ਪੰਜਾਬ ਦੇ 5 ਵੱਡੇ ਸਿਆਸੀ ਚਿਹਰੇ ਕਿਉਂ ਨੇ ਚੋਣ ਪ੍ਰਚਾਰ ਤੋਂ ਦੂਰ, ਕਿਹੋ ਜਿਹਾ ਪੈ ਰਿਹਾ ਅਸਰ

ਨਵਜੋਤ ਸਿੰਘ ਸਿੱਧੂ,ਕੈਪਟਨ ਅਮਰਿੰਦਰ ਸਿੰਘ,ਮਨਪ੍ਰੀਤ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਬੇ ਵਿੱਚ ਸਿਆਸਤ ਦੇ ਕਈ ਵੱਡੇ ਨਾਮ ਅਜਿਹੇ ਵੀ ਹਨ, ਜਿਹੜੇ ਚੋਣ ਪਿੜ ਤੋਂ ਬਾਹਰ ਬੈਠੇ ਹਨ
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਲੋਕ ਸਭਾ ਚੋਣਾਂ 2024 ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ।

20 ਅਪ੍ਰੈਲ ਤੋਂ ਸ਼ੁਰੂ ਹੋਈ ਵੋਟਿੰਗ ਦੇ 5 ਗੇੜਾਂ ਦੌਰਾਨ 428 ਸੀਟਾਂ ਲਈ ਵੋਟ ਅਮਲ ਮੁਕੰਮਲ ਹੋ ਚੁੱਕਾ ਹੈ। 25 ਮਈ ਅਤੇ ਪਹਿਲੀ ਜੂਨ ਨੂੰ 115 ਸੀਟਾਂ ਉੱਤੇ ਵੋਟਾਂ ਪੈਣੀਆਂ ਹਨ।

ਇਨ੍ਹਾਂ ਵਿੱਚ ਦਿੱਲੀ, ਹਰਿਆਣਾ, ਹਿਮਾਚਲ ਸਣੇ ਕੁਝ ਹੋਰ ਸੂਬਿਆਂ ਦੀ ਬਚਦੀਆਂ ਸੀਟਾਂ ਉੱਤੇ ਵੀ ਪੋਲਿੰਗ ਹੋਵੇਗੀ।

ਪੰਜਾਬ ਵਿੱਚ ਸੱਤਵੇਂ ਤੇ ਆਖ਼ਰੀ ਗੇੜ ਦੌਰਾਨ ਪਹਿਲੀ ਜੂਨ ਨੂੰ ਪੋਲਿੰਗ ਹੋਵੇਗੀ।

ਜਿਸ ਲਈ ਸਾਰੀਆਂ ਸਿਆਸੀ ਧਿਰਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸੂਬੇ ਵਿੱਚ ਇਸ ਵਾਰ ਚਾਰਧਿਰੀ ਮੁਕਾਬਲਾ ਕਿਆਸਿਆ ਜਾ ਰਿਹਾ ਹੈ।

ਸੂਬੇ ਦੀਆਂ 13 ਸੀਟਾਂ ਉੱਤੇ ਸੱਤਾਧਾਰੀ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਆਪੋ-ਆਪਣੇ ਤਰੀਕੇ ਨਾਲ ਕਿਸਮਤ ਅਜ਼ਮਾਈ ਕਰ ਰਹੀਆਂ ਹਨ।

ਪਰ ਜਲੰਧਰ ਅਤੇ ਅਨੰਦਪੁਰ ਸਾਹਿਬ ਵਿੱਚ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਤੇ ਜਸਵੀਰ ਸਿੰਘ ਗੜ੍ਹੀ, ਸੰਗਰੂਰ ਅਤੇ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਤੇ ਲੱਖਾ ਸਿਧਾਣਾ, ਖਡੂਰ ਸਾਹਿਬ ਅਤੇ ਫਰੀਦਕੋਟ ਵਿੱਚ ਆਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਮੁਕਾਬਲੇ ਨੂੰ ਪੰਜਕੌਣਾ ਬਣਾ ਰਹੇ ਹਨ।

ਕੇਂਦਰੀ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਨਾਲ ਅਤੇ ਖੇਤਰੀ ਪਾਰਟੀਆਂ ਆਪਣੇ ਵੱਡੇ ਆਗੂਆਂ ਨਾਲ ਵਿਰੋਧੀਆਂ ਨੂੰ ਚੁਣੌਤੀ ਪੇਸ਼ ਕਰ ਰਹੀਆਂ ਹਨ।

ਪਰ ਸੂਬੇ ਵਿੱਚ ਸਿਆਸਤ ਦੇ ਕਈ ਵੱਡੇ ਨਾਮ ਅਜਿਹੇ ਵੀ ਹਨ, ਜਿਹੜੇ ਚੋਣ ਪਿੜ ਤੋਂ ਬਾਹਰ ਬੈਠੇ ਹਨ, ਉਹ ਨਾ ਤਾਂ ਚੋਣ ਲੜ ਰਹੇ ਹਨ, ਨਾ ਕਿਸੇ ਨੂੰ ਲੜਾ ਰਹੇ ਹਨ ਅਤੇ ਨਾ ਹੀ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।

ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਵੱਡੇ ਸਿਆਸੀ ਆਗੂਆਂ ਦੇ ਚੋਣ ਮੁਹਿੰਮ ਤੋਂ ਦੂਰ ਹੋਣ ਅਤੇ ਇਸ ਦੇ ਸੂਬੇ ਦੀ ਸਿਆਸਤ ਉੱਤੇ ਪੈਣ ਵਾਲੇ ਅਸਰ ਦਾ ਜ਼ਿਕਰ ਕਰਾਂਗੇ।

ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਹਨ।

ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਹਨ।

ਉਨ੍ਹਾਂ 2004 ਤੋਂ ਭਾਜਪਾ ਵਿੱਚ ਸਿਆਸੀ ਕਰੀਅਰ ਸ਼ੁਰੂ ਕੀਤਾ। ਉਹ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ, ਪਰ 2014 ਵਿੱਚ ਉਨ੍ਹਾਂ ਨੂੰ ਪਾਰਟੀ ਨੇ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ ਅਤੇ ਉਨ੍ਹਾਂ ਦੀ ਥਾਂ ਮਰਹੂਮ ਆਗੂ ਅਰੁਣ ਜੇਤਲੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ।

ਭਾਜਪਾ ਨੇ ਸਿੱਧੂ ਨੂੰ ਰਾਜ ਸਭਾ ਭੇਜਿਆ, ਪਰ ਉਨ੍ਹਾਂ 2016 ਵਿੱਚ ਇਹ ਕਹਿ ਕੇ ਪਾਰਟੀ ਛੱਡ ਦਿੱਤੀ ਕਿ ਉਹ ਪੰਜਾਬ ਤੋਂ ਬਾਹਰ ਦੀ ਸਿਆਸਤ ਨਹੀਂ ਕਰਨਗੇ। ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਆਪਣੇ ਸਟਾਰ ਰੁਤਬੇ ਕਾਰਨ ਗਾਂਧੀ ਪਰਿਵਾਰ ਦੇ ਕਾਫੀ ਕਰੀਬੀ ਬਣ ਗਏ।

ਪਾਰਟੀ ਨੇ ਸਿੱਧੂ ਨੂੰ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਅਤੇ 2017 ਵਿੱਚ ਬਣੀ ਕੈਪਟਨ ਅਮਰਿੰਦਰ ਸਰਕਾਰ ਵਿੱਚ ਉਹ ਕੈਬਨਿਟ ਮੰਤਰੀ ਬਣੇ।

ਪਰ ਆਪਣੇ ਪੰਜਾਬ ਪ੍ਰਤੀ ਏਜੰਡੇ ਨਾਲ ਸਮਝੌਤਾ ਨਾ ਕਰਨ ਕਰਕੇ ਉਹ ਸੱਤਾ ਤੋਂ ਬਾਹਰ ਹੋ ਗਏ। ਇਹੀ ਹਾਲਾਤ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਜਾਰੀ ਰਹੇ। ਉਦੋਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਸਨ।

ਉਹ ਕ੍ਰਿਕਟ ਕੂਮੈਂਟਰੀ ਕਰਨ ਅਤੇ ਟੀਵੀ ਚੈਨਲਾਂ ਦੇ ਹਾਸਰਸ ਸ਼ੌਅਜ਼ ਦੇ ਜੱਜ ਬਣਨ ਦੇ ਨਾਲ ਟੀਵੀ ਹਸਤੀ ਵਜੋਂ ਮਸ਼ਹੂਰ ਹੋ ਗਏ। ਨਵਜੋਤ ਸਿੱਧੂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਾਲੇ ਲੱਛੇਦਾਰ ਭਾਸ਼ਣਾ ਲ਼ਈ ਮਸ਼ਹੂਰ ਹਨ ਅਤੇ ਚੋਣਾਂ ਵਿੱਚ ਪ੍ਰਚਾਰ ਲਈ ਉਨ੍ਹਾਂ ਦੀ ਖਾਸ ਮੰਗ ਰਹਿੰਦੀ ਹੈ।

ਬੀਬੀਸੀ

ਡਾਕਟਰ ਮੁਹੰਮਦ ਖਾਲਿਦ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਹਨ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ਅਪ੍ਰੈਲ 2023 ਵਿੱਚ ਜਦੋਂ ਨਵਜੋਤ ਸਿੱਧੂ ਪੁਰਾਣੇ ਸੜਕ ਹਾਦਸੇ ਵਾਲੇ ਮਾਮਲੇ ਵਿੱਚ ਇੱਕ ਸਾਲ ਕੈਦ ਕੱਟਣ ਤੋਂ ਬਾਅਦ ਬਾਹਰ ਆਏ ਤਾਂ ਸਮਝਿਆ ਜਾਂਦਾ ਸੀ ਕਿ ਉਹ ਪੰਜਾਬ ਕਾਂਗਰਸ ਵਿੱਚ ਨਵੀਂ ਰੂਹ ਫੂਕਣਗੇ।

ਖਾਲਿਦ ਕਹਿੰਦੇ ਹਨ, ‘‘ ਕਾਂਗਰਸ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਕੋਈ ਖਾਸ ਜ਼ਿੰਮੇਵਾਰੀ ਨਹੀਂ ਦਿੱਤੀ, ਪਰ ਉਨ੍ਹਾਂ ਹਾਈਕਮਾਂਡ ਦੀ ਇਜਾਜ਼ਤ ਤੋਂ ਬਿਨਾਂ ਹੀ ਰੈਲੀਆਂ ਅਤੇ ਇਕੱਠ ਕਰਨੇ ਸ਼ੁਰੂ ਕੀਤੇ।''

''ਉਨ੍ਹਾਂ ਕੋਲ ਪੰਜਾਬ ਲਈ ਖਾਸ ਕਿਸਮ ਦਾ ਏਜੰਡਾ ਹੈ, ਜਿਸ ਨੂੰ ਪਾਰਟੀ ਨੇ ਪੂਰੀ ਤਰ੍ਹਾਂ ਅਪਣਾਇਆ ਨਹੀਂ। ਉਲਟਾ ਸੂਬਾਈ ਲੀਡਰਸ਼ਿਪ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਧੜੇਬੰਦੀ ਨੂੰ ਉਤਾਸ਼ਾਹਿਤ ਕਰਨ ਵਾਲਾ ਦੱਸਿਆ।’’

ਇਸ ਤਰ੍ਹਾਂ ਸਿੱਧੂ ਦੀ ਸਰਗਰਮੀ ਘਟ ਗਈ। ਉਨ੍ਹਾਂ ਦੇ ਕੁਝ ਸਾਥੀਆਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਉਨ੍ਹਾਂ ਨੂੰ ਪਾਰਟੀ ਸਰਗਰਮੀਆਂ ਵਿੱਚ ਸ਼ਾਮਲ ਨਹੀਂ ਕਰ ਰਹੀ। ਸਿੱਧੂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਵਾਲੇ ਕਈ ਆਗੂਆਂ ਖਿਲਾਫ਼ ਅਨੁਸਾਸ਼ਨੀ ਕਾਰਵਾਈ ਵੀ ਹੋਈ।

ਅਜਿਹੇ ਹਾਲਾਤ ਵਿੱਚ ਐਨ ਚੋਣਾਂ ਸਿਰ ਉੱਤੇ ਆਉਣ ਵੇਲੇ ਸਿੱਧੂ ਨੇ ਆਈਪੀਐੱਲ ਕ੍ਰਿਕਟ ਕੂਮੈਂਟਰੀ ਵਿੱਚ ਮੁੜ ਜਾਣ ਦਾ ਫੈਸਲਾ ਕਰ ਲਿਆ।

ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ‘‘ਜਦੋਂ ਸਿੱਧੂ ਨੇ ਆਈਪੀਐੱਲ ਕੂਮੈਂਟਰੀ ਵਿੱਚ ਜਾਣ ਦਾ ਫੈਸਲਾ ਲਿਆ ਸੀ, ਉਦੋਂ ਮੈਨੂੰ ਦੱਸਿਆ ਸੀ ਕਿ ਇਹ ਕੰਮ ਸਿਰਫ਼ 45 ਦਿਨਾਂ ਦਾ ਹੈ, ਉਹ ਵਿੱਚ ਵਿਚਾਲੇ ਟਾਇਮ ਕੱਢ ਕੇ ਪਾਰਟੀ ਲਈ ਪ੍ਰਚਾਰ ਕਰਨਗੇ।''

''ਪਰ ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਕੈਂਸਰ ਦੀ ਬਿਮਾਰੀ ਕਾਰਨ ਮੁੜ ਜ਼ਿਆਦਾ ਢਿੱਲੇ ਹੋ ਗਏ।’’

ਮਾਲੀ ਦਾ ਦਾਅਵਾ ਹੈ ਕਿ ਸਿੱਧੂ ਦੀ ਪੂਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਵਿੱਚ ਅਪੀਲ ਹੈ, ਦੂਨੀਆਂ ਵਿੱਚ ਜਿੱਥੇ ਵੀ ਕੋਈ ਪੰਜਾਬੀ ਬੈਠਾ ਹੈ, ਉਸ ਤੱਕ ਸਿੱਧੂ ਦੀ ਗੱਲ ਪਹੁੰਚਦੀ ਹੈ।

ਪੰਜਾਬ ਦੀ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟਾਰਗੈੱਟ ਰੱਖ ਕੇ ਕੰਮ ਕਰ ਰਹੀ ਹੈ, ਜਦਕਿ ਸਿੱਧੂ ਮੌਜੂਦਾ ਕੌਮੀ ਹਾਲਾਤ ਦੇ ਮੱਦੇਨਜ਼ਰ ਪੰਜਾਬ ਵਿੱਚ ਵੀ ਕਾਂਗਰਸ ਅਤੇ ‘ਆਪ’ ਦੇ ਗਠਜੋੜ ਦੀ ਵਕਾਲਤ ਕਰਦੇ ਸਨ। ਜਿਸ ਨੂੰ ਸੂਬੇ ਵਾਲਿਆਂ ਨੇ ਮੰਨਿਆ ਨਹੀਂ।

ਮਾਲੀ ਕਹਿੰਦੇ ਹਨ ਕਿ ਸਿੱਧੂ ਦੇ ਪ੍ਰਚਾਰ ਲਈ ਪੰਜਾਬ ਦੇ ਸਾਰੇ ਹੀ ਉਮੀਦਵਾਰ ਲੋੜ ਮਹਿਸੂਸ ਕਰਦੇ ਹਨ, ਕਿਉਂਕਿ ਉਹ ਪੂਰੇ ਪੰਜਾਬ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ਼ਦੇ ਹਨ।

ਜੇਕਰ ਉਹ ਕਾਂਗਰਸ ਲਈ ਪ੍ਰਚਾਰ ਕਰਦੇ ਤਾਂ ਕਾਂਗਰਸ ਦੀ ਹਾਲਤ ਹੋਰ ਵਧੇਰੇ ਚੰਗੀ ਹੋ ਸਕਦੀ ਸੀ। ਪਰ ਇਹ ਕਾਂਗਰਸ ਦੀ ਬਦਕਿਸਮਤੀ ਹੈ ਕਿ ਅਜਿਹਾ ਆਗੂ ਚੋਣ ਪ੍ਰਚਾਰ ਤੋਂ ਬਾਹਰ ਬੈਠਾ ਹੈ।

ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਤੋਂ ਬਾਅਦ ਲੋਕ ਸਭਾ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਵਰਗੇ ਦਲੇਰਾਨਾ ਫੈਸਲਿਆਂ ਕਾਰਨ ਉਨ੍ਹਾਂ ਦਾ ਪੰਜਾਬ ਦੀ ਸਿਆਸਤ ਵਿੱਚ ਕੱਦ ਬਹੁਤ ਵਧ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਤੋਂ ਬਾਅਦ ਲੋਕ ਸਭਾ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।

ਜਿਸ ਕਾਰਨ ਉਨ੍ਹਾਂ ਦੀ ਪੰਜਾਬ ਵਿੱਚ ਪੰਥਕ ਆਗੂ ਵਾਲੀ ਦਿੱਖ ਬਣ ਗਈ। ਉਹ ਕੁਝ ਸਮਾਂ ਅਕਾਲੀ ਦਲ ਵਿੱਚ ਰਹੇ ਪਰ ਬਾਅਦ ਵਿੱਚ ਉਨ੍ਹਾਂ ਆਪਣੀ ਪਾਰਟੀ ਵੀ ਬਣਾਈ।

ਆਖ਼ਰ 1990ਵਿਆਂ ਦੇ ਆਖ਼ਰੀ ਸਾਲਾਂ ਦੌਰਾਨ ਉਹ ਮੁੜ ਕਾਂਗਰਸ ਵਿੱਚ ਆ ਗਏ। ਉਹ ਕਾਂਗਰਸ ਦੇ ਪ੍ਰਧਾਨ ਬਣੇ ਪਰ ਉਨ੍ਹਾਂ ਆਪਣੀ ਪੰਥਕ ਆਗੂਆਂ ਦੀ ਦਿੱਖ ਕਾਰਨ ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂ ਨੂੰ ਮਾਤ ਦੇ ਕੇ ਪੰਜਾਬ ਦੀ ਸੱਤਾ ਹਾਸਲ ਕੀਤੀ।

ਪੰਥਕ ਮੁੱਦੇ ਚੁੱਕਣ ਕਾਰਨ ਸਿਆਸੀ ਹਲਕੇ ਉਨ੍ਹਾਂ ਨੂੰ ‘ਕਾਂਗਰਸ ਦਾ ਪੰਥਕ ਜਥੇਦਾਰ’ ਕਹਿੰਦੇ ਸਨ

ਮਾਲਵਿੰਦਰ ਮਾਲੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੀਡੀਆ ਟੀਮ ਵਿੱਚ ਵੀ ਕੰਮ ਕੀਤਾ ਹੈ।

ਉਹ ਕਹਿੰਦੇ ਹਨ, ‘‘ਕੈਪਟਨ ਦਾ ਪੰਜਾਬ ਵਿੱਚ ਵੱਡਾ ਪ੍ਰਭਾਵ ਸੀ, ਜਦੋ 2017 ਦੌਰਾਨ ਅਕਾਲੀ ਦਲ ਸਿਆਸੀ ਤੌਰ ਉੱਤੇ ਨਿਘਾਰ ਵਿੱਚ ਗਿਆ ਅਤੇ ਆਮ ਆਦਮੀ ਪਾਰਟੀ ‘ਸਾਰਾ ਪੰਜਾਬ ਕੇਜਰੀਵਾਲ ਨਾਲ’ ਦਾ ਨਾਅਰਾ ਲੈ ਕੇ ਆਈ ਤਾਂ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਉੱਤੇ ਮੁੜ ਭਰੋਸਾ ਕੀਤਾ। ਚਿਹਰਿਆਂ ਦੀ ਸਿਆਸਤ ਵਿੱਚ ਉਹ ਪੰਜਾਬ ਵਿੱਚ ਜੇਤੂ ਬਣ ਕੇ ਨਿੱਤਰੇ।’’

ਬੀਬੀਸੀ

ਪ੍ਰੋਫੈਸਰ ਖਾਲਿਦ ਕਹਿੰਦੇ ਹਨ ਕਿ ਕਾਂਗਰਸ ਵਲੋਂ ਸੱਤਾ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ।

''ਉਨ੍ਹਾਂ ਆਪਣੀ ਪਾਰਟੀ ਬਣਾ ਕੇ ਜੋ ਭਾਜਪਾ ਨਾਲ ਗਠਜੋੜ ਦਾ ਤਜਰਬਾ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਸੀ, ਉਹ ਸਫ਼ਲ ਨਹੀਂ ਹੋਇਆ ਤੇ ਉਨ੍ਹਾਂ ਕੋਲ ਭਾਜਪਾ ਵਿੱਚ ਜਾਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਬਣਿਆ ਸੀ।''

ਖਾਲਿਦ ਕਹਿੰਦੇ ਹਨ, ‘‘ਪੰਜਾਬ ਭਾਜਪਾ ਵਿੱਚ ਹੀ ਇੱਕ ਅਜਿਹਾ ਗਰੁੱਪ ਹੈ, ਜੋ ਕੈਪਟਨ ਅਮਰਿੰਦਰ ਦੇ ਭਾਜਪਾ ਵਿੱਚ ਆਉਣ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੈਪਟਨ ਪਾਰਟੀ ਗਤੀਵਿਧੀਆਂ ਨੂੰ ਲੀਡ ਨਾ ਕਰਨ।''

''ਦੂਜਾ ਕੈਪਟਨ ਦੀ ਉਮਰ ਵੀ ਕਾਫੀ ਹੋ ਗਈ ਹੈ। ਜਿਸ ਕਾਰਨ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਹੀਂ ਕਰ ਰਹੇ। ਇੱਥੋਂ ਤੱਕ ਕਿ ਉਨ੍ਹਾਂ ਪਟਿਆਲਾ ਲੋਕ ਸਭਾ ਹਲਕੇ ਨੂੰ ਵੀ ਆਪਣੀ ਪਤਨੀ ਪ੍ਰਨੀਤ ਕੌਰ ਦੇ ਸਹਾਰੇ ਛੱਡ ਦਿੱਤਾ।’’

ਮਾਲੀ ਅਤੇ ਖਾਲਿਦ ਦੋਵਾਂ ਦਾ ਮੰਨਣਾ ਹੈ ਕਿ ਭਾਜਪਾ ਵਿੱਚ ਜਾਣ ਤੋਂ ਬਾਅਦ ਕੈਪਟਨ ਦਾ ਸਿਆਸੀ ਪ੍ਰਭਾਵ ਘਟ ਗਿਆ, ਹੁਣ ਉਨ੍ਹਾਂ ਦੀ ਪਹਿਲਾਂ ਵਾਂਗ ਪੰਜਾਬ ਭਰ ਵਿੱਚ ਅਪੀਲ ਨਹੀਂ ਰਹੀ।

''ਪਰ ਫੇਰ ਵੀ ਉਨ੍ਹਾਂ ਦਾ ਕੱਦ ਵੱਡਾ ਹੈ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਤੋਂ ਬਾਹਰ ਹੋਣ ਨਾਲ ਜਿੱਥੇ ਵਿਰੋਧੀਆਂ ਨੂੰ ਗੱਲ ਕਹਿਣ ਦਾ ਮੌਕਾ ਮਿਲਦਾ ਹੈ, ਉੱਥੇ ਕਾਡਰ ਵਿੱਚ ਮਾਯੂਸੀ ਫੈਲਦੀ ਹੈ।''

ਸੁਖਦੇਵ ਸਿੰਘ ਢੀਂਡਸਾ

ਸੁਖਦੇਵ ਸਿੰਘ ਢੀਂਡਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਦੇਵ ਸਿੰਘ ਢੀਂਡਸਾ

ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਵੱਡੇ ਆਗੂ ਮੰਨੇ ਜਾਂਦੇ ਸਨ। ਉਹ ਕੇਂਦਰੀ ਮੰਤਰੀ ਰਹੇ ਅਤੇ ਅਕਾਲੀ ਦਲ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ।

ਅਕਾਲੀ ਹਲਕਿਆਂ ਵਿੱਚ ਇਹ ਆਮ ਚਰਚਾ ਰਹੀ ਹੈ ਕਿ ਅਕਾਲੀ ਦਲ ਬਾਦਲ ਵਿੱਚ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਬਾਰੇ ਕੋਈ ਵੀ ਫੈਸਲਾ ਸੁਖਦੇਵ ਸਿੰਘ ਢੀਂਡਸਾ ਦੀ ਰਾਇ ਤੋਂ ਬਿਨਾਂ ਨਹੀਂ ਲਿਆ ਜਾਂਦਾ ਸੀ।

ਪਰ 2017 ਵਿੱਚ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੋਇਆ ਤਾਂ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਸਨ, ਜੋ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਬਦਲਾਅ ਦੀ ਦਰਕਾਰ ਮਹਿਸੂਸ ਕਰਦੇ ਸਨ।

ਉਨ੍ਹਾਂ ਅਕਾਲੀ ਦਲ ਵਲੋਂ ਕੀਤੀਆਂ ਸਿਆਸੀ ਗ਼ਲਤੀਆਂ ਖਾਸਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਨਿਆਂ ਨਾ ਦੁਆਉਣ ਲਈ ਬਾਦਲ ਪਰਿਵਾਰ ਨੂੰ ਜਿੰਮੇਵਾਰ ਦੱਸਿਆ। ਪਰ ਬਾਦਲ ਪਰਿਵਾਰ ਪਾਰਟੀ ਉੱਤੇ ਕਿਸੇ ਵੀ ਤਰ੍ਹਾਂ ਹੋਰ ਆਗੂ ਦੀ ਅਗਵਾਈ ਸਵਿਕਾਰ ਕਰਨ ਲਈ ਤਿਆਰ ਨਹੀਂ ਸੀ।

ਸਿਆਸੀ ਜਾਣਕਾਰ ਦੱਸਦੇ ਹਨ ਕਿ ਇਹੀ ਉਹ ਹਾਲਾਤ ਸਨ, ਜਿਨ੍ਹਾਂ ਨੇ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਤੋਂ ਦੂਰ ਕਰ ਦਿੱਤਾ। ਸੁਖਦੇਵ ਢੀਂਡਸਾ ਨੇ ਅਕਾਲੀ ਦਲ ਸੰਯੁਕਤ ਦਾ ਗਠਨ ਕਰ ਲਿਆ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨਾਲ ਭਿਆਲੀ ਪਾ ਲਈ।

ਭਾਵੇਂ ਕਿ ਸੁਖਦੇਵ ਢੀਂਡਸਾ ਦਾ ਇਹ ਤਜਰਬਾ ਕੈਪਟਨ ਅਮਰਿੰਦਰ ਵਾਂਗ ਹੀ ਗੈਰ ਲਾਹੇਬੰਦ ਸਾਬਿਤ ਨਾਲ ਹੋਇਆ।

ਸੁਖਦੇਵ ਸਿੰਘ ਢੀਂਡਸਾ

ਤਸਵੀਰ ਸਰੋਤ, Getty Images

ਮਾਲਵਿੰਦਰ ਸਿੰਘ ਮਾਲੀ ਕਹਿੰਦੇ ਹਨ, ‘‘ਸੁਖਬੀਰ ਬਾਦਲ ਵਲੋਂ ਜਨਤਕ ਤੌਰ ਉੱਤੇ ਪਾਰਟੀ ਲੀਡਰਸ਼ਿਪ ਦੀਆਂ ਗਲਤੀਆਂ ਲਈ ਜਿਵੇਂ ਜਨਤਕ ਮਾਫੀ ਮੰਗਣ 'ਤੇ ਟਕਸਾਲੀ ਲੀਡਰਸ਼ਿਪ ਨੂੰ ਵਾਪਸ ਮੁੜਨ ਦੀ ਅਪੀਲ ਕੀਤੀ ਗਈ।''

''ਉਸ ਤੋਂ ਬਾਅਦ ਜੋ ਏਕਤਾ ਹੋਈ, ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਜੇਰਾ ਦਿਖਾਉਣਾ ਚਾਹੀਦਾ ਸੀ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ, ਢੀਂਡਸਾ ਪਰਿਵਾਰ ਨੂੰ ਪੁੱਛੇ ਬਿਨਾਂ ਸੰਗਰੂਰ ਦੀ ਟਿਕਟ ਹੋਰ ਆਗੂ ਨੂੰ ਦੇ ਦਿੱਤੀ।’’

ਮਾਲੀ ਮੁਤਾਬਕ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਵਿੱਚ ਢੀਂਡਸਾ ਦਾ ਚੰਗਾ ਅਧਾਰ ਹੈ, ਹੁਣ ਜਦੋਂ ਉਹ ਅਕਾਲੀ ਚੋਣ ਮੁਹਿੰਮ ਤੋਂ ਬਾਹਰ ਬੈਠ ਗਏ ਹਨ ਤਾਂ ਬਿਨਾਂ ਸ਼ੱਕ ਇਸ ਦਾ ਨਾਂਹਪੱਖੀ ਅਸਰ ਪਵੇਗਾ ਅਤੇ ਅਕਾਲੀ ਦਲ ਨੂੰ ਨੁਕਸਾਨ ਸਹਿਣਾ ਪਵੇਗਾ।

ਬੀਬੀ ਜਗੀਰ ਕੌਰ ਦੇ ਹਵਾਲੇ ਨਾਲ ਮਾਲੀ ਕਹਿੰਦੇ ਹਨ, ‘‘ਸੁਖਦੇਵ ਢੀਂਡਸਾ ਨਾਲ ਚੰਗਾ ਨਹੀਂ ਹੋਇਆ। ਇਸ ਤਰ੍ਹਾਂ ਨਾਲ ਏਕਤਾ ਦਾ ਅਸਰ ਵੀ ਜ਼ੀਰੋ ਹੋ ਗਿਆ ਅਤੇ ਢੀਂਡਸੇ ਦੀ ਚੁੱਪ ਵੀ ਬੋਲਣ ਨਾਲੋਂ ਵੱਧ ਤਾਕਤਵਰ ਹੈ।’’

ਪ੍ਰੋਫੈਸਰ ਖਾਲਿਦ, ਢੀਂਡਸਾ ਬਾਰੇ ਇੱਕ ਵੱਖਰੇ ਨੁਕਤੇ ਤੋਂ ਗੱਲ ਕਰਦਿਆਂ ਕਹਿੰਦੇ ਹਨ, ‘‘ਸਾਰੀਆਂ ਹੀ ਪਾਰਟੀਆਂ ਵਿੱਚ ਇਹ ਆਮ ਰੁਝਾਨ ਬਣ ਗਿਆ ਹੈ, ਕਿ ਮੈਂ ਟਿਕਟ ਜਾਂ ਅਹੁਦਾ ਲੈ ਕੇ ਹੀ ਸਰਗਰਮ ਰਹਾਂਗਾ। ਵਰਨਾ ਚੁੱਪ ਕਰਕੇ ਘਰ ਬੈਠ ਜਾਵਾਂਗਾ। ਇਹੀ ਢੀਂਡਸਾ ਪਰਿਵਾਰ ਨੇ ਕੀਤਾ ਹੈ।’’

ਪ੍ਰੋਫੈਸਰ ਖਾਲਿਦ ਮੁਤਾਬਕ ਭਾਵੇਂ ਢੀਂਡਸਾ ਦਾ ਅਸਰ ਪੁਰਾਣੇ ਸੰਗਰੂਰ ਜ਼ਿਲ੍ਹੇ ਵਿੱਚ ਹੀ ਹੈ, ਪਰ ਏਕਤਾ ਨੂੰ ਖੋਰੇ ਦੇ ਬਿਰਤਾਂਤ ਨਾਲ ਅਕਾਲੀ ਦਲ ਖਿਲਾਫ਼ ਹਵਾ ਜ਼ਰੂਰ ਵਗੇਗੀ।

ਮਨਪ੍ਰੀਤ ਸਿੰਘ ਬਾਦਲ

ਮਨਪ੍ਰੀਤ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨਪ੍ਰੀਤ ਸਿੰਘ ਬਾਦਲ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ

ਮਨਪ੍ਰੀਤ ਸਿੰਘ ਬਾਦਲ 1995 ਵਿੱਚ ਪਹਿਲੀ ਵਾਰ ਗਿੱਦੜਬਾਹਾ ਤੋਂ ਅਕਾਲੀ ਦਲ ਦੀ ਟਿਕਟ ਉੱਤੇ ਵਿਧਾਇਕ ਬਣੇ ਸਨ। ਇਹ ਜ਼ਿਮਨੀ ਚੋਣ ਸੀ ਅਤੇ ਗਿੱਦੜਬਾਹਾ ਹਲ਼ਕਾ ਬਾਦਲ ਪਰਿਵਾਰ ਦੇ ਜੱਦੀ ਇਲਾਕੇ ਵਿੱਚੋਂ ਸੀ।

ਮਨਪ੍ਰੀਤ ਸਿੰਘ ਬਾਦਲ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ। ਉਹ ਅਕਾਲੀ ਦਲ ਦੀ ਸਰਕਾਰ ਵਿੱਚ ਵਿੱਤ ਮੰਤਰੀ ਬਣੇ। ਪਰ ਛੇਤੀ ਹੀ ਉਨ੍ਹਾਂ ਦੀ ਪਰਿਵਾਰ ਨਾਲ ਵਿਗੜ ਗਈ ਅਤੇ ਉਨ੍ਹਾਂ ਨੂੰ ਅਸਤੀਫਾ ਦੇ ਕੇ ਸੱਤਾ ਤੋਂ ਬਾਹਰ ਆਉਣਾ ਪਿਆ।

ਉਨ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਅਤੇ ਪੰਜਾਬ ਵਿੱਚ ਤੀਜਾ ਬਦਲ ਉਸਾਰਨ ਦੀ ਅਸਫ਼ਲ ਕੋਸ਼ਿਸ਼ ਕੀਤੀ।

ਉਸ ਵੇਲੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਸਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਅਕਾਲੀ ਦਲ ਦੀ ਦੂਜੀ ਵਾਰ ਸਰਕਾਰ ਬਣ ਗਈ ਤਾਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਵਿੱਚ ਚਲੇ ਗਏ।

ਉਨ੍ਹਾਂ ਨੇ 2017 ਦੀਆਂ ਚੋਣਾਂ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ਉੱਤੇ ਲੜੀਆਂ ਅਤੇ ਕੈਪਟਨ ਸਰਕਾਰ ਵਿੱਚ ਖਜ਼ਾਨਾ ਮੰਤਰੀ ਬਣੇ, ਉਨ੍ਹਾਂ ਤੋਂ ਬਾਅਦ ਚੰਨੀ ਸਰਕਾਰ ਵਿੱਚ ਮੰਤਰੀ ਰਹੇ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਠਿੰਡਾ ਸ਼ਹਿਰੀ ਸੀਟ ਤੋਂ ਹਾਰ ਗਏ, ਅਤੇ ਕੁਝ ਸਮੇਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸੇ ਦੌਰਾਨ ਉਨ੍ਹਾਂ ਤੋਂ ਸਰਕਾਰੀ ਜ਼ਮੀਨ ਸਸਤੇ ਵਿੱਚ ਲੈਣ ਦੇ ਕੇਸ ਵਿੱਚ ਵਿਜੀਲੈਂਸ ਪੁੱਛਗਿੱਛ ਵੀ ਕਰਦੀ ਰਹੀ। ਪਿਛਲੇ ਦਿਨੀ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ।

ਮਨਪ੍ਰੀਤ ਸਿੰਘ ਬਾਦਲ ਜੋ ਆਪਣੇ ਭਾਸ਼ਣਾ ਵਿੱਚ ਸ਼ਾਇਰੋ-ਸ਼ਾਇਰੀ ਲਈ ਮਸ਼ਹੂਰ ਹਨ, ਉਨ੍ਹਾਂ ਨੇ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਚੁੱਪ ਵੱਟੀ ਹੋਈ ਹੈ।

ਭਾਵੇਂ ਕਿ ਪਿਛਲੇ ਦਿਨੀ ਉਨ੍ਹਾਂ ਇੱਕ ਟਵੀਟ ਕਰਕੇ ਆਪਣੇ ਸਮਰਥਕਾਂ ਨੂੰ ਭਾਜਪਾ ਦਾ ਸਮਰਥਨ ਕਰਨ ਲਈ ਕਿਹਾ, ਅਤੇ ਮੋਦੀ -ਅਮਿਤ ਸ਼ਾਹ ਦੀ ਜੋੜੀ ਨੂੰ ਭਾਰਤ ਦਾ ਕਲਿਆਣ ਕਰਨ ਵਾਲੀ ਜੋੜੀ ਕਰਾਰ ਦਿੱਤਾ, ਪਰ ਉਨ੍ਹਾਂ ਦਾ ਚੋਣ ਮੁਹਿੰਮ ਤੋਂ ਦੂਰ ਰਹਿਣਾ ਕਾਫੀ ਸਵਾਲ ਖੜ੍ਹੇ ਕਰਦਾ ਹੈ।

ਬਠਿੰਡਾ ਦੀ ਸਿਆਸਤ ਦੇ ਜਾਣਕਾਰ ਦੱਸਦੇ ਹਨ ਕਿ ਮਨਪ੍ਰੀਤ ਬਾਦਲ ਦੇ ਪਹਿਲਾਂ ਬਾਦਲ ਪਰਿਵਾਰ ਤੋਂ ਦੂਰ ਜਾਣ ਅਤੇ ਫੇਰ ਕਾਂਗਰਸ ਨੂੰ ਛੱਡਣ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਉਨ੍ਹਾਂ ਦੇ ਚੋਣਾਂ ਵਿੱਚ ਹੋਣ ਜਾਂ ਨਾ ਹੋਣ ਦਾ ਭਾਜਪਾ ਨੂੰ ਬਹੁਤਾ ਫਰਕ ਨਹੀਂ ਪੈਣਾ। ਕਿਉਂਕਿ ਕਾਂਗਰਸ ਵਿੱਚ ਰਾਜਾ ਵੜਿੰਗ ਧੜਾ ਅਤੇ ਭਾਜਪਾ ਵਿੱਚ ਸਰੂਪ ਚੰਦ ਸਿੰਗਲਾ ਵਰਗੇ ਆਗੂਆਂ ਦਾ ਬਠਿੰਡਾ ਵਿੱਚ ਹੀ ਵਿਰੋਧ ਕਰਨਾ ਪੈ ਰਿਹਾ ਹੈ, ਬਾਦਲ ਪਰਿਵਾਰ ਨਾਲ ਸ਼ਰੀਕੇਬਾਜੀ ਪਹਿਲਾਂ ਹੀ ਚੱਲ ਰਹੀ ਹੈ।

ਸਿਕੰਦਰ ਸਿੰਘ ਮਲੂਕਾ

ਸਿਕੰਦਰ ਸਿੰਘ ਮਲੂਕਾ

ਤਸਵੀਰ ਸਰੋਤ, Getty Images

ਸਿਕੰਦਰ ਸਿੰਘ ਮਲੂਕਾ ਅਕਾਲੀ ਦੇ ਸੀਨੀਅਰ ਆਗੂਆਂ ਵਿੱਚੋਂ ਹਨ। ਉਹ 1997 ਵਿੱਚ ਪਹਿਲੀ ਵਾਰ ਅਕਾਲੀ ਦਲ ਦੀ ਟਿਕਟ ਉੱਤੇ ਵਿਧਾਇਕ ਬਣੇ। ਪਰ ਅਗਲੀਆਂ ਦੋ ਚੋਣਾਂ 2002, 2007 ਲਗਾਤਾਰ ਹਾਰ ਗਏ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਮੁੜ ਵਿਧਾਇਕ ਬਣੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵਿੱਚ ਸਿੱਖਿਆ ਮੰਤਰੀ ਬਣੇ।

ਭਾਵੇਂ ਮਲੂਕਾ ਦੀ ਪੈਨ ਪੰਜਾਬ ਬਹੁਤੀ ਅਪੀਲ ਨਹੀਂ ਹੈ, ਪਰ ਬਠਿੰਡਾ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਹਲਕਾ ਰਾਮਪੁਰਾ ਫੂਲ ਹੋਣ ਕਾਰਨ ਉਨ੍ਹਾਂ ਦੀ ਅਹਿਮੀਅਤ ਵਧ ਗਈ, ਕਿਉਂਕਿ ਇਹ ਇਲਾਕਾ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ।

ਮਲੂਕਾ, ਬਾਦਲ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਹਨ। ਜਦੋਂ 2017 ਵਿੱਚ ਸੱਤਾ ਖੁਸਣ ਤੋਂ ਬਾਅਦ ਬਹੁਤ ਸਾਰੇ ਟਕਸਾਲੀ ਆਗੂ ਅਕਾਲੀ ਦਲ, ਬਾਦਲ ਨੂੰ ਅਲਵਿਦਾ ਕਹਿ ਗਏ ਤਾਂ ਮਲੂਕਾ, ਬਾਦਲ ਪਰਿਵਾਰ ਨਾਲ ਡਟੇ ਰਹੇ।

ਮੂਲਕੇ ਦਾ ਆਪਣਾ ਹਲ਼ਕਾ ਰਾਮਪੁਰਾ ਫੂਲ, ਫਰੀਦਕੋਟ ਹਲਕੇ ਵਿੱਚ ਚਲਾ ਗਿਆ ਹੈ। ਜੋ ਕਿ ਐੱਸਸੀ ਰਿਜ਼ਰਵ ਹਲਕਾ ਹੈ।

ਪਰ ਪਿਛਲੇ ਮਹੀਨੇ ਮੂਲਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਆਈਏਐੱਸ ਅਫ਼ਸਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਮਲੂਕਾ ਨੂੰ ਜਦੋਂ ਮੀਡੀਆ ਨੇ ਉਨ੍ਹਾਂ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਅਕਾਲੀ ਦਲ ਦੇ ਆਗੂ ਹਨ ਅਤੇ ਅਕਾਲੀ ਦਲ ਵਿੱਚ ਹੀ ਰਹਿਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਪੁੱਤਰ-ਨੂੰਹ ਨੂੰ ਭਾਜਪਾ ਵਿੱਚ ਜਾਣ ਤੋਂ ਰੋਕਿਆ ਸੀ।

ਜਦੋਂ ਤੱਕ ਉਨ੍ਹਾਂ ਦੇ ਭਾਜਪਾ ਵਿੱਚ ਗਏ ਪੁੱਤਰ-ਨੂੰਹ ਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਤਾਂ ਮਲੂਕਾ ਅਕਾਲੀ ਦਲ ਲਈ ਪ੍ਰਚਾਰ ਕਰਨ ਦੀ ਬਜਾਇ ਦੁਬਈ ਚਲੇ ਗਏ ਹਨ।

ਜਾਣਕਾਰ ਦੱਸਦੇ ਹਨ ਕਿ ਮਲੂਕਾ ਦਾ ਅਸਰ ਰਾਮਪੁਰਾ ਫੂਲ ਹਲਕੇ ਵਿੱਚ ਹੈ, ਜੋ ਫਰੀਦਕੋਟ ਹਲਕੇ ਦਾ ਹਿੱਸਾ ਹੈ।

ਪਰ ਬਠਿੰਡਾ ਲੋਕ ਸਭਾ ਹਲਕੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਭਾਜਪਾ ਵਿੱਚ ਜਾਣ ਦਾ ਨੁਕਸਾਨ ਅਕਾਲੀ ਦਲ ਨੂੰ ਜ਼ਰੂਰ ਹੋ ਸਕਦਾ ਹੈ। ਇਹ ਕਿੰਨਾ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)