੇ ਘੱਟੋ-ਘੱਟ ਦੋ ਜਿਣਸੀ ਹਮਲਿਆਂ ਦੇ ਇਲਜ਼ਾਮਾਂ ਤੋਂ ਜਾਣੂ ਹਨ।

ਥਕਾਨ ਨਾਲ ਚੂਰ ਹੋਣਾ

ਇੱਕ ਹੋਰ ਪ੍ਰਵਾਸੀ ਵਿਥੁਸਨ ਨੇ ਕਿਹਾ, "ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਗਏ ਹਾਂ... ਅਸੀਂ ਬੇਜਾਨ ਜ਼ਿੰਦਗੀ ਜੀ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਮੁਰਦੇ ਵਾਂਗ ਜੀ ਰਿਹਾ ਹਾਂ।"

ਉਸਨੇ ਬੀਬੀਸੀ ਨੂੰ ਦੱਸਿਆ ਕਿ ਉਸਨੇ ਦੋ ਵਾਰ ਆਪਣੇ ਆਪ ਨੂੰ ਨੁਕਸਾਨ ਪਹੁੰਚਾਇਆ ਹੈ।

ਇੱਕ ਹੋਰ ਵਿਅਕਤੀ, ਆਧਵਨ ਨੇ ਕਿਹਾ ਕਿ ਸੁਰੱਖਿਆ ਲਈ ਉਸ ਦੇ ਸ਼ੁਰੂਆਤੀ ਦਾਅਵੇ ਨੂੰ ਰੱਦ ਕਰਨ ਤੋਂ ਬਾਅਦ, ਉਸਨੇ "ਸਾਰੀ ਉਮੀਦ ਗੁਆ ਦਿੱਤੀ" ਅਤੇ ਆਪਣੀ ਜਾਨ ਲੈਣ ਦਾ ਫ਼ੈਸਲਾ ਕੀਤਾ।

ਉਸਨੇ ਦੱਸਿਆ, “ਮੈਂ ਇੱਥੇ ਹਮੇਸ਼ਾ ਪਿੰਜਰੇ ਵਿੱਚ ਬੰਦ ਜਾਨਵਰ ਵਾਂਗ ਨਹੀਂ ਰਹਿਣਾ ਚਾਹੁੰਦਾ ਸੀ।”

ਉਸਨੇ ਕੈਂਪ ਵਿੱਚ ਇੱਕ ਹੋਰ ਪ੍ਰਵਾਸੀ ਨੂੰ ਆਪਣੀ ਖੁਦਕੁਸ਼ੀ ਦੀ ਕੋਸ਼ਿਸ਼ ਬਾਰੇ ਦੱਸਿਆ ਅਤੇ ਉਸਨੇ ਕੈਂਪ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੈਡੀਕਲ ਇਲਾਜ ਦਾ ਪ੍ਰਬੰਧ ਕੀਤਾ।

ਇੱਕ ਹੋਰ ਔਰਤ ਸ਼ਾਂਤੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।

ਲਕਸ਼ਾਨੀ ਨੇ ਕਿਹਾ ਕਿ ਇੱਕ ਅਧਿਕਾਰੀ ਵੱਲੋਂ ਸਤਾਏ ਜਾਣ ਕਾਰਨ ਉਸਨੇ ਖ਼ੁਦ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਨੂੰ ਕਿਹਾ ਗਿਆ ਸੀ ਕਿ ਉਸਨੂੰ ਸ਼੍ਰੀਲੰਕਾ ਵਾਪਸ ਭੇਜਿਆ ਜਾਵੇਗਾ, ਜਿੱਥੇ ਉਸਨੇ ਇਲਜ਼ਾਮ ਲਗਾਇਆ ਹੈ ਕਿ 2021 ਵਿੱਚ ਫ਼ੌਜੀਆਂ ਵੱਲੋਂ ਉਸਦੇ ਨਾਲ ਬਲਾਤਕਾਰ ਕੀਤੇ ਗਏ ਅਤੇ ਤਸੀਹੇ ਦਿੱਤੇ ਗਏ ਸਨ।

ਪਰਵਾਸੀ

ਤਸਵੀਰ ਸਰੋਤ, HANDOUT

ਤਸਵੀਰ ਕੈਪਸ਼ਨ, ਇਨ੍ਹਾਂ ਪੰਜ ਪਰਵਾਸੀਆਂ ਨੂੰ ਮੈਡੀਕਲ ਚੈੱਕਅੱਪ ਲਈ ਲਿਆਂਦਾ ਗਿਆ ਸੀ

ਯੂਕੇ ਸਰਕਾਰ ਅਤੇ ਜੀ4ਐੱਸ (ਪ੍ਰਵਾਸੀ ਕੈਂਪ ਦੀ ਸੁਰੱਖਿਆ ਲਈ ਲਿਆਂਦੀ ਗਈ ਨਿੱਜੀ ਸੁਰੱਖਿਆ ਕੰਪਨੀ) ਨੇ ਇਸ ਖਾਸ ਦਾਅਵੇ 'ਤੇ ਟਿੱਪਣੀ ਲਈ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ।

ਜੀ4ਐਸ ਨੇ ਕਿਹਾ ਕਿ ਇਸਦੇ ਅਧਿਕਾਰੀ ਟਾਪੂ 'ਤੇ ਪ੍ਰਵਾਸੀਆਂ ਨਾਲ "ਹਰ ਵੇਲੇ ਮਾਣ ਅਤੇ ਸਤਿਕਾਰ" ਨਾਲ ਪੇਸ਼ ਆਉਂਦੇ ਹਨ, ਜਦੋਂ ਕਿ ਯੂਕੇ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਬੀਆਈਓਟੀ 'ਤੇ ਪ੍ਰਵਾਸੀਆਂ ਦੀ "ਕਲਿਆਣ ਅਤੇ ਸੁਰੱਖਿਆ" "ਸਭ ਤੋਂ ਮਹੱਤਵਪੂਰਨ" ਹੈ ਅਤੇ "ਬਦਸਲੂਕੀ ਦੇ ਸਾਰੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਪੂਰੀ ਤਰ੍ਹਾਂ ਜਾਂਚ ਕੀਤੀ ਗਈ"।

ਸਰਕਾਰੀ ਬੁਲਾਰੇ ਨੇ ਅੱਗੇ ਕਿਹਾ ਕਿ ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਪ੍ਰਸ਼ਾਸਨ (ਬੀਆਈਓਟੀ) ਪ੍ਰਵਾਸੀਆਂ ਨੂੰ "ਵਿਆਪਕ ਡਾਕਟਰੀ ਸਹਾਇਤਾ" ਪ੍ਰਦਾਨ ਕਰ ਰਿਹਾ ਹੈ।

ਟਾਪੂ 'ਤੇ ਭੁੱਖ ਹੜਤਾਲਾਂ ਵੀ ਹੋਈਆਂ ਹਨ ਅਤੇ ਵਕੀਲਾਂ ਦੇ ਦਾਅਵਿਆਂ ਮੁਤਾਬਕ ਇਨ੍ਹਾਂ ਹੜਤਾਲਾਂ ਵਿੱਚ ਬੱਚੇ ਵੀ ਸ਼ਾਮਲ ਸਨ।

BBC

ਸ਼੍ਰੀਲੰਕਾਈ ਜਾਨ ਬਚਾਉਣ ਲਈ ਘਰੋਂ ਨਿਕਲੇ

  • ਭਾਰਤ ਵਿੱਚ ਤਾਮਿਲਨਾਡੂ ਤੋਂ ਅਤਿਆਚਾਰ ਤੋਂ ਬਚਣ ਲਈ ਰਵਾਨਾ ਹੋਣ ਲੱਗਿਆਂ ਉਨ੍ਹਾਂ ਨੇ "ਕਿਸੇ ਸੁਰੱਖਿਅਤ ਦੇਸ਼ ਪਹੁੰਚਣ ਦੀ ਇੱਛਾ ਜ਼ਾਹਰ ਕੀਤੀ।
  • ਕਈਆਂ ਨੇ ਉਦੋਂ ਤੋਂ ਸ੍ਰੀਲੰਕਾ ਵਿੱਚ ਸਾਬਕਾ ਤਾਮਿਲ ਟਾਈਗਰ ਬਾਗੀਆਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਹੈ, ਜੋ 2009 ਵਿੱਚ ਖ਼ਤਮ ਹੋਈ ਘਰੇਲੂ ਜੰਗ ਵਿੱਚ ਹਾਰ ਗਏ ਸਨ।
  • ਕੈਂਪ ਵਿੱਚ ਇੱਕ ਸਮੇਂ ਲੋਕਾਂ ਦੀ ਸੰਖਿਆ ਵੱਧ ਕੇ ਘੱਟ ਤੋਂ ਘੱਟ 150 ਹੋ ਗਈ, ਜਿਵੇਂ ਕਿ ਦੂਸਰੇ ਹੋਰ ਲੋਕ ਵੀ ਸ਼੍ਰੀਲੰਕਾ ਤੋਂ ਇਸ ਟਾਪੂ 'ਤੇ ਪਹੁੰਚ ਰਹੇ ਸਨ।
  • ਇਹ ਲੋਕ ਬਰਤਾਨਵੀ ਟੈਰਿਟਰੀ ਵਿੱਚ ਪਹੁੰਚ ਗਏ
  • ਵਰਤਮਾਨ ਵਿੱਚ, ਘੱਟੋ ਘੱਟ 60 ਤਾਮਿਲ ਟੈਰਿਟਰੀ 'ਤੇ ਰਹਿ ਰਹੇ ਹਨ ਤੇ ਪਨਾਹ ਦੀ ਮੰਗ ਕਰ ਰਹੇ ਹਨ
  • 20 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ, ਇੱਕ ਪਨਾਹ ਮੰਗਣ ਵਾਲੇ ਨੇ ਕਿਹਾ ਕਿ ਹਰ ਕੋਈ "ਆਪਣੀ ਉਮੀਦ ਗੁਆ ਚੁੱਕਾ ਹੈ"।
BBC

ਡਾਕਟਰੀ ਇਲਾਜ ਦੀ ਵੀ ਦਿੱਕਤ ਸੀ

ਵਕੀਲਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਕਮਿਸ਼ਨਰ ਨੇ ਪ੍ਰਵਾਸੀਆਂ ਦੇ ਫ਼ੋਨ ਜ਼ਬਤ ਕਰ ਲਏ, ਅਤੇ ਡਾਕਟਰੀ ਇਲਾਜ ਦੇਣਾ ਬੰਦ ਕਰ ਦਿੱਤਾ, "ਜਦੋਂ ਤੱਕ ਕਿ ਵਿਅਕਤੀ ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਪ੍ਰਸ਼ਾਸਨ ਦੀਆਂ ਕੁਝ ਜ਼ਿੰਮੇਵਾਰੀਆਂ ਨੂੰ ਰੱਦ ਕਰਨ ਵਾਲੇ ਇੱਕ ਫਾਰਮ 'ਤੇ ਦਸਤਖਤ ਕਰਨ ਲਈ ਤਿਆਰ ਨਹੀਂ ਸਨ" ਹੋ ਗਏ।

ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਪ੍ਰਸ਼ਾਸਨ ਨੇ ਅਦਾਲਤੀ ਹਲਫ਼ਨਾਮੇ ਵਿੱਚ ਇਸ ਇਲਜ਼ਾਮ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਇੱਕ ਭੁੱਖ ਹੜਤਾਲ ਦੇ ਜਵਾਬ ਵਿੱਚ, ਕੈਂਪ ਤੋਂ ਤਿੱਖੀ ਵਸਤੂਆਂ ਨੂੰ ਹਟਾ ਦਿੱਤਾ ਗਿਆ ਸੀ ਅਤੇ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਹੋਰ ਉਪਾਅ ਵੀ ਕੀਤੇ ਗਏ ਸਨ।

ਸਾਰੇ ਸਹਿਮਤ ਹੋ ਸਕਦੇ ਹਨ ਕਿ ਡਿਏਗੋ ਗਾਰਸੀਆ ਮਿਲਟਰੀ ਬੇਸ ਪਨਾਹ ਮੰਗਣ ਵਾਲਿਆਂ ਨੂੰ ਰੱਖਣ ਦੇ ਇਰਾਦੇ ਲਈ ਨਹੀਂ ਬਣਾਇਆ ਗਿਆ ਸੀ।

ਬ੍ਰਿਟੇਨ ਨੇ 1965 ਵਿੱਚ ਚਾਗੋਸ ਟਾਪੂਆਂ ਦਾ ਕਬਜ਼ਾ ਆਪਣੀ ਤਤਕਾਲੀ ਬਸਤੀ, ਮਾਰੀਸ਼ਸ ਤੋਂ ਲਿਆ ਸੀ। ਆਰਮੀ ਬੇਸ ਲਈ ਰਸਤਾ ਬਣਾਉਣ ਲਈ ਇੱਥੋਂ 1,000 ਤੋਂ ਵੱਧ ਲੋਕਾਂ ਦੀ ਆਬਾਦੀ ਨੂੰ ਬੇਦਖਲ ਕੀਤਾ ਗਿਆ।

ਪਿਛਲੇ ਕੁਝ ਦਹਾਕਿਆਂ ਵਿੱਚ, ਅਫਗਾਨਿਸਤਾਨ ਅਤੇ ਇਰਾਕ ਵਿੱਚ ਬੰਬਾਰੀ ਕਰਨ ਲਈ ਅਮਰੀਕੀ ਜਹਾਜ਼ਾਂ ਨੂੰ ਬੇਸ ਤੋਂ ਭੇਜਿਆ ਗਿਆ ਹੈ। ਇਸ ਨੂੰ ਕਥਿਤ ਤੌਰ 'ਤੇ ਸੀਆਈਏ ਲਈ ਇੱਕ ਅਖੌਤੀ "ਬਲੈਕ ਸਾਈਟ" ਵਜੋਂ ਵੀ ਵਰਤਿਆ ਗਿਆ ਹੈ। ਕਿਸੇ ਬਲੈਕ ਸਾਈਟ ਨੂੰ ਅੱਤਵਾਦੀ ਸ਼ੱਕੀਆਂ ਨੂੰ ਰੱਖਣ ਅਤੇ ਪੁੱਛਗਿੱਛ ਕਰਨ ਲਈ ਵਰਤਿਆ ਜਾਂਦਾ ਹੈ।

ਲੰਡਨ ਵਿੱਚ ਦਾਇਰ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਫ਼ੌਜੀ ਕਰਮਚਾਰੀਆਂ ਦੇ ਕੋਵਿਡ ਇਕਾਂਤਵਾਸ ਲਈ ਲਗਾਏ ਗਏ ਤੰਬੂ ਇੱਕ ਆਰਜੀ ਪ੍ਰਵਾਸੀ ਕੈਂਪ ਵਜੋਂ ਵਰਤੇ ਜਾ ਰਹੇ ਹਨ।

ਕੈਂਪ ਦੇ ਦੁਆਲੇ ਵਾੜਾਂ ਹਨ, ਅਤੇ ਅੰਦਰ ਬੁਨਿਆਦੀ ਡਾਕਟਰੀ ਸਹੂਲਤਾਂ ਅਤੇ ਇੱਕ ਕੰਟੀਨ ਹੈ। ਜੇ ਪ੍ਰਵਾਸੀ ਉੱਥੋਂ ਬਾਹਰ ਜਾਂਦੇ ਹਨ ਤਾਂ ਜੀ4ਐਸ ਗਾਰਡ ਉਨ੍ਹਾਂ ਦੇ ਨਾਲ ਹੋਣੇ ਚਾਹੀਦੇ ਹਨ।

ਸ਼ਾਂਤੀ ਨੇ ਆਜ਼ਾਦੀ ਦੀ ਘਾਟ ਬਾਰੇ ਕਿਹਾ, "ਅਸੀਂ ਤੋਤੇ ਹਾਂ, ਅਸੀਂ ਪਿੰਜਰੇ ਵਿੱਚ ਹਾਂ।"

ਬ੍ਰਿਟੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਵਾਪਸ ਪਰਤਣਾ

ਕੁਝ ਪ੍ਰਵਾਸੀ ਘਰ ਪਰਤ ਆਏ ਹਨ। ਉਨ੍ਹਾਂ ਨੇ ਜਾਂ ਤਾਂ ਸ਼ਰਣ ਦਾ ਆਪਣਾ ਦਾਅਵਾ ਖ਼ੁਦ ਹੀ ਛੱਡ ਦਿੱਤਾ ਹੈ ਜਾਂ ਰੱਦ ਕਰ ਦਿੱਤਾ ਗਿਆ ਹੈ।

ਵਕੀਲਾਂ ਦਾ ਕਹਿਣਾ ਹੈ ਕਿ ਦੂਸਰੇ ਹਿੰਦ ਮਹਾਸਾਗਰ ਦੇ ਇੱਕ ਹੋਰ ਟਾਪੂ ਰੀਯੂਨੀਅਨ ਲਈ ਰਵਾਨਾ ਹੋ ਗਏ। ਰੀਯੂਨੀਅਨ ਇੱਕ ਫਰਾਂਸੀਸੀ ਖੇਤਰ ਹੈ, ਜਿੱਥੇ ਉਨ੍ਹਾਂ ਨੂੰ ਸ਼ਰਣ ਮਿਲਣ ਦੀ ਉਮੀਦ ਹੈ।

ਵਰਤਮਾਨ ਵਿੱਚ, ਘੱਟੋ ਘੱਟ 60 ਤਾਮਿਲ ਟੈਰਿਟਰੀ 'ਤੇ ਰਹਿ ਰਹੇ ਹਨ। ਉਹ ਆਪਣੀ ਕਿਸਮਤ ਬਾਰੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ ਜਾਂ ਯੂਕੇ ਵਿੱਚ ਹਜ਼ਾਰਾਂ ਮੀਲ ਦੂਰ ਗੁੰਝਲਦਾਰ ਕਾਨੂੰਨੀ ਪ੍ਰਕਿਰਿਆਵਾਂ ਰਾਹੀਂ ਪੁਰਾਣੇ ਫ਼ੈਸਲਿਆਂ ਨੂੰ ਚੁਣੌਤੀ ਦੇ ਰਹੇ ਹਨ।

ਯੂਕੇ ਨੇ ਸ਼ਰਨਾਰਥੀਆਂ ਪ੍ਰਤੀ ਵਿਹਾਰ ਬਾਰੇ ਕੌਮਾਂਤਰੀ ਕਾਨੂੰਨਾਂ 'ਤੇ ਦਸਤਖ਼ਤ ਕੀਤੇ ਹੋਏ ਹਨ, ਜਦਕਿ ਅਦਾਲਤੀ ਕਾਗਜ਼ ਕਹਿੰਦੇ ਹਨ ਕਿ ਇਹ ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ 'ਤੇ ਲਾਗੂ ਨਹੀਂ ਹੁੰਦੇ।

ਜਿਸ ਨੂੰ ਕਿ "ਸੰਵਿਧਾਨਕ ਤੌਰ 'ਤੇ ਯੂਕੇ ਤੋਂ ਵੱਖਰਾ" ਦੱਸਿਆ ਗਿਆ ਹੈ।

ਇੱਕ ਵੱਖਰੀ ਪ੍ਰਕਿਰਿਆ, ਜੋ ਇਸ ਵਿਚਾਰ 'ਤੇ ਅਧਾਰਤ ਹੈ ਕਿ ਕਿਸੇ ਨੂੰ ਵੀ ਅਜਿਹੇ ਦੇਸ਼ ਵਿੱਚ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ ਜਿੱਥੇ ਉਹ ਤਸ਼ੱਦਦ ਜਾਂ ਅਣਮਨੁੱਖੀ ਵਿਵਹਾਰ ਦਾ ਸਾਹਮਣਾ ਕਰ ਰਿਹਾ ਹੋਵੇ।

ਵਕੀਲ ਟੈਰੀਜ਼ਾ ਗ੍ਰੈਗਰੀ ਦਾ ਕਹਿਣਾ ਹੈ ਕਿ ਲੰਡਨ ਦੀ ਜਿਸ ਫਰਮ ਲੀਅ ਡੇ ਜਿਸ ਲਈ ਉਹ ਕੰਮ ਕਰਦੀ ਹੈ, ਨੇ ਡਿਏਗੋ ਗਾਰਸੀਆ 'ਤੇ ਕਈ ਸ਼ਰਣਾਰਥੀਆਂ ਦੀ ਤਰਫੋਂ ਇੱਕ ਨਿਆਂਇਕ ਸਮੀਖਿਆ ਸ਼ੁਰੂ ਕੀਤੀ ਹੈ, ਇਸ ਪ੍ਰਕਿਰਿਆ ਦੀ "ਵੈਧਤਾ" ਨੂੰ ਚੁਣੌਤੀ ਦਿੱਤੀ ਹੈ - ਜਿਸ ਨੂੰ ਉਹ "ਬੁਨਿਆਦੀ ਤੌਰ 'ਤੇ ਬੇਇਨਸਾਫ਼ੀ" ਕਹਿੰਦੀ ਹੈ।

ਉਹ ਕਹਿੰਦੀ ਹੈ ਕਿ ਕੁਝ ਪ੍ਰਵਾਸੀਆਂ ਨੂੰ ਸ਼੍ਰੀਲੰਕਾ ਵਾਪਸ ਭੇਜਣ ਦੇ ਫ਼ੈਸਲੇ ਕਾਹਲੀ ਵਿੱਚ ਲਈਆਂ ਸ਼ੁਰੂਆਤੀ ਇੰਟਰਵਿਊਆਂ ਦੇ ਅਧਾਰ 'ਤੇ ਲਏ ਗਏ ਸਨ।

ਜਦੋਂ ਕਿ ਬਾਅਦ ਵਿੱਚ, ਪੂਰੀਆਂ ਇੰਟਰਵਿਊ ਅਨੁਵਾਦ ਦੀਆਂ ਗਲਤੀਆਂ ਕਾਰਨ ਵਿਗੜ ਗਈਆਂ ਸਨ।

ਉਹ ਅੱਗੇ ਦੱਸਦੀ ਹੈ ਕਿ ਸ਼ਰਣਾਰਥੀਆਂ ਨੂੰ "ਅੱਧ ਵਿਚਕਾਰ" ਛੱਡ ਦਿੱਤਾ ਗਿਆ ਹੈ ਕਿਉਂਕਿ ਯੂਕੇ ਸਰਕਾਰ ਨੇ ਅਜੇ ਤੱਕ ਉਨ੍ਹਾਂ ਲਈ ਕਿਸੇ ਢੁਕਵੇਂ ਸੁਰੱਖਿਅਤ ਤੀਜੇ ਦੇਸ਼ ਦੀ ਪਛਾਣ ਨਹੀਂ ਕੀਤੀ ਹੈ।"

ਇਸ ਦੌਰਾਨ, ਯੂਕੇ ਸਰਕਾਰ ਨੇ ਕਿਹਾ ਕਿ ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਪ੍ਰਸ਼ਾਸਨ " ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਕਾਨੂੰਨ ਅਤੇ ਕੌਮਾਂਤਰੀ ਕਾਨੂੰਨੀ ਜ਼ਿੰਮੇਵਾਰੀਆਂ ਦੇ ਮੁਤਾਬਕ ਹੀ ਪ੍ਰਵਾਸੀਆਂ ਦੀ ਸੁਰੱਖਿਆ (ਦੀ ਮੰਗ ਦੇ) ਦਾਅਵਿਆਂ 'ਤੇ ਵਿਚਾਰ ਕਰ ਰਿਹਾ ਹੈ।"

ਬ੍ਰਿਟੇਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਲੋਕ ਅਮਰੀਕਾ ਜਣ ਲਈ ਔਖੇ ਰਾਹ ਚੁਣਦੇ ਹਨ

ਅਧਿਕਾਰੀਆਂ ਨੂੰ ਪ੍ਰਵਾਨਗੀ ਨਾ ਮਿਲਣਾ

ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਯੂਕੇ ਦਫ਼ਤਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਡਿਏਗੋ ਗਾਰਸੀਆ 'ਤੇ ਸ਼ਰਣਾਰਥੀਆਂ ਦੀ "ਸਿਹਤ ਦੀ ਵਿਗੜਦੀ ਸਥਿਤੀ" ਦੀਆਂ ਰਿਪੋਰਟਾਂ ਤੋਂ ਫਿਕਰਮੰਦ ਸੀ ਅਤੇ ਉਸ ਨੇ ਯੂਕੇ ਦੇ ਅਧਿਕਾਰੀਆਂ ਤੋਂ ਉੱਥੇ ਜਾਣ ਦੀ ਆਗਿਆ ਮੰਗੀ ਸੀ, ਜੋ ਅਜੇ ਤੱਕ ਨਹੀਂ ਦਿੱਤੀ ਗਈ।

ਹਿਊਮਨ ਰਾਈਟਸ ਵਾਚ ਵਿਖੇ ਯੂਕੇ ਐਡਵੋਕੇਸੀ ਅਤੇ ਕਮਿਊਨੀਕੇਸ਼ਨ ਕੋਆਰਡੀਨੇਟਰ ਐਮੀਲੀ ਮੈਕਡੋਨਲ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਨੂੰ "ਇਨ੍ਹਾਂ ਸ਼ਰਣ ਮੰਗਣ ਵਾਲਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਅਤੇ ਸਾਰੇ ਵਿਕਲਪਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ ਜੋ ਬ੍ਰਿਟਿਸ਼-ਨਿਯੰਤਰਿਤ ਖੇਤਰ 'ਤੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।"

ਵਕੀਲਾਂ ਦੇ ਅਨੁਸਾਰ, ਯੂਕੇ ਨੇ ਕਿਹਾ ਹੈ ਕਿ ਉਹ ਡਿਏਗੋ ਗਾਰਸੀਆ ਵਿੱਚ ਸ਼ਰਣ ਮੰਗਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਵੀਕਾਰ ਨਹੀਂ ਕਰੇਗਾ ਭਾਵੇਂ ਉਨ੍ਹਾਂ ਦੇ ਦਾਅਵਿਆਂ ਨੂੰ ਮਨਜ਼ੂਰੀ ਮਿਲ ਚੁੱਕੀ ਹੋਵੇ।

ਡਿਏਗੋ ਗਾਰਸੀਆ 'ਤੇ ਪਹੁੰਚਣ ਵਾਲੇ ਤਿੰਨ ਤਾਮਿਲ ਇਸ ਸਮੇਂ ਰਵਾਂਡਾ ਵਿੱਚ ਹਨ।

ਉਹ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਖੁਦਕੁਸ਼ੀ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਟਾਪੂ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਡਾਕਟਰੀ ਇਲਾਜ ਅਧੀਨ ਹਨ। ਹਾਲਾਂਕਿ ਉਨ੍ਹਾਂ ਦਾ ਇਹ ਤਬਾਦਲਾ ਬ੍ਰਿਟਿਸ਼ ਅਤੇ ਰਵਾਂਡਾ ਦੀਆਂ ਸਰਕਾਰਾਂ ਦੁਆਰਾ ਯੂਕੇ ਤੋਂ ਕੁਝ ਸ਼ਰਣ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਲਈ ਕੀਤੇ ਗਏ ਸੌਦੇ ਦਾ ਹਿੱਸਾ ਨਹੀਂ ਹੈ।

ਮਈ ਵਿੱਚ ਉਨ੍ਹਾਂ ਵਿੱਚੋਂ ਇੱਕ ਨੂੰ ਭੇਜੀ ਗਈ ਇੱਕ ਚਿੱਠੀ (ਜੋ ਬੀਬੀਸੀ ਨੇ ਦੇਖੀ ਹੈ) ਵਿੱਚ ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਰਵਾਂਡਾ ਵਿੱਚ ਇਲਾਜ ਕਰਵਾਉਣ ਦੌਰਾਨ ਨਿੱਜੀ ਰਿਹਾਇਸ਼ ਅਤੇ ਇਲਾਜ ਲੱਭੇਗਾ ਅਤੇ ਭੁਗਤਾਨ ਵੀ ਕਰੇਗਾ।

ਪੱਤਰ ਵਿੱਚ ਕਿਹਾ ਗਿਆ ਹੈ ਕਿ "ਜੇ ਤੁਸੀਂ ਤਜਵੀਜ਼ ਨਾਲ਼ ਸੰਤੁਸ਼ਟ ਨਹੀਂ ਹੋ... ਅਸੀਂ ਤੁਹਾਡੀ ਡਿਏਗੋ ਗਾਰਸੀਆ ਵਾਪਸੀ ਦਾ ਪ੍ਰਬੰਧ ਕਰ ਸਕਦੇ ਹਾਂ। ਇਸ ਸਮੇਂ ਕੋਈ ਹੋਰ ਵਿਕਲਪ ਉਪਲਬਧ ਨਹੀਂ ਹੈ।"

ਸ਼ਰਣ ਮੰਗਣ ਵਾਲਿਆਂ ਵਿੱਚੋਂ ਚਾਰ ਦੀਆਂ ਕਿਸੇ "ਸੁਰੱਖਿਅਤ ਤੀਜੇ ਦੇਸ਼" ਵਿੱਚ ਭੇਜਣ ਦੀਆ ਅਰਜ਼ੀਆਂ ਮਨਜ਼ੂਰ ਕਰ ਲਈਆਂ ਗਈਆਂ ਹਨ। ਉਨ੍ਹਾਂ ਵਿੱਚੋਂ ਇੱਕ ਨੂੰ ਦੋ ਮਹੀਨੇ ਪਹਿਲਾਂ ਭੇਜੇ ਗਏ ਇੱਕ ਪੱਤਰ (ਜੋ ਬੀਬੀਸੀ ਨੇ ਦੇਖਿਆ ਹੈ) ਵਿੱਚ ਕਿਹਾ ਗਿਆ ਹੈ ਕਿ "ਇਸ ਨੂੰ ਜਲਦੀ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ"।

ਇਸ ਹਫ਼ਤੇ ਬੀਬੀਸੀ ਨੂੰ ਦਿੱਤੇ ਇੱਕ ਵੱਖਰੇ ਬਿਆਨ ਵਿੱਚ, ਯੂਕੇ ਸਰਕਾਰ ਨੇ ਕਿਹਾ ਕਿ ਉਹ "ਮੌਜੂਦਾ ਸਥਿਤੀਆਂ ਦਾ ਇੱਕ ਟਿਕਾਊ ਹੱਲ ਲੱਭਣ ਲਈ ਬ੍ਰਿਟਿਸ਼ ਇੰਡੀਇਨ ਓਸ਼ੀਅਨ ਟੈਰੀਟਰੀ ਪ੍ਰਸ਼ਾਸਨ ਨਾਲ਼ ਮਿਲ ਕੇ ਅਣਥੱਕ ਕੰਮ ਕਰ ਰਹੀ ਹੈ।"

ਹਾਲਾਂਕਿ ਇਨ੍ਹਾਂ ਸਾਰਿਆਂ ਲਈ ਸੁਰੱਖਿਅਤ ਦੇਸ਼ ਲੱਭਣ ਲਈ ਕੋਈ ਤੈਅ ਸਮਾਂ-ਸੀਮਾਂ ਨਾ ਹੋਣ ਦੀ ਸੂਰਤ ਵਿੱਚ ਇਹ ਸਥਿਤੀ ਲੰਬੀ ਖਿੱਚ ਸਕਦੀ ਹੈ।

20 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ, ਇੱਕ ਪਨਾਹ ਮੰਗਣ ਵਾਲੇ ਨੇ ਕਿਹਾ ਕਿ ਹਰ ਕੋਈ "ਆਪਣੀ ਉਮੀਦ ਗੁਆ ਚੁੱਕਾ ਹੈ"।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)