ਗੌਤਮ ਅਡਾਨੀ: ਅਮੀਰੀ ਦੀ ਦੌੜ 'ਚ ਮੁਕੇਸ਼ ਅੰਬਾਨੀ ਤੋਂ ਅੱਗੇ ਨਿੱਕਲ ਰਹੇ ਕਾਰੋਬਾਰੀ ਦੀ ਕਹਾਣੀ

ਗੌਤਮ ਅਡਾਨੀ

ਤਸਵੀਰ ਸਰੋਤ, Sam Panthaky/AFP/Getty Images

ਤਸਵੀਰ ਕੈਪਸ਼ਨ, 8 ਫਰਵਰੀ ਨੂੰ ਬਲੂਮਬਰਗ ਅਰਬਪਤੀਆਂ ਦੀ ਸੂਚੀ ਵਿੱਚ, ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਦਿੱਤਾ ਸੀ।
    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਗੱਲ 1978 ਦੀ ਹੈ। ਕਾਲਜ ਦਾ ਇੱਕ ਨੌਜਵਾਨ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਵੱਡੇ ਸੁਪਨੇ ਦੇਖ ਰਿਹਾ ਸੀ। ਇੱਕ ਦਿਨ ਉਸ ਨੇ ਅਚਾਨਕ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ।

ਅੱਜ ਉਹ ਨੌਜਵਾਨ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਬਣ ਗਿਆ ਹੈ।

ਇਹ ਕਹਾਣੀ ਹੈ ਗੌਤਮ ਅਡਾਨੀ ਦੀ, ਜਿਨ੍ਹਾਂ ਦੀ ਕੁੱਲ ਜਾਇਦਾਦ 8 ਫਰਵਰੀ ਨੂੰ 88.5 ਅਰਬ ਡਾਲਰ ਤੱਕ ਪਹੁੰਚ ਗਈ ਸੀ।

8 ਫਰਵਰੀ ਨੂੰ ਬਲੂਮਬਰਗ ਅਰਬਪਤੀਆਂ ਦੀ ਸੂਚੀ ਵਿੱਚ, ਗੌਤਮ ਅਡਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜ ਦਿੱਤਾ ਸੀ।

ਉਸ ਦਿਨ ਮੁਕੇਸ਼ ਅੰਬਾਨੀ ਦੀ ਕੁੱਲ ਸੰਪੱਤੀ 87.9 ਅਰਬ ਡਾਲਰ ਸੀ। ਹਾਲਾਂਕਿ ਇਸ ਤੋਂ ਇੱਕ ਦਿਨ ਬਾਅਦ ਹੀ ਅੰਬਾਨੀ ਫਿਰ ਅੱਗੇ ਨਿੱਕਲ ਗਏ।

ਘਰੇਲੂ ਰਾਸ਼ਨ ਤੋਂ ਲੈ ਕੇ ਕੋਲੇ ਦੀਆਂ ਖਾਨਾਂ, ਰੇਲਵੇ ਸਟੇਸ਼ਨ, ਹਵਾਈ ਅੱਡੇ, ਬੰਦਰਗਾਹ ਤੋਂ ਲੈ ਕੇ ਬਿਜਲੀ ਉਤਪਾਦਨ ਤੱਕ ਅਜਿਹੇ ਦਰਜਨਾਂ ਕਾਰੋਬਾਰ ਹਨ, ਜਿੱਥੇ ਗੌਤਮ ਅਡਾਨੀ ਦਾ ਵੱਡਾ ਦਖ਼ਲ ਹੈ।

ਕੀ ਹੈ ਗੌਤਮ ਅਡਾਨੀ ਦੇ ਜੀਵਨ ਅਤੇ ਕਾਰੋਬਾਰ ਦਾ ਸਫ਼ਰਨਾਮਾ?

ਕਿੱਥੋਂ ਸ਼ੁਰੂ ਹੋਈ ਅਡਾਨੀ ਦੀ ਯਾਤਰਾ?

ਮੀਡੀਆ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਗੌਤਮ ਅਡਾਨੀ ਨੇ 1978 ਵਿੱਚ ਆਪਣੀ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਦਿੱਤੀ ਅਤੇ ਮੁੰਬਈ ਦੇ ਹੀਰਾ ਬਾਜ਼ਾਰ ਵਿੱਚ ਹੱਥ ਅਜ਼ਮਾਇਆ।

ਪਰ ਉਨ੍ਹਾਂ ਦੀ ਕਿਸਮਤ 1981 ਤੋਂ ਚਮਕਣੀ ਸ਼ੁਰੂ ਹੋਈ, ਜਦੋਂ ਉਨ੍ਹਾਂ ਦੇ ਵੱਡੇ ਭਰਾ ਨੇ ਉਨ੍ਹਾਂ ਨੂੰ ਅਹਿਮਦਾਬਾਦ ਬੁਲਾਇਆ।

ਭਰਾ ਨੇ ਪਲਾਸਟਿਕ ਰੈਪਿੰਗ ਕੰਪਨੀ ਖਰੀਦੀ ਸੀ ਪਰ ਇਹ ਚੱਲ ਨਹੀਂ ਪਾ ਰਹੀ ਸੀ। ਉਸ ਕੰਪਨੀ ਨੂੰ ਜੋ ਲੋੜੀਂਦਾ ਕੱਚਾ ਮਾਲ ਚਾਹੀਦਾ ਸੀ, ਉਹ ਕਾਫ਼ੀ ਨਹੀਂ ਹੁੰਦਾ ਸੀ।

ਇਸ ਨੂੰ ਇੱਕ ਮੌਕੇ ਵਿੱਚ ਬਦਲਦੇ ਹੋਏ, ਅਡਾਨੀ ਨੇ ਕਾਂਡਲਾ ਬੰਦਰਗਾਹ 'ਤੇ ਪਲਾਸਟਿਕ ਗ੍ਰੈਨੁਅਲਜ਼ (ਪਲਾਸਟਿਕ ਦੇ ਦਾਣੇ) ਦੀ ਦਰਾਮਦ ਸ਼ੁਰੂ ਕਰ ਦਿੱਤੀ।

1988 ਵਿੱਚ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ਬਣੀ, ਜਿਸ ਨੇ ਧਾਤੂ, ਖੇਤੀਬਾੜੀ ਉਤਪਾਦਾਂ ਅਤੇ ਕੱਪੜੇ ਵਰਗੇ ਉਤਪਾਦਾਂ ਦਾ ਵਪਾਰ ਸ਼ੁਰੂ ਕੀਤਾ।

ਕੁਝ ਹੀ ਸਾਲਾਂ ਵਿੱਚ ਇਹ ਕੰਪਨੀ ਅਤੇ ਅਡਾਨੀ ਇਸ ਕਾਰੋਬਾਰ ਵਿੱਚ ਵੱਡਾ ਨਾਮ ਬਣ ਗਏ।

ਇਹ ਵੀ ਪੜ੍ਹੋ:

ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਮੁਤਾਬਕ, ਸਾਲ 1994 ਵਿੱਚ ਕੰਪਨੀ ਦਾ ਸ਼ੇਅਰ ਬੀਐੱਸਈ ਅਤੇ ਐੱਨਐੱਸਈ ਵਿੱਚ ਸੂਚੀਬੱਧ ਹੋਇਆ ਸੀ।

ਉਸ ਸਮੇਂ ਇੱਕ ਸ਼ੇਅਰ ਦੀ ਕੀਮਤ 150 ਰੁਪਏ ਸੀ। ਪਰ ਇਹ ਸਿਰਫ ਇੱਕ ਸ਼ੁਰੂਆਤ ਸੀ।

ਮੁੰਦਰਾ ਬੰਦਰਗਾਹ

ਸਾਲ 1995 ਵਿੱਚ, ਅਡਾਨੀ ਸਮੂਹ ਨੇ ਮੁੰਦਰਾ ਬੰਦਰਗਾਹ ਦਾ ਸੰਚਾਲਨ ਸ਼ੁਰੂ ਕੀਤਾ। ਲਗਭਗ 8 ਹਜ਼ਾਰ ਹੈਕਟੇਅਰ ਵਿੱਚ ਫੈਲੀ ਅਡਾਨੀ ਦੀ ਮੁੰਦਰਾ ਬੰਦਰਗਾਹ ਅੱਜ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬੰਦਰਗਾਹ ਹੈ।

ਮੁੰਦਰਾ ਬੰਦਰਗਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਦੇ ਅਹਿਮਦਾਬਾਦ ਸਥਿਤ ਮੁੰਦਰਾ ਬੰਦਰਗਾਹ

ਇਸ ਬੰਦਰਗਾਹ ਤੋਂ ਪੂਰੇ ਭਾਰਤ ਦੇ ਮਾਲ ਦੀ ਢੋਆ-ਢੁਆਈ ਦੇ ਲਗਭਗ ਇੱਕ ਚੌਥਾਈ ਹਿੱਸੇ ਦੀ ਆਵਾਜਾਈ ਹੁੰਦੀ ਹੈ।

ਗੁਜਰਾਤ, ਮਹਾਰਾਸ਼ਟਰ, ਗੋਆ, ਕੇਰਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਓਡੀਸ਼ਾ ਵਰਗੇ ਸੱਤ ਸਮੁੰਦਰੀ ਸੁਬਿਆਂ ਵਿੱਚ 13 ਘਰੇਲੂ ਬੰਦਰਗਾਹਾਂ ਵਿੱਚ ਅਡਾਨੀ ਸਮੂਹ ਦੀ ਮੌਜੁਦਗੀ ਹੈ।

ਇਸ ਵਿੱਚ ਕੋਲੇ ਨਾਲ ਚੱਲਣ ਵਾਲਾ ਵਿਸ਼ਾਲ ਬਿਜਲੀ ਸਟੇਸ਼ਨ ਅਤੇ ਵਿਸ਼ੇਸ਼ ਆਰਥਿਕ ਖੇਤਰ ਵੀ ਹੈ।

ਮੁੰਦਰਾ ਬੰਦਰਗਾਹ 'ਤੇ ਦੁਨੀਆ ਵਿੱਚ ਕੋਲੇ ਦੀ ਸਭ ਤੋਂ ਵੱਡੀ ਸਮੈਲ ਉਤਰਾਈ ਦੀ ਸਮਰੱਥਾ ਹੈ। ਇਹ ਬੰਦਰਗਾਹ ਸਪੈਸ਼ਲ ਇਕਨਾਮਿਕ ਜ਼ੋਨ ਦੇ ਤਹਿਤ ਬਣੀ ਹੈ, ਜਿਸ ਦਾ ਮਤਲਬ ਹੈ ਕਿ ਇਸ ਦੀ ਪ੍ਰਮੋਟਰ ਕੰਪਨੀ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ।

ਇਸ ਜ਼ੋਨ ਵਿੱਚ ਬਿਜਲੀ ਪਲਾਂਟ, ਨਿੱਜੀ ਰੇਲਵੇ ਲਾਈਨ ਅਤੇ ਇੱਕ ਨਿੱਜੀ ਹਵਾਈ ਅੱਡਾ ਵੀ ਹੈ।

ਰਾਸ਼ਨ ਦੇ ਸਾਮਾਨ ਦਾ ਕਾਰੋਬਾਰ

ਜਨਵਰੀ 1999 ਵਿੱਚ, ਅਡਾਨੀ ਸਮੂਹ ਨੇ ਵਿਲ ਐਗਰੀ ਬਿਜ਼ਨਸ ਗਰੁੱਪ ਵਿਲਮਰ ਨਾਲ ਹੱਥ ਮਿਲਾ ਕੇ ਖਾਣ ਵਾਲੇ ਤੇਲ ਦੇ ਕਾਰੋਬਾਰ ਵਿੱਚ ਪੈਰ ਧਰਿਆ।

ਅੱਜ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਫਾਰਚਿਊਨ, ਖਾਣ ਵਾਲਾ ਤੇਲ ਅਡਾਨੀ-ਵਿਲਮਰ ਕੰਪਨੀ ਹੀ ਬਣਾਉਂਦੀ ਹੈ।

ਫਾਰਚਿਊਨ ਤੇਲ ਤੋਂ ਇਲਾਵਾ ਅਡਾਨੀ ਸਮੂਹ, ਉਪਭੋਗਤਾ ਵਸਤੂਆਂ ਦੇ ਖੇਤਰ ਵਿੱਚ ਆਟਾ, ਚਾਵਲ, ਦਾਲਾਂ, ਖੰਡ ਵਰਗੇ ਦਰਜਨਾਂ ਉਤਪਾਦ ਬਣਾਉਂਦਾ ਹੈ।

ਸਾਲ 2005 ਵਿੱਚ, ਅਡਾਨੀ ਸਮੂਹ ਨੇ ਭਾਰਤੀ ਫੂਡ ਕਾਰਪੋਰੇਸ਼ਨ ਨਾਲ ਮਿਲ ਕੇ ਦੇਸ਼ ਵਿੱਚ ਵੱਡੇ-ਵੱਡੇ ਸਾਈਲੋਜ਼ ਬਣਾਉਣ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿੱਚ ਵੱਡੇ ਪੱਧਰ 'ਤੇ ਅਨਾਜ ਨੂੰ ਸਟੋਰ ਕੀਤਾ ਜਾਂਦਾ ਹੈ।

ਸ਼ੁਰੂ ਵਿੱਚ, 20 ਸਾਲ ਦੇ ਕੰਟਰੈਕਟ 'ਤੇ ਅਡਾਨੀ ਸਮੂਹ ਨੇ ਦੇਸ਼ 'ਚ ਵੱਖ-ਵੱਖ ਸੂਬਿਆਂ ਵਿੱਚ ਸਾਈਲੋਜ਼ ਦਾ ਨਿਰਮਾਣ ਕੀਤਾ।

ਇਨ੍ਹਾਂ ਨੂੰ ਆਪਸ 'ਚ ਜੋੜਨ ਲਈ ਅਡਾਨੀ ਸਮੂਹ ਨੇ ਨਿੱਜੀ ਰੇਲ ਲਾਈਨਾਂ ਵੀ ਵਛਾਈਆਂ ਤਾਂ ਜੋ ਅਨਾਜ ਨੂੰ ਸਾਈਲੋ ਯੂਨਿਟ ਤੋਂ ਪੂਰੇ ਦੇਸ਼ 'ਚ ਡਿਲਵਰੀ ਕੇਂਦਰਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇ।

ਇਸ ਸਮੇਂ ਅਡਾਨੀ ਐਗਰੀ ਲੌਜਿਸਟਿਕਸ ਲਿਮਟਿਡ ਦੇਸ਼ 'ਚ ਫੂਡ ਕਾਰਪੋਰੇਸ਼ਨ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਅਨਾਜ ਨੂੰ ਆਪਣੇ ਸਾਈਲੋਜ਼ ਵਿੱਚ ਰੱਖਦਾ ਹੈ।

ਇਸ ਵਿੱਚ ਭਾਰਤੀ ਫੂਡ ਕਾਰਪੋਰੇਸ਼ਨ ਦਾ 5.75 ਲੱਖ ਮੀਟ੍ਰਿਕ ਟਨ ਅਤੇ ਮੱਧ ਪ੍ਰਦੇਸ਼ ਸਰਕਾਰ ਦਾ ਤਿੰਨ ਲੱਖ ਮੀਟ੍ਰਿਕ ਟਨ ਅਨਾਜ ਸ਼ਾਮਲ ਹੈ।

ਗੌਤਮ ਅਡਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੌਤਮ ਅਡਾਨੀ

ਕੋਲੇ ਦੀ ਖਾ

ਫਾਰਚਿਊਨ ਇੰਡੀਆ ਮੈਗਜ਼ੀਨ ਮੁਤਾਬਕ ਸਾਲ 2010 'ਚ ਅਡਾਨੀ ਨੇ ਆਸਟ੍ਰੇਲੀਆ ਦੀ ਲਿੰਕ ਐਨਰਜੀ ਤੋਂ 12,147 ਕਰੋੜ 'ਚ ਕੋਲੇ ਦੀ ਖਾਨ ਖਰੀਦੀ ਸੀ।

ਗੇਲੀ ਬੇਸਟ ਕਵੀਨ ਆਈਲੈਂਡ 'ਚ ਮੌਜੂਦ ਇਸ ਖਾਨ ਵਿੱਚ 7.8 ਬਿਲੀਅਨ ਟਨ ਦੇ ਖਣਿਜ ਭੰਡਾਰ ਹਨ ਅਤੇ ਇਹ ਹਰ ਸਾਲ 60 ਮਿਲੀਅਨ ਟਨ ਕੋਲਾ ਪੈਦਾ ਕਰ ਸਕਦੀ ਹੈ।

ਇੰਡੋਨੇਸ਼ੀਆ ਵਿੱਚ ਤੇਲ, ਗੈਸ ਅਤੇ ਕੋਲੇ ਵਰਗੇ ਕੁਦਰਤੀ ਸਰੋਤ ਭਰਪੂਰ ਮਾਤਰਾ ਵਿੱਚ ਹਨ, ਪਰ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਇਨ੍ਹਾਂ ਸਰੋਤਾਂ ਦਾ ਪੂਰਾ ਲਾਭ ਉਠਾਉਣਾ ਸੰਭਵ ਨਹੀਂ ਸੀ।

2010 ਵਿੱਚ ਅਡਾਨੀ ਸਮੂਹ ਨੇ ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਤੋਂ ਕੋਲੇ ਦੀ ਢੁਲਾਈ ਲਈ ਡੇਢ ਅਰਬ ਡਾਲਰ ਦੀ ਪੂੰਜੀ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਸੀ।

ਇਸਦੇ ਲਈ ਦੱਖਣੀ ਸੁਮਾਤਰਾ ਵਿੱਚ ਬਣਨ ਵਾਲੇ ਰੇਲ ਪ੍ਰੋਜੈਕਟ ਲਈ ਉੱਥੋਂ ਦੀ ਸੂਬਾਈ ਸਰਕਾਰ ਨਾਲ ਸਮਝੌਤ 'ਤੇ ਹਸਤਾਖਰ ਕੀਤੇ ਗਏ ਸਨ।

ਉਸ ਸਮੇਂ ਇੰਡੋਨੇਸ਼ੀਆ ਨਿਵੇਸ਼ ਬੋਰਡ ਨੇ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਅਡਾਨੀ ਸਮੂਹ 5 ਕਰੋੜ ਟਨ ਦੀ ਸਮਰੱਥਾ ਵਾਲੀ ਇੱਕ ਕੋਲਾ ਹੈਂਡਲਿੰਗ ਬੰਦਰਗਾਹ ਬਣਾਏਗਾ ਅਤੇ ਦੱਖਣੀ ਸੁਮਾਤਰਾ ਟਾਪੂ ਦੀਆਂ ਕੋਲਾ ਖਾਣਾਂ ਤੋਂ ਕੋਲਾ ਕੱਢਣ ਲਈ 250 ਕਿਲੋਮੀਟਰ ਲੰਮੀ ਰੇਲ ਲਾਈਨ ਵਿਛਾਏਗਾ।

ਕਾਰੋਬਾਰ ਦਾ ਵਿਸਥਾਰ

ਅਡਾਨੀ ਸਾਮਰਾਜ ਦਾ ਕਾਰੋਬਾਰ ਸਾਲ 2002 ਵਿੱਚ 76.5 ਕਰੋੜ ਡਾਲਰ ਸੀ, ਜੋ ਸਾਲ 2014 ਵਿੱਚ ਵੱਧ ਕੇ 10 ਅਰਬ ਡਾਲਰ ਹੋ ਗਿਆ ਸੀ।

ਸਾਲ 2015 ਤੋਂ ਬਾਅਦ ਅਡਾਨੀ ਸਮੂਹ ਨੇ ਫੌਜ ਨੂੰ ਰੱਖਿਆ ਉਪਕਰਣਾਂ ਦੀ ਸਪਲਾਈ ਦਾ ਕੰਮ ਵੀ ਸ਼ੁਰੂ ਕੀਤਾ। ਫਿਰ ਕੁਝ ਸਮੇਂ ਬਾਅਦ, ਕੁਦਰਤੀ ਗੈਸ ਦੇ ਖੇਤਰ ਵਿੱਚ ਵੀ ਸਮੂਹ ਨੇ ਕਾਰੋਬਾਰ ਦਾ ਵਿਸਥਾਰ ਕੀਤਾ।

ਸਾਲ 2017 ਵਿੱਚ ਅਡਾਨੀ ਸਮੂਹ ਨੇ ਸੋਲਰ ਪੀਵੀ ਪੈਨਲ ਬਣਾਉਣਾ ਸ਼ੁਰੂ ਕੀਤਾ।

ਨੀਤਾ ਅੰਬਾਨੀ ਅਤੇ ਗੌਤਮ ਅਡਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਮੁਤਾਬਕ, ਸਾਲ 1994 ਵਿੱਚ ਕੰਪਨੀ ਦਾ ਸ਼ੇਅਰ ਬੀਐੱਸਈ ਅਤੇ ਐੱਨਐੱਸਈ ਵਿੱਚ ਸੂਚੀਬੱਧ ਹੋਇਆ ਸੀ।

ਸਾਲ 2019 ਵਿੱਚ ਅਡਾਨੀ ਸਮੂਹ ਨੇ ਹਵਾਈ ਅੱਡੇ ਦੇ ਖੇਤਰ 'ਚ ਪ੍ਰਵੇਸ਼ ਕੀਤਾ।

ਅਹਿਮਦਾਬਾਦ, ਲਖਨਊ, ਮੰਗਲੁਰੂ, ਜੈਪੁਰ, ਗੁਵਾਹਾਟੀ ਅਤੇ ਤਿਰੂਵਨੰਤਪੁਰਮ ਵਿੱਚ, ਕੁੱਲ ਛੇ ਹਵਾਈ ਅੱਡਿਆਂ ਦੇ ਆਧੁਨਿਕੀਕਰਨ ਅਤੇ ਸੰਚਾਲਨ ਲਈ ਜ਼ਿੰਮੇਦਾਰੀ ਇਸੇ ਸਮੂਹ ਕੋਲ ਹੈ।

ਸਮੂਹ 50 ਸਾਲਾਂ ਲਈ ਇਨ੍ਹਾਂ ਸਾਰੇ ਛੇ ਹਵਾਈ ਅੱਡਿਆਂ ਦਾ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਕਾਰਜ ਸੰਭਾਲੇਗਾ।

ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਦੀ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ 'ਚ ਵੀ 74 ਫੀਸਦੀ ਦੀ ਹਿੱਸੇਦਾਰੀ ਹੈ। ਦਿੱਲੀ ਤੋਂ ਬਾਅਦ, ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ।

ਅਡਾਨੀ ਨਾਲ ਜੁੜੇ ਵਿਵਾਦ

ਗੁਜਰਾਤ ਸਰਕਾਰ 'ਤੇ ਆਰੋਪ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਮੁੰਦਰਾ ਲਈ ਅਡਾਨੀ ਗਰੁੱਪ ਨੂੰ ਜ਼ਮੀਨ ਕੌਡੀਆਂ ਦੇ ਭਾਅ ਦਿੱਤੀ।

ਫਰਵਰੀ 2010 ਵਿੱਚ, ਗੌਤਮ ਅਡਾਨੀ ਦੇ ਭਰਾ ਰਾਜੇਸ਼ ਅਡਾਨੀ ਨੂੰ ਕਥਿਤ ਤੌਰ 'ਤੇ ਕਸਟਮ ਡਿਊਟੀ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅਡਾਨੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨ।

ਸਾਲ 2014 ਵਿੱਚ ਆਸਟ੍ਰੇਲੀਆ ਦੀ ਫੇਅਰਫੈਕਸ ਮੀਡੀਆ ਨੇ ਇਨਵੇਸਟੀਗੇਟਿਵ ਰਿਪੋਰਟ ਕੀਤੀ ਸੀ। ਫੇਅਰਫੈਕਸ ਮੀਡੀਆ ਨੇ ਗੁਜਰਾਤ ਵਿੱਚ ਬਣ ਰਹੇ ਲਗਜ਼ਰੀ ਹਾਊਸਿੰਗ ਪ੍ਰੋਜੈਕਟ ਵਿੱਚ ਲੱਗੇ 6,000 ਮਜ਼ਦੂਰਾਂ ਦੀ ਕਥਿਤ ਦੁਰਦਸ਼ਾ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।

ਉਸ ਰਿਪੋਰਟ ਵਿੱਚ ਮਜ਼ਦੂਰਾਂ ਦੀ ਕਥਿਤ ਦੁਰਦਸ਼ਾ ਲਈ ਅਡਾਨੀ ਸਮੂਹ ਨੂੰ ਜ਼ਿੰਮੇਦਾਰ ਦੱਸਿਆ ਗਿਆ ਸੀ। ਇਨ੍ਹਾਂ ਮਜ਼ਦੂਰਾਂ ਨੂੰ ਅਡਾਨੀ ਸਮੂਹ ਲਈ ਕੰਮ ਕਰਨ ਰਹੇ ਠੇਕੇਦਾਰਾਂ ਨੇ ਰੱਖਿਆ ਸੀ। ਹਾਲਾਂਕਿ ਅਡਾਨੀ ਸਮੂਹ ਦਾ ਕਹਿਣਾ ਸੀ ਕਿ ਉਸ ਨੇ ਕੋਈ ਕਾਨੂੰਨ ਨਹੀਂ ਤੋੜਿਆ ਹੈ।

ਮਈ 2014 ਵਿੱਚ, ਸਰਕਾਰੀ ਅਧਿਕਾਰੀਆਂ ਨੇ ਬਿਜਲੀ ਪੈਦਾ ਕਰਨ 'ਚ ਕੰਮ ਆਉਣ ਵਾਲੇ ਉਪਕਰਣਾਂ ਦੀ ਦਰਾਮਦ ਦੀ ਕੀਮਤ ਨੂੰ ਕਥਿਤ ਤੌਰ 'ਤੇ ਲਗਭਗ 1 ਅਰਬ ਡਾਲਰ ਵਧਾ ਕੇ ਦਿਖਾਉਣ ਲਈ ਨੋਟਿਸ ਜਾਰੀ ਕੀਤਾ ਸੀ।

ਉੱਤਰੀ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿੱਚ ਕਾਰਮਾਈਕਲ ਕੋਲਾ ਖਾਣ ਸਥਿਤ ਹੈ। ਇੱਥੇ ਅਡਾਨੀ ਦੀ ਕੰਪਨੀ ਨੂੰ ਕੋਲੇ ਦੀ ਮਾਈਨਿੰਗ ਦੀ ਇਜਾਜ਼ਤ ਮਿਲੀ ਹੈ। ਇਸ ਨੂੰ ਲੈ ਕੇ ਅਡਾਨੀ ਸਮੂਹ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੋਦੀ ਨਾਲ ਸਬੰਧ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੌਤਮ ਅਡਾਨੀ ਦੀ ਨੇੜਤਾ ਸਾਲ 2002 ਤੋਂ ਹੀ ਦਿੱਸਣੀ ਸ਼ੁਰੂ ਹੋ ਗਈ ਸੀ। ਇਸ ਸਮੇਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ।

ਨਰਿੰਦਰ ਮੋਦੀ ਅਤੇ ਗੌਤਮ ਅਡਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਰਿੰਦਰ ਮੋਦੀ ਅਤੇ ਗੌਤਮ ਅਡਾਨੀ

ਉਸ ਸਮੇਂ ਗੁਜਰਾਤ ਵਿੱਚ ਫਿਰਕੂ ਦੰਗੇ ਹੋਏ, ਜਿਸ ਤੋਂ ਬਾਅਦ ਵਪਾਰਕ ਸੰਸਥਾ ਕਨਫੇਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀਆਈਆਈ) ਨਾਲ ਜੁੜੇ ਉਦਯੋਗਪਤੀਆਂ ਨੇ ਉਸ ਸਮੇਂ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਢਿੱਲ ਵਰਤਣ ਲਈ ਮੋਦੀ ਦੀ ਆਲੋਚਨਾ ਵੀ ਕੀਤੀ ਸੀ।

ਜਦਕਿ ਮੋਦੀ ਗੁਜਰਾਤ ਨੂੰ ਨਿਵੇਸ਼ਕਾਂ ਦੇ ਪਸੰਦੀਦਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਸਮੇਂ ਗੌਤਮ ਅਡਾਨੀ ਨੇ ਗੁਜਰਾਤ ਦੇ ਹੋਰ ਉਦਯੋਗਪਤੀਆਂ ਨੂੰ ਮੋਦੀ ਦੇ ਪੱਖ ਵਿੱਚ ਲਿਆਉਣ 'ਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਨੇ ਸੀਆਈਆਈ ਦੇ ਸਮਾਨਾਂਤਰ ਇੱਕ ਹੋਰ ਸੰਸਥਾ ਸਥਾਪਤ ਕਰਨ ਦੀ ਚੇਤਾਵਨੀ ਵੀ ਦੇ ਦਿੱਤੀ ਸੀ।

ਮਾਰਚ 2013 ਵਿੱਚ, ਅਮਰੀਕਾ ਦੇ ਵਹਾਰਟਨ ਸਕੂਲ ਆਫ਼ ਬਿਜ਼ਨਸ ਦੇ ਇੱਕ ਪ੍ਰੋਗਰਾਮ ਵਿੱਚ ਨਰੇਂਦਰ ਮੋਦੀ ਨੂੰ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ, ਪਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਨਰਿੰਦਰ ਮੋਦੀ ਨੂੰ ਮੁੱਖ ਬੁਲਾਰੇ ਵਜੋਂ ਹਟਾ ਦਿੱਤਾ ਗਿਆ ਸੀ।

ਅਡਾਨੀ ਸਮੂਹ ਇਸ ਸਮਾਗਮ ਦੇ ਮੁੱਖ ਸਪਾਂਸਰਾਂ ਵਿੱਚੋਂ ਇੱਕ ਸੀ ਤੇ ਉਸ ਵੇਲੇ ਸਮੂਹ ਨੇ ਇਸਦੇ ਲਈ ਦਿੱਤੀ ਆਪਣੀ ਵਿੱਤੀ ਸਹਾਇਤਾ ਵਾਪਸ ਲੈ ਲਈ ਸੀ।

ISWOTY

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)