ਯੂਰਪ ’ਚ ਸਿੱਖ ਪਰਿਵਾਰ ਨੂੰ ਟਰੇਨ ’ਚ ਕਿਰਪਾਨ ਲਾਹੁਣ ਲਈ ਕਹਿਣ ’ਤੇ ‘ਬੱਚਾ ਡਰ ਗਿਆ’, ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Karen Kaur
- ਲੇਖਕ, ਮਿਨਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਇੱਕ ਸਿੱਖ ਪਰਿਵਾਰ ਨੂੰ ਜਦੋਂ ਯੂਰੋਸਟਾਰ (ਟਰੇਨ) ਦੇ ਸਟਾਫ਼ ਨੇ ਉਨ੍ਹਾਂ ਦੇ ਸੂਟਕੇਸ ਵਿੱਚੋਂ ਕਿਰਪਾਨਾਂ ਕੱਢਣ ਲਈ ਕਿਹਾ ਤਾਂ ਪਰਿਵਾਰ ਦਾ ਇੱਕ ਛੋਟਾ ਬੱਚਾ ਇਹ ਸਭ ਦੇਖ ਰਿਹਾ ਸੀ।
ਪਰਿਵਾਰ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਇਸ ਦੌਰਾਨ ਉਸ ਛੋਟੇ ਬੱਚੇ ਨੂੰ ਲੱਗਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਹ ਡਰ ਗਿਆ।
ਕਰਨ ਕੌਰ ਆਪਣੇ ਪਰਿਵਾਰ ਨਾਲ ਪੈਰਿਸ ਤੋਂ ਬੈੱਡਫੋਰਡਸ਼ਾਇਰ ਵਿਚਲੇ ਆਪਣੇ ਘਰ ਨੂੰ ਪਰਤ ਰਹੇ ਸਨ ਜਦੋਂ ਉਨ੍ਹਾਂ ਨੂੰ ਚੈਕਿੰਗ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਰਪਾਨਾਂ ਇੱਕ ਟਰੇਅ ਵਿੱਚ ਰੱਖਣੀਆਂ ਪੈਣਗੀਆਂ।
ਯੂਰੋਸਟਾਰ ਅਸਲ ਵਿੱਚ ਯੂਰਪ ਦੇ ਚੁਣਿੰਦਾ ਦੇਸ਼ਾਂ ਵਿਚਾਲੇ ਹਾਈ ਸਪੀਡ ਟਰੇਨ ਸਰਵਿਸ ਮੁਹੱਈਆ ਕਰਵਾਉਂਦੀ ਹੈ।
ਕਰਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰਵਾਨਾ ਹੋਣ ਤੋਂ ਪਹਿਲਾਂ ਰੇਲ ਆਪਰੇਟਰ ਦੀ ਵੈੱਬਸਾਈਟ ਦੀ ਜਾਂਚ ਕੀਤੀ ਸੀ ਪਰ ਧਾਰਮਿਕ ਕਿਰਪਾਨ ਦਾ ਜ਼ਿਕਰ ਕਿਸੇ ਵੀ ਅਜਿਹੀਆਂ ਚੀਜ਼ਾਂ ਦੀ ਲਿਸਟ ਵਿੱਚ ਨਹੀਂ ਸੀ ਜਿਸ ਨੂੰ ਨਾਲ ਲੈ ਜਾਣ 'ਤੇ ਪਾਬੰਦੀ ਲਗਾਈ ਗਈ ਹੋਵੇ। ਨਾ ਹੀ ਕਿਤੇ ਅਜਿਹਾ ਜ਼ਿਕਰ ਸੀ ਕਿ ਕਿਰਪਾਨਾਂ ਉਤਾਰਕੇ ਸੌਂਪਣੀਆਂ ਪੈਣਗੀਆਂ।

ਤਸਵੀਰ ਸਰੋਤ, Karen Kaur
ਕੀ ਸੀ ਮਾਮਲਾ
ਯੂਰੋਸਟਾਰ ਨੇ ਬੀਬੀਸੀ ਨੂੰ ਦੱਸਿਆ ਕਿ ਕਿਰਪਾਨ ਦੀ ਇਜਾਜ਼ਤ ਨਹੀਂ ਸੀ ਨਾਲ ਹੀ ਉਨ੍ਹਾਂ ਨੇ ਮੁਆਫ਼ੀ ਮੰਗੀ ਕਿ ਸੰਦੇਸ਼ ਸੰਵੇਦਨਸ਼ੀਲ ਤਰੀਕੇ ਨਾਲ ਨਹੀਂ ਦਿੱਤਾ ਗਿਆ ਸੀ।
ਕਰਨ ਇੱਕ ਅੰਮ੍ਰਿਤਧਾਰੀ ਸਿੱਖ ਹੈ ਜੋ ਕਿਰਪਾਨ ਪਹਿਨਦੇ ਹਨ।
ਕਿਰਪਾਨ ਇੱਕ ਧਾਰਮਿਕ ਚਿੰਨ ਹੈ ਜੋ ਦੂਜਿਆਂ ਦੀ ਰੱਖਿਆ ਕਰਨ ਦੇ ਵਿਸ਼ਵਾਸ ਨਾਲ ਪਹਿਨਿਆਂ ਜਾਂਦਾ ਹੈ। ਅਤੇ ਅੰਮ੍ਰਿਤ ਛੱਕਣ ਤੋਂ ਬਾਅਦ ਇਸ ਨੂੰ ਆਪਣੇ ਪਹਿਰਾਵੇ ਦਾ ਅਨਿਖੜਵਾਂ ਅੰਗ ਬਣਾਇਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ, "ਮੈਂ ਮੰਨਦੀ ਸੀ ਕਿ ਸਭ ਠੀਕ ਰਹੇਗਾ ਕਿਉਂਕਿ ਯੂਕੇ ਵਿੱਚ ਕਿਰਪਾਣ ਲੈ ਜਾਣ ਦੀ ਕਾਨੂੰਨੀ ਇਜ਼ਾਜਤ ਹੈ।"
ਉਨ੍ਹਾਂ ਦੱਸਿਆ ਕਿ ਕਿਰਪਾਨ ਦਾ ਪਤਾ ਲੱਗਣ ਉੱਤੇ ਉੱਥੋਂ ਦਾ ਸਟਾਫ਼ ‘ਅਸਲੋਂ ਗੁੱਸੇ ਵਿੱਚ’ ਸੀ।
ਕਰਨ ਕਹਿੰਦੇ ਹਨ, "ਜਦੋਂ ਸਾਡੀਆ ਕਿਰਪਾਨਾਂ ਨੂੰ ਟਰੇਅ ਵਿੱਚ ਰੱਖਣ ਦੀ ਮੰਗ ਕੀਤੀ ਗਈ ਤਾਂ ਮਾਹੌਲ ਕੁਝ ਗਰਮਾ ਗਿਆ ਅਤੇ ਇੱਕ ਮੈਨੇਜਰ ਨੂੰ ਬੁਲਾਇਆ ਗਿਆ। ਅਸੀਂ ਅੰਤ ਵਿੱਚ ਆਪਣੀਆਂ ਕਿਰਪਾਨਾਂ ਨੂੰ ਟਰੇਅ ਵਿੱਚ ਰੱਖ ਦਿੱਤਾ ਪਰ ਵਿਰੋਧ ਕਰਨਾ ਜਾਰੀ ਰੱਖਿਆ।”
"ਇਹ ਸਭ ਥਕਾ ਦੇਣ ਵਾਲਾ ਅਤੇ ਪਰੇਸ਼ਾਨ ਕਰਨ ਵਾਲਾ ਸੀ ਅਤੇ ਉੇਸ ਦੌਰਾਨ ਮੇਰਾ ਬੇਟਾ ਰੋਣ ਲੱਗਿਆ, ਉਹ ਡਰਿਆ ਹੋਇਆ ਸੀ ਕਿ ਸਾਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੈਂਨੂੰ ਅੰਦਰੋਂ ਗੁੱਸਾ ਚੜ੍ਹ ਰਿਹਾ ਸੀ।"

ਤਸਵੀਰ ਸਰੋਤ, Karen Kaur
ਪਹਿਲੀ ਵਾਰ ਕਿਰਪਾਨ ਨੂੰ ਮਨ੍ਹਾਂ ਕੀਤਾ ਗਿਆ
ਕਰਨ ਨੇ ਕਿਹਾ ਕਿ ਉਹ ਪਹਿਲਾਂ ਵੀ ਪੈਰਿਸ ਤੋਂ ਲੰਡਨ ਟਰੇਨ ਰਾਹੀਂ ਸਫ਼ਰ ਕਰ ਚੁੱਕੇ ਹਨ ਪਰ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਉਨ੍ਹਾਂ ਨੂੰ ਪਹਿਲੀ ਵਾਰ ਕਰਨਾ ਪਿਆ।
ਉਹ ਕਹਿੰਦੇ ਹਨ, "ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਆਪਣੀ ਕਿਰਪਾਨ ਬਿਲਕੁਲ ਵੀ ਨਾਲ ਨਹੀਂ ਲੈ ਜਾ ਸਕਦੀ। ਮੈਂ ਪੂਰੀ ਤਰ੍ਹਾਂ ਹੈਰਾਨ ਸੀ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਮੈਨੇਜਰ ਨੇ ਉਨ੍ਹਾਂ ਨੂੰ ਦੱਸਿਆ ਕਿ ਯੂਰੋਸਟਾਰ 'ਤੇ ‘ਖੰਜਰਾਂ’ ਨੂੰ ਨਾਲ ਲੈ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਨਾਲ ਹੀ ਮੈਨੇਜਰ ਨੇ ਕਿਹਾ ਕਿ ਜੇ ਡਰਾਈਵਰ ਮੰਨ ਜਾਵੇ ਤਾਂ ਉਹ ਜਾਣ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ "ਮੈਨੇਜਰ ਨੇ ਫਿਰ ਇੱਕ ਕਾਰਜਕਾਰੀ ਫ਼ੈਸਲਾ ਲਿਆ ਅਤੇ ਸਾਨੂੰ ਰੇਲਗੱਡੀ ਵਿੱਚ ਲੈ ਗਿਆ। ਉਸਨੇ ਸਾਡੀਆਂ ਸੀਟਾਂ ਨੂੰ ਪਹਿਲੀ ਸ਼੍ਰੇਣੀ (ਫ਼ਸਟ ਕਲਾਸ) ਵਿੱਚ ਬਦਲ ਦਿੱਤਾ।"
"ਮੈਂ ਹੈਰਾਨ ਸੀ ਕਿਉਂਕਿ ਅਜਿਹਾ ਲੱਗਦਾ ਸੀ ਕਿ ਜਦੋਂ ਉਹ 'ਟਰੇਨ ਡਰਾਈਵਰ' ਜਾਂ ਕਿਸੇ ਵੀ ਵਿਅਕਤੀ ਨਾਲ ਗੱਲ ਕਰਨ ਗਈ ਤਾਂ ਉਸ ਨੇ ਪੂਰਾ ਯੂ-ਟਰਨ ਲਿਆ ਸੀ।"

ਤਸਵੀਰ ਸਰੋਤ, Getty Images
'ਨਸਲਵਾਦ ਦਾ ਭੈਅ'
ਸਿੱਖ ਫੈਡਰੇਸ਼ਨ, ਯੂਕੇ ਦੇ ਪ੍ਰਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਰਪਾਨ ਪਹਿਨ ਕੇ ਕਦੇ ਵੀ ਯੂਰੋਸਟਾਰ ਯਾਤਰਾ ਕਰਨ ਤੋਂ ਨਹੀਂ ਰੋਕਿਆ ਗਿਆ।
ਉਨ੍ਹਾਂ ਕਿਹਾ, "ਜੇ ਯੂਰੋਸਟਾਰ ਹੁਣ ਅਜਿਹੀ ਨੀਤੀ ਬਣਾ ਰਿਹਾ ਹੈ ਜਿਸ ਵਿੱਚ ਕਿਰਪਾਨ ਲੈ ਜਾਣ ਦੀ ਇਜ਼ਾਜਤ ਨਹੀਂ ਹੈ ਤਾਂ ਲੋਕਾਂ ਨੂੰ ਉਸ ਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਉਹ ਆਪਣੀ ਵਿਤਕਰੇ ਵਾਲੀ ਨੀਤੀ ਬਦਲਦੇ ਨਹੀਂ।"
ਉਨ੍ਹਾਂ ਨੇ ਕਿਹਾ ਕਿ, “ਜਿਨ੍ਹਾਂ ਬਲੈਡਾਂ ਨੂੰ ਯੂਰੋਸਟਾਰ ਵਲੋਂ ਲੈ ਜਾਣ ਦੀ ਆਗਿਆ ਦਿੱਤੀ ਗਈ ਹੈ ਉਹ ਵਧੇਰੇ ਖ਼ਤਰਨਾਕ ਹਨ ਕਿਉਂ ਕਿ ਆਸਾਨੀ ਨਾਲ ਬਾਹਰ ਕੱਢੇ ਜਾ ਸਕਦੇ ਹਨ ਅਤੇ ਬਹੁਤ ਜ਼ਿਆਦਾ ਗੰਭੀਰ ਨੁਕਸਾਨ ਪਹੁੰਚਾਉਣ ਲਈ ਵਰਤੇ ਜਾ ਸਕਦੇ ਹਨ।"
ਦਬਿੰਦਰਜੀਤ ਦਾ ਕਹਿਣਾ ਹੈ ਕਿ, “2010 ਤੋ ਕੌਮਾਂਤਰੀ ਹਵਾਈ ਨਿਯਮਾਂ ਨੇ ਅੰਮ੍ਰਿਤ ਸਿੱਖ ਯਾਤਰੀਆਂ ਨੂੰ ਹਵਾਈ ਜਹਾਜ਼ ਵਿੱਚ ਉਡਾਣ ਭਰਨ ਵੇਲੇ ਛੋਟੀ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਸੀ।”
"ਯੂਕੇ ਤੋਂ ਬਾਹਰ ਨਿਕਲਣ ਵੇਲੇ ਮੈਂ ਹਮੇਸ਼ਾ ਕਿਰਪਾਨ ਪਹਿਨੀ ਹੈ ਅਤੇ ਯੂਰੋਸਟਾਰ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੀ ਨੀਤੀ ਜੱਗੋਂ ਪਰ੍ਹੇ ਹੈ ਅਤੇ ਇਸ ਵਿੱਚੋਂ ਨਸਲਵਾਦ ਦੀ ਬਦਬੂ ਆਉਂਦੀ ਹੈ।"

ਤਸਵੀਰ ਸਰੋਤ, Getty Images
ਯੂਰੋਸਟਾਰ ਦੇ ਇੱਕ ਬੁਲਾਰੇ ਨੇ ਕਿਹਾ, “ਉਨ੍ਹਾਂ ਚਾਰ ਦੇਸ਼ਾਂ ਦੀ ਸੰਯੁਕਤ ਸੁਰੱਖਿਆ ਕਮੇਟੀ ਵਲੋਂ ਯੂਰੋਸਟਾਰ ਲਈ ਨਿਰਧਾਰਿਤ ਸੁਰੱਖਿਆ ਨਿਯਮਾਂ ਤਹਿਤ ਕੁਝ ਪ੍ਰਕਾਰ ਦੇ ਬਲੈਡ ਲੈ ਜਾਣ ਦੀ ਆਗਿਆ ਨਹੀਂ ਹੈ। ਅਸੀਂ ਇਨ੍ਹਾਂ ਨਿਯਮਾਂ ਦੇ ਆਧਾਰ ਉੱਤੇ ਹੀ ਕੰਮ ਕਰਦੇ ਹਾਂ।”
ਉਨ੍ਹਾਂ ਮੁਤਾਬਕ ਜਿਨ੍ਹਾਂ ਤਿੱਖੇ ਔਜਾਰਾਂ ਨੂੰ ਸਫ਼ਰ ਵਿੱਚ ਨਾਲ ਲੈ ਜਾਣ ਦੀ ਆਗਿਆ ਨਹੀਂ ਹੈ ਉਨ੍ਹਾਂ ਵਿੱਚ ਕਿਰਪਾਨ ਵੀ ਸ਼ਾਮਲ ਹੈ।
"75ਮਿਲੀਮੀਟਰ ਤੋਂ ਛੋਟੇ ਫੋਲਡਿੰਗ ਬਲੇਡ, ਜਿਨ੍ਹਾਂ ਨੂੰ ਲਾਕ ਲੱਗ ਸਕੇ ਉਹ ਜਾਂ ਫ਼ਿਰ ਜੇਬ ਚਾਕੂ ਨਾਲ ਰੱਖਣ ਦੀ ਆਗਿਆ ਹੈ।”
"ਸਾਨੂੰ ਸੱਚਮੁੱਚ ਅਫਸੋਸ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਯਾਤਰੀਆਂ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਨਹੀਂ ਸਮਝਾਇਆ ਗਿਆ ਅਤੇ ਨਾ ਹੀ ਪੂਰੀ ਸਹੀ ਜਾਣਕਾਰੀ ਆਨਲਾਈਨ ਯਾਤਰੀਆਂ ਤੱਕ ਪਹੁੰਚਾਈ ਗਈ ਸੀ।"












